Source :- BBC PUNJABI

ਮਨਮੋਹਨ ਸਿੰਘ

ਤਸਵੀਰ ਸਰੋਤ, Getty Images

26 ਦਸੰਬਰ 2024, 22:29 IST

ਅਪਡੇਟ 57 ਮਿੰਟ ਪਹਿਲਾਂ

ਏਮਜ਼ ਦੇ ਮੁਤਾਬਕ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ 92 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ।

ਉਨ੍ਹਾਂ ਨੂੰ ਸਿਹਤ ਵਿਗੜਣ ਕਾਰਨ ਦਿੱਲੀ ਦੇ ਏਮਜ਼ ਹਸਪਤਾਲ ਵਿੱਚ ਐਮਰਜੈਂਸੀ ਵਾਰਡ ਵਿੱਚ ਭਰਤੀ ਕਰਵਾਇਆ ਗਿਆ ਸੀ, ਜਿਥੇ ਉਨ੍ਹਾਂ ਨੇ ਆਖਰੀ ਸਾਹ ਲਏ।

ਇਸ ਸਭ ਦੇ ਵਿਚਾਲੇ ਏਮਜ਼ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਗਈ ਹੈ। ਇਸ ਮੌਕੇ ਲੋਕ ਸਭਾ ਮੈਂਬਰ ਪ੍ਰਿਯੰਕਾ ਗਾਂਧੀ ਵੀ ਹਸਪਤਾਲ ਪਹੁੰਚੇ ਹਨ।

ਰਾਹੁਲ ਗਾਂਧੀ ਅਤੇ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਬੇਲਗਾਵੀ ਤੋਂ ਦਿੱਲੀ ਲਈ ਰਵਾਨਾ ਹੋ ਗਏ ਹਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਕਸ ਉਪਰ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਦੇਹਾਂਤ ਉਪਰ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ 'ਤੇ ਕਲਿੱਕ ਕਰੋ

ਪ੍ਰਧਾਨ ਮੰਤਰੀ ਮੋਦੀ ਨੇ ਦੁੱਖ ਪ੍ਰਗਟਾਇਆ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਰਹੂਮ ਮਨਮੋਹਨ ਸਿੰਘ ਦੇ ਨਾਲ ਆਪਣੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ, “ਭਾਰਤ ਆਪਣੇ ਸਭ ਤੋਂ ਉੱਘੇ ਨੇਤਾਵਾਂ ਵਿੱਚੋਂ ਇੱਕ ਡਾ. ਮਨਮੋਹਨ ਸਿੰਘ ਜੀ ਦੇ ਦੇਹਾਂਤ ਉਪਰ ਸੋਗ ਮਨਾ ਰਿਹਾ ਹੈ। ਸਾਧਾਰਨ ਪਰਿਵਾਰ ਤੋਂ ਉੱਠ ਕੇ ਇੱਕ ਸਤਿਕਾਰਤ ਅਰਥਸ਼ਾਸਤਰੀ ਬਣੇ। ਉਨ੍ਹਾਂ ਨੇ ਵਿੱਤ ਮੰਤਰੀ ਸਣੇ ਕਈ ਅਹੁਦਿਆਂ ਉਪਰ ਕੰਮ ਕੀਤਾ। ਸਾਲਾਂ ਤੱਕ ਸਾਡੀ ਆਰਥਿਕ ਨੀਤੀ ‘ਤੇ ਆਪਣੀ ਡੂੰਘੀ ਛਾਪ ਛੱਡੀ। ਸੰਸਦ ਦੇ ਅੰਦਰ ਉਨ੍ਹਾਂ ਦਾ ਯੋਗਦਾਨ ਬਹੁਤ ਹੀ ਮਹੱਤਵਪੂਰਨ ਹੈ। ਸਾਡੇ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਉਨ੍ਹਾਂ ਨੇ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਲਈ ਵੱਡੇ ਯਤਨ ਕੀਤੇ।”

ਨਰਿੰਦਰ ਮੋਦੀ ਮਨਮੋਹਨ ਸਿੰਘ ਨੂੰ ਮਿਲਦੇ ਹੋਏ

ਤਸਵੀਰ ਸਰੋਤ, Narendra Modi/X

ਉਨ੍ਹਾਂ ਇੱਕ ਹੋਰ ਪੋਸਟ ਵਿੱਚ ਲਿਖਿਆ, “ਜਦੋਂ ਡਾ. ਮਨਮੋਹਨ ਸਿੰਘ ਜੀ ਪ੍ਰਧਾਨ ਮੰਤਰੀ ਸੀ ਅਤੇ ਮੈਂ ਗੁਜਰਾਤ ਦਾ ਮੁੱਖ ਮੰਤਰੀ ਸੀ, ਉਸ ਸਮੇਂ ਅਸੀਂ ਰੋਜ਼ਾਨਾ ਗੱਲਬਾਤ ਕਰਦੇ ਸਨ। ਅਸੀਂ ਸ਼ਾਸਨ ਨਾਲ ਜੁੜੇ ਵੱਖ-ਵੱਖ ਮੁੱਦਿਆਂ ‘ਤੇ ਡੂੰਘੀ ਚਰਚਾ ਕਰਦੇ ਸੀ। ਉਨ੍ਹਾਂ ਦੀ ਸੂਝ-ਬੂਝ ਅਤੇ ਨਿਮਰਤਾ ਹਮੇਸ਼ਾ ਦੇਖਣ ਨੂੰ ਮਿਲਦੀ ਸੀ। ਇਸ ਦੁੱਖ ਦੀ ਘੜੀ ਵਿੱਚ ਮੇਰੀ ਹਮਦਰਦੀ ਡਾ. ਮਨਮੋਹਨ ਸਿੰਘ ਜੀ ਦੇ ਪਰਿਵਾਰ, ਉਨ੍ਹਾਂ ਦੇ ਦੋਸਤਾਂ ਅਤੇ ਅਣਗਿਣਤ ਪ੍ਰਸ਼ੰਸਕਾਂ ਦੇ ਨਾਲ ਹੈ। ਓਮ ਸ਼ਾਂਤੀ”

ਰਾਹੁਲ ਬੋਲੇ “ਮੈਂ ਆਪਣਾ ਗੁਰੂ ਗੁਆ ਦਿੱਤਾ”

ਰਾਹੁਲ ਗਾਂਧੀ ਮਨਮੋਹਨ ਸਿੰਘ ਨੂੰ ਮਿਲਦੇ ਹੋਏ

ਤਸਵੀਰ ਸਰੋਤ, Rahul Gandhi/x

ਕਾਂਗਰਸ ਦੇ ਆਗੂ ਅਤੇ ਲੋਕ ਸਭਾ ਮੈਂਬਰ ਰਾਹੁਲ ਗਾਂਧੀ ਨੇ ਐਕਸ ਉਪਰ ਪੋਸਟ ਕਰ ਕੇ ਮਨਮੋਹਨ ਸਿੰਘ ਦੇ ਦੇਹਾਂਤ ਉਪਰ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਉਨ੍ਹਾਂ ਲਿਖਿਆ, “ਮਨਮੋਹਨ ਸਿੰਘ ਜੀ ਨੇ ਅਥਾਹ ਬੁੱਧੀ ਅਤੇ ਇਮਾਨਦਾਰੀ ਨਾਲ ਭਾਰਤ ਦੀ ਅਗਵਾਈ ਕੀਤੀ। ਉਨ੍ਹਾਂ ਦੀ ਨਿਮਰਤਾ ਅਤੇ ਅਰਥ ਸ਼ਾਸਤਰ ਦੀ ਡੂੰਘੀ ਸਮਝ ਨੇ ਰਾਸ਼ਟਰ ਨੂੰ ਪ੍ਰੇਰਿਤ ਕੀਤਾ। ਮੇਰੀ ਉਨ੍ਹਾਂ ਦੇ ਪਰਿਵਾਰ ਨਾਲ ਡੂੰਘੀ ਹਮਦਰਦੀ ਹੈ। ਮੈਂ ਆਪਣਾ ਇੱਕ ਸਲਾਹਕਾਰ ਤੇ ਗੁਰੂ ਗੁਆ ਦਿੱਤਾ। ਸਾਡੇ ਵਿੱਚੋਂ ਲੱਖਾਂ ਲੋਕ ਜਿਨ੍ਹਾਂ ਨੇ ਉਨ੍ਹਾਂ ਦੀ ਪ੍ਰਸ਼ੰਸ਼ਾ ਕੀਤੀ, ਉਹ ਉਨ੍ਹਾਂ ਨੂੰ ਬਹੁਤ ਮਾਣ ਨਾਲ ਯਾਦ ਕਰਨਗੇ।”

ਪਾਕਿਸਤਾਨ ਦੇ ਪਿੰਡ ਤੋਂ ਭਾਰਤ ਦੀ ਰਾਜਧਾਨੀ ਤੱਕ

ਮਨਮੋਹਨ ਸਿੰਘ

ਡਾ਼ ਮਨਮੋਹਨ ਸਿੰਘ ਦਾ ਜਨਮ ਅਜੋਕੇ ਪਾਕਿਸਤਾਨ ਦੇ ਗਾਹ (ਪੱਛਮੀ ਪੰਜਾਬ) ਵਿੱਚ 26 ਸਤੰਬਰ 1932 ਨੂੰ ਹੋਇਆ।

ਉਹ ਦੇਸ ਦੇ 13ਵੇਂ ਪ੍ਰਧਾਨ ਮੰਤਰੀ ਬਣੇ ਉਸ ਤੋਂ ਪਹਿਲਾਂ ਉਹ ਵੱਖ-ਵੱਖ ਮਹੱਤਵਪੂਰਨ ਅਤੇ ਜ਼ਿੰਮੇਵਾਰੀ ਵਾਲੇ ਅਹੁਦਿਆਂ ਉੱਪਰ ਰਹੇ।

1982 ਤੋਂ 1985 ਤੱਕ ਉਹ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਰਹੇ।

1985 ਤੋਂ 1987 ਤੱਕ ਉਹ ਤਤਕਾਲੀ ਯੋਜਨਾ ਕਮਿਸ਼ਨ ਜਿਸ ਨੂੰ ਮੋਦੀ ਸਰਕਾਰ ਨੇ ਭੰਗ ਕਰ ਕੇ ਨੀਤੀ ਆਯੋਗ ਵਿੱਚ ਮਿਲਾ ਦਿੱਤਾ, ਦੇ ਉਪ ਚੇਅਰਮੈਨ ਰਹੇ।

ਸਾਲ 1991 ਵਿੱਚ ਉਨ੍ਹਾਂ ਨੂੰ ਵਿਸ਼ਵ ਵਿਦਿਆਲਾ ਆਯੋਗ (ਯੂਜੀਸੀ) ਦਾ ਚੇਅਰਮੈਨ ਲਾ ਦਿੱਤਾ ਗਿਆ।

ਉਹ ਯੂਜੀਸੀ ਦੇ ਚੇਅਰਮੈਨ ਸਨ ਜਦੋਂ ਤਤਕਾਲੀ ਪ੍ਰਧਾਨ ਮੰਤਰੀ ਨਰਸਿੰਮ੍ਹਾ ਰਾਓ ਨੇ ਮਨਮੋਹਨ ਸਿੰਘ ਨੂੰ ਕੇਂਦਰੀ ਵਿੱਤ ਮੰਤਰੀ ਵਜੋਂ ਨਾਮਜ਼ਦ ਕੀਤਾ।

ਜੂਨ 1991 ਵਿੱਚ ਕੇਂਦਰੀ ਕੈਬਨਿਟ ਮੰਤਰੀ ਬਣਨ ਤੋਂ ਬਾਅਦ ਡਾ਼ ਮਨਮੋਹਨ ਸਿੰਘ ਉਸੇ ਸਾਲ ਅਕਤੂਬਰ ਵਿੱਚ ਰਾਜ ਸਭਾ ਦੇ ਮੈਂਬਰ ਬਣੇ।

ਸਦਨ ਵਿੱਚ ਉਨ੍ਹਾਂ ਨੇ ਲਗਾਤਾਰ ਪੰਜ ਵਾਰ ਅਸਾਮ ਦੀ ਨੁਮਾਇੰਦਗੀ ਕੀਤੀ। ਸਾਲ 2019 ਵਿੱਚ ਉਹ ਰਾਜਸਥਾਨ ਤੋਂ ਰਾਜ ਸਭਾ ਦੇ ਮੈਂਬਰ ਬਣੇ।

ਅੰਗਰੇਜ਼ੀ ਅਤੇ ਉਰਦੂ ਦੇ ਮਾਹਰ ਬੁਲਾਰੇ, ਮਨਮੋਹਨ ਸਿੰਘ ਆਪਣੇ ਸਮਿਆਂ ਦਾ ਸਰਬੋਤਮ ਸੰਸਦੀ ਬੁਲਾਰੇ ਰਹੇ ਹਨ।

ਆਪਣੇ ਪਹਿਲੇ ਬਜਟ ਭਾਸ਼ਣ ਵਿੱਚ ਉਨ੍ਹਾਂ ਨੇ ਕਿਹਾ ਸੀ, “ਜਿਸ ਵਿਚਾਰ ਦਾ ਸਮਾਂ ਆ ਚੁੱਕਿਆ ਹੈ, ਉਸ ਨੂੰ ਕੋਈ ਤਾਕਤ ਰੋਕ ਨਹੀਂ ਸਕਦੀ। ਮੈਂ ਇਸ ਸਦਨ ਨੂੰ ਦੱਸਣਾ ਚਾਹਾਂਗਾ ਕਿ ਦੁਨੀਆਂ ਵਿੱਚ ਭਾਰਤ ਦੇ ਇੱਕ ਵੱਡੀ ਆਰਥਿਕ ਸ਼ਕਤੀ ਵਜੋਂ ਉਭਾਰ ਵੀ ਇੱਕ ਅਜਿਹਾ ਹੀ ਵਿਚਾਰ ਹੈ।”

ਉਨ੍ਹਾਂ ਨੇ 1984 ਦੇ ਸਿੱਖ ਕਤਲੇਆਮ ਲਈ ਸੰਸਦ ਵਿੱਚ ਸਰਕਾਰ ਵੱਲੋਂ ਮਾਫੀ ਮੰਗੀ ਅਤੇ ਕਿਹਾ, “ਮੈਂ ਸ਼ਰਮ ਨਾਲ ਆਪਣਾ ਸਿਰ ਝੁਕਾਉਂਦਾ ਹੈ।” ਹਾਲਾਂਕਿ ਡਾ਼ ਸਿੰਘ ਤੋਂ 1984 ਦੇ ਸਿੱਖ ਕਤਲੇਆਮ ਲਈ ਮਾਫੀ ਮੰਗਵਾਉਣ ਲਈ ਕਾਂਗਰਸ ਦੀ ਆਲੋਚਨਾ ਵੀ ਹੋਈ। ਕਿਹਾ ਗਿਆ ਕਿ ਜਿਨ੍ਹਾਂ ਦਾ ਕਤਲੇਆਮ ਕੀਤਾ ਗਿਆ ਉਨ੍ਹਾਂ ਦੇ ਹੀ ਨੁਮਾਇੰਦੇ ਤੋਂ ਮਾਫੀ ਮੰਗਵਾ ਲਈ।

ਸਾਲ 2004 ਤੋਂ 2014 ਤੱਕ ਦੇਸ ਦੇ ਪ੍ਰਧਾਨ ਮੰਤਰੀ ਰਹੇ।

ਆਪਣੇ ਇੱਕ ਭਾਸ਼ਣ ਦੌਰਾਨ ਉਨ੍ਹਾਂ ਨੇ ਕਿਹਾ, “ਇਤਿਹਾਸ ਮੇਰੇ ਨਾਲ ਨਰਮੀ ਦਿਖਾਵੇਗਾ।”

ਆਪਣੇ ਪ੍ਰਧਾਨ ਮੰਤਰੀ ਦੇ ਕਾਰਜਕਾਲ ਬਾਰੇ ਉਨ੍ਹਾਂ ਨੇ ਕਿਹਾ, “ਮੈਂ ਨਹੀਂ ਮੰਨਦਾ ਮੈਂ ਇੱਕ ਕਮਜ਼ੋਰ ਪ੍ਰਧਾਨ ਮੰਤਰੀ ਰਿਹਾ ਹਾਂ…. ਮੈਂ ਇਮਾਦਾਰੀ ਨਾਲ ਮੰਨਦਾ ਹਾਂ ਕਿ ਇਤਿਹਾਸ ਮੇਰੇ ਪ੍ਰਤੀ ਤਤਕਾਲੀ ਮੀਡੀਆ, ਸੰਸਦ ਵਿੱਚ ਵਿਰੋਧੀ ਧਿਰ ਨਾਲੋਂ ਜ਼ਿਆਦਾ ਨਰਮੀ ਦਿਖਾਵੇਗਾ…ਸਿਆਸੀ ਬੰਦਿਸ਼ਾਂ ਦੇ ਮੱਦੇ ਨਜ਼ਰ ਜੋ ਮੈਂ ਕਰ ਸਕਦਾ ਸੀ ਉਹ ਮੈਂ ਸਭ ਤੋਂ ਵਧੀਆ ਕੀਤਾ ਹੈ।”

ਯੂਪੀਏ ਦੀ ਸਰਕਾਰ ‘ਚ 10 ਸਾਲ ਪੀਐੱਮ ਦਾ ਕਾਰਜਕਾਲ

ਮਨਮੋਹਨ ਸਿੰਘ

ਤਸਵੀਰ ਸਰੋਤ, Getty Images

ਯੂਪੀਏ ਦੇ ਪ੍ਰਧਾਨ ਮੰਤਰੀ ਵਜੋਂ ਉਨ੍ਹਾਂ ਨੇ ਦਸ ਸਾਲ ਇੱਕ ਬਹੁਤ ਹੀ ਨਾਜ਼ੁਕ ਗਠਬੰਧਨ ਸਰਕਾਰ ਦੀ ਅਗਵਾਈ ਕੀਤੀ।

ਸਾਲ 2008 ਵਿੱਚ ਸੀਪੀਆਈ (ਐੱਮ) ਨੇ ਅਮਰੀਕਾ ਨਾਲ ਪ੍ਰਮਾਣੂ ਸਮਝੌਤੇ ਕਾਰਨ ਸਰਕਾਰ ਤੋਂ ਹੱਥ ਖਿੱਚ ਲਿਆ। ਜਦੋਂ ਪਾਰਟੀ ਆਗੂ ਸੀਤਾ ਰਾਮ ਯੇਚੁਰੀ ਉਨ੍ਹਾਂ ਨੂੰ 2009 ਵਿੱਚ ਮਿਲਣ ਗਏ ਤਾਂ ਡਾ਼ ਸਿੰਘ ਨੇ ਕਿਹਾ, “ਮੈਨੂੰ ਤੁਹਾਡੀ ਸਲਾਹ ਦੀ ਘਾਟ ਰੜਕਦੀ ਹੈ।”

ਉਹ ਬੋਲਦੇ ਘੱਟ ਸਨ, ਇਸੇ ਲਈ ਉਨ੍ਹਾਂ ਬਾਰੇ ਕਈ ਤਰ੍ਹਾਂ ਦੀਆਂ ਮੀਡੀਆ ਤੇ ਸਿਆਸੀ ਹਲਕਿਆਂ ਵਿੱਚ ਧਾਰਨਾਵਾਂ ਵੀ ਬਣੀਆਂ ਹੋਈਆਂ ਹਨ।

ਉਨ੍ਹਾਂ ਨੂੰ ਗਾਂਧੀ ਪਰਿਵਾਰ ਦਾ ਹਥਠੋਕਾ, ਮੌਨ ਪ੍ਰਧਾਨ ਮੰਤਰੀ ਅਤੇ ਭ੍ਰਿਸ਼ਟ ਯੂਪੀਏ ਸਰਕਾਰ ਦੇ ਮੁਖੀ ਵਜੋਂ ਆਲੋਚਨਾ ਦਾ ਸਾਹਮਣਾ ਕਰਨਾ ਪਿਆ।

ਇੱਥੇ ਅਸੀਂ ਮਨਮੋਹਨ ਸਿੰਘ ਦੇ ਸਿਆਸੀ ਕਰੀਅਰ ਦੇ ਅਜਿਹੇ ਪਲਾਂ ਦੀ ਚਰਚਾ ਕਰਾਂਗੇ ਜੋ ਉਨ੍ਹਾਂ ਦੀ ਸਖ਼ਸੀਅਤ ਉਨ੍ਹਾਂ ਬਾਰੇ ਪੇਸ਼ ਕੀਤੀਆਂ ਧਾਰਨਾਵਾਂ ਨੂੰ ਗਲਤ ਸਾਬਿਤ ਕਰਦੇ ਹਨ।

ਅਮਰੀਕਾ ਪਰਮਾਣੂ ਕਰਾਰ ‘ਤੇ ਅਸਤੀਫ਼ੇ ਦੀ ਪੇਸ਼ਕਸ਼

ਡਾਕਟਰ ਮਨਮੋਹਨ ਸਿੰਘ ਦੇ ਸਿਆਸੀ ਜੀਵਨ ਦੌਰਾਨ ਭਾਰਤ-ਅਮਰੀਕਾ ਪਰਮਾਣੂ ਸਮਝੌਤੇ ਦੌਰਾਨ ਪੈਦਾ ਹੋਏ ਹਾਲਾਤ ਕਾਫ਼ੀ ਔਖ਼ੇ ਪਲ਼ਾਂ ਵਿਚੋਂ ਇੱਕ ਸਨ।

ਪਰ ਮਨਮੋਹਨ ਸਿੰਘ ਦਾ ਮੰਨਣਾ ਸੀ ਕਿ ਇਸ ਨਾਲ ਭਾਰਤ ਦੀ ਆਰਥਿਕਤਾ ਨੂੰ ਲੰਬੇ ਸਮੇਂ ਤੱਕ ਹੁਲਾਰਾ ਮਿਲੇਗਾ।

ਇਹ ਸਮਝੌਤਾ ਕਰਨ ਲਈ ਉਹ ਆਪਣਾ ਪ੍ਰਧਾਨ ਮੰਤਰੀ ਦਾ ਅਹੁਦਾ ਤੱਕ ਕੁਰਬਾਨ ਕਰਨ ਲਈ ਤਿਆਰ ਸਨ।

ਇਹ ਦਾਅਵਾ ਭਾਰਤ ਦੇ ਸਾਬਕਾ ਆਰਥਿਕ ਸਲਾਹਕਾਰ ਮੌਨਟੇਂਕ ਸਿੰਘ ਆਹਲੂਵਾਲੀਆ ਨੇ 17 ਫਰਵਰੀ 2020 ਨੂੰ ਹਿੰਦੂਸਤਾਨ ਟਾਇਮਜ਼ ਵਿੱਚ ਛਪੇ ਇੱਕ ਲੇਖ ਵਿੱਚ ਕੀਤਾ ਸੀ।

ਮੌਂਟੇਕ ਸਿੰਘ ਲਿਖਦੇ ਹਨ ਇੱਕ ਦਿਨ ਸੋਨੀਆ ਗਾਂਧੀ ਨੇ ਉਨ੍ਹਾਂ ਨੂੰ ਮਿਲਣ ਲਈ ਬੁਲਾਇਆ। ਅਜਿਹਾ ਪਹਿਲਾਂ ਕਦੇ ਨਹੀਂ ਹੋਇਆ ਸੀ।

ਮੌਨਟੇਂਕ ਸਿੰਘ ਅੱਗੇ ਲਿਖਦੇ ਹਨ, ”ਪ੍ਰਧਾਨ ਮੰਤਰੀ ਨੇ ਪਰਮਾਣੂ ਸਮਝੌਤਾ ਸਿਰੇ ਨਾ ਚੜ੍ਹਨ ਦੇਣ ਦੀ ਸੂਰਤ ਵਿੱਚ ਅਸਤੀਫਾ ਦੇਣ ਦੀ ਵੀ ਪੇਸ਼ਕਸ਼ ਕੀਤੀ।”

ਸੋਨੀਆ ਗਾਂਧੀ ਨੇ ਮੌਨਟੇਕ ਸਿੰਘ ਨੂੰ ਕਿਹਾ ਕਿ ਉਹ ਮਨਮੋਹਨ ਸਿੰਘ ਨੂੰ ਅਸਤੀਫ਼ਾ ਨਾ ਦੇਣ ਲਈ ਮਨਾਉਣ, ਅਤੇ ਸੋਨੀਆ ਵਲੋਂ ਉਨ੍ਹਾਂ ਦਾ ਸਮਰਥਨ ਦੇਣ ਦਾ ਭਰੋਸਾ ਵੀ ਦੇਣ।

source : BBC PUNJABI