Source :- BBC PUNJABI
ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਦੀ ਬੀਤੀ ਰਾਤ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ।
ਗੋਗੀ ਲੁਧਿਆਣਾ ਪੱਛਮੀ ਤੋਂ ਵਿਧਾਇਕ ਸਨ। ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਗੋਗੀ ਨੂੰ ਗੋਲੀ ਲੱਗਣ ਤੋਂ ਬਾਅਦ ਡੀਐੱਮਸੀ ਹਸਪਤਾਲ, ਲੁਧਿਆਣਾ ਲੈ ਜਾਇਆ ਗਿਆ ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨਿਆ ਗਿਆ।
ਮੌਤ ਦੇ ਕਾਰਨਾਂ ਬਾਰੇ ਪੁੱਛੇ ਜਾਣ ਉੱਤੇ ਲੁਧਿਆਣ ਦੇ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਕਿਹਾ,”ਹਾਲ ਦੀ ਘੜੀ, ਅਸੀਂ ਇਸ ਮਾਮਲੇ ਬਾਰੇ ਕੁਝ ਜ਼ਿਆਦਾ ਨਹੀਂ ਕਹਿ ਸਕਦੇ। ਮੌਤ ਦੇ ਕਾਰਨਾਂ ਬਾਰੇ ਪੋਸਟ ਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਕੁਝ ਦੱਸਿਆ ਜਾ ਸਕਦਾ ਹੈ।”
ਜਾਣਕਾਰੀ ਮੁਤਾਬਕ ਸ਼ੁੱਕਰਵਾਰ ਦਾ ਦਿਨ ਗੁਰਪ੍ਰੀਤ ਗੋਗੀ ਲਈ ਰੁਝੇਵਿਆਂ ਭਰਿਆ ਰਿਹਾ ਸੀ।
ਉਨ੍ਹਾਂ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨਾਲ ਇੱਕ ਸਮਾਗਮ ਵਿੱਚ ਸ਼ਿਰਕਤ ਕੀਤੀ ਅਤੇ ਬੁੱਢੇ ਨਾਲੇ ਦੇ ਮਸਲੇ ਦੇ ਹੱਲ ਲਈ ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਨਾਲ ਵੀ ਮੁਲਾਕਾਤ ਕੀਤੀ ਸੀ।
ਗੋਗੀ ਦੀ ਮੌਤ ਉੱਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਣੇ ਕਈ ਸੀਨੀਅਰ ਆਗੂਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਪੁਲਿਸ ਨੇ ਕੀ ਦੱਸਿਆ
ਡੀਸੀਪੀ ਲੁਧਿਆਣਾ ਜਸਕਰਨ ਸਿੰਘ ਤੇਜਾ ਨੇ ਦੱਸਿਆ ਕਿ ਇਹ ਘਟਨਾ ਦੇਰ ਰਾਤ ਦੀ ਹੈ ਅਤੇ ਉਨ੍ਹਾਂ ਨੂੰ ਗੋਲੀ ਲੱਗਣ ਤੋਂ ਫ਼ੌਰਨ ਬਾਅਦ ਲੁਧਿਆਣਾ ਦੇ ਡੀਐੱਮਸੀ ਹਸਪਤਾਲ ਲੈ ਜਾਇਆ ਗਿਆ। ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨਿਆ ਗਿਆ।
ਉਨ੍ਹਾਂ ਦੱਸਿਆ ਕਿ ਗੋਗੀ ਦੀ ਮ੍ਰਿਤਕ ਦੇਹ ਨੂੰ ਡੀਐੱਮਸੀ ਹਸਪਤਾਲ ਦੇ ਮੁਰਦਾਘਰ ਵਿੱਚ ਰੱਖਿਆ ਗਿਆ ਹੈ ਅਤੇ ਪੋਸਟ-ਮਾਰਟਮ ਕਰਵਾਇਆ ਜਾਵੇਗਾ।
ਜਸਕਰਨ ਸਿੰਘ ਤੇਜਾ ਨੇ ਕਿਹਾ, “ਪਰਿਵਾਰਕ ਮੈਂਬਰਾਂ ਮੁਤਾਬਕ ਉਨ੍ਹਾਂ ਨੇ ਗ਼ਲਤੀ ਨਾਲ ਆਪ-ਆਪ ਨੂੰ ਗੋਲੀ ਮਾਰ ਲਈ। ਗੋਲੀ ਗੋਗੀ ਦੀ ਕੰਨਪੱਟੀ ਉੱਤੇ ਲੱਗੀ ਹੈ।”
ਉਨ੍ਹਾਂ ਕਿਹਾ ਕਿ ਮੌਤ ਦੇ ਅਸਲ ਕਰਨਾ ਬਾਰੇ ਪੋਸਟ ਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਸਪੱਸ਼ਟ ਤੌਰ ‘ਤੇ ਦੱਸਿਆ ਜਾ ਸਕੇਗਾ।
ਫ਼ਿਲਹਾਲ ਪੁਲਿਸ ਦੀ ਟੀਮ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਕੌਣ ਸੀ ਗੁਰਪ੍ਰੀਤ ਗੋਗੀ
ਗੁਰਪ੍ਰੀਤ ਗੋਗੀ ਸਾਲ 1996 ਤੋਂ 2022 ਤੱਕ ਕਾਂਗਰਸ ਪਾਰਟੀ ਨਾਲ ਜੁੜੇ ਰਹੇ। ਉਹ 4 ਵਾਰ ਮਿਊਂਸੀਪਲ ਕਾਰਪੋਰੇਸ਼ਨ ਲੁਧਿਆਣਾ ਦੇ ਮੈਂਬਰ ਚੁਣੇ ਗਏ ਸਨ। ਗੋਗੀ ਜਨਵਰੀ 2022 ਵਿੱਚ ਆਮ ਆਦਮੀ ਪਾਰਟੀ ‘ਚ ਸ਼ਾਮਿਲ ਹੋ ਗਏ ਸਨ ਅਤੇ ਪਾਰਟੀ ਦੀ ਟਿਕਟ ਤੋਂ ਚੋਣ ਲੜ ਕੇ ਵਿਧਾਇਕ ਬਣੇ ਸਨ।
ਉਹ ਲੁਧਿਆਣਾ (ਪੱਛਮੀ) ਸੀਟ ਤੋਂ ਵਿਧਾਨ ਸਭਾ ਚੋਣ ਜਿੱਤੇ ਸਨ।
ਉਨ੍ਹਾਂ ਨੇ ਦੋ ਵਾਰ ਵਿਧਾਇਕ ਰਹੇ ਭਾਰਤ ਭੂਸ਼ਣ ਆਸ਼ੂ ਨੂੰ ਹਰਾਇਆ ਸੀ।
ਉਨ੍ਹਾਂ ਦੀ ਪਤਨੀ ਸੁਖਚੈਨ ਕੌਰ ਗੋਗੀ ਨੇ ਵੀ ਹਾਲ ਹੀ ਵਿੱਚ ਲੁਧਿਆਣਾ ਨਗਰ ਨਿਗਮ ਦੀ ਚੋਣ ਲੜੀ ਸੀ ਪਰ ਕਾਂਗਰਸ ਉਮੀਦਵਾਰ ਤੋਂ ਹਾਰ ਗਏ ਸਨ।
ਮੁੱਖ ਮੰਤਰੀ ਭਗਵੰਤ ਮਾਨ ਨੇ ਦੁੱਖ-ਪ੍ਰਗਟਾਇਆ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਗੁਰਪ੍ਰੀਤ ਗੋਗੀ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸੋਸ਼ਲ ਮੀਡੀਆ ਪਲੇਟਫ਼ਾਰਮ ਐਕਸ ਉੱਤੇ ਇੱਕ ਪੋਸਟ ਸਾਂਝੀ ਕੀਤੀ ਹੈ।
ਉਨ੍ਹਾਂ ਲਿਖਿਆ,”ਲੁਧਿਆਣਾ ਪੱਛਮੀ ਤੋਂ ਸਾਡੀ ਪਾਰਟੀ ਦੇ ਸਤਿਕਾਰਯੋਗ ਵਿਧਾਇਕ ਗੁਰਪ੍ਰੀਤ ਗੋਗੀ ਜੀ ਦੇ ਅਕਾਲ ਚਲਾਣੇ ਦੀ ਦੁਖਦਾਈ ਖ਼ਬਰ ਮਿਲੀ। ਸੁਣ ਕੇ ਬੇਹੱਦ ਦੁੱਖ ਲੱਗਿਆ, ਗੋਗੀ ਜੀ ਬੇਹੱਦ ਵਧੀਆ ਇਨਸਾਨ ਸਨ।”
“ਦੁੱਖ ਦੀ ਘੜੀ ‘ਚ ਪਰਿਵਾਰ ਨਾਲ ਦਿਲੋਂ ਹਮਦਰਦੀ ਹੈ। ਪ੍ਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ ‘ਚ ਨਿਵਾਸ ਦੇਵੇ। ਪਰਿਵਾਰ ਸਮੇਤ ਚਾਹੁਣ ਵਾਲਿਆਂ ਨੂੰ ਦੁਖਦਾਈ ਭਾਣਾ ਮੰਨਣ ਦਾ ਹੌਸਲਾ-ਹਿੰਮਤ ਬਖ਼ਸ਼ਣ।”
ਆਮ ਆਦਮੀ ਪਾਰਟੀ, ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਕਿਹਾ,”ਮੈਨੂੰ ਰਾਤ ਕਰੀਬ ਡੇਢ ਵਜੇ ਖ਼ਬਰ ਮਿਲੀ ਕਿ ਸਾਡੇ ਬਹੁਤ ਹੀ ਪਿਆਰੇ ਅਤੇ ਜ਼ਿੰਦਾਦਿਲ ਸਾਥੀ ਐੱਮਐੱਲਏ ਗੁਰਪ੍ਰੀਤ ਗੋਗੀ ਚਲਾਣਾ ਕਰ ਗਏ ਹਨ। ਅਸੀਂ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ ਹਾਂ।
ਉਨ੍ਹਾਂ ਕਿਹਾ,”ਹਾਲੇ ਇਸ ਮਾਮਲੇ ਦੇ ਕਾਰਨਾਂ ਬਾਰੇ ਕੁਝ ਵੀ ਕਹਿਣਾ ਜਲਦਬਾਜੀ ਹੋਵੇਗੀ। ਜਾਂਚ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ।”
ਪੰਜਾਬ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਵੀ ਦੇਰ ਰਾਤ ਗੋਗੀ ਦੇ ਪਰਿਵਾਰ ਨਾਲ ਸੰਵੇਦਨਾ ਪ੍ਰਗਟ ਕਰਨ ਲੁਧਿਆਣਾ ਸਥਿਤ ਉਨ੍ਹਾਂ ਦੀ ਰਿਹਾਇਸ਼ ਉੱਤੇ ਪਹੁੰਚੇ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI