Source :- BBC PUNJABI
ਤਸਵੀਰ ਸਰੋਤ, Getty Images
ਭਾਰਤ ਅਤੇ ਪਾਕਿਸਤਾਨ ਵਿਚਾਲੇ ਇੰਗਲੈਂਡ ਦੇ ਐਜਬੈਸਟਨ ਵਿੱਚ ਖੇਡੇ ਗਏ ਆਈਸੀਸੀ ਮਹਿਲਾ ਟੀ-20 ਵਿਸ਼ਵ ਕੱਪ ਮੁਕਾਬਲੇ ਦੌਰਾਨ ਸਟੇਡੀਅਮ ਨੀਲੇ ਰੰਗ ਨਾਲ ਭਰਿਆ ਹੋਇਆ ਸੀ।
ਭਾਰਤੀ ਟੀਮ ਨੇ ਵੀ ਆਪਣੇ ਪ੍ਰਸ਼ੰਸਕਾਂ ਨੂੰ ਨਿਰਾਸ਼ ਨਹੀਂ ਕੀਤਾ ਅਤੇ ਪਾਕਿਸਤਾਨ ‘ਤੇ ਆਪਣੇ ਦਬਦਬੇ ਨੂੰ ਬਰਕਰਾਰ ਰੱਖਦਿਆਂ 64 ਦੌੜਾਂ ਨਾਲ ਜਿੱਤ ਦਰਜ ਕਰਕੇ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ।
ਭਾਰਤ ਨੇ ਏਸ਼ੀਆ ਤੋਂ ਬਾਹਰ ਪਾਕਿਸਤਾਨ ‘ਤੇ ਹਮੇਸ਼ਾ ਜਿੱਤ ਹਾਸਲ ਕਰਨ ਦੇ ਰਿਕਾਰਡ ਨੂੰ ਬਰਕਰਾਰ ਰੱਖਿਆ ਹੈ। ਭਾਰਤ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੀਆਂ ਦੀਪਤੀ ਸ਼ਰਮਾ ਅਤੇ ਸਮ੍ਰਿਤੀ ਮੰਧਾਨਾ ਰਹੀਆਂ।
ਮੰਧਾਨਾ ਨੇ ਟੀਮ ਦੇ ਮੁਸ਼ਕਿਲ ਵਿੱਚ ਫਸਣ ‘ਤੇ ਆਪਣੀ ਅਰਧ-ਸੈਂਕੜੇ ਵਾਲੀ ਪਾਰੀ ਨਾਲ ਸਥਿਤੀ ਨੂੰ ਸੰਭਾਲਿਆ। ਉੱਥੇ ਹੀ ਦੀਪਤੀ ਨੇ ਨਾ ਸਿਰਫ਼ ਪਾਕਿਸਤਾਨ ਦੀ ਤੇਜ਼ ਸ਼ੁਰੂਆਤ ‘ਤੇ ਲਗਾਮ ਲਗਾਈ, ਬਲਕਿ ਪੰਜ ਵਿਕਟਾਂ ਲੈ ਕੇ ‘ਪਲੇਅਰ ਆਫ਼ ਦ ਮੈਚ’ ਵੀ ਬਣੀ।
ਇੱਕ ਵਿਸ਼ਵ ਕੱਪ ਤੋਂ ਦੂਜੇ ਵਿਸ਼ਵ ਤੱਕ ਦੀਪਤੀ
ਤਸਵੀਰ ਸਰੋਤ, Philip Brown/Getty Images
ਦੀਪਤੀ ਸ਼ਰਮਾ ਨੇ ਆਪਣੀ ਬੇਹਤਰੀਨ ਗੇਂਦਬਾਜ਼ੀ ਨਾਲ ਭਾਰਤ ਨੂੰ ਜਿੱਤ ਦਿਵਾਉਣਾ ਆਪਣੀ ਆਦਤ ਬਣਾ ਲਈ ਹੈ। ਉਨ੍ਹਾਂ ਨੇ ਆਈਸੀਸੀ ਵਨਡੇ ਵਿਸ਼ਵ ਕੱਪ ਵਿੱਚ ਭਾਰਤ ਨੂੰ ਚੈਂਪੀਅਨ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ।
ਉਹ ਸਭ ਤੋਂ ਵੱਧ 22 ਵਿਕਟਾਂ ਲੈ ਕੇ ‘ਪਲੇਅਰ ਆਫ਼ ‘ਦ ਟੂਰਨਾਮੈਂਟ’ ਬਣੇ ਸਨ। ਇਹੀ ਨਹੀਂ ਉਨ੍ਹਾਂ ਨੇ ਦੱਖਣੀ ਅਫ਼ਰੀਕਾ ਦੇ ਖ਼ਿਲਾਫ਼ ਪੰਜ ਵਿਕਟਾਂ ਲੈ ਕੇ ਭਾਰਤ ਦੀ ਜਿੱਤ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ।
ਦੀਪਤੀ ਨੇ ਹੁਣ ਇਸ ਟੀ-20 ਵਿਸ਼ਵ ਕੱਪ ਦੇ ਪਹਿਲੇ ਮੈਚ ਵਿੱਚ 10 ਦੌੜਾਂ ਦੇ ਕੇ ਪੰਜ ਵਿਕਟਾਂ ਲਈਆਂ ਅਤੇ ਪਾਕਿਸਤਾਨ ਨੂੰ 171 ਦੌੜਾਂ ਦੇ ਟੀਚੇ ਤੱਕ ਪਹੁੰਚਣ ਦਾ ਸੁਪਨਾ ਤੱਕ ਨਹੀਂ ਦੇਖਣ ਦਿੱਤਾ।
ਦੀਪਤੀ ਨੇ ਵਿਕਟ ਲੈਣ ਦੇ ਨਾਲ ਹੀ ਪਾਕਿਸਤਾਨ ਲਈ ਉਮੀਦ ਬਣ ਕੇ ਖੇਡ ਰਹੀ ਮੁਨੀਬਾ ਅਲੀ ਨੂੰ ਬੇਹਤਰੀਨ ਥਰੋਅ ਨਾਲ ਰਨ ਆਊਟ ਕਰਕੇ ਜੋ ਥੋੜ੍ਹੀ-ਬਹੁਤ ਉਮੀਦਾਂ ਬਚੀਆਂ ਸਨ, ਉਨ੍ਹਾਂ ਨੂੰ ਵੀ ਖ਼ਤਮ ਕਰ ਦਿੱਤਾ।
ਮੁਨੀਬਾ ਨੇ ਫਿਰੋਜ਼ਾ ਦੇ ਨਾਲ ਪਾਵਰਪਲੇ ਵਿੱਚ ਜਿਸ ਹਮਲਾਵਰ ਅੰਦਾਜ਼ ਨਾਲ ਪਾਰੀ ਦੀ ਸ਼ੁਰੂਆਤ ਕੀਤੀ, ਉਸ ਨਾਲ ਭਾਰਤੀ ਖਿਡਾਰੀਆਂ ਦੇ ਚਿਹਰਿਆਂ ‘ਤੇ ਥੋੜ੍ਹੀ ਚਿੰਤਾ ਦਿੱਸਣ ਲੱਗੀ ਸੀ।
ਪਰ ਦੀਪਤੀ ਨੇ ਆਉਂਦੇ ਹੀ ਗੁਲ ਫਿਰੋਜ਼ਾ ਅਤੇ ਆਇਸ਼ਾ ਜ਼ਫ਼ਰ ਦੇ ਵਿਕਟ ਕੱਢ ਕੇ ਪਾਕਿਸਤਾਨ ਨੂੰ ਬੈਕਫੁੱਟ ‘ਤੇ ਧੱਕ ਦਿੱਤਾ ਅਤੇ ਫਿਰ ਵਿਕਟਾਂ ਕੱਢਣ ਦਾ ਸਿਲਸਿਲਾ ਜਾਰੀ ਰੱਖ ਕੇ ਭਾਰਤ ਨੂੰ ਜਿੱਤ ਦਿਵਾ ਦਿੱਤੀ।
ਵਿਕਟ ਦੇ ਬਾਰੇ ਵਿੱਚ ਦੀਪਤੀ ਨੇ ਕੀ ਕਿਹਾ

ਪਲੇਅਰ ਔਫ਼ ਦਿ ਮੈਚ ਬਣਨ ‘ਤੇ ਦੀਪਤੀ ਸ਼ਰਮਾ ਨੇ ਕਿਹਾ, “ਮੇਰਾ ਖ਼ੁਦ ‘ਤੇ ਹਮੇਸ਼ਾ ਭਰੋਸਾ ਰਿਹਾ ਹੈ। ਜਦੋਂ ਵੀ ਸਹੀ ਸਥਿਤੀ ਆਉਂਦੀ ਹੈ, ਮੈਂ ਉੱਠ ਖੜ੍ਹੀ ਹੁੰਦੀ ਹਾਂ। ਮੈਂ ਆਪਣੇ ਪ੍ਰਦਰਸ਼ਨ ਤੋਂ ਬਹੁਤ ਖ਼ੁਸ਼ ਹਾਂ ਅਤੇ ਇਸ ਤਰ੍ਹਾਂ ਦੇ ਵਿਕਟ ਮੈਨੂੰ ਪਸੰਦ ਆਉਂਦੇ ਹਨ। ਵਿਕਟ ਹੌਲੀ ਹੋਣ ਦੇ ਨਾਲ ਥੋੜ੍ਹਾ ਟਰਨਿੰਗ ਸੀ, ਇਸ ਲਈ ਮੈਂ ਗੇਂਦ ਦੀ ਗਤੀ ਵਿੱਚ ਲਗਾਤਾਰ ਬਦਲਾਅ ਕਰ ਰਹੀ ਸੀ।”
“ਮੈਂ ਹੌਲੀ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ, ਇਸਦਾ ਮੈਨੂੰ ਫ਼ਾਇਦਾ ਮਿਲਿਆ। ਵੱਡੀ ਗਿਣਤੀ ਵਿੱਚ ਆਏ ਦਰਸ਼ਕਾਂ ਦਾ ਵੀ ਭਰਪੂਰ ਸਹਿਯੋਗ ਮਿਲਿਆ। ਮੈਂ ਸਮ੍ਰਿਤੀ ਅਤੇ ਹੈਰੀ ਦੀਦੀ (ਹਰਮਨਪ੍ਰੀਤ) ਦੀ ਸਾਂਝੇਦਾਰੀ ਦੀ ਵੀ ਤਾਰੀਫ਼ ਕਰਨਾ ਚਾਹਾਂਗੀ, ਕਿਉਂਕਿ ਇਸਨੇ ਹੀ ਮੈਚ ਦੀ ਤਸਵੀਰ ਬਦਲੀ।”
ਝੂਲਨ ਦਾ ਰਿਕਾਰਡ ਤੋੜਨ ਦੇ ਨੇੜੇ ਦੀਪਤੀ
ਤਸਵੀਰ ਸਰੋਤ, Getty Images
ਭਾਰਤ ਦੀ ਬੇਹਤਰੀਨ ਤੇਜ਼ ਗੇਂਦਬਾਜ਼ ਰਹੀ ਝੂਲਨ ਗੋਸਵਾਮੀ ਅੰਤਰਰਾਸ਼ਟਰੀ ਮਹਿਲਾ ਕ੍ਰਿਕਟ ਵਿੱਚ ਸਭ ਤੋਂ ਵੱਧ 355 ਵਿਕਟਾਂ ਲੈਣ ਵਾਲੀ ਖਿਡਾਰੀ ਹੈ। ਓਧਰ ਦੀਪਤੀ ਨੇ ਇਸ ਮੈਚ ਵਿੱਚ ਪੰਜ ਵਿਕਟਾਂ ਲੈ ਕੇ ਆਪਣੇ ਵਿਕਟਾਂ ਦੀ ਗਿਣਤੀ 354 ਕਰ ਲਈ ਹੈ।
ਦੀਪਤੀ ਇਸ ਵਿਸ਼ਵ ਕੱਪ ਦੌਰਾਨ ਕਦੇ ਵੀ ਝੂਲਨ ਦੇ ਰਿਕਾਰਡ ਨੂੰ ਤੋੜ ਸਕਦੇ ਹਨ। ਸ਼੍ਰਾਈਵਰ ਬ੍ਰੰਟ 335 ਵਿਕਟਾਂ ਨਾਲ ਤੀਜੇ ਅਤੇ ਐਲਿਸ ਪੈਰੀ 332 ਵਿਕਟਾਂ ਨਾਲ ਚੌਥੇ ਸਥਾਨ ‘ਤੇ ਹਨ।
ਸਟਾਰ ਸਪੋਰਟਸ ਚੈਨਲ ਲਈ ਕੁਮੈਂਟਰੀ ਕਰ ਰਹੀ ਸਾਬਕਾ ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ ਨੇ ਮੈਚ ਤੋਂ ਬਾਅਦ ‘ਕ੍ਰਿਕਟ ਲਾਈਵ’ ਪ੍ਰੋਗਰਾਮ ਦੌਰਾਨ ਕਿਹਾ, “ਮੈਂ ਦੀਪਤੀ ਨੂੰ ਬਹੁਤ ਛੋਟੀ ਉਮਰ ਤੋਂ ਦੇਖਿਆ ਹੈ। ਜੇਕਰ ਉਹ ਮੇਰੇ ਰਿਕਾਰਡ ਨੂੰ ਤੋੜਦੀ ਹੈ, ਤਾਂ ਮੈਨੂੰ ਇਸ ਤੋਂ ਵੱਧ ਖ਼ੁਸ਼ੀ ਕੀ ਹੋਵੇਗੀ।”
“ਭਾਰਤੀ ਗੇਂਦਬਾਜ਼ ਪਾਵਰਪਲੇ ਵਿੱਚ ਚੰਗੀ ਗੇਂਦਬਾਜ਼ੀ ਨਹੀਂ ਕਰ ਸਕੇ ਸਨ। ਪਰ ਦੀਪਤੀ ਨੇ ਆਉਂਦੇ ਹੀ ਗੇਂਦਬਾਜ਼ੀ ਵਿੱਚ ਵੇਰੀਏਸ਼ਨ ਕਰਕੇ ਮੈਚ ਦੀ ਤਸਵੀਰ ਬਦਲ ਕੇ ਰੱਖ ਦਿੱਤੀ।”
ਸਟਾਰ ਸਪੋਰਟਸ ਲਈ ਹੀ ਕੁਮੈਂਟਰੀ ਕਰਨ ਵਾਲੇ ਇੱਕ ਹੋਰ ਕੁਮੈਂਟੇਟਰ ਕਿਰਨ ਮੋਰੇ ਨੇ ਕਿਹਾ, “ਦੀਪਤੀ ਨੇ ਆਪਣੇ ਤਜਰਬੇ ਦੇ ਇਸਤੇਮਾਲ ਨਾਲ ਦੱਸ ਦਿੱਤਾ ਕਿ ਹੌਲੀ ਵਿਕਟ ‘ਤੇ ਵਿਕਟ ਕਿਵੇਂ ਲਏ ਜਾ ਸਕਦੇ ਹਨ। ਉਨ੍ਹਾਂ ਦਾ ਪ੍ਰਦਰਸ਼ਨ ਯਕੀਨੀ ਤੌਰ ‘ਤੇ ਬੇਹਤਰੀਨ ਰਿਹਾ। ਇਸ ਪ੍ਰਦਰਸ਼ਨ ਵਿੱਚ ਚੰਗੀ ਫੀਲਡਿੰਗ ਦੀ ਵੀ ਬਹੁਤ ਵੱਡੀ ਭੂਮਿਕਾ ਰਹੀ।”
ਸਮ੍ਰਿਤੀ ਮੰਧਾਨਾ ਨੇ ਬਣਾਇਆ ਰਿਕਾਰਡ
ਤਸਵੀਰ ਸਰੋਤ, Getty Images
ਸਮ੍ਰਿਤੀ ਮੰਧਾਨਾ ਨੂੰ ਭਾਰਤੀ ਟੀਮ ਦੀ ਰੀੜ੍ਹ ਦੀ ਹੱਡੀ ਮੰਨਿਆ ਜਾਂਦਾ ਹੈ, ਪਰ ਉਹ ਪਾਕਿਸਤਾਨ ਦੇ ਖ਼ਿਲਾਫ਼ ਕਦੇ ਕੋਈ ਵੱਡਾ ਸਕੋਰ ਨਹੀਂ ਬਣਾ ਸਕੇ ਸਨ।
ਸ਼ੁਰੂਆਤ ਵਿੱਚ ਹੀ ਸਾਥੀ ਓਪਨਰ ਸ਼ੇਫਾਲੀ ਵਰਮਾ ਅਤੇ ਜੇਮੀਮਾ ਰੌਡਰਿਗਜ਼ ਦੇ ਵਿਕਟ ਚਲੇ ਜਾਣ ਅਤੇ ਪਾਕਿਸਤਾਨ ਦੇ ਗੇਂਦਬਾਜ਼ਾਂ ਦੀ ਯੋਜਨਾਬੱਧ ਗੇਂਦਬਾਜ਼ੀ ਨਾਲ ਭਾਰਤੀ ਟੀਮ ‘ਤੇ ਜ਼ਬਰਦਸਤ ਦਬਾਅ ਬਣ ਗਿਆ ਸੀ।
ਮੰਧਾਨਾ ਨੇ ਇਸ ਮੁਸ਼ਕਿਲ ਸਥਿਤੀ ਵਿੱਚ ਜਿਸ ਅੰਦਾਜ਼ ਵਿੱਚ ਵਿਕਟ ‘ਤੇ ਡਟ ਕੇ ਬੱਲੇਬਾਜ਼ੀ ਕੀਤੀ, ਉਸ ਦੀ ਜਿੰਨੀ ਵੀ ਤਾਰੀਫ਼ ਕੀਤੀ ਜਾਵੇ, ਉਹ ਘੱਟ ਹੋਵੇਗੀ।
ਇਹ ਸਹੀ ਹੈ ਕਿ ਉਨ੍ਹਾਂ ਨੂੰ ਦੋ ਜੀਵਨਦਾਨ ਜ਼ਰੂਰ ਮਿਲੇ, ਪਰ ਉਨ੍ਹਾਂ ਦੀ ਇਸ ਸੰਜਮੀ ਪਾਰੀ ਨੇ ਹੀ ਭਾਰਤ ਦੀ ਜਿੱਤ ਦਾ ਰਾਹ ਤਿਆਰ ਕੀਤਾ। ਉਨ੍ਹਾਂ ਨੇ 44 ਗੇਂਦਾਂ ਵਿੱਚ 68 ਦੌੜਾਂ ਦੀ ਪਾਰੀ ਖੇਡੀ, ਜਿਸ ਵਿੱਚ ਨੌਂ ਚੌਕੇ ਅਤੇ ਦੋ ਛੱਕੇ ਸ਼ਾਮਲ ਸਨ।
ਇਸ ਮੁਸ਼ਕਿਲ ਸਥਿਤੀ ਵਿੱਚ ਮੰਧਾਨਾ ਨੂੰ ਹਰਮਨਪ੍ਰੀਤ ਕੌਰ ਦੇ ਰੂਪ ਵਿੱਚ ਚੰਗਾ ਸਾਥ ਮਿਲਿਆ। ਇਸ ਜੋੜੀ ਨੇ 64 ਗੇਂਦਾਂ ਵਿੱਚ 91 ਦੌੜਾਂ ਦੀ ਸਾਂਝੇਦਾਰੀ ਕਰਕੇ ਹੀ ਟੀਮ ਨੂੰ ਮੁਕਾਬਲਾ ਕਰਨ ਯੋਗ ਸਕੋਰ ਤੱਕ ਪਹੁੰਚਾਇਆ।
ਇਹ ਸਾਂਝੇਦਾਰੀ ਬੇਹੱਦ ਦਬਾਅ ਵਾਲੀ ਸਥਿਤੀ ਵਿੱਚ ਬਣੀ। ਇਸ ਜੋੜੀ ਨੇ ਪਹਿਲਾਂ ਪਾਰੀ ਨੂੰ ਜਮਾਉਣ ਦਾ ਯਤਨ ਕੀਤਾ ਅਤੇ ਫਿਰ ਦੌੜਾਂ ਦੀ ਗਤੀ ਨੂੰ ਵਧਾਇਆ। ਮੰਧਾਨਾ ਦੀ ਪਾਰੀ ਦੀ ਸਭ ਤੋਂ ਵੱਡੀ ਖ਼ੂਬੀ ਬੇਹਤਰੀਨ ਸ਼ਾਟ ਸਿਲੈਕਸ਼ਨ ਰਹੀ।
ਮੰਧਾਨਾ ਇਸ ਪਾਰੀ ਦੌਰਾਨ ਦੋ ਛੱਕੇ ਲਗਾ ਕੇ ਅੰਤਰਰਾਸ਼ਟਰੀ ਟੀ-20 ਕ੍ਰਿਕਟ ਵਿੱਚ ਭਾਰਤ ਲਈ ਸਭ ਤੋਂ ਵੱਧ ਛੱਕੇ ਲਗਾਉਣ ਵਾਲੀ ਬੱਲੇਬਾਜ਼ ਵੀ ਬਣ ਗਏ ਹਨ। ਉਨ੍ਹਾਂ ਨੇ 87 ਛੱਕੇ ਲਗਾ ਕੇ ਹਰਮਨਪ੍ਰੀਤ ਦੇ 86 ਛੱਕਿਆਂ ਦੇ ਰਿਕਾਰਡ ਨੂੰ ਤੋੜ ਦਿੱਤਾ ਹੈ।
ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਨੇ ਮੈਚ ਤੋਂ ਬਾਅਦ ਕਿਹਾ, “ਸਾਨੂੰ ਜਦੋਂ ਵੀ ਲੋੜ ਪਈ ਹੈ, ਦੀਪਤੀ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ। ਪਿੱਚ ਚੰਗੀ ਸੀ। ਅਸੀਂ ਸ਼ੁਰੂਆਤ ਵਿੱਚ ਬਿਨਾਂ ਵਜ੍ਹਾ ਆਪਣੇ ਉੱਪਰ ਦਬਾਅ ਬਣਾ ਲਿਆ। ਪਰ ਮੈਂ ਅਤੇ ਮੰਧਾਨਾ ਨੇ ਜਦੋਂ ਬੱਲੇਬਾਜ਼ੀ ਕੀਤੀ ਤਾਂ ਮੈਚ ਫਿਰ ਤੋਂ ਸਾਡੇ ਪੱਖ ਵਿੱਚ ਆ ਗਿਆ। ਜਦੋਂ ਤੁਸੀਂ ਕੈਚ ਫੜ ਲੈਂਦੇ ਹੋ ਤਾਂ ਮੈਚ ਤੁਹਾਡੇ ਪੱਖ ਵਿੱਚ ਆ ਜਾਂਦਾ ਹੈ ਅਤੇ ਇਸ ਮੈਚ ਵਿੱਚ ਅਜਿਹਾ ਹੀ ਹੋਇਆ।”
ਮੁਕਾਬਲੇ ਯੋਗ ਦੌੜਾਂ ਬਣਾਉਣ ਵਿੱਚ ਰਿਚਾ ਦੀ ਵੀ ਭੂਮਿਕਾ
ਤਸਵੀਰ ਸਰੋਤ, Getty Images
ਇਸ ਵਿਸ਼ਵ ਕੱਪ ਦੀ ਤਿਆਰੀ ਲਈ ਇੰਗਲੈਂਡ ਦੇ ਨਾਲ ਖੇਡੇ ਗਏ ਮੈਚ ਵਿੱਚ ਜਦੋਂ ਰਿਚਾ ਘੋਸ਼ ਨੇ 36 ਗੇਂਦਾਂ ਵਿੱਚ 68 ਦੌੜਾਂ ਬਣਾਈਆਂ ਸਨ।
ਫਿਰ ਕਪਤਾਨ ਹਰਮਨਪ੍ਰੀਤ ਕੌਰ ਨੇ ਕਿਹਾ ਸੀ, “ਅਸੀਂ ਰਿਚਾ ਦਾ ਭਰੋਸਾ ਪਰਤਣ ਦਾ ਇੰਤਜ਼ਾਰ ਕਰ ਰਹੇ ਸੀ। ਉਹ ਸਾਡੀ ਗੇਮ ਦਾ ਰੁਖ਼ ਬਦਲਣ ਵਾਲੀ ਖਿਡਾਰੀ ਹੈ। ਅਸੀਂ ਉਨ੍ਹਾਂ ਦੇ ਫੌਮ ਵਿੱਚ ਪਰਤਣ ਨਾਲ ਬਹੁਤ ਖ਼ੁਸ਼ ਹਾਂ।”
ਕਪਤਾਨ ਦੀਆਂ ਇਨ੍ਹਾਂ ਉਮੀਦਾਂ ‘ਤੇ ਰਿਚਾ ਪੂਰੀ ਤਰ੍ਹਾਂ ਖਰੀ ਉਤਰੀ। ਕਪਤਾਨ ਹਰਮਨਪ੍ਰੀਤ ਦੇ ਨਾਲ ਹੀ ਦੋ-ਤਿੰਨ ਵਿਕਟਾਂ ਜਲਦੀ ਨਿਕਲ ਜਾਣ ‘ਤੇ ਇੱਕ ਸਮੇਂ ਲੱਗ ਰਿਹਾ ਸੀ ਕਿ ਭਾਰਤੀ ਟੀਮ 150 ਦੇ ਸਕੋਰ ਤੱਕ ਵੀ ਨਹੀਂ ਪਹੁੰਚ ਸਕੇਗੀ।
ਪਰ ਰਿਚਾ ਨੇ 17 ਗੇਂਦਾਂ ਵਿੱਚ 34 ਦੌੜਾਂ ਦੀ ਪਾਰੀ ਖੇਡ ਕੇ ਟੀਮ ਨੂੰ ਚੰਗੀ ਸਥਿਤੀ ਵਿੱਚ ਪਹੁੰਚਾ ਦਿੱਤਾ।
‘ਕ੍ਰਿਕਟ ਲਾਈਵ’ ਪ੍ਰੋਗਰਾਮ ਵਿੱਚ ਸਟਾਰ ਸਪੋਰਟਸ ਦੀ ਕੁਮੈਂਟੇਟਰ ਝੂਲਨ ਨੇ ਕਿਹਾ, “ਰਿਚਾ ਦਾ ਇੱਕ ਵੱਖਰਾ ਹੀ ਕਲਾਸ ਹੈ। ਉਹ ਜਿਸ ਤਰ੍ਹਾਂ ਗੇਮ ਚਲਾਉਂਦੇ ਹਨ, ਉਹ ਗਜ਼ਬ ਹੈ। ਉਨ੍ਹਾਂ ਕੋਲ ਹਰ ਗੇਂਦ ਖੇਡਣ ਲਈ ਤਿੰਨ ਬਦਲ ਹੁੰਦੇ ਹਨ ਅਤੇ ਉਹ ਹਮੇਸ਼ਾ ਬਿਹਤਰ ਬਦਲ ਦਾ ਇਸਤੇਮਾਲ ਕਰਦੇ ਹਨ।”
ਭਾਰਤ ਦੀ ਇਸ ਜਿੱਤ ਦੌਰਾਨ ਸ਼ੇਫਾਲੀ ਵਰਮਾ ਭਾਵੇਂ ਬੱਲੇਬਾਜ਼ੀ ਵਿੱਚ ਵੱਡਾ ਯੋਗਦਾਨ ਨਹੀਂ ਕਰ ਸਕੇ। ਪਰ ਉਹ ਟੀ-20 ਵਿਸ਼ਵ ਕੱਪ ਵਿੱਚ ਪਹਿਲੀ ਗੇਂਦ ‘ਤੇ ਛੱਕਾ ਲਗਾਉਣ ਵਾਲੀ ਇਕਲੌਤੀ ਖਿਡਾਰੀ ਬਣ ਗਏ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI







