Source :- BBC PUNJABI

ਕਲਦੀਪ ਸਿੰਘ ਤੇ ਰਾਜਬਿੰਦਰ ਕੌਰ

ਤਸਵੀਰ ਸਰੋਤ, West Midlands Police

ਪੰਜਾਬੀ ਮੂਲ ਦੀ ਯੂਕੇ ਵਾਸੀ ਰਾਜਬਿੰਦਰ ਕੌਰ ਨੂੰ ਬਰਮਿੰਘਮ ਕਰਾਉਨ ਕੋਰਟ ਨੇ ਚੈਰੇਟੀ ਦੇ ਪੈਸਿਆਂ ਵਿੱਚੋਂ 50 ਹਜ਼ਾਰ ਪੌਂਡ ਦੀ ਧੋੜਾਧੜੀ ਲਈ ਸਜ਼ਾ ਸੁਣਾਉਂਦਿਆਂ ਜੇਲ੍ਹ ਭੇਜ ਦਿੱਤਾ ਹੈ।

ਰਾਜਬਿੰਦਰ ਕੌਰ ਬਰਮਿੰਘਮ ਦੇ ਹੈਮਸਟੇਡ ਰੋਡ ਦੇ ਰਹਿਮ ਵਾਲੇ ਹਨ। ਉਨ੍ਹਾਂ ਨੂੰ ਵੀਰਵਾਰ ਨੂੰ ਬਰਮਿੰਘਮ ਕਰਾਉਨ ਕੋਰਟ ਨੇ ਚੋਰੀ ਦੇ ਛੇ ਮਾਮਲਿਆਂ ਵਿੱਚ ਦੋ ਸਾਲ ਅੱਠ ਮਹੀਨੇ ਦੀ ਸਜ਼ਾ ਸੁਣਾਈ।

ਉਨ੍ਹਾਂ ਖ਼ਿਲਾਫ਼ ਇੱਕ ਮਾਮਲਾ ਮਨੀ ਲਾਂਡਰਿੰਗ ਦਾ ਸੀ ਅਤੇ ਇੱਕ ਚੈਰਿਟੀ ਕਮਿਸ਼ਨ ਨੂੰ ਗ਼ਲਤ ਜਾਂ ਗੁੰਮਰਾਹਕੁੰਨ ਜਾਣਕਾਰੀ ਦੇਣ ਦਾ ਸੀ।

ਰਾਜਬਿੰਦਰ ਕੌਰ ਦੇ ਭਰਾ 44 ਸਾਲਾ ਕੁਲਦੀਪ ਸਿੰਘ ਲੇਹਲ ਨੂੰ ਵੀ ਚੈਰਿਟੀ ਕਮਿਸ਼ਨ ਨੂੰ ਗ਼ਲਤ ਜਾਣਕਾਰੀ ਦੇਣ ਲਈ ਦੋਸ਼ੀ ਠਹਿਰਾਇਆ ਗਿਆ ਹੈ।

ਕੁਲਦੀਪ ਸਿੰਘ ਵੀ ਰਾਜਬਿੰਦਰ ਦੇ ਨਾਲ ਹੀ ਹੈਮਸਟੇਡ ਰੋਡ ‘ਤੇ ਰਹਿੰਦੇ ਸਨ।

ਉਨ੍ਹਾਂ ਨੂੰ ਚਾਰ ਮਹੀਨੇ ਦੀ ਸਜ਼ਾ ਸੁਣਾਈ ਗਈ ਹੈ ਜਿਸ ਨੂੰ 18 ਮਹੀਨਿਆਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ।

ਬੀਬੀਸੀ ਪੰਜਾਬੀ

ਅਦਾਲਤਾਂ ਚੈਰਿਟੀ ਦੇ ਨਾਮ ‘ਤੇ ਠੱਗੀ ਬਰਦਾਸ਼ਤ ਨਹੀਂ ਕਰਨਗੀਆਂ

ਚੈਰਿਟੀ ਕਮਿਸ਼ਨ ਨੇ ਕਿਹਾ ਹੈ ਕਿ ਸਜ਼ਾ ਦਰਸਾਉਂਦੀ ਹੈ ਕਿ ਕਿਸੇ ਵਿਅਕਤੀ ਵਿਸ਼ੇਸ਼ ਵੱਲੋਂ ਨਿੱਜੀ ਲਾਭ ਲਈ ਚੈਰਿਟੀ ਫੰਡਾਂ ਦੀ ਚੋਰੀ ਨੂੰ ਅਦਾਲਤਾਂ ਵੱਲੋਂ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਵੈਸਟ ਮਿਡਲੈਂਡਜ਼ ਪੁਲਿਸ ਨੇ ਕਿਹਾ ਕਿ ਰਾਜਬਿੰਦਰ ਕੌਰ ਨੇ 2016 ਵਿੱਚ ਸਿੱਖ ਯੂਥ ਯੂਕੇ ਨਾਮ ਦੀ ਸੰਸਥਾ ਦੀ ਸਥਾਪਨਾ ਕੀਤੀ ਸੀ ਅਤੇ ਇਸੇ ਨੂੰ ਉਨ੍ਹਾਂ ਨੇ ਚੈਰਿਟੀ ਵਜੋਂ ਰਜਿਸਟਰ ਕਰਵਾਉਣ ਲਈ ਅਰਜ਼ੀ ਦਿੱਤੀ ਸੀ।

ਚੈਰਿਟੀ ਕਮਿਸ਼ਨ ਨੇ ਉਨ੍ਹਾਂ ਦੀ ਅਰਜ਼ੀ ਉੱਤੇ ਕਾਰਵਾਈ ਬੰਦ ਕਰ ਦਿੱਤੀ ਸੀ ਕਿਉਂਕਿ ਰਾਜਬਿੰਦਰ ਕੌਰ ਲੋੜੀਂਦੀ ਜਾਣਕਾਰੀ ਮੁਹੱਈਆ ਕਰਵਾਉਣ ਵਿੱਚ ਅਸਮਰੱਥ ਰਹੇ ਸਨ।

ਪਰ ਰਾਜਬਿੰਦਰ ਕੌਰ ਅਤੇ ਉਨ੍ਹਾਂ ਦੇ ਭਰਾ ਇਸ ਚੈਰਿਟੀ ਲਈ ਫੰਡਰੇਜ਼ਿੰਗ ਸਮਾਗਮ ਕਰਦੇ ਰਹੇ ਅਤੇ ਉਨ੍ਹਾਂ ਨੇ ਇਸ ਚੈਰਿਟੀ ਨੂੰ ਇੱਕ ਜਾਇਜ਼ ਸੰਸਥਾ ਵਜੋਂ ਹੀ ਲੋਕਾਂ ਸਾਹਮਣੇ ਪੇਸ਼ ਕੀਤਾ।

ਚੈਰਿਟੀ ਦੇ ਪੈਸੇ ਆਪਣੇ ਐਸ਼ੋ-ਅਰਾਮ ਲਈ ਵਰਤੇ

ਸੰਕੇਤਕ ਤਸਵੀਰ

ਤਸਵੀਰ ਸਰੋਤ, PA

ਫੋਰਸ ਦੇ ਅਧਿਕਾਰੀਆਂ ਨੇ ਕਿਹਾ ਕਿ ਰਾਜਬਿੰਦਰ ਕੌਰ ਨੇ ਸਿੱਖ ਯੂਥ ਯੂਕੇ ਚੈਰਿਟੀ ਦੇ ਨਾਮ ਉੱਤੇ ਇਕੱਠੇ ਕੀਤੇ ਗਏ ਪੈਸਿਆਂ ਨੂੰ ਆਪਣੇ ਨਿੱਜੀ ਖਾਤੇ ਵਿੱਚ ਟਰਾਂਸਫ਼ਰ ਕਰ ਲਿਆ ਸੀ।

ਇਲਜ਼ਾਮ ਹੈ ਕਿ ਉਨ੍ਹਾਂ ਨੇ ਕੁਝ ਪੈਸੇ ਪਰਿਵਾਰ ਦੇ ਹੋਰ ਮੈਂਬਰਾਂ ਦੇ ਖਾਤਿਆਂ ਵਿੱਚ ਵੀ ਭੇਜੇ ਸਨ।

ਚੋਰੀ ਕੀਤੇ ਪੈਸਿਆਂ ਨੂੰ ਲੁਕਾਉਣ ਲਈ ਉਨ੍ਹਾਂ ਕੋਲ 50 ਤੋਂ ਵੱਧ ਬੈਂਕ ਖਾਤੇ ਸਨ।

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਸੁਪਰਡੈਂਟ ਐਨੀ ਮਿਲਰ ਨੇ ਕਿਹਾ, “ਸਿੱਖ ਯੂਥ ਯੂਕੇ ਸਪੱਸ਼ਟ ਤੌਰ ‘ਤੇ ਉਨ੍ਹਾਂ ਦੀ ਐਸ਼ੋ-ਅਰਾਮ ਲਈ ਪੈਸੇ ਇਕੱਠੇ ਕਰਨ ਲਈ ਸੀ ਅਤੇ ਰਾਜਬਿੰਦਰ ਵੱਲੋਂ ਲਏ ਗਏ ਕਰਜ਼ਿਆਂ ਦੇ ਭੁਗਤਾਨ ਲਈ ਵੀ ਸੀ।”

“ਪਰ ਸੌਖੇ ਸ਼ਬਦਾਂ ਵਿੱਚ ਰਾਜਬਿੰਦਰ ਕੌਰ ਵੱਡੇ ਪੱਧਰ ਉੱਤੇ ਪੈਸੇ ਚੋਰੀ ਕਰ ਰਹੀ ਸੀ ਜੋ ਸਥਾਨਕ ਲੋਕਾਂ ਨੇ ਚੰਗੇ ਕਾਰਜਾਂ ਦੇ ਲੇਖੇ ਲਾਉਣ ਲਈ ਦਾਨ ਕੀਤੇ ਸਨ।”

ਚੈਰਿਟੀ ਕਮਿਸ਼ਨ ਦੇ ਟਿਮ ਹੌਪਕਿੰਸ ਨੇ ਕਿਹਾ, “ਚੈਰਿਟੀ ਕਮਿਸ਼ਨ ਨੂੰ ਗ਼ਲਤ ਜਾਂ ਗੁੰਮਰਾਹਕੁੰਨ ਜਾਣਕਾਰੀ ਮੁਹੱਈਆ ਕਰਵਾਉਣ ਬਦਲੇ ਭੈਣ-ਭਰਾ ਨੂੰ ਮਿਲੀ ਸਜ਼ਾ ਦਰਸਾਉਂਦੀ ਹੈ ਕਿ ਅਦਾਲਤਾਂ ਅਪਰਾਧ ਨੂੰ ਕਿੰਨੀ ਗੰਭੀਰਤਾ ਨਾਲ ਲੈਂਦੀਆਂ ਹਨ।”

“ਚੈਰਿਟੀ ਕਮਿਸ਼ਨ ਅਤੇ ਪੁਲਿਸ ਨੇ ਮਿਲ ਕੇ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕੀਤੇ ਅਤੇ ਨਿਆਂ ਪ੍ਰਦਾਨ ਕਰਵਾਇਆ ਹੈ। ਅਜਿਹੇ ਮਾਮਲੇ ਲੋਕਾਂ ਦਾ ਚੈਰਿਟੀ ਵਿੱਚ ਭਰੋਸਾ ਨੂੰ ਬਰਕਰਾਰ ਰੱਖਣ ਵਿੱਚ ਵੀ ਅਹਿਮ ਭੂਮਿਆ ਨਿਭਾਉਂਦੇ ਹਨ।”

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI