Home rss national punjabi2ਰਾਸ਼ਟਰੀ ਖ਼ਬਰਾਂ ਸਾਲਾਂ ਤੱਕ ਪੱਕੀਆਂ ਸਹੇਲੀਆਂ ਰਹੀਆਂ, ਫਿਰ ਡੀਐੱਨਏ ਟੈਸਟ ਤੋਂ ਪਤਾ ਲੱਗਾ ਕਿ...

ਸਾਲਾਂ ਤੱਕ ਪੱਕੀਆਂ ਸਹੇਲੀਆਂ ਰਹੀਆਂ, ਫਿਰ ਡੀਐੱਨਏ ਟੈਸਟ ਤੋਂ ਪਤਾ ਲੱਗਾ ਕਿ ਉਹ ਤਾਂ ਸਕੀਆਂ ਭੈਣਾਂ ਹਨ

5
0

Source :- BBC PUNJABI

ਮੀਨਾ ਗੇਲਟਿੰਕ ਅਤੇਮੀਨਲ ਤਿਜਸੇਨ

ਤਸਵੀਰ ਸਰੋਤ, Reuters

ਇਨ੍ਹਾਂ ਦੋ ਮਹਿਲਾਵਾਂ ਦੀ ਕਹਾਣੀ ਬਿਲਕੁਲ ਕਿਸੇ ਬਾਲੀਵੁੱਡ ਫ਼ਿਲਮ ਵਰਗੀ ਹੈ।

ਭਾਰਤ ਵਿੱਚ ਜੰਮੀਆਂ ਦੋ ਬੱਚੀਆਂ, ਜਿਨ੍ਹਾਂ ਨੂੰ ਬਚਪਨ ਵਿੱਚ ਦੋ ਵੱਖ-ਵੱਖ ਪਰਿਵਾਰਾਂ ਨੇ ਗੋਦ ਲਿਆ ਸੀ ਅਤੇ ਜੋ ਨੀਦਰਲੈਂਡਜ਼ ਵਿੱਚ ਇੱਕ-ਦੂਜੇ ਦੇ ਨੇੜੇ ਰਹਿੰਦੇ ਹੋਏ ਹੀ ਵੱਡੀਆਂ ਹੋਈਆਂ, ਹੁਣ 40 ਸਾਲ ਦੀ ਉਮਰ ‘ਚ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਉਹ ਸਕੀਆਂ ਭੈਣਾਂ ਹਨ।

1980 ਦੇ ਦਹਾਕੇ ਦੀ ਸ਼ੁਰੂਆਤ ਵਿੱਚ ਜੰਮੀਆਂ ਮੀਨਾ ਗੇਲਟਿੰਕ ਅਤੇ ਮੀਨਲ ਤਿਜਸੇਨ ਨੂੰ ਉਨ੍ਹਾਂ ਦੇ ਜਨਮ ਤੋਂ ਕੁਝ ਹੀ ਮਹੀਨਿਆਂ ਬਾਅਦ ਪੱਛਮੀ ਭਾਰਤ ਦੇ ਸ਼ਹਿਰ ਮੁੰਬਈ ਦੇ ਦੋ ਵੱਖ-ਵੱਖ ਅਨਾਥ ਆਸ਼ਰਮਾਂ ਤੋਂ ਗੋਦ ਲਿਆ ਗਿਆ ਸੀ।

ਆਪਣੀ ਕਿਸ਼ੋਰ ਅਵਸਥਾ ਦੀ ਸ਼ੁਰੂਆਤ ਵਿੱਚ ਦੋਵਾਂ ਦੀ ਮੁਲਾਕਾਤ ਇੱਕ ਪ੍ਰੋਗਰਾਮ ਦੌਰਾਨ ਹੋਈ, ਜਿਸ ਦਾ ਆਯੋਜਨ ਉਸ ਏਜੰਸੀ ਵੱਲੋਂ ਕਰਵਾਇਆ ਗਿਆ ਸੀ, ਜਿਸ ਰਾਹੀਂ ਉਨ੍ਹਾਂ ਨੂੰ ਉਸ ਗੋਦ ਲਿਆ ਸੀ। ਇਸੇ ਪ੍ਰੋਗਰਾਮ ਦੌਰਾਨ ਉਨ੍ਹਾਂ ਦੋਵਾਂ ਨੇ ਮਹਿਸੂਸ ਕੀਤਾ ਕਿ ਉਨ੍ਹਾਂ ਦੀ ਸ਼ਕਲ-ਸੂਰਤ ਅਤੇ ਤੌਰ-ਤਰੀਕਿਆਂ ਵਿੱਚ ਅਦਭੁੱਤ ਸਮਾਨਤਾ ਸੀ, ਜਿਸ ਨੂੰ ਦੇਖ ਕੇ ਦੋਵੇਂ ਹੈਰਾਨ ਰਹਿ ਗਈਆਂ।

ਮੀਨਾ ਗੇਲਟਿੰਕ ਅਤੇ ਮੀਨਲ ਤਿਜਸੇਨ

ਤਸਵੀਰ ਸਰੋਤ, Meena Geltink

ਹੁਣ 43 ਸਾਲ ਦੀ ਹੋ ਚੁੱਕੇ ਮੀਨਾ ਨੂੰ ਉਹ ਦਿਨ ਚੰਗੀ ਤਰ੍ਹਾਂ ਯਾਦ ਹੈ।

ਉਹ ਯਾਦ ਕਰਦਿਆਂ ਕਹਿੰਦੇ ਹਨ, “ਗੋਦ ਲਏ ਗਏ ਸਾਰੇ ਬੱਚਿਆਂ ਨੂੰ ਆਪਸ ‘ਚ ਘੁਲਣ-ਮਿਲਣ ਅਤੇ ਡਿਨਰ ਕਰਨ ਲਈ ਇਕੱਠਾ ਕੀਤਾ ਗਿਆ ਸੀ।”

ਮੀਨਾ ਅਤੇ ਮੀਨਲ ਦੋਵੇਂ ਆਪਣੇ ਦੋਸਤਾਂ ਨਾਲ ਸਨ, ਜਿਨ੍ਹਾਂ ਨੇ ਵੀ ਧਿਆਨ ਦਿੱਤਾ ਕਿ ਉਹ ਇੱਕ-ਦੂਜੇ ਨਾਲ ਕਿੰਨਾ ਜ਼ਿਆਦਾ ਮਿਲਦੀਆਂ ਸਨ।

ਮੀਨਾ ਨੇ ਨੀਦਰਲੈਂਡਜ ਵਿੱਚ ਆਪਣੇ ਘਰ ਤੋਂ ਬੀਬੀਸੀ ਨੂੰ ਦੱਸਿਆ, “ਉਨ੍ਹਾਂ ਨੇ ਕਿਹਾ, ‘ਸ਼ੀਸ਼ੇ ਵਿੱਚ ਆਪਣੇ ਆਪ ਨੂੰ ਦੇਖੋ’।”

“ਅਤੇ ਮੈਂ ਕਿਹਾ, ‘ਹਾਏ ਰੱਬਾ, ਉਸਦਾ ਨੱਕ ਬਿਲਕੁਲ ਮੇਰੇ ਵਰਗਾ ਹੈ! ਸਾਡਾ ਹੱਸਣ ਦਾ ਅੰਦਾਜ਼ ਵੀ ਇੱਕੋ ਜਿਹਾ ਹੈ’।”

“ਡਿਨਰ ਦੌਰਾਨ, ਮੈਂ ਲਗਾਤਾਰ ਉਸੇ ਵੱਲ ਦੇਖਦੀ ਰਹੀ।”

ਅਗਲੇ ਦਿਨ, ਇਨ੍ਹਾਂ ਦੋਵੇਂ ਕੁੜੀਆਂ ਨੇ ਇੱਕ-ਦੂਜੇ ਦੇ ਫ਼ੋਨ ਨੰਬਰ ਅਤੇ ਪਤੇ ਲਏ ਅਤੇ ਸੰਪਰਕ ਵਿੱਚ ਬਣੇ ਰਹਿਣ ਦਾ ਵਾਅਦਾ ਕੀਤਾ।

ਭਾਵੇਂ ਇਸ ਗੱਲ ਦਾ ਕੋਈ ਸੰਕੇਤ ਨਹੀਂ ਸੀ ਕਿ ਉਨ੍ਹਾਂ ਦਾ ਕੋਈ ਖੂਨ ਦਾ ਰਿਸ਼ਤਾ ਸੀ, ਪਰ ਉਨ੍ਹਾਂ ਵਿਚਾਲੇ ਤੁਰੰਤ ਇੱਕ ਜੁੜਾਅ ਜਿਹਾ ਬਣ ਗਿਆ ਅਤੇ ਸਾਲਾਂ ਤੱਕ ਉਹ ਇੱਕ-ਦੂਜੇ ਨੂੰ ਚਿੱਠੀਆਂ ਲਿਖਦੀਆਂ ਰਹੀਆਂ। ਉਹ ਅਕਸਰ ਇੱਕ-ਦੂਜੇ ਨੂੰ “ਸਿਸ” (ਭੈਣ) ਕਹਿ ਕੇ ਬੁਲਾਉਂਦੀਆਂ ਸਨ, ਕਿਉਂਕਿ “ਸਾਨੂੰ ਅਜਿਹਾ ਹੀ ਮਹਿਸੂਸ ਹੁੰਦਾ ਸੀ”।

ਉਹ ਸਕੂਲ, ਦੋਸਤਾਂ, ਮੁੰਡਿਆਂ, ਬਾਹਰ ਘੁੰਮਣ-ਫਿਰਨ ਅਤੇ ਡਾਂਸ ਕਰਨ ਬਾਰੇ ਲਿਖਦੀਆਂ ਸਨ। ਉਹ ਇੱਕ-ਦੂਜੇ ਨੂੰ ਉਨ੍ਹਾਂ ਖੇਡਾਂ ਬਾਰੇ ਦੱਸਦੀਆਂ ਸਨ, ਜੋ ਉਹ ਖੇਡਦੀਆਂ ਸਨ ਅਤੇ ਸੰਗੀਤ ਬਾਰੇ ਗੱਲ ਕਰਦੀਆਂ ਸਨ। ਉਨ੍ਹਾਂ ਨੂੰ ਪਤਾ ਲੱਗਾ ਕਿ ਦੋਵਾਂ ਨੂੰ ‘ਬੈਕਸਟ੍ਰੀਟ ਬੌਇਜ਼’ ਪਸੰਦ ਸਨ।

ਆਪਣੀ ਇੱਕ ਤਸਵੀਰ ਦੇਖਦੀਆਂ ਮੀਨਾ ਅਤੇ ਮੀਨਲ

ਤਸਵੀਰ ਸਰੋਤ, Reuters

ਫਿਰ 15 ਸਾਲ ਪਹਿਲਾਂ, ਉਨ੍ਹਾਂ ਦਾ ਸੰਪਰਕ ਟੁੱਟ ਗਿਆ। ਮੀਨਲ ਫਰਾਂਸ ਚਲੇ ਗਏ ਸਨ ਅਤੇ ਮੀਨਾ ਦਾ ਹਾਲ ਹੀ ਵਿੱਚ ਪਹਿਲਾ ਬੱਚਾ ਹੋਇਆ ਸੀ, ਇਸ ਲਈ ਉਹ ਉਸ ਵਿੱਚ ਰੁੱਝ ਗਏ ਸਨ।

2017 ਵਿੱਚ, ਮੀਨਾ ਭਾਰਤ ਤੋਂ ਗੋਦ ਲਏ ਗਏ ਲੋਕਾਂ ਦੀ ਇੱਕ ਹੋਰ ਮੀਟਿੰਗ ਵਿੱਚ ਸ਼ਾਮਿਲ ਹੋਏ, ਜਿੱਥੇ ਉਨ੍ਹਾਂ ਨੇ ਡੀਐਨਏ ਟੈਸਟਿੰਗ ਬਾਰੇ ਸੁਣਿਆ ਅਤੇ ਖੁਦ ਵੀ ਟੈਸਟ ਕਰਵਾਉਣ ਦਾ ਫ਼ੈਸਲਾ ਕੀਤਾ। ਪਰ ਉਨ੍ਹਾਂ ਨੂੰ ਕੋਈ ਮੈਚ ਨਹੀਂ ਮਿਲਿਆ ਅਤੇ ਇਸ ਸਾਲ ਦੀ ਸ਼ੁਰੂਆਤ ਵਿੱਚ ਉਨ੍ਹਾਂ ਨੇ ਐਪ ਡਿਲੀਟ ਕਰ ਦਿੱਤੀ ਕਿਉਂਕਿ ਉਨ੍ਹਾਂ ਦੇ ਫ਼ੋਨ ਦੀ ਸਟੋਰੇਜ ਭਰ ਗਈ ਸੀ।

ਫਿਰ 20 ਮਈ ਨੂੰ, ਮੀਨਾ ਨੂੰ ਫੇਸਬੁੱਕ ‘ਤੇ ਮੀਨਲ ਦਾ ਇੱਕ ਮੈਸੇਜ ਮਿਲਿਆ।

“‘ਕੀ ਤੈਨੂੰ ਮੈਂ ਯਾਦ ਹਾਂ?'” ਉਸਨੇ ਪੁੱਛਿਆ।

ਮੀਨਲ ਜਦੋਂ ਅਪ੍ਰੈਲ ਵਿੱਚ ਨੀਦਰਲੈਂਡਜ਼ ਵਿੱਚ ਆਪਣੇ ਮਾਪਿਆਂ ਨੂੰ ਮਿਲਣ ਗਏ ਸਨ, ਉਨ੍ਹਾਂ ਨੇ ਡੀਐਨਏ ਟੈਸਟ ਕਰਵਾਇਆ ਸੀ ਅਤੇ ਆਪਣੇ ਟੈਸਟ ਦੇ ਨਤੀਜੇ ਦਾ ਸਕ੍ਰੀਨਸ਼ਾਟ ਵੀ ਨਾਲ ਭੇਜਿਆ ਸੀ।

ਮੀਨਾ ਕਹਿੰਦੇ ਹਨ, “ਮੈਂ ਐਪ ਦੁਬਾਰਾ ਇੰਸਟਾਲ ਕੀਤੀ। ਮੈਂ ਇੰਨੀ ਘਬਰਾਈ ਹੋਈ ਸੀ ਕਿ ਲੌਗ ਇਨ ਕਰਨ ਤੋਂ ਪਹਿਲਾਂ ਮੈਂ 10 ਵਾਰ ਗਲਤ ਪਾਸਵਰਡ ਪਾਏ।”

ਨਤੀਜਾ ਬਿਲਕੁਲ ਸਾਫ਼ ਸੀ – ਦੋਵੇਂ ਮਹਿਲਾਵਾਂ “100% ਮੈਚ” ਸਨ।

ਮੀਨਾ ਦੱਸਦੇ ਹਨ, “ਮੇਰੀ ਇੱਕ ‘ਸਕੀ ਭੈਣ’ ਸੀ, ਜਿਸਦਾ ਮਤਲਬ ਹੈ ਕਿ ਸਾਡੇ ਬਾਇਓਲਾਜਿਕਲ ਮਾਤਾ-ਪਿਤਾ ਇੱਕੋ ਸਨ। ਅਜਿਹਾ ਲੱਗਾ ਜਿਵੇਂ ਮੈਨੂੰ ਐਡ੍ਰੀਨਲਿਨ ਦਾ ਟੀਕਾ ਲੱਗ ਗਿਆ ਹੋਵੇ। ਮੈਂ ਰੋ ਪਈ। ਮੀਨਲ ਮੇਰੀ ਜ਼ਿੰਦਗੀ ਦਾ ਉਹ ਗੁਆਚਿਆ ਹੋਇਆ ਹਿੱਸਾ ਸੀ, ਜਿਸਦਾ ਮੈਂ ਇੰਨੇ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੀ ਸੀ। ਅਸੀਂ ਇੱਕ-ਦੂਜੇ ਨੂੰ ਭੈਣ ਕਿਹਾ।”

“ਇਸ ਡੀਐਨਏ ਮੈਚ ਨੇ ਪੱਕਾ ਕਰ ਦਿੱਤਾ ਕਿ ਸਾਡਾ ਅੰਦਾਜ਼ਾ ਸਹੀ ਸੀ।”

ਫਿਰ ਅਗਸਤ ਦੇ ਇੱਕ ਖੂਬਸੂਰਤ ਦਿਨ ਇਹ ਪੁਰਾਣੀਆਂ ਸਹੇਲੀਆਂ ਪਹਿਲੀ ਵਾਰ ਉਦੋਂ ਮਿਲੀਆਂ, ਜਦੋਂ ਉਨ੍ਹਾਂ ਨੂੰ ਪਤਾ ਲੱਗ ਚੁੱਕਾ ਸੀ ਕਿ ਉਹ ਸਕੀਆਂ ਭੈਣਾਂ ਹਨ।

ਹੁਣ ਤਿੰਨ ਬੱਚਿਆਂ ਦੀ ਮਾਂ ਬਣ ਚੁੱਕੀ ਮੀਨਾ ਕਹਿੰਦੇ ਹਨ, “ਇਹ ਅਦਭੁੱਤ ਸੀ। ਅਜਿਹਾ ਲੱਗਾ ਜਿਵੇਂ ਘਰ ਵਾਪਸੀ ਹੋ ਰਹੀ ਹੋਵੇ। ਸਾਲਾਂ ਤੱਕ, ਮੀਨਲ ਅਤੇ ਮੈਨੂੰ ਆਪਣੇ ਦਿਲਾਂ ਵਿੱਚ ਇੱਕ ਖਾਲੀਪਣ ਮਹਿਸੂਸ ਹੁੰਦਾ ਰਿਹਾ। ਹੁਣ ਸਾਨੂੰ ਲੱਗਦਾ ਹੈ ਕਿ ਅਸੀਂ ਪੂਰੀਆਂ ਹੋ ਗਈਆਂ ਹਾਂ। ਹੁਣ ਸਭ ਕੁਝ ਉਸੇ ਤਰ੍ਹਾਂ ਲੱਗ ਰਿਹਾ ਹੈ, ਜਿਵੇਂ ਹੋਣਾ ਚਾਹੀਦਾ ਸੀ।”

ਉਨ੍ਹਾਂ ਦੇ “ਭਾਵੁਕ ਮਿਲਾਪ” ਬਾਰੇ ਰਿਪੋਰਟ ਕਰਦੇ ਹੋਏ ਸਮਾਚਾਰ ਏਜੰਸੀ ਰਾਇਟਰਜ਼ ਨੇ ਕਿਹਾ, “ਉਨ੍ਹਾਂ ਦੀ ਮੁਲਾਕਾਤ ਵਿੱਚ ਹੰਝੂ, ਜੱਫੀਆਂ ਅਤੇ ਹਾਸਾ-ਮਜ਼ਾਕ ਸ਼ਾਮਿਲ ਸੀ… ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਇਕੱਠਿਆਂ ਆਪਣੀ ਪਹਿਲੀ ਸੈਲਫ਼ੀ ਲਈ।”

ਫਰਾਂਸ ਵਿੱਚ ਆਪਣੇ ਪਾਰਟਨਰ ਅਤੇ ਦੋ ਪੁੱਤਰਾਂ ਨਾਲ ਰਹਿਣ ਵਾਲੇ 44 ਸਾਲ ਦੇ ਮੀਨਲ ਨੇ ਏਜੰਸੀ ਨੂੰ ਦੱਸਿਆ ਕਿ ਜਦੋਂ ਅਪ੍ਰੈਲ ਵਿੱਚ ਉਨ੍ਹਾਂ ਦੇ ਡੀਐਨਏ ਨਤੀਜੇ ਆਏ, ਤਾਂ ਸ਼ੁਰੂ ਵਿੱਚ ਉਨ੍ਹਾਂ ਨੂੰ ਇਹ ਅਹਿਸਾਸ ਹੀ ਨਹੀਂ ਹੋਇਆ ਕਿ ਉਨ੍ਹਾਂ ਦਾ ਮੈਚ ਉਹੀ ਕੁੜੀ ਸੀ, ਜੋ 30 ਸਾਲ ਪਹਿਲਾਂ ਪਹਿਲੀ ਵਾਰ ਮਿਲਣ ‘ਤੇ ਉਨ੍ਹਾਂ ਨਾਲ ਲਿਪਟ ਗਈ ਸੀ।

ਉਨ੍ਹਾਂ ਨੂੰ ਇਹ ਗੱਲ ਉਦੋਂ ਸਮਝ ਆਈ, ਜਦੋਂ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਉਸ ਦੀਆਂ ਤਸਵੀਰਾਂ ਦੇਖੀਆਂ। ”ਮੀਨਾ: ਮੇਰੀ ਭੈਣ। ਮੈਨੂੰ ਯਕੀਨ ਹੀ ਨਹੀਂ ਹੋ ਰਿਹਾ ਸੀ। ਭੈਣਾਂ ਬਣਨ ਤੋਂ ਪਹਿਲਾਂ ਅਸੀਂ ਦੋਸਤ ਸੀ।”

ਉਨ੍ਹਾਂ ਕਿਹਾ, “ਅਸੀਂ ਹਮੇਸ਼ਾ ਤੋਂ ਭੈਣਾਂ ਸਾਂ, ਪਰ ਸਾਨੂੰ ਪਤਾ ਨਹੀਂ ਸੀ।”

ਮੀਨਾ ਗੇਲਟਿੰਕ ਅਤੇ ਮੀਨਲ ਤਿਜਸੇਨ

ਤਸਵੀਰ ਸਰੋਤ, Meena Geltink

ਮੀਨਾ ਅਤੇ ਮੀਨਲ ਨੂੰ ਨੀਦਰਲੈਂਡਜ਼ ਦੇ ਦੋ ਵੱਖ-ਵੱਖ ਜੋੜਿਆਂ ਨੇ ਮੁੰਬਈ ਦੇ ਦੋ ਵੱਖ-ਵੱਖ ਅਨਾਥ ਆਸ਼ਰਮਾਂ ਤੋਂ ਗੋਦ ਲਿਆ ਸੀ।

ਮੀਨਾ ਦੱਸਦੇ ਹਨ ਕਿ ਉਹ ਨੀਦਰਲੈਂਡਜ਼ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਵੱਡੇ ਹੋਏ, ਜਿੱਥੇ ਉਨ੍ਹਾਂ ਦੇ ਮਾਪੇ ਇੱਕ ਪ੍ਰਾਈਵੇਟ ਸਕੂਲ ਵਿੱਚ ਪੜ੍ਹਾਉਂਦੇ ਸਨ।

ਉਹ ਕਹਿੰਦੇ ਹਨ, “ਉਹ ਮੇਰੇ ਅਧਿਆਪਕ ਵੀ ਸਨ। ਉਹ ਬਹੁਤ ਪਿਆਰ ਕਰਨ ਵਾਲੇ ਅਤੇ ਭਰੋਸੇਮੰਦ ਲੋਕ ਸਨ।”

ਉਨ੍ਹਾਂ ਦੇ ਪਿਤਾ ਦੀ ਕੁਝ ਸਾਲ ਪਹਿਲਾਂ ਮੌਤ ਹੋ ਗਈ, ਪਰ ਉਨ੍ਹਾਂ ਦੇ ਮਾਂ ਉਸੇ ਪਿੰਡ ਵਿੱਚ ਰਹਿੰਦੇ ਰਹੇ। ਉਹ ਅੱਗੇ ਕਹਿੰਦੇ ਹੈ, “ਅਸੀਂ ਹਰ ਰੋਜ਼ ਗੱਲ ਕਰਦੇ ਹਾਂ। ਉਹ ਅੱਜ ਵੀ ਮੇਰੇ ਲਈ ਇੱਕ ਸੁਰੱਖਿਅਤ ਥਾਂ ਵਾਂਗ ਹਨ।”

2003 ਵਿੱਚ, 19 ਸਾਲ ਦੀ ਉਮਰ ਵਿੱਚ ਮੀਨਾ ਆਪਣੇ ਮਾਪਿਆਂ ਅਤੇ ਗੋਆ ਤੋਂ ਗੋਦ ਲਏ ਗਏ ਭਰਾ ਦੇ ਨਾਲ ਮੁੰਬਈ ਦੇ ਅਨਾਥ ਆਸ਼ਰਮ ਗਏ ਸਨ।

ਉਨ੍ਹਾਂ ਨੇ ਦੋ ਹਫ਼ਤਿਆਂ ਤੱਕ ਰਿਕਾਰਡ ਦੇਖੇ ਅਤੇ ਮੀਨਾ ਦੇ ਅਸਲੀ ਮਾਪਿਆਂ ਬਾਰੇ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ।

ਮੀਨਾ ਕਹਿੰਦੇ ਹਨ, “ਕਿਉਂਕਿ ਮੇਰੇ ਲਈ ਇਹ ਜਾਣਨਾ ਜ਼ਰੂਰੀ ਸੀ ਕਿ ਮੈਂ ਕਿੱਥੋਂ ਆਈ ਹਾਂ। ਪਰ ਅਨਾਥ ਆਸ਼ਰਮ ਨੇ ਉਨ੍ਹਾਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ।”

ਮੀਨਾ ਗੇਲਟਿੰਕ

ਮਈ ਮਹੀਨੇ ਤੋਂ, ਮੀਨਾ ਅਤੇ ਮੀਨਲ ਹਰ ਦੂਜੇ ਦਿਨ ਗੱਲ ਕਰ ਰਹੀਆਂ ਹਨ। ਉਹ ਇੱਕ-ਦੂਜੇ ਦੇ ਜੀਵਨ ਸਾਥੀਆਂ, ਬੱਚਿਆਂ, ਭਰਾਵਾਂ ਅਤੇ ਮਾਪਿਆਂ ਨੂੰ ਮਿਲ ਚੁੱਕੀਆਂ ਹਨ।

ਮੀਨਾ ਕਹਿੰਦੇ ਹਨ, “ਹਰ ਕੋਈ ਦੇਖਦਾ ਹੈ ਕਿ ਅਸੀਂ ਕਿਵੇਂ ਇੱਕ-ਦੂਜੇ ਦੇ ਮੂੰਹ ਦੀ ਗੱਲ ਕਹਿ ਦਿੰਦੀਆਂ ਹਾਂ, ਜਾਂ ਕਿਵੇਂ ਅਸੀਂ ਇੱਕੋ ਤਰ੍ਹਾਂ ਸਿਰ ਹਿਲਾਉਂਦੀਆਂ ਹਾਂ ਜਾਂ ਤੁਰਦੀਆਂ ਹਾਂ।”

ਉਹ ਕਹਿੰਦੇ ਹਨ ਕਿ ਉਨ੍ਹਾਂ ਨੂੰ ਅਜੇ ਵੀ ਇਸ ਗੱਲ ਦਾ ਅਹਿਸਾਸ ਆਨੰਦ ਦਿੰਦਾ ਰਹਿੰਦਾ ਹੈ ਕਿ ਉਹ ਭੈਣਾਂ ਹਨ।

ਉਨ੍ਹਾਂ ਮੁਤਾਬਕ, “ਕਈ ਵਾਰ ਅਸੀਂ ਦੋ ਘੰਟਿਆਂ ਤੱਕ ਗੱਲਾਂ ਕਰਦੀਆਂ ਰਹਿੰਦੀਆਂ ਹਾਂ ਅਤੇ ਸਮੇਂ ਦਾ ਪਤਾ ਹੀ ਨਹੀਂ ਲੱਗਦਾ। ਫਿਰ ਅਚਾਨਕ ਯਾਦ ਆਉਂਦਾ ਹੈ ਕਿ ਰਾਸ਼ਨ ਖਰੀਦਣਾ ਹੈ ਜਾਂ ਬੱਚਿਆਂ ਨੂੰ ਸਕੂਲ ਤੋਂ ਲੈ ਕੇ ਆਉਣਾ ਹੈ।”

ਮੀਨਾ ਕਹਿੰਦੇ ਹਨ ਕਿ ਇੱਕ ਚੀਜ਼, ਜੋ ਉਹ ਅਤੇ ਉਨ੍ਹਾਂ ਦੀ ਭੈਣ “ਜ਼ਰੂਰ ਕਰਨਾ ਚਾਹੁੰਦੀਆਂ ਹਨ”, ਉਹ ਹੈ ਉਸ ਥਾਂ ਵਾਪਸ ਜਾਣਾ, ਜਿੱਥੋਂ ਇਹ ਸਭ ਕੁਝ ਸ਼ੁਰੂ ਹੋਇਆ ਸੀ।

“ਅਸੀਂ ਕਦੇ ਇਕੱਠਿਆਂ ਭਾਰਤ ਜਾਣਾ ਚਾਹਾਂਗੀਆਂ, ਮੁੰਬਈ ਦੀਆਂ ਸੜਕਾਂ ‘ਤੇ ਇਕੱਠਿਆਂ ਘੁੰਮਣਾ ਚਾਹਾਂਗੀਆਂ।”

“ਅਜਿਹੇ ਵੀ ਪਲ ਆਏ ਜਦੋਂ ਅਸੀਂ ਦੋਵਾਂ ਨੇ ਬਹੁਤ ਇਕੱਲਾਪਣ ਮਹਿਸੂਸ ਕੀਤਾ, ਜਿਵੇਂ ਜਦੋਂ ਮੈਂ ਆਪਣੇ ਪਿਤਾ ਨੂੰ ਗੁਆ ਦਿੱਤਾ ਜਾਂ ਮੇਰਾ ਦਿਲ ਟੁੱਟ ਗਿਆ।”

ਉਹ ਕਹਿੰਦੇ ਹਨ, “ਮੈਨੂੰ ਅਫ਼ਸੋਸ ਹੈ ਕਿ ਅਸੀਂ ਇੱਕ-ਦੂਜੇ ਦੇ ਨਾਲ ਨਹੀਂ ਰਹਿ ਸਕੀਆਂ – ਅਸੀਂ ਖੁਸ਼ੀਆਂ ਸਾਂਝੀਆਂ ਕਰ ਸਕਦੀਆਂ ਸੀ ਅਤੇ ਔਖੇ ਸਮੇਂ ਵਿੱਚ ਇੱਕ-ਦੂਜੇ ਦੀ ਮਦਦ ਕਰ ਸਕਦੀਆਂ ਸੀ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI