Source :- BBC PUNJABI

ਸੋਲਰ ਫਲੇਅਰ

ਤਸਵੀਰ ਸਰੋਤ, NASA/SDO

50 ਮਿੰਟ ਪਹਿਲਾਂ

ਸੂਰਜ ਦੀ ਗਤੀਵਿਧੀ ਵਿੱਚ ਤੇਜ਼ੀ ਕਾਰਨ ਇੱਕ ਵੱਡੀ ਸੋਲਰ ਫਲੇਅਰ ਭਾਵ ਸੌਰ ਜਵਾਲਾ ਦੇਖੀ ਗਈ ਹੈ, ਜੋ ਕਿ ਇਸ ਸਾਲ ਹੁਣ ਤੱਕ ਦੀ ਸਭ ਤੋਂ ਵੱਡੀ ਸੌਰ ਜਵਾਲਾ ਹੈ। ਨਾਸਾ ਦੇ ਸੋਲਰ ਡਾਇਨਾਮਿਕਸ ਆਬਜ਼ਰਵੇਟਰੀ ਨੇ ਇਸ ਦੀ ਇੱਕ ਤਸਵੀਰ ਵੀ ਖਿੱਚੀ ਹੈ।

ਉੱਚ ਗਤੀਵਿਧੀ ਦੇ ਇਨ੍ਹਾਂ ਦੌਰਾਂ ਦੌਰਾਨ, ਸੂਰਜ ਤੋਂ ਚਾਰਜ ਕਣਾਂ ਦਾ ਇੱਕ ਨਿਰੰਤਰ ਪ੍ਰਵਾਹ, ਜਿਸ ਨੂੰ ਸੂਰਜੀ ਹਵਾ ਕਿਹਾ ਜਾਂਦਾ ਹੈ, ਧਰਤੀ ਨਾਲ ਲਗਾਤਾਰ ਟਕਰਾਉਂਦਾ ਰਹਿੰਦਾ ਹੈ।

ਇਸ ਵਰਤਾਰੇ ਨੂੰ ਪੁਲਾੜ ਮੌਸਮ ਜਾਂ ਸੂਰਜੀ ਤੂਫਾਨ ਕਿਹਾ ਜਾਂਦਾ ਹੈ, ਜੋ ਧਰਤੀ ‘ਤੇ ਤਕਨਾਲੋਜੀ ਨੂੰ ਪ੍ਰਭਾਵਿਤ ਕਰ ਸਕਦਾ ਹੈ। ਹਾਲਾਂਕਿ ਇਹ ਬਿਜਲੀ ਬੰਦ ਵੀ ਕਰ ਸਕਦਾ ਹੈ ਅਤੇ ਪੁਲਾੜ ਵਿੱਚ ਪੁਲਾੜ ਯਾਤਰੀਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ, ਪਰ ਜ਼ਮੀਨ ‘ਤੇ ਮਨੁੱਖਾਂ ਲਈ ਨੁਕਸਾਨਦੇਹ ਨਹੀਂ ਹੈ।

ਸੌਰ ਫਲੇਅਰਸ ਅਤੇ ਸੌਰ ਤੂਫਾਨ ਕੀ ਹਨ?

ਸੂਰਜ ਦੀ ਸਤ੍ਹਾ ਉੱਤੇ ਗਤੀਵਿਧੀ

ਤਸਵੀਰ ਸਰੋਤ, Getty Images

ਸੌਰ ਤੂਫਾਨ ਸਾਡੇ ਸੂਰਜ ਦੇ ਸੂਰਜੀ ਚੱਕਰ ਦਾ ਇੱਕ ਆਮ ਹਿੱਸਾ ਹਨ। ਇਹ ਉਦੋਂ ਵਾਪਰਦੇ ਹਨ ਜਦੋਂ ਸੂਰਜ, ਸੂਰਜੀ ਫਲੇਅਰਸ ਅਤੇ ਕੋਰੋਨਲ ਮਾਸ ਇਜੈਕਸ਼ਨ (CMEs) ਦੇ ਰੂਪ ਵਿੱਚ ਵਿਸ਼ਾਲ ਧਮਾਕੇ ਛੱਡਦਾ ਹੈ – ਜਿਸ ਨਾਲ ਪ੍ਰਕਾਸ਼, ਊਰਜਾ ਅਤੇ ਸੂਰਜੀ ਪਦਾਰਥ ਪੁਲਾੜ ਵਿੱਚ ਫੈਲਦੇ ਹਨ।

ਸੋਲਰ ਫਲੇਅਰ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ ਹਨ ਜੋ ਸੂਰਜ ਤੋਂ ਪ੍ਰਕਾਸ਼ ਦੀ ਗਤੀ ਨਾਲ ਯਾਤਰਾ ਕਰਦੇ ਹਨ ਅਤੇ ਅੱਠ ਮਿੰਟਾਂ ਵਿੱਚ ਧਰਤੀ ‘ਤੇ ਪਹੁੰਚ ਜਾਂਦੇ ਹਨ।

ਇਹ ਅਕਸਰ CMEs ਦੇ ਨਾਲ ਹੁੰਦੇ ਹਨ, ਜੋ ਕਿ ਚਾਰਜਡ ਊਰਜਾ ਦੇ ਵਿਸ਼ਾਲ ਧਮਾਕੇ ਹੁੰਦੇ ਹਨ ਅਤੇ ਇੰਨੇ ਤੇਜ਼ ਨਹੀਂ ਹੁੰਦੇ ਕਿ ਲੱਖਾਂ ਮੀਲ (ਜਾਂ ਕਿਲੋਮੀਟਰ) ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਯਾਤਰਾ ਕਰ ਸਕਣ।

ਸੂਰਜੀ ਤੂਫਾਨ ਵੱਖ-ਵੱਖ ਸ਼ਕਤੀਆਂ ਨਾਲ ਧਰਤੀ ਤੱਕ ਪਹੁੰਚ ਸਕਦੇ ਹਨ।

ਸੂਰਜੀ ਊਰਜਾ ਅਸਮਾਨ ਵਿੱਚ ਚਮਕਦਾਰ ਰੌਸ਼ਨੀਆਂ ਪੈਦਾ ਕਰ ਸਕਦੀ ਹੈ ਜਿਸ ਨੂੰ ਔਰੋਰਾ ਕਿਹਾ ਜਾਂਦਾ ਹੈ, ਜਿਨ੍ਹਾਂ ਨੂੰ ਉੱਤਰੀ ਰੌਸ਼ਨੀਆਂ ਜਾਂ ਦੱਖਣੀ ਰੌਸ਼ਨੀਆਂ (ਨਾਰਦਨ ਅਤੇ ਸਦਰਨ ਲਾਈਟਸ) ਵੀ ਕਿਹਾ ਜਾਂਦਾ ਹੈ।

ਔਰੋਰਾ

ਤਸਵੀਰ ਸਰੋਤ, Anadolu via Getty Images

ਸੂਰਜੀ ਤੂਫਾਨ ਦਾ ਧਰਤੀ ‘ਤੇ ਕੀ ਪ੍ਰਭਾਵ ਪੈ ਸਕਦਾ ਹੈ?

ਨਾਸਾ ਦੇ ਅਨੁਸਾਰ, ਸੂਰਜੀ ਫਲੇਅਰਸ ਅਤੇ ਸੂਰਜੀ ਵਿਸਫੋਟ ਨਾਲ ਧਰਤੀ ‘ਤੇ ਰੇਡੀਓ ਸੰਚਾਰ, ਬਿਜਲੀ ਪਾਵਰ ਗਰਿੱਡ ਅਤੇ ਨੈਵੀਗੇਸ਼ਨ ਸਿਗਨਲ ਪ੍ਰਭਾਵਿਤ ਹੋ ਸਕਦੇ ਹਨ।

2017 ਵਿੱਚ, ਸੂਰਜ ਦੀ ਸਤ੍ਹਾ ਤੋਂ ਦੋ ਵਿਸ਼ਾਲ ਸੂਰਜੀ ਭਾਂਬੜ ਉੱਠੇ ਸਨ, ਜਿਸ ਨਾਲ ਜੀਪੀਐਸ ਨੈਵੀਗੇਸ਼ਨ ਪ੍ਰਣਾਲੀਆਂ ਵਰਗੇ ਯੰਤਰਾਂ ਵਿੱਚ ਵਿਘਨ ਪਿਆ।

ਫਰਵਰੀ 2011 ਵਿੱਚ, ਇੱਕ ਸ਼ਕਤੀਸ਼ਾਲੀ ਸੂਰਜੀ ਫਲੇਅਰ ਨੇ ਪੂਰੇ ਚੀਨ ਵਿੱਚ ਰੇਡੀਓ ਸੰਚਾਰ ਵਿੱਚ ਵਿਘਨ ਪਾ ਦਿੱਤਾ ਸੀ।

ਇਹ ਵੀ ਪੜ੍ਹੋ-

ਇਸ ਤੋਂ ਪਹਿਲਾਂ 1989 ਵਿੱਚ, ਇੱਕ ਸੂਰਜੀ ਫਲੇਅਰ ਕਾਰਨ ਕੈਨੇਡੀਅਨ ਸੂਬੇ ਕਿਊਬੈਕ ਵਿੱਚ ਬਿਜਲੀ ਚਲੀ ਗਈ ਸੀ ਅਤੇ ਲੱਖਾਂ ਲੋਕਾਂ ਨੂੰ ਨੌਂ ਘੰਟੇ ਬਲੈਕਆਊਟ ‘ਚ ਹੀ ਰਹਿਣਾ ਪਿਆ।

ਇਸੇ ਤਰ੍ਹਾਂ 1859 ਵਿੱਚ, ਇੱਕ ਵਿਸ਼ਾਲ ਸੂਰਜੀ ਵਿਸਫੋਟ ਕਾਰਨ ਇੱਕ ਭੂ-ਚੁੰਬਕੀ ਤੂਫ਼ਾਨ ਆਇਆ ਜਿਸ ਨੇ ਵਿਕਟੋਰੀਅਨ ਰੇਲਵੇ ਸਿਗਨਲ ਸਿਸਟਮ ਅਤੇ ਟੈਲੀਗ੍ਰਾਫ ਲਾਈਨਾਂ ਨੂੰ ਨੁਕਸਾਨ ਪਹੁੰਚਾਇਆ ਸੀ।

ਅਤੇ ਇਹ ਅੱਜ ਵੀ ਇੱਕ ਖਰਤਨਾਕ ਜਾਪਦਾ ਹੈ। ਲੈਂਕੈਸਟਰ ਯੂਨੀਵਰਸਿਟੀ ਦੇ ਇੱਕ ਅਧਿਐਨ ਮੁਤਾਬਕ, ਬ੍ਰਿਟੇਨ ਦੇ ਰੇਲ ਨੈੱਟਵਰਕ ਨੂੰ ਇੱਕ ਤੂਫਾਨ ਲਈ ਤਿਆਰ ਰਹਿਣ ਦੀ ਚੇਤਾਵਨੀ ਦਿੱਤੀ ਗਈ ਹੈ ਜੋ ਨੈੱਟਵਰਕ ਨੂੰ ਵਿਗਾੜ ਸਕਦਾ ਹੈ, ਭਾਵੇਂ ਅਜਿਹਾ ਹੋਣ ਦੀ ਸੰਭਾਵਨਾ ਖਾਸੀ ਘੱਟ ਹੈ।

ਸੂਰਜੀ ਤੂਫਾਨ ਕਿੰਨੀ ਵਾਰ ਆਉਂਦੇ ਹਨ?

ਪੁਲਾੜ

ਤਸਵੀਰ ਸਰੋਤ, Getty Images

ਸੂਰਜ ਬਿਜਲੀ ਨਾਲ ਚਾਰਜ ਹੋਣ ਵਾਲੀ ਗਰਮ ਗੈਸ ਤੋਂ ਬਣਿਆ ਹੈ ਜੋ ਗਤੀ ਕਰਦੀ ਹੈ ਅਤੇ ਇੱਕ ਸ਼ਕਤੀਸ਼ਾਲੀ ਚੁੰਬਕੀ ਖੇਤਰ ਪੈਦਾ ਕਰਦੀ ਹੈ।

ਇਹ ਖੇਤਰ ਇੱਕ ਚੱਕਰ ਵਿੱਚੋਂ ਲੰਘਦਾ ਹੈ, ਜਿਸ ਨੂੰ ਸੂਰਜੀ ਚੱਕਰ ਕਿਹਾ ਜਾਂਦਾ ਹੈ। ਨਤੀਜੇ ਵਜੋਂ, ਸੂਰਜ ਦੀ ਸਤ੍ਹਾ ਨਿਯਮਿਤ ਤੌਰ ‘ਤੇ ਸ਼ਾਂਤ ਅਤੇ ਤੂਫਾਨੀ ਗਤੀਵਿਧੀਆਂ ਦਾ ਅਨੁਭਵ ਕਰਦੀ ਹੈ।

ਹਰ 11 ਸਾਲ ਜਾਂ ਇਸ ਤੋਂ ਬਾਅਦ, ਸੂਰਜੀ ਚੱਕਰ ਦੇ ਸਿਖਰ ‘ਤੇ, ਸੂਰਜ ਦੇ ਉੱਤਰੀ ਅਤੇ ਦੱਖਣੀ ਧਰੁਵਾਂ ‘ਤੇ ਚੁੰਬਕੀ ਖੇਤਰ ਆਪਣਾ ਸਥਾਨ ਬਦਲਦੇ ਹਨ।

ਨਾਸਾ ਅਤੇ ਅਮਰੀਕਾ ਦੇ ਨੈਸ਼ਨਲ ਓਸ਼ੀਅਨਿਕ ਐਂਡ ਐਟਮੌਸਫੀਅਰਿਕ ਐਡਮਿਨਿਸਟ੍ਰੇਸ਼ਨ (ਐਨਓਏਏ) ਦੁਆਰਾ ਸਹਿ-ਪ੍ਰਯੋਜਿਤ ਮਾਹਿਰਾਂ ਦੇ ਇੱਕ ਅੰਤਰਰਾਸ਼ਟਰੀ ਸਮੂਹ ਦੇ ਅਨੁਸਾਰ, ਮੌਜੂਦਾ ਚੱਕਰ, ਜਿਸ ਨੂੰ ਸੋਲਰ ਸਾਈਕਲ 25 ਕਿਹਾ ਜਾਂਦਾ ਹੈ, ਦਸੰਬਰ 2019 ਵਿੱਚ ਸ਼ੁਰੂ ਹੋਇਆ ਸੀ।

ਸੂਰਜ

ਤਸਵੀਰ ਸਰੋਤ, Getty Images

ਸੂਰਜੀ ਚੱਕਰ ਦੇ ਸ਼ੁਰੂਆਤੀ ਪੜਾਅ ਨੂੰ ਸੋਲਰ ਮਿਨੀਮਮ ਕਿਹਾ ਜਾਂਦਾ ਹੈ। ਜਿਸ ਵਿੱਚ, ਸੂਰਜ ਉੱਤੇ ਸਭ ਤੋਂ ਘੱਟ ਸੂਰਜੀ ਧੱਬੇ ਹੁੰਦੇ ਹਨ – ਉਹ ਕਾਲੇ ਧੱਬੇ ਜੋ ਵਿਗਿਆਨੀਆਂ ਨੂੰ ਸਾਡੇ ਇਸ ਵੱਡੇ ਤਾਰੇ ਦੀ ਗਤੀਵਿਧੀ ਨੂੰ ਟਰੈਕ ਕਰਨ ਵਿੱਚ ਮਦਦ ਕਰਦੇ ਹਨ।

ਜਿਵੇਂ-ਜਿਵੇਂ ਸੂਰਜੀ ਕਿਰਿਆ ਵਧਦੀ ਹੈ, ਸੂਰਜੀ ਧੱਬਿਆਂ ਦੀ ਗਿਣਤੀ ਵੀ ਵਧਦੀ ਹੈ।

ਸੂਰਜੀ ਚੱਕਰ ਦੇ ਵਿਚਕਾਰਲੇ ਸਮੇਂ ਨੂੰ ਸੋਲਰ ਮੈਕਸਿਮਮ ਕਿਹਾ ਜਾਂਦਾ ਹੈ, ਉਹ ਸਮਾਂ ਜਦੋਂ ਸੂਰਜ ‘ਤੇ ਸਭ ਤੋਂ ਵੱਧ ਸੂਰਜੀ ਧੱਬੇ ਹੁੰਦੇ ਹਨ ਅਤੇ ਇਸਦੇ ਚੁੰਬਕੀ ਧਰੁਵ ਆਪਣੀ ਸਥਿਤੀ ਬਦਲਦੇ ਹਨ।

ਨਾਸਾ ਅਤੇ ਐਨਓਏਏ ਦਾ ਕਹਿਣਾ ਹੈ ਕਿ ਸੂਰਜ ਪਿਛਲੇ ਸਾਲ ਮੌਜੂਦਾ ਚੱਕਰ ਦੇ ਆਪਣੇ ਸੂਰਜੀ ਅਧਿਕਤਮ ਸੋਲਰ ਮੈਕਸਿਮਮ ਪੱਧਰ ‘ਤੇ ਪਹੁੰਚ ਗਿਆ ਸੀ।

ਇਨ੍ਹਾਂ ਸੂਰਜੀ ਧੱਬਿਆਂ ਵਿੱਚ ਰੌਸ਼ਨੀ ਅਤੇ ਊਰਜਾ ਦੇ ਵੱਡੇ ਧਮਾਕੇ ਹੁੰਦੇ ਹਨ, ਜੋ ਆਪਣੇ ਆਲੇ-ਦੁਆਲੇ ਨਾਲੋਂ ਠੰਢੇ ਹੋਣ ਕਰਕੇ ਗੂੜ੍ਹੇ ਦਿਖਾਈ ਦਿੰਦੇ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਧਰਤੀ ਦੇ ਆਕਾਰ ਜਾਂ ਇਸ ਤੋਂ ਵੀ ਵੱਡੇ ਖੇਤਰ ਨੂੰ ਕਵਰ ਕਰਦੇ ਹਨ।

11 ਸਾਲਾਂ ਦੇ ਸੂਰਜੀ ਚੱਕਰ ਦੌਰਾਨ ਸੋਲਰ ਮੈਕਸੀਮਮ ਦੇ ਸਮੇਂ ਤੋਂ ਸੂਰਜੀ ਤੂਫਾਨਾਂ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI