Source :- BBC PUNJABI

ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ

ਤਸਵੀਰ ਸਰੋਤ, KEYSTONE/GETTY IMAGES

  • ਲੇਖਕ, ਰੇਹਾਨ ਫਜ਼ਲ
  • ਰੋਲ, ਬੀਬੀਸੀ ਪੱਤਰਕਾਰ
  • 19 ਅਗਸਤ 2024

    ਅਪਡੇਟ 17 ਮਿੰਟ ਪਹਿਲਾਂ

ਆਪਣੇ ਕਤਲ ਤੋਂ ਕੁਝ ਹੀ ਸਮਾਂ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ ਜੌਨ ਐੱਫ ਕੈਨੇਡੀ ਨੇ ਕਿਹਾ ਸੀ ਕਿ ਜੇ ਕੋਈ ਅਮਰੀਕਾ ਦੇ ਰਾਸ਼ਟਰਪਤੀ ਨੂੰ ਮਾਰਨਾ ਚਾਹੁੰਦਾ ਹੈ ਤਾਂ ਇਸ ਵਿੱਚ ਕੋਈ ਵੱਡੀ ਗੱਲ ਨਹੀਂ ਹੈ।ਸ਼ਰਤ ਇਹ ਹੈ ਕਿ ਕਾਤਲ ਤੈਅ ਕਰ ਲਵੇ ਕਿ ਮੈਨੂੰ ਮਾਰਨ ਦੇ ਬਦਲੇ ਉਹ ਆਪਣਾ ਜੀਵਨ ਦੇਣ ਲਈ ਤਿਆਰ ਹੈ।

21 ਮਈ, 1991 ਦੀ ਰਾਤ 10 ਵੱਜ ਕੇ 21 ਮਿੰਟ ‘ਤੇ ਤਾਮਿਲਨਾਡੂ ਦੇ ਸ਼੍ਰੀਪੇਰੰਬਦੂਰ ਵਿੱਚ ਵੀ ਅਜਿਹਾ ਹੀ ਹੋਇਆ।

30 ਸਾਲ ਦੀ ਇੱਕ ਛੋਟੇ ਕੱਦ ਵਾਲੀ ਕਾਲੇ ਰੰਗ ਦੀ ਕੁੜੀ ਚੰਦਨ ਦਾ ਹਾਰ ਲੈ ਕੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਵੱਲ ਵਧਦੀ ਹੈ।

ਜਿਵੇਂ ਹੀ ਉਹ ਰਾਜੀਵ ਦੇ ਪੈਰ ਛੂਹਣ ਲਈ ਝੁਕਦੀ ਹੈ, ਕੰਨ ਪਾੜਵੀਂ ਅਵਾਜ਼ ਵਾਲਾ ਧਮਾਕਾ ਹੁੰਦਾ ਹੈ।

ਉੱਥੋਂ ਮੁਸ਼ਕਿਲ ਨਾਲ ਦਸ ਗਜ ਦੀ ਦੂਰੀ ‘ਤੇ ‘ਗਲਫ਼ ਨਿਊਜ਼’ ਦੀ ਪੱਤਰਕਾਰ ਅਤੇ ਇਸ ਸਮੇਂ ਡੈਕਨ ਕ੍ਰਾਨੀਕਲ, ਬੰਗਲੁਰੂ ਦੀ ਸਥਾਨਕ ਸੰਪਾਦਕ ਨੀਨਾ ਗੋਪਾਲ ਰਾਜੀਵ ਗਾਂਧੀ ਦੇ ਸਹਿਯੋਗੀ ਸੁਮਨ ਦੂਬੇ ਨਾਲ ਗੱਲ ਕਰ ਰਹੀ ਸੀ।

(ਇਹ ਰਿਪੋਰਟ ਪਹਿਲੀ ਵਾਰ ਸਾਲ 2018 ’ਚੇ ਛਾਪੀ ਗਈ ਸੀ। ਉਨ੍ਹਾਂ ਦੀ ਬਰਸੀ ਮੌਕੇ ਮੁੜ ਪੜ੍ਹੋ ਇਹ ਖ਼ਾਸ ਰਿਪੋਰਟ…)

ਬੀਬੀਸੀ ਪੰਜਾਬੀ ਵੱਟਸਐਪ ਚੈਨਲ

‘ਸਾਨੂੰ ਪਤਾ ਨਹੀਂ ਸੀ ਕਿ ਰਾਜੀਵ ਜ਼ਿੰਦਾ ਹਨ ਜਾਂ ਨਹੀਂ’

ਨੀਨਾ ਨੇ ਦੱਸਿਆ, ”ਮੈਨੂੰ ਸੁਮਨ ਨਾਲ ਗੱਲ ਕਰਦਿਆਂ ਦੋ ਮਿੰਟ ਵੀ ਨਹੀਂ ਹੋਏ ਸਨ ਕਿ ਬੰਬ ਫਟਿਆ। ਆਮ ਤੌਰ ‘ਤੇ ਮੈਂ ਸਫੇਦ ਕੱਪੜੇ ਨਹੀਂ ਪਾਂਦੀ। ਉਸ ਦਿਨ ਜਲਦਬਾਜ਼ੀ ਵਿੱਚ ਸਫੇਦ ਸਾੜ੍ਹੀ ਪਾ ਲਈ ਸੀ। ਬੰਬ ਫਟਣ ਤੋਂ ਬਾਅਦ ਸਾੜੀ ਪੂਰੀ ਤਰ੍ਹਾਂ ਕਾਲੀ ਹੋ ਗਈ ਸੀ ਅਤੇ ਉਸ ‘ਤੇ ਮਾਸ ਦੇ ਟੁਕੜੇ ਅਤੇ ਖ਼ੂਨ ਦੇ ਛਿੱਟੇ ਪਏ ਹੋਏ ਸਨ।”

”ਮੇਰਾ ਬਚਣਾ ਇੱਕ ਚਮਤਕਾਰ ਸੀ। ਮੇਰੇ ਅੱਗੇ ਖੜੇ ਸਾਰੇ ਲੋਕ ਧਮਾਕੇ ਵਿੱਚ ਮਾਰੇ ਗਏ ਸਨ।”

ਉਨ੍ਹਾਂ ਅੱਗੇ ਦੱਸਿਆ, ”ਬੰਬ ਧਮਾਕੇ ਤੋਂ ਪਹਿਲਾਂ ਪਟਾਕੇ ਚੱਲਣ ਵਰਗੀ ਆਵਾਜ਼ ਸੁਣਾਈ ਦਿੱਤੀ ਸੀ, ਜਿਸ ਤੋਂ ਬਾਅਦ ਜ਼ੋਰ ਦਾ ਸ਼ੋਰ ਹੋਇਆ। ਜਿਵੇਂ ਮੈਂ ਅੱਗੇ ਵਧੀ, ਲੋਕਾਂ ਦੇ ਕੱਪੜਿਆਂ ਵਿੱਚ ਅੱਗ ਲੱਗੀ ਹੋਈ ਸੀ, ਲੋਕ ਚੀਕ ਰਹੇ ਸਨ ਅਤੇ ਚਾਰੋਂ ਪਾਸੇ ਹਲਚਲ ਸੀ। ਸਾਨੂੰ ਪਤਾ ਨਹੀਂ ਸੀ ਕਿ ਰਾਜੀਵ ਗਾਂਧੀ ਜ਼ਿੰਦਾ ਹਨ ਜਾਂ ਨਹੀਂ।”

ਅਖਬਾਰਾਂ

ਤਸਵੀਰ ਸਰੋਤ, VT FRREZE FRAME

ਤਾਮਿਲਨਾਡੂ ਕਾਂਗਰਸ ਦੇ ਨੇਤਾ ਜੀ ਕੇ ਮੂਪਨਾਰ ਨੇ ਕਿਤੇ ਲਿਖਿਆ, ”ਜਿਵੇਂ ਹੀ ਧਮਾਕਾ ਹੋਇਆ, ਲੋਕ ਭੱਜਣ ਲੱਗੇ। ਰਾਜੀਵ ਦੇ ਸੁਰੱਖਿਆ ਅਧਿਕਾਰੀ ਪ੍ਰਦੀਪ ਗੁਪਤਾ ਹਾਲੇ ਜ਼ਿੰਦਾ ਸਨ। ਉਨ੍ਹਾਂ ਮੇਰੇ ਵੱਲ ਵੇਖਿਆ, ਦੱਬੇ ਮੂੰਹ ਵਿੱਚ ਕੁਝ ਬੋਲੇ ਅਤੇ ਮੇਰੇ ਸਾਹਮਣੇ ਦਮ ਤੋੜ ਦਿੱਤਾ।”

”ਮੈਂ ਉਨ੍ਹਾਂ ਦਾ ਸਿਰ ਚੁੱਕਣਾ ਚਾਹਿਆ ਪਰ ਮੇਰੇ ਹੱਥ ਵਿੱਚ ਸਿਰਫ ਮਾਸ ਦੇ ਲੋਥੜੇ ਅਤੇ ਖੂਨ ਆਇਆ। ਤੌਲੀਏ ਨਾਲ ਮੈਂ ਉਨ੍ਹਾਂ ਨੂੰ ਢੱਕ ਦਿੱਤਾ।”

ਮੂਪਨਾਰ ਤੋਂ ਕੁਝ ਹੀ ਦੂਰੀ ‘ਤੇ ਕਾਂਗਰਸ ਦੀ ਇੱਕ ਹੋਰ ਸਿਆਸੀ ਆਗੂ ਜਯੰਤੀ ਨਟਰਾਜਨ ਹੱਕੇ-ਬੱਕੇ ਖੜੇ ਸਨ।

ਇੱਕ ਇੰਟਰਵਿਊ ਵਿੱਚ ਉਨ੍ਹਾਂ ਦੱਸਿਆ, ”ਸਾਰੇ ਪੁਲਿਸ ਵਾਲੇ ਉੱਥੋਂ ਭੱਜ ਗਏ ਸਨ। ਮੈਂ ਲਾਸ਼ਾਂ ਨੂੰ ਵੇਖ ਰਹੀ ਸੀ, ਇਸ ਉਮੀਦ ਨਾਲ ਕਿ ਮੈਨੂੰ ਰਾਜੀਵ ਗਾਂਧੀ ਦੀ ਲਾਸ਼ ਨਾ ਨਜ਼ਰ ਆਏ।”

”ਪਹਿਲਾਂ ਮੇਰੀ ਨਜ਼ਰ ਪ੍ਰਦੀਪ ਗੁਪਤਾ ‘ਤੇ ਪਈ। ਉਨ੍ਹਾਂ ਦੇ ਗੋਡੇ ਕੋਲ ਜ਼ਮੀਨ ਵੱਲ ਨੂੰ ਇੱਕ ਸਿਰ ਪਿਆ ਹੋਇਆ ਸੀ। ਮੇਰੇ ਮੂੰਹ ‘ਚੋਂ ਓ ਮਾਈ ਗੌਡ ਨਿਕਲਿਆ। ਮੈਂ ਕਿਹਾ, ”ਦਿਸ ਲੁਕਸ ਲਾਈਕ ਰਾਜੀਵ।”

ਨੀਨਾ ਗੋਪਾਲ ਉੱਥੇ ਪਹੁੰਚੀ ਜਿੱਥੇ ਕੁਝ ਮਿੰਟ ਪਹਿਲਾਂ ਰਾਜੀਵ ਸਨ।

ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ

ਤਸਵੀਰ ਸਰੋਤ, Getty Images

ਨੀਨਾ ਨੇ ਦੱਸਿਆ, ”ਮੈਂ ਜਿੰਨਾਂ ਅੱਗੇ ਜਾ ਸਕਦੀ ਸੀ, ਉਨ੍ਹਾਂ ਗਈ। ਓਦੋਂ ਹੀ ਮੈਨੂੰ ਰਾਜੀਵ ਗਾਂਧੀ ਦੀ ਦੇਹ ਵਿਖਾਈ ਦਿੱਤੀ।”

”ਮੈਂ ਉਨ੍ਹਾਂ ਦੇ ਲੋਟੋ ਦੇ ਬੂਟ ਵੇਖੇ ਅਤੇ ਉਹ ਹੱਥ ਵੇਖਿਆ ਜਿਸ ‘ਤੇ ਗੂਚੀ ਦੀ ਘੜੀ ਬੰਨ੍ਹੀ ਹੋਈ ਸੀ।”

”ਕੁਝ ਸਮਾਂ ਪਹਿਲਾਂ ਮੈਂ ਕਾਰ ਦੀ ਪਿਛਲੀ ਸੀਟ ‘ਤੇ ਬੈਠ ਕੇ ਉਨ੍ਹਾਂ ਦਾ ਇੰਟਰਵਿਊ ਵੇਖ ਰਹੀ ਸੀ। ਰਾਜੀਵ ਅੱਗੇ ਵਾਲੀ ਸੀਟ ‘ਤੇ ਬੈਠੇ ਹੋਏ ਸਨ ਅਤੇ ਉਨ੍ਹਾਂ ਦੇ ਹੱਥ ਵਿੱਚ ਬੰਨ੍ਹੀ ਘੜੀ ਵਾਰ ਵਾਰ ਮੇਰੀਆਂ ਅੱਖਾਂ ਸਾਹਮਣੇ ਆ ਰਹੀ ਸੀ।”

ਦਸ ਵੱਜ ਕੇ ਪੱਚੀ ਮਿੰਟ ‘ਤੇ 10 ਜਨਪਥ ਵਿੱਚ

ਰਾਜੀਵ ਗਾਂਧੀ ਦੇ ਡਰਾਇਵਰ ਨੇ ਮੈਨੂੰ ਉਥੋਂ ਤੁਰੰਤ ਨਿਕਲਣ ਲਈ ਕਿਹਾ। ਜਦ ਮੈਂ ਕਿਹਾ ਕਿ ਮੈਂ ਇੱਥੇ ਹੀ ਰੁਕਾਂਗੀ, ਉਸਨੇ ਕਿਹਾ ਕਿ ਇੱਥੇ ਬਹੁਤ ਗੜਬੜ ਹੋਣ ਵਾਲੀ ਹੈ।

ਅਸੀਂ ਉਸ ਐਂਬੂਲੈਂਸ ਦੇ ਪਿੱਛੇ ਪਿੱਛੇ ਨਿਕਲੇ ਜਿਸ ਵਿੱਚ ਰਾਜੀਵ ਗਾਂਧੀ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਸੀ।

ਦਸ ਵਜ ਕੇ ਪੱਚੀ ਮਿੰਟ ‘ਤੇ ਦਿੱਲੀ ਵਿੱਚ ਰਾਜੀਵ ਦੇ ਘਰ 10, ਜਨਪਥ ਵਿੱਚ ਸੰਨਾਟਾ ਛਾਇਆ ਹੋਇਆ ਸੀ। ਰਾਜੀਵ ਦੇ ਨਿੱਜੀ ਸਕੱਤਰ ਵਿਨਸੈਂਟ ਜੌਰਜ ਨੂੰ ਉਨ੍ਹਾਂ ਦੇ ਘਰ ਇੱਕ ਫੋਨ ਆਇਆ।

ਫੋਨ ‘ਤੇ ਪਤਾ ਲੱਗਿਆ ਕਿ ਚੇਨਈ ਵਿੱਚ ਰਾਜੀਵ ਨਾਲ ਜੁੜੀ ਦੁਖਦ ਘਟਨਾ ਵਾਪਰੀ ਹੈ।

ਜੌਰਜ 10 ਜਨਪਥ ਵੱਲ ਭੱਜੇ। ਉਸ ਵੇਲੇ ਸੋਨੀਆ ਅਤੇ ਪ੍ਰਿਅੰਕਾ ਆਰਾਮ ਕਰ ਰਹੇ ਸਨ। ਉਨ੍ਹਾਂ ਕੋਲ ਵੀ ਇਹ ਪੁੱਛਣ ਲਈ ਫੋਨ ਆਇਆ ਕਿ ਸਭ ਠੀਕ ਤਾਂ ਹੈ।

ਰਾਜੀਵ ਗਾਂਧੀ ਦੀ ਮ੍ਰਿਤਕ ਦੇਹ

ਤਸਵੀਰ ਸਰੋਤ, VT FREEZE FRAME

ਸੋਨੀਆ ਨੇ ਇੰਟਰਕੌਮ ‘ਤੇ ਜੌਰਜ ਨੂੰ ਤਲਬ ਕੀਤਾ। ਜੌਰਜ ਉਸ ਵੇਲੇ ਚੇਨਈ ਵਿੱਚ ਪੀ. ਚਿਦੰਬਰਮ ਦੀ ਵਹੁਟੀ ਨਲਿਨੀ ਨਾਲ ਗੱਲ ਕਰ ਰਹੇ ਸਨ।

ਸੋਨੀਆ ਨੇ ਕਿਹਾ ਕਿ ਜਦ ਤਕ ਉਹ ਗੱਲ ਪੂਰੀ ਨਹੀਂ ਕਰ ਲੈਂਦੇ ਉਹ ਫੋਨ ‘ਤੇ ਹੀ ਰਹਿਣਗੇ।

ਨਲਿਨੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਰਾਜੀਵ ਨੂੰ ਨਿਸ਼ਾਨਾ ਬਣਾਉਂਦੇ ਹੋਏ ਇੱਕ ਧਮਾਕਾ ਹੋਇਆ ਹੈ ਪਰ ਜੌਰਜ ਸੋਨੀਆ ਨੂੰ ਇਹ ਖ਼ਬਰ ਦੇਣ ਦੀ ਹਿੰਮਤ ਨਹੀਂ ਕਰ ਸਕੇ।

ਦਸ ਵੱਜ ਕੇ ਪੰਜਾਹ ਮਿੰਟ ‘ਤੇ ਇੱਕ ਵਾਰ ਫੇਰ ਟੈਲੀਫੋਨ ਦੀ ਘੰਟੀ ਵੱਜੀ।

ਜਦ ਸੋਨੀਆ ਗਾਂਧੀ ਨੂੰ ਖਬਰ ਮਿਲੀ

ਸੋਨੀਆ ਦੀ ਜੀਵਨੀ ਵਿੱਚ ਰਸ਼ੀਦ ਕਿਦਵਈ ਨੇ ਲਿਖਿਆ ਹੈ, ”ਫੋਨ ਚੇਨਈ ਤੋਂ ਸੀ ਅਤੇ ਇਸ ਵਾਰ ਫੋਨ ਕਰਨ ਵਾਲਾ ਹਰ ਹਾਲ ਵਿੱਚ ਮੈਡਮ ਜਾਂ ਜੌਰਜ ਨਾਲ ਗੱਲ ਕਰਨਾ ਚਾਹੁੰਦਾ ਸੀ। ਉਸ ਨੇ ਕਿਹਾ ਕਿ ਉਹ ਖੁਫ਼ੀਆ ਡਿਪਾਰਟਮੈਂਟ ਤੋਂ ਹੈ।”

”ਹੈਰਾਨ ਪ੍ਰੇਸ਼ਾਨ ਜੌਰਜ ਨੇ ਪੁੱਛਿਆ ਕਿ ਰਾਜੀਵ ਗਾਂਧੀ ਕਿਵੇਂ ਹਨ। ਦੂਜੀ ਤਰਫ ਤੋਂ ਕੋਈ ਨਹੀਂ ਬੋਲਿਆ। ਜੌਰਜ ਨੇ ਭਰੀ ਹੋਈ ਆਵਾਜ਼ ਵਿੱਚ ਚੀਕਦੇ ਹੋਏ ਕਿਹਾ ਕਿ ਤੁਸੀਂ ਦੱਸਦੇ ਕਿਉਂ ਨਹੀਂ ਕਿ ਰਾਜੀਵ ਕਿਵੇਂ ਹਨ।”

”ਫੋਨ ਕਰਨ ਵਾਲੇ ਨੇ ਕਿਹਾ, ਸਰ ਉਹ ਹੁਣ ਇਸ ਦੁਨੀਆਂ ਵਿੱਚ ਨਹੀਂ ਹਨ ਅਤੇ ਉਸ ਤੋਂ ਬਾਅਦ ਫੋਨ ਕੱਟ ਗਿਆ।”

ਜੌਰਜ ਘਰ ਦੇ ਅੰਦਰ ਵੱਲ ਨੂੰ ਮੈਡਮ ਮੈਡਮ ਚੀਕਦੇ ਹੋਏ ਭੱਜੇ। ਸੋਨੀਆ ਆਪਣੇ ਨਾਈਟ ਗਾਊਨ ਵਿੱਚ ਤੁਰੰਤ ਬਾਹਰ ਆਈ। ਉਨ੍ਹਾਂ ਨੂੰ ਅਹਿਸਾਸ ਹੋ ਗਿਆ ਸੀ ਕਿ ਕੁਝ ਮਾੜਾ ਹੋਇਆ ਹੈ।

ਆਮ ਤੌਰ ‘ਤੇ ਸ਼ਾਂਤ ਰਹਿਣ ਵਾਲੇ ਜੌਰਜ ਨੇ ਇਸ ਤਰ੍ਹਾਂ ਦੀ ਹਰਕਤ ਤਾਂ ਪਹਿਲਾਂ ਕਦੇ ਨਹੀਂ ਕੀਤੀ ਸੀ। ਜੌਰਜ ਨੇ ਕੰਬਦੀ ਹੋਈ ਆਵਾਜ਼ ਵਿੱਚ ਕਿਹਾ, ‘ਮੈਡਮ ਚੇਨਈ ਵਿੱਚ ਇੱਕ ਬੰਬ ਹਮਲਾ ਹੋਇਆ ਹੈ।’

ਸੋਨੀਆ ਨੇ ਪੁੱਛਿਆ, “ਇਜ਼ ਹੀ ਅਲਾਈਵ?”

ਜੌਰਜ ਦੀ ਚੁੱਪੀ ਹੀ ਸਭ ਕੁਝ ਕਹਿ ਰਹੀ ਸੀ।

ਰਾਜੀਵ ਗਾਂਧੀ ਦੀ ਮ੍ਰਿਤਕ ਦੇਹ

ਤਸਵੀਰ ਸਰੋਤ, Getty Images

ਰਸ਼ੀਦ ਨੇ ਦੱਸਿਆ, ”ਇਸ ਤੋਂ ਬਾਅਦ ਸੋਨੀਆ ਨੂੰ ਬਦਹਵਾਸੀ ਦਾ ਦੌਰਾ ਪਿਆ ਅਤੇ 10 ਜਨਪਥ ਦੀਆਂ ਦੀਵਾਰਾਂ ਨੇ ਪਹਿਲੀ ਵਾਰ ਸੋਨੀਆ ਨੂੰ ਚੀਕਦੇ ਹੋਏ ਸੁਣਿਆ। ਉਹ ਬਹੁਤ ਜ਼ੋਰ ਨਾਲ ਰੋ ਰਹੀ ਸੀ। ਬਾਹਰ ਇਕੱਠੇ ਹੋ ਰਹੇ ਕਾਂਗਰਸ ਦੇ ਆਗੂਆਂ ਨੂੰ ਉਨ੍ਹਾਂ ਦੀਆਂ ਆਵਾਜ਼ਾਂ ਸਾਫ਼ ਸੁਣ ਰਹੀਆਂ ਸਨ।”

”ਉਸੇ ਵੇਲੇ ਸੋਨੀਆ ਨੂੰ ਅਸਥਮਾ ਦਾ ਜ਼ਬਰਦਸਤ ਅਟੈਕ ਪਿਆ ਅਤੇ ਉਹ ਬੇਹੋਸ਼ ਹੋ ਗਈ। ਪ੍ਰਿਅੰਕਾ ਉਨ੍ਹਾਂ ਦੀ ਦਵਾਈ ਲੱਭ ਰਹੀ ਸੀ ਪਰ ਉਨ੍ਹਾਂ ਨੂੰ ਨਹੀਂ ਮਿਲੀ।”

”ਪ੍ਰਿਅੰਕਾ ਨੇ ਸੋਨੀਆ ਨੂੰ ਦਿਲਾਸਾ ਵੀ ਦਿੱਤਾ ਪਰ ਉਸਦਾ ਕੋਈ ਅਸਰ ਨਹੀਂ ਹੋ ਰਿਹਾ ਸੀ।”

ਕਤਲ ਵਿੱਚ ਐਲਟੀਟੀਈ ਦਾ ਹੱਥ

ਕੇਸ ਦੀ ਜਾਂਚ ਲਈ ਸੀਆਰਪੀਐੱਫ ਦੇ ਆਈਜੀ ਡਾਕਟਰ ਡੀਆਰ ਕਾਰਤੀਕੇਅਨ ਅਧੀਨ ਇੱਕ ਵਿਸ਼ੇਸ਼ ਜਾਂਚ ਦਲ ਦਾ ਗਠਨ ਹੋਇਆ।

ਕੁਝ ਹੀ ਮਹੀਨਿਆਂ ਵਿੱਚ ਕਤਲ ਦੇ ਇਲਜ਼ਾਮ ਵਿੱਚ ਐੱਲਟੀਟੀਈ ਦੇ ਸੱਤ ਕਾਰਕੁਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਮੁੱਖ ਦੋਸ਼ੀ ਸ਼ਿਵਰਾਸਨ ਅਤੇ ਉਨ੍ਹਾਂ ਦੇ ਸਾਥੀਆਂ ਨੇ ਗ੍ਰਿਫ਼ਤਾਰੀ ਤੋਂ ਪਹਿਲਾਂ ਹੀ ਸਾਇਨਾਈਡ ਖਾ ਲਿਆ ਸੀ।

ਡਾਕਟਰ ਕਾਰਤੀਕੇਅਨ

ਡਾਕਟਰ ਕਾਰਤੀਕੇਅਨ ਨੇ ਬੀਬੀਸੀ ਨਾਲ ਗੱਲ ਕਰਦੇ ਹੋਏ ਕਿਹਾ, ”ਸਾਡੀ ਪਹਿਲੀ ਸਫਲਤਾ ਹਰੀ ਬਾਬੂ ਦੇ ਕੈਮਰਾ ‘ਚੋਂ ਉਨ੍ਹਾਂ ਦਸ ਤਸਵੀਰਾਂ ਦਾ ਮਿਲਣਾ ਸੀ। ਅਸੀਂ ਆਮ ਲੋਕਾਂ ਤੋਂ ਜਾਣਕਾਰੀ ਲਈ ਅਖਬਾਰਾਂ ਵਿੱਚ ਮਸ਼ਹੂਰੀ ਕੀਤੀ ਅਤੇ ਇੱਕ ਟੋਲ ਫ੍ਰੀ ਨੰਬਰ ਦਿੱਤਾ।”

”ਸਾਡੇ ਕੋਲ ਕੁੱਲ ਤਿੰਨ ਚਾਰ ਹਜ਼ਾਰ ਫੋਨ ਆਏ। ਹਰ ਇੱਕ ਧਿਆਨ ਨਾਲ ਸੁਣਿਆ ਗਿਆ। ਅਸੀਂ ਚਾਰੇ ਪਾਸੇ ਛਾਪੇ ਮਾਰਨੇ ਸ਼ੁਰੂ ਕੀਤੇ ਅਤੇ ਛੇਤੀ ਹੀ ਸਾਨੂੰ ਸਫਲਤਾ ਮਿਲਣ ਲੱਗੀ।”

ਕੁਝ ਦਿਨਾਂ ਬਾਅਦ ਸੋਨੀਆ ਗਾਂਧੀ ਨੇ ਨੀਨਾ ਗੋਪਾਲ ਨੂੰ ਮਿਲਣ ਦੀ ਇੱਛਾ ਜਤਾਈ।

ਜਦ ਨੀਨਾ ਗੋਪਾਲ ਨੂੰ ਮਿਲੀ ਸੋਨੀਆ ਗਾਂਧੀ

ਨੀਨਾ ਗੋਪਾਲ ਨੇ ਦੱਸਿਆ, ”ਭਾਰਤੀ ਮੂਲ ਦੇ ਲੋਕਾਂ ਨੇ ਦੁਬਈ ਵਿੱਚ ਮੈਨੂੰ ਫੋਨ ਕਰ ਕੇ ਦੱਸਿਆ ਕਿ ਸੋਨੀਆ ਮੈਨੂੰ ਮਿਲਣਾ ਚਾਹੁੰਦੀ ਹੈ।”

”ਜੂਨ ਦੇ ਪਹਿਲੇ ਹਫਤੇ ਵਿੱਚ ਮੈਂ ਉੱਥੇ ਗਈ। ਸਾਡੇ ਦੋਹਾਂ ਲਈ ਇਹ ਇੱਕ ਮੁਸ਼ਕਿਲ ਮੁਲਾਕਾਤ ਸੀ। ਉਹ ਵਾਰ ਵਾਰ ਇੱਕੋ ਗੱਲ ਪੁੱਛ ਰਹੇ ਸਨ ਕਿ ਆਖਰੀ ਪਲਾਂ ਵਿੱਚ ਰਾਜੀਵ ਦਾ ਮੂਡ ਕਿਹੋ ਜਿਹਾ ਸੀ, ਉਨ੍ਹਾਂ ਦੇ ਆਖਰੀ ਸ਼ਬਦ ਕੀ ਸਨ।”

ਨੀਨਾ ਨੇ ਕਿਹਾ, ”ਮੈਂ ਉਨ੍ਹਾਂ ਨੂੰ ਦੱਸਿਆ ਕਿ ਰਾਜੀਵ ਚੰਗੇ ਮੂਡ ਵਿੱਚ ਸਨ, ਚੋਣਾਂ ਵਿੱਚ ਜਿੱਤ ਨੂੰ ਲੈ ਕੇ ਉਤਸ਼ਾਹਿਤ ਸਨ।”

ਰਾਜੀਵ ਗਾਂਧੀ ਅਤੇ ਸੋਨੀਆ ਗਾਂਧੀ

ਇੰਦਰਾ ਗਾਂਧੀ ਦੇ ਮੁੱਖ ਸਕੱਤਰ ਰਹੇ ਪੀਸੀ ਐਲਗਜ਼ੈਂਡਰ ਨੇ ਆਪਣੀ ਕਿਤਾਬ ‘ਮਾਈ ਡੇਅਜ਼ ਵਿਦ ਇੰਦਰਾ ਗਾਂਧੀ’ ਵਿੱਚ ਲਿਖਿਆ ਹੈ ਕਿ ਇੰਦਰਾ ਗਾਂਧੀ ਦੇ ਕਤਲ ਦੇ ਕੁਝ ਘੰਟਿਆਂ ਬਾਅਦ ਉਨ੍ਹਾਂ ਨੇ ਆਲ ਇੰਡੀਆ ਇੰਸਟੀਚਿਊਟ ਦੇ ਗਲਿਆਰੇ ਵਿੱਚ ਸੋਨੀਆ ਅਤੇ ਰਾਜੀਵ ਨੂੰ ਲੜਦੇ ਹੋਏ ਵੇਖਿਆ ਸੀ।

ਰਾਜੀਵ, ਸੋਨੀਆ ਨੂੰ ਦੱਸ ਰਹੇ ਸੀ ਕਿ ਪਾਰਟੀ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਬਣਾਉਣਾ ਚਾਹੁੰਦੀ ਹੈ। ਸੋਨੀਆ ਨੇ ਸਾਫ਼ ਇਨਕਾਰ ਕਰਦੇ ਹੋਏ ਕਿਹਾ ਸੀ, ”ਉਹ ਤੁਹਾਨੂੰ ਵੀ ਮਾਰ ਦੇਣਗੇ।”

ਰਾਜੀਵ ਦਾ ਜਵਾਬ ਸੀ, “ਮੇਰੇ ਕੋਲ ਕੋਈ ਬਦਲ ਨਹੀਂ ਹੈ, ਮੈਂ ਓਦਾਂ ਵੀ ਮਾਰਿਆ ਜਾਵਾਂਗਾ।”

ਸੱਤ ਸਾਲਾਂ ਬਾਅਦ ਰਾਜੀਵ ਦੇ ਬੋਲੇ ਹੋਏ ਉਹ ਸ਼ਬਦ ਸਹੀ ਸਾਬਤ ਹੋਏ ਸਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI