Home rss national punjabi2ਰਾਸ਼ਟਰੀ ਖ਼ਬਰਾਂ ਸੂਰ ਦੀ ਕਿਡਨੀ ਇਸ ਵਿਅਕਤੀ ਦੇ ਸਰੀਰ ‘ਚ 271 ਦਿਨਾਂ ਤੱਕ ਕੰਮ...

ਸੂਰ ਦੀ ਕਿਡਨੀ ਇਸ ਵਿਅਕਤੀ ਦੇ ਸਰੀਰ ‘ਚ 271 ਦਿਨਾਂ ਤੱਕ ਕੰਮ ਕਰਦੀ ਰਹੀ, ਫਿਰ ਕੱਢਣਾ ਕਿਉਂ ਪਿਆ

5
0

Source :- BBC PUNJABI

ਮਰੀਜ਼ ਟਿਮ ਐਂਡਰਿਊਜ਼ (ਵਿਚਕਾਰ), ਡਾ. ਤਾਤਸੁਓ ਕਵਾਈ (ਖੱਬੇ) ਅਤੇ ਡਾ. ਲਿਓਨਾਰਡੋ ਰੀਏਲਾ (ਸੱਜੇ)

ਤਸਵੀਰ ਸਰੋਤ, Kate Flock/Massachusetts General Hospital

ਅਮਰੀਕੀ ਡਾਕਟਰਾਂ ਦਾ ਕਹਿਣਾ ਹੈ ਕਿ ਸੂਰ ਤੋਂ ਟ੍ਰਾਂਸਪਲਾਂਟ ਕੀਤੀ ਗਈ ਕਿਡਨੀ ਇੱਕ ਮਰੀਜ਼ ਦੇ ਸਰੀਰ ਵਿੱਚ 271 ਦਿਨਾਂ ਤੱਕ ਕੰਮ ਕਰਦੀ ਰਹੀ – ਜੋ ਹੁਣ ਤੱਕ ਦਾ ਸਭ ਤੋਂ ਲੰਬਾ ਸਮਾਂ ਹੈ।

ਟਿਮ ਐਂਡਰਿਊਜ਼, ਜਿਨ੍ਹਾਂ ਵਿੱਚ ਇਹ ਕਿਡਨੀ ਟ੍ਰਾਂਸਪਲਾਂਟ ਕੀਤੀ ਗਈ ਸੀ, ਨੇ ਕਿਹਾ ਕਿ ਇਸ ਟ੍ਰਾਂਸਪਲਾਂਟ ਨੇ ਉਨ੍ਹਾਂ ਨੂੰ “ਉਮੀਦ” ਦਿੱਤੀ ਅਤੇ ਉਨ੍ਹਾਂ ਨੂੰ ਮਹੀਨਿਆਂ ਤੱਕ ਡਾਇਲਿਸਿਸ ਮਸ਼ੀਨ ਰਾਹੀਂ ਖੂਨ ਸਾਫ਼ ਕਰਵਾਉਣ ਲਈ ਹਸਪਤਾਲ ਜਾਣ ਦੀ ਲੋੜ ਨਹੀਂ ਪਈ।

ਮੈਸ ਜਨਰਲ ਬ੍ਰਿਘਮ ਹਸਪਤਾਲ ਦੀ ਟੀਮ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਕੰਮ ਦਿਖਾਉਂਦਾ ਹੈ ਕਿ ਜਦੋਂ ਤੱਕ ਮਨੁੱਖੀ ਅੰਗ ਟ੍ਰਾਂਸਪਲਾਂਟ ਲਈ ਉਪਲੱਬਧ ਨਾ ਹੋ ਜਾਣ, ਸੂਰ ਦੇ ਅੰਗਾਂ ਦੀ ਵਰਤੋਂ ਇੱਕ “ਬ੍ਰਿਜ” (ਆਖਰੀ ਉਪਾਅ) ਦੇ ਤੌਰ ‘ਤੇ ਕੀਤੀ ਜਾ ਸਕਦੀ ਹੈ।

ਪਰ ਆਖ਼ਿਰਕਾਰ ਟ੍ਰਾਂਸਪਲਾਂਟ ਕੀਤਾ ਗਿਆ ਸੂਰ ਦਾ ਅੰਗ ਕੰਮ ਕਰਨਾ ਬੰਦ ਕਰ ਗਿਆ ਅਤੇ ਉਸ ਨੂੰ ਕੱਢ ਦਿੱਤਾ ਗਿਆ। ਜਿਸ ਕਰਕੇ, ਡੋਨਰ ਮਿਲਣ ਤੋਂ ਪਹਿਲਾਂ ਐਂਡਰਿਊਜ਼ ਨੂੰ ਕੁਝ ਸਮੇਂ ਲਈ ਡਾਇਲਿਸਿਸ ਦੀ ਲੋੜ ਪਈ।

ਟ੍ਰਾਂਸਪਲਾਂਟ ਲਈ ਅੰਗਾਂ ਦੀ ਕਮੀ

ਜਨਵਰੀ 2025 ਵਿੱਚ ਟਿਮ ਐਂਡਰਿਊਜ਼ ਸਰਜਰੀ ਤੋਂ ਪਹਿਲਾਂ

ਤਸਵੀਰ ਸਰੋਤ, Kate Flock/Massachusetts General Hospital

ਡਾਕਟਰ ਅਤੇ ਵਿਗਿਆਨੀ ਜ਼ੇਨੋਟ੍ਰਾਂਸਪਲਾਂਟੇਸ਼ਨ – ਯਾਨੀ ਦੂਜੀਆਂ ਪ੍ਰਜਾਤੀਆਂ ਦੇ ਅੰਗਾਂ ਦੀ ਵਰਤੋਂ – ‘ਤੇ ਰਿਸਰਚ ਕਰ ਰਹੇ ਹਨ, ਕਿਉਂਕਿ ਟ੍ਰਾਂਸਪਲਾਂਟ ਲਈ ਅੰਗਾਂ ਦੀ ਕਮੀ ਹੈ।

ਅਮਰੀਕਾ ਵਿੱਚ, ਲਗਭਗ 100,000 ਲੋਕ ਕਿਡਨੀ ਮਿਲਣ ਦੀ ਉਡੀਕ ਕਰ ਰਹੇ ਹਨ, ਜਦਕਿ ਹਰ ਸਾਲ ਸਿਰਫ਼ 25,000 ਟ੍ਰਾਂਸਪਲਾਂਟ ਹੁੰਦੇ ਹਨ। ਯੂਕੇ ਵਿੱਚ 7,000 ਤੋਂ ਵੱਧ ਲੋਕ ਕਿਡਨੀ ਟ੍ਰਾਂਸਪਲਾਂਟ ਦੀ ਕਤਾਰ ਵਿੱਚ ਹਨ।

ਐਂਡਰਿਊਜ਼ ਨੂੰ ਦੱਸਿਆ ਗਿਆ ਸੀ ਕਿ ਲਿਸਟ ਵਿੱਚ ਸਭ ਤੋਂ ਉੱਪਰ ਆਉਣ ਵਿੱਚ ਸੱਤ ਸਾਲ ਲੱਗ ਸਕਦੇ ਹਨ, ਪਰ ਲੋਕ ਡਾਇਲਿਸਿਸ ‘ਤੇ ਔਸਤਨ ਸਿਰਫ਼ ਪੰਜ ਸਾਲ ਹੀ ਜ਼ਿੰਦਾ ਰਹਿੰਦੇ ਹਨ।

ਉਨ੍ਹਾਂ ਕਿਹਾ, “ਮੇਰੇ ਕੋਲ ਸਮਾਂ ਘੱਟ ਸੀ… ਅਜਿਹੇ ਵਿੱਚ ਬਹੁਤ ਨਿਰਾਸ਼ਾ ਹੋ ਜਾਂਦੀ ਹੈ।”

ਪਰ ਉਨ੍ਹਾਂ ਨੇ ਸੂਰ ਦੇ ਅੰਗ ਦੇ ਟ੍ਰਾਂਸਪਲਾਂਟ ਕਰਨ ਦੇ ਵਿਚਾਰ ਨੂੰ “ਉਮੀਦ” ਅਤੇ “ਮੁਸ਼ਕਿਲ ਹਾਲਾਤ ਵਿੱਚ ਉਮੀਦ ਦੀ ਕਿਰਨ” ਦੱਸਿਆ।

ਉਨ੍ਹਾਂ ਕਿਹਾ, “ਉਮੀਦ ਸਭ ਤੋਂ ਵੱਡੀ ਚੀਜ਼ ਹੈ, [ਡਾਇਲਿਸਿਸ] ਮਸ਼ੀਨ ਤੋਂ ਆਜ਼ਾਦ ਹੋਣ ਅਤੇ ਆਪਣੀ ਜ਼ਿੰਦਗੀ ਜੀਣ ਦਾ ਮੌਕਾ।”

ਜ਼ੇਨੋਟ੍ਰਾਂਸਪਲਾਂਟੇਸ਼ਨ ਦੀ ਪ੍ਰਕਿਰਿਆ

ਤਸਵੀਰ ਵਿੱਚ ਮੈਡੀਕਲ ਟੀਮ ਨਾਲ ਜੁੜੇ ਲੋਕਾਂ ਦੇ ਦੋ ਹੱਥ ਦਿਖਾਈ ਦੇ ਰਹੇ ਹਨ ਜੋ ਇੱਕ ਪਲਾਸਟਿਕ ਬੈਗ ਵਿੱਚ ਬੰਦ ਕੰਟੇਨਰ ਨੇ ਫੜ੍ਹੇ ਹੋਏ ਹਨ, ਜਿਸ ਵਿੱਚ ਕੁਝ ਲਾਲ ਰੰਗ ਦਾ ਪਦਾਰਥ ਨਜ਼ਰ ਆ ਰਿਹਾ ਹੈ।

ਤਸਵੀਰ ਸਰੋਤ, Kate Flock/Massachusetts General Hospital

ਜ਼ੇਨੋਟ੍ਰਾਂਸਪਲਾਂਟੇਸ਼ਨ ਲਈ ਸੂਰਾਂ ਨੂੰ ਆਦਰਸ਼ ਜਾਨਵਰ ਮੰਨਿਆ ਜਾਂਦਾ ਹੈ। ਉਨ੍ਹਾਂ ਦੇ ਅੰਗ ਲਗਭਗ ਸਹੀ ਆਕਾਰ ਦੇ ਹੁੰਦੇ ਹਨ ਅਤੇ ਉਨ੍ਹਾਂ ਨੂੰ ਪਾਲਣ ਦਾ ਕਈ ਸਾਲਾਂ ਦਾ ਤਜਰਬਾ ਹੈ।

ਪਰ ਤੁਸੀਂ ਬਸ ਕਿਸੇ ਪਿਗ ਫਾਰਮ ‘ਤੇ ਜਾ ਕੇ ਤੇ ਸੂਰ ਤੋਂ ਕਿਡਨੀ ਕੱਢ ਕੇ ਕਿਸੇ ਇਨਸਾਨ ਵਿੱਚ ਨਹੀਂ ਲਗਾ ਸਕਦੇ। ਮਨੁੱਖੀ ਸਰੀਰ ਤੁਰੰਤ ਉਸ ਅੰਗ ਨੂੰ ਬਾਹਰੀ ਚੀਜ਼ ਵਜੋਂ ਪਛਾਣ ਲਵੇਗਾ ਅਤੇ ਇੱਕ ਜ਼ਬਰਦਸਤ ਇਮਿਊਨ ਹਮਲਾ ਕਰੇਗਾ, ਜੋ ਕਿਡਨੀ ਨੂੰ ਨੁਕਸਾਨ ਪਹੁੰਚਾਵੇਗਾ।

ਅਜਿਹੇ ਵਿੱਚ, ਕਿਡਨੀ ਕੁਝ ਹੀ ਮਿੰਟਾਂ ਵਿੱਚ ਕਾਲੀ ਪੈ ਜਾਵੇਗੀ ਕਿਉਂਕਿ ਹਰ ਸੈੱਲ ਵਿੱਚ ਛੇਕ ਹੋ ਜਾਣਗੇ ਅਤੇ ਅੰਗ ਦੇ ਅੰਦਰ ਖੂਨ ਦੇ ਥੱਕੇ ਜੰਮ ਜਾਣਗੇ।

ਇਸ ਲਈ ਰਿਸਰਚਰਾਂ ਨੇ ਯੂਕਾਟਾਨ ਮਿਨੀਏਚਰ ਸੂਰ ਵਿਕਸਿਤ ਕੀਤੇ ਹਨ, ਜਿਨ੍ਹਾਂ ਦੇ ਅੰਗਾਂ ਨੂੰ “ਮਨੁੱਖੀ ਅੰਗਾਂ ਵਰਗਾ” ਬਣਾਉਣ ਲਈ 69 ਜੀਨੋਮਿਕ ਬਦਲਾਅ ਕੀਤੇ ਗਏ ਹਨ।

ਇਨ੍ਹਾਂ ਤਬਦੀਲੀਆਂ ਨਾਲ ਸੂਰ ਦੀਆਂ ਕੋਸ਼ਿਕਾਵਾਂ ਦੀਆਂ ਕੁਝ ਅਜਿਹੀਆਂ ਵਿਸ਼ੇਸ਼ਤਾਵਾਂ ਹਟਾ ਦਿੱਤੀਆਂ ਜਾਂਦੀਆਂ ਹਨ, ਜਿਨ੍ਹਾਂ ਨੂੰ ਸਾਡਾ ਇਮਿਊਨ ਸਿਸਟਮ ਪਛਾਣਦਾ ਹੈ ਅਤੇ ਉਨ੍ਹਾਂ ‘ਤੇ ਹਮਲਾ ਕਰਦਾ ਹੈ। ਨਾਲ ਹੀ, ਇਸ ਵਿੱਚ ਕੁਝ ਅਜਿਹਾ ਮਨੁੱਖੀ ਡੀਐੱਨਏ ਜੋੜਿਆ ਗਿਆ, ਜੋ ਕੈਮਫ਼ਲਾਜ਼ ਵਾਲੀ ਜਾਲੀ ਵਾਂਗ ਕੰਮ ਕਰਦਾ ਹੈ, ਤਾਂ ਜੋ ਸੂਰ ਦੇ ਟਿਸ਼ੂ ਨੂੰ ਇਮਿਊਨ ਸਿਸਟਮ ਤੋਂ ਲੁਕਾਇਆ ਜਾ ਸਕੇ। ਕੁਝ ਹੋਰ ਬਦਲਾਅ ਕਰਕੇ ਉਨ੍ਹਾਂ ਵਾਇਰਸਾਂ ਨੂੰ ਅਕਿਰਿਆਸ਼ੀਲ ਕਰ ਦਿੱਤਾ ਗਿਆ, ਜੋ ਇਨਫੈਕਸ਼ਨ ਫੈਲਾਉਣ ਲਈ ਸੂਰ ਦੇ ਡੀਐੱਨਏ ਵਿੱਚ ਲੁਕੇ ਰਹਿੰਦੇ ਹਨ।

ਸੂਰ ਦੀ ਕਿਡਨੀ ਨੇ 271 ਦਿਨਾਂ ਤੱਕ ਕੰਮ ਕੀਤਾ

ਸਰਜਰੀ ਜਾਂ ਕੋਈ ਡਾਕਟਰੀ ਉਪਚਾਰ/ਜਾਂਚ ਕਰਦੇ ਡਾਕਟਰ

ਤਸਵੀਰ ਸਰੋਤ, Kate Flock/Massachusetts General Hospital

ਐਂਡਰਿਊਜ਼ ਨੂੰ ਟਾਈਪ 2 ਡਾਇਬਟੀਜ਼ ਕਾਰਨ ਕਿਡਨੀ ਦੀ ਬਿਮਾਰੀ ਆਖਰੀ ਪੜਾਅ ‘ਤੇ (ਐਂਡ-ਸਟੇਜ ਕਿਡਨੀ ਡਿਜ਼ੀਜ਼) ਸੀ ਅਤੇ ਉਨ੍ਹਾਂ ਦੀਆਂ ਕਿਡਨੀਆਂ ਖ਼ਰਾਬ ਹੋ ਰਹੀਆਂ ਸਨ।

25 ਜਨਵਰੀ, 2025 ਨੂੰ ਜਦੋਂ ਉਨ੍ਹਾਂ ਦਾ ਜ਼ੇਨੋਟ੍ਰਾਂਸਪਲਾਂਟੇਸ਼ਨ (ਜਾਨਵਰ ਤੋਂ ਇਨਸਾਨ ਵਿੱਚ ਅੰਗ ਟ੍ਰਾਂਸਪਲਾਂਟ) ਹੋਇਆ, ਉਦੋਂ ਉਹ 66 ਸਾਲ ਦੇ ਸਨ।

‘ਲੈਂਸੇਟ’ ਮੈਡੀਕਲ ਜਰਨਲ ਵਿੱਚ ਹਾਲ ਹੀ ਵਿੱਚ ਛਪੀ ਜਾਣਕਾਰੀ ਦੇ ਅਨੁਸਾਰ, ਟ੍ਰਾਂਸਪਲਾਂਟ ਕੀਤੀ ਗਈ ਸੂਰ ਦੀ ਕਿਡਨੀ ਨੇ ਤੁਰੰਤ ਕੰਮ ਕਰਨਾ ਸ਼ੁਰੂ ਕਰ ਦਿੱਤਾ।

ਇਹ ਕਿਡਨੀ 271 ਦਿਨਾਂ ਤੱਕ ਕੰਮ ਕਰਦੀ ਰਹੀ, ਜਦੋਂ ਤੱਕ ਕਿ ਉਸੇ ਸਾਲ ਅਕਤੂਬਰ ਵਿੱਚ ਇਸ ਨੂੰ ਕੱਢ ਨਹੀਂ ਦਿੱਤਾ ਗਿਆ। ਇਸ ਤੋਂ ਬਾਅਦ ਟਿਮ ਨੂੰ 82 ਦਿਨਾਂ ਤੱਕ ਡਾਇਲਿਸਿਸ ਦੀ ਲੋੜ ਪਈ, ਜਦੋਂ ਤੱਕ ਕਿ ਉਨ੍ਹਾਂ ਨੂੰ ਇਸ ਸਾਲ ਜਨਵਰੀ ਵਿੱਚ ਇੱਕ ਡੋਨਰ ਤੋਂ ਕਿਡਨੀ ਨਹੀਂ ਮਿਲ ਗਈ। ਉਹ ਮਨੁੱਖੀ ਕਿਡਨੀ ਚੰਗੀ ਤਰ੍ਹਾਂ ਕੰਮ ਕਰ ਰਹੀ ਹੈ।

ਸੰਭਾਵਨਾਵਾਂ ਅਤੇ ਚੁਣੌਤੀਆਂ

1 ਫਰਵਰੀ, 2025 ਨੂੰ ਮੈਸੇਚਿਉਸੇਟਸ ਜਨਰਲ ਹਸਪਤਾਲ ਤੋਂ ਜਾਣ ਵੇਲੇ ਭਾਵੁਕ ਟਿਮ ਐਂਡਰਿਊਜ਼ ਅਤੇ ਉਨ੍ਹਾਂ ਦੇ ਪਤਨੀ ਕੈਰਨ ਇੱਕ ਦੂਜੇ ਨਾਲ

ਤਸਵੀਰ ਸਰੋਤ, Kate Flock/Massachusetts General Hospital

ਮੈਸ ਜਨਰਲ ਬ੍ਰਿਘਮ ਦੇ ਸੈਂਟਰ ਫਾਰ ਟ੍ਰਾਂਸਪਲਾਂਟੇਸ਼ਨ ਸਾਇੰਸਜ਼ ਦੇ ਡਾਕਟਰ ਲਿਓਨਾਰਡੋ ਰੀਏਲਾ ਨੇ ਕਿਹਾ ਕਿ ਟ੍ਰਾਂਸਪਲਾਂਟ ਲਈ ਅੰਗਾਂ ਦੀ ਕਮੀ ਦਾ ਮਤਲਬ ਹੈ ਕਿ “ਅਸੀਂ ਇੱਕ ਸੰਕਟ ਵਿੱਚ ਹਾਂ”।

ਉਨ੍ਹਾਂ ਕਿਹਾ, “ਅਸੀਂ ਉਮੀਦ ਜਗਾਉਣ ਲਈ ਸਖ਼ਤ ਮਿਹਨਤ ਕਰ ਰਹੇ ਹਾਂ ਅਤੇ ਸਾਨੂੰ ਸੱਚਮੁੱਚ ਲੱਗਦਾ ਹੈ ਕਿ ਜ਼ੇਨੋਟ੍ਰਾਂਸਪਲਾਂਟੇਸ਼ਨ ਉਨ੍ਹਾਂ ਮਰੀਜ਼ਾਂ ਲਈ ਇੱਕ ਬਦਲ ਹੋ ਸਕਦਾ ਹੈ, ਜਿਨ੍ਹਾਂ ਕੋਲ ਕੋਈ ਜੀਵਤ ਡੋਨਰ ਨਹੀਂ ਹੈ। ਇਸ ਤਰ੍ਹਾਂ ਨਾਲ ਅਸੀਂ ਸ਼ਾਇਦ ਡਾਇਲਿਸਿਸ ਤੋਂ ਬਚਦੇ ਹੋਏ ਉਨ੍ਹਾਂ ਨੂੰ ਟ੍ਰਾਂਸਪਲਾਂਟ ਤੱਕ ਪਹੁੰਚਾ ਸਕਦੇ ਹਾਂ।”

ਸ਼ੁਰੂਆਤ ਵਿੱਚ ਅਜਿਹੇ ਸੰਕੇਤ ਮਿਲੇ ਸਨ ਕਿ ਐਂਡਰਿਊਜ਼ ਦਾ ਇਮਿਊਨ ਸਿਸਟਮ ਉਸ ਅੰਗ ਨੂੰ ਅਸਵੀਕਾਰ ਕਰ ਰਿਹਾ ਹੈ, ਪਰ ਉਨ੍ਹਾਂ ਦੀ ਦਵਾਈ ਵਿੱਚ ਬਦਲਾਅ ਕਰਕੇ ਇਸ ਦਾ ਸਫਲਤਾਪੂਰਵਕ ਇਲਾਜ ਕਰ ਲਿਆ ਗਿਆ।

ਹਾਲਾਂਕਿ, ਲਗਭਗ ਛੇ ਮਹੀਨਿਆਂ ਬਾਅਦ ਕਿਡਨੀ ਦੀਆਂ ਖੂਨ ਦੀਆਂ ਨਾੜੀਆਂ (ਬਲੱਡ ਵੈਸਲਜ਼) ਖ਼ਰਾਬ ਹੋਣ ਲੱਗ ਪਈਆਂ ਅਤੇ ਅੰਗ ਵਿੱਚ ਸੋਜ ਆ ਗਈ, ਜਿਸ ਤੋਂ ਬਾਅਦ ਉਸਨੇ ਕੰਮ ਕਰਨ ਵਿੱਚ ਦਿੱਕਤ ਪੇਸ਼ ਕੀਤੀ।

ਇਸ ਦਾ ਸਹੀ ਕਾਰਨ ਸਪਸ਼ਟ ਨਹੀਂ ਹੈ ਕਿਉਂਕਿ ਸੂਰ ਦੀ ਕਿਡਨੀ ‘ਤੇ ਐਂਟੀਬਾਡੀਜ਼ ਦੇ ਹਮਲੇ ਦੇ ਕੋਈ ਸੰਕੇਤ ਨਹੀਂ ਮਿਲੇ ਸਨ।

‘ਲੈਂਸੇਟ’ ਵਿੱਚ ਆਪਣੇ ਲੇਖ ਵਿੱਚ ਡਾਕਟਰਾਂ ਨੇ ਕਿਹਾ ਹੈ – “ਇਹ ਮਾਮਲਾ ਕਲੀਨਿਕਲ ਕਿਡਨੀ ਜ਼ੇਨੋਟ੍ਰਾਂਸਪਲਾਂਟੇਸ਼ਨ ਦੀਆਂ ਸੰਭਾਵਨਾਵਾਂ ਅਤੇ ਬਾਕੀ ਬਚੀਆਂ ਚੁਣੌਤੀਆਂ, ਦੋਵਾਂ ਨੂੰ ਦਰਸਾਉਂਦਾ ਹੈ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI