Source :- BBC PUNJABI

 ਸਿਮ ਕਾਰਡ

ਤਸਵੀਰ ਸਰੋਤ, Getty Images

ਹੈਦਰਾਬਾਦ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ‘ਆਪ੍ਰੇਸ਼ਨ ਆਕਟੋਪਸ 3.0’ ਸ਼ੁਰੂ ਕੀਤਾ ਹੈ। ਇਸ ਆਪ੍ਰੇਸ਼ਨ ਦਾ ਮਕਸਦ ਘੋਸਟ ਸਿਮ ਕਾਰਡਾਂ ਦੇ ਨੈੱਟਵਰਕ ਨੂੰ ਨਿਸ਼ਾਨਾ ਬਣਾਉਣਾ ਹੈ।

ਹੈਦਰਾਬਾਦ ਪੁਲਿਸ ਕਮਿਸ਼ਨਰ ਸੱਜਨਾਰ ਨੇ ਇੱਕ ਪ੍ਰੈਸ ਕਾਨਫਰੰਸ ‘ਚ ਦੱਸਿਆ ਕਿ ਸਾਈਬਰ ਅਪਰਾਧਾਂ ‘ਚ ਇਸਤੇਮਾਲ ਹੋਣ ਵਾਲੇ ਘੋਸਟ ਸਿਮ ਕਾਰਡਾਂ ‘ਤੇ ਨਕੇਲ ਕੱਸਣ ਲਈ ‘ਆਪ੍ਰੇਸ਼ਨ ਆਕਟੋਪਸ 3.0’ ਸ਼ੁਰੂ ਕੀਤਾ ਗਿਆ ਹੈ।

ਇਸ ਸਬੰਧ ‘ਚ 75 ਮਾਮਲਿਆਂ ‘ਚ 1194 ਘੋਸਟ ਸਿਮ ਕਾਰਡ ਬਰਾਮਦ ਕੀਤੇ ਗਏ। ਇਸ ਅਭਿਆਨ ਦੌਰਾਨ 13 ਸੂਬਿਆਂ ‘ਚ ਛਾਪੇਮਾਰੀ ਕੀਤੀ ਗਈ ਅਤੇ 66 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਇਨ੍ਹਾਂ ‘ਚੋਂ 44 ਲੋਕ ਘੋਸਟ ਸਿਮ ਕਾਰਡ ਦਾ ਇਸਤੇਮਾਲ ਕਰ ਰਹੇ ਸਨ ਜਦੋਂਕਿ 20 ਲੋਕ ਸਿਮ ਵੇਚਣ ਵਾਲੇ ਏਜੰਟ (ਪੁਆਇੰਟ ਆਫ ਸੇਲ) ਜਾਂ ਟੈਲੀਕਾਮ ਆਪ੍ਰੇਟਰ ਸਨ।

ਪੁਲਿਸ ਕਮਿਸ਼ਨਰ ਸੱਜਨਾਰ ਨੇ ਜਾਣਕਾਰੀ ਦਿੱਤੀ ਹੈ ਕਿ 2 ਲੋਕ ਸਿਮ ਕਾਰਡ ਦੇ ਸਪਲਾਇਰ ਸਨ।

ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੇ 554 ਸਿਮ ਕਾਰਡ ਜ਼ਬਤ ਕੀਤੇ ਹਨ।

ਹੁਣ ਸਵਾਲ ਉੱਠਦਾ ਹੈ ਕਿ ਘੋਸਟ ਸਿਮ ਕਾਰਡ ਕੀ ਹੁੰਦੇ ਹਨ ਅਤੇ ਅਪਰਾਧੀ ਅਜਿਹੇ ਸਿਮ ਕਾਰਡ ਕਿਵੇਂ ਹਾਸਲ ਕਰਦੇ ਹਨ ?

ਘੋਸਟ ਸਿਮ ਕਾਰਡ ਕੀ ਹੁੰਦੇ ਹਨ ?

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਹੈਦਰਾਬਾਦ ਸਾਈਬਰ ਕ੍ਰਾਈਮ ਦੇ ਡਿਪਟੀ ਪੁਲਿਸ ਕਮਿਸ਼ਨਰ ਅਰਵਿੰਦ ਬਾਬੂ ਨੇ ਬੀਬੀਸੀ ਨੂੰ ਦੱਸਿਆ, “ਜੇਕਰ ਕੋਈ ਸਿਮ ਕਿਸੇ ਵਿਅਕਤੀ ਦੇ ਨਾਂਅ ‘ਤੇ ਹੈ ਅਤੇ ਇਸਦਾ ਇਸਤੇਮਾਲ ਕੋਈ ਹੋਰ ਸ਼ਖਸ ਅਪਰਾਧਿਕ ਗਤੀਵਿਧੀਆਂ ਲਈ ਕਰ ਰਿਹਾ ਹੈ ਤਾਂ ਅਜਿਹੇ ਸਿਮ ਕਾਰਡ ਨੂੰ ਘੋਸਟ ਸਿਮ ਕਾਰਡ ਕਿਹਾ ਜਾਂਦਾ ਹੈ।”

ਸਾਈਬਰ ਅਪਰਾਧ ਦੇ ਸ਼ਿਕਾਰ ਵਿਅਕਤੀ ਨੂੰ ਕੀ ਕਰਨਾ ਚਾਹੀਦਾ? ਇਸ ਮਾਮਲੇ ਦੀ ਰਿਪੋਰਟ ਕਿੱਥੇ ਕਰਨੀ ਚਾਹੀਦੀ ਅਤੇ ਅਪਰਾਧਿਆਂ ਦੇ ਜੁਰਮ ਦਾ ਸ਼ਿਕਾਰ ਹੋਣ ਤੋਂ ਖੁਦ ਨੂੰ ਬਚਾਉਣ ਲਈ ਕੀ ਕਰਨਾ ਚਾਹੀਦਾ? ਇਸ ਬਾਰੇ ਉਨ੍ਹਾਂ ਨੇ ਵਿਸਥਾਰ ਨਾਲ ਜਾਣਕਾਰੀ ਦਿੱਤੀ।

ਬਿਨਾਂ ਸਾਡੀ ਜਾਣਕਾਰੀ ਸਾਈਬਰ ਅਪਰਾਧੀ ਅਜਿਹਾ ਕਿਵੇਂ ਕਰਦੇ ਹਨ?

ਡੀਸੀਪੀ ਅਰਵਿੰਦ ਬਾਬੂ ਨੇ ਦੱਸਿਆ, “ਜਦੋਂ ਵੀ ਕੋਈ ਗਾਹਕ ਨਵਾਂ ਸਿਮ ਕਾਰਡ ਲੈਣ ਜਾਂ ਆਪਣੇ ਮੋਬਾਈਲ ਪੋਰਟੇਬਿਲਿਟੀ ਲਈ ਕੇਵਾਈਸੀ ਪ੍ਰਕਿਰਿਆ ਪੂਰੀ ਕਰਨ ਆਉਂਦਾ ਹੈ ਤਾਂ ਬਿਨਾਂ ਉਸਨੂੰ ਜਾਣਕਾਰੀ ਦਿੱਤੇ ਇੱਕ ਹੋਰ ਸਿਮ ਐਕਟਿਵ ਕਰ ਦਿੱਤਾ ਜਾਂਦਾ ਹੈ।”

ਜਾਣਕਾਰੀ ਮੁਤਾਬਕ ਜਦੋਂ ਉਪਭੋਗਤਾ ਦੇ ਬਾਇਓਮੀਟ੍ਰਿਕ ਡਾਟਾ ਨੂੰ ਪ੍ਰੋਸੈਸ ਕੀਤਾ ਜਾਂਦਾ ਹੈ ਤਾਂ ਬਾਇਓਮੀਟ੍ਰਿਕਸ ਨੂੰ ਦੋ ਜਾਂ ਤਿੰਨ ਵਾਰ ਪ੍ਰੋਸੈਸ ਕੀਤਾ ਜਾਂਦਾ ਹੈ। ਇਸ ਦੌਰਾਨ ਇਹ ਕਿਹਾ ਜਾਂਦਾ ਹੈ ਕਿ ਨੈੱਟਵਰਕ ਠੀਕ ਤਰ੍ਹਾਂ ਕੰਮ ਨਹੀਂ ਕਰ ਰਿਹਾ, ਸਰਵਰ ਡਾਊਨ ਹੈ ਜਾਂ ਉਂਗਲਾਂ ਦੇ ਨਿਸ਼ਾਨ ਸਹੀ ਢੰਗ ਨਾਲ ਕੈਪਚਰ ਨਹੀਂ ਹੋਏ ਹਨ।

ਇਸ ਵਾਸਤੇ ਦੂਰ-ਦੁਰੇਡੇ ਪਿੰਡਾਂ ਅਤੇ ਆਦੀਵਾਸੀ ਇਲਾਕਿਆਂ ‘ਚ ਕੈਂਪ ਲਗਾਏ ਜਾਂਦੇ ਹਨ। ਇਨ੍ਹਾਂ ਕੈਂਪਾਂ ਦਾ ਮੁੱਖ ਮਕਸਦ ਬੇਹੱਦ ਗਰੀਬ ਅਤੇ ਅਨਪੜ੍ਹ ਲੋਕਾਂ ਨੂੰ ਨਿਸ਼ਾਨਾ ਬਣਾਉਣਾ ਹੁੰਦਾ ਹੈ। ਉਨ੍ਹਾਂ ਦੇ ਆਧਾਰ ਕਾਰਡ ਅਤੇ ਬਾਇਓਮੀਟ੍ਰਿਕ ਡਾਟਾ ਇਕੱਠੇ ਕਰਕੇ ਉਨ੍ਹਾਂ ਦੇ ਨਾਂਅ ‘ਤੇ ਦੋ ਸਿਮ ਕਾਰਡ ਜਾਰੀ ਕੀਤੇ ਜਾਂਦੇ ਹਨ।

ਹੈਦਰਾਬਾਦ ਸਾਈਬਰ ਅਪਰਾਧ ਦੇ ਡਿਪਟੀ ਪੁਲਿਸ ਕਮਿਸ਼ਨਰ ਅਰਵਿੰਦ ਬਾਬੂ

ਤਸਵੀਰ ਸਰੋਤ, VC Sajjanar,IPS/X.com

ਹੈਦਰਾਬਾਦ ਪੁਲਿਸ ਕਮਿਸ਼ਨਰ ਸੱਜਨਾਰ ਨੇ ਕਿਹਾ, “ਪੁਲਿਸ ਜਾਂਚ ‘ਚ ਇਹ ਵੀ ਪਤਾ ਲੱਗਾ ਹੈ ਕਿ ਨਿਰਦੋਸ਼ ਲੋਕਾਂ ਨੂੰ ਮੁਫ਼ਤ ਇੰਟਰਨੈੱਟ ਦਾ ਲਾਲਚ ਦੇ ਕੇ ਉਨ੍ਹਾਂ ਦੇ ਨਾਂਅ ‘ਤੇ ਸਿਮ ਕਾਰਡ ਬਣਾਏ ਜਾ ਰਹੇ ਹਨ।”

ਜੇ ਅਪਰਾਧੀਆਂ ਦੇ ਹੱਥ ਘੋਸਟ ਸਿਮ ਕਾਰਡ ਲੱਗ ਜਾਵੇ ਤਾਂ ਕੀ ਹੋਵੇਗਾ ?

ਉਨ੍ਹਾਂ ਨੇ ਅੱਗੇ ਕਿਹਾ, “ਸਾਈਬਰ ਅਪਰਾਧੀ ਸਧਾਰਨ ਸਿਮ ਕਾਰਡ ਦੇ ਐਕਟਿਵ ਹੁੰਦਿਆਂ ਹੀ ਇਸ ਨੂੰ ਈ-ਸਿਮ ਕਾਰਡ ਵਿੱਚ ਬਦਲ ਲੈਂਦੇ ਹਨ। ਇਸ ਵਾਸਤੇ ਉਹ ਆਧੁਨਿਕ ਤਕਨੀਕ ਦਾ ਇਸਤੇਮਾਲ ਕਰਦੇ ਹਨ। ਇਸ ਲਈ ਉਨ੍ਹਾਂ ਨੂੰ ਨਜਾਇਸ਼ ਤੌਰ ‘ਤੇ ਐਕਟਿਵ ਕੀਤੇ ਗਏ ਸਿਮ ਕਾਰਡ ਨੂੰ ਵਿਦੇਸ਼ ਲਿਜਾਉਣ ਦੀ ਲੋੜ ਨਹੀਂ ਪੈਂਦੀ।”

ਇਸ ਤਰ੍ਹਾਂ ਦੀ ਜਾਣਕਾਰੀ ਕੁਝ ਹੀ ਸੈਕਿੰਡ ਵਿੱਚ ਵਿਦੇਸ਼ਾਂ ‘ਚ ਮੌਜੂਦ ਪ੍ਰਮੁੱਖ ਸਾਈਬਰ ਅਪਰਾਧ ਗਿਰੋਹਾਂ ਤੱਕ ਪਹੁੰਚ ਜਾਂਦੀ ਹੈ।

ਪੁਲਿਸ ਕਮਿਸ਼ਨਰ ਸੱਜਨਾਰ ਨੇ ਦੱਸਿਆ, “ਨਤੀਜੇ ਵੱਜੋਂ ਵਿਦੇਸ਼ਾਂ ਦੇ ਸਾਈਬਰ ਗਿਰੋਹ ਬਿਨਾਂ ਕਿਸੇ ਰੋਕ-ਟੋਕ ਦੇ ਆਪਣੇ ਫੋਨ ਤੋਂ ਸਾਡੇ ਦੇਸ਼ ਦੇ ਮੋਬਾਈਲ ਨੰਬਰਾਂ ਦਾ ਇਸਤੇਮਾਲ ਕਰ ਰਹੇ ਹਨ ਜਦੋਂਕਿ ਅਸਲ ‘ਚ ਉਨ੍ਹਾਂ ਕੋਲ ਕੋਈ ਸਿਮ ਕਾਰਡ ਨਹੀਂ ਹੈ।”

ਈ-ਸਿਮ ਦਾ ਇਸਤੇਮਾਲ ਕਰ ਕਿਹੜੇ ਅਪਰਾਧ ਕੀਤੇ ਜਾਂਦੇ ਹਨ ?

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਪੁਲਿਸ ਕਮਿਸ਼ਨਰ ਮੁਤਾਬਕ “ਵਿਦੇਸ਼ਾਂ ‘ਚ ਸਰਗਰਮ ਗਿਰੋਹ ਵੱਟਸਐਪ ਅਤੇ ਟੈਲੀਗ੍ਰਾਮ ਅਕਾਊਂਟ ਖੋਲ੍ਹਣ ਲਈ ਭਾਰਤੀ ਮੋਬਾਈਲ ਨੰਬਰਾਂ ਦਾ ਇਸਤੇਮਾਲ ਕਰਦੇ ਹਨ। ਉਹ ਵਿਆਹ ਲਈ ਸਾਥੀ ਲੱਭਣ ਵਾਲੀਆਂ ਵੈੱਬਸਾਈਟ ਜਾਂ ਮਸ਼ਹੂਰ ਡੇਟਿੰਗ ਐਪਸ ‘ਤੇ ਫਰਜ਼ੀ ਪ੍ਰੋਫਾਈਲ ਵੀ ਬਣਾਉਂਦੇ ਹਨ।”

“ਅਜਿਹਾ ਕਰਕੇ ਉਹ ਭੋਲੇ-ਭਾਲੇ ਲੋਕਾਂ ਨੂੰ ਸਾਈਬਰ ਅਪਰਾਧ ਦੇ ਜਾਲ ‘ਚ ਫਸਾ ਲੈਂਦੇ ਹਨ। ਇਸ ਜ਼ਰੀਏ ਇਹ ਅਪਰਾਧੀ ਇਨ੍ਹਾਂ ਲੋਕਾਂ ਤੋਂ ਲੱਖਾਂ-ਕਰੋੜਾਂ ਰੁਪਏ ਵਸੂਲਦੇ ਹਨ।”

ਕੁਝ ਮਾਮਲਿਆਂ ‘ਚ, ਅਜਿਹੇ ਮੋਬਾਈਲ ਨੰਬਰਾਂ ਦਾ ਇਸੇਤਮਾਲ ਸੈਕਸਟਾਰਸ਼ਨ ਗਿਰੋਹਾਂ ਵੱਲੋਂ ਵੀ ਕੀਤਾ ਜਾਂਦਾ ਹੈ। ਇਹ ਗਿਰੋਹ ਨਗਨ ਅਵਸਥਾ ‘ਚ ਲੋਕਾਂ ਨੂੰ ਵੀਡੀਓ ਕਾਲ ਕਰਦੇ ਹਨ ਅਤੇ ਫਿਰ ਇਸ ਦਾ ਇਸਤੇਮਾਲ ਉਨ੍ਹਾਂ ਨੂੰ ਬਲੈਕਮੇਲ ਕਰਨ ਲਈ ਕਰਦੇ ਹਨ।

‘ਡਿਜੀਟਲ ਅਰੈਸਟ’ ਦੇ ਨਾਂਅ ‘ਤੇ ਅਪਰਾਧ ਕਰਨ ਵਾਲੇ ਗਿਰੋਹ ਵੀ ਅਜਿਹੇ ਹੀ ਨੰਬਰਾਂ ਦਾ ਇਸਤੇਮਾਲ ਕਰਦੇ ਹਨ। ਅਜਿਹੇ ਗਿਰੋਹ ਸੀਬੀਆਈ ਜਾਂ ਪੁਲਿਸ ਦਾ ਏਜੰਟ ਹੋਣ ਦਾ ਦਿਖਾਵਾ ਕਰਦੇ ਹਨ। ਉਹ ਲੋਕਾਂ ਨੂੰ ਧਮਕਾਉਂਦੇ ਹਨ ਅਤੇ ਫਿਰ ਉਨ੍ਹਾਂ ਤੋਂ ਪੈਸੇ ਵਸੂਲਦੇ ਹਨ।

ਸੱਜਨਾਰ ਕਹਿੰਦੇ ਹਨ, “ਪੀੜਤ ਆਸਾਨੀ ਨਾਲ ਇਸ ‘ਤੇ ਵਿਸ਼ਵਾਸ ਕਰ ਲੈਂਦੇ ਹਨ ਕਿਉਂਕਿ ਇਹ ਨੰਬਰ ਉਨ੍ਹਾਂ ਦੇ ਆਪਣੇ ਦੇਸ਼ ਦੇ ਹਨ।”

ਉਨ੍ਹਾਂ ਨੇ ਕਿਹਾ ਕਿ ਇਹ ਸਭ ਬਹੁਤ ਹੀ ਤਰਤੀਬਵਾਰ ਤਰੀਕੇ ਨਾਲ ਕੀਤਾ ਜਾਂਦਾ ਹੈ। ਹਜ਼ਾਰਾਂ ਸਿਮ ਕਾਰਡਾਂ ਨੂੰ ਐਕਟਿਵ ਕਰਨ ਦੇ ਆਪਣੇ ਮਿੱਥੇ ਟੀਚੇ ਦੇ ਪੂਰਾ ਹੋਣ ਜਾਣ ਤੋਂ ਬਾਅਦ, ਸਿਮ ਕਾਰਡ ਵੇਚਣ ਵਾਲੇ ਏਜੰਟ ਰਾਤੋਂ-ਰਾਤ ਆਪਣੀਆਂ ਦੁਕਾਨਾਂ ਬੰਦ ਕਰਕੇ ਚਲੇ ਜਾਂਦੇ ਹਨ।

ਸਾਈਬਰ ਅਪਰਾਧ ਦਾ ਸ਼ਿਕਾਰ ਹੋਣ ‘ਤੇ ਕੀ ਕਰੀਏ ?

ਸਾਈਬਰ ਕ੍ਰਾਈਮ

ਜੇਕਰ ਤੁਸੀਂ ਸਾਈਬਰ ਅਪਰਾਧ ਦਾ ਸ਼ਿਕਾਰ ਹੋਏ ਹੋ ਤਾਂ ਜਿੰਨੀ ਜਲਦੀ ਹੋ ਸਕੇ 1930 ‘ਤੇ ਕਾਲ ਕਰੋ ਜਾਂ ਵੈੱਬਸਾਈਟ cybercrime.gov.in ‘ਤੇ ਸ਼ਿਕਾਇਤ ਦਰਜ ਕਰਵਾਓ।

ਜੇਕਰ ਪੀੜਤ ਇੰਕ ਘੰਟੇ ਦੇ ਅੰਦਰ ਸ਼ਿਕਾਇਤ ਦਰਜ ਕਰਵਾਉਂਦਾ ਹੈ ਤਾਂ ਉਸਨੂੰ ਆਪਣਾ ਪੈਸਾ ਵਾਪਸ ਮਿਲਣ ਦੀ ਸੰਭਾਵਨਾ ਵੱਧ ਹੁੰਦੀ ਹੈ।

ਪੁਲਿਸ ਕਮਿਸ਼ਨਰ ਸੱਜਨਾਰ ਨੇ ਕਿਹਾ, “ਮੈਨੂੰ ਲੱਗਦਾ ਹੈ ਕਿ ਸਾਰਿਆਂ ਨੂੰ ਸਾਈਬਰ ਅਪਰਾਧ ਬਾਰੇ ਜਾਗਰੂਕ ਹੋਣਾ ਚਾਹੀਦਾ ਹੈ।”

ਉਨ੍ਹਾਂ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਉਹ ਘੋਸਟ ਸਿਮ ਕਾਰਡ ਦੇ ਨੈੱਟਵਰਕ ਨੂੰ ਲੈਕੇ ਗੰਭੀਰ ਹਨ ਅਤੇ ਉਨ੍ਹਾਂ ਨੇ ਏਅਰਟੈੱਲ, ਜੀਓ ਅਤੇ ਵੋਡਾਫੋਨ ਆਈਡੀਆ ਵਰਗੇ ਦੂਰਸੰਚਾਰ ਆਪ੍ਰੇਟਰਾਂ ਦੇ ਸੀਨੀਅਰ ਅਧਿਕਾਰੀਆਂ ਨੂੰ ਮਿਲਣ ਦਾ ਫੈਸਲਾ ਕੀਤਾ ਹੈ।

ਉਹ ਆਵਾਜਾਈ ਵਿਭਾਗ ਅਤੇ ਟੀਆਰਏਆਈ ਵਰਗੀਆਂ ਕੇਂਦਰੀ ਏਜੰਸੀਆਂ ਦੇ ਨਾਲ ਨਿਯਮਾਂ ‘ਚ ਖਾਮੀਆਂ ਦੂਰ ਕਰਨ ਅਤੇ ਕੇਵਾਈਸੀ ਪ੍ਰਕਿਰਿਆ ਨੂੰ ਹੋਰ ਵੱਧ ਸਖਤ ਬਣਾਉਣ ਲਈ ਵੀ ਚਰਚਾ ਕਰਨਗੇ।

ਅਜਿਹੇ ਅਪਰਾਧਾਂ ਨੂੰ ਰੋਕਣ ਲਈ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ?

ਬਾਇਓਮੀਟ੍ਰਿਕਸ ਦੀ ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਸਾਈਬਰ ਵਿਭਾਗ ਦੇ ਡਿਪਟੀ ਪੁਲਿਸ ਕਮਿਸ਼ਨਰ ਅਰਵਿੰਦ ਬਾਬੂ ਨੇ ਬੀਬੀਸੀ ਨੂੰ ਦੱਸਿਆ ਕਿ ਇਸ ਤਰ੍ਹਾਂ ਦੇ ਸਾਈਬਰ ਅਪਰਾਧਾਂ ਨੂੰ ਰੋਕਣ ਲਈ ਕੀ ਕੀਤਾ ਜਾਣਾ ਚਾਹੀਦਾ ਹੈ।

ਉਨ੍ਹਾਂ ਕਿਹਾ,”ਆਮ ਲੋਕਾਂ ਤੱਕ ਜਾਗਰੂਕਤਾ ਫੈਲਾਉਣਾ ਮਹੱਤਵਪੂਰਨ ਹੈ। ਤੁਹਾਨੂੰ ‘ਸੰਚਾਰਸਾਥੀ’ ਪੋਰਟਲ ‘ਤੇ ਜਾ ਕੇ ਇਹ ਪਤਾ ਲਗਾਉਣਾ ਚਾਹੀਦਾ ਹੈ ਕਿ ਤੁਹਾਡੇ ਨਾਂਅ ‘ਤੇ ਕਿੰਨੇ ਸਿਮ ਕਾਰਡ ਹਨ। ਜੇਕਰ ਤੁਹਾਨੂੰ ਪਤਾ ਚੱਲਦਾ ਹੈ ਕਿ ਤੁਹਾਡੇ ਨਾਂਅ ‘ਤੇ ਅਨਜਾਣੇ ‘ਚ ਹੋਰ ਸਿਮ ਕਾਰਡ ਹਨ ਤਾਂ ਤੁਹਾਨੂੰ ਤੁਰੰਤ ਉਨ੍ਹਾਂ ਸਿਮ ਕਾਰਡਸ ਨੂੰ ਡੀ-ਐਕਟੀਵੇਟ ਕਰ ਦੇਣਾ ਚਾਹੀਦਾ ਹੈ।”

ਸਿਮ ਕਾਰਡ ਖਰੀਦਦੇ ਸਮੇਂ ਜਾਂ ਇੱਕ ਟੈਲੀਕਾਮ ਕੰਪਨੀ ਤੋਂ ਦੂਜੀ ਟੈਲੀਕਾਮ ਕੰਪਨੀ ‘ਚ ਸਵਿੱਚ ਕਰਦੇ ਸਮੇਂ ਸਾਵਧਾਨੀ ਵਰਤਣੀ ਚਾਹੀਦੀ ਹੈ। ਇਸ ਪ੍ਰਕਿਰਿਆ ਦੌਰਾਨ ਇੱਕ ਹੋਰ ਸਿਮ ਕਾਰਡ ਐਕਟਿਵ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ।

ਜੇਕਰ ਦੂਰਸੰਚਾਰ ਕੰਪਨੀ ਤੁਹਾਡੇ ਤੋਂ ਦੂਜੀ ਵਾਰ ਬਾਇਓਮੀਟ੍ਰਿਕਸ ਪ੍ਰਕਿਰਿਆ ਪੂਰੀ ਕਰਨ ਲਈ ਕਹਿੰਦੀ ਹੈ ਤਾਂ ਤੁਹਾਨੂੰ ਇਸ ਬਾਰੇ ਸਵਾਲ ਪੁੱਛਣੇ ਚਾਹੀਦੇ ਹਨ।

ਉਨ੍ਹਾਂ ਨੇ ਕਿਹਾ, “ਨਹੀਂ ਤਾਂ ਤੁਹਾਡੇ ਸਿਮ ਕਾਰਡ ਦੀ ਦੁਰਵਰਤੋਂ ਦੀ ਸੰਭਾਵਨਾ ਹੈ। ਇਸ ਲਈ ਤੁਹਾਨੂੰ ਬਹੁਤ ਸਾਵਧਾਨ ਰਹਿਣਾ ਹੋਵੇਗਾ।”

ਉਨ੍ਹਾਂ ਨੇ ਅੱਗੇ ਕਿਹਾ, “ਮੰਨ ਲਓ ਕਿ ਕੋਈ ਤੁਹਾਨੂੰ ਫੋਨ ਕਰਦਾ ਹੈ ਜਾਂ ਐਸਐਮਐਸ ਭੇਜਦਾ ਹੈ ਅਤੇ ਕਹਿੰਦਾ ਹੈ ਕਿ ਇਹ ਇੱਕ ਮੁਫ਼ਤ ਆਫਰ ਹੈ। ਤੁਸੀਂ ਥੋੜ੍ਹੇ ਜਿਹੇ ਪੈਸੇ ਨਿਵੇਸ਼ ਕਰਕੇ ਬਹੁਤ ਸਾਰਾ ਪੈਸਾ ਕਮਾ ਸਕਦੇ ਹੋ ਜਾਂ ਤੁਸੀਂ ਲਾਟਰੀ ਜਿੱਤ ਲਈ ਹੈ ਤਾਂ ਤੁਹਾਨੂੰ ਇਸ ‘ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ।”

ਸੋਸ਼ਲ ਮੀਡੀਆ ‘ਤੇ ਬਹੁਤ ਸਾਰੇ ਵਿਗਿਆਪਨ ਆਉਂਦੇ ਹਨ। ਤੁਹਾਨੂੰ ਇਸ ਬਾਰੇ ਵੀ ਸਾਵਧਾਨ ਰਹਿਣਾ ਚਾਹੀਦਾ ਹੈ।

ਇਸ ਤੋਂ ਇਲਾਵਾ, ਜੇਕਰ ਕੋਈ ਤੁਹਾਨੂੰ ਫੋਨ ਕਰਕੇ ਕਹੇ ਕਿ ਤੁਹਾਨੂੰ ‘ਡਿਜੀਟਲ ਤੌਰ ‘ਤੇ ਗ੍ਰਿਫ਼ਤਾਰ’ ਕਰ ਲਿਆ ਗਿਆ ਹੈ ਤਾਂ ਘਬਰਾਓ ਨਾ। ਤੁਰੰਤ ਆਪਣੇ ਸਥਾਨਕ ਪੁਲਿਸ ਸਟੇਸ਼ਨ ਨਾਲ ਸੰਪਰਕ ਸਾਧੋ।

ਡਿਪਟੀ ਪੁਲਿਸ ਕਮਿਸ਼ਨ ਅਰਵਿੰਦ ਬਾਬੂ ਨੇ ਕਿਹਾ, “ਅਜਿਹਾ ਕਰਨ ਨਾਲ ਤੁਸੀਂ ਸਾਈਬਰ ਅਪਰਾਧ ਦਾ ਸ਼ਿਕਾਰ ਹੋਣ ਤੋਂ ਬਚ ਸਕੋਗੇ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI