Source :- BBC PUNJABI

ਗੁਰਭੇਜ ਸਿੰਘ ਦੀ ਤਸਵੀਰ

ਤਸਵੀਰ ਸਰੋਤ, Met Police

ਪ੍ਰਕਾਸ਼ਿਤ

ਪੜ੍ਹਨ ਦਾ ਸਮਾਂ: 4 ਮਿੰਟ

ਲੰਡਨ ਦਾ ਸਾਊਥਾਲ ਇਲਾਕਾ ਜਿਸ ਨੂੰ ‘ਮਿੰਨੀ ਪੰਜਾਬ’ ਵੀ ਕਿਹਾ ਜਾਂਦਾ ਹੈ। ਇੱਥੇ 10 ਜੂਨ ਨੂੰ 26 ਸਾਲਾ ਪੰਜਾਬੀ ਨੌਜਵਾਨ ਦਾ ਕਥਿਤ ਤੌਰ ‘ਤੇ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ।

ਇਸ ਨੌਜਵਾਨ ਦੀ ਪਛਾਣ ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਮਹਿਦੀਪੁਰ ਦੇ ਰਹਿਣ ਵਾਲੇ ਗੁਰਭੇਜ ਸਿੰਘ ਵੱਜੋਂ ਹੋਈ।

ਗੁਰਭੇਜ ਸਿੰਘ ਦੀ ਮੌਤ ਤੋਂ ਬਾਅਦ ਮੈਟਰੋਪੋਲੀਟਨ ਪੁਲਿਸ ਨੇ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਪੁਲਿਸ ਨੇ ਇਸ ਘਟਨਾ ਦੇ ਚਸ਼ਮਦੀਦਾਂ ਨੂੰ ਸਾਹਮਣੇ ਆਉਣ ਅਤੇ ਜਾਂਚ ਵਿੱਚ ਮਦਦ ਕਰਨ ਦੀ ਅਪੀਲ ਕੀਤੀ ਹੈ।

ਮੈਟਰੋਪੋਲੀਟਨ ਪੁਲਿਸ ਨੇ ਇੱਕ ਪ੍ਰੈੱਸ ਰਿਲੀਜ਼ ਵਿੱਚ ਦੱਸਿਆ ਕਿ ਇਹ ਘਟਨਾ 10 ਜੂਨ ਬੁੱਧਵਾਰ ਅੱਧੀ ਰਾਤ ਤੋਂ ਬਾਅਦ (ਲੰਡਨ ਦੇ ਸਮੇਂ ਮੁਤਾਬਕ ਰਾਤ ਦੇ ਕਰੀਬ 12:40 ਵਜੇ) ਡੋਰਮਰਜ਼ ਵੇਲਜ਼ ਲੇਨ ਦੇ ਮੋੜ ਨੇੜੇ ਨਾਰਥ ਰੋਡ ‘ਤੇ ਵਾਪਰੀ ਸੀ।

ਘਟਨਾ ਤੋਂ ਬਾਅਦ ਲੰਡਨ ਐਂਬੂਲੈਂਸ ਸਰਵਿਸ ਦੀ ਸੂਚਨਾ ‘ਤੇ ਮੈਟਰੋਪੋਲੀਟਨ ਪੁਲਿਸ ਮੌਕੇ ‘ਤੇ ਪਹੁੰਚੀ।

ਪੁਲਿਸ ਨੂੰ ਘਟਨਾ ਵਾਲੀ ਥਾਂ ‘ਤੇ ਦੋ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹਾਲਤ ਵਿੱਚ ਮਿਲੇ ਸਨ।

ਪੁਲਿਸ ਮੁਤਾਬਕ ਇਨ੍ਹਾਂ ਵਿੱਚੋਂ 26 ਸਾਲਾ ਗੁਰਭੇਜ ਸਿੰਘ ਦੇ ਸਰੀਰ ‘ਤੇ ਚਾਕੂ ਦੇ ਬਹੁਤ ਹੀ ਡੂੰਘੇ ਅਤੇ ਘਾਤਕ ਜ਼ਖਮ ਸਨ। ਜ਼ਖਮਾਂ ਦੀ ਤਾਬ ਨਾ ਸਹਿਣ ਕਰਕੇ ਗੁਰਭੇਜ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਇਸ ਘਟਨਾ ਵਿੱਚ ਜ਼ਖਮੀ ਹੋਇਆ ਦੂਜਾ ਵਿਅਕਤੀ, ਜਿਸ ਦੀ ਉਮਰ 30 ਤੋਂ 40 ਸਾਲ ਦੇ ਵਿਚਕਾਰ ਹੈ, ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ।

ਜ਼ਿਆਦਾ ਗੰਭੀਰ ਜ਼ਖਮ ਨਾ ਹੋਣ ਕਰਕੇ ਉਸ ਦੀ ਜਾਨ ਬਚ ਗਈ ਅਤੇ ਇਲਾਜ ਤੋਂ ਬਾਅਦ ਉਸ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।

ਪੁਲਿਸ ਨੇ ਹੁਣ ਤੱਕ ਕੀ ਕਾਰਵਾਈ ਕੀਤੀ

ਸਾਊਥ ਹਾਲ 'ਚ ਗੁਰਭੇਜ ਸਿੰਘ ਵੱਲੋਂ ਖਿਚਵਾਈ ਤਸਵੀਰ

ਤਸਵੀਰ ਸਰੋਤ, Gurwinder Singh

ਮੈਟਰੋਪੋਲੀਟਨ ਪੁਲਿਸ ਦੇ ਸਪੈਸ਼ਲਿਸਟ ਕ੍ਰਾਈਮ ਕਮਾਂਡ ਦੀ ਡਿਟੈਕਟਿਵ ਚੀਫ਼ ਇੰਸਪੈਕਟਰ ਐਲੀਸਨ ਫੌਕਸਵੈਲ ਨੇ ਅਧਿਕਾਰਤ ਬਿਆਨ ਜਾਰੀ ਕਰਦਿਆਂ ਕਿਹਾ ਕਿ ਕਤਲ ਦੇ ਮਾਮਲਿਆਂ ਦੀ ਜਾਂਚ ਕਰਨ ਵਾਲੇ ਡਿਟੈਕਟਿਵ ਗੁਰਭੇਜ ਸਿੰਘ ਦੀ ਮੌਤ ਦੀ ਲਗਾਤਾਰ ਜਾਂਚ ਕਰ ਰਹੇ ਹਨ।

ਐਲੀਸਨ ਫੌਕਸਵੈਲ ਨੇ ਅੱਗੇ ਕਿਹਾ, “ਸਾਡਾ ਮੰਨਣਾ ਹੈ ਕਿ ਗੁਰਭੇਜ ‘ਤੇ ਰਾਤ ਦੇ ਕਰੀਬ 12:30 ਵਜੇ ਨਾਰਥ ਰੋਡ ਅਤੇ ਡੋਰਮਰਜ਼ ਵੇਲਜ਼ ਲੇਨ ਦੇ ਮੋੜ ‘ਤੇ ਸਥਿਤ ਇੱਕ ਦੁਕਾਨ ਦੇ ਬਾਹਰ ਹਮਲਾ ਕੀਤਾ ਗਿਆ ਸੀ।”

ਮੈਟਰੋਪੋਲੀਟਨ ਪੁਲਿਸ ਮੁਤਾਬਕ ਘਟਨਾ ਵਾਲੀ ਥਾਂ ਤੋਂ ਹੀ ਕਤਲ ਦੇ ਸ਼ੱਕ ਵਿੱਚ ਸੱਤ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਸੀ। ਇਨ੍ਹਾਂ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਉਮਰ ਲਗਭਗ 20 ਸਾਲ ਤੋਂ ਲੈ ਕੇ 30 ਸਾਲ ਦੇ ਵਿਚਕਾਰ ਹੈ।

ਹਾਲਾਂਕਿ ਸ਼ੁਰੂਆਤੀ ਪੁੱਛਗਿੱਛ ਅਤੇ ਅਗਲੇਰੀ ਜਾਂਚ ਤੋਂ ਬਾਅਦ ਮੈਟਰੋਪੋਲੀਟਨ ਪੁਲਿਸ ਨੇ ਦੱਸਿਆ ਕਿ ਛੇ ਵਿਅਕਤੀਆਂ ਨੂੰ ਬਿਨਾਂ ਕਿਸੇ ਕਾਨੂੰਨੀ ਕਾਰਵਾਈ ਦੇ ਰਿਹਾਅ ਕਰ ਦਿੱਤਾ ਗਿਆ ਹੈ, ਕਿਉਂਕਿ ਉਨ੍ਹਾਂ ਦੇ ਖਿਲਾਫ ਪੁਖਤਾ ਸਬੂਤ ਨਹੀਂ ਮਿਲੇ।

ਜਦਕਿ ਇੱਕ ਵਿਅਕਤੀ ਨੂੰ ਅਗਲੀ ਤੈਅ ਤਰੀਕ ‘ਤੇ ਪੁਲਿਸ ਸਟੇਸ਼ਨ ਹਾਜ਼ਰ ਹੋਣ ਦੀ ਸ਼ਰਤ ‘ਤੇ ਜ਼ਮਾਨਤ ਦਿੱਤੀ ਗਈ ਹੈ।

ਪੁਲਿਸ ਹੁਣ ਉਸ ਇਲਾਕੇ ਦੀ ਸੀਸੀਟੀਵੀ ਫੁਟੇਜ ਖੰਗਾਲ ਰਹੀ ਹੈ ਅਤੇ ਲੋਕਾਂ ਨੂੰ ਅਪੀਲ ਕਰ ਰਹੀ ਹੈ ਕਿ ਜੇਕਰ ਕਿਸੇ ਕੋਲ ਕੋਈ ਵੀ ਜਾਣਕਾਰੀ ਹੈ ਤਾਂ ਉਹ ਪੁਲਿਸ ਨਾਲ ਸਾਂਝੀ ਕਰੇ ਤਾਂ ਜੋ ਕਾਨੂੰਨੀ ਕਾਰਵਾਈ ਨੂੰ ਅੱਗੇ ਵਧਾਇਆ ਜਾ ਸਕੇ।

‘ਨਾ ਕਰਜ਼ਾ ਉੱਤਰਿਆ ਅਤੇ ਨਾ ਹੀ ਮੇਰਾ ਭਰਾ ਵਾਪਸ ਮੁੜਿਆ’

ਗੁਰਭੇਜ ਸਿੰਘ ਦੀ ਤਸਵੀਰ

ਤਸਵੀਰ ਸਰੋਤ, Gurwinder Singh

ਉਧਰ ਤਰਨ ਤਾਰਨ ਦੇ ਪਿੰਡ ਮਹਿਦੀਪੁਰ ‘ਚ ਰਹਿੰਦੇ ਗੁਰਭੇਜ ਸਿੰਘ ਦੇ ਘਰ ਜਦੋਂ ਕਤਲ ਦੀ ਖ਼ਬਰ ਮਿਲਣ ਤੋਂ ਬਾਅਦ ਮਾਹੌਲ ਗਮਗੀਨ ਹੈ।

ਪਰਿਵਾਰਕ ਮੈਂਬਰਾਂ ਨੇ ਬੀਬੀਸੀ ਪੱਤਰਕਾਰ ਹਰਮਨਦੀਪ ਸਿੰਘ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਗੁਰਭੇਜ ਚਾਰ ਸਾਲ ਪਹਿਲਾ ਰੋਜ਼ਗਾਰ ਦੀ ਭਾਲ ‘ਚ ਇੰਗਲੈਂਡ ਗਿਆ। ਉੱਥੇ ਉਹ ਉਸਾਰੀ ਦੇ ਖੇਤਰ ਵਿੱਚ ਕੰਮ ਕਰਦਾ ਸੀ।

ਗੁਰਭੇਜ ਦੇ ਚਾਚੇ ਦੇ ਪੁੱਤਰ ਗੁਰਵਿੰਦਰ ਸਿੰਘ ਨੇ ਕਿਹਾ ਕਿ ਦੋ ਨੌਜਵਾਨ ਗੁਰਭੇਜ ਸਿੰਘ ਨੂੰ ਕਥਿਤ ਤੌਰ ਉੱਤੇ ਧਮਕੀਆਂ ਦੇ ਰਹੇ ਸਨ। ਇਨ੍ਹਾਂ ਦੋ ਨੌਜਵਾਨਾਂ ਦਾ ਗੁਰਭੇਜ ਨਾਲ ਪੁਰਾਣਾ ਕੋਈ ਵਿਵਾਦ ਚੱਲ ਰਿਹਾ ਸੀ।

ਉਹਨਾਂ ਕਿਹਾ, “ਇਹਨਾਂ ਧਮਕੀਆਂ ਬਾਰੇ ਗੁਰਭੇਜ ਨੇ ਮੈਂਨੂੰ ਦੱਸਿਆ ਸੀ।”

ਗੁਰਵਿੰਦਰ ਸਿੰਘ ਨੇ ਕਿਹਾ ਗੁਰਭੇਜ ਨੂੰ ਕਥਿਤ ਤੌਰ ਉੱਤੇ ਧਮਕੀਆਂ ਆ ਰਹੀਆਂ ਸਨ, ਪਰ ਫਿਰ ਵੀ ਉਸ ਨੇ ਪੰਜਾਬ ਵਾਪਸ ਆਉਣ ਤੋਂ ਮਨ੍ਹਾ ਕਰ ਦਿੱਤਾ ਸੀ। ਉਸ ਨੂੰ ਪਰਿਵਾਰ ਦੇ ਸਿਰ ਚੜ੍ਹੇ ਕਰਜ਼ੇ ਦਾ ਫ਼ਿਕਰ ਸੀ। ਉਹ ਕਰਜ਼ਾ ਉਤਾਰੇ ਬਿਨਾਂ ਵਾਪਸ ਨਹੀਂ ਆਉਣਾ ਚਾਹੁੰਦਾ ਸੀ।

ਉਨ੍ਹਾਂ ਅੱਗੇ ਦੱਸਿਆ, ”ਮੈਂ ਉਸ ਨੂੰ ਘਰ ਵਾਪਸ ਆਉਣ ਲਈ ਕਿਹਾ ਸੀ। ਪਰ ਉਸ ਨੇ ਕਿਹਾ ਸੀ ਕਿ ਉਹ ਕਰਜ਼ਾ ਉਤਾਰਕੇ ਹੀ ਵਾਪਸ ਮੁੜੇਗਾ। ਪਰ ਨਾ ਕਰਜ਼ਾ ਉੱਤਰਿਆ ਅਤੇ ਨਾ ਹੀ ਮੇਰਾ ਭਰਾ ਵਾਪਸ ਮੁੜਿਆ।”

ਗੁਰਵਿੰਦਰ ਸਿੰਘ ਕਿਹਾ, “ਗੁਰਭੇਜ ਦੇ ਪਰਿਵਾਰ ਉੱਤੇ 40 ਲੱਖ ਤੋਂ ਉੱਪਰ ਦਾ ਕਰਜ਼ਾ ਹੈ। ਉਸ ਨੂੰ ਬਾਹਰ ਭੇਜਣ ਵੇਲੇ 25 ਲੱਖ ਰੁਪਏ ਕਰਜ਼ਾ ਲੈ ਕੇ ਏਜੰਟ ਨੂੰ ਦਿੱਤੇ ਸਨ। ਇਹ ਕਰਜ਼ਾ ਲੈਣ ਲਈ ਉਸ ਦੇ ਪਰਿਵਾਰ ਨੇ ਕੁਝ ਜ਼ਮੀਨ ਗਹਿਣੇ ਰੱਖੀ ਸੀ ਅਤੇ ਕੁਝ ਜ਼ਮੀਨ ਵੇਚੀ ਸੀ। ਜ਼ਮੀਨ ਵੇਚਣ ਅਤੇ ਗਹਿਣੇ ਰੱਖਣ ਤੋਂ ਪਹਿਲਾਂ ਪਰਿਵਾਰ ਕੋਲ 5 ਏਕੜ ਦੇ ਕਰੀਬ ਜ਼ਮੀਨ ਸੀ।”

ਤਿੰਨ ਭੈਣਾਂ ਦਾ ਇਕੱਲਾ ਭਰਾ

ਗੁਰਭੇਜ ਦੀ ਤਸਵੀਰ

ਗੁਰਵਿੰਦਰ ਨੇ ਦੱਸਿਆ, “ਗੁਰਭੇਜ 10ਵੀਂ ਤੱਕ ਹੀ ਪੜ੍ਹਿਆ ਸੀ ਅਤੇ ਲਗਭਗ 4 ਸਾਲ ਪਹਿਲਾਂ ਇੰਗਲੈਂਡ ਚਲਾ ਗਿਆ ਸੀ। ਉੱਥੇ ਉਹ ਉਸਾਰੀ ਦੇ ਖੇਤਰ ਵਿੱਚ ਕੰਮ ਕਰਦਾ ਸੀ। ਗੁਰਭੇਜ ਦਾ ਪਰਿਵਾਰ ਪੰਜਾਬ ਵਿੱਚ ਕਿਰਸਾਨੀ ਨਾਲ ਸਬੰਧ ਰੱਖਦਾ ਹੈ।”

ਉਹਨਾਂ ਦੱਸਿਆ, “ਉਹ ਪਿੱਛੇ ਤਿੰਨ ਭੈਣਾਂ ਅਤੇ ਆਪਣੇ ਮਾਂ-ਪਿਉ ਨੂੰ ਛੱਡ ਗਿਆ ਹੈ। ਉਹ ਆਪਣੀਆਂ ਸਾਰੀਆਂ ਭੈਣਾਂ ਤੋਂ ਛੋਟਾ ਸੀ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI