Source :- BBC PUNJABI

ਅਕਸ਼ੈ ਕੁਮਾਰ, ਸ਼ੰਕਰਨ ਨਾਇਰ

ਤਸਵੀਰ ਸਰੋਤ, X/akshaykumar

  • ਲੇਖਕ, ਵੰਦਨਾ
  • ਰੋਲ, ਬੀਬੀਸੀ ਪੱਤਰਕਾਰ
  • 15 ਅਪ੍ਰੈਲ 2025

    ਅਪਡੇਟ ਇੱਕ ਘੰਟਾ ਪਹਿਲਾਂ

“ਮੈਂ ਉਸ ਦਿਨ ਆਪਣੇ ਦਾਦਾ ਜੀ ਦੇ ਨਾਲ ਜਲ੍ਹਿਆਂਵਾਲਾ ਬਾਗ ਗਿਆ ਹੋਇਆ ਸੀ। ਅਚਾਨਕ ਉੱਥੇ ਗੋਲੀਆਂ ਚੱਲਣ ਲੱਗੀਆਂ, ਮੇਰੇ ਦਾਦਾ ਜੀ ਨੇ ਮੈਨੂੰ ਚੁੱਕ ਲਿਆ ਅਤੇ ਫੌਜੀਆਂ ਤੋਂ ਦੂਰ ਕੰਧ ਵੱਲ ਭੱਜਣ ਲੱਗੇ। ਜਦੋਂ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਬਾਹਰ ਜਾਣ ਦਾ ਕੋਈ ਰਸਤਾ ਨਹੀਂ ਹੈ, ਤਾਂ ਉਨ੍ਹਾਂ ਨੇ ਮੈਨੂੰ ਸੱਤ ਫੁੱਟ ਉੱਚੀ ਕੰਧ ਤੋਂ ਪਾਰ ਸੁੱਟ ਦਿੱਤਾ।”

“ਡਿੱਗਣ ਕਰਕੇ ਮੇਰੀ ਬਾਂਹ ਟੁੱਟ ਗਈ ਪਰ ਮੈਂ ਇਹ ਕਹਾਣੀ ਸੁਣਾਉਣ ਲਈ ਜਿਉਂਦਾ ਰਿਹਾ।”

“ਅਸੀਂ ਉਸ ਦਰਦ ਦੇ ਬਾਵਜੂਦ ਕਈ ਦਿਨਾਂ ਤੱਕ ਹਸਪਤਾਲ ਨਹੀਂ ਗਏ, ਕਿਉਂਕਿ ਸਾਨੂੰ ਡਰ ਸੀ ਕਿ ਸਾਨੂੰ ਹੋਰ ਤਸੀਹੇ ਦਿੱਤੇ ਜਾਣਗੇ।”

13 ਅਪ੍ਰੈਲ 1919 ਨੂੰ ਅੰਮ੍ਰਿਤਸਰ ਵਿੱਚ ਜਲ੍ਹਿਆਂਵਾਲਾ ਬਾਗ ਕਤਲੇਆਮ ਦੇ ਸਮੇਂ ਭਰਪੂਰ ਸਿੰਘ ਸਿਰਫ਼ 4 ਸਾਲ ਦੇ ਸਨ।

ਭਰਪੂਰ ਸਿੰਘ ਨੇ 2009 ਵਿੱਚ ਇੱਕ ਗੱਲਬਾਤ ਦੌਰਾਨ ਇਹ ਕਹਾਣੀ ਸਾਂਝੀ ਕੀਤੀ ਸੀ।

ਗੋਲੀ ਚਲਾਉਣ ਦਾ ਹੁਕਮ ਬ੍ਰਿਗੇਡੀਅਰ ਜਨਰਲ ਡਾਇਰ ਨੇ ਦਿੱਤਾ ਸੀ ਅਤੇ ਉਸ ਦੇ ਨਾਲ ਸਾਰਜੈਂਟ ਐਂਡਰਸਨ ਵੀ ਸੀ।

ਉਸ ਸਮੇਂ ਮਾਈਕਲ ਓ’ ਡਵਾਇਰ ਪੰਜਾਬ ਦੇ ਲੈਫਟੀਨੈਂਟ ਗਵਰਨਰ ਸਨ। ਪਰ ਸ਼ੁਰੂਆਤੀ ਦਿਨਾਂ ਵਿੱਚ, ਇੰਨੇ ਵੱਡੇ ਕਤਲੇਆਮ ਬਾਰੇ ਬਹੁਤੀ ਚਰਚਾ ਨਹੀਂ ਹੋਈ।

ਬੀਬੀਸੀ ਪੰਜਾਬੀ ਵੱਟਸਐਪ ਚੈਨਲ

ਜਲ੍ਹਿਆਂਵਾਲਾ ਬਾਗ ਦਾ ਇਤਿਹਾਸਕ ਅਦਾਲਤੀ ਕੇਸ

ਪਰ ਉਸ ਸਮੇਂ ਇੱਕ ਭਾਰਤੀ ਸ਼ਖ਼ਸ ਨੇ ਬ੍ਰਿਟੇਨ ਜਾ ਕੇ ਇਹ ਲੜਾਈ ਲੜੀ ਸੀ।

ਉਸ ਇਕਲੌਤੇ ਸ਼ਖ਼ਸ ਨੇ ਜਲ੍ਹਿਆਂਵਾਲਾ ‘ਚ ਹੋਏ ਕਤਲੇਆਮ ਦਾ ਇਤਿਹਾਸਕ ਕੇਸ ਬ੍ਰਿਟਿਸ਼ ਅਦਾਲਤ ਵਿੱਚ ਆਪਣੇ ਬਲਬੂਤੇ ‘ਤੇ ਲੜਿਆ, ਜੋ ਕਿ ਸਾਢੇ ਪੰਜ ਹਫ਼ਤਿਆਂ ਤੱਕ ਚੱਲਿਆ।

ਇਸ ਕੇਸ ਰਾਹੀਂ ਹੀ ਦੁਨੀਆਂ ਨੂੰ ਜਲ੍ਹਿਆਂਵਾਲਾ ਬਾਗ ਦੀ ਕਹਾਣੀ ਵਿਸਥਾਰ ਨਾਲ ਪਤਾ ਲੱਗੀ।

ਉਸ ਸ਼ਖਸ ਦਾ ਨਾਮ ਸਰ ਚੇਤੂਰ ਸ਼ੰਕਰਨ ਨਾਇਰ ਸੀ ਅਤੇ ਅਕਸ਼ੈ ਕੁਮਾਰ ਦੀ ਨਵੀਂ ਫਿਲਮ ਕੇਸਰੀ 2 ਉਨ੍ਹਾਂ ‘ਤੇ ਹੀ ਆਧਾਰਿਤ ਹੈ।

ਉਸ ਸਮੇਂ ਦੇ ਗੁਲਾਮ ਭਾਰਤ ਤੋਂ ਬ੍ਰਿਟੇਨ ਜਾਣਾ ਅਤੇ ਉੱਥੇ ਅਦਾਲਤ ਵਿੱਚ ਕੇਸ ਲੜਨਾ ਇੱਕ ਭਾਰਤੀ ਲਈ ਜੋਖ਼ਮ ਭਰਿਆ ਅਤੇ ਅਣਸੁਣਿਆ ਕਦਮ ਸੀ।

ਪਰ ਸ਼ੰਕਰਨ ਨਾਇਰ ਨੇ ਅਜਿਹਾ ਕੀਤਾ ਅਤੇ ਇਤਿਹਾਸ ਰਚ ਦਿੱਤਾ।

ਅਕਸ਼ੈ ਕੁਮਾਰ, ਸ਼ੰਕਰਨ ਨਾਇਰ

ਤਸਵੀਰ ਸਰੋਤ, X/akshaykumar

ਸ਼ੰਕਰਨ ਨਾਇਰ ਕੌਣ ਸਨ?

ਸ਼ੰਕਰਨ ਨਾਇਰ ਦੇ ਨਾਮ ਭਾਰਤੀ ਇਤਿਹਾਸ ਵਿੱਚ ਬਹੁਤ ਸਾਰੀਆਂ ਪ੍ਰਾਪਤੀਆਂ ਹਨ।

ਸ਼ੰਕਰਨ ਨਾਇਰ ਦਾ ਜਨਮ 1857 ਵਿੱਚ ਪਲੱਕੜ ਦੇ ਇੱਕ ਖੁਸ਼ਹਾਲ ਪਰਿਵਾਰ ਵਿੱਚ ਹੋਇਆ ਸੀ, ਉਦੋਂ ਭਾਰਤ ਵਿੱਚ ਆਜ਼ਾਦੀ ਦੀ ਪਹਿਲੀ ਲੜਾਈ ਲੜੀ ਜਾ ਰਹੀ ਸੀ।

ਪੇਸ਼ੇ ਤੋਂ ਵਕੀਲ, ਨਾਇਰ 1897 ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਦੇ ਪ੍ਰਧਾਨ ਬਣੇ।

ਉਨ੍ਹਾਂ ਨੇ ਮਦਰਾਸ ਹਾਈਕੋਰਟ ਵਿੱਚ ਜੱਜ ਵਜੋਂ ਵੀ ਸੇਵਾ ਨਿਭਾਈ ਅਤੇ 1915 ਵਿੱਚ ਵਾਇਸਰਾਏ ਦੀ ਕਾਰਜਕਾਰੀ ਕੌਂਸਲ ਦੇ ਮੈਂਬਰ ਬਣੇ।

ਉਨ੍ਹਾਂ ਨੂੰ ਸਰ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ ਸੀ।

ਪਰ ਜਲ੍ਹਿਆਂਵਾਲਾ ਬਾਗ ਕਤਲੇਆਮ ਦਾ ਉਨ੍ਹਾਂ ‘ਤੇ ਡੂੰਘਾ ਅਸਰ ਪਿਆ।

ਵਾਇਸਰਾਏ ਦੀ ਕੌਂਸਲ ਦੇ ਮੈਂਬਰ ਹੋਣ ਕਰਕੇ, ਸ਼ੰਕਰਨ ਨਾਇਰ ਨੂੰ ਹੌਲੀ-ਹੌਲੀ ਚਸ਼ਮਦੀਦਾਂ ਦੀਆਂ ਗਵਾਹੀਆਂ ਸੁਣਨੀਆਂ ਸ਼ੁਰੂ ਹੋ ਗਈਆਂ ਕਿ ਕਿਸ ਤਰ੍ਹਾਂ ਨਿਹੱਥੇ ਲੋਕਾਂ ‘ਤੇ ਗੋਲੀਆਂ ਚਲਾਈਆਂ ਗਈਆਂ ਸਨ।

ਉਹ ਪੰਜਾਬ ਵਿੱਚ ਵਾਪਰੀਆਂ ਘਟਨਾਵਾਂ ਤੋਂ ਬਹੁਤ ਨਿਰਾਸ਼ ਸਨ ਅਤੇ ਉਨ੍ਹਾਂ ਨੇ ਵਾਇਸਰਾਏ ਦੀ ਕੌਂਸਲ ਤੋਂ ਅਸਤੀਫਾ ਦੇ ਦਿੱਤਾ।

ਇਹ ਵੀ ਪੜ੍ਹੋ

ਉਨ੍ਹਾਂ ਦੀ ਤਲਖ਼ੀ ਦਾ ਇੱਕ ਉਦਾਹਰਣ “ਦ ਕੇਸ ਦੈਟ ਸ਼ੁੱਕ ਦ ਐਂਪਾਇਰ” ਨਾਮਕ ਕਿਤਾਬ ਵਿੱਚ ਲਿਖੀ ਇੱਕ ਘਟਨਾ ਜ਼ਰੀਏ ਮਿਲਦਾ ਹੈ।

ਇਹ ਕਿਤਾਬ ਸ਼ੰਕਰਨ ਨਾਇਰ ਦੇ ਪੜਪੋਤੇ ਰਘੂ ਪਲਟ ਅਤੇ ਉਨ੍ਹਾਂ ਦੀ ਪਤਨੀ ਪੁਸ਼ਪਾ ਪਲਟ ਦੁਆਰਾ ਲਿਖੀ ਗਈ ਹੈ।

ਉਹ ਲਿਖਦੇ ਹਨ, “ਵਾਇਸਰਾਏ ਦੀ ਕੌਂਸਲ ਤੋਂ ਅਸਤੀਫ਼ਾ ਦੇਣ ਤੋਂ ਬਾਅਦ, ਵਾਇਸਰਾਏ ਚੈਮਸਫੋਰਡ ਨੇ ਸਰ ਸ਼ੰਕਰਨ ਨਾਇਰ ਨੂੰ ਪੁੱਛਿਆ ਕਿ ਕੀ ਉਹ ਕਿਸੇ ਹੋਰ ਭਾਰਤੀ ਦਾ ਨਾਮ ਸੁਝਾ ਸਕਦੇ ਹਨ।”

ਸਰ ਨਾਇਰ ਨੂੰ ਅਹਿਸਾਸ ਹੋਇਆ ਕਿ ਵਾਇਸਰਾਏ ਨੂੰ ਕਿਸੇ ਭਾਰਤੀ ਦੀ ਸਲਾਹ ਵਿੱਚ ਰੱਤੀ ਭਰ ਵੀ ਦਿਲਚਸਪੀ ਨਹੀਂ ਸੀ। ਉਹ ਸਵਾਲ ਸਿਰਫ਼ ਇੱਕ ਰਸਮੀ ਕਾਰਵਾਈ ਸਨ।

ਨੌਕਰੀ ਦੇ ਆਪਣੇ ਆਖ਼ਰੀ ਦਿਨ, ਉਨ੍ਹਾਂ ਨੇ ਬ੍ਰਿਟਿਸ਼ ਅਫਸਰ ਨੂੰ ਤਾਅਨੇ ਮਾਰਨ ਦਾ ਮੌਕਾ ਨਹੀਂ ਗੁਆਇਆ।

“ਸਰ ਸ਼ੰਕਰਨ ਨਾਇਰ ਨੇ ਗੰਭੀਰਤਾ ਨਾਲ ਕਿਹਾ ਕਿ ਹਾਂ, ਮੈਂ ਨਾਮ ਸੁਝਾ ਸਕਦਾ ਹਾਂ ਅਤੇ ਉਨ੍ਹਾਂ ਨੇ ਦਰਵਾਜ਼ੇ ‘ਤੇ ਖੜ੍ਹੇ ਪਗੜੀਧਾਰੀ ਗਾਰਡ ਰਾਮ ਪ੍ਰਸਾਦ ਵੱਲ ਇਸ਼ਾਰਾ ਕੀਤਾ ਅਤੇ ਕਿਹਾ – ਅਸੀਂ ਉਨ੍ਹਾਂ ਨੂੰ ਕਿਉਂ ਨਹੀਂ ਲੈ ਸਕਦੇ, ਉਹ ਲੰਬਾ, ਸੁੰਦਰ ਹੈ ਅਤੇ ਤੁਹਾਡੇ ਨਾਲ ਸਹਿਮਤ ਹੋਵੇਗਾ।”

“ਇਹ ਕਹਿ ਕੇ, ਉਨ੍ਹਾਂ ਨੇ ਵਾਇਸਰਾਏ ਨਾਲ ਹੱਥ ਮਿਲਾਇਆ ਅਤੇ ਚੁੱਪਚਾਪ ਚਲੇ ਗਏ।”

ਸਾਰਜੈਂਟ ਐਂਡਰਸਨ

ਤਸਵੀਰ ਸਰੋਤ, Partition Museum

ਮਾਈਕਲ ਓ’ਡਵਾਇਰ ਨੇ ਕੀਤਾ ਮੁਕੱਦਮਾ

ਹੋਇਆ ਇੰਝ ਕਿ ਸ਼ੰਕਰਨ ਨਾਇਰ ਨੇ 1922 ਵਿੱਚ “ਗਾਂਧੀ ਅਤੇ ਅਰਾਜਕਤਾ” ਸਿਰਲੇਖ ਵਾਲੀ ਇੱਕ ਕਿਤਾਬ ਲਿਖੀ ਜਿਸ ਵਿੱਚ ਉਨ੍ਹਾਂ ਨੇ ਗਾਂਧੀ ਜੀ ਦੀਆਂ ਨੀਤੀਆਂ ਨਾਲ ਆਪਣੀ ਅਸਹਿਮਤੀ ਪ੍ਰਗਟ ਕੀਤੀ ਅਤੇ ਪੰਜਾਬ ਦੀ ਸਥਿਤੀ ਲਈ ਬ੍ਰਿਟਿਸ਼ ਸਰਕਾਰ ਦੀ ਆਲੋਚਨਾ ਵੀ ਕੀਤੀ।

ਉਹ ਇਸ ਗੱਲ ਵੱਲ ਇਸ਼ਾਰਾ ਕਰ ਰਹੇ ਸਨ ਕਿ ਪੰਜਾਬ ਵਿੱਚ ਹੋਈਆਂ ਵਧੀਕੀਆਂ ਪੰਜਾਬ ਦੇ ਲੈਫਟੀਨੈਂਟ ਗਵਰਨਰ ਜਨਰਲ ਮਾਈਕਲ ਓ’ਡਵਾਇਰ ਦੀ ਜਾਣਕਾਰੀ ਨਾਲ ਹੋਈਆਂ ਸਨ।

ਇਸਦੇ ਜਵਾਬ ਵਿੱਚ, ਡਵਾਇਰ ਨੇ 1922 ਵਿੱਚ ਬ੍ਰਿਟੇਨ ਵਿੱਚ ਸ਼ੰਕਰਨ ਨਾਇਰ ਦੇ ਖਿਲਾਫ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ, ਬਸ਼ਰਤੇ ਨਾਇਰ ਉਨ੍ਹਾਂ ਤੋਂ ਮੁਆਫੀ ਮੰਗੇ, ਕਿਤਾਬ ਵਾਪਸ ਲਵੇ ਅਤੇ ਜੁਰਮਾਨਾ ਭਰੇ।

ਪਰ ਸ਼ੰਕਰਨ ਨਾਇਰ ਨੇ ਸਾਫ਼ ਇਨਕਾਰ ਕਰ ਦਿੱਤਾ।

ਜਦੋਂ ਸਾਢੇ ਪੰਜ ਹਫ਼ਤਿਆਂ ਤੱਕ ਕੇਸ ਚੱਲਿਆ, ਜਿਵੇਂ-ਜਿਵੇਂ ਪਰਤਾਂ ਉਜਾਗਰ ਹੁੰਦੀਆਂ ਗਈਆਂ, ਦੁਨੀਆਂ ਨੂੰ ਜਲ੍ਹਿਆਂਵਾਲਾ ਬਾਗ ਅਤੇ ਪੰਜਾਬ ਵਿੱਚ ਹੋਏ ਅੱਤਿਆਚਾਰਾਂ ਬਾਰੇ ਖੁੱਲ੍ਹ ਕੇ ਪਤਾ ਲੱਗਾ।

ਇਹ ਉਸ ਸਮੇਂ ਦਾ ਸਭ ਤੋਂ ਲੰਬਾ ਚੱਲਿਆ ਸਿਵਲ ਕੇਸ ਸੀ।

ਮਾਈਕਲ ਓ'ਡਵਾਇਰ

ਤਸਵੀਰ ਸਰੋਤ, Partition Museum

ਕੇਸ ਤੋਂ ਇੱਕ ਦਿਨ ਪਹਿਲਾਂ ਤੱਕ ਵਕੀਲ ਨਹੀਂ ਸੀ

ਇਸ ਅਦਾਲਤੀ ਕੇਸ ਦਾ ਵੇਰਵਾ “ਦ ਕੇਸ ਦੈਟ ਸ਼ੁੱਕ ਦ ਐਂਪਾਇਰ” ਨਾਮਕ ਕਿਤਾਬ ਵਿੱਚ ਵਿਸਥਾਰ ਨਾਲ ਦਿੱਤਾ ਗਿਆ ਹੈ।

ਮੁਕੱਦਮਾ ਸ਼ੁਰੂ ਹੋਣ ਤੋਂ ਠੀਕ ਇੱਕ ਸ਼ਾਮ ਪਹਿਲਾਂ, ਸ਼ੰਕਰਨ ਨਾਇਰ ਦੇ ਵਕੀਲ, ਸਰ ਜੌਨ ਸਾਈਮਨ ਨੇ ਕੇਸ ਲੜਨ ਤੋਂ ਇਨਕਾਰ ਕਰ ਦਿੱਤਾ।

ਆਖ਼ਰੀ ਸਮੇਂ ‘ਤੇ ਉਹ ਸਰ ਵਾਲਟਰ ਨੂੰ ਨਵਾਂ ਵਕੀਲ ਨਿਯੁਕਤ ਕਰਦੇ ਹਨ।

ਕਿਤਾਬ ਦੇ ਅਨੁਸਾਰ, “ਬਹੁਤ ਸਾਰੀਆਂ ਗੱਲਾਂ ਸਰ ਸ਼ੰਕਰਨ ਨਾਇਰ ਦੇ ਖ਼ਿਲਾਫ਼ ਸਨ। ਇੱਕ ਭਾਰਤੀ ਬ੍ਰਿਟਿਸ਼ ਅਦਾਲਤ ਵਿੱਚ ਇੱਕ ਅੰਗਰੇਜ਼ ਦੇ ਖ਼ਿਲਾਫ਼ ਕੇਸ ਲੜ ਰਿਹਾ ਸੀ। ਜਨਰਲ ਡਵਾਇਰ ਦੇ ਗਵਾਹ ਉੱਘੇ ਲੋਕ ਸਨ ਜੋ ਖੁਦ ਅਦਾਲਤ ਵਿੱਚ ਮੌਜੂਦ ਸਨ।”

ਸਰ ਸ਼ੰਕਰਨ ਨਾਇਰ

“ਦੂਜੇ ਪਾਸੇ, ਸ਼ੰਕਰਨ ਨਾਇਰ ਦੇ ਗਵਾਹ ਆਮ ਭਾਰਤੀ ਸਨ ਅਤੇ ਉਹ ਗਵਾਹ ਵੀ ਭਾਰਤ ਵਿੱਚ ਸਨ, ਇੰਗਲੈਂਡ ਵਿੱਚ ਨਹੀਂ, ਅਤੇ ਉਨ੍ਹਾਂ ਦੀ ਗਵਾਹੀ ਭਾਰਤ ਵਿੱਚ ਲਈ ਗਈ ਸੀ। ਉਹ ਗਵਾਹੀਆਂ ਸਿਰਫ਼ ਅੰਗਰੇਜ਼ੀ ਅਦਾਲਤ ਵਿੱਚ ਪੜ੍ਹ ਕੇ ਸੁਣਾਈਆਂ ਗਈਆਂ ਸਨ, ਜਿਸਦਾ ਉਹ ਪ੍ਰਭਾਵ ਨਹੀਂ ਹੁੰਦਾ ਜਿੰਨਾ ਵਿਅਕਤੀ ਦੇ ਸਾਹਮਣੇ ਖੜ੍ਹੇ ਹੋ ਕੇ ਦਿਖਾਇਆ ਜਾ ਸਕਦਾ ਹੈ।

“ਇੰਗਲੈਂਡ ਵਿੱਚ ਸ਼ੰਕਰਨ ਦੇ ਸਿਰਫ਼ ਦੋ ਗਵਾਹ ਹੀ ਗਵਾਹੀ ਦੇ ਸਕੇ – ਗੈਰਾਲਡ ਵਾਥੇਨ, ਜੋ 1919 ਵਿੱਚ ਖਾਲਸਾ ਕਾਲਜ ਦੇ ਪ੍ਰਿੰਸੀਪਲ ਸਨ, ਅਤੇ ਸਰ ਹਰਕਿਸ਼ਨ ਲਾਲ, ਜੋ ਪੰਜਾਬ ਵਿੱਚ ਮੰਤਰੀ ਰਹੇ ਸਨ।

ਉਨ੍ਹਾਂ ਨੂੰ ਮਾਰਸ਼ਲ ਲਾਅ ਅਧੀਨ ਕੈਦ ਕੀਤਾ ਗਿਆ ਸੀ। ਉਹ ਆਪਣੇ ਖ਼ਰਚੇ ‘ਤੇ ਗਵਾਹੀ ਦੇਣ ਲਈ ਲੰਡਨ ਆਏ ਸਨ।”

ਜਲ੍ਹਿਆਂਵਾਲਾ ਬਾਗ ਕਤਲੇਆਮ ਦੇ ਸਰਵਾਈਵਰ ਉੱਤਮ ਚੰਦ

ਤਸਵੀਰ ਸਰੋਤ, Partition Museum

ਗੁਜਰਾਂਵਾਲਾ ‘ਤੇ ਬੰਬਾਰੀ

ਕਿਤਾਬ ਦੇ ਮੁਤਾਬਕ, “ਜਦੋਂ ਕੇਸ ਚੱਲ ਰਿਹਾ ਸੀ, ਜਨਰਲ ਡਵਾਇਰ ਨੂੰ ਜਲ੍ਹਿਆਂਵਾਲਾ ਬਾਗ ਕਤਲੇਆਮ ਤੋਂ ਬਾਅਦ ਗੁਜਰਾਂਵਾਲਾ ‘ਤੇ ਬੰਬਾਰੀ ਕਰਨ ਦੀ ਗੱਲ ਸਵੀਕਾਰ ਕਰਨੀ ਪਈ ਅਤੇ ਉਸ ਨੇ ਮੰਨਿਆ ਕਿ ਜਹਾਜ਼ ਉਨ੍ਹਾਂ ਦੇ ਹੁਕਮਾਂ ‘ਤੇ ਭੇਜੇ ਗਏ ਸਨ।”

“ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਗੁਜਰਾਂਵਾਲਾ ਦੇ ਬਾਹਰ ਮਾਸੂਮ ਲੋਕਾਂ ‘ਤੇ ਬੰਬਾਰੀ ਕਰਨਾ ਅਤੇ ਮਸ਼ੀਨਗਨ ਨਾਲ ਹਮਲਾ ਕਰਨਾ ਸਹੀ ਸੀ, ਤਾਂ ਡਵਾਇਰ ਨੇ ਕਿਹਾ ਕਿ ਇਹ ਸੰਭਵ ਹੈ ਕਿ ਗੁਜਰਾਂਵਾਲਾ ਦੇ ਇਹ ਲੋਕ ਪੰਜਾਬ ਵਿੱਚ ਅਸ਼ਾਂਤੀ ਫੈਲਾਉਣ ਜਾ ਰਹੇ ਸਨ।”

ਜਦੋਂ ਓ’ਡਵਾਇਰ ਤੋਂ ਕਸੂਰ ਵਿੱਚ ਸਕੂਲੀ ਵਿਦਿਆਰਥੀਆਂ ਦੀ ਕੁੱਟਮਾਰ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਪੂਰਾ ਸਕੂਲ ਅਸ਼ਾਂਤੀ ਫੈਲਾਉਣ ਦੀ ਸਾਜ਼ਿਸ਼ ਵਿੱਚ ਸ਼ਾਮਲ ਸੀ।

“ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਸਕੂਲੀ ਬੱਚਿਆਂ ਨੂੰ ਲਾਹੌਰ ਦੀ ਤੇਜ਼ ਗਰਮੀ ਵਿੱਚ 17 ਮੀਲ ਤੁਰਨ ਦਾ ਹੁਕਮ ਕਿਉਂ ਦਿੱਤਾ ਗਿਆ ਸੀ, ਤਾਂ ਡਵਾਇਰ ਨੇ ਕਿਹਾ ਕਿ ਬਹੁਤ ਸਾਰੇ ਵਿਦਿਆਰਥੀ ਬਾਗ਼ੀ ਹੋ ਗਏ ਸਨ।”

“ਜਦੋਂ ਜਲ੍ਹਿਆਂਵਾਲਾ ਬਾਗ਼ ਬਾਰੇ ਗੱਲ ਕੀਤੀ ਗਈ, ਤਾਂ ਜੱਜ ਨੇ ਜਿਊਰੀ ਨੂੰ ਕਿਹਾ ਕਿ ਸਵਾਲ ਇਹ ਹੈ ਕਿ ਕੀ 5 ਲੱਖ ਲੋਕਾਂ ਦੀ ਜਾਨ ਬਚਾਉਣ ਲਈ ਕੁਝ ਸੌ ਲੋਕਾਂ ਨੂੰ ਮਾਰਨ ਦਾ ਹੱਕ ਹੋਣਾ ਚਾਹੀਦਾ ਹੈ ਜਾਂ ਨਹੀਂ।”

ਇਹ ਮਾਮਲਾ ਭਾਰਤੀ ਅਤੇ ਬ੍ਰਿਟਿਸ਼ ਅਖ਼ਬਾਰਾਂ ਵਿੱਚ ਛਪਣ ਲੱਗਾ, ਅਤੇ ਇਸ ਤਰ੍ਹਾਂ ਪੰਜਾਬ ਵਿੱਚ ਗੋਲੀਬਾਰੀ, ਕਤਲ, ਜਲ੍ਹਿਆਂਵਾਲਾ ਬਾਗ, ਅਤੇ ਇਸ ਮਾਮਲੇ ਦੌਰਾਨ ਫੌਜ ਵਿੱਚ ਜ਼ਬਰਦਸਤੀ ਭਰਤੀ ਦੀਆਂ ਕਹਾਣੀਆਂ ਸਾਹਮਣੇ ਆਉਣ ਲੱਗੀਆਂ।

ਜੱਜ ਦੇ ਰਵੱਈਏ ‘ਤੇ ਸਵਾਲ ਚੁੱਕੇ ਗਏ ਸਨ

ਇਸ ਮਾਮਲੇ ਵਿੱਚ ਜੱਜ ਜਸਟਿਸ ਮੈਕਕਾਰਡੀ ਦੇ ਕਥਿਤ ਪੱਖਪਾਤੀ ਰਵੱਈਏ ਸਬੰਧੀ ਗੰਭੀਰ ਸਵਾਲ ਚੁੱਕੇ ਗਏ ਸਨ।

ਇਸ ‘ਤੇ ਹਾਊਸ ਆਫ਼ ਕਾਮਨਜ਼ ਵਿੱਚ ਵੀ ਬਹਿਸ ਹੋਈ ਅਤੇ ਉਸ ਨੂੰ ਹਟਾਉਣ ਲਈ ਇੱਕ ਮਤਾ ਪੇਸ਼ ਕੀਤਾ ਗਿਆ ਸੀ।

ਡੇਲੀ ਕ੍ਰੋਨਿਕਲ ਨੇ ਕੇਸ ਦੇ ਜੱਜ, ਮੈਕਕਾਰਡੀ ਦੀ ਆਲੋਚਨਾ ਕੀਤੀ।

ਵੈਸਟਮਿੰਸਟਰ ਗਜ਼ਟ ਨੇ ਵੀ ਜੱਜ ਦੇ ਵਿਵਹਾਰ ਦੀ ਨਿੰਦਾ ਕੀਤੀ। ਡੇਲੀ ਨਿਊਜ਼ ਨੇ ਇਨ੍ਹਾਂ ਘਟਨਾਵਾਂ ਨੂੰ ਇੰਗਲੈਂਡ ਦੇ ਜਨਤਕ ਹਿੱਤ ਲਈ ਮੰਦਭਾਗਾ ਦੱਸਿਆ ਅਤੇ ਜੱਜ ਦੇ ਵਿਵਹਾਰ ‘ਤੇ ਅਫਸੋਸ ਪ੍ਰਗਟ ਕੀਤਾ। ਜੱਜ ਮੈਕਕਾਰਡੀ ਨੇ ਬਾਅਦ ਵਿੱਚ ਖੁਦਕੁਸ਼ੀ ਕਰ ਲਈ ਸੀ।

ਜਿਊਰੀ ਦੇ ਸਾਰੇ 12 ਮੈਂਬਰ ਬ੍ਰਿਟਿਸ਼ ਸਨ। ਜਿਊਰੀ ਸਰਬਸੰਮਤੀ ਨਾਲ ਫੈਸਲੇ ‘ਤੇ ਨਹੀਂ ਪਹੁੰਚ ਸਕੀ ਅਤੇ ਫੈਸਲਾ ਸ਼ੰਕਰਨ ਨਾਇਰ ਦੇ ਖਿਲਾਫ 11-1 ਨਾਲ ਆਇਆ।

ਸ਼ੰਕਰਨ ਨਾਇਰ ਨੂੰ ਮਾਈਕਲ ਡਵਾਇਰ ਨੇ ਪੇਸ਼ਕਸ਼ ਕੀਤੀ ਸੀ ਕਿ ਜੇਕਰ ਉਹ ਮੁਆਫ਼ੀ ਮੰਗਦਾ ਹੈ, ਤਾਂ ਉਸ ਨੂੰ ਜੁਰਮਾਨੇ ਅਤੇ ਕੇਸ ਦੇ ਖਰਚਿਆਂ ਤੋਂ ਛੋਟ ਦਿੱਤੀ ਜਾਵੇਗੀ।

ਕਿਤਾਬ ਵਿੱਚ ਲਿਖਿਆ ਹੈ ਕਿ 6 ਜੂਨ 1924 ਨੂੰ ਅਦਾਲਤ ਵਿੱਚ ਉਹ ਦਿਨ ਨਾਇਰ ਲਈ ਮੁਸ਼ਕਲ ਸੀ। ਪਰ ਸ਼ੰਕਰਨ ਨਾਇਰ ਨੇ ਮੁਆਫ਼ੀ ਮੰਗਣ ਤੋਂ ਇਨਕਾਰ ਕਰ ਦਿੱਤਾ।

ਮਹਾਤਮਾ ਗਾਂਧੀ

ਤਸਵੀਰ ਸਰੋਤ, Getty Images

ਜਦੋਂ ਗਾਂਧੀ ਨੇ ਸ਼ੰਕਰਨ ਨਾਇਰ ‘ਤੇ ਲੇਖ ਲਿਖਿਆ

ਹਾਰ ਦੇ ਬਾਵਜੂਦ, ਉਸ ਕੇਸ ਨੂੰ ਅੰਗਰੇਜ਼ਾਂ ਵਿਰੁੱਧ ਆਜ਼ਾਦੀ ਦੀ ਲੜਾਈ ਵਿੱਚ ਮਹੱਤਵਪੂਰਨ ਮੰਨਿਆ ਜਾਂਦਾ ਹੈ।

ਇਸ ਕੇਸ ਨੇ ਭਾਰਤ ਵਿੱਚ ਆਜ਼ਾਦੀ ਅੰਦੋਲਨ ਵਿੱਚ ਨਵਾਂ ਜੀਵਨ ਫੂਕਿਆ ਅਤੇ ਮਹਾਤਮਾ ਗਾਂਧੀ ਦੇ ਜਨ ਅੰਦੋਲਨ ਨੂੰ ਮਜ਼ਬੂਤੀ ਦਿੱਤੀ।

ਗਾਂਧੀ ਨੇ 12 ਜੂਨ 1924 ਨੂੰ ਯੰਗ ਇੰਡੀਆ ਵਿੱਚ ਲਿਖਿਆ- “ਜੱਜ ਸ਼ੁਰੂ ਤੋਂ ਹੀ ਪੱਖਪਾਤੀ ਸੀ। ਇਸ ਕੇਸ ਦੀਆਂ ਰਿਪੋਰਟਾਂ ਨੂੰ ਦਿਨ-ਬ-ਦਿਨ ਪੜ੍ਹਨਾ ਦੁਖਦਾਈ ਸੀ। ਇੱਕ ਬ੍ਰਿਟਿਸ਼ ਜੱਜ ਖੁੱਲ੍ਹ ਕੇ ਉਹ ਸਭ ਕੁਝ ਕਰ ਸਕਦਾ ਹੈ ਜਿਸਦੀ ਕੀਮਤ ਇੱਕ ਭਾਰਤੀ ਨੂੰ ਚੁਕਾਉਣੀ ਪੈਂਦੀ ਹੈ।

“ਮਾਈਕਲ ਡਵਾਇਰ ਦੀ ਚੁਣੌਤੀ ਨੂੰ ਸਵੀਕਾਰ ਕਰਕੇ, ਸਰ ਸ਼ੰਕਰਨ ਨਾਇਰ ਨੇ ਬ੍ਰਿਟਿਸ਼ ਸੰਵਿਧਾਨ ਅਤੇ ਲੋਕਾਂ ਨੂੰ ਅਜ਼ਮਾਇਸ਼ ਵਿੱਚ ਪਾ ਦਿੱਤਾ। ਇਸ ਹਾਰ ਵਿੱਚ ਵੀ, ਸਾਰੇ ਭਾਰਤੀ ਸਰ ਸ਼ੰਕਰਨ ਨਾਇਰ ਨਾਲ ਹਮਦਰਦੀ ਰੱਖਦੇ ਹਨ। ਮੈਂ ਉਨ੍ਹਾਂ ਦੀ ਹਿੰਮਤ ਦੀ ਪ੍ਰਸ਼ੰਸਾ ਕਰਦਾ ਹਾਂ।”

ਜਲ੍ਹਿਆਂਵਾਲਾ ਬਾਗ

ਤਸਵੀਰ ਸਰੋਤ, Getty Images

ਲੰਡਨ ਵਿੱਚ ਲੱਗਿਆ ਹੈ ਸ਼ੰਕਰਨ ਨਾਇਰ ਦਾ ਪੋਰਟਰੇਟ

ਅੱਜ ਵੀ, ਜਲ੍ਹਿਆਂਵਾਲਾ ਬਾਗ ਅਜਾਇਬ ਘਰ ਵਿੱਚ ਸ਼ੰਕਰਨ ਨਾਇਰ ਦੇ ਸਨਮਾਨ ਵਿੱਚ ਇੱਕ ਤਖ਼ਤੀ ਹੈ।

ਉਨ੍ਹਾਂ ਦਾ ਪੋਰਟਰੇਟ ਲੰਡਨ ਦੀ ਨੈਸ਼ਨਲ ਪੋਰਟਰੇਟ ਗੈਲਰੀ ਵਿੱਚ ਲੱਗਾ ਹੈ।

ਭਾਰਤ ਦੀ ਆਜ਼ਾਦੀ ਤੋਂ ਪਹਿਲਾਂ ਹੀ ਸਾਲ 1934 ‘ਚ ਸ਼ੰਕਰਨ ਨਾਇਰ ਦੀ ਮੌਤ ਹੋ ਗਈ ਸੀ।

ਜਲ੍ਹਿਆਂਵਾਲਾ ਬਾਗ ਕਤਲੇਆਮ ਦੀ ਜਾਂਚ ਲਈ ਬਣਾਈ ਗਈ ਹੰਟਰ ਕਮੇਟੀ ਦੇ ਅਨੁਸਾਰ, ਉਸ ਕਤਲੇਆਮ ‘ਚ ਕੁੱਲ 370 ਲੋਕ ਮਾਰੇ ਗਏ ਸਨ।

ਪਰ ਇਤਿਹਾਸਕਾਰਾਂ ਨੇ ਮੌਤਾਂ ਦੀ ਗਿਣਤੀ 1000 ਅਤੇ 1500 ਦੇ ਵਿਚਕਾਰ ਦੱਸਦੇ ਹਨ।

ਅਕਸ਼ੈ ਕੁਮਾਰ

ਸ਼ੰਕਰਨ ਨਾਇਰ ‘ਤੇ ਆਧਾਰਿਤ ਫ਼ਿਲਮ ਕੇਸਰੀ-2 ਬਾਰੇ ਅਕਸ਼ੈ ਕੁਮਾਰ ਕਹਿੰਦੇ ਹਨ, “ਮੈਨੂੰ ਵੀ ਇਸ ਤੋਂ ਪਹਿਲਾਂ ਇਸ ਅਦਾਲਤੀ ਕੇਸ ਬਾਰੇ ਪਤਾ ਨਹੀਂ ਸੀ। ਮੈਂ ਇਹ ਫਿਲਮਾਂ ਇਸ ਲਈ ਕਰ ਰਿਹਾ ਹਾਂ ਕਿਉਂਕਿ ਇਤਿਹਾਸ ਅੰਗਰੇਜ਼ਾਂ ਦੇ ਅਨੁਸਾਰ ਲਿਖਿਆ ਗਿਆ ਹੈ। ਮੈਂ ਅਸਲ ਇਤਿਹਾਸ ਨੂੰ ਲੋਕਾਂ ਦੇ ਸਾਹਮਣੇ ਲਿਆਉਣਾ ਚਾਹੁੰਦਾ ਹਾਂ।”

ਵੈਸੇ, ਜਲ੍ਹਿਆਂਵਾਲਾ ਬਾਗ ਦਾ ਜ਼ਿਕਰ ਹੋਵੇ ਤਾਂ ਦੂਜਾ ਨਾਮ ਡਾਇਰ ਦਾ ਵੀ ਆਉਂਦਾ ਹੈ।

ਨਾਈਜਲ ਕੋਲੇਟ ਨੇ ਡਾਇਰ ਦੀ ਜੀਵਨੀ ‘ਦ ਬੁੱਚਰ ਆਫ਼ ਅੰਮ੍ਰਿਤਸਰ’ ਵਿੱਚ ਲਿਖਿਆ ਹੈ – “ਡਾਇਰ ਦੇ ਅਨੁਸਾਰ, ਅੰਮ੍ਰਿਤਸਰ ਦੀ ਸਥਿਤੀ ਨੂੰ ਜਾਣਨ ਵਾਲਿਆਂ ਨੇ ਕਿਹਾ ਕਿ ਮੈਂ ਸਹੀ ਕੰਮ ਕੀਤਾ। ਪਰ ਕੁਝ ਕਹਿੰਦੇ ਹਨ ਕਿ ਮੈਂ ਗਲਤ ਕੀਤਾ। ਮੈਂ ਸਿਰਫ਼ ਮਰ ਕੇ ਆਪਣੇ ਰੱਬ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਮੈਂ ਸਹੀ ਸੀ ਜਾਂ ਗਲਤ।”

ਬੀਬੀਸੀ ਨਾਲ ਗੱਲ ਕਰਦੇ ਹੋਏ, ਨਾਈਜਲ ਕੋਲੇਟ ਨੇ ਕਿਹਾ ਕਿ ਇਹ ਮੰਗ ਕਈ ਵਾਰ ਚੁੱਕੀ ਗਈ ਹੈ ਕਿ ਬ੍ਰਿਟੇਨ ਨੂੰ ਜਲ੍ਹਿਆਂਵਾਲਾ ਬਾਗ ਲਈ ਅਧਿਕਾਰਤ ਤੌਰ ‘ਤੇ ਮੁਆਫੀ ਮੰਗਣੀ ਚਾਹੀਦੀ ਹੈ ਪਰ ਕਦੇ ਵੀ ਰਸਮੀ ਮੁਆਫੀ ਨਹੀਂ ਮੰਗੀ ਗਈ।

ਇਹ ਵੀ ਪੜ੍ਹੋ

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI