Source :- BBC PUNJABI
ਤਸਵੀਰ ਸਰੋਤ, Getty Images
ਡੀਐਨਏ ਟੈਸਟ ਮਨੁੱਖਾਂ ਲਈ ਉਨ੍ਹਾਂ ਦੇ ਮਾਪਿਆਂ, ਪਛਾਣ ਅਤੇ ਕਈ ਵਾਰ ਅਪਰਾਧ ਸਾਬਤ ਕਰਨ ਲਈ ਇੱਕ ਆਮ ਪ੍ਰਕਿਰਿਆ ਹੈ। ਪਰ ਬਿਹਾਰ ਸੂਬੇ ਵਿੱਚ ਇੱਕ ਅਜਿਹਾ ਅਨੋਖਾ ਵਿਵਾਦ ਸਾਹਮਣੇ ਆਇਆ ਹੈ, ਜਿਸ ਵਿੱਚ ਪੁਲਿਸ ਨੇ ਇੱਕ ਜਾਨਵਰ ਦੀ ਮਾਲਕੀ ਨੂੰ ਲੈ ਕੇ ਪੈਦਾ ਹੋਏ ਵਿਵਾਦ ਨੂੰ ਸੁਲਝਾਉਣ ਲਈ ਮੱਝ ਦਾ ਡੀਐਨਏ ਟੈਸਟ ਕਰਵਾਉਣ ਦਾ ਫ਼ੈਸਲਾ ਕੀਤਾ ਹੈ।
ਮਾਮਲਾ ਇਹ ਹੈ ਕਿ ਬਿਹਾਰ ਦੇ ਸਿਓਤਰਾ ਪਿੰਡ ਦੇ ਵਸਨੀਕ ਸੂਰਜ ਯਾਦਵ ਅਤੇ ਉਨ੍ਹਾਂ ਦੇ ਗੁਆਂਢੀ ਪਿੰਡ ਦੇ ਰਹਿਣ ਵਾਲੇ ਪ੍ਰਕਾਸ਼ ਮਾਂਝੀ ਇੱਕੋ ਮੱਝ ‘ਤੇ ਆਪਣਾ ਮਾਲਕੀ ਹੱਕ ਜਤਾ ਰਹੇ ਹਨ।
ਜਦੋਂ ਇਹ ਮਾਮਲਾ ਸਿਆਸੀ ਰੰਗ ਲੈਣ ਲੱਗਾ ਤਾਂ ਸਥਾਨਕ ਪੁਲਿਸ ਦੇ ਇੰਸਪੈਕਟਰ ਜਨਰਲ (ਆਈਜੀ) ਵਿਕਾਸ ਵੈਭਵ ਨੇ ਹੁਕਮ ਦਿੱਤਾ ਕਿ ਮਾਮਲੇ ਨੂੰ ਵਿਗਿਆਨਕ ਤਰੀਕਿਆਂ ਨਾਲ ਜਲਦ ਤੋਂ ਜਲਦ ਸੁਲਝਾਇਆ ਜਾਵੇ। ਇਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਕਿ ਕਥਿਤ ਤੌਰ ‘ਤੇ ਚੋਰੀ ਹੋਈ ਮੱਝ ਅਤੇ ਉਸ ਦੇ ਕੱਟੇ (ਮੱਝ ਦੇ ਬੱਚੇ) ਦਾ ਡੀਐਨਏ ਟੈਸਟ ਕਰਵਾਇਆ ਜਾਵੇਗਾ ਤਾਂ ਜੋ ਮਾਲਕੀ ਦੇ ਵਿਵਾਦ ਨੂੰ ਸੁਲਝਾਇਆ ਜਾ ਸਕੇ।
ਸੂਰਜ ਯਾਦਵ ਨਾਮ ਦੇ ਵਿਅਕਤੀ ਦਾ ਦਾਅਵਾ ਹੈ ਕਿ ਕੁਝ ਦਿਨ ਪਹਿਲਾਂ ਉਸ ਦੀ ਮੱਝ ਲਾਪਤਾ ਹੋ ਗਈ ਸੀ। ਉਸ ਨੇ ਪੁਲਿਸ ਵਿੱਚ ਸ਼ਿਕਾਇਤ ਦਰਜ ਨਹੀਂ ਕਰਵਾਈ ਅਤੇ ਖੁਦ ਹੀ ਮੱਝ ਦੀ ਭਾਲ ਸ਼ੁਰੂ ਕਰ ਦਿੱਤੀ। ਸੂਰਜ ਯਾਦਵ ਦਾ ਦਾਅਵਾ ਹੈ ਕਿ ਲਾਪਤਾ ਮੱਝ ਦਾ ਕੱਟਾ ਹਾਲਾਂਕਿ ਉਸ ਕੋਲ ਹੀ ਹੈ।
ਸਥਾਨਕ ਪੁਲਿਸ ਮੁਤਾਬਕ ਕੁਝ ਦਿਨਾਂ ਬਾਅਦ ਉਨ੍ਹਾਂ ਨੂੰ ਪਤਾ ਲੱਗਾ ਕਿ ਮੱਝ ਨੇੜਲੇ ਪਿੰਡ ਵਿੱਚ ਪ੍ਰਕਾਸ਼ ਮਾਂਝੀ ਨਾਂਅ ਦੇ ਇੱਕ ਸ਼ਖਸ ਦੇ ਘਰ ਬੰਨ੍ਹੀ ਹੋਈ ਹੈ। ਸੂਰਜ ਯਾਦਵ ਉੱਥੇ ਪਹੁੰਚਿਆ ਅਤੇ ਮੱਝ ਨੂੰ ਖੋਲ੍ਹ ਕੇ ਆਪਣੇ ਘਰ ਲੈ ਆਇਆ। ਦੂਜੇ ਪਾਸੇ ਪ੍ਰਕਾਸ਼ ਮਾਂਝੀ ਦਾ ਕਹਿਣਾ ਹੈ ਕਿ ਮੱਝ ਕਾਨੂੰਨੀ ਤੌਰ ‘ਤੇ ਉਸ ਦੀ ਜਾਇਦਾਦ ਹੈ ਅਤੇ ਉਹੀ ਇਸ ਦਾ ਅਸਲ ਮਾਲਕ ਹੈ।
ਜਦੋਂ ਦੋਹਾਂ ਵਿਅਕਤੀਆਂ ਵਿਚਾਲੇ ਵਿਵਾਦ ਵੱਧ ਗਿਆ ਤਾਂ ਸਥਾਨਕ ਪੁਲਿਸ ਮੱਝ ਨੂੰ ਥਾਣੇ ਲੈ ਆਈ ਅਤੇ ਉੱਥੇ ਬੰਨ੍ਹ ਦਿੱਤਾ। ਸ਼ੁਰੂ ਵਿੱਚ ਪੁਲਿਸ ਨੇ ਇੱਕ ਰਵਾਇਤੀ ਤਰੀਕਾ ਅਜ਼ਮਾਉਣ ਬਾਰੇ ਸੋਚਿਆ—ਮੱਝ ਨੂੰ ਖੁੱਲ੍ਹਾ ਛੱਡ ਦਿੱਤਾ ਜਾਵੇ ਤਾਂ ਜੋ ਉਹ ਖੁਦ ਆਪਣੇ ਘਰ ਦਾ ਰਸਤਾ ਲੱਭ ਲਵੇ ਪਰ ਬਾਅਦ ਵਿੱਚ ਵਿਗਿਆਨਿਕ ਢੰਗ ਅਪਨਾਉਣ ਬਾਰੇ ਫੈਸਲਾ ਲਿਆ ਗਿਆ।
ਇਹ ਮਾਮਲਾ ਸਿਆਸੀ ਰੰਗ ਕਿਵੇਂ ਲੈ ਗਿਆ ?
ਸਥਾਨਕ ਲੋਕਾਂ ਮੁਤਾਬਕ ਮੱਝ ਨੂੰ ਖੁੱਲ੍ਹਾ ਛੱਡਣ ਤੋਂ ਬਾਅਦ ਉਹ ਸੂਰਜ ਯਾਦਵ ਦੇ ਘਰ ਪਹੁੰਚ ਗਈ ਪਰ ਪ੍ਰਕਾਸ਼ ਮਾਂਝੀ ਇਸ ਫ਼ੈਸਲੇ ਤੋਂ ਸੰਤੁਸ਼ਟ ਨਹੀਂ ਸਨ ਅਤੇ ਉਨ੍ਹਾਂ ਨੇ ਇਸ ਮਾਮਲੇ ਵਿੱਚ ਰਸਮੀ ਸ਼ਿਕਾਇਤ ਦਰਜ ਕਰਵਾ ਦਿੱਤੀ। ਸੂਰਜ ਯਾਦਵ ਦਾ ਦਾਅਵਾ ਹੈ ਕਿ ਇਸ ਮੱਝ ਦਾ ਕੱਟਾ ਵੀ ਉਨ੍ਹਾਂ ਦੇ ਘਰ ਬੰਨ੍ਹਿਆ ਹੋਇਆ ਹੈ।
ਹਾਲਾਂਕਿ ਸਥਾਨਕ ਥਾਣਾ ਮੁਖੀ ਅਜੈ ਕੁਮਾਰ ਦਾ ਕਹਿਣਾ ਹੈ ਕਿ ਮੱਝ ਦੋ ਦਿਨਾਂ ਤੱਕ ਪੁਲਿਸ ਥਾਣੇ ਵਿੱਚ ਬੰਨ੍ਹੀ ਰਹੀ। ਇਸ ਤੋਂ ਬਾਅਦ ਜਦੋਂ ਸੂਰਜ ਯਾਦਵ ਦੇ ਸਮਰਥਕਾਂ ਨੇ ਹੰਗਾਮਾ ਕੀਤਾ ਅਤੇ ਗਵਾਹੀ ਦਿੱਤੀ ਕਿ ਮੱਝ ਸੂਰਜ ਯਾਦਵ ਦੀ ਹੈ ਤਾਂ ਪੁਲਿਸ ਨੇ ਉਸ ਨੂੰ ਸੂਰਜ ਯਾਦਵ ਦੇ ਹਵਾਲੇ ਕਰ ਦਿੱਤਾ।
ਮਗਧ ਰੇਂਜ ਦੇ ਆਈਜੀ ਵਿਕਾਸ ਵੈਭਵ ਨੇ ਬੀਬੀਸੀ ਨਾਲ ਫ਼ੋਨ ‘ਤੇ ਗੱਲ ਕਰਦਿਆਂ ਦੱਸਿਆ ਕਿ ਇਸ ਮਾਮਲੇ ਵਿੱਚ ਹੁਣ ਤੱਕ ਦੋ ਐੱਫਆਈਆਰ ਦਰਜ ਕੀਤੀਆਂ ਗਈਆਂ ਹਨ। ਇੱਕ ਮਾਮਲਾ ਅਨੁਸੂਚਿਤ ਜਾਤੀ/ਅਨੁਸੂਚਿਤ ਜਨਜਾਤੀ (ਅੱਤਿਆਚਾਰ ਰੋਕਥਾਮ) ਐਕਟ ਤਹਿਤ ਦਰਜ ਕੀਤਾ ਗਿਆ ਹੈ, ਜਦਕਿ ਦੂਜਾ ਮਾਮਲਾ ਮੱਝ ਦੀ ਮਾਲਕੀ ਨਾਲ ਸਬੰਧਤ ਹੈ।
ਮੱਝ ਦੀ ਮਾਲਕੀ ਦਾ ਇਹ ਮੁੱਦਾ ਜਲਦ ਹੀ ਸਥਾਨਕ ਸਿਆਸਤ ਦਾ ਵਿਸ਼ਾ ਬਣ ਗਿਆ।
ਸਾਬਕਾ ਵਿਧਾਇਕ ਅਜੈ ਯਾਦਵ ਨੇ ਸਥਾਨਕ ਪੁਲਿਸ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ‘ਤੇ ਸੂਰਜ ਯਾਦਵ ਦੇ ਪੱਖ ਨਾਲ ਬੇਇਨਸਾਫ਼ੀ ਕਰਨ ਦਾ ਇਲਜ਼ਾਮ ਲਗਾਇਆ। ਉਨ੍ਹਾਂ ਕਿਹਾ ਕਿ ਮੱਝ ਵਰਗੇ ਮਾਮੂਲੀ ਵਿਵਾਦ ਵਿੱਚ ਕਿਸੇ ਗਰੀਬ ਵਿਅਕਤੀ ਨੂੰ ਇੰਨੇ ਸਖਤ ਕਾਨੂੰਨੀ ਮਾਮਲਿਆਂ ਵਿੱਚ ਘੜੀਸਣਾ ਠੀਕ ਨਹੀਂ ਹੈ।
ਦੂਜੇ ਪਾਸੇ, ਹਿੰਦੁਸਤਾਨੀ ਆਵਾਮ ਮੋਰਚਾ (ਐੱਚਏਐੱਮ) ਦੇ ਕੌਮੀ ਬੁਲਾਰੇ ਸ਼ਿਆਮ ਸੁੰਦਰ ਸ਼ਰਨ ਨੇ ਪ੍ਰਕਾਸ਼ ਮਾਂਝੀ ਦੇ ਸਮਰਥਨ ਵਿੱਚ ਪੁਲਿਸ ਨਾਲ ਮੁਲਾਕਾਤ ਕੀਤੀ ਅਤੇ ਨਿਰਪੱਖ ਜਾਂਚ ਦੀ ਮੰਗ ਕੀਤੀ।
ਡੀਐਨਏ ਟੈਸਟ ਦਾ ਫ਼ੈਸਲਾ
ਤਸਵੀਰ ਸਰੋਤ, X
ਮਗਧ ਰੇਂਜ ਦੇ ਆਈਜੀ ਵਿਕਾਸ ਵੈਭਵ ਨੇ ਬੀਬੀਸੀ ਨੂੰ ਦੱਸਿਆ ਕਿ ਕਿਉਂਕਿ ਦੋਵੇਂ ਧਿਰਾਂ ਆਪਣੇ-ਆਪਣੇ ਦਾਅਵਿਆਂ ‘ਤੇ ਕਾਇਮ ਹਨ, ਇਸ ਲਈ ਵਿਗਿਆਨਕ ਸਬੂਤਾਂ ਦੀ ਮਦਦ ਲੈਣਾ ਜ਼ਰੂਰੀ ਹੋ ਗਿਆ ਹੈ।
ਪੁਲਿਸ ਨੇ ਦੋਵੇਂ ਦਾਅਵੇਦਾਰਾਂ ਤੋਂ ਉਨ੍ਹਾਂ ਕੋਲ ਮੌਜੂਦ ਮੱਝਾਂ ਦੇ ਰਿਕਾਰਡ ਮੰਗੇ ਹਨ, ਜਿਨ੍ਹਾਂ ਵਿੱਚ ਉਨ੍ਹਾਂ ਦੀ ਨਸਲ ਅਤੇ ਪਰਿਵਾਰਕ ਜਾਣਕਾਰੀ ਸ਼ਾਮਲ ਹੋ ਸਕਦੀ ਹੈ।
ਵਿਵਾਦ ਦੇ ਕੇਂਦਰ ਵਿੱਚ ਮੌਜੂਦ ਮੱਝ ਦੇ ਡੀਐਨਏ ਦੀ ਤੁਲਨਾ ਕੱਟੇ ਨਾਲ ਕੀਤੀ ਜਾਵੇਗੀ (ਜਿਸ ਬਾਰੇ ਸੂਰਜ ਯਾਦਵ ਦਾ ਦਾਅਵਾ ਹੈ ਕਿ ਇਹ ਕੱਟਾ ਉਸ ਕੋਲ ਹੈ) ਇਸ ਟੈਸਟ ਰਾਹੀਂ ਮਾਲਕੀ ਦੇ ਵਿਵਾਦ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।
ਸਥਾਨਕ ਡੀਆਈਜੀ ਨੇ ਕਿਹਾ ਕਿ ਉਨ੍ਹਾਂ ਨੇ ਪਿੰਡ ਵਾਸੀਆਂ ਤੋਂ ਪੁੱਛਗਿੱਛ ਕਰਨ ਅਤੇ ਸਬੂਤ ਇਕੱਠੇ ਕਰਨ ਲਈ ਆਪਣੇ ਅਧਿਕਾਰੀਆਂ ਨੂੰ ਸਬੰਧਤ ਪੁਲਿਸ ਥਾਣੇ ਵੀ ਭੇਜਿਆ।
ਉਨ੍ਹਾਂ ਕਿਹਾ ਕਿ ਫਿਲਹਾਲ ਇਸ ਵਿਵਾਦ ਦਾ ਇੱਕੋ-ਇੱਕ ਹੱਲ ਡੀਐਨਏ ਟੈਸਟ ਹੀ ਨਜ਼ਰ ਆ ਰਿਹਾ ਹੈ, ਕਿਉਂਕਿ ਸੂਰਜ ਯਾਦਵ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਮੱਝ ਦਾ ਵੱਛਾ ਇਹ ਸਾਬਤ ਕਰ ਦੇਵੇਗਾ ਕਿ ਮੱਝ ਉਸ ਦੀ ਜਾਇਦਾਦ ਹੈ।

ਇਹ ਖ਼ਬਰ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਗਈ ਅਤੇ ਯੂਜ਼ਰਸ ਨੇ ਇਸ ‘ਤੇ ਦਿਲਚਸਪ ਟਿੱਪਣੀਆਂ ਕੀਤੀਆਂ।
ਇੱਕ ਯੂਜ਼ਰ ਨੇ ਲਿਖਿਆ, “ਬਿਹਾਰ ਪੁਲਿਸ ਡੀਐਨਏ ਰਾਹੀਂ ਮੱਝ ਦੀ ਮਾਲਕੀ ਸਾਬਤ ਕਰਨ ਵਾਲੀ ਦੁਨੀਆ ਦੀ ਪਹਿਲੀ ਪੁਲਿਸ ਫੋਰਸ ਬਣ ਸਕਦੀ ਹੈ।”
ਇੱਕ ਹੋਰ ਯੂਜ਼ਰ ਨੇ ਲਿਖਿਆ, “ਸ਼ਾਇਦ ਮੱਝ ਨੂੰ ਖੁਦ ਵੀ ਪਤਾ ਨਹੀਂ ਕਿ ਉਹ ਇੰਨੀ ਵੱਡੀ ‘ਸੈਲੀਬ੍ਰਿਟੀ’ ਬਣ ਗਈ ਹੈ।”
ਅਮਿਤ ਯਾਦਵ ਨਾਮ ਦੇ ਇੱਕ ਯੂਜ਼ਰ ਨੇ ਲਿਖਿਆ, “ਉਹ ਦੌਰ ਚਲਾ ਗਿਆ ਜਦੋਂ ਲੋਕ ਡਾਂਗ ਦੇ ਜ਼ੋਰ ਨਾਲ ਆਪਣੀ ਮੱਝ ਨੂੰ ਪਛਾਣ ਲੈਂਦੇ ਸਨ, ਹੁਣ ਉਹ ਦੌਰ ਆ ਗਿਆ ਹੈ ਜਦੋਂ ਲੋਕ ਡੀਐਨਏ ਰਿਪੋਰਟ ਨਾਲ ਆਪਣੀ ਮੱਝ ਨੂੰ ਪਛਾਣਦੇ ਹਨ।”
ਹਾਲਾਂਕਿ ਇਸ ਮਾਮਲੇ ਦੀ ਜਾਂਚ ਅਜੇ ਵੀ ਜਾਰੀ ਹੈ ਅਤੇ ਨਤੀਜੇ ਆਉਣ ਤੋਂ ਬਾਅਦ ਮੱਝ ਨੂੰ ਉਸ ਦੇ ਅਸਲ ਮਾਲਕ ਨੂੰ ਵਾਪਸ ਕਰ ਦਿੱਤਾ ਜਾਵੇਗਾ।
ਮੱਝ ਨਾਲ ਜੁੜਿਆ ਇਹ ਮਾਮਲਾ ਭਾਵੇਂ ਅਸਾਧਾਰਨ ਲੱਗ ਸਕਦਾ ਹੈ, ਪਰ ਬਿਹਾਰ ਪੁਲਿਸ ਪਹਿਲਾਂ ਵੀ ਜਾਨਵਰਾਂ ਨਾਲ ਸਬੰਧਤ ਅਜਿਹੀਆਂ ਸ਼ਿਕਾਇਤਾਂ ਨਾਲ ਨਜਿੱਠ ਚੁੱਕੀ ਹੈ।
ਬਿਹਾਰ ਦੇ ਪੂਰਨੀਆ ਵਿੱਚ ਇੱਕ ਵਿਅਕਤੀ ਨੇ ਪੁਲਿਸ ਨੂੰ ਇੱਕ ਬਲਦ ਨੂੰ ‘ਗ੍ਰਿਫ਼ਤਾਰ’ ਕਰਨ ਦੀ ਬੇਨਤੀ ਕੀਤੀ ਸੀ। ਉਸ ਦਾ ਦਾਅਵਾ ਸੀ ਕਿ ਬਲਦ ਨੇ ਉਸ ਦਾ ਪਿੱਛਾ ਕੀਤਾ, ਆਪਣੇ ਸਿੰਙਾਂ ਨਾਲ ਉਸ ‘ਤੇ ਹਮਲਾ ਕੀਤਾ ਅਤੇ ਉਸ ਨੂੰ ਜ਼ਮੀਨ ‘ਤੇ ਸੁੱਟ ਦਿੱਤਾ, ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ। ਪੁਲਿਸ ਨੇ ਆਖ਼ਰਕਾਰ ਦੋਹਾਂ ਧਿਰਾਂ ਨੂੰ ਇਕੱਠਿਆਂ ਬੁਲਾਇਆ ਅਤੇ ਗੱਲਬਾਤ ਤੋਂ ਬਾਅਦ ਸ਼ਿਕਾਇਤ ਵਾਪਸ ਲੈ ਲਈ ਗਈ।
ਇਸੇ ਤਰ੍ਹਾਂ ਪੂਰਨੀਆ ਵਿੱਚ ਹੀ ਪੁਲਿਸ ਨੇ ਤਿੰਨ ਬੱਕਰੀਆਂ ਦੀ ਮੌਤ ਦੀ ਵੀ ਜਾਂਚ ਕੀਤੀ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI



