Home ਰਾਸ਼ਟਰੀ ਖ਼ਬਰਾਂ ‘ਮੈਂ ਵਾਪਸ ਆਊਂਗਾ’ ਫਿਲਮ ‘ਚ ਪ੍ਰੋਗ੍ਰੈਸਿਵ ਰਾਈਟਰਜ਼ ਐਸੋਸੀਏਸ਼ਨ ਦਾ ਕੀ ਜ਼ਿਕਰ ਹੈ,...

‘ਮੈਂ ਵਾਪਸ ਆਊਂਗਾ’ ਫਿਲਮ ‘ਚ ਪ੍ਰੋਗ੍ਰੈਸਿਵ ਰਾਈਟਰਜ਼ ਐਸੋਸੀਏਸ਼ਨ ਦਾ ਕੀ ਜ਼ਿਕਰ ਹੈ, ਲੇਖਕਾਂ ਦੀ ਲਹਿਰ ਨੇ ਕਿਵੇਂ ਭਾਰਤੀ ਸਾਹਿਤ ਅਤੇ ਫ਼ਿਲਮਾਂ ਨੂੰ ਬਦਲਿਆ

4
0

Source :- BBC PUNJABI

ਪ੍ਰੋਗ੍ਰੈਸਿਵ ਰਾਈਟਰਜ਼ ਐਸੋਸੀਏਸ਼ਨ

ਤਸਵੀਰ ਸਰੋਤ, Main Vaapas Aaunga/ Noon Zaheer/CRL

“ਖੂਨ ਕਾ ਵੋ ਆਖਰੀ ਕਤਰਾ ਜੋ ਵਤਨ ਕੀ ਹਿਫਾਜ਼ਤ ਮੇਂ ਗਿਰੇ ਦੁਨੀਆ ਕੀ ਸਭ ਸੇ ਅਨਮੋਲ ਚੀਜ਼ ਹੈ”

ਇਮਤਿਆਜ਼ ਅਲੀ ਦੀ ਹਾਲ ਹੀ ‘ਚ ਰਿਲੀਜ਼ ਹੋਈ ਫਿਲਮ ‘ਮੈਂ ਵਾਪਸ ਆਊਂਗਾ’ ਵਿੱਚ ਜਦੋਂ ਅਦਾਕਾਰਾ ਸ਼ਰਵਰੀ ਵਾਘ ਦਾ ਕਿਰਦਾਰ ਮੰਚ ਤੋਂ ਮੁਨਸ਼ੀ ਪ੍ਰੇਮ ਚੰਦ ਦੀ ਕਹਾਣੀ ਦੀਆਂ ਇਹ ਲਾਈਨਾਂ ਪੜ੍ਹਦਾ ਹੈ ਤਾਂ ਧਿਆਨ ਪਿੱਛੇ ਲੱਗੇ ਬੈਨਰ ‘ਤੇ ਪੈਂਦਾ ਹੈ, ਜਿਸ ‘ਤੇ ਲਿਖਿਆ ਹੈ, “ਪ੍ਰੋਗ੍ਰੈਸਿਵ ਰਾਈਟਰਜ਼ ਐਸੋਸੀਏਸ਼ਨ।”

ਪ੍ਰੋਗ੍ਰੈਸਿਵ ਰਾਈਟਰਜ਼ ਐਸੋਸੀਏਸ਼ਨ ਨਾਲ ਜੁੜੇ ਪ੍ਰਗਤੀਸ਼ੀਲ ਲੇਖਕਾਂ ਨੇ ਇਸ ਲਹਿਰ ਦੇ ਪ੍ਰਭਾਵ ਹੇਠ ਭਾਰਤ ਅੰਦਰ ਵੱਖ-ਵੱਖ ਭਾਸ਼ਾਵਾਂ ਵਿੱਚ ‘ਰਾਜਨੀਤਿਕ ਚੇਤਨਾ’ ਪੈਦਾ ਕਰਨ ਅਤੇ ‘ਰਾਸ਼ਟਰ ਨਿਰਮਾਣ’ ਵਾਲਾ ਸਾਹਿਤ ਰਚਿਆ।

ਇਨ੍ਹਾਂ ਲੇਖਕਾਂ ਅਤੇ ਕਵੀਆਂ ਵਿੱਚ ਮੁਨਸ਼ੀ ਪ੍ਰੇਮ ਚੰਦ, ਸਆਦਤ ਹਸਨ ਮੰਟੋ, ਫੈਜ਼ ਅਹਿਮਦ ਫੈਜ਼, ਕੈਫ਼ੀ ਆਜ਼ਮੀ, ਅੰਮ੍ਰਿਤਾ ਪ੍ਰੀਤਮ, ਸਾਹਿਰ ਲੁਧਿਆਣਵੀ ਅਤੇ ਰਜਿੰਦਰ ਸਿੰਘ ਬੇਦੀ ਸਮੇਤ ਬਹੁਤ ਸਾਰੇ ਸਾਹਿਤਕਾਰ ਸ਼ਾਮਿਲ ਸਨ।

ਪਰ ਇਹ ਪ੍ਰਗਤੀਸ਼ੀਲ ਲੇਖਕਾਂ ਦੀ ਲਹਿਰ ਸਿਰਫ਼ ਸਾਹਿਤਕਾਰਾਂ ਤੱਕ ਹੀ ਸੀਮਤ ਨਹੀਂ ਸੀ ਸਗੋਂ ਇਸ ਦਾ ਪ੍ਰਭਾਵ ਭਾਰਤੀ ਸਿਨੇਮਾ ਅਤੇ ਚਿੱਤਰਕਾਰੀ ‘ਤੇ ਵੀ ਦੇਖਿਆ ਗਿਆ।

ਪ੍ਰਗਤੀਸ਼ੀਲ ਲੇਖਕ ਸੰਘ ਸਾਹਿਤ ਨੂੰ ਕਿਵੇਂ ਮਹਿਜ਼ ਸੁੰਦਰਤਾ ਜਾਂ ਕਲਾਤਮਕਤਾ ਤੋਂ ਅੱਗੇ ਵਧ ਸਮਾਜਿਕ, ਰਾਜਨੀਤਿਕ ਅਤੇ ਆਰਥਿਕ ਯਥਾਰਥ ਨਾਲ ਜੋੜਨਾ ਚਾਹੁੰਦਾ ਸੀ ? ਇਸ ਦਾ ਭਾਰਤੀ ਲੋਕਾਂ ਦੀ ਚੇਤਨਾ ‘ਤੇ ਕੀ ਅਸਰ ਪਿਆ ਅਤੇ ਇਹ ਸੰਸਥਾ ਕਿਵੇਂ ਹੋਂਦ ਵਿੱਚ ਆਈ ? ਜਾਣਦੇ ਹਾਂ ਇਸ ਰਿਪੋਰਟ ਵਿੱਚ…

ਪ੍ਰੋਗ੍ਰੈਸਿਵ ਰਾਈਟਰਜ਼ ਐਸੋਸੀਏਸ਼ਨ ਕੀ ਹੈ ?

 ਪ੍ਰੋਗ੍ਰੈਸਿਵ ਰਾਈਟਰਜ਼ ਐਸੋਸੀਏਸ਼ਨ

ਤਸਵੀਰ ਸਰੋਤ, Noor Zaheer/CRL

ਸਾਲ 1930 ਦੇ ਦਹਾਕੇ ਵਿੱਚ ਬਣੀ ਪ੍ਰੋਗ੍ਰੈਸਿਵ ਰਾਈਟਰਜ਼ ਐਸੋਸੀਏਸ਼ਨ ਇੱਕ ਸਾਹਿਤਕ ਅਤੇ ਸੱਭਿਆਚਾਰਕ ਲਹਿਰ ਸੀ ਜੋ ‘ਸਹਿਤ ਨੂੰ ਸਮਾਜਿਕ ਅਤੇ ਰਾਜਨੀਤਿਕ ਬਦਲਾਅ ਲਈ ਇੱਕ ਸੰਦ ਵਜੋਂ ਵਰਤਣ’ ਵਿੱਚ ਯਕੀਨ ਰੱਖਦੀ ਸੀ।

ਆਲ ਇੰਡੀਆ ਪ੍ਰੋਗ੍ਰੈਸਿਵ ਰਾਈਟਰਜ਼ ਐਸੋਸੀਏਸ਼ਨ ਦੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਦੱਸਦੇ ਹਨ ਕਿ ਪ੍ਰੋਗ੍ਰੈਸਿਵ ਰਾਈਟਰਜ਼ ਐਸੋਸੀਏਸ਼ਨ ਦਾ ਇਤਿਹਾਸ 90 ਸਾਲ ਪੁਰਾਣਾ ਹੈ। ਇਹ ਤਰੱਕੀਪਸੰਦ ਯਾਨੀ ਪ੍ਰਗਤੀਸ਼ੀਲ ਵਿਚਾਰਧਾਰਾ ਨਾਲ ਜੁੜੇ ਲੇਖਕਾਂ ਦਾ ਉਹ ਸਮੂਹ ਸੀ, ਜਿਨ੍ਹਾਂ ਨੇ ਫੈਸਲਾ ਲਿਆ ਕਿ ਉਹ ਆਪਣੀ ਲੇਖਣੀ ਨੂੰ ਸਿਰਫ਼ ਪਿਆਰ-ਮੁਹੱਬਤ ਤੱਕ ਸੀਮਿਤ ਨਾ ਕਰਕੇ ਬ੍ਰਿਟਿਸ਼ ਹਕੂਮਤ ਦੇ ਜ਼ੁਲਮ, ਆਜ਼ਾਦੀ ਦੇ ਸੰਘਰਸ਼, ਸਮਾਜਿਕ ਕੁਰੀਤੀਆਂ ਅਤੇ ਮਹਿਲਾਵਾਂ ਦੀ ਸਥਿਤੀ ਸਣੇ ਹੋਰ ਅਹਿਮ ਮੁੱਦਿਆਂ ‘ਤੇ ਲਿਖਣਗੇ।

ਪ੍ਰੋਗ੍ਰੈਸਿਵ ਰਾਈਟਰਜ਼ ਐਸੋਸੀਏਸ਼ਨ ਦੇ ਬਾਨੀਆਂ ਵਿੱਚੋਂ ਇੱਕ ਰਹੇ ਸੱਜਾਦ ਜ਼ਹੀਰ ਦੀ ਧੀ ਨੂਰ ਜ਼ਹੀਰ ਕਹਿੰਦੇ ਹਨ,”ਪ੍ਰਗਤੀਸ਼ੀਲ ਲੇਖਕ ਸੰਘ ਦਾ ਗਠਨ ਉਸ ਸਮੇਂ ਦੀ ਅਹਿਮ ਲੋੜ ਸੀ ਅਤੇ ਅੱਜ ਵੀ ਇਸ ਦੀ ਓਨੀ ਹੀ ਅਹਿਮੀਅਤ ਅਤੇ ਜ਼ਰੂਰਤ ਹੈ।”

 ਪ੍ਰੋਗ੍ਰੈਸਿਵ ਰਾਈਟਰਜ਼ ਐਸੋਸੀਏਸ਼ਨ

ਤਸਵੀਰ ਸਰੋਤ, Noor Zaheer/CRL

ਆਪਣੀ ਕਿਤਾਬ, ‘ਏ ਲਿਟਰਰੀ ਹਿਸਟਰੀ ਆਫ਼ ਦ ਪ੍ਰੋਗ੍ਰੈਸਿਵ ਰਾਈਟਰਜ਼ ਮੂਵਮੈਂਟ ਇਨ ਉਰਦੂ’ ਵਿੱਚ ਰਖ਼ਸ਼ੰਦਾ ਜਲੀਲ ਲਿਖਦੇ ਹਨ, “ਇਹ ਅੰਦੋਲਨ ਭਾਰਤੀ ਉਪ-ਮਹਾਂਦੀਪ ਦੀਆਂ ਲਗਭਗ ਸਾਰੀਆਂ ਪ੍ਰਮੁੱਖ ਭਾਸ਼ਾਵਾਂ ਦੇ ਸਥਾਪਿਤ ਅਤੇ ਉਭਰਦੇ ਸਾਹਿਤਕਾਰਾਂ ਨੂੰ ਆਪਣੇ ਝੰਡੇ ਹੇਠ ਇਕੱਤਰ ਕਰਨ ਵਿੱਚ ਸਫ਼ਲ ਰਿਹਾ।”

ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿੱਚ ਅੰਗਰੇਜ਼ੀ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ. ਅਮਨਦੀਪ ਕੌਰ ਕਹਿੰਦੇ ਹਨ, “ਪ੍ਰੋਗ੍ਰੈਸਿਵ ਰਾਈਟਰਜ਼ ਐਸੋਸੀਏਸ਼ਨ ਨੇ ਸਾਹਿਤ ਦੇ ਸੁਹਜਵਾਦੀ ਪੱਖਾਂ ‘ਤੇ ਜ਼ੋਰ ਨਹੀਂ ਦਿੱਤਾ ਸਗੋਂ ਇਸ ਨੂੰ ਆਪਣੇ ਸਮੇਂ ਦੀ ਸਮਾਜਿਕ, ਰਾਜਨੀਤਿਕ ਅਤੇ ਆਰਥਿਕ ਸੱਚਾਈ ਨਾਲ ਸੰਵਾਦ ਦਾ ਮਾਧਿਅਮ ਬਣਾਇਆ। ਇਸਨੇ ਬਸਤੀਵਾਦੀ ਦਬਦਬੇ, ਜਗੀਰੂ ਢਾਂਚਿਆਂ, ਧਾਰਮਿਕ ਕੱਟੜਪੰਥੀ ਅਤੇ ਸ਼ੋਸ਼ਣ ਦੇ ਸਾਰੇ ਰੂਪਾਂ ਨੂੰ ਚੁਣੌਤੀ ਦਿੱਤੀ। ਉਨ੍ਹਾਂ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਾਹਿਤ ਨੂੰ ਇੱਕ ਹੋਰ ਨਿਆਂਪੂਰਨ ਸਮਾਜ ਲਈ ਸੰਘਰਸ਼ ਵਿੱਚ ਹਿੱਸਾ ਲੈਣਾ ਚਾਹੀਦਾ ਹੈ।”

ਪੈਰਿਸ ਤੋਂ ਲੈਕੇ ਲੰਡਨ ਅਤੇ ਲਖਨਊ ਤੱਕ ਦਾ ਸਫ਼ਰ

ਪ੍ਰੋਗ੍ਰੈਸਿਵ ਰਾਈਟਰਜ਼ ਐਸੋਸੀਏਸ਼ਨ ਦੇ ਮੁਸ਼ਾਇਰੇ ਦੀ 1965 ਦੀ ਤਸਵੀਰ

ਤਸਵੀਰ ਸਰੋਤ, Noor Zaheer/CRL

ਪ੍ਰੋਗ੍ਰੈਸਿਵ ਰਾਈਟਰਜ਼ ਐਸੋਸੀਏਸ਼ਨ ਦਾ ਪਹਿਲਾ ਸੰਮੇਲਨ 1935 ਵਿੱਚ ਲਖਨਊ ਵਿੱਚ ਹੋਇਆ ਪਰ ਇਸ ਦੀ ਨੀਂਹ ਰੱਖਣ ਦੀ ਕਹਾਣੀ ਪੈਰਿਸ ਅਤੇ ਲੰਡਨ ਨਾਲ ਜੁੜਦੀ ਹੈ।

ਡਾ. ਸੁਖਦੇਵ ਸਿੰਘ ਸਿਰਸਾ ਦੱਸਦੇ ਹਨ ਕਿ ਦੂਜੇ ਵਿਸ਼ਵ ਯੁੱਧ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਤਹਿਤ ਫਰਾਂਸ ਦੀ ਕਮਿਊਨਿਸਟ ਪਾਰਟੀ ਦੇ ਸੱਦੇ ‘ਤੇ ਦੁਨੀਆ ਭਰ ਦੇ ਲੇਖਕ, ਚਿੰਤਕ ਅਤੇ ਕਲਾਕਾਰ ਪੈਰਿਸ ਵਿੱਚ ਇਕੱਠੇ ਹੋਏ ਸਨ। ਇਨ੍ਹਾਂ ਦਾ ਮਕਸਦ ਜਰਮਨ ਨਾਜ਼ੀਵਾਦ ਅਤੇ ਇਟਲੀ ਦੇ ਫਾਸ਼ੀਵਾਦ ਦੇ ਦਮਨ ਖਿਲਾਫ ਅਤੇ ਗੁਲਾਮ ਮੁਲਕਾਂ ਦੀ ਆਜ਼ਾਦੀ ਨੂੰ ਲੈ ਕੇ ਆਵਾਜ਼ ਬੁਲੰਦ ਕਰਨਾ ਸੀ।

ਡਾ. ਸਿਰਸਾ ਮੁਤਾਬਕ, “ਇਸੇ ਚਾਰਾਜੋਈ ਤਹਿਤ 1935 ਵਿੱਚ ਪੈਰਿਸ ਵਿੱਚ “ਵਰਲਡ ਕਾਂਗਰਸ ਆਫ ਦਿ ਰਾਈਟਰਸ ਫਾਰ ਦਿ ਡਿਫੈਂਸ ਆਫ ਕਲਚਰ” ਸੰਸਥਾ ਦੀ ਸਥਾਪਨਾ ਹੋਈ। ਜਿਸ ਦੇ ਸੰਮੇਲਨ ਵਿੱਚ ਸਿਰਫ਼ ਇੱਕ ਭਾਰਤੀ ਲੇਖਿਕਾ ਸੋਫੀਆ ਵਾਡੀਆ ਸ਼ਾਮਿਲ ਹੋਈ ਸੀ। ਇਸ ਤੋਂ ਇਲਾਵਾ ਉਸ ਸਮੇਂ ਇੰਗਲੈਂਡ ਵਿੱਚ ਪੜ੍ਹਦੇ ਭਾਰਤੀ ਵਿਦਿਆਰਥੀ ਸੱਜਾਦ ਜ਼ਹੀਰ (ਲਖਨਊ) ਅਤੇ ਮੁਲਕ ਰਾਜ ਆਨੰਦ (ਪੇਸ਼ਾਵਰ) ਵੀ ਇਸ ਸੰਮੇਲਨ ਦਾ ਹਿੱਸਾ ਬਣੇ ਸਨ।”

ਪ੍ਰੋਗ੍ਰੈਸਿਵ ਰਾਈਟਰਜ਼ ਐਸੋਸੀਏਸ਼ਨ

ਤਸਵੀਰ ਸਰੋਤ, Noor Zaheer/CRL

ਉਹ ਕਹਿੰਦੇ ਹਨ, “ਪੈਰਿਸ ਸੰਮੇਲਨ ਤੋਂ ਪ੍ਰਭਾਵਿਤ ਹੋਏ ਸੱਜਾਦ ਹੁਸੈਨ ਅਤੇ ਮੁਲਕ ਰਾਜ ਆਨੰਦ ਜਦੋਂ ਲੰਡਨ ਪਹੁੰਚੇ ਤਾਂ ਉਨ੍ਹਾਂ ਸੋਚਿਆ ਕਿ ਭਾਰਤ ਵਿੱਚ ਵੀ ਅਜਿਹੀ ਹੀ ਸੰਸਥਾ ਬਣਨੀ ਚਾਹੀਦੀ ਹੈ। ਦੋਹਾਂ ਨੇ ਲੰਡਨ ਵਿੱਚ ਪੜ੍ਹਦੇ ਆਪਣੇ ਹੋਰਨਾਂ ਸਹਿਪਾਠੀਆਂ ਨਾਲ ਮਿਲ ਕੇ ‘ਪ੍ਰੋਗ੍ਰੈਸਿਵ ਰਾਈਟਰਜ਼ ਐਸੋਸੀਏਸ਼ਨ’ ਦਾ ਮੈਨੀਫੈਸਟੋ ਤਿਆਰ ਕਰਨਾ ਸ਼ੁਰੂ ਕੀਤਾ। ਇਹ ਮੈਨੀਫੈਸਟੋ ਲੰਡਨ ਦੀ ਡੈਨਮਾਰਕ ਸਟ੍ਰੀਟ ‘ਤੇ ਸਥਿਤ ਚੀਨੀ ਰੈਸਟੋਰੈਂਟ ਵਿੱਚ ਬੈਠ ਕੇ ਤਿਆਰ ਕੀਤਾ ਗਿਆ ਸੀ।”

ਮੈਨੀਫੈਸਟੋ ਤਿਆਰ ਕਰਨ ਵਾਲਿਆਂ ਵਿੱਚ ਸੱਜਾਦ ਜ਼ਹੀਰ ਅਤੇ ਮੁਲਕ ਰਾਜ ਆਨੰਦ ਤੋਂ ਇਲਾਵਾ ਜਯੋਤਿਰਮਯ ਘੋਸ਼, ਪ੍ਰਮੋਦ ਰੰਜਨ ਸੇਨ ਗੁਪਤਾ, ਮੁਹੰਮਦ ਦੀਨ ਤਾਸੀਰ ਅਤੇ ਹੀਰੇਨ ਮੁਖਰਜੀ ਵੀ ਸ਼ਾਮਿਲ ਸਨ।

ਡਾ. ਸਿਰਸਾ ਮੁਤਾਬਕ ਇਸ ਮੈਨੀਫੈਸਟੋ ਦਾ ਮੂਲ ਵਿਚਾਰ ਸੀ ਕਿ ਸਾਹਿਤ ਸਮਾਜ ਨਾਲ ਜੁੜਿਆ ਹੋਣਾ ਚਾਹੀਦਾ ਹੈ। ਮੈਨੀਫੈਸਟੋ ਵਿੱਚ ਫਾਸ਼ੀਵਾਦ, ਨਾਜ਼ੀਵਾਦ, ਬਸਤੀਵਾਦ ਦੇ ਵਿਰੋਧ ਤੋਂ ਇਲਾਵਾ ਕਿਸਾਨਾਂ-ਮਜ਼ਦੂਰਾਂ ਅਤੇ ਔਰਤਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨਾ ਅਤੇ ਸਮਾਜਿਕ ਕੁਰੀਤੀਆਂ ਵਰਗੇ ਮੁੱਦਿਆਂ ਨੂੰ ਸ਼ਾਮਿਲ ਕੀਤਾ ਗਿਆ ਸੀ।

ਮੁਨਸ਼ੀ ਪ੍ਰੇਮ ਚੰਦ ਦਾ ਯਾਦਗਾਰ ਭਾਸ਼ਣ

ਪ੍ਰੋਗ੍ਰੈਸਿਵ ਰਾਈਟਰਜ਼ ਐਸੋਸੀਏਸ਼ਨ ਨਾਲ ਜੁੜੇ ਲੇਖਕਾਂ ਦੀ ਪੁਰਾਣੀ ਤਸਵੀਰ

ਤਸਵੀਰ ਸਰੋਤ, Noor Zaheer/CRL

1935 ਵਿੱਚ ਪ੍ਰੋਗ੍ਰੈਸਿਵ ਰਾਈਟਰਜ਼ ਐਸੋਸੀਏਸ਼ਨ ਦੇ ਗਠਨ ਤੋਂ ਬਾਅਦ ਇਸ ਦਾ ਪ੍ਰਧਾਨ ਮੁਲਕ ਰਾਜ ਆਨੰਦ ਅਤੇ ਜਨਰਲ ਸਕੱਤਰ ਸੱਜਾਦ ਜ਼ਹੀਰ ਨੂੰ ਲਗਾਇਆ ਗਿਆ। ਲੰਡਨ ਦੇ ਚੀਨੀ ਰੈਸਟੋਰੈਂਟ ਵਿੱਚ ਤਿਆਰ ਕੀਤੇ ਮੈਨੀਫੈਸਟੋ ਨੂੰ ਭਾਰਤ ਵਿੱਚ ਉੱਘੇ ਲੇਖਕ ਮੁਨਸ਼ੀ ਪ੍ਰੇਮ ਚੰਦ ਨੂੰ ਭੇਜਿਆ ਗਿਆ। ਜਿਸ ਨੂੰ ਉਨ੍ਹਾਂ ਵੱਲੋਂ ‘ਹੰਸ’ ਨਾਂਅ ਦੇ ਰਸਾਲੇ ਵਿੱਚ ਛਪਵਾਇਆ ਗਿਆ।

ਅਪ੍ਰੈਲ 1936 ਵਿੱਚ ਲਖਨਊ ਵਿਖੇ ਪ੍ਰੋਗ੍ਰੈਸਿਵ ਰਾਈਟਰਜ਼ ਐਸੋਸੀਏਸ਼ਨ ਦੀ ਪਹਿਲੀ ਕਾਨਫਰੰਸ ਹੋਈ, ਜਿਸ ਦੀ ਅਗਵਾਈ ਮੁਨਸ਼ੀ ਪ੍ਰੇਮ ਚੰਦ ਵੱਲੋਂ ਕੀਤੀ ਗਈ। ਇਸ ਕਾਨਫਰੰਸ ਵਿੱਚ ਅੰਮ੍ਰਿਤਸਰ ਤੋਂ ਮਹਿਮੂਦ ਜ਼ਫ਼ਰ ਅਤੇ ਰਾਸ਼ਿਦ ਜਹਾਂ, ਸਮਰਾਲਾ ਤੋਂ ਸਆਦਤ ਹਸਨ ਮੰਟੋ, ਅਲੀਗੜ੍ਹ ਤੋਂ ਡਾ. ਮੁਹੰਮਦ ਅਸ਼ਰਫ਼, ਅਲਾਹਾਬਾਦ ਤੋਂ ਅਹਿਮਦ ਅਲੀ, ਹੈਦਰਾਬਾਦ ਤੋਂ ਡਾ. ਯੂਸਫ਼ ਹੁਸੈਨ ਸਣੇ ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਕਈ ਲੇਖਕ ਸ਼ਾਮਿਲ ਹੋਏ ਸਨ।

ਨੂਰ ਜ਼ਹੀਰ

ਡਾ. ਸਿਰਸਾ ਦੱਸਦੇ ਹਨ ਕਿ ਸੰਮੇਲਨ ਦੌਰਾਨ ਆਪਣੀ ਤਕਰੀਰ ਵਿੱਚ ਮੁਨਸ਼ੀ ਪ੍ਰੇਮ ਚੰਦ ਨੇ ਕਿਹਾ ਸੀ, “ਜੋ ਸਾਹਿਤ ਸਾਨੂੰ ਅਲੋਚਨਾ ਕਰਨ ਲਈ ਪ੍ਰੇਰਿਤ ਨਹੀਂ ਕਰਦਾ, ਜੋ ਪ੍ਰੇਰਕ ਅਤੇ ਗਤੀਸ਼ੀਲ ਨਹੀਂ, ਜੋ ਜ਼ਿੰਦਗੀ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨ ਲਈ ਉਤਸ਼ਾਹ ਨਹੀਂ ਭਰਦਾ, ਉਹ ਸਾਡੇ ਲਈ ਕਿਸੇ ਕੰਮ ਦਾ ਨਹੀਂ। ਉਸਨੂੰ ਸਾਹਿਤ ਕਹਿਣਾ ਵੀ ਢੁੱਕਵਾਂ ਨਹੀਂ। ਸਾਨੂੰ ਉਨ੍ਹਾਂ ਪ੍ਰੇਮ ਕਹਾਣੀਆਂ ਨੂੰ ਲਿਖਣਾ ਛੱਡ ਦੇਣਾ ਚਾਹੀਦਾ, ਜਿਨ੍ਹਾਂ ਨਾਲ ਸਾਡੀਆਂ ਪਤ੍ਰਿਕਾਵਾਂ ਭਰੀਆਂ ਹੋਈਆਂ ਹਨ।”

ਡਾ. ਸਿਰਸਾ ਮੁਤਾਬਕ ਮੁਨਸ਼ੀ ਪ੍ਰੇਮ ਚੰਦ ਨੇ ਕਿਹਾ ਸੀ, “ਸਾਡੀ ਕਸੌਟੀ ‘ਤੇ ਉਹੀ ਸਾਹਿਤ ਖਰਾ ਉਤਰੇਗਾ, ਜਿਸ ਵਿੱਚ ਪ੍ਰੇਰਨਾ ਹੋਵੇ, ਆਜ਼ਾਦੀ ਦਾ ਜਜ਼ਬਾ ਹੋਵੇ, ਜੋ ਮਨ ਵਿੱਚ ਬੇਚੈਨੀ ਪੈਦਾ ਕਰੇ। ਜੋ ਸਾਨੂੰ ਸੁਲਾਵੇ ਨਾ, ਕਿਉਂਕਿ ਹੁਣ ਹੋਰ ਸੌਣਾ ਮੌਤ ਦੀ ਨਿਸ਼ਾਨੀ ਹੈ।”

ਡਾ. ਸੁਖਦੇਵ ਸਿੰਘ ਸਿਰਸਾ ਦੱਸਦੇ ਹਨ ਕਿ ਸ਼ੁਰੂਆਤ ਵਿੱਚ ਇਸ ਸੰਸਥਾ ਨਾਲ ਉਰਦੂ ਅਤੇ ਹਿੰਦੀ ਦੇ ਲੇਖਕ ਵੱਡੀ ਗਿਣਤੀ ਵਿੱਚ ਜੁੜੇ ਪਰ ਹੌਲੀ-ਹੌਲੀ ਭਾਰਤ ਦੀਆਂ ਹੋਰਨਾਂ ਭਾਸ਼ਾਵਾਂ ਜਿਵੇਂ ਪੰਜਾਬੀ, ਬੰਗਾਲੀ ਅਤੇ ਦੱਖਣ ਨਾਲ ਜੁੜੀਆਂ ਭਾਸ਼ਾਵਾਂ ਦੇ ਲੇਖਕ ਵੀ ਇਸ ਦਾ ਹਿੱਸਾ ਬਣਨ ਲੱਗੇ।

ਪ੍ਰੋਗ੍ਰੈਸਿਵ ਰਾਈਟਰਜ਼ ਐਸੋਸੀਏਸ਼ਨ ਦੇ ਗਠਨ ਤੋਂ ਬਾਅਦ ਸਾਹਿਤ ਕਿਵੇਂ ਬਦਲਿਆ ?

ਪ੍ਰੋਗ੍ਰੈਸਿਵ ਰਾਈਟਰਜ਼ ਐਸੋਸੀਏਸ਼ਨ

ਤਸਵੀਰ ਸਰੋਤ, Noor Zaheer/CRL

ਇਸ ਸਵਾਲ ਦੇ ਜਵਾਬ ਵਿੱਚ ਪ੍ਰੋਗ੍ਰੈਸਿਵ ਰਾਈਟਰਜ਼ ਐਸੋਸੀਏਸ਼ਨ ਦੇ ਬਾਨੀਆਂ ਵਿੱਚੋਂ ਇੱਕ ਰਹੇ ਸੱਜਾਦ ਜ਼ਹੀਰ ਦੀ ਧੀ ਨੂਰ ਜ਼ਹੀਰ ਕਹਿੰਦੇ ਹਨ, “ਅਜਿਹਾ ਨਹੀਂ ਸੀ ਕਿ ਪ੍ਰੋਗ੍ਰੈਸਿਵ ਰਾਈਟਰ ਐਸੋਸੀਏਸ਼ਨ ਦੇ ਬਣਨ ਤੋਂ ਪਹਿਲਾਂ ਪ੍ਰਗਤੀਸ਼ੀਲ ਸਾਹਿਤ ਨਹੀਂ ਲਿਖਿਆ ਜਾਂਦਾ ਸੀ। ਕਈ ਲੇਖਕ ਆਪਣੀ ਕਲਮ ਜ਼ਰੀਏ ਸਮਾਜਿਕ ਮੁੱਦਿਆਂ ਨੂੰ ਚੁੱਕ ਰਹੇ ਹਨ। ਮੁਨਸ਼ੀ ਪ੍ਰੇਮ ਚੰਦ ਅਤੇ ਅਲਤਾਫ਼ ਹੁਸੈਨ ਹਾਲੀ ਵਰਗੇ ਲੇਖਕ ਦਲਿਤਾਂ ਅਤੇ ਔਰਤਾਂ ਦੇ ਮੁੱਦਿਆਂ ‘ਤੇ ਕਈ ਰਚਨਾਵਾਂ ਦੇ ਚੁੱਕੇ ਸਨ।”

ਨੂਰ ਜ਼ਹੀਰ ਕਹਿੰਦੇ ਹਨ, “ਪ੍ਰੋਗ੍ਰੈਸਿਵ ਰਾਈਟਰਜ਼ ਐਸੋਸੀਏਸ਼ਨ ਜ਼ਰੀਏ ਉਨ੍ਹਾਂ ਤਮਾਮ ਲੇਖਕਾਂ ਨੂੰ ਇੱਕ ਮੰਚ ‘ਤੇ ਲਿਆਂਦਾ ਗਿਆ ਜੋ ਪ੍ਰਗਤੀਸ਼ੀਲ ਵਿਚਾਰਧਾਰਾ ਦੇ ਹਮਾਇਤੀ ਸਨ। ਐਸੋਸੀਏਸ਼ਨ ਵੱਲੋਂ ਜੋ ਮੈਨੀਫੈਸਟੋ ਤਿਆਰ ਕੀਤਾ ਗਿਆ, ਉਸ ਨੇ ਸੇਧ ਦਿੱਤੀ ਕਿ ਸਮਾਜ ਦੀ ਬਿਹਤਰੀ ਲਈ ਕਿਸ ਤਰ੍ਹਾਂ ਦੀ ਲੇਖਣੀ ਨੂੰ ਤਰਜੀਹ ਦਿੱਤੀ ਜਾਵੇ।”

ਡਾ. ਅਨਮਦੀਪ ਕੌਰ

ਹਾਲਾਂਕਿ ਨੂਰ ਜ਼ਹੀਰ ਇਹ ਦੱਸਦੇ ਹਨ ਕਿ ਜਦੋਂ ਪ੍ਰੋਗ੍ਰੈਸਿਵ ਰਾਈਟਰਜ਼ ਐਸੋਸੀਏਸ਼ਨ ਬਣੀ ਤਾਂ ਉਸ ਸਮੇਂ ਕੁਝ ਲੇਖਕਾਂ ਵੱਲੋਂ ਨਰਾਜ਼ਗੀ ਵੀ ਦੇਖਣ ਨੂੰ ਮਿਲੀ ਸੀ ਕਿਉਂਕਿ ਉਨ੍ਹਾਂ ਦਾ ਮੰਨਣਾ ਸੀ ਕਿ ਲੇਖਕ ਦੇ ਵਿਚਾਰਾਂ ਨੂੰ ਕੁਝ ਮੁੱਦਿਆਂ ਤੱਕ ਸੀਮਿਤ ਨਹੀਂ ਕੀਤਾ ਜਾ ਸਕਦਾ।

ਉਹ ਕਹਿੰਦੇ ਹਨ, “ਵਿਰੋਧ ਕਰਨ ਵਾਲਿਆਂ ਨਾਲੋਂ ਜਿਹੜੇ ਲੋਕ ਇਸ ਨਾਲ ਜੁੜੇ, ਉਨ੍ਹਾਂ ਦੀ ਗਿਣਤੀ ਕਿਤੇ ਜ਼ਿਆਦਾ ਸੀ ਅਤੇ ਇਹ ਕਾਰਵਾਂ ਅੱਗੇ ਵੱਧਦਾ ਹੀ ਗਿਆ।”

ਇਸ ਤੋਂ ਬਾਅਦ ਪੰਜਾਬੀ, ਹਿੰਦੀ, ਉਰਦੂ ਅਤੇ ਹੋਰ ਖੇਤਰੀ ਭਾਸ਼ਾਵਾਂ ਦੇ ਲੇਖਕ ਸੰਸਥਾ ਨਾਲ ਜੁੜਨ ਲੱਗੇ ਅਤੇ ਪ੍ਰਗਤੀਸ਼ੀਲ ਸਾਹਿਤ ਦੀ ਰਚਨਾ ਵਧੇਰੇ ਹੋਣ ਲੱਗੀ।

ਪ੍ਰੋਗ੍ਰੈਸਿਵ ਰਾਈਟਰਜ਼ ਐਸੋਸੀਏਸ਼ਨ

ਤਸਵੀਰ ਸਰੋਤ, Noor Zaheer/CRL

ਰਖ਼ਸ਼ੰਦਾ ਜਲੀਲ ਲਿਖਦੇ ਹਨ ਕਿ ਉਰਦੂ ਦੇ ਕਈ ਮਹਾਨ ਲੇਖਕ ਪੀਡਬਲਿਊਏ ਨਾਲ ਜੁੜੇ ਹੋਏ ਸਨ। ਇਨ੍ਹਾਂ ਵਿੱਚ ਫ਼ੈਜ਼ ਅਹਿਮਦ ਫ਼ੈਜ਼, ਸੱਜਾਦ ਜ਼ਹੀਰ, ਇਸਮਤ ਚੁਗ਼ਤਾਈ, ਕ੍ਰਿਸ਼ਨ ਚੰਦਰ, ਕੈਫ਼ੀ ਆਜ਼ਮੀ ਅਤੇ ਅਲੀ ਸਰਦਾਰ ਜਾਫ਼ਰੀ ਵਰਗੇ ਪ੍ਰਮੁੱਖ ਨਾਮ ਸ਼ਾਮਲ ਹਨ।

ਉਹ ਲਿਖਦੇ ਹਨ ਕਿ ਪ੍ਰਗਤੀਸ਼ੀਲ ਲੇਖਕ ਸੰਘ 1943 ਤੋਂ ਬਾਅਦ ਇਸ ਨਾਲ ਜੁੜੀ ਸੰਸਥਾ ਇੰਡੀਅਨ ਪੀਪਲਜ਼ ਥੀਏਟਰ ਐਸੋਸੀਏਸ਼ਨ (ਆਈ.ਪੀ.ਟੀ.ਏ.), ਨੇ ਵੱਡੀ ਗਿਣਤੀ ਵਿੱਚ ਲੋਕਾਂ ਦੀ ਰਾਜਨੀਤਿਕ ਚੇਤਨਾ ਨੂੰ ਜਗਾਉਣ ਅਤੇ ਉਸ ਨੂੰ ਨਵਾਂ ਰੂਪ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।

ਡਾ. ਅਮਨਦੀਪ ਕੌਰ ਕਹਿੰਦੇ ਹਨ, “ਸੰਸਥਾ ਨੇ ਭਾਰਤ ਦੀਆਂ ਵਿਭਿੰਨ ਭਾਸ਼ਾਈ ਰਿਵਾਇਤਾਂ ਦੇ ਲੇਖਕਾਂ ਨੂੰ ਇਕੱਠੇ ਕਰਕੇ, ਸਾਹਿਤਕ ਏਕਤਾ ਦੀ ਇੱਕ ਬੇਮਿਸਾਲ ਭਾਵਨਾ ਪੈਦਾ ਕੀਤੀ ਅਤੇ ਰਾਸ਼ਟਰੀ ਪੱਧਰ ‘ਤੇ ਪ੍ਰਗਤੀਸ਼ੀਲ ਵਿਚਾਰਾਂ ਦੇ ਆਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕੀਤਾ।”

ਲੇਖਕਾਂ ਨੂੰ ਜੋੜਨ ਲਈ ਜਦੋਂ ਪੰਜਾਬ ਤੋਂ ਹੋਈ ਸ਼ੁਰੂਆਤ

ਪ੍ਰੋਗ੍ਰੈਸਿਵ ਰਾਈਟਰਜ਼ ਐਸੋਸੀਏਸ਼ਨ

ਤਸਵੀਰ ਸਰੋਤ, Noor Zaheer/CRL

ਨੂਰ ਜ਼ਹੀਰ ਦੱਸਦੇ ਹਨ ਕਿ ਭਾਰਤ ਵਿੱਚ ਪ੍ਰੋਗ੍ਰੈਸਿਵ ਰਾਈਟਰਜ਼ ਐਸੋਸੀਏਸ਼ਨ ਬਣਨ ਤੋਂ ਬਾਅਦ ਲੇਖਕਾਂ ਨੂੰ ਇਕਜੁੱਟ ਕਰਨ ਲਈ ਸੱਜਾਦ ਜ਼ਹੀਰ ਨੇ ਪਹਿਲਾ ਦੌਰਾ ਪੰਜਾਬ ਦਾ ਕੀਤਾ ਸੀ। ਉਹ ਸਭ ਤੋਂ ਪਹਿਲਾਂ ਅੰਮ੍ਰਿਤਸਰ ਗਏ ਸਨ ਜਿੱਥੇ ਉਹ ਮਹਿਮੂਦ-ਉਜ਼- ਜਫ਼ਰ ਨੂੰ ਮਿਲੇ ਜੋ ਉਸ ਸਮੇਂ ਅੰਮ੍ਰਿਤਸਰ ਦੇ ਇੱਕ ਕਾਲਜ ਵਿੱਚ ਵਾਈਸ ਪ੍ਰਿੰਸੀਪਲ ਸਨ। ਸੱਜਾਦ ਜ਼ਹੀਰ ਉਨ੍ਹਾਂ ਨੂੰ ਨਾਲ ਲੈ ਕੇ ਲਾਹੌਰ ਵੀ ਗਏ। ਇਸ ਦੌਰਾਨ ਉਨ੍ਹਾਂ ਦੀ ਮੁਲਾਕਾਤ ਫੈਜ਼ ਅਹਿਮਦ ਫੈਜ਼, ਕ੍ਰਿਸ਼ਨ ਚੰਦਰ ਅਤੇ ਰਜਿੰਦਰ ਸਿੰਘ ਬੇਦੀ ਨਾਲ ਹੋਈ।

ਨੂਰ ਜ਼ਹੀਰ ਇਹ ਵੀ ਕਹਿੰਦੇ ਹਨ ਕਿ ਪ੍ਰੋਗ੍ਰੈਸਿਵ ਰਾਈਟਰਜ਼ ਐਸੋਸੀਏਸ਼ਨ ਪਿਆਰ-ਮੁਹੱਬਤ ਨਾਲ ਜੁੜੇ ਸਾਹਿਤ ਦੇ ਖਿਲਾਫ ਨਹੀਂ ਸੀ। ਇਸ ਦਾ ਉਦੇਸ਼ ਲੇਖਕਾਂ ਨੂੰ ਅਗਾਂਹਵਧੂ ਸੋਚ ‘ਤੇ ਅਧਾਰਿਤ ਰਚਨਾਵਾਂ ਲਿਖਣ ਲਈ ਪ੍ਰੇਰਿਤ ਕਰਨਾ ਸੀ। ਅਜਿਹਾ ਕਰਨ ਨਾਲ ਪ੍ਰੀਤ ਅਧਾਰਿਤ ਸਾਹਿਤ ਖ਼ਤਮ ਨਹੀਂ ਹੋਇਆ ਸਗੋਂ ਉਸ ਦਾ ਅੰਦਾਜ਼ ਬਦਲਿਆ।

ਪ੍ਰੋਗ੍ਰੈਸਿਵ ਰਾਈਟਰਜ਼ ਐਸੋਸੀਏਸ਼ਨ

ਤਸਵੀਰ ਸਰੋਤ, Noor Zaheer/CRL

ਡਾ. ਸਿਰਸਾ ਦੱਸਦੇ ਹਨ ਕਿ ਸ਼ੁਰੂਆਤ ਤੋਂ ਹੀ ਇਸ ਮੁਹਿੰਮ ਵਿੱਚ ਲੈਫਟ ਵਿੰਗ ਦੇ ਲੋਕਾਂ ਦਾ ਦਬਦਬਾ ਰਿਹਾ ਸੀ ਪਰ ਇਸ ਮੁਹਿੰਮ ਨੂੰ ਰਾਸ਼ਟਰਵਾਦੀ, ਉਦਾਰਵਾਦੀ ਅਤੇ ਮਨੁੱਖਤਾਵਾਦੀ ਵਿਚਾਰਧਾਰਾ ਨਾਲ ਜੁੜੇ ਲੋਕਾਂ ਦਾ ਵੀ ਸਮਰਥਨ ਮਿਲਿਆ ਸੀ।

ਡਾ. ਸਿਰਸਾ ਮੁਤਾਬਕ ਉਸ ਸਮੇਂ ਪੰਡਿਤ ਜਵਾਹਰ ਲਾਲ ਨਹਿਰੂ, ਅਚਾਰਿਆ ਨਰੇਂਦਰ ਦੇਵ, ਸਰੋਜਨੀ ਨਾਇਡੂ ਵੀ ਇਸ ਮੁਹਿੰਮ ਦਾ ਸਮਰਥਨ ਕਰਦੇ ਸਨ। ਇੱਕ ਸਮਾਂ ਅਜਿਹਾ ਸੀ ਜਦੋਂ ਜੈ ਪ੍ਰਕਾਸ਼ ਨਰਾਇਣ ਵੀ ਇਸ ਦਾ ਹਿੱਸਾ ਰਹੇ ਸਨ।

ਪ੍ਰੋਗ੍ਰੈਸਿਵ ਰਾਈਟਰਜ਼ ਐਸੋਸੀਏਸ਼ਨ ਵਿੱਚ ਮਹਿਲਾ ਲੇਖਕਾਂ ਦਾ ਯੋਗਦਾਨ

ਪ੍ਰੋਗ੍ਰੈਸਿਵ ਮਹਿਲਾ ਰਾਈਟਰਜ਼

ਤਸਵੀਰ ਸਰੋਤ, Noor Zaheer/CRL

ਪ੍ਰੋਗ੍ਰੈਸਿਵ ਰਾਈਟਰਜ਼ ਐਸੋਸੀਏਸ਼ਨ ਮਹਿਲਾ ਲੇਖਕਾਂ ਲਈ ਵੀ ਮੰਚ ਬਣਿਆ। ਅੰਮ੍ਰਿਤਾ ਪ੍ਰੀਤਮ, ਰਜ਼ੀਆ ਸੱਜਾਦ ਜ਼ਹੀਰ, ਇਸਮਤ ਚੁਗਤਈ, ਰਾਸ਼ਿਦ ਜਹਾਂ, ਸਲਮਾ ਸਿੱਦੀਕੀ ਵਰਗੀਆਂ ਲੇਖਿਕਾਵਾਂ ਨੇ ਉਸ ਸਮੇਂ ਔਰਤਾਂ ਦੀ ਸਥਿਤੀ ਅਤੇ ਉਨ੍ਹਾਂ ਦੇ ਅਧਿਕਾਰਾਂ ਨੂੰ ਲੈਕੇ ਕਈ ਰਚਨਾਵਾਂ ਲਿਖੀਆਂ।

ਅੰਮ੍ਰਿਤਾ ਪ੍ਰੀਤਮ ਨੇ ਆਪਣੀ ਆਤਮ ਕਥਾ ‘ਰਸੀਦੀ ਟਿਕਟ’, ‘ਕਾਲਾ ਗੁਲਾਬ’, ‘ਅਕਸ਼ਰੋਂ ਕੇ ਸਾਏ’ ਵਿੱਚ ਬੇਬਾਕੀ ਨਾਲ ਆਪਣੇ ਨਿੱਜੀ ਜੀਵਨ ਬਾਰੇ ਲਿਖਿਆ।

ਭਾਰਤ-ਪਾਕਿਸਤਾਨ ਦੀ ਵੰਡ ਦੌਰਾਨ ਔਰਤਾਂ ਦੀ ਸਥਿਤੀ ਬਿਆਨ ਕਰਦਾ ਅੰਮ੍ਰਿਤਾ ਪ੍ਰੀਤਮ ਦਾ ਨਾਵਲ ‘ਪਿੰਜਰ’ ਬੇਹੱਦ ਮਕਬੂਲ ਹੋਇਆ। ਉਨ੍ਹਾਂ ਦੀ ਕਵਿਤਾ ‘ਅੱਜ ਆਖਾਂ ਵਾਰਿਸ ਸ਼ਾਹ ਨੂੰ’ ਵੰਡ ਦੇ ਦਰਦ ਨੂੰ ਬਿਆਨ ਕਰਦੀ ਹੈ।

ਡਾ. ਨੂਰ ਦੱਸਦੇ ਹਨ, “ਅੰਮ੍ਰਿਤਾ ਪ੍ਰੀਤਮ ਤੋਂ ਪ੍ਰਭਾਵਿਤ ਹੋ ਕੇ ਕਈ ਹੋਰ ਮਹਿਲਾਵਾਂ ਵੀ ਪ੍ਰੋਗੈਸਿਵਰ ਰਾਈਟਰਜ਼ ਐਸੋਸੀਏਸ਼ਨ ਨਾਲ ਜੁੜੀਆਂ। ਪੰਜਾਬੀ ਲੇਖਿਕਾ ਪ੍ਰਭਜੋਤ ਕੌਰ ਅਤੇ ਅਜੀਤ ਕੌਰ, ਦੋਵੇਂ 1966 ਵਿੱਚ ਦਿੱਲੀ ਵਿੱਚ ਪ੍ਰੋਗ੍ਰੈਸਿਵ ਰਾਈਟਰਜ਼ ਐਸੋਸੀਏਸ਼ਨ ਦੀ ਕਾਨਫਰੰਸ ਵਿੱਚ ਅੰਮ੍ਰਿਤਾ ਪ੍ਰੀਤਮ ਨਾਲ ਸ਼ਾਮਿਲ ਵੀ ਹੋਈਆਂ ਸਨ।”

ਪ੍ਰੋਗ੍ਰੈਸਿਵ ਰਾਈਟਰਜ਼ ਐਸੋਸੀਏਸ਼ਨ

ਤਸਵੀਰ ਸਰੋਤ, Noor Zaheer/CRL

ਉਹ ਦੱਸਦੇ ਹਨ ਕਿ ਉਸ ਸਮੇਂ ਮਹਿਲਾ ਲੇਖਕਾਂ ਵੱਲੋਂ ਆਯੋਜਿਤ ਮੁਸ਼ਾਇਰੇ ਅਤੇ ਕਵੀ ਸੰਮੇਲਨ ਵਧੇਰੇ ਹੋਣ ਲੱਗੇ ਸਨ।

ਉਰਦੂ ਲੇਖਿਕਾ ਇਸਮਤ ਚੁਗਤਈ ਦੀ ਕਹਾਣੀ ‘ਲਿਹਾਫ਼’ ਜੋ ਇੱਕ ਨਵਾਬ ਦੀ ਬੇਗਮ ਦੇ ਸਮਲੈਂਗਿਕ ਸਬੰਧਾਂ ‘ਤੇ ਆਧਾਰਿਤ ਸੀ, ਉਸ ਸਮੇਂ ਇਸ ਨੂੰ ਲੈਕੇ ਬੇਹੱਦ ਵਿਵਾਦ ਹੋਇਆ ਸੀ। ਇਸ ਕਹਾਣੀ ਕਾਰਨ ਇਸਮਤ ਚੁਗਤਈ ਖਿਲਾਫ ਮੁਕੱਦਮਾ ਕਰ ਦਿੱਤਾ ਗਿਆ ਸੀ ਹਾਲਾਂਕਿ ਬਾਅਦ ਵਿੱਚ ਉਹ ਮੁਕੱਦਮਾ ਜਿੱਤ ਗਏ ਸਨ।

ਕਲਮ ਤੋਂ ਮੰਚ ਅਤੇ ਬਰੱਸ਼ ਤੱਕ ਦਾ ਸਫ਼ਰ

ਇੰਡੀਅਨ ਪੀਪਲਜ਼ ਥੀਏਟਰ ਐਸੋਸੀਏਸ਼ਨ

ਤਸਵੀਰ ਸਰੋਤ, iptamumbai

ਪ੍ਰੋਗ੍ਰੈਸਿਵ ਰਾਈਟਰਜ਼ ਐਸੋਸੀਏਸ਼ਨ ਦਾ ਪ੍ਰਭਾਵ ਸਿਰਫ਼ ਕਲਮ ਤੱਕ ਨਹੀਂ ਸਗੋਂ ਮੰਚ ਅਤੇ ਬਰੱਸ਼ ਤੱਕ ਵੀ ਪਹੁੰਚਿਆ ਯਾਨੀ ਫਿਲਮ-ਥੀਏਟਰ ਅਤੇ ਚਿੱਤਰਕਾਰੀ ਜਗਤ ‘ਤੇ ਵੀ ਇਸ ਦਾ ਅਸਰ ਦੇਖਣ ਨੂੰ ਮਿਲਿਆ।

1943 ਵਿੱਚ ਗਠਿਤ ਹੋਈ ਇੰਡੀਅਨ ਪੀਪਲਸ ਥੀਏਟਰ ਐਸੋਸੀਏਸ਼ਨ (IPTA) ਤਹਿਤ ਪ੍ਰਗਤੀਸ਼ੀਲ ਵਿਚਾਰਧਾਰਾ ਨੂੰ ਅਦਾਕਾਰੀ ਜ਼ਰੀਏ ਦੇਸ਼ ਦੇ ਕੋਨੇ-ਕੋਨੇ ਤੱਕ ਪਹੁੰਚਾਉਣ ਦੀ ਪਹਿਲ ਸ਼ੁਰੂ ਹੋਈ।

ਉਸ ਸਮੇਂ ਇੰਡੀਅਨ ਪੀਪਲਸ ਥੀਏਟਰ ਐਸੋਸੀਏਸ਼ਨ ਵੱਲੋਂ ਸਮਾਜਿਕ ਮੁੱਦਿਆਂ ‘ਤੇ ਆਧਾਰਿਤ ਕਈ ਨਾਟਕਾਂ ਦਾ ਮੰਚਨ ਕੀਤਾ ਗਿਆ।

‘ਨਿਬੰਨਾ’ ਨਾਟਕ ਜੋ 1943 ਦੌਰਾਨ ਬੰਗਾਲ ‘ਚ ਆਈ ਭੁੱਖਮਰੀ ‘ਤੇ ਆਧਾਰਿਤ ਸੀ। ਮਹਿਲਾਵਾਂ ਦੀ ਸਥਿਤੀ ‘ਤੇ ਆਧਾਰਿਤ ‘ਜ਼ੁਬੈਦਾ’, ਵੰਡ ਦੀ ਤ੍ਰਾਸਦੀ ‘ਤੇ ਆਧਾਰਿਤ ‘ਯੇਹ ਕਿਸਕਾ ਖੂਨ’ ਨਾਟਕ ਕਾਫੀ ਪ੍ਰਚਲਿਤ ਹੋਏ ਸਨ।

ਥੀਏਟਰ ਤੋਂ ਸ਼ੁਰੂ ਹੋਇਆ ਇਹ ਅੰਦਾਜ਼ ਫਿਲਮਾਂ ਅਤੇ ਗੀਤਾਂ ਤੱਕ ਵੀ ਫੈਲਿਆ।

ਪ੍ਰੋਗ੍ਰੈਸਿਵ ਰਾਈਟਰਜ਼ ਐਸੋਸੀਏਸ਼ਨ ਨਾਲ ਜੁੜੇ ਰਹੇ ਲੇਖਕ ਸਆਦਤ ਹਸਨ ਮੰਟੋ ਨੇ 1944 ਵਿੱਚ “ਚੱਲ ਚੱਲ ਰੇ ਨੌਜਵਾਨ” ਫਿਲਮ ਲਿਖੀ, ਜਿਸ ਵਿੱਚ ਰਾਮਚੰਦਰ ਨਰਾਇਣਜੀ ਨੇ ਗੀਤ ਲਿਖਿਆ ਸੀ:

ਮੰਦਿਰ ਮੇਂ ਹੈ ਭਗਵਾਨ, ਵੋ ਮਸਜਿਦ ਮੇਂ ਖੁਦਾ ਹੈ

ਕਿਸ ਨੇ ਕਹਾ ਹਿੰਦੂ ਸੇ ਮੁਸਲਮਾਂ ਜੁਦਾ ਹੈ

ਇੰਡੀਅਨ ਪੀਪਲਜ਼ ਥੀਏਟਰ ਐਸੋਸੀਏਸ਼ਨ

ਤਸਵੀਰ ਸਰੋਤ, iptamumbai

1957 ਵਿੱਚ ਆਈ ਫਿਲਮ ‘ਨਯਾ ਦੌਰ’ ਵਿੱਚ ਸਾਹਿਰ ਲੁਧਿਆਣਵੀ ਨੇ “ਯੇਹ ਦੇਸ਼ ਹੈ ਵੀਰ ਜਵਾਨੋਂ ਕਾ” ਅਤੇ “ਸਾਥੀ ਹਾਥ ਬੜ੍ਹਾਨਾ” ਵਰਗੇ ਗੀਤ ਦਿੱਤੇ।

1962 ਦੀ ਭਾਰਤ-ਚੀਨ ਜੰਗ ‘ਤੇ ਬਣੀ ਫਿਲਮ ਹਕੀਕਤ (1964) ‘ਚ ਕੈਫੀ ਆਜ਼ਮੀ ਵੱਲੋਂ ਗੀਤ ਦਿੱਤਾ ਗਿਆ, “ਕਰ ਚਲੇ ਹਮ ਫਿਦਾ ਜਾਨ-ਓ-ਤਨ ਸਾਥੀਓਂ” ਨੂੰ ਅੱਜ ਵੀ ਬੇਹੱਦ ਜੋਸ਼ ਨਾਲ ਗਾਇਆ ਜਾਂਦਾ ਹੈ।

ਪ੍ਰਗਤੀਸ਼ੀਲ ਮੁਹਿੰਮ ਨਾਲ ਲੇਖਕਾਂ ਅਤੇ ਅਦਾਕਾਰਾਂ ਦੀ ਤਸਵੀਰ

ਤਸਵੀਰ ਸਰੋਤ, Noor Zaheer/CRL

ਸਾਲ 1959 ਵਿੱਚ ਆਈ ਫਿਲਮ “ਧੂਲ ਕਾ ਫੂਲ” ਨਜਾਇਜ਼ ਔਲਾਦ ਨੂੰ ਲੈ ਕੇ ਸਮਾਜ ਦੇ ਨਜ਼ਰੀਏ ‘ਤੇ ਵਿਅੰਗ ਸੀ। ਇਸ ਫਿਲਮ ਵਿੱਚ ਸਾਹਿਰ ਲੁਧਿਆਣਵੀ ਨੇ ਗੀਤ ਦਿੱਤਾ ਸੀ:

“ਨਾ ਹਿੰਦੂ ਬਨੇਗਾ ਨਾ ਮੁਸਲਮਾਨ ਬਨੇਗਾ

ਇਨਸਾਨ ਕੀ ਔਲਾਦ ਹੈ ਇਨਸਾਨ ਬਨੇਗਾ”

ਪ੍ਰਗਤੀਸ਼ੀਲ ਵਿਚਾਰਧਾਰਾ ਕਲਮ ਤੋਂ ਥੀਏਟਰ ਹੁੰਦੀ ਹੋਈ ਚਿੱਤਰਕਾਰੀ ਜਗਤ ਤੱਕ ਵੀ ਪਹੁੰਚੀ। 1947 ਦੇ ਕਰੀਬ ਦੇਸ਼ ਦੇ ਨਾਮੀ ਚਿੱਤਰਕਾਰਾਂ ਨੇ “ਪ੍ਰੋਗ੍ਰੈਸਿਵ ਆਰਟਿਸਟ ਗਰੁੱਪ” ਦਾ ਗਠਨ ਕੀਤਾ, ਜਿਨ੍ਹਾਂ ਵਿੱਚ ਐਫਐਨ ਸੌਜ਼ਾ, ਰਾਸ਼ਿਦ ਹੁਸੈਨ ਅਤੇ ਐਮਐਫ ਹੁਸੈਨ ਵਰਗੇ ਕਈ ਨਾਮੀ ਚਿੱਤਰਕਾਰ ਸ਼ਾਮਿਲ ਸਨ। ਇਨ੍ਹਾਂ ਨੇ ਮਿਲ ਕੇ ਭਾਰਤ ਦੀ ਮਾਡਰਨ ਆਰਟ ਦੀ ਨੀਂਹ ਰੱਖੀ।

90 ਸਾਲਾਂ ਦਾ ਕਾਰਵਾਂ

ਅਪ੍ਰੈਲ 2026 ਵਿੱਚ ਆਲ ਇੰਡੀਆ ਪ੍ਰੋਗ੍ਰੈਸਿਵ ਰਾਈਟਰਜ਼ ਐਸੋਸੀਏਸ਼ਨ ਨੇ ਆਪਣੀ 90ਵੀਂ ਵਰ੍ਹੇਗੰਢ ਮਨਾਈ। ਸੱਜਾਦ ਜ਼ਹੀਰ ਦੀ ਬੇਟੀ ਨੂਰ ਜ਼ਹੀਰ ਅਤੇ ਐਸੋਸੀਏਸ਼ਨ ਨਾਲ ਜੁੜੇ ਕਈ ਲੇਖਕ ਮੁੜ ਲੰਡਨ ਦੇ ਉਸੇ ਚੀਨੀ ਰੈਸਟੋਰੈਂਟ ਵਿੱਚ ਇਕਜੁੱਟ ਹੋਏ, ਜਿੱਥੇ ਇਸ ਦੀ ਬੁਨਿਆਦ ਰੱਖੀ ਗਈ ਸੀ।

ਮੌਜੂਦਾ ਸਮੇਂ ਵਿੱਚ ਪ੍ਰੋਗ੍ਰੈਸਿਵ ਰਾਈਟਰ ਐਸੋਸੀਏਸ਼ਨ ਦਾ ਉਹੋ ਜਿਹਾ ਪ੍ਰਭਾਵ ਦੇਖਣ ਨੂੰ ਨਹੀਂ ਮਿਲਦਾ, ਜੋ ਉਸ ਦੌਰ ਵਿੱਚ ਸੀ।

ਨੂਰ ਜ਼ਹੀਰ ਹੋਰਨਾਂ ਲੇਖਕਾਂ ਸਣੇ

ਤਸਵੀਰ ਸਰੋਤ, Noor Zaheer/FB

ਨੂਰ ਜ਼ਹੀਰ ਕਹਿੰਦੇ ਹਨ, “ਪੀਡਬਲਿਊਏ ਨੇ ਕਈ ਉਤਾਰ-ਚੜਾਅ ਦੇਖੇ, ਜੋ ਜ਼ਰੂਰੀ ਵੀ ਸਨ ਅਤੇ ਇਨ੍ਹਾਂ ‘ਤੇ ਸਮੇਂ -ਸਮੇਂ ‘ਤੇ ਕੰਮ ਵੀ ਕੀਤਾ ਗਿਆ ਤਾਂ ਜੋ ਇਹ ਸੰਸਥਾ ਆਪਣੀ ਬੁਨਿਆਦੀ ਵਿਚਾਰਧਾਰਾ ਨੂੰ ਭਵਿੱਖ ਵਿੱਚ ਵੀ ਅੱਗੇ ਲਿਜਾਉਂਦੀ ਰਹੇ।”

ਇਸ ਲਹਿਰ ਵੱਲੋਂ ਸਿਆਸਤ ‘ਤੇ ਜ਼ਿਆਦਾ ਜ਼ੋਰ ਦੇਣ ਬਾਰੇ ਡਾ ਅਮਨਦੀਪ ਕੌਰ ਕਹਿੰਦੇ ਹਨ, “ਕਈ ਵਾਰ ਪ੍ਰਗਤੀਸ਼ੀਲ ਲੇਖਕ ਅੰਦੋਲਨ ਨੇ ਰਾਜਨੀਤਿਕ ਵਿਚਾਰਧਾਰਾ ਉੱਤੇ ਇੰਨਾ ਵੱਧ ਜ਼ੋਰ ਦਿੱਤਾ ਕਿ ਇਸ ਕਾਰਨ ਕਲਾਤਮਕ ਸਿਰਜਣਾਤਮਕਤਾ ਅਤੇ ਸਾਹਿਤਕ ਗੁਣਵੱਤਾ ਨੂੰ ਨੁਕਸਾਨ ਪਹੁੰਚਿਆ।”

ਹਾਲਾਂਕਿ ਨੂਰ ਜ਼ਹੀਰ ਕਹਿੰਦੇ ਹਨ ਕਿ ਪ੍ਰਗਤੀਸ਼ੀਲ ਵਿਚਾਰਧਾਰਾ ਦੀ ਅਹਿਮੀਅਤ ਅੱਜ ਵੀ ਉਨੀ ਹੀ ਹੈ, ਜਿੰਨੀ ਉਸ ਸਮੇਂ ਸੀ।

ਉਹ ਕਹਿੰਦੇ ਹਨ, “ਅੱਜ ਦੇ ਦੌਰ ਵਿੱਚ ਜਦੋਂ ਨਫ਼ਰਤਾਂ ਫੈਲਾਈਆਂ ਜਾ ਰਹੀਆਂ ਹਨ, ਮੁਲਕ ਆਪਸ ਵਿੱਚ ਲੜ ਰਹੇ ਹਨ, ਸ਼ਾਂਤੀ ਨਾਲ ਮਸਲਿਆਂ ਦੇ ਹੱਲ ਨੂੰ ਤਵੱਜੋ ਨਹੀਂ ਦਿੱਤੀ ਜਾ ਰਹੀ, ਸਵਾਲ ਚੁੱਕਣ ਵਾਲਿਆਂ ਦੀ ਆਵਾਜ਼ ਦਬਾਈ ਜਾ ਰਹੀ ਹੈ ਤਾਂ ਅਜਿਹੇ ਸਮੇਂ ਵਿੱਚ ਪ੍ਰੋਗ੍ਰੈਸਿਵ ਰਾਈਟਰਜ਼ ਐਸੋਸੀਏਸ਼ਨ ਦੀ ਅਹਿਮੀਅਤ ਹੋਰ ਵੱਧ ਜਾਂਦੀ ਹੈ ਤਾਂ ਜੋ ਸਮਾਜ ਨੂੰ ਬਿਹਤਰ ਬਣਾਇਆ ਜਾ ਸਕੇ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI