Home rss national punjabi2ਰਾਸ਼ਟਰੀ ਖ਼ਬਰਾਂ ਰੋਜ਼ਾਨਾ 50 ਕਿੱਲੋ ਚਾਵਲ ਅਤੇ ਛੁੱਟੀ ਦੇ ਦਿਨ 10 ਕਿੱਲੋ ਚਿਕਨ: ਛੇ...

ਰੋਜ਼ਾਨਾ 50 ਕਿੱਲੋ ਚਾਵਲ ਅਤੇ ਛੁੱਟੀ ਦੇ ਦਿਨ 10 ਕਿੱਲੋ ਚਿਕਨ: ਛੇ ਪੀੜ੍ਹੀਆਂ ਵਾਲਾ 83 ਲੋਕਾਂ ਦਾ ਇੱਕ ਸਾਂਝਾ ਪਰਿਵਾਰ ਇਕੱਠਿਆਂ ਕਿਵੇਂ ਰਹਿੰਦਾ ਹੈ?

5
0

Source :- BBC PUNJABI

ਬੱਚਿਆਂ, ਔਰਤਾਂ, ਬਜ਼ੁਰਗਾਂ ਸਮੇਤ ਸਾਂਝੇ ਪਰਿਵਾਰ ਦੀ ਤਸਵੀਰ।

ਪ੍ਰਕਾਸ਼ਿਤ

ਪੜ੍ਹਨ ਦਾ ਸਮਾਂ: 11 ਮਿੰਟ

ਆਂਧਰਾ ਪ੍ਰਦੇਸ਼ ਦੇ ਅਨੰਤਪੁਰ ਜ਼ਿਲ੍ਹੇ ਵਿੱਚ ਛੇ ਪੀੜ੍ਹੀਆਂ ਦਾ ਇੱਕ ਵੱਡਾ ਸੰਯੁਕਤ ਪਰਿਵਾਰ ਰਹਿੰਦਾ ਹੈ। ਇਸ ਘਰ ਵਿੱਚ ਇੱਕ ਦਿਨ ਦੇ ਖਾਣੇ ਲਈ 50 ਕਿੱਲੋ ਚਾਵਲ ਦੀ ਬੋਰੀ ਦੀ ਲੋੜ ਹੁੰਦੀ ਹੈ।

ਐਤਵਾਰ ਨੂੰ ਮਾਸਾਹਾਰੀ ਖਾਣ ਲਈ ਇੱਕ ਮੇਮਣਾ ਚਾਹੀਦਾ ਹੁੰਦਾ ਹੈ। ਜੇ ਸ਼ਾਮ ਨੂੰ ਪਕੌੜੇ ਖਾਣੇ ਹੋਣ ਤਾਂ 15 ਕਿੱਲੋ ਬੇਸਨ ਚਾਹੀਦਾ ਹੁੰਦਾ ਹੈ ਕਿਉਂਕਿ ਉਸ ਪਰਿਵਾਰ ਵਿੱਚ ਪੂਰੇ 83 ਜੀਅ ਹਨ।

ਬੀਬੀਸੀ ਦੀ ਟੀਮ ਇਸ ਸਾਂਝੇ ਪਰਿਵਾਰ ਦੇ ਨਾਲ ਪੂਰਾ ਦਿਨ ਬਿਤਾਉਣ ਲਈ ਕੁਰਲਾਪੱਲੀ ਪਹੁੰਚੀ। ਉਨ੍ਹਾਂ ਤੋਂ ਜਾਣਿਆ ਕਿ ਇੰਨੇ ਸਾਰੇ ਜੀਅ ਇਕੱਠੇ ਕਿਵੇਂ ਰਹਿੰਦੇ ਹਨ ਅਤੇ ਉਹ ਇਕੱਠੇ ਕੀ ਕਰਦੇ ਹਨ ?

ਕੁਰਲਾਪੱਲੀ ਕਲਿਆਣ ਦੁਰਗ ਤੋਂ ਸੱਤ ਕਿੱਲੋਮੀਟਰ ਦੂਰ ਸਥਿਤ ਹੈ।

ਇਸ ਪਿੰਡ ਵਿੱਚ 400 ਘਰ ਅਤੇ 2,000 ਦੀ ਅਬਾਦੀ ਹੈ। ਪਿੰਡ ਵਿੱਚ ਦਾਖ਼ਲ ਹੁੰਦਿਆਂ ਹੀ ਸੱਜੇ ਪਾਸੇ ਮੁੜੋ ਅਤੇ ਤੁਹਾਨੂੰ ਸੜਕ ‘ਤੇ ਆਹਮੋ-ਸਾਹਮਣੇ ਦੋ ਵੱਡੇ ਘਰ ਦਿਸਣਗੇ। ਇੱਕ ਹੀ ਸਾਂਝਾ ਪਰਿਵਾਰ ਇਨ੍ਹਾਂ ਦੋਹਾਂ ਘਰਾਂ ਵਿੱਚ ਰਹਿੰਦਾ ਹੈ।

ਸੜਕ ਦੇ ਇੱਕ ਕਿਨਾਰੇ ਬਣੇ ਦੋ ਮੰਜ਼ਿਲਾ ਮਕਾਨ ਵਿੱਚ ਦਾਖਲ ਹੁੰਦਿਆਂ ਹੀ ਸਭ ਤੋਂ ਪਹਿਲਾਂ ਤੁਹਾਨੂੰ ਰਸੋਈ ਘਰ ਦਿਖਾਈ ਦੇਵੇਗਾ। ਉਸ ਦੇ ਪਿੱਛੇ ਬੈਲ-ਗੱਡੀਆਂ ਦਾ ਦੋ ਮੰਜ਼ਿਲਾ ਸ਼ੈਡ ਹੈ। ਉਸ ਮਕਾਨ ਦੇ ਠੀਕ ਸਾਹਮਣੇ ਇੱਕ ਹੋਰ ਤਿੰਨ ਮੰਜ਼ਿਲਾ ਮਕਾਨ ਹੈ ਅਤੇ ਉਸੇ ਸੜਕ ‘ਤੇ ਅੱਗੇ ਜਾਣ ‘ਤੇ ਇੱਕ ਹੋਰ ਮਕਾਨ ਹੈ ਜਿਸ ਨਾਲ ਇੱਕ ਵੱਡਾ ਖਾਲੀ ਪਲਾਟ ਹੈ।

ਉੱਥੇ ਟਰੈਕਟਰ ਅਤੇ ਬੱਸਾਂ ਖੜ੍ਹੀਆਂ ਹਨ। ਹੁਣ ਇਹ ਤਿੰਨ ਮਕਾਨ ਕਾਫ਼ੀ ਨਹੀਂ ਹਨ, ਇਸ ਲਈ ਪਰਿਵਾਰ ਚੌਥਾ ਮਕਾਨ ਵੀ ਬਣਵਾ ਰਿਹਾ ਹੈ।

ਇੰਨੇ ਵੱਡੇ ਪਰਿਵਾਰ ਦੀ ਮੁੱਖ ਰੋਜ਼ੀ ਰੋਟੀ ਖੇਤੀਬਾੜੀ ‘ਤੇ ਨਿਰਭਰ ਹੈ। ਘਰ ਦੇ ਸਾਰੇ ਮੈਂਬਰ ਮਿਲ ਕੇ ਫਸਲਾਂ ਬੀਜਦੇ ਹਨ, ਨਾਲ ਹੀ ਦੁਧਾਰੂ ਪਸ਼ੂ ਵੀ ਪਾਲਦੇ ਹਨ।

ਦੋਹਾਂ ਬਜ਼ੁਰਗਾਂ ‘ਤੇ ਨਿਰਭਰ ਕਰਦਾ ਹੈ ਫ਼ੈਸਲਾ

ਬੱਚਿਆਂ ਨੂੰ ਤਿਆਰ ਕਰ ਰਹੀਆਂ ਔਰਤਾਂ।

ਇਸ ਸਾਂਝੇ ਪਰਿਵਾਰ ਦੇ 83 ਜੀਅ ਹਨ ਅਤੇ ਇਸ ਦੇ ਮੁਖੀ ਹਨੁਮੰਥਾ ਰਾਇਡੂ ਅਤੇ ਮੁਤਿਆਲੱਪਾ ਹਨ।

ਦੁੱਧ ਚੋਣ ਤੋਂ ਲੈ ਕੇ ਖੇਤੀ ਅਤੇ ਵਪਾਰ ਤੱਕ ਹਰ ਚੀਜ਼ ਦਾ ਫ਼ੈਸਲਾ ਉਹੀ ਲੈਂਦੇ ਹਨ।

ਪਰਿਵਾਰ ਦੇ ਮੁਖੀ ਹਨੂਮੰਥਾ ਰਾਇਡੂ ਨੇ ਕਿਹਾ ਕਿ ਇੰਨੇ ਵੱਡੇ ਪਰਿਵਾਰ ਦੇ ਹਰ ਜੀਅ ਦੀ ਰੋਜ਼ੀ ਰੋਟੀ ਦਾ ਸਾਧਨ ਉਪਲਬਧ ਕਰਾਉਣਾ ਉਨ੍ਹਾਂ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਨੇ ਕਿਹਾ ਕਿ ਘਰ ਵਿੱਚ ਕੋਈ ਵੀ ਇੱਥੋਂ ਤੱਕ ਕਿ ਉਨ੍ਹਾਂ ਦੇ ਸਾਲੇ ਮੁਤਿਆਲੱਪਾ ਵੀ ਉਨ੍ਹਾਂ ਖ਼ਿਲਾਫ਼ ਨਹੀਂ ਬੋਲਦੇ ਅਤੇ ਉਨ੍ਹਾਂ ਦਾ ਸਨਮਾਨ ਕਰਦੇ ਹਨ।

ਉਹ ਦੱਸਦੇ ਹਨ, “ਮੇਰੇ ਪਿਤਾ ਅਤੇ ਦਾਦਾ ਜੀ ਦੇ ਦੇਹਾਂਤ ਦੇ ਬਾਅਦ ਤੋਂ ਪਰਿਵਾਰ ਦਾ ਬੋਝ ਮੇਰੇ ‘ਤੇ ਆ ਗਿਆ ਹੈ। ਉਦੋਂ ਤੋਂ ਮੈਂ ਇਕੱਲੇ ਹੀ ਇਸ ਪਰਿਵਾਰ ਦੀ ਦੇਖਭਾਲ ਕਰ ਰਿਹਾ ਹਾਂ। ਅਸੀਂ ਬੱਚਿਆਂ ਨੂੰ ਪੜ੍ਹਾਉਂਦੇ ਹਾਂ ਅਤੇ ਬਾਕੀਆਂ ਨੂੰ ਖੇਤੀਬਾੜੀ ਦਾ ਕੰਮ ਸੌਂਪ ਦਿੰਦੇ ਹਾਂ।”

“ਅਸੀਂ ਇੱਕ ਦੂਜੇ ਦਾ ਸਹਾਰਾ ਬਣ ਕੇ ਆਪਣਾ ਜੀਵਨ ਬਤੀਤ ਕਰਦੇ ਹਾਂ। ਹੁਣ ਤੱਕ ਸਾਡੇ ਵਿੱਚ ਕੋਈ ਸਮੱਸਿਆ ਜਾਂ ਮਤਭੇਦ ਨਹੀਂ ਹੋਇਆ ਹੈ। ਅਸੀਂ ਸਾਰਿਆਂ ਨੇ ਮਿਲ ਕੇ ਸਖਤ ਮਿਹਨਤ ਕੀਤੀ ਹੈ। ਉਹ ਮੇਰੀ ਹਰ ਗੱਲ ਮੰਨਦੇ ਹਨ। ਮੇਰੇ ਸਾਲੇ ਵੀ ਮੇਰੀ ਗੱਲ ਸੁਣਦੇ ਹਨ। ਮੇਰੇ ਅਤੇ ਮੇਰੇ ਸਾਲੇ ਦੇ ਇੰਨੇ ਸਾਰੇ ਪੁੱਤਰ ਹੋਣ ਦੇ ਬਾਵਜੂਦ ਕੋਈ ਕੁਝ ਨਹੀਂ ਕਹਿੰਦਾ।”

ਸਭ ਕੋਲ ਇੱਕ ਹੀ ਰਾਹ ਹੈ

ਗੱਲਾਂ ਕਰ ਰਹੇ ਕੁਝ ਆਦਮੀ।

ਮੁਤਿਆਲੱਪਾ ਨੇ ਕਿਹਾ ਕਿ ਉਹ ਆਪਣੇ ਦਾਦਾ-ਦਾਦੀ ਦੇ ਸਮੇਂ ਤੋਂ ਇਸੇ ਤਰਾਂ ਰਹੇ ਹਨ ਅਤੇ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਇਕੱਠੇ ਰਹਿਣ ਦੀ ਕੋਸ਼ਿਸ਼ ਕਰ ਰਹੇ ਹਨ।

ਉਨ੍ਹਾਂ ਨੇ ਅੱਗੇ ਕਿਹਾ, “ਸਾਡੇ ਚਾਰ ਜੀਜਾ ਹਨ। ਅਤੇ ਅਸੀਂ ਦੋਹੋ ਭਰਾ ਹਾਂ। ਅਸੀਂ ਆਪਣੇ ਦਾਦਿਆਂ ਦੇ ਜ਼ਮਾਨੇ ਤੋਂ ਇਸੇ ਤਰ੍ਹਾਂ ਇਕੱਠੇ ਰਹਿੰਦੇ ਆਏ ਹਾਂ। ਅਸੀਂ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਇਕੱਠੇ ਰਹਿਣ ਦੀ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਸਾਰੇ ਸਵੇਰੇ ਇਕੱਠੇ ਬੈਠਦੇ ਹਾਂ। ਅਤੇ ਹਰ ਕਿਸੇ ਨੂੰ ਉਸ ਦਾ ਕੰਮ ਸੌਂਪ ਦਿੰਦੇ ਹਾਂ।”

“ਅਸੀਂ ਘਰ ਦੇ ਸਾਰੇ ਕੰਮ, ਖਾਣ-ਪੀਣ, ਕੱਪੜਿਆਂ ਆਦਿ ਦਾ ਧਿਆਨ ਰੱਖਦੇ ਹਾਂ। ਅਸੀਂ ਕੁਝ ਬਾਹਰੀ ਲੋਕਾਂ ਨੂੰ ਵੀ ਕੰਮ ਲਈ ਬੁਲਾਉਂਦੇ ਹਾਂ। ਅਸੀਂ ਆਪਣੇ ਜੀਜਿਆਂ ਦੇ ਬੱਚਿਆਂ ਨੂੰ ਆਪਣੇ ਘਰ ਵਿਚ ਪਾਲਦੇ ਹਾਂ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਵੀ ਆਪਣੇ ਘਰ ਵਿੱਚ ਹੀ ਰੱਖਦੇ ਹਾਂ। ਇਹੀ ਸਾਡਾ ਤਰੀਕਾ ਹੈ।”

ਮੁਤਿਆਲੱਪਾ ਨੇ ਕਿਹਾ ਕਿ ਇਸੇ ਸਾਂਝੇ ਅਧਾਰ ਕਾਰਨ ਉਹ ਲੋਕ, ਜਿਨ੍ਹਾਂ ਨੇ ਕਦੇ ਗਰੀਬੀ ਦੇਖੀ, ਹੁਣ ਚੰਗਾ ਜੀਵਨ ਜਿਓਂ ਪਾ ਰਹੇ ਹਨ।

ਉਨ੍ਹਾਂ ਨੇ ਕਿਹਾ, “ਸ਼ੁਰੂਆਤ ਵਿੱਚ ਅਸੀਂ ਬਹੁਤ ਗਰੀਬੀ ਝੱਲੀ। ਸਾਡੇ ਕੋਲ ਉੱਤੇ ਲੈਣ ਲਈ ਕੰਬਲ ਵੀ ਨਹੀਂ ਸੀ, ਖਾਣਾ ਸਿਰਫ਼ ਇੱਕ ਵੇਲੇ ਮਿਲਦਾ ਸੀ। ਉਸ ਦੌਰ ਤੋਂ ਉੱਠ ਕੇ ਅੱਜ ਅਸੀਂ ਇਸ ਮੁਕਾਮ ‘ਤੇ ਪਹੁੰਚੇ ਹਾਂ। ਇਹ ਸਭ ਸਿਰਫ਼ ਇਸ ਲਈ ਸੰਭਵ ਹੋਇਆ ਕਿਉਂਕਿ ਅਸੀਂ ਸਾਰੇ ਇਕੱਠੇ ਸੀ। ਜੇ ਅਸੀਂ ਵੱਖਰੇ ਹੁੰਦੇ ਤਾਂ ਕਦੇ ਇਸ ਮੁਕਾਮ ਤੱਕ ਨਾ ਪਹੁੰਚ ਸਕਦੇ।”

“ਜਿਸ ਘਰ ਵਿੱਚ ਅਸੀਂ ਹੁਣ ਰਹਿ ਰਹੇ ਹਾਂ। ਉਸ ਨੂੰ ਬਣਾਉਣ ਵਿਚ ਵੀਹ ਕਰੋੜ ਰੁਪਏ ਲੱਗੇ। ਕੀ ਇਕੱਲੇ ਰਹਿ ਕੇ ਇਹ ਸੰਭਵ ਹੋ ਸਕਦਾ ?”

“ਮੇਰੇ ਪਿਤਾ ਦੇ ਕੋਲ 60 ਏਕੜ ਜ਼ਮੀਨ ਸੀ ਅਤੇ ਉਨ੍ਹਾਂ ਦੇ ਗੁਜ਼ਰ ਜਾਣ ਬਾਅਦ ਅਸੀਂ ਸਾਰਿਆਂ ਨੇ ਮਿਲ ਕੇ 75 ਏਕੜ ਜ਼ਮੀਨ ਖਰੀਦੀ। ਇਸ ਲਈ ਸਭ ਨੂੰ ਕਹਿੰਦੇ ਹਨ ਕਿ ਵੱਖ ਨਾ ਹੋਵੋ, ਜੇ ਅਸੀਂ ਇਸ ਤਰ੍ਹਾਂ ਇਕੱਠੇ ਰਹਾਂਗੇ ਤਾਂ ਸਭ ਠੀਕ ਹੋ ਜਾਏਗਾ।”

ਪਰਿਵਾਰ ਦੇ ਪ੍ਰਬੰਧਨ ਦੀ ਜ਼ਿੰਮੇਵਾਰੀ ਸੰਭਾਲਣ ਵਾਲੇ ਮਹੇਸ਼ ਦਾ ਕਹਿਣਾ ਹੈ ਕਿ ਪਰਿਵਾਰ ਦੇ ਦੋਹੇਂ ਮੁਖੀ ਸਵੇਰੇ ਚਾਰ ਪੀਂਦਿਆਂ ਤੈਅ ਕਰਦੇ ਹਨ ਕਿ ਕੌਣ ਕਿਹੜਾ ਕੰਮ ਕਰੇਗਾ।

ਉਨ੍ਹਾਂ ਨੇ ਕਿਹਾ, “ਮੇਰੇ ਪਿਤਾ ਦਾ ਨਾਮ ਹਨੂਮੰਥਾ ਰਾਇਡੂ ਹੈ। ਸਾਰੇ ਵੱਡੇ ਬਜ਼ੁਰਗ ਸਵੇਰੇ ਚਾਹ ਪੀਂਦੇ ਹਨ ਅਤੇ ਅੱਧਾ ਘੰਟਾ ਗੱਲਾਂ ਬਾਤਾਂ ਕਰਦੇ ਹਨ। ਫਿਰ ਅਸੀਂ ਤੈਅ ਕਰਦੇ ਹਾਂ ਕਿ ਕਿਸ ਨੂੰ ਕੀ ਕੰਮ ਸੌਂਪਣਾ ਹੈ।”

“ਮੇਰਾ ਕੰਮ ਗੱਡੀਆਂ ਦੀ ਦੇਖਭਾਲ ਕਰਨਾ ਅਤੇ ਘਰ ਵਿੱਚ ਲੋੜ ਦਾ ਸਮਾਨ ਲਿਆਉਣਾ ਹੈ। ਮੇਰਾ ਦੂਜਾ ਭਰਾ ਟਮਾਟਰ ਜਿਹੀਆਂ ਸਾਡੀਆਂ ਫਸਲਾਂ ਨੂੰ ਇੱਕ ਛੋਟੇ ਟਰੱਕ ਵਿੱਚ ਭਰ ਕੇ ਬਜ਼ਾਰ ਲੈ ਜਾਂਦਾ ਹੈ। ਇਸ ਤਰ੍ਹਾਂ ਅਸੀਂ ਖੇਤੀ, ਭੇਡਾਂ ਚਰਾਉਣਾ ਅਤੇ ਗਾਵਾਂ ਦੀ ਦੇਖ-ਭਾਲ ਕਰਨ ਜਿਹੇ ਆਪੋ-ਆਪਣੇ ਕੰਮ ਕਰਦੇ ਹਨ। ਹੁਣ ਤੱਕ ਬਿਨ੍ਹਾਂ ਕਿਸੇ ਪਰੇਸ਼ਾਨੀ ਦੇ ਆਪਣਾ ਜੀਵਨ ਬਤੀਤ ਕਰ ਰਹੇ ਹਨ।”

ਦੋ ਬਜ਼ੁਰਗ ਥੜ੍ਹੇ 'ਤੇ ਬੈਠਦੇ ਹਨ।

ਪਰਿਵਾਰ ਦੇ ਮੁਖੀ, ਹਨੂਮੰਥਾ ਰਾਇਡੂ, ਦਾਦਾ ਚਿੱਮਲਾ ਨਾਗੱਪਾ, ਇਸ ਪਰਿਵਾਰ ਦੀ ਪਹਿਲੀ ਪੀੜ੍ਹੀ ਦੇ ਮੁਖੀ ਸਨ। ਉਨ੍ਹਾਂ ਦੀਆਂ ਦੋ ਪਤਨੀਆਂ ਸੀ ਅਤੇ ਉਨ੍ਹਾਂ ਨੇ ਆਪਣੀ ਪਹਿਲੀ ਪਤਨੀ ਦੀ ਬੇਟੀ ਦਾ ਵਿਆਹ ਯੇਲੱਪਾ ਨਾਲ ਕਰ ਦਿੱਤਾ ਸੀ।

ਉਦੋਂ ਤੋਂ ਉਹ ਹਮੇਸ਼ਾ ਜਵਾਈ ਹੀ ਰਹੇ ਹਨ।

ਬਾਅਦ ਵਿੱਚ, ਦੂਜੀ ਪਤਨੀ ਦੇ ਦੋ ਬੇਟੇ ਅਤੇ ਦੋ ਬੇਟੀਆਂ ਹੋਈਆਂ। ਯੇਲੱਪਾ ਦੇ ਚਾਰ ਬੇਟੇ ਅਤੇ ਦੋ ਬੇਟੀਆਂ ਇਕੱਠੇ ਰਹਿੰਦੇ ਸੀ।

ਯੇਲੱਪਾ ਅਤੇ ਨਾਗੱਪਾ ਦੀ ਮੌਤ ਤੋਂ ਬਾਅਦ, ਉਨ੍ਹਾਂ ਦੇ ਉੱਤਰ ਅਧਿਕਾਰੀ ਹਨੂਮੰਥਾ ਰਾਇਡੂ ਅਤੇ ਮੁਤਿਆਲੱਪਾ ਹੁਣ ਘਰ ਦੇ ਵੱਡੇ ਹਨ ਅਤੇ ਫ਼ੈਸਲੇ ਲੈੰਦੇ ਹਨ।

ਮੁਤਿਆਲੱਪਾ ਦੇ ਕੋਲ ਡਾਕੀਏ ਦੇ ਰੂਪ ਵਿੱਚ ਕੰਮ ਕਰਨ ਤੋਂ ਇਲਾਵਾ ਕੋਈ ਹੋਰ ਨੌਕਰੀ ਨਹੀਂ ਹੈ।

ਸਵੇਰ ਦੇ ਰੋਜ਼ਾਨਾ ਕੰਮਾਂ ਤੋਂ ਬਾਅਦ ਪਰਿਵਾਰ ਦੇ ਕੁਝ ਮੈਂਬਰ ਖੇਤਾਂ ਵਿੱਚ ਕੰਮ ਕਰਨ ਚਲੇ ਜਾਂਦੇ ਹਨ। ਕੁਝ ਲੋਕ ਮਵੇਸ਼ੀਆਂ ਦੀ ਦੇਖਭਾਲ ਕਰਦੇ ਹਨ। ਕੁਝ ਲੋਕ ਦੁੱਧ ਕੱਢਦੇ ਹਨ ਜਦਕਿ ਹੋਰ ਭੇਡਾਂ ਦੀ ਦੇਖਭਾਲ ਕਰਦੇ ਹਨ, ਗੋਬਰ ਇਕੱਠਾ ਕਰਦੇ ਹਨ ਅਤੇ ਗਊਸ਼ਾਲਾ ਦੀ ਸਫਾਈ ਕਰਦੇ ਹਨ।

ਘਰ ਦੀਆਂ ਮਹਿਲਾਵਾਂ ਨੂੰ ਖਾਣਾ ਪਕਾਉਣ ਦਾ ਕੰਮ ਸੌਂਪਿਆ ਜਾਂਦਾ ਹੈ। ਸਾਰੇ ਬੱਚੇ ਸਵੇਰੇ ਸਕੂਲ ਲਈ ਨਿਕਲ ਜਾਂਦੇ ਹਨ।

ਹਨੂਮੰਥਾ ਰਾਇਡੂ ਨੇ ਕਿਹਾ ਕਿ ਉਹ ਆਪਸ ਵਿੱਚ ਕਿਸੇ ਵੀ ਤਰ੍ਹਾਂ ਦੇ ਵਿਵਾਦ ਤੋਂ ਬਚਣ ਲਈ ਘਰ ਵਿੱਚ ਹੀ ਮਿਲ ਕੇ ਵਿਆਹ ਵੀ ਕਰਵਾ ਰਹੇ ਹਨ।

ਹਨੂਮੰਥਾ ਰਾਇਡੂ ਨੇ ਕਿਹਾ, “ਮੈਂ ਆਪਣੇ ਬੇਟਿਆਂ ਅਤੇ ਆਪਣੇ ਸਾਲੇ ਦੇ ਬੇਟਿਆਂ ਦਾ ਵਿਆਹ ਇੱਕ ਹੀ ਦਿਨ ਨੌਂ ਧਾਰਮਿਕ ਥਾਂਵਾਂ ‘ਤੇ ਕਰਵਾਇਆ। ਮੈਂ ਸਹੁੰ ਖਾਧੀ ਸੀ ਕਿ ਆਪਣੇ ਬੇਟੇ ਮਹੇਸ਼ ਦਾ ਵਿਆਹ ਉੱਥੇ ਹੀ ਕਰਾਂਗਾ।”

“ਜੇ ਮੈਂ ਆਪਣੇ ਕਿਸੇ ਇੱਕ ਬੇਟੇ ਦਾ ਵਿਆਹ ਕਰਦਾ, ਤਾਂ ਝਗੜੇ ਹੁੰਦੇ, ਕਹਿੰਦੇ ਕਿ ਉਸ ਨੇ ਸਿਰਫ਼ ਆਪਣੇ ਬੇਟੇ ਦਾ ਵਿਆਹ ਕੀਤਾ ਹੈ, ਬਾਕੀ ਸਾਰਿਆਂ ਨੂੰ ਛੱਡ ਦਿੱਤਾ ਹੈ। ਇਸ ਲਈ ਅਸੀਂ ਪਰਿਵਾਰ ਦੇ ਸਾਰੇ 9 ਮੁੰਡਿਆਂ ਨੂੰ ਇੱਕੋ ਸਮੇਂ ਧਾਰਮਿਕ ਥਾਂ ਲੈ ਗਏ ਅਤੇ ਉਨ੍ਹਾਂ ਦਾ ਵਿਆਹ ਇੱਕੋ ਸਮੇਂ ਕਰਵਾਇਆ।”

ਰਵਾਇਤੀ ਤਰੀਕੇ ਨਾਲ ਬਣਦਾ ਹੈ ਖਾਣਾ

ਖੇਤਾਂ ਵਿੱਚ ਕੰਮ ਕਰਨ ਜਾਂਦੇ ਮਰਦ ਅਤੇ ਮਹਿਲਾਵਾਂ।

83 ਲੋਕਾਂ ਲਈ ਖਾਣਾ ਪਕਾਉਣ ਦਾ ਸਾਰਾ ਕੰਮ ਇਕ ਹੀ ਰਸੋਈ ਘਰ ਵਿੱਚ ਹੁੰਦਾ ਹੈ। ਅਤੇ ਉਹ ਵੀ ਲੱਕੜੀ ਦੇ ਚੁੱਲ੍ਹੇ ‘ਤੇ ਜੋ ਇਸ ਸਾਂਝੇ ਪਰਿਵਾਰ ਦੀ ਖਾਸੀਅਤ ਹੈ। ਇਸ ਘਰ ਵਿੱਚ ਛੇ ਪੀੜ੍ਹੀਆਂ ਤੋਂ ਖਾਣਾ ਪਕਾਉਣ ਲਈ ਰਵਾਇਤੀ ਤਰੀਕੇ ਅਪਣਾਏ ਜਾ ਰਹੇ ਹਨ।

ਮਹੇਸ਼ ਦੱਸਦੇ ਹਨ ਕਿ ਉਨ੍ਹਾਂ ਦੇ ਪਰਿਵਾਰ ਵਿੱਚ ਇਕ ਹੀ ਰਸੋਈ ਘਰ ਹੈ। ਇੱਕ ਹੀ ਥਾਂ ਤਿੰਨ ਘਰ ਹੋਣ ਦੇ ਬਾਵਜੂਦ ਉਹ ਜਿੱਥੇ ਵੀ ਥਾਂ ਮਿਲਦੀ ਹੈ ਉੱਥੇ ਹੀ ਸੌਂ ਜਾਂਦੇ ਹਨ। ਪਰ ਉਹ ਇੱਕ ਹੀ ਬਰਤਨ ਵਿੱਚ 83 ਲੋਕਾਂ ਲਈ ਖਾਣਾ ਬਣਾਉਂਦੇ ਹਨ।

ਮਹੇਸ਼ ਦੱਸਦੇ ਹਨ, “ਇੱਥੇ 83 ਲੋਕਾਂ ਲਈ ਸਿਰਫ਼ ਇੱਕ ਹੀ ਬਰਤਨ ਹੈ। ਅਸੀਂ ਅੱਜ ਵੀ ਲਕੜੀ ਦਾ ਚੁੱਲ੍ਹਾ ਵਰਤਦੇ ਹਾਂ। ਜੋ ਵੀ ਬਣਾਉਣਾ ਹੁੰਦਾ ਹੈ, ਬੇਲਨ ਨਾਲ ਹੀ ਬਣਾਉਂਦੇ ਹਾਂ। ਅਸੀਂ ਸਭ ਕੁਝ ਕੁਦਰਤੀ ਤਰੀਕੇ ਨਾਲ ਕਰਦੇ ਹਾਂ। ਅਸੀਂ ਅੱਜ ਤੱਕ ਗੈਸ ਜਾਂ ਚੱਕੀ ਦੀ ਵਰਤੋਂ ਨਹੀਂ ਕੀਤੀ ਹੈ।”

“ਅਸੀਂ ਅੱਜ ਵੀ ਪੁਰਾਣੇ ਤਰੀਕਿਆਂ ਦਾ ਪਾਲਣ ਕਰ ਰਹੇ ਹਾਂ। ਅਸੀਂ ਛੇ ਪੀੜ੍ਹੀਆਂ ਤੋਂ ਇਕੱਠੇ ਖਾਣਾ ਬਣਾ ਰਹੇ ਹਾਂ ਇਸ ਲਈ ਸਾਨੂੰ ਕੋਈ ਪਰੇਸ਼ਾਨੀ ਨਹੀਂ ਹੁੰਦੀ। ਸਾਰੇ ਲੋਕ ਇੱਕ ਹੀ ਤਰ੍ਹਾਂ ਦਾ ਖਾਣਾ ਖਾਂਦੇ ਹਨ। ਅੱਜ ਵੀ, ਭਾਵੇਂ ਕੁਝ ਵੀ ਹੋ ਜਾਵੇ ਅਸੀਂ ਸਭ ਲਈ ਇੱਕ ਹੀ ਤਰ੍ਹਾਂ ਦਾ ਖਾਣਾ ਬਣਾਉਂਦੇ ਹਾਂ।”

ਘਰ ਵਿੱਚ ਬੈਠੀਆਂ ਖਾਣਾ ਖਾ ਰਹੀਆਂ ਚਾਰ ਔਰਤਾਂ।

ਇਸ ਘਰ ਵਿੱਚ ਨਾਸ਼ਤੇ ਦੀ ਸ਼ੁਰੂਆਤ ਰਾਗੀ ਸੰਗਤ ਦੀਆ ਗੰਢਾਂ ਬਣਨ ਤੋਂ ਹੁੰਦੀ ਹੈ।

ਖੇਤਾਂ ਵਿੱਚ ਕੰਮ ਕਰਨ ਜਾਣ ਵਾਲੇ ਲੋਕ ਇਨ੍ਹਾਂ ਨੂੰ ਆਪਣੇ ਟਿਫਨ ਵਿੱਚ ਪੈਕ ਕਰਕੇ ਨਿਕਲ ਪੈਂਦੇ ਹਨ। ਘਰ ਦੀ ਇੱਕ ਮਹਿਲਾ ਅਨੁਰਾਧਾ ਦੱਸਦੀ ਹੈ ਕਿ ਇਹ ਬਣਾਉਣ ਲਈ ਦੋ ਮਹਿਲਾਵਾਂ ਇੱਕ ਵੱਡੇ ਪੱਧਰ ‘ਤੇ ਗੰਢਾਂ ਨੂੰ ਪੀਸਦੀਆਂ ਹਨ।

ਅਨੁਰਾਧਾ ਨੇ ਕਿਹਾ, “ਅਸੀਂ ਸਭ ਲਈ ਇੱਕੋ ਜਿਹਾ ਖਾਣਾ ਬਣਾਉਂਦੇ ਹਾਂ। ਅਸੀਂ ਇੱਕ ਹੀ ਤਰ੍ਹਾਂ ਦੀ ਕੜ੍ਹੀ, ਚਾਵਲ ਅਤੇ ਦਲੀਆ ਬਣਾਉਂਦੇ ਹਾਂ। ਹੁਣ ਸਾਡੇ ਘਰ ਵਿੱਚ ਸ਼ੂਗਰ ਦੇ ਮਰੀਜ਼ ਹਨ ਇਸ ਲਈ ਅਸੀਂ ਉਨ੍ਹਾਂ ਲਈ ਚਪਾਤੀ, ਦਲੀਆ ਅਤੇ ਰੋਟੀ ਬਣਾਉਂਦੇ ਹਾਂ।”

“ਜੇ ਅਸੀਂ ਹਫ਼ਤੇ ਵਿੱਚ ਇੱਕ ਵਾਰ ਸਭ ਲਈ ਪਕੌੜੇ, ਵੜਾ ਅਤੇ ਮਿਠਾਈ ਬਣਾਉਣੀ ਹੋਵੇ ਤਾਂ ਅਸੀਂ ਸਭ ਲਈ ਬਣਾਉਂਦੇ ਹਨ। ਅਸੀਂ ਥੋੜ੍ਹਾ ਥੋੜ੍ਹਾ ਕਰਕੇ ਬਣਾਉਂਦੇ ਹਾਂ। ਸਾਡੇ ਘਰ ਲਈ ਸਾਨੂੰ ਰੋਜ਼ ਪੰਜਾਹ ਕਿੱਲੋ ਚਾਵਲ ਮਿਲਦਾ ਹੈ।”

ਰਾਜੇਸ਼ਵਰੀ ਇੰਨੇ ਵੱਡੇ ਸੰਯੁਕਤ ਪਰਿਵਾਰ ਵਿੱਚ ਖਾਣਾ ਪਕਾਉਣ ਦਾ ਸਾਰਾ ਕੰਮ ਸੰਭਾਲਦੀ ਹੈ। ਦੋ ਹੋਰ ਲੋਕਾਂ ਦੇ ਨਾਲ ਖੇਤਾਂ ਵਿੱਚ ਕੰਮ ਕਰਨ ਜਾਣ ਵਾਲਿਆਂ ਲਈ ਗੱਡੀ ਭੇਜਣ ਦੇ ਨਾਲ ਨਾਲ ਉਹ ਦਿਨ ਵਿੱਚ ਤਿੰਨ ਵਾਰ ਖਾਣਾ ਬਣਾਉਣ ਅਤੇ ਸਾਰੇ ਬੱਚਿਆਂ ਦੀ ਦੇਖਭਾਲ ਵੀ ਕਰਦੀ ਹੈ।

ਰਾਜੇਸ਼ਵਰੀ ਕਹਿੰਦੀ ਹੈ, “ਅਸੀਂ ਇੱਕ ਦਿਨ ਵਿੱਚ ਇੱਕ ਪੈਕਟ ਤੇਲ ਇਸਤੇਮਾਲ ਕਰ ਲੈੰਦੇ ਹਾਂ। ਘਰ ਵਿੱਚ 80 ਲੋਕਾਂ ਤੋਂ ਇਲਾਵਾ ਵੀਹ-ਤੀਹ ਹੋਰ ਲੋਕ ਹਨ। ਉਨ੍ਹਾਂ ਲਈ ਵੀ ਖਾਣਾ ਬਣਾਉਣਾ ਪੈਂਦਾ ਹੈ। ਅਸੀਂ ਤਿੰਨ ਕਿੱਲੋ ਦਾਲ ਪਕਾਉਣੀ ਹੁੰਦੀ ਹੈ, ਚੰਨੀ ਬਣਾਉਣੀ ਹੁੰਦੀ ਹੈ।”

“ਚਟਨੀ ਨੂੰ ਅਸੀਂ ਉੱਖਲ਼ੀ ਵਿੱਚ ਪੀਸਦੇ ਹਾਂ। ਫਿਰ ਉਸ ਨੂੰ ਲੱਕੜੀ ਦੇ ਚੁੱਲ੍ਹੇ ‘ਤੇ ਪਕਾਉਂਦੇ ਹਾਂ। ਸਵੇਰੇ ਦਲੀਆ ਅਤੇ ਦੁਪਹਿਰ ਵੇਲੇ ਚਾਵਲ ਬਣਾਉਂਦੇ ਹਾਂ। ਜੇ ਟਿਫ਼ਨ ਬਣਾਉਣਾ ਹੋਵੇ ਤਾਂ ਰਾਤ ਵੇਲੇ ਬਣਾਉਂਦੇ ਹਾਂ। ਚਪਾਤੀ ਅਤੇ ਪਕੌੜਿਆਂ ਲਈ 15 ਕਿੱਲੋ ਮੈਦਾ ਚਾਹੀਦਾ ਹੁੰਦਾ ਹੈ।”

ਐਤਵਾਰ ਨੂੰ ਇੱਕ ਭੇਡ ਅਤੇ 10 ਕਿੱਲੋ ਚਿਕਨ

ਘਰ ਵਿੱਚ ਖਾਣਾ ਬਣਾ ਰਹੀਆਂ ਔਰਤਾਂ।

ਮਹੇਸ਼ ਦੱਸਦੇ ਹਨ, “ਅਸੀਂ ਸਵੇਰੇ ਰਾਗੀ ਮੁੱਡਾ ਜ਼ਰੂਰ ਬਣਾਉਂਦੇ ਹਾਂ। ਦੁਪਹਿਰ ਵਿੱਚ ਚਾਵਲ ਅਤੇ ਕੜੀ ਬਣਾਉਂਦੇ ਹਾਂ। ਜੇ ਕੁਝ ਖਾਸ ਖਾਣਾ ਹੁੰਦਾ ਹੈ ਤਾਂ ਰਾਤ ਵੇਲੇ ਬਣਾਉਂਦੇ ਹਾਂ।”

“ਸਵੇਰੇ ਅਸੀਂ ਸਾਰੇ ਆਪੋ-ਆਪਣੇ ਕੰਮਾਂ ‘ਤੇ ਨਿਕਲ ਜਾਂਦੇ ਹਾਂ। ਕਿਉਂਕਿ ਅਸੀਂ ਸਾਰੇ ਰਾਤ ਨੂੰ ਇੱਕ ਥਾਂ ਪਹੁੰਚਦੇ ਹਾਂ, ਇਸ ਲਈ ਖਾਣਾ ਰਾਤ ਵੇਲੇ ਹੀ ਬਣਾਉਂਦੇ ਹਾਂ ਭਾਵੇਂ ਉਹ ਖਾਸ ਹੋਵੇ, ਮਾਸਾਹਾਰੀ ਹੋਵੇ ਜਾਂ ਟਿਫ਼ਨ। ਅਸੀਂ ਜੋ ਵੀ ਖਾਂਦੇ ਹਾਂ ਸਭ ਲਈ ਇੱਕ ਹੀ ਤਰ੍ਹਾਂ ਦਾ ਖਾਣਾ ਬਣਾਉਂਦੇ ਹਾਂ।”

ਰਾਜੇਸ਼ਵਰੀ ਨੇ ਕਿਹਾ ਕਿ ਜਦੋਂ ਤਿਉਹਾਰ ਅਤੇ ਮੇਲੇ ਆਉਂਦੇ ਹਨ ਤਾਂ ਉਨ੍ਹਾਂ ਨੇ ਦੋ ਭੇਡਾਂ ਅਤੇ ਵੀਹ ਕਿੱਲੋ ਚਿਕਨ ਲਿਆਉਣਾ ਪੈਂਦਾ ਹੈ।

“ਤਿਉਹਾਰ ਆਉਣ ‘ਤੇ ਸਾਨੂੰ ਦੋ ਭੇਡਾਂ ਅਤੇ ਵੀਹ ਕਿੱਲੋ ਚਿਕਨ ਪਕਾਉਣਾ ਪੈਂਦਾ ਹੈ। ਜੇ ਐਤਵਾਰ ਨੂੰ ਬਣਾਉਣਾ ਹੋਵੇ ਤਾਂ ਇੱਕ ਭੇਡ ਅਤੇ 10 ਕਿੱਲੋ ਮੁਰਗ਼ਾ ਪਕਾਉਣਾ ਪੈਂਦਾ ਹੈ।”

ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੀ ਸਿੱਖਿਆ

ਇਸ ਸਾਂਝੇ ਪਰਿਵਾਰ ਵਿੱਚ ਸਾਰੇ ਲੋਕ ਘਰ ਵਿੱਚ ਕੰਨੜ ਬੋਲਦੇ ਹਨ। ਇੰਨੇ ਵੱਡੇ ਪਰਿਵਾਰ ਵਿੱਚ ਕੋਈ ਵੀ ਸਰਕਾਰੀ ਜਾਂ ਨਿਜੀ ਨੌਕਰੀ ਨਹੀਂ ਕਰਦਾ।

ਉਨ੍ਹਾਂ ਕੋਲ ਸੰਯੁਕਤ ਜਾਇਦਾਦ ਦੇ ਰੂਪ ਵਿੱਚ ਚਾਰ ਟਰੈਵਲ ਬੱਸਾਂ ਵੀ ਹਨ। ਮਹੇਸ਼ ਨੇ ਦੱਸਿਆ ਕਿ ਇੰਟਰਮੀਡਿਏਟ ਅਤੇ ਡਿਗਰੀ ਦੀ ਪੜ੍ਹਾਈ ਪੂਰੀ ਕਰਨ ਦੇ ਬਾਵਜੂਦ ਪਰਿਵਾਰ ਦੇ ਵੱਡੇ ਮੈਂਬਰਾਂ ਲਈ ਇੰਨੇ ਵੱਡੇ ਪਰਿਵਾਰ ਦੀ ਦੇਖਭਾਲ ਕਰਨਾ ਮੁਸ਼ਕਿਲ ਹੈ ਇਸ ਲਈ ਉਨ੍ਹਾਂ ਨੇ ਆਪਣੀ ਪੜ੍ਹਾਈ ਛੱਡ ਕੇ ਘਰ ਦੇ ਕੰਮ ਕਾਜ ਸੰਭਾਲੇ ਹਨ।

ਉਨ੍ਹਾਂ ਨੇ ਅੱਗੇ ਕਿਹਾ, “ਸਾਡੇ ਪਰਿਵਾਰ ਵਿੱਚ ਕਿਸੇ ਨੇ ਕਦੇ ਕੰਮ ਨਹੀਂ ਕੀਤਾ। ਅਸੀਂ ਉੱਚ ਸਿੱਖਿਆ ਪ੍ਰਾਪਤ ਨਹੀਂ ਕੀਤੀ। ਅਸੀਂ ਇੰਟਰਮੀਡੀਏਟ ਅਤੇ ਡਿਗਰੀ ਤੱਕ ਪੜ੍ਹਾਈ ਕੀਤੀ। ਅਸੀਂ ਤੈਅ ਕੀਤਾ ਸੀ ਕਿ ਅਸੀਂ ਖੇਤੀ ਕਰਕੇ ਆਪਣਾ ਜੀਵਨ ਬਤੀਤ ਕਰਾਂਗੇ ਅਤੇ ਹੁਣ ਅਸੀਂ ਸਾਰੇ ਪੜ੍ਹਾਈ ਛੱਡ ਕੇ ਖੇਤੀ ਅਤੇ ਘਰ ਦੇ ਕੰਮਾਂ ਵਿੱਚ ਲੱਗੇ ਹੋਏ ਹਾਂ।”

“ਕਿਉਂਕਿ ਸਾਡੇ ਵੱਡੇ ਵੀ ਬਜ਼ੁਰਗ ਹੋ ਰਹੇ ਹਨ ਅਤੇ ਉਨ੍ਹਾਂ ਦੀ ਦੇਖਭਾਲ ਕਰਨਾ ਮੁਸ਼ਕਿਲ ਹੋ ਰਿਹਾ ਹੈ, ਇਸ ਲਈ ਅਸੀਂ ਆਪਣੀ ਪੜ੍ਹਾਈ ਛੱਡ ਕੇ ਇੱਥੇ ਉਨ੍ਹਾਂ ਦੀ ਦੇਖਭਾਲ ਕਰ ਰਹੇ ਹਾਂ।”

ਉਨ੍ਹਾਂ ਨੇ ਕਿਹਾ ਕਿ ਉਹ ਆਪਣੇ ਪਰਿਵਾਰ ਦੇ ਸਾਰੇ ਬੱਚਿਆਂ ਨੂੰ ਸਿੱਖਿਆਂ ਕਰ ਰਹੇ ਹਨ ਅਤੇ ਉਹ ਉਨ੍ਹਾਂ ਸਾਰਿਆਂ ਨੂੰ ਸਰਕਾਰੀ ਕਾਲਜਾਂ ਅਤੇ ਸਕੂਲਾਂ ਵਿਚ ਪੜ੍ਹਾ ਰਹੇ ਹਨ।

ਮਹੇਸ਼ ਨੇ ਕਿਹਾ, “ਅਸੀਂ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦੇ ਰਹੇ ਹਾਂ। ਅਸੀਂ ਉਨ੍ਹਾਂ ਦੀ ਦੇਖਭਾਲ ਲਈ ਮੌਜੂਦ ਹਾਂ ਇਸ ਲਈ ਅਸੀਂ ਚਾਹੁੰਦੇ ਹਾਂ ਕਿ ਉਹ ਅੱਗੇ ਵਧਣ। 32 ਬੱਚੇ ਪੜ੍ਹ ਰਹੇ ਹਨ। ਉਨ੍ਹਾਂ ਵਿੱਚੋਂ ਚੇ ਇੰਟਰਮੀਡੀਏਟ ਵਿੱਚ ਹਨ। ਕੁਝ ਡਿਗਰੀ ਹਾਸਲ ਕਰ ਰਹੇ ਹਨ।”

“ਅਸੀਂ ਸਰਕਾਰੀ ਕਾਲਜਾਂ ਅਤੇ ਸਕੂਲਾਂ ਵਿੱਚ ਪਹਿਲੀ ਸ਼੍ਰੇਣੀ ਤੋਂ ਲੈ ਕੇ ਡਿਗਰੀ ਤੱਕ ਸਭ ਨੂੰ ਸਿੱਖਿਆ ਦੇ ਰਹੇ ਹਾਂ। ਅਸੀਂ ਸਿਰਫ ਇੱਕ ਦੋ ਕਰਕੇ ਨਹੀਂ, ਬਲਕਿ ਸਾਰਿਆਂ ਨਾਲ ਇੱਕੋ ਜਿਹਾ ਵਿਹਾਰ ਕਰ ਰਹੇ ਹਾਂ। ਅੱਠ ਛੋਟੇ ਬੱਚੇ ਆਂਗਣਵਾੜੀ ਜਾਂਦੇ ਹਨ। ਬਾਕੀ ਸਾਰੇ ਪਹਿਲੀ ਸ਼੍ਰੇਣੀ ਤੋਂ ਲੈ ਕੇ ਡਿਗਰੀ ਤੱਕ ਦੀ ਪੜ੍ਹਾਈ ਕਰ ਰਹੇ ਹਨ।”

“ਆਪਣੀ ਲੋੜ ਮੁਤਾਬਕ ਹੀ ਉਤਪਾਦਨ ਕਰਦੇ ਹਾਂ”

ਖੇਤ ਵਿੱਚ ਟਮਾਟਰ ਦੀ ਟੋਕਰੀ ਲਿਜਾਂਦਾ ਹੋਇਆ ਆਦਮੀ।

ਕਦੇ ਕੋਈ ਝਗੜਾ ਨਹੀਂ ਹੁੰਦਾ

ਪਿੰਡ ਵਿੱਚ ਘਰਾਂ ਦੀ ਤਸਵੀਰ

ਇਸ ਜੁਆਇੰਟ ਫੈਮਿਲੀ ਵਿੱਚ ਛੇ ਸੱਸਾਂ ਅਤੇ 14 ਬਹੂਆਂ ਹਨ। ਮਹੇਸ਼ ਕਹਿੰਦੇ ਹਨ ਕਿ ਉਨ੍ਹਾਂ ਨੇ ਆਪਣੇ ਘਰ ਦੀਆਂ ਔਰਤਾਂ ਵਿਚਕਾਰ ਕਦੇ ਕੋਈ ਝਗੜਾ ਨਹੀਂ ਦੇਖਿਆ।

ਪਰਿਵਾਰ ਦੀ ਸਭ ਤੋਂ ਵੱਡੀ ਮਹਿਲਾ ਅਨੁਰਾਧਾ ਕਹਿੰਦੀ ਹੈ, “ਅਸੀਂ ਛੇ ਸੱਸਾਂ ਅਤੇ 14 ਬਹੂਆਂ ਬਹੁਤ ਚੰਗੀ ਤਰ੍ਹਾਂ ਰਹਿੰਦੀਆਂ ਹਾਂ। ਕੁਝ ਆਪਣਾ ਕੰਮ ਗਾਰਡਨ ਵਿੱਚ ਕਰਦੀਆਂ ਹਨ, ਕੁਝ ਘਰੇ ਕੰਮ ਕਰਦੀਆਂ ਹਨ। ਕੋਈ ਕਿਸੇ ਲਈ ਮੁਸ਼ਕਿਲ ਖੜ੍ਹੀ ਨਹੀਂ ਕਰਦਾ।”

“ਜੇ ਕੁਝ ਵੀ ਹੁੰਦਾ ਹੈ, ਤਾਂ ਅਸੀਂ ਉਸ ਨੂੰ ਤੁਰੰਤ ਸੰਭਾਲ ਲੈੰਦੇ ਹਾਂ। ਕੁਝ ਬਹੁਤ ਬੋਲਦੀਆਂ ਹਨ, ਪਰ ਕੁਝ ਹੋਰ ਨਹੀਂ ਕਰਦੀਆਂ। ਜੇ ਆਪਸ ਵਿੱਚ ਕੋਈ ਝਗੜਾ ਜਾਂ ਬਹਿਸ ਵੀ ਹੋ ਜਾਵੇ ਤਾਂ ਉਹ ਫਿਰ ਆਮ ਤਰੀਕੇ ਨਾਲ ਘੁਲ ਮਿਲ ਜਾਂਦੀਆਂ ਹਨ।”

ਰਾਜੇਸ਼ਵਰੀ ਨੇ ਕਿਹਾ ਕਿ ਭਾਵੇਂ ਹੀ ਅਸੀਂ ਥੋੜ੍ਹੀ ਦੇਰ ਲਈ ਆਪਸ ਵਿਚ ਲੜਦੇ ਸੀ, ਪਰ ਸ਼ਾਮ ਨੂੰ ਅਸੀਂ ਸਾਰੇ ਮਿਲ ਕੇ ਖੂਬ ਮਸਤੀ ਕਰਦੇ ਸੀ।

ਉਨ੍ਹਾਂ ਦਾ ਕਹਿਣਾ ਹੈ ਕਿ ਮਹਿਲਾਵਾਂ ਇਸ ਘਰ ਨੂੰ ਛੱਡ ਕੇ ਦੂਜੇ ਪਿੰਡਾਂ ਵਿੱਚ ਬਹੂਆਂ ਬਣ ਕੇ ਗਈਆਂ ਹਨ, ਉਨ੍ਹਾਂ ਨੂੰ ਆਪਣੇ ਸਹੁਰਿਆਂ ਵੱਲੋਂ ਪਰਿਵਾਰ ਦੀ ਤਾਰੀਫ਼ ਸੁਣ ਕੇ ਮਾਣ ਮਹਿਸੂਸ ਹੁੰਦਾ ਹੈ।

ਰਾਜੇਸ਼ਵਰੀ ਕਹਿੰਦੀ ਹੈ, “ਮੈਂ ਇਸ ਘਰ ਦੀ ਪੰਜਵੀਂ ਪੀੜੀ ਹਾਂ। ਮੈਂ ਇਸ ਘਰ ਦੀ ਸਭ ਤੋਂ ਵੱਡੀ ਪੋਤੀ ਹਾਂ ਅਤੇ ਮੇਰੇ ਦਾਦਾ ਜੀ ਨੇ ਮੈਨੂੰ ਬਚਪਨ ਤੋਂ ਇਹੀ ਪੜ੍ਹਾਇਆ ਲਿਖਾਇਆ ਹੈ। ਮੇਰੇ ਚਾਚਾ ਅਤੇ ਚਾਚੀ ਵੀ ਸੰਯੁਕਤ ਪਰਿਵਾਰ ਵਿੱਚ ਰਹਿ ਕੇ ਬਹੁਤ ਖੁਸ਼ ਹਨ। ਅੱਜ ਕੱਲ੍ਹ ਤਾਂ ਜੇ ਇੱਕ ਜਾਂ ਦੋ ਭਰਾ ਹੀ ਰਹਿ ਜਾਂਦੇ ਹਨ ਤਾਂ ਉਹ ਜਾਇਦਾਦ ਲਈ ਵੱਖ ਹੋ ਜਾਂਦੇ ਹਨ। ਪਰ ਸਾਡੇ ਪਿੰਡ ਵਿੱਚ ਲੋਕ ਇਸ ਗੱਲ ‘ਤੇ ਮਾਣ ਕਰਦੇ ਹਨ ਕਿ 83 ਲੋਕ ਅੱਜ ਵੀ ਇਕੱਠੇ ਹਨ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI