Source :- BBC PUNJABI
ਤਸਵੀਰ ਸਰੋਤ, zee5/Insta
ਪੜ੍ਹਨ ਦਾ ਸਮਾਂ: 8 ਮਿੰਟ
ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਉੱਤੇ ਅਧਾਰਤ ਫਿਲਮ ‘ਸਤਲੁਜ’ ਓਟੀਟੀ ਉੱਤੇ ਰਿਲੀਜ਼ ਹੋਣ ਦੇ ਦੋ ਦਿਨ ਬਾਅਦ ਹੀ ਹਟਾ ਲਈ ਗਈ ਹੈ।
3 ਜੁਲਾਈ ਨੂੰ ਇਹ ਫਿਲਮ ਓਟੀਟੀ ਪਲੈਟਫਾਰਮ ਜ਼ੀ5 ਉੱਤੇ ‘ਸਤਲੁਜ’ ਨਾਮ ਨਾਲ ਰਿਲੀਜ਼ ਕੀਤੀ ਗਈ ਸੀ ਪਰ ਜ਼ੀ5 ਮੁਤਾਬਕ ਅਗਲੇ ਨੋਟਿਸ ਤੱਕ ਭਾਰਤ ਵਿੱਚ ਹੁਣ ਇਸ ਫਿਲਮ ਨੂੰ ਹਟਾ ਲਿਆ ਗਿਆ ਹੈ।
ਫਿਲਮ ਸਟ੍ਰੀਮਿੰਗ ਪਲੈਟਫਾਰਮ ਜ਼ੀ5 ਵੱਲੋਂ ਪੰਜ ਜੁਲਾਈ ਨੂੰ ਇਸ ਬਾਰੇ ਜਾਣਕਾਰੀ ਦਿੰਦਿਆਂ ਬਿਆਨ ਜਾਰੀ ਕੀਤਾ ਗਿਆ ਹੈ।
ਇਸ ਬਿਆਨ ਵਿੱਚ ਕਿਹਾ ਗਿਆ, “ਸਤਲੁਜ ਨੂੰ ਰਿਲੀਜ਼ ਹੋਣ ਤੋਂ ਬਾਅਦ ਮਿਲੇ ਬੇਹੱਦ ਪਿਆਰ ਅਤੇ ਸਮਰਥਨ ਨੇ ਸਾਨੂੰ ਬਹੁਤ ਪ੍ਰਭਾਵਿਤ ਕੀਤਾ ਹੈ। ਅਸੀਂ ਹਰ ਉਸ ਦਰਸ਼ਕ ਦੇ ਦਿਲੋਂ ਧੰਨਵਾਦੀ ਹਾਂ, ਜਿਸ ਨੇ ਜ਼ੀ5 ਨੂੰ ਸਬਸਕ੍ਰਾਈਬ ਕੀਤਾ, ਫ਼ਿਲਮ ਨੂੰ ਦੇਖਿਆ ਅਤੇ ਇਸ ਦਾ ਸਮਰਥਨ ਕੀਤਾ। ਤੁਹਾਡੇ ਪਿਆਰ ਅਤੇ ਹੌਸਲਾ-ਅਫ਼ਜ਼ਾਈ ਨੇ ਸਾਡੇ ਲਈ ਅਤੇ ਇਸ ਕਹਾਣੀ ਨੂੰ ਪਰਦੇ ‘ਤੇ ਲਿਆਉਣ ਵਾਲੇ ਹਰ ਵਿਅਕਤੀ ਲਈ ਬਹੁਤ ਮਹੱਤਵ ਰੱਖਿਆ ਹੈ।”
”ਜ਼ੀ5 ਵਿੱਚ ਅਸੀਂ ਸਤਲੁਜ ਅਤੇ ਇਸ ਦੇ ਪਿੱਛੇ ਦੀ ਰਚਨਾਤਮਕ ਸੋਚ ਦੇ ਨਾਲ ਮਜ਼ਬੂਤੀ ਨਾਲ ਖੜ੍ਹੇ ਹਾਂ। ਸਾਡਾ ਵਿਸ਼ਵਾਸ ਹੈ ਕਿ ਪ੍ਰਭਾਵਸ਼ਾਲੀ ਕਹਾਣੀ-ਕਥਨ ਵਿੱਚ ਲੋਕਾਂ ਨੂੰ ਪ੍ਰੇਰਿਤ ਕਰਨ, ਲੰਬੇ ਸਮੇਂ ਤੱਕ ਪ੍ਰਭਾਵ ਛੱਡਣ ਅਤੇ ਸਮਾਜ ‘ਤੇ ਅਸਰ ਪਾਉਣ ਦੀ ਤਾਕਤ ਹੁੰਦੀ ਹੈ। ਅਸੀਂ ਅਜਿਹੀਆਂ ਪ੍ਰਮਾਣਿਕ ਅਤੇ ਅਰਥਪੂਰਨ ਕਹਾਣੀਆਂ ਨੂੰ ਅੱਗੇ ਲਿਆਉਣ ਲਈ ਵਚਨਬੱਧ ਹਾਂ।”
”ਮੌਜੂਦਾ ਘਟਨਾਕ੍ਰਮ ਨੂੰ ਧਿਆਨ ਵਿੱਚ ਰੱਖਦਿਆਂ, ਸਤਲੁਜ ਅਗਲੀ ਸੂਚਨਾ ਤੱਕ ਭਾਰਤ ਵਿੱਚ ਉਪਲਬਧ ਨਹੀਂ ਹੋਵੇਗੀ। ਅਸੀਂ ਕਾਨੂੰਨੀ ਪ੍ਰਕਿਰਿਆ ਅਨੁਸਾਰ ਹਰ ਉਚਿਤ ਰਾਹ ਦੀ ਪੜਤਾਲ ਕਰ ਰਹੇ ਹਾਂ ਤਾਂ ਜੋ ਇਸ ਫ਼ਿਲਮ ਨੂੰ ਜਲਦੀ ਤੋਂ ਜਲਦੀ ਮੁੜ ਆਪਣੇ ਦਰਸ਼ਕਾਂ ਤੱਕ ਪਹੁੰਚਾਇਆ ਜਾ ਸਕੇ।”
”ਸਾਡੀ ਵਚਨਬੱਧਤਾ ਉਨ੍ਹਾਂ ਰਚਨਾਕਾਰਾਂ ਅਤੇ ਉਨ੍ਹਾਂ ਕਹਾਣੀਆਂ ਪ੍ਰਤੀ ਅਟੱਲ ਹੈ, ਜੋ ਦ੍ਰਿੜ੍ਹ ਵਿਸ਼ਵਾਸ, ਕਲਾਤਮਕ ਇਮਾਨਦਾਰੀ ਅਤੇ ਇੱਕ ਉਦੇਸ਼ ਨਾਲ ਸੁਣਾਈਆਂ ਜਾਂਦੀਆਂ ਹਨ।”
ਤਸਵੀਰ ਸਰੋਤ, Diljit Dosanjh/insta
ਦੱਸ ਦੇਈਏ ਕਿ ਇਸ ਫਿਲਮ ਦਾ ਪਹਿਲਾ ਨਾਂਅ ‘ਪੰਜਾਬ 95 ਸੀ’ ਜਿਸ ਵਿੱਚ ਦਿਲਜੀਤ ਦੋਸਾਂਝ ਨੇ ਜਸਵੰਤ ਸਿੰਘ ਖਾਲੜਾ ਦੀ ਭੂਮਿਕਾ ਨਿਭਾਈ ਹੈ। ਇਸ ਨੂੰ ਦੋ ਦਿਨ ਪਹਿਲਾਂ ਹੀ ‘ਸਤਲੁਜ’ ਟਾਈਟਲ ਨਾਲ ਰਿਲੀਜ਼ ਕੀਤਾ ਗਿਆ ਸੀ
ਦਿਲਜੀਤ ਦੋਸਾਂਝ ਨੇ ਵੀ ਜ਼ੀ5 ਦੇ ਇਸ ਨੋਟਿਸ ਨੂੰ ਆਪਣੀ ਇੰਸਟਾਗ੍ਰਾਮ ਸਟੋਰੀ ਉੱਤੇ ਸ਼ੇਅਰ ਕੀਤਾ ਹੈ।
‘ਸਤਲੁਜ’ ਫਿਲਮ ਹਟਾਏ ਜਾਣ ‘ਤੇ ਕੀ ਪ੍ਰਤੀਕਰਮ ਆ ਰਹੇ ?
ਤਸਵੀਰ ਸਰੋਤ, @officeofssbadal/X
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਇਸ ਫਿਲਮ ਨੂੰ ਹਟਾਏ ਜਾਣ ‘ਤੇ ਹੈਰਾਨੀ ਅਤੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ।
ਐਕਸ ‘ਤੇ ਪੋਸਟ ਸਾਂਝੀ ਕਰਦਿਆਂ ਸੁਖਬੀਰ ਬਾਦਲ ਨੇ ਲਿਖਿਆ, “ਪੰਜਾਬ ਦੇ ਦਰਦਨਾਕ ਇਤਿਹਾਸ ਨੂੰ ਦਲੇਰੀ ਨਾਲ ਸਾਹਮਣੇ ਲਿਆਉਣ ਵਾਲੀ ਅਤੇ ਜਸਵੰਤ ਸਿੰਘ ਖਾਲੜਾ ਦੀ ਸਰਬਉੱਚ ਕੁਰਬਾਨੀ ਨੂੰ ਸਨਮਾਨ ਦੇਣ ਵਾਲੀ ਇਸ ਸ਼ਕਤੀਸ਼ਾਲੀ ਫ਼ਿਲਮ ਨੂੰ ਇਸ ਤਰ੍ਹਾਂ ਚੁੱਪ ਨਹੀਂ ਕਰਵਾਇਆ ਜਾ ਸਕਦਾ।”
”ਇਹ ਸਿਰਫ਼ ਸੈਂਸਰਸ਼ਿਪ ਨਹੀਂ ਹੈ ਸਗੋਂ ਸਾਡੀ ਸਾਂਝੀ ਯਾਦ, ਸੱਚ ਅਤੇ ਪ੍ਰਗਟਾਵੇ ਦੀ ਆਜ਼ਾਦੀ ‘ਤੇ ਇੱਕ ਹਮਲਾ ਹੈ।”
ਕਦੋਂ ਰਿਲੀਜ਼ ਹੋਈ ਸੀ ‘ਸਤਲੁਜ’ ਫਿਲਮ ?
ਇਹ ਫਿਲਮ ਓਟੀਟੀ ਪਲੈਟਫਾਰਮ ਜ਼ੀ5 ਉੱਤੇ 3 ਜੁਲਾਈ ਨੂੰ ‘ਸਤਲੁਜ’ ਨਾਮ ਨਾਲ ਰਿਲੀਜ਼ ਹੋਈ ਸੀ।
ਫ਼ਿਲਮ ਦੇ ਡਾਇਰੈਕਟਰ ਹਨੀ ਤ੍ਰੇਹਨ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਲਿਖਿਆ ਸੀ, “ਇਸ ਫ਼ਿਲਮ ਵਿੱਚ ਨਾ ਕੋਈ ਕੱਟ ਹੈ ਅਤੇ ਨਾ ਹੀ ਇਸ ਦੇ ਅਸਲ ਰੂਪ ਨਾਲ ਕੋਈ ਸਮਝੌਤਾ ਕੀਤਾ ਗਿਆ ਹੈ।”
‘ਸਤਲੁਜ’ ਫ਼ਿਲਮ ਦਾ ਪਹਿਲਾ ਨਾਮ ‘ਪੰਜਾਬ 95’ ਸੀ। ਇਹ ਫ਼ਿਲਮ ਪਿਛਲੇ ਕਾਫੀ ਸਮੇਂ ਤੋਂ ਵੱਖ-ਵੱਖ ਕਾਰਨਾਂ ਕਰਕੇ ਰੁਕੀ ਹੋਈ ਸੀ।
ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਦੋ ਦਿਨ ਪਹਿਲਾਂ ਆਪਣੇ ਇੰਸਟਾਗ੍ਰਾਮ ਲਾਈਵ ਦੌਰਾਨ ‘ਪੰਜਾਬ 95’ ਬਾਰੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਸੀ ਕਿ ‘ਕਈਆਂ ਦੇ ਮੂੰਹ ਬੰਦ ਹੋਣਗੇ, ਜਿਹੜੀਆਂ ਫ਼ਿਲਮਾਂ ਕੀਤੀਆਂ ਉਹ ਆਉਣਗੀਆਂ।”
ਸਾਲ 2025 ਵਿੱਚ 7 ਫਰਵਰੀ ਨੂੰ ਇਸ ਫਿਲਮ ਨੂੰ ਕੌਮਾਂਤਰੀ ਪੱਧਰ ʼਤੇ ਰਿਲੀਜ਼ ਕੀਤੇ ਜਾਣ ਦਾ ਐਲਾਨ ਹੋਇਆ ਸੀ ਤੇ ਇਸ ਦਾ ਟੀਜ਼ਰ ਵੀ ਜਾਰੀ ਹੋਇਆ ਸੀ ਪਰ ਇਸ ਦੀ ਰਿਲੀਜ਼ ਫਿਰ ਟਾਲ ਦਿੱਤੀ ਗਈ ਸੀ।
ਫਿਲਮ ਵਿੱਚ ਦਿਲਜੀਤ ਦੋਸਾਂਝ, ਅਰਜੁਨ ਰਾਮਪਾਲ, ਸੁਵਿੰਦਰ ਵਿੱਕੀ, ਜਗਜੀਤ ਸੰਧੂ ਅਤੇ ਗੀਤਿਕਾ ਵਿਦਿਆ ਓਹਲਾਨ ਵੱਖ-ਵੱਖ ਭੂਮਿਕਾਵਾਂ ਵਿੱਚ ਹਨ।
ਫਿਲਮ ਦੇ ਨਾਮ ਬਾਰੇ ਡਾਇਰੈਕਟਰ ਨੇ ਕੀ ਕਿਹਾ ਸੀ ?
ਤਸਵੀਰ ਸਰੋਤ, Getty Images
ਇਸ ਫ਼ਿਲਮ ਨੂੰ ਪਹਿਲਾਂ ਵੀ ਰਿਲੀਜ਼ ਲਈ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਸੀ।
ਡਾਇਰੈਕਟਰ ਹਨੀ ਤ੍ਰੇਹਨ ਇਸ ਬਾਰੇ ਪਹਿਲਾਂ ਗੱਲ ਕਰ ਚੁੱਕੇ ਹਨ ਕਿ ਸੈਂਟਰਲ ਬੋਰਡ ਆਫ ਫਿਲਮ ਸਰੀਟਫਿਕੇਟ ਵੱਲੋਂ ਫ਼ਿਲਮ ਵਿੱਚ ਕਈ ਕੱਟ ਲਾਏ ਜਾਣ ਅਤੇ ਤਬਦੀਲੀਆਂ ਲਈ ਕਿਹਾ ਗਿਆ ਸੀ।
ਫ਼ਿਲਮ ਦੇ ਜ਼ੀ5 ਉੱਤੇ ਆਉਣ ਤੋਂ ਬਾਅਦ ਪਾਈ ਆਪਣੀ ਇੰਸਟਾਗ੍ਰਾਮ ਸਟੋਰੀ ਵਿੱਚ ਉਨ੍ਹਾਂ ਦਾ ਸਾਥ ਦੇਣ ਵਾਲੇ ਲੋਕਾਂ ਦਾ ਧੰਨਵਾਦ ਕੀਤਾ ਸੀ। ਉਨ੍ਹਾਂ ਨੇ ਲਿਖਿਆ ਸੀ ਕਿ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ਉਨ੍ਹਾਂ ਲਈ ਹਮੇਸ਼ਾ ਪ੍ਰੇਰਣਾਤਮਕ ਰਹੀ ਹੈ। ਉਨ੍ਹਾਂ ਨੇ ਲਿਖਿਆ, “ਇਹ ਉਨ੍ਹਾਂ (ਖਾਲੜਾ) ਦੀ ਕਹਾਣੀ ਹੈ। ਇਹ ਉਨ੍ਹਾਂ (ਖਾਲੜਾ) ਦਾ ਨਿਆਂ ਹੈ।
ਉਨ੍ਹਾਂ ਨੇ ਫ਼ਿਲਮ ਦੇ ਨਾਮ ਬਾਰੇ ਅੱਗੇ ਲਿਖਿਆ ਸੀ, “ਅਸੀਂ ਫ਼ਿਲਮ ਦਾ ਪੁਰਾਣਾ ਨਾਮ ਨਹੀਂ ਲੈ ਸਕੇ, ਹੁਣ ਇਸਦਾ ਟਾਈਟਲ ‘ਸਤਲੁਜ’ ਹੈ, ਇਹ ਪੂਰੀ ਫ਼ਿਲਮ ਹੈ, ਬਿਨਾਂ ਕਿਸੇ ਕੱਟਾਂ ਦੇ, ਅਤੇ ਸਮਝੌਤੇ ਦੇ ਆਪਣੇ ਅਸਲ ਰੂਪ ਵਿੱਚ ਜਿਵੇਂ ਅਸੀਂ ਹਮੇਸ਼ਾ ਚਾਹੁੰਦੇ ਸੀ।”
ਉਨ੍ਹਾਂ ਅੱਗੇ ਲਿਖਿਆ ਸੀ, “ਇਹ ਦਿਲਜੀਤ ਅਤੇ ਸਾਡੇ ਪ੍ਰੋਡਿਊਸਰਾਂ ਤੋਂ ਬਿਨਾਂ ਸੰਭਵ ਨਹੀ ਹੋ ਸਕਣਾ ਸੀ। ਜਿਵੇਂ ਦਿਲਜੀਤ ਅਤੇ ਮੈਂ ਕਹਿੰਦੇ ਆਏ ਹਾਂ ਕਿ ਅਸੀਂ ਫ਼ਿਲਮ ਦੇ ਕੌਂਪਰੋਮਾਈਜ਼ਡ ਰੂਪ ਦਾ ਸਮਰਥਨ ਨਹੀਂ ਕਰਾਂਗੇ, ਰੱਬ ਦੀ ਕਿਰਪਾ ਨਾਲ ਸਾਨੂੰ ਅਜਿਹਾ ਕਰਨ ਦੀ ਲੋੜ ਨਹੀਂ।”
ਫ਼ਿਲਮ ਰਿਲੀਜ਼ ਹੋਣ ਤੋਂ ਬਾਅਦ ਵੀ ਉਨ੍ਹਾਂ ਨੇ ਇੰਸਟਾਗ੍ਰਾਮ ‘ਤੇ ਲਾਈਵ ਆਕੇ ਦੱਸਿਆ ਸੀ ਕਿ ”ਫਿਲਮ ਵਿੱਚ ਕੋਈ ਕੱਟ ਨਹੀਂ ਲਗਾਏ ਗਏ ਹਨ, ਬਸ ਸਾਨੂੰ ਟਾਈਟਲ ਨਹੀਂ ਮਿਲ ਸਕਿਆ ਕਿਸੇ ਕਾਰਨ।”
”ਇਹ ਉਹੀ ਪੂਰੀ ਫ਼ਿਲਮ ਹੈ, ਬਿਨਾਂ ਕਿਸੇ ਕੱਟ ਜਾਂ ਸਮਝੌਤੇ ਦੇ ਜਿਵੇਂ ਅਸੀਂ ਹਮੇਸ਼ਾ ਦਰਸ਼ਕਾਂ ਤੱਕ ਪਹੁੰਚਾਉਣਾ ਚਾਹੁੰਦੇ ਸੀ। ਇਹ ਦਿਲਜੀਤ ਭਾਅਜੀ, ਸਾਡੇ ਨਿਰਮਾਤਾਵਾਂ ਅਤੇ ਉਨ੍ਹਾਂ ਦੀ ਫ਼ਿਲਮ ਦੇ ਅਸਲੀ ਰੂਪ ਨੂੰ ਕਾਇਮ ਰੱਖਣ ਦੀ ਦ੍ਰਿੜ ਇੱਛਾ ਤੋਂ ਬਿਨਾਂ ਨਹੀਂ ਸੀ ਹੋ ਸਕਦਾ।”
ਬੀਬੀਸੀ ਪੰਜਾਬੀ ਨੇ ਇਸ ਫ਼ਿਲਮ ਦੇ ਰਿਲੀਜ਼ ਨਾ ਹੋ ਸਕਣ ਨੂੰ ਲੈ ਕੇ ਮਾਰਚ 2025 ਵਿੱਚ ਫ਼ਿਲਮ ਦੇ ਡਾਇਰੈਕਟਰ ਹਨੀ ਤ੍ਰੇਹਨ ਨਾਲ ਗੱਲ ਕੀਤੀ ਸੀ।
ਇੰਟਰਵਿਊ ਵਿੱਚ ਉਨ੍ਹਾਂ ਨੇ ਦੱਸਿਆ ਸੀ ਜਸਵੰਤ ਖਾਲੜਾ ʼਤੇ ਬਣੀ ਫਿਲਮ ਪੰਜਾਬ ʼ95 ਦਾ ਪਹਿਲਾਂ ਨਾਮ ʻਘੱਲੂਘਾਰਾʼ ਸੀ, “ਫਿਰ ਇਸ ਦਾ ਨਾਮ ʻਪੰਜਾਬ 95ʼ ਕੀਤਾ ਗਿਆ, ਬਲਕਿ ਸਾਡੇ ਕੋਲੋਂ ਕਰਵਾਇਆ ਗਿਆ।”
ਫ਼ਿਲਮ ਰਿਲੀਜ਼ ਹੋਣ ‘ਤੇ ਕੀ ਬੋਲੇ ਸਨ ਦਿਲਜੀਤ ਦੋਸਾਂਝ
ਤਸਵੀਰ ਸਰੋਤ, Diljit Dosanjh/FB
‘ਸਤਲੁਜ’ ਫ਼ਿਲਮ ਰਿਲੀਜ਼ ਹੋਣ ਤੋਂ ਬਾਅਦ ਦਿਲਜੀਤ ਦੋਸਾਂਝ ਨੇ ਸੋਸ਼ਲ ਮੀਡੀਆ ‘ਤੇ ਆਪਣੇ ਸ਼ੁਭਚਿੰਤਕਾਂ ਦਾ ਧੰਨਵਾਦ ਕੀਤਾ ਸੀ ਅਤੇ ਖੁਸ਼ੀ ਜ਼ਾਹਿਰ ਕੀਤੀ ਸੀ।
ਉਨ੍ਹਾਂ ਨੇ ਫਿਲਮ ਦੀ ਟੀਮ ਵੱਲੋਂ ਸਾਂਝੀ ਕੀਤੀ ਗਈ ਪੋਸਟ ਆਪਣੀ ਸਟੋਰੀ ਵਿੱਚ ਸ਼ੇਅਰ ਕੀਤੀ ਸੀ, ਜਿਸ ਵਿੱਚ ਲਿਖਿਆ ਹੋਇਆ ਸੀ, ”ਆਖ਼ਿਰਕਾਰ ਅੱਜ ਜਦੋਂ ਸਾਡੀ ਫਿਲਮ ‘ਸਤਲੁਜ’ ਰਿਲੀਜ਼ ਹੋ ਰਹੀ ਹੈ। ਸਭ ਸ਼ੁਭਚਿੰਤਕਾਂ ਦਾ ਦਿਲੋ ਧੰਨਵਾਦ ਹੈ, ਜਿਨ੍ਹਾਂ ਨੇ ਆਪਣੀਆਂ ਅਰਦਾਸਾਂ ਅਤੇ ਪਿਆਰ ਨਾਲ ਸਾਡਾ ਹੁਣ ਤੱਕ ਸਾਥ ਦਿੱਤਾ। ਇਹ ਫ਼ਿਲਮ ਜਿੰਨੀ ਸਾਡੀ ਹੈ, ਓਨੀ ਹੀ ਤੁਹਾਡੀ ਵੀ ਹੈ।”
”ਇੱਕ ਟੀਮ ਵਜੋਂ ਅਸੀਂ ਵਾਹਿਗੁਰੂ ਦੇ ਬੇਹੱਦ ਸ਼ੁਕਰਗੁਜਾਰ ਹਾਂ ਕਿ ਉਸ ਨੇ ਸਾਨੂੰ ਆਪਣੇ ਸਿਧਾਂਤਾਂ ਅਤੇ ਕਦਰਾਂ ਕੀਮਤਾਂ ‘ਤੇ ਡਟੇ ਰਹਿਣ ਦੀ ਤਾਕਤ ਦਿੱਤੀ, ਅਤੇ ਇਸ ਸਫ਼ਰ ਨੂੰ ਅੰਤ ਤੱਕ ਲੈ ਜਾਣ ਦਾ ਹੌਂਸਲਾ ਅਤੇ ਸਬਰ ਬਖ਼ਸ਼ਿਆ।”
ਪੋਸਟ ਵਿੱਚ ਅੱਗੇ ਲਿਖਿਆ ਹੋਇਆ ਸੀ, ”ਸ਼ਹੀਦ ਜਸਵੰਤ ਸਿੰਘ ਖਾਲੜਾ ਜੀ ਦਾ ਜੀਵਨ ਹਮੇਸ਼ਾ ਹੀ ਨਿਸ਼ਕਾਮ ਸੇਵਾ ਅਤੇ ਪ੍ਰੇਰਣਾ ਦਾ ਸਰੋਤ ਰਿਹਾ ਹੈ। ਉਨ੍ਹਾਂ ਦੀਆਂ ਅਸੀਸਾਂ ਦਾ ਇਸ ਫ਼ਿਲਮ ਦੇ ਬਣਨ ਤੋਂ ਲੈ ਕੇ ਹੁਣ ਤੱਕ ਦੇ ਸਫ਼ਰ ਤੱਕ ਵੱਡਮੁੱਲਾ ਸਹਾਰਾ ਰਿਹਾ ਹੈ। ਇਹ ਉਨ੍ਹਾਂ ਦੀ ਕਹਾਣੀ ਹੈ। ਇਹ ਉਨ੍ਹਾਂ ਦੀ ਇਨਸਾਫ਼ ਲਈ ਲੜੀ ਲੜਾਈ ਦੀ ਕਹਾਣੀ ਹੈ।”
ਫਿਲਮ ਦੇ ਨਾਮ ਦਾ ਜ਼ਿਕਰ ਕਰਦਿਆਂ ਲਿਖਿਆ ਹੋਇਆ ਸੀ, ”ਸਾਨੂੰ ਫ਼ਿਲਮ ਦਾ ਪਹਿਲਾਂ ਵਾਲਾ ਟਾਈਟਲ ਨਹੀਂ ਮਿਲ ਸਕਿਆ। ਹੁਣ ਇਸ ਫ਼ਿਲਮ ਦਾ ਨਾਮ ‘ਸਤਲੁਜ’ ਹੈ।”
ਪਰਮਜੀਤ ਕੌਰ ਖਾਲੜਾ ਨੇ ਕੀ ਕਿਹਾ ਸੀ ?
ਤਸਵੀਰ ਸਰੋਤ, Paramjit Kaur/FB
ਫ਼ਿਲਮ ਦੀ ਰਿਲੀਜ਼ ਬਾਰੇ ਜਸਵੰਤ ਸਿੰਘ ਖਾਲੜਾ ਦੇ ਪਤਨੀ ਪਰਮਜੀਤ ਕੌਰ ਖਾਲੜਾ ਨੇ ਵੀ ਸੋਸ਼ਲ ਮੀਡੀਆ ਉੱਤੇ ਇੱਕ ਪੋਸਟ ਪਾਈ ਸੀ। ਐਕਸ ਉੱਤੇ ਪਾਈ ਪੋਸਟ ਵਿੱਚ ਉਨ੍ਹਾਂ ਨੇ ਕਿਹਾ ਸੀ, “ਮੈਨੂੰ ਇਹ ਜਾਣ ਕੇ ਤਸੱਲੀ ਹੈ ਕਿ ਮੇਰੇ ਪਤੀ, ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਜੀਵਨ, ਉਨ੍ਹਾਂ ਦੇ ਸੰਘਰਸ਼ ਅਤੇ ਕਾਨੂੰਨੀ ਲੜਾਈ ‘ਤੇ ਆਧਾਰਿਤ ਫ਼ਿਲਮ, ਸਾਲਾਂ ਤੱਕ ਰਾਜਨੀਤਿਕ ਰਕਾਵਟਾਂ ਅਤੇ ਅਨੇਕਾਂ ਚੁਣੌਤੀਆਂ ਦਾ ਸਾਹਮਣਾ ਕਰਨ ਤੋਂ ਬਾਅਦ, ਆਖਰਕਾਰ ਓਟੀਟੀ ਮਾਧਿਅਮ ਰਾਹੀਂ ਦਰਸ਼ਕਾਂ ਤੱਕ ਪਹੁੰਚ ਰਹੀ ਹੈ।”
ਉਨ੍ਹਾਂ ਨੇ ਅੱਗੇ ਲਿਖਿਆ ਸੀ, “ਅਸੀਂ, ਖਾਲੜਾ ਪਰਿਵਾਰ ਵੱਲੋਂ, ਇਹ ਸਪੱਸ਼ਟ ਕਰਨਾ ਚਾਹੁੰਦੇ ਹਾਂ ਕਿ ਓਟੀਟੀ ‘ਤੇ ਰਿਲੀਜ਼ ਹੋ ਰਹੀ ਫ਼ਿਲਮ ਦੇ ਇਸੇ ਸੰਸਕਰਣ ਨੂੰ ਸਾਡੀ ਮਨਜ਼ੂਰੀ ਹੈ। ਇਹ ਉਹੀ ਮੂਲ ਸੰਸਕਰਣ ਹੈ ਜੋ ਸਭ ਤੋਂ ਪਹਿਲਾਂ ਸਾਡੇ ਪਰਿਵਾਰ ਨੂੰ ਵਿਖਾਇਆ ਗਿਆ ਸੀ। ਸਾਨੂੰ ਇਸ ਗੱਲ ਦੀ ਤਸੱਲੀ ਹੈ ਕਿ ਬੇਹੱਦ ਦਬਾਅ ਅਤੇ ਤਬਦੀਲੀਆਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਇਸ ਦੀ ਮੂਲ ਭਾਵਨਾ ਅਤੇ ਸੱਚਾਈ ਨੂੰ ਬਰਕਰਾਰ ਰੱਖਿਆ ਗਿਆ ਹੈ।”
ਫ਼ਿਲਮ ਦੀ ਰਿਲੀਜ਼ ‘ਚ ਦਿੱਕਤਾਂ ਬਾਰੇ ਡਾਇਰੈਕਟਰ ਨੇ ਕੀ ਕਿਹਾ ਸੀ ?
ਤਸਵੀਰ ਸਰੋਤ, KHALRA MISSION ORGANISATION/FB
ਹਨੀ ਤ੍ਰੇਹਨ ਨੇ ਬੀਬੀਸੀ ਨੂੰ ਦੱਸਿਆ ਸੀ ਕਿ ਸੈਂਟਰਲ ਬੋਰਡ ਆਫ ਫਿਲਮ ਸਰੀਟਫਿਕੇਟ (ਸੀਬੀਐੱਫਸੀ) ਨੇ ਉਨ੍ਹਾਂ ਨੂੰ ਪਹਿਲਾਂ 21 ਕੱਟਾਂ ਲਈ ਕਿਹਾ ਸੀ ਕਿ ਇਹ ਠੀਕ ਕਰ ਦਿਓ।
ਪਰ ਜਿਵੇਂ-ਜਿਵੇਂ ਗੱਲ ਅੱਗੇ ਵਧਦੀ ਗਈ ਉਹ ਕੱਟ 120 ਤੋਂ ਉੱਪਰ ਪਹੁੰਚ ਗਏ ਸਨ। ਇਹ ਤਾਂ ਮੇਰੀ ਸਮਝ ਤੋਂ ਪਰੇ ਹੈ ਅਤੇ ਬਿਨਾਂ ਸਮਝ ਲਗਾਏ ਗਏ ਕੱਟ ਸਨ।
ਉਸ ਵੇਲੇ ਹਨੀ ਨੇ ਕਿਹਾ ਸੀ, “ਜਸਵੰਤ ਸਿੰਘ ਖਾਲੜਾ ਦੀ ਬਾਇਓਪਿਕ ਹੈ ਤੇ ਕਹਿੰਦੇ ਹਨ ਜਸਵੰਤ ਸਿੰਘ ਖਾਲੜਾ ਦਾ ਨਾਮ ਹੀ ਕੱਢ ਦਿਓ। ਮਤਲਬ ਇਹ ਤਾਂ ਅਪਰਾਧ ਹੈ। ਇਹ ਸਾਰੀਆਂ ਮੰਗਾਂ ਤਾਂ ਨਹੀਂ ਮੰਨੀਆਂ ਜਾ ਸਕਦੀਆਂ।”
ਉਹ ਕਹਿੰਦੇ ਹਨ, “ਮੈਂ ਚਾਹੁੰਦਾ ਹਾਂ ਕਿ ਜਿਨ੍ਹਾਂ ਨੂੰ ਦਿੱਕਤ ਹੈ ਉਹ ਮੇਰੇ ਸਾਹਮਣੇ ਆ ਕੇ ਗੱਲ ਤਾਂ ਕਰਨ। ਜੇਕਰ ਕੋਈ ਜਾਇਜ਼ ਦਿੱਕਤ ਹੈ ਤਾਂ ਮੈਂ ਮੰਨਣ ਨੂੰ ਬਿਲਕੁਲ ਤਿਆਰ ਹਾਂ। ਮੈਂ ਸ਼ਾਂਤ ਅਤੇ ਆਗਿਆਕਾਰੀ ਨਾਗਰਿਕ ਹਾਂ ਅਤੇ ਕਾਨੂੰਨ ਦੀ ਪਾਲਣਾ ਕਰਦਾ ਹਾਂ।”
“ਜਿਸ ਕਿਸੇ ਨੂੰ ਦਿੱਕਤ-ਪਰੇਸ਼ਾਨੀ ਹੈ ਤਾਂ ਮੈਂ ਨਿਆਂਪਾਲਿਕਾ ਵਿੱਚ ਲੜਨ ਲਈ ਤਿਆਰ ਹਾਂ। ਪਰ ਜੇ ਤੁਸੀਂ ਅਦਾਲਤ ਹੀ ਨਹੀਂ ਜਾਣ ਦਿਓਗੇ ਤਾਂ ਕੀ ਕਰਾਂਗੇ।”
ਜਸਵੰਤ ਸਿੰਘ ਖਾਲੜਾ ਕੌਣ ਸਨ ?
ਤਸਵੀਰ ਸਰੋਤ, Khalra Mission Committee
ਜਸਵੰਤ ਸਿੰਘ ਖਾਲੜਾ ਨੂੰ 6 ਸਤੰਬਰ 1995 ਨੂੰ ਅੰਮ੍ਰਿਤਸਰ ਦੇ ਕਬੀਰ ਪਾਰਕ ਸਥਿਤ ਉਨ੍ਹਾਂ ਦੇ ਘਰ ਤੋਂ ਅਗਵਾ ਕਰ ਕੀਤਾ ਗਿਆ ਸੀ ਅਤੇ ਉਸ ਤੋਂ ਬਾਅਦ ਉਹ ਕਦੇ ਘਰ ਨਹੀਂ ਪਰਤੇ।
ਅਦਾਲਤਾਂ ਵਿੱਚ ਸੀਬੀਆਈ ਨੇ ਜੋ ਵੇਰਵੇ ਦਿੱਤੇ ਉਨ੍ਹਾਂ ਮੁਤਾਬਕ, ਜਸਵੰਤ ਸਿੰਘ ਖਾਲੜਾ ਇੱਕ ਮਨੁੱਖੀ ਅਧਿਕਾਰ ਕਾਰਕੁਨ ਸੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮਨੁੱਖੀ ਅਧਿਕਾਰ ਵਿੰਗ ਦੇ ਜਨਰਲ ਸਕੱਤਰ ਰਹਿ ਚੁੱਕੇ ਹਨ।
ਉਨ੍ਹਾਂ ਮੁਤਾਬਕ, ਪੰਜਾਬ 1980ਵਿਆਂ ਅਤੇ 1990ਵਿਆਂ ਦੌਰ ਵਿੱਚ ਦਹਿਸ਼ਤਗਰਦੀ ਦੀਆਂ ਵਾਰਦਾਤਾਂ ਦੇ ਨਾਲ-ਨਾਲ ਪੁਲਿਸ ਤਸ਼ੱਦਦ, ਹਿਰਾਸਤੀ ਮੌਤਾਂ ਅਤੇ ਝੂਠੇ ਪੁਲਿਸ ਮੁਕਾਬਲਿਆਂ ਕਰਕੇ ਵੀ ਲਗਾਤਾਰ ਚਰਚਾ ਵਿੱਚ ਰਿਹਾ।
ਮਨੁੱਖੀ ਹੱਕਾਂ ਦੇ ਕਾਰਕੁਨ ਜਸਵੰਤ ਸਿੰਘ ਖਾਲੜਾ ਨੇ ਅੰਮ੍ਰਿਤਸਰ, ਮਜੀਠਾ ਅਤੇ ਤਰਨ ਤਾਰਨ ਦੇ ਤਿੰਨ ਸ਼ਮਸ਼ਾਨ ਘਾਟਾਂ ਵਿੱਚ ਜੂਨ 1984 ਤੋਂ ਦਸੰਬਰ 1994 ਤੱਕ ਆਈਆਂ ਅਣਪਛਾਤੀਆਂ ਲਾਸ਼ਾਂ ਦੇ ਵੇਰਵੇ ਨਸ਼ਰ ਕੀਤੇ ਸਨ।
ਉਨ੍ਹਾਂ ਇਹ ਦਾਅਵਾ ਕੀਤਾ ਕਿ ਇਹ ਲਾਵਾਰਿਸ ਲਾਸ਼ਾਂ ਪੁਲਿਸ ਦੀਆਂ ਗ਼ੈਰ-ਕਾਨੂੰਨੀ ਕਾਰਵਾਈਆਂ ਦੀ ਗਵਾਹੀ ਭਰਦੀਆਂ ਹਨ।
ਜਸਵੰਤ ਸਿੰਘ ਖਾਲੜਾ ਦੇ ਦਾਅਵੇ ਦੀ ਤਸਦੀਕ ਇਹ ਤੱਥ ਕਰਦੇ ਸਨ ਕਿ ਇਨ੍ਹਾਂ ਵਿੱਚੋਂ ਜ਼ਿਆਦਾਤਰ ਲਾਸ਼ਾਂ ਸ਼ਮਸ਼ਾਨ ਘਾਟਾਂ ਤੱਕ ਪੁਲਿਸ ਵਲੋਂ ਪਹੁੰਚਾਈਆਂ ਗਈਆਂ ਸਨ।
ਸੀਬੀਆਈ ਦੀ ਰਿਪੋਰਟ ਮੁਤਾਬਕ ਜਸਵੰਤ ਸਿੰਘ ਖਾਲੜਾ ਨੇ ਇਸ ਵਿਰੁੱਧ ਆਵਾਜ਼ ਉਠਾਈ।
ਰਿਪੋਰਟ ਮੁਤਾਬਕ, “ਸਥਾਨਕ ਪੁਲਿਸ ਨੂੰ ਇਹ ਪਸੰਦ ਨਹੀਂ ਆ ਰਿਹਾ ਸੀ ਅਤੇ ਉਸ ਨੇ ਉਨ੍ਹਾਂ ਨੂੰ ਅਗਵਾ ਕਰਨ ਦੀ ਸਾਜ਼ਿਸ਼ ਰਚੀ ਅਤੇ ਇਸ ਅਪਰਾਧਿਕ ਸਾਜ਼ਿਸ਼ ਨੂੰ ਅੱਗੇ ਤੋਰਦਿਆਂ ਸਥਾਨਕ ਪੁਲਿਸ ਅਧਿਕਾਰੀਆਂ ਨੇ 6 ਸਤੰਬਰ 1995 ਨੂੰ ਖਾਲੜਾ ਨੂੰ ਉਨ੍ਹਾਂ ਦੀ ਕਬੀਰ ਪਾਰਕ ਨੇੜਲੀ ਰਿਹਾਇਸ਼ ਤੋਂ ਅਗਵਾ ਕਰ ਲਿਆ।”
”ਉਨ੍ਹਾਂ ਨੂੰ ਗ਼ੈਰਕਾਨੂੰਨੀ ਹਿਰਾਸਤ ਵਿੱਚ ਰੱਖਣ ਤੋਂ ਬਾਅਦ ਕਤਲ ਕਰ ਦਿੱਤਾ ਗਿਆ ਅਤੇ ਲਾਸ਼ ਹਰੀਕੇ ਇਲਾਕੇ ਵਿੱਚ ਨਹਿਰ ਵਿੱਚ ਸੁੱਟ ਦਿੱਤੀ ਗਈ।”
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI




