Source :- BBC PUNJABI

ਸੋਨਾ

ਦੁਨੀਆਂ ਭਰ ਵਿੱਚ ਸੋਨੇ ਦੀਆਂ ਕੀਮਤਾਂ ਰਿਕਾਰਡ ਪੱਧਰ ‘ਤੇ ਪਹੁੰਚ ਗਈਆਂ ਹਨ। ਭਾਰਤ ਵਿੱਚ ਵੀ 24 ਕੈਰੇਟ ਸੋਨੇ ਦੀ ਕੀਮਤ ਲਗਾਤਾਰ ਵੱਧ ਰਹੀ ਹੈ।

ਜਿਸ ਹਿਸਾਬ ਨਾਲ ਸੋਨੇ ਦੀਆਂ ਕੀਮਤਾਂ ਵਧ ਰਹੀਆਂ ਹਨ, ਜ਼ਾਹਿਰ ਹੈ ਕਿ ਹਰ ਪਾਸੇ ਇਸ ਦੀ ਚਰਚਾ ਵੀ ਹੋ ਰਹੀ ਹੈ, ਭਾਵੇਂ ਉਹ ਵੱਡੇ ਨਿਵੇਸ਼ਕ ਹੋਣ ਜਾਂ ਆਮ ਲੋਕ, ਹਰ ਕੋਈ ਸੋਨੇ ਦੀਆਂ ਕੀਮਤਾਂ ਬਾਰੇ ਗੱਲ ਕਰ ਰਿਹਾ ਹੈ।

ਅਜਿਹੇ ਵਿੱਚ ਲੋਕਾਂ ਅਤੇ ਨਿਵੇਸ਼ਕਾਂ ਦੇ ਮਨਾਂ ਵਿੱਚ ਕਈ ਤਰ੍ਹਾਂ ਦੇ ਸਵਾਲ ਵੀ ਉੱਠ ਰਹੇ ਹਨ।

ਕੀ ਇਸ ਸਮੇਂ ਸੋਨੇ ‘ਚ ਨਿਵੇਸ਼ ਕਰਨਾ ਚਾਹੀਦਾ ਹੈ? ਕੀ ਇਹ ਫਾਇਦਾ ਦੇਵੇਗਾ ਜਾਂ ਨੁਕਸਾਨ? ਸੋਨੇ ਦੀਆਂ ਕੀਮਤਾਂ ਇੰਨੀਆਂ ਕਿਉਂ ਵਧ ਰਹੀਆਂ ਹਨ? ਕੀ ਸੋਨੇ ਦੀਆਂ ਕੀਮਤਾਂ ਇਸੇ ਤਰ੍ਹਾਂ ਵਧਦੀਆਂ ਰਹਿਣਗੀਆਂ ਜਾਂ ਫਿਰ ਡਿੱਗਣਗੀਆਂ ਵੀ?

ਇਸ ਰਿਪੋਰਟ ਵਿੱਚ ਅਸੀਂ ਅਜਿਹੇ ਹੀ ਕਈ ਜ਼ਰੂਰੀ ਸਵਾਲਾਂ ਦੇ ਜਵਾਬ ਜਾਣਨ ਦੀ ਕੋਸ਼ਿਸ਼ ਕਰਾਂਗੇ…

ਬਾਜ਼ਾਰ ਵਿੱਚ ਬਹੁਤ ਹਲਚਲ ਹੈ

ਸੋਨੇ ਦੀਆਂ ਕੀਮਤਾਂ

ਤਸਵੀਰ ਸਰੋਤ, Getty Images

“ਇਹ ਜੋ ਤੁਸੀਂ ਦੇਖ ਰਹੇ ਹੋ ਇਹ 250,000 ਪਾਊਂਡ ਦਾ ਸੋਨਾ ਹੈ।”

ਐਮਾ ਸੀਬੇਨਬੋਰਨ ਨੇ ਮੈਨੂੰ ਇੱਕ ਪੁਰਾਣਾ ਪਲਾਸਟਿਕ ਦਾ ਡੱਬਾ ਦਿਖਾਉਂਦੇ ਹੋਏ ਕਿਹਾ, ਜਿਸ ਵਿੱਚ ਪੁਰਾਣੇ ਗਹਿਣੇ ਭਰੇ ਹੋਏ ਸਨ।

ਇਨ੍ਹਾਂ ਵਿੱਚ ਪੁਰਾਣੇ ਗਹਿਣਿਆਂ ਵਿੱਚ ਅੰਗੂਠੀਆਂ, ਆਕਰਸ਼ਕ ਬਰੇਸਲੇਟ, ਹਾਰ ਅਤੇ ਕੰਨਾਂ ਦੀਆਂ ਵਾਲੀਆਂ ਸਨ।

ਐਮਾ, ਹੈਟਨ ਗਾਰਡਨ ਮੈਟਲਜ਼ ਦੇ ਰਣਨੀਤੀ ਨਿਰਦੇਸ਼ਕ ਹਨ, ਜੋ ਕਿ ਲੰਡਨ ਦੇ ਸਰਾਫਾ ਬਾਜ਼ਾਰ ਦੀ ਪ੍ਰਮੁੱਖ ਥਾਂ ਮੰਨੇ ਜਾਂਦੇ ਹੈਟਨ ਗਾਰਡਨ ਵਿੱਚ ਸੋਨੇ ਦੀ ਇੱਕ ਡੀਲਰਸ਼ਿਪ (ਬਿਜ਼ਨਸ) ਹੈ। ਸੋਨੇ ਦੀ ਇਹ ਡੀਲਰਸ਼ਿਪ ਇੱਕ ਪਰਿਵਾਰ ਦੁਆਰਾ ਚਲਾਈ ਜਾਂਦੀ ਹੈ।

ਜੋ ਚੀਜ਼ਾਂ ਐਮਾ ਨੇ ਦਿਖਾਈਆਂ, ਇਹ ਤਾਂ ਉਨ੍ਹਾਂ ਬਾਕੀ ਦੀਆਂ ਚੀਜ਼ਾਂ ਵਿੱਚੋਂ ਮਹਿਜ਼ ਇੱਕ ਨਮੂਨਾ ਸਨ, ਜੋ ਉਹ ਲਗਭਗ ਰੋਜ਼ਾਨਾ ਵਾਂਗ ਖਰੀਦਦੇ ਹਨ। ਇੱਕ ਤਰ੍ਹਾਂ ਨਾਲ ਇਹ ‘ਸੋਨੇ ਦੀ ਟੁੱਟ-ਭੱਜ’ ਹੈ’, ਜਿਸਨੂੰ ਪਿਘਲਾ ਕੇ ਦੁਬਾਰਾ ਵਰਤਿਆ ਜਾਵੇਗਾ।

ਮੇਜ਼ ਉੱਤੇ ਇੱਕ ਵਧੀਆ ਟ੍ਰੇ ਵਿੱਚ ਸੋਨੇ ਦੇ ਸਿੱਕੇ ਅਤੇ ਇੱਟਾਂ ਨੂੰ ਸੁੰਦਰਤਾ ਨਾਲ ਸਜਾਇਆ ਹੋਇਆ ਹੈ। ਸਭ ਤੋਂ ਵੱਡੀ ਸੋਨੇ ਦੀ ਪੱਟੀ ਦਾ ਆਕਾਰ ਅਤੇ ਮੋਟਾਈ ਇੱਕ ਮੋਬਾਈਲ ਫੋਨ ਜਿੰਨਾ ਹੈ। ਇਸਦਾ ਭਾਰ 1 ਕਿਲੋ ਹੈ ਅਤੇ ਇਸਦੀ ਕੀਮਤ 80,000 ਪਾਊਂਡ ਹੈ।

ਇਨ੍ਹਾਂ ਸਿੱਕਿਆਂ ਜਾਂ ਬਿਸਕੁਟਾਂ ਵਿੱਚੋਂ ਹਰੇਕ ਵਿੱਚ ਇੱਕ ਔਂਸ 24-ਕੈਰੇਟ ਸੋਨਾ (1 ਔਂਸ ਮਤਲਬ 31.1 ਗ੍ਰਾਮ) ਹੈ, ਅਤੇ ਨਾਲ ਹੀ ਸੋਨੇ ਦੇ ਛੋਟੇ ਸਿੱਕੇ ਵੀ ਹਨ। ਇਹ ਸਾਰੇ ਵਿਕਰੀ ਲਈ ਹਨ। ਹਾਲ ਹੀ ਦੇ ਸਮੇਂ ਵਿੱਚ ਸੋਨੇ ਦੀਆਂ ਕੀਮਤਾਂ ਵਿੱਚ ਵਾਧੇ ਕਾਰਨ ਸੋਨੇ ਦੀ ਮੰਗ ਵਧੀ ਹੈ।

ਜ਼ੋਈ ਲਿਓਨਜ਼, ਐਮਾ ਦੇ ਭੈਣ ਹਨ ਅਤੇ ਪ੍ਰਬੰਧ ਨਿਰਦੇਸ਼ਕ ਹਨ। ਉਨ੍ਹਾਂ ਨੇ ਪਹਿਲਾਂ ਕਦੇ ਅਜਿਹਾ ਕੁਝ ਨਹੀਂ ਦੇਖਿਆ। ਹੁਣ ਉਹ ਅਕਸਰ ਸੋਨਾ ਖਰੀਦਣ ਅਤੇ ਵੇਚਣ ਵਾਲਿਆਂ ਦੀਆਂ ਕਤਾਰਾਂ ਲੱਗੀਆਂ ਦੇਖਦੇ ਹਨ। ਬਾਜ਼ਾਰ ਵਿੱਚ ਬਹੁਤ ਹਲਚਲ ਅਤੇ ਭੀੜ-ਭੜੱਕਾ ਹੈ।

ਉਨ੍ਹਾਂ ਕਿਹਾ, “ਹਾਲਾਂਕਿ, ਡਰ ਅਤੇ ਚਿੰਤਾ ਵੀ ਹੈ।”

“ਸਾਨੂੰ ਇਸ ਬਾਰੇ ਚਿੰਤਾ ਹੈ ਕਿ ਸੋਨੇ ਦੀਆਂ ਕੀਮਤਾਂ ਕਿੱਥੇ ਜਾ ਕੇ ਰੁਕਣਗੀਆਂ। ਜਦੋਂ ਇਸ ਤਰ੍ਹਾਂ ਦੀਆਂ ਭਾਵਨਾਵਾਂ ਮਨ ‘ਚ ਆਉਂਦੀਆਂ ਹਨ, ਤਾਂ ਵੱਡੇ ਸੌਦੇ ਹੁੰਦੇ ਹਨ।”

ਉਨ੍ਹਾਂ ਤੋਂ ਥੋੜ੍ਹੀ ਦੂਰੀ ‘ਤੇ ਹੀ ਸਥਿਤ ਐਮਐਨਆਰ ਜਵੈਲਰਜ਼ ਦੇ ਇੱਕ ਸੇਲਜ਼ਮੈਨ ਵੀ ਇਸ ਗੱਲ ਨਾਲ ਸਹਿਮਤ ਹਨ। ਉਹ ਕਹਿੰਦੇ ਕਿ “ਸੋਨੇ ਦੀ ਮੰਗ ਯਕੀਨੀ ਤੌਰ ‘ਤੇ ਵਧੀ ਹੈ।”

ਹੁਣ ਤੱਕ ਦੇ ਸਿਖਰਲੇ ਪੱਧਰ ‘ਤੇ ਸੋਨੇ ਦੀਆਂ ਕੀਮਤਾਂ

ਜੇਰੋਮ ਪਾਵੇਲ

ਤਸਵੀਰ ਸਰੋਤ, Getty Images

ਪਿਛਲੇ ਸਾਲ ਸੋਨੇ ਦੀਆਂ ਕੀਮਤਾਂ ਵਿੱਚ 40 ਫੀਸਦੀ ਤੋਂ ਵੀ ਵੱਧ ਦਾ ਵਾਧਾ ਹੋਇਆ ਹੈ। ਅਪ੍ਰੈਲ ਦੇ ਅੰਤ ਵਿੱਚ, ਅੰਤਰਰਾਸ਼ਟਰੀ ਬਾਜ਼ਾਰ ਵਿੱਚ ਸੋਨੇ ਦੀ ਕੀਮਤ 3,500 ਡਾਲਰ ਪ੍ਰਤੀ ਟ੍ਰੌਏ ਔਂਸ ਤੱਕ ਪਹੁੰਚ ਗਈ ਸੀ। (ਟ੍ਰੌਏ ਔਂਸ, ਕੀਮਤੀ ਧਾਤਾਂ ਲਈ ਵਰਤੀ ਜਾਂਦੀ ਮਾਪ ਦੀ ਇੱਕ ਇਕਾਈ ਹੈ – (1 ਟ੍ਰੌਏ ਔਂਸ – 31.10 ਗ੍ਰਾਮ ਹੁੰਦਾ ਹੈ)।

ਜਨਵਰੀ 1980 ਵਿੱਚ ਵੀ ਸੋਨੇ ਦੀ ਕੀਮਤ ਬਹੁਤ ਵਧ ਗਈ ਸੀ। ਉਸ ਸਮੇਂ, ਸੋਨੇ ਦੀ ਕੀਮਤ 850 ਡਾਲਰ ਹੋ ਗਈ ਸੀ, ਜੋ ਕਿ ਅੱਜ ਦੇ ਸਮੇਂ ਵਿੱਚ 3,493 ਡਾਲਰ ਹੈ।

ਇਸ ਦਾ ਮਤਲਬ ਹੈ, ਕਿ ਇਸ ਵੇਲੇ ਸੋਨੇ ਦੀ ਜੋ ਕੀਮਤ ਹੈ ਉਹ ਹੁਣ ਤੱਕ ਸਭ ਤੋਂ ਉੱਚੇ ਪੱਧਰ ‘ਤੇ ਹੈ।

ਅਰਥਸ਼ਾਸਤਰੀਆਂ ਦਾ ਕਹਿਣਾ ਹੈ ਕਿ ਸੋਨੇ ਦੀ ਕੀਮਤ ਦੇ ਰਿਕਾਰਡ ਪੱਧਰ ‘ਤੇ ਪਹੁੰਚਣ ਪਿੱਛੇ ਕਈ ਕਾਰਨ ਹਨ। ਸਭ ਤੋਂ ਮਹੱਤਵਪੂਰਨ ਕਾਰਨ ਹੈ ਟਰੰਪ ਪ੍ਰਸ਼ਾਸਨ ਵੱਲੋਂ ਅਮਰੀਕੀ ਵਪਾਰ ਨੀਤੀ ਵਿੱਚ ਕੀਤੇ ਗਏ ਅਚਾਨਕ ਬਦਲਾਅ।

ਇਸ ਨੇ ਦੁਨੀਆਂ ਭਰ ਦੇ ਬਾਜ਼ਾਰਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਦੇ ਉਲਟ, ਬਹੁਤ ਸਾਰੇ ਲੋਕ ਸੋਨੇ ਨੂੰ ਇੱਕ ਸੁਰੱਖਿਅਤ ਅਤੇ ਠੋਸ ਨਿਵੇਸ਼ ਵਜੋਂ ਦੇਖਦੇ ਹਨ।

ਇਸ ਦੇ ਨਾਲ ਹੀ, ਭੂ-ਰਾਜਨੀਤਿਕ ਅਨਿਸ਼ਚਿਤਤਾ ਨੇ ਵੀ ਸੋਨੇ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਹੈ।

ਅਰਬਪਤੀ ਵਾਰੇਨ ਬਫੇਟ ਨੇ ਇੱਕ ਵਾਰ ਸੋਨੇ ਨੂੰ ‘ਬੇਜਾਨ’ ਅਤੇ ‘ਘੱਟ ਲਾਭਦਾਇਕ ਜਾਂ ਨਾ ਵਧਣ ਵਾਲਾ’ ਕਿਹਾ ਸੀ। ਹਾਲਾਂਕਿ, ਵਰਤਮਾਨ ਅਨਿਸ਼ਚਿਤਤਾ ਦੇ ਇਸ ਮਾਹੌਲ ਵਿੱਚ, ਨਿਵੇਸ਼ਕ ਸੋਨੇ ਵੱਲ ਖਿੱਚੇ ਜਾ ਰਹੇ ਹਨ।

ਮਾਈਨਿੰਗ ਇੰਡਸਟਰੀ ਨੇ ਇੱਕ ਵਪਾਰਕ ਸੰਗਠਨ ਹੈਵਰਲਡ ਗੋਲਡ ਕੌਂਸਲ ਦੀ ਸਥਾਪਨਾ ਕੀਤੀ ਹੈ, ਜਿਸ ਦੇ ਇੱਕ ਸੀਨੀਅਰ ਵਿਸ਼ਲੇਸ਼ਕ ਲੇਵਿਸ ਸਟ੍ਰੀਟ ਕਹਿੰਦੇ ਹਨ ਕਿ “ਸਾਡਾ ਮੰਨਣਾ ਹੈ ਕਿ ਮੌਜੂਦਾ ਸਥਿਤੀ ਸੋਨੇ ਦਾ ਇੱਕ ਤੂਫ਼ਾਨ ਹੈ।”

ਉਨ੍ਹਾਂ ਕਿਹਾ, “ਇਹ ਸੰਭਾਵੀ ਮੁਦਰਾਸਫੀਤੀ ਦੇ ਵੱਧਦੇ ਪ੍ਰਭਾਵ ਵੱਲ ਧਿਆਨ ਖਿੱਚ ਰਿਹਾ ਹੈ। ਮੰਦੀ ਦੇ ਜੋਖਮ ਵਧ ਰਹੇ ਹਨ। ਤੁਸੀਂ ਦੇਖਿਆ ਹੈ ਕਿ ਹਾਲ ਹੀ ਵਿੱਚ ਕੌਮਾਂਤਰੀ ਮੁਦਰਾ ਫੰਡ (ਆਈਐਮਐਫ) ਨੇ ਆਰਥਿਕ ਵਿਕਾਸ ਵਿੱਚ ਗਿਰਾਵਟ ਦੀ ਭਵਿੱਖਬਾਣੀ ਕੀਤੀ ਹੈ।”

ਹਾਲਾਂਕਿ, ਜੋ ਉੱਪਰ ਜਾਂਦਾ ਹੈ ਉਹ ਹੇਠਾਂ ਵੀ ਆ ਸਕਦਾ ਹੈ। ਭਾਵੇਂ ਸੋਨੇ ਨੂੰ ਇੱਕ ਸਥਿਰ ਨਿਵੇਸ਼ ਮੰਨਿਆ ਜਾਂਦਾ ਹੈ, ਪਰ ਇਹ ਕੀਮਤਾਂ ਦੇ ਉਤਰਾਅ-ਚੜ੍ਹਾਅ ਤੋਂ ਮੁਕਤ ਨਹੀਂ ਹੈ। ਦਰਅਸਲ, ਅਤੀਤ ਵਿੱਚ ਸੋਨੇ ਦੀਆਂ ਕੀਮਤਾਂ ਵਿੱਚ ਮਹੱਤਵਪੂਰਨ ਵਾਧੇ ਤੋਂ ਬਾਅਦ ਮਹੱਤਵਪੂਰਨ ਗਿਰਾਵਟ ਆਈ ਹੈ।

ਤਾਂ, ਕੀ ਹੁਣ ਦੁਬਾਰਾ ਵੀ ਕੁੱਝ ਅਜਿਹਾ ਹੋ ਸਕਦਾ ਹੈ, ਜਿਸ ਕਾਰਨ ਅੱਜ ਸੋਨੇ ਵਿੱਚ ਨਿਵੇਸ਼ ਕਰਨ ਲਈ ਉਤਸੁਕ ਨਿਵੇਸ਼ਕਾਂ ਨੂੰ ਅੱਗੇ ਜਾ ਕੇ ਭਾਰੀ ਨੁਕਸਾਨ ਝੱਲਣਾ ਪੈ ਸਕਦਾ ਹੈ?

ਸੋਨਾ ਆਖਿਰ ਇੰਨਾ ਮਹਿੰਗਾ ਕਿਉਂ ਹੋ ਰਿਹਾ ਹੈ?

ਸੋਨੇ ਦੀ ਚੇਨ

ਤਸਵੀਰ ਸਰੋਤ, Getty Images

ਸੋਨਾ ਇੱਕ ਦੁਰਲੱਭ ਧਾਤ ਹੈ, ਇਸ ਲਈ ਇਸਨੂੰ ਸਦੀਆਂ ਤੋਂ ਦੌਲਤ ਇੱਕਠੀ ਕਰਨ ਲਈ ਵਰਤਿਆ ਜਾ ਰਿਹਾ ਹੈ।

ਦੁਨੀਆਂ ਭਰ ਵਿੱਚ ਸੋਨੇ ਦੀ ਸਪਲਾਈ ਸੀਮਤ ਹੈ। ਵਰਲਡ ਗੋਲਡ ਕੌਂਸਲ ਦੇ ਅਨੁਸਾਰ, ਦੁਨੀਆਂ ਵਿੱਚ ਹੁਣ ਤੱਕ ਸਿਰਫ 2,16,265 ਟਨ ਸੋਨਾ ਹੀ ਕੱਢਿਆ ਗਿਆ ਹੈ। (ਇਸ ਨਾਲ ਹਰ ਸਾਲ ਲਗਭਗ 3,500 ਟਨ ਸੋਨਾ ਜੁੜਦਾ ਹੈ)।

ਇਸਦਾ ਮਤਲਬ ਹੈ ਕਿ ਸੋਨੇ ਨੂੰ ਦੁਨੀਆਂ ਭਰ ਵਿੱਚ ਇੱਕ ਸੁਰੱਖਿਅਤ ਸੰਪਤੀ ਜਾਂ ਨਿਵੇਸ਼ ਵਜੋਂ ਦੇਖਿਆ ਜਾਂਦਾ ਹੈ, ਜੋ ਆਪਣੀ ਕੀਮਤ ਨੂੰ ਬਰਕਰਾਰ ਰੱਖੇਗਾ।

ਹਾਲਾਂਕਿ, ਇੱਕ ਨਿਵੇਸ਼ਕ ਦੇ ਤੌਰ ‘ਤੇ ਇਸਦੇ ਫਾਇਦੇ ਅਤੇ ਨੁਕਸਾਨ ਦੋਵੇਂ ਹਨ।

ਸਟਾਕ ਮਾਰਕੀਟ ਵਿੱਚ ਕੰਪਨੀਆਂ ਦੇ ਸ਼ੇਅਰਾਂ ਦੇ ਉਲਟ, ਸੋਨੇ ਵਿੱਚ ਨਿਵੇਸ਼ ਕਦੇ ਵੀ ਲਾਭਅੰਸ਼ (ਡਿਵੀਡੈਂਡ) ਨਹੀਂ ਦੇਵੇਗਾ।

ਇਹ ਇੱਕ ਸਥਿਰ, ਅਨੁਮਾਨਿਤ ਆਮਦਨ ਪ੍ਰਦਾਨ ਨਹੀਂ ਕਰੇਗਾ ਜਿਵੇਂ ਕਿ ਬਾਂਡ ਵਿੱਚ ਨਿਵੇਸ਼ ਨਾਲ ਹੁੰਦਾ ਹੈ। ਇਸ ਤੋਂ ਇਲਾਵਾ, ਉਦਯੋਗਿਕ ਖੇਤਰ ਵਿੱਚ ਇਸਦੀ ਵਰਤੋਂ ਮੁਕਾਬਲਤਨ ਸੀਮਤ ਹੈ।

ਹਾਲਾਂਕਿ, ਸੋਨੇ ਦੇ ਮਾਲਕ ਹੋਣ ਦਾ ਫਾਇਦਾ ਇਹ ਹੈ ਕਿ ਇਹ ਇੱਕ ਭੌਤਿਕ ਉਤਪਾਦ ਹੈ ਜੋ ਬੈਂਕਿੰਗ ਪ੍ਰਣਾਲੀ ਤੋਂ ਬਾਹਰ ਮੌਜੂਦ ਹੈ।

ਸੋਨਾ ਇੱਕ ਸਥਿਰ ਅਤੇ ਸੁਰੱਖਿਅਤ ਜਾਇਦਾਦ

ਸੋਨੇ ਦੀਆਂ ਕੀਮਤਾਂ

ਤਸਵੀਰ ਸਰੋਤ, Getty Images

ਸੋਨੇ ਨੂੰ ਮਹਿੰਗਾਈ ਦੇ ਵਿਰੁੱਧ ਵੀ ਜਾਇਦਾਦ ਜਾਂ ਸੰਪਤੀ ਦੀ ਸੁਰੱਖਿਆ ਲਈ ਇੱਕ ਸਾਧਨ ਵਜੋਂ ਵਰਤਿਆ ਜਾਂਦਾ ਹੈ। ਕਿਉਂਕਿ ਮੁਦਰਾ ਦੀ ਕੀਮਤ ਹੌਲੀ-ਹੌਲੀ ਘਟਦੀ ਜਾਂਦੀ ਹੈ, ਪਰ ਸੋਨੇ ਦੀ ਕੀਮਤ ਦੇ ਮਾਮਲੇ ਵਿੱਚ ਅਜਿਹਾ ਨਹੀਂ ਹੁੰਦਾ।

ਏਜੇ ਬੇਲ ਨਾਮਕ ਸਟਾਕ ਬ੍ਰੋਕਿੰਗ ਫਰਮ ਦੇ ਨਿਵੇਸ਼ ਨਿਰਦੇਸ਼ਕ, ਰਸ ਮੋਲਡ ਕਹਿੰਦੇ ਹਨ, “ਦੁਨੀਆਂ ਭਰ ਦੇ ਦੇਸ਼ਾਂ ਵਿੱਚ ਸਿਖਰਲੇ ਬੈਂਕ (ਜਿਵੇਂ ਸਾਡਾ ਰਿਜ਼ਰਵ ਬੈਂਕ) ਮੁਦਰਾ ਛਾਪਦੇ ਹਨ। ਪਰ ਇਹ ਬੈਂਕ ਮੁਦਰਾ ਦੀ ਤਰ੍ਹਾਂ ਸੋਨਾ ਨਹੀਂ ਛਾਪ ਸਕਦੇ। ਨਾਲ ਹੀ, ਇਹ ਕੋਈ ਅਜਿਹੀ ਚੀਜ਼ ਨਹੀਂ ਹੈ ਜਿਸਨੂੰ ਹੱਥ ਦੀ ਸਫਾਈ ਜਾਂ ਜਾਦੂ ਵਾਂਗ ਹਵਾ ਵਿੱਚੋਂ ਪੈਦਾ ਕੀਤਾ ਜਾ ਸਕੇ।”

ਉਹ ਅੱਗੇ ਕਹਿੰਦੇ ਹਨ, “ਹਾਲ ਹੀ ਦੇ ਸਮੇਂ ਵਿੱਚ, ਸਰਕਾਰਾਂ ਨੇ ਆਰਥਿਕ ਸੰਕਟਾਂ ਨੂੰ ਦੂਰ ਕਰਨ ਲਈ ਕਈ ਤਰ੍ਹਾਂ ਦੇ ਉਪਾਅ ਅਤੇ ਨੀਤੀਗਤ ਕਦਮ ਚੁੱਕੇ ਹਨ।”

“ਇਸ ਵਿੱਚ ਵਿਆਜ ਦਰਾਂ ਨੂੰ ਘਟਾਉਣਾ, ਪੈਸੇ ਦੀ ਸਪਲਾਈ ਵਧਾਉਣਾ, ਮੁਦਰਾ ਨੀਤੀ ਰਾਹੀਂ ਬਾਜ਼ਾਰ ਵਿੱਚ ਪੈਸੇ ਦੀ ਉਪਲਬਧਤਾ ਵਧਾਉਣਾ, ਅਤੇ ਮੁਦਰਾ ਜਾਂ ਪੈਸਾ ਛਾਪਣ ਵਰਗੇ ਉਪਾਅ ਸ਼ਾਮਲ ਹਨ।”

“ਇਸ ਸਭ ਵਿੱਚ, ਸੋਨੇ ਨੂੰ ਇੱਕ ਸਥਿਰ ਅਤੇ ਸੁਰੱਖਿਅਤ ਸੰਪਤੀ ਵਜੋਂ ਦੇਖਿਆ ਜਾਂਦਾ ਹੈ ਅਤੇ ਇਸ ਨੂੰ ਜਾਇਦਾਦ ਨੂੰ ਸਟੋਰ ਕਰਨ ਦੇ ਇੱਕ ਸਾਧਨ ਵਜੋਂ ਦੇਖਿਆ ਜਾਂਦਾ ਹੈ।”

ਹਾਲ ਹੀ ਦੇ ਸਮੇਂ ਵਿੱਚ, ਅਖੌਤੀ ਐਕਸਚੇਂਜ-ਟ੍ਰੇਡਡ ਫੰਡਾਂ ਰਾਹੀਂ ਸੋਨੇ ਦੀ ਮੰਗ ਵਿੱਚ ਕਾਫ਼ੀ ਵਾਧਾ ਹੋਇਆ ਹੈ। ਇਹ ਨਿਵੇਸ਼ ਦੇ ਸਾਧਨ ਹਨ, ਜੋ ਖੁਦ ਸੋਨੇ ਵਰਗੀ ਸੰਪਤੀ ਰੱਖਦੇ ਹਨ, ਜਦਕਿ ਨਿਵੇਸ਼ਕ ਇਸ ਫੰਡ ਵਿੱਚ ਸ਼ੇਅਰ ਖਰੀਦ ਅਤੇ ਵੇਚ ਸਕਦੇ ਹਨ।

ਇਹ ਐਕਸਚੇਂਜ-ਟ੍ਰੇਡੇਡ ਫੰਡ ਵੱਡੇ ਸੰਸਥਾਗਤ ਨਿਵੇਸ਼ਕਾਂ ਵਿੱਚ ਪ੍ਰਸਿੱਧ ਹਨ। ਇਨ੍ਹਾਂ ਨਿਵੇਸ਼ਕਾਂ ਦੁਆਰਾ ਕੀਤੇ ਗਏ ਨਿਵੇਸ਼ਾਂ ਨੇ ਇਨ੍ਹਾਂ ਫੰਡਾਂ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ।

ਜਨਵਰੀ 1980 ਵਿੱਚ ਤਤਕਾਲੀ ਸੋਵੀਅਤ ਸੰਘ ਦੇ ਅਫਗਾਨਿਸਤਾਨ ‘ਤੇ ਹਮਲੇ ਤੋਂ ਬਾਅਦ, ਸੋਨੇ ਦੀ ਕੀਮਤ ਰਿਕਾਰਡ ਉਚਾਈ ‘ਤੇ ਪਹੁੰਚ ਗਈ ਸੀ।

ਕੱਚੇ ਤੇਲ ਦੀਆਂ ਕੀਮਤਾਂ ਵਧ ਰਹੀਆਂ ਸਨ, ਵਿਕਸਤ ਦੇਸ਼ਾਂ ਵਿੱਚ ਮਹਿੰਗਾਈ ਵਧ ਰਹੀ ਸੀ ਅਤੇ ਨਿਵੇਸ਼ਕ ਆਪਣੀ ਜਾਇਦਾਦ ਦੀ ਰੱਖਿਆ ਕਰਨਾ ਚਾਹੁੰਦੇ ਸਨ। ਇਸ ਲਈ ਉਹ ਸੋਨੇ ਵਿੱਚ ਨਿਵੇਸ਼ ਕਰ ਰਹੇ ਸਨ।

ਵਿਸ਼ਵਵਿਆਪੀ ਵਿੱਤੀ ਸੰਕਟ ਤੋਂ ਬਾਅਦ ਵੀ, ਸੋਨੇ ਦੀ ਕੀਮਤ ਵਿੱਚ ਕਾਫ਼ੀ ਵਾਧਾ ਹੋਇਆ ਸੀ। ਇਸ ਲਈ, 2011 ਵਿੱਚ ਸੋਨੇ ਦੀਆਂ ਕੀਮਤਾਂ ਵਿੱਚ ਮੁੜ ਉਛਾਲ ਆਇਆ।

ਵਰਤਮਾਨ ਵਿੱਚ ਟਰੰਪ ਸਰਕਾਰ ਦੇ ਫੈਸਲਿਆਂ ਨਾਲ ਬਾਜ਼ਾਰ ਵਿੱਚ ਜੋ ਹਲਚਲ ਹੋਈ ਹੈ, ਉਸ ਕਾਰਨ ਹਾਲ ਹੀ ਦੇ ਸਮੇਂ ਵਿੱਚ ਸੋਨੇ ਦੀਆਂ ਕੀਮਤਾਂ ਵਿੱਚ ਕਾਫ਼ੀ ਵਾਧਾ ਹੋਇਆ ਹੈ।

ਇਹ ਵੀ ਪੜ੍ਹੋ-

ਟਰੰਪ ਫੈਕਟਰ

ਸੋਨੇ ਦੀਆਂ ਕੀਮਤਾਂ ਵਿੱਚ ਸਭ ਤੋਂ ਤਾਜ਼ਾ ਵਾਧਾ ਉਦੋਂ ਹੋਇਆ ਜਦੋਂ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਫੈਡਰਲ ਰਿਜ਼ਰਵ ਦੇ ਚੇਅਰਮੈਨ ਜੇਰੋਮ ਪਾਵੇਲ ‘ਤੇ ਔਨਲਾਈਨ ਜ਼ੁਬਾਨੀ ਹਮਲਾ ਬੋਲਿਆ।

ਟਰੰਪ ਨੇ ਤੁਰੰਤ ਵਿਆਜ ਦਰਾਂ ਵਿੱਚ ਕਟੌਤੀ ਦੀ ਮੰਗ ਕਰਦਿਆਂ, ਜੇਰੋਮ ਪਾਵੇਲ ਨੂੰ ਵਿਆਜ ਦਰਾਂ ਨੂੰ ਘਟਾਉਣ ਵਿੱਚ ਅਸਫਲ ਰਹਿਣ ਲਈ “ਵੱਡਾ ਨੁਕਸਾਨ” ਕਰਨ ਵਾਲਾ ਕਿਹਾ।

ਕੁਝ ਲੋਕਾਂ ਨੇ ਟਰੰਪ ਦੇ ਇਸ ਬਿਆਨ ਨੂੰ ਅਮਰੀਕਾ ਦੇ ਕੇਂਦਰੀ ਬੈਂਕ, ਫੈਡਰਲ ਰਿਜ਼ਰਵ ਦੀ ਖੁਦਮੁਖਤਿਆਰੀ ‘ਤੇ ਹਮਲੇ ਵਜੋਂ ਦੇਖਿਆ।

ਨਤੀਜੇ ਵਜੋਂ, ਸਟਾਕ ਮਾਰਕੀਟ ਡਿੱਗ ਗਈ। ਡਾਲਰ ਦਾ ਮੁੱਲ ਹੋਰ ਪ੍ਰਮੁੱਖ ਵਿਸ਼ਵ ਮੁਦਰਾਵਾਂ ਦੇ ਮੁਕਾਬਲੇ ਡਿੱਗ ਗਿਆ ਅਤੇ ਸੋਨੇ ਦੀ ਕੀਮਤ ਹਾਲ ਹੀ ਦੇ ਰਿਕਾਰਡ ਉੱਚੇ ਪੱਧਰ ‘ਤੇ ਪਹੁੰਚ ਗਈ।

ਹਾਲਾਂਕਿ, ਸੋਨੇ ਦੀਆਂ ਅਜੋਕੀਆਂ ਵਧੀਆਂ ਕੀਮਤਾਂ ਨੂੰ ਮਹਿਜ਼ ਟਰੰਪ ਫੈਕਟਰ ਦੁਆਰਾ ਸਮਝਣਾ ਠੀਕ ਨਹੀਂ।

ਡਾਲਰ ਸਿਸਟਮ ਨੂੰ ਹਥਿਆਰ ਵਜੋਂ ਵਰਤੇ ਜਾਣ ਦਾ ਡਰ

ਸੋਨਾ

ਤਸਵੀਰ ਸਰੋਤ, Getty Images

ਸਾਲ 2022 ਦੇ ਅਖੀਰ ਤੋਂ ਸੋਨੇ ਦੀ ਕੀਮਤ ਤੇਜ਼ੀ ਨਾਲ ਵਧ ਰਹੀ ਹੈ। ਲੂਈਸ ਸਟ੍ਰੀਟ ਦੇ ਅਨੁਸਾਰ, ਇਸਦਾ ਇੱਕ ਮੁਖ ਕਾਰਨ ਕੇਂਦਰੀ ਬੈਂਕ ਹਨ।

ਲੂਈਸ ਮੁਤਾਬਕ, “(ਉਹ) ਪਿਛਲੇ 15 ਸਾਲਾਂ ਤੋਂ ਆਪਣੇ ਅਧਿਕਾਰਤ ਭੰਡਾਰਾਂ ਵਿੱਚ ਵਾਧਾ ਕਰਨ ਲਈ ਸੋਨੇ ਦੇ ਪੱਕੇ ਖਰੀਦਦਾਰ ਰਹੇ ਹਨ। ਪਰ ਪਿਛਲੇ ਤਿੰਨ ਸਾਲਾਂ ਵਿੱਚ ਇਹ ਖਰੀਦਦਾਰੀ ਬਹੁਤ ਤੇਜ਼ ਹੋਈ ਹੈ।”

ਕੇਂਦਰੀ ਬੈਂਕਾਂ ਨੇ 2022 ਤੋਂ ਬਾਅਦ ਹਰ ਸਾਲ ਸਮੂਹਿਕ ਤੌਰ ‘ਤੇ 1,000 ਟਨ ਤੋਂ ਵੱਧ ਸੋਨਾ ਖਰੀਦਿਆ ਹੈ, ਜੋ ਕਿ 2010 ਤੋਂ 2021 ਦਰਮਿਆਨ ਔਸਤਨ 481 ਟਨ ਪ੍ਰਤੀ ਸਾਲ ਸੀ।

ਪੋਲੈਂਡ, ਤੁਰਕੀ, ਭਾਰਤ, ਅਜ਼ਰਬਾਈਜਾਨ ਅਤੇ ਚੀਨ ਪਿਛਲੇ ਸਾਲ ਸੋਨੇ ਦੇ ਪ੍ਰਮੁੱਖ ਖਰੀਦਦਾਰਾਂ ਵਿੱਚ ਸ਼ਾਮਲ ਸਨ।

ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਵਧਦੀ ਆਰਥਿਕ ਅਤੇ ਭੂਗੋਲਿਕ ਤੌਰ ‘ਤੇ ਰਾਜਨੀਤਿਕ ਅਨਿਸ਼ਚਿਤਤਾ ਦੇ ਸਮੇਂ ਵਿੱਚ ਕੇਂਦਰੀ ਬੈਂਕ ਖੁਦ ਆਪਣੇ ਭੰਡਾਰਾਂ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੇ ਹੋਣ।

ਗੋਲਡਮੈਨ ਸਾਕਸ ਵਿਖੇ ਗਲੋਬਲ ਕਮੋਡਿਟੀਜ਼ ਰਿਸਰਚ ਦੇ ਸਹਿ-ਮੁਖੀ, ਡਾਨ ਸਟਰੂਵੇਨ ਕਹਿੰਦੇ ਹਨ ਕਿ “2022 ਵਿੱਚ ਯੂਕਰੇਨ ਹਮਲੇ ਦੇ ਸੰਦਰਭ ਵਿੱਚ ਰੂਸੀ ਸੈਂਟਰਲ ਬੈਂਕ ਦੇ ਰਿਜ਼ਰਵ ਫ੍ਰੀਜ਼ ਹੋ ਗਏ ਸਨ, ਜਿਸ ਨਾਲ ਦੁਨੀਆਂ ਭਰ ਦੇ ਗਲੋਬਲ ਸੈਂਟਰਲ ਬੈਂਕਾਂ ਦੇ ਰਿਜ਼ਰਵ ਮੈਨੇਜਰਾਂ ਨੂੰ ਅਹਿਸਾਸ ਹੋਇਆ ਕਿ ‘ਸ਼ਾਇਦ ਸਾਡੇ ਰਿਜ਼ਰਵ ਵੀ ਸੁਰੱਖਿਅਤ ਨਹੀਂ ਹਨ, ਕਿਵੇਂ ਰਹੇਗਾ ਜੇਕਰ ਅਸੀਂ ਸੋਨਾ ਖਰੀਦ ਕੇ ਆਪਣੇ ਹੀ ਵਾਲਟ ਵਿੱਚ ਰੱਖੀਏ।”’

“ਅਤੇ ਇਸੇ ਲਈ ਅਸੀਂ ਕੇਂਦਰੀ ਬੈਂਕਾਂ ਤੋਂ ਸੋਨੇ ਦੀ ਮੰਗ ਵਿੱਚ ਪੰਜ ਗੁਣਾ ਵਾਧਾ ਦੇਖਿਆ ਹੈ।”

ਸੋਨਾ

ਨਿਵੇਸ਼ ਫਰਮ ਪੈਨਮੂਰ ਲਿਬਰਮ ਦੇ ਮੁੱਖ ਅਰਥ ਸ਼ਾਸਤਰੀ ਅਤੇ ਖੋਜ ਮੁਖੀ ਸਾਈਮਨ ਫ੍ਰੈਂਚ ਦਾ ਵੀ ਮੰਨਣਾ ਹੈ ਕਿ ਕੇਂਦਰੀ ਬੈਂਕਾਂ ਲਈ ਡਾਲਰ-ਅਧਾਰਤ ਬੈਂਕਿੰਗ ਪ੍ਰਣਾਲੀਆਂ ਤੋਂ ਆਜ਼ਾਦੀ ਇੱਕ ਵੱਡਾ ਕਾਰਕ ਰਹੀ ਹੈ।

ਉਹ ਕਹਿੰਦੇ ਹਨ, “ਚੀਨ ਨੂੰ ਦੇਖੋ, ਰੂਸ ਨੂੰ ਵੀ, ਉਨ੍ਹਾਂ ਦਾ ਸੈਂਟਰਲ ਬੈਂਕ ਸੋਨੇ ਦਾ ਇੱਕ ਵੱਡਾ ਖਰੀਦਦਾਰ ਹੈ, ਅਤੇ ਤੁਰਕੀ ਵੀ।”

ਉਹ ਕਹਿੰਦੇ ਹਨ, “ਅਜਿਹੇ ਬਹੁਤ ਸਾਰੇ ਦੇਸ਼ ਹਨ ਜੋ ਡਾਲਰ ਪ੍ਰਣਾਲੀ ਅਤੇ ਸੰਭਾਵੀ ਤੌਰ ‘ਤੇ ਯੂਰੋ ਪ੍ਰਣਾਲੀ ਨੂੰ ਵੀ ਹਥਿਆਰ ਵਜੋਂ ਵਰਤੇ ਜਾਣ ਦੇ ਵਿਚਾਰ ਤੋਂ ਡਰਦੇ ਹਨ।”

“ਜੇਕਰ ਉਹ ਦੇਸ਼ ਆਪਣੇ ਆਪ ਨੂੰ ਅਮਰੀਕਾ ਜਾਂ ਪੱਛਮੀ ਦ੍ਰਿਸ਼ਟੀਕੋਣ ਨਾਲ, ਕੂਟਨੀਤਕ ਆਧਾਰ ‘ਤੇ ਜਾਂ ਫੌਜੀ ਆਧਾਰ ‘ਤੇ ਨਹੀਂ ਜੋੜ ਰਹੇ ਹਨ… ਤਾਂ ਉਨ੍ਹਾਂ ਲਈ ਇਹ ਬਹੁਤ ਲਾਭਦਾਇਕ ਜਾਪਦਾ ਹੈ ਕਿ ਉਨ੍ਹਾਂ ਦੇ ਕੇਂਦਰੀ ਬੈਂਕ ਵਿੱਚ ਇੱਕ ਅਜਿਹੀ ਜਾਇਦਾਦ ਹੋਵੇ ਜੋ ਉਨ੍ਹਾਂ ਦੇ ਫੌਜੀ ਜਾਂ ਰਾਜਨੀਤਿਕ ਦੁਸ਼ਮਣਾਂ ਦੁਆਰਾ ਨਿਯੰਤਰਿਤ ਨਹੀਂ ਨਾ ਹੋਵੇ।”

ਸੋਨੇ ਦੀਆਂ ਵਧ ਰਹੀਆਂ ਕੀਮਤਾਂ ਪਿੱਛੇ ਇੱਕ ਹੋਰ ਕਾਰਕ ਹੈ – FOMO – ਫੋਮੋ ਭਾਵ ਫਿਅਰ ਆਫ਼ ਮਿਸਿੰਗ ਆਊਟ ਜਾਂ ਗੁਆਚਣ ਦਾ ਡਰ।

ਜ਼ੋਈ ਲਿਓਨਸ ਦਾ ਮੰਨਣਾ ਹੈ ਕਿ ਹੈਟਨ ਗਾਰਡਨ ਵਿੱਚ ਫੋਮੋ ਦਾ ਹੀ ਮਾਮਲਾ ਹੈ।

ਉਹ ਕਹਿੰਦੇ ਹਨ, “[ਲੋਕ] ਸੁਨਹਿਰੀ ਮੌਕੇ ਦਾ ਲਾਭ ਲੈਣਾ ਚਾਹੁੰਦੇ ਹਨ ਅਤੇ ਇਸ ਦੇ ਲਈ ਉਹ ਭੌਤਿਕ ਸੋਨਾ ਖਰੀਦ ਰਹੇ ਹਨ।”

ਸੋਨੇ ‘ਚ ਨਿਵੇਸ਼ ਸੁਰੱਖਿਅਤ, ਪਰ ਕਿੰਨੇ ਸਮੇਂ ਲਈ?

ਟਰੰਪ

ਤਸਵੀਰ ਸਰੋਤ, Getty Images

ਹੁਣ, ਵੱਡਾ ਸਵਾਲ ਇਹ ਹੈ ਕਿ ਅੱਗੇ ਕੀ ਹੋਵੇਗਾ?

ਕੁਝ ਮਾਹਰਾਂ ਦਾ ਮੰਨਣਾ ਹੈ ਕਿ ਸੋਨੇ ਦੀ ਕੀਮਤ ਵਿੱਚ ਉਛਾਲ ਆਉਂਦਾ ਰਹੇਗਾ, ਜਿਸ ਪਿੱਛੇ ਅਮਰੀਕਾ ਦੀਆਂ ਅਣਪਛਾਤੀਆਂ ਨੀਤੀਆਂ, ਮਹਿੰਗਾਈ ਦਾ ਦਬਾਅ ਅਤੇ ਕੇਂਦਰੀ ਬੈਂਕ ਦੀ ਖਰੀਦਦਾਰੀ ਮੁੱਖ ਕਾਰਨ ਹਨ।

ਦਰਅਸਲ ਗੋਲਡਮੈਨ ਸਾਕਸ ਨੇ ਭਵਿੱਖਬਾਣੀ ਕੀਤੀ ਹੈ ਕਿ 2025 ਦੇ ਅੰਤ ਤੱਕ ਸੋਨਾ 3,700 ਡਾਲਰ ਪ੍ਰਤੀ ਔਂਸ ਅਤੇ 2026 ਦੇ ਮੱਧ ਤੱਕ 4,000 ਡਾਲਰ ਤੱਕ ਪਹੁੰਚ ਜਾਵੇਗਾ।

ਪਰ ਇਹ ਵੀ ਕਿਹਾ ਗਿਆ ਹੈ ਕਿ ਅਮਰੀਕਾ ਵਿੱਚ ਮੰਦੀ ਜਾਂ ਵਪਾਰ ਯੁੱਧ ਦੇ ਵਧਣ ਦੀ ਸਥਿਤੀ ਵਿੱਚ ਇਹ ਇਸੇ ਸਾਲ ਦੇ ਅੰਤ ਵਿੱਚ 4,500 ਡਾਲਰ ਤੱਕ ਵੀ ਪਹੁੰਚ ਸਕਦਾ ਹੈ।

ਡਾਨ ਸਟਰੂਵੇਨ ਦੱਸਦੇ ਹਨ, “ਅਮਰੀਕੀ ਸਟਾਕ ਮਾਰਕੀਟ ਸੋਨੇ ਦੇ ਬਾਜ਼ਾਰ ਨਾਲੋਂ 200 ਗੁਣਾ ਵੱਡੀ ਹੈ, ਇਸ ਲਈ ਵੱਡੇ ਸਟਾਕ ਮਾਰਕੀਟ ਜਾਂ ਵੱਡੇ ਬਾਂਡ ਮਾਰਕੀਟ ਤੋਂ ਇੱਕ ਛੋਟੀ ਜਿਹੀ ਵੀ ਹਲਚਲ ਦਾ ਮਤਲਬ ਹੈ – ਸੋਨੇ ਦੇ ਛੋਟੇ ਜਿਹੇ ਬਾਜ਼ਾਰ ਵਿੱਚ ਵੱਡਾ ਵਾਧਾ।”

ਦੂਜੇ ਸ਼ਬਦਾਂ ਵਿੱਚ, ਸੋਨੇ ਨੂੰ ਉੱਪਰ ਵੱਲ ਲਿਜਾਣ ਲਈ ਪ੍ਰਮੁੱਖ ਨਿਵੇਸ਼ ਬਾਜ਼ਾਰਾਂ ਵਿੱਚ ਬਹੁਤ ਜ਼ਿਆਦਾ ਗੜਬੜ ਦੀ ਲੋੜ ਨਹੀਂ ਪਵੇਗੀ। ਸਗੋਂ ਨਿੱਕੀ-ਮੋਟੀ ਹਲਚਲ ਨਾਲ ਹੀ ਇਸਦੀਆਂ ਕੀਮਤਾਂ ਉਪਰ ਵੱਲ ਨੂੰ ਚਲੀਆਂ ਜਾਣਗੀਆਂ।

ਫਿਰ ਵੀ ਕੁਝ ਲੋਕ ਇਸ ਗੱਲ ਬਾਰੇ ਚਿੰਤਤ ਹਨ ਕਿ ਸੋਨੇ ਦੀ ਕੀਮਤ ਇੰਨੀ ਤੇਜ਼ੀ ਨਾਲ ਵਧ ਗਈ ਹੈ, ਕਿ ਇਸ ਨਾਲ ਬਾਜ਼ਾਰ ‘ਚ ਇੱਕ ਪ੍ਰਕਾਰ ਦਾ ਬੁਲਬੁਲਾ ਬਣ ਗਿਆ ਹੈ ਅਤੇ ਬੁਲਬੁਲੇ ਕਦੇ ਵੀ ਫਟ ਸਕਦੇ ਹਨ।

ਉਦਾਹਰਣ ਵਜੋਂ, 1980 ਵਿੱਚ ਸੋਨੇ ਦੀ ਕੀਮਤ ਵਿੱਚ ਨਾਟਕੀ ਵਾਧੇ ਤੋਂ ਬਾਅਦ ਇੱਕ ਮਹੱਤਵਪੂਰਨ ਸੁਧਾਰ ਵੀ ਹੋਇਆ ਸੀ, ਜੋ ਵਾਧੇ ਦੇ ਬਰਾਬਰ ਹੀ ਸੀ।

ਉਸ ਵੇਲੇ, ਜਨਵਰੀ ਦੇ ਅਖੀਰ ਵਿੱਚ ਸੋਨੇ ਦੀ ਕੀਮਤ 850 ਡਾਲਰ ਤੋਂ ਘਟ ਕੇ ਅਪ੍ਰੈਲ ਦੇ ਸ਼ੁਰੂ ਵਿੱਚ ਸਿਰਫ਼ 485 ਡਾਲਰ ਰਹਿ ਗਈ ਸੀ। ਫਿਰ ਉਸ ਤੋਂ ਅਗਲੇ ਸਾਲ ਜੂਨ ਦੇ ਅੱਧ ਤੱਕ, ਇਹ ਸਿਰਫ਼ 297 ਡਾਲਰ ਹੋ ਗਈ ਸੀ। ਭਾਵ, ਸੋਨੇ ਦੇ ਸਿਖਰਲੇ ਮੁੱਲ ਤੋਂ 65 ਫੀਸਦੀ ਦੀ ਗਿਰਾਵਟ।

ਇਸੇ ਤਰ੍ਹਾਂ, ਸਾਲ 2011 ਵਿੱਚ ਜਦੋਂ ਸੋਨੇ ਦੀਆਂ ਕੀਮਤਾਂ ਵਿੱਚ ਤੇਜ਼ੀ ਆਈ ਸੀ, ਉਸ ਵੇਲੇ ਵੀ ਇੱਕ ਤੇਜ਼ ਗਿਰਾਵਟ ਆਈ ਅਤੇ ਫਿਰ ਅਸਥਿਰਤਾ ਦਾ ਦੌਰ ਆਇਆ।

ਚਾਰ ਮਹੀਨਿਆਂ ਦੇ ਅੰਦਰ ਇਹ 18 ਫੀਸਦੀ ਘਟ ਗਿਆ। ਕੁਝ ਸਮੇਂ ਲਈ ਸਿਖ਼ਰ ‘ਤੇ ਰਹਿਣ ਤੋਂ ਬਾਅਦ, ਇਹ ਡਿੱਗਦਾ ਰਿਹਾ ਅਤੇ 2013 ਦੇ ਮੱਧ ਵਿੱਚ ਇੱਕ ਹੇਠਲੇ ਬਿੰਦੂ ‘ਤੇ ਪਹੁੰਚ ਗਿਆ ਜੋ ਇਸਦੇ ਉੱਚਤਮ ਬਿੰਦੂ ਤੋਂ 35 ਫੀਸਦੀ ਹੇਠਾਂ ਸੀ।

ਸਵਾਲ ਇਹ ਹੈ ਕਿ ਕੀ ਹੁਣ ਵੀ ਕੁਝ ਅਜਿਹਾ ਹੀ ਹੋ ਸਕਦਾ ਹੈ?

ਕੀ ਬੁਲਬੁਲਾ ਫਟ ਸਕਦਾ ਹੈ?

ਸੋਨੇ ਦੇ ਗਹਿਣੇ

ਤਸਵੀਰ ਸਰੋਤ, Getty Images

ਕੁਝ ਵਿਸ਼ਲੇਸ਼ਕ ਮੰਨਦੇ ਹਨ ਕਿ ਸੋਨੇ ਦੀਆਂ ਕੀਮਤਾਂ ਅੰਤ ਕਾਫ਼ੀ ਘਟ ਜਾਣਗੀਆਂ।

ਮੌਰਨਿੰਗਸਟਾਰ ਦੇ ਇੱਕ ਉਦਯੋਗ ਮਾਹਰ, ਜੌਨ ਮਿਲਜ਼ ਮਾਰਚ ਵਿੱਚ ਉਸ ਵੇਲੇ ਸੁਰਖੀਆਂ ਵਿੱਚ ਆਏ ਜਦੋਂ ਉਨ੍ਹਾਂ ਨੇ ਸੁਝਾਅ ਦਿੱਤਾ ਕਿ ਅਗਲੇ ਕੁਝ ਸਾਲਾਂ ਵਿੱਚ ਇੱਕ ਔਂਸ ਸੋਨੇ ਦੀ ਕੀਮਤ 1,820 ਡਾਲਰ ਤੱਕ ਘਟ ਸਕਦੀ ਹੈ।

ਉਨ੍ਹਾਂ ਕਿਹਾ ਕਿ ਜਿਵੇਂ-ਜਿਵੇਂ ਮਾਈਨਿੰਗ ਫਰਮਾਂ ਆਪਣਾ ਉਤਪਾਦਨ ਵਧਾਉਣਗੀਆਂ ਅਤੇ ਹੋਰ ਰੀਸਾਈਕਲ ਕੀਤਾ ਗਿਆ ਸੋਨਾ ਬਾਜ਼ਾਰ ਵਿੱਚ ਆਵੇਗਾ, ਸਪਲਾਈ ਵਧੇਗੀ। ਉਸੇ ਸਮੇਂ ਕੇਂਦਰੀ ਬੈਂਕ ਵੀ ਆਪਣੀ ਖਰੀਦਦਾਰੀ ਨੂੰ ਘਟ ਕਰ ਦੇਣਗੇ, ਜਦਕਿ ਮੰਗ ਨੂੰ ਉਤੇਜਿਤ ਕਰਨ ਵਾਲੇ ਹੋਰ ਦਬਾਅ ਵੀ ਘੱਟ ਹੋ ਜਾਣਗੇ, ਜਿਸ ਨਾਲ ਕੀਮਤਾਂ ਹੇਠਾਂ ਆਉਣਗੀਆਂ।

ਪਰ ਡਾਨ ਸਟਰੂਵੇਨ ਇਸ ਨਾਲ ਸਹਿਮਤ ਨਹੀਂ ਹਨ। ਉਹ ਮੰਨਦੇ ਹਨ ਕਿ ਥੋੜ੍ਹੇ ਸਮੇਂ ਲਈ ਗਿਰਾਵਟ ਆ ਸਕਦੀ ਹੈ, ਪਰ ਕੀਮਤਾਂ ਆਮ ਤੌਰ ‘ਤੇ ਵਧਦੀਆਂ ਰਹਿਣਗੀਆਂ।

ਉਨ੍ਹਾਂ ਮੁਤਾਬਕ, “ਜੇਕਰ ਅਸੀਂ ਯੂਕਰੇਨ ਸ਼ਾਂਤੀ ਸਮਝੌਤਾ ਚਾਹੁੰਦੇ ਹਾਂ ਜਾਂ ਤੇਜ਼ੀ ਨਾਲ ਵਪਾਰ ਵਿੱਚ ਕਮੀ ਲਿਆਉਣਾ ਚਾਹੁੰਦੇ ਹਾਂ, ਤਾਂ ਮੈਨੂੰ ਲੱਗਦਾ ਹੈ ਕਿ ਹੇਜ ਫੰਡ ਆਪਣੇ ਕੁਝ ਪੈਸੇ ਸੋਨੇ ਵਿੱਚੋਂ ਕੱਢਣ ਅਤੇ ਇਸਨੂੰ ਜੋਖਮ ਭਰੇ ਵਿਕਲਪਾਂ ਜਿਵੇਂ ਕਿ ਸਟਾਕ ਮਾਰਕਿਟ ਵਿੱਚ ਲਗਾਉਣ ਬਾਰੇ ਵਿਚਾਰ ਕਰਨਗੇ।”

ਉਹ ਕਹਿੰਦੇ ਹਨ, “ਇਸ ਲਈ ਤੁਸੀਂ ਅਸਥਾਈ ਗਿਰਾਵਟ ਦੇਖ ਸਕਦੇ ਹੋ। ਪਰ ਸਾਨੂੰ ਪੂਰਾ ਭਰੋਸਾ ਹੈ ਕਿ ਇਸ ਬਹੁਤ ਹੀ ਅਨਿਸ਼ਚਿਤ ਭੂ-ਰਾਜਨੀਤਿਕ ਸਥਿਤੀ ਵਿੱਚ, ਜਿੱਥੇ ਕੇਂਦਰੀ ਬੈਂਕ ਸੁਰੱਖਿਅਤ ਰਿਜ਼ਰਵ ਹੋਲਡਿੰਗ ਚਾਹੁੰਦੇ ਹਨ, ਉਹ ਵਧੇਰੇ ਉੱਚੀ ਮੰਗ ਨਾ ਸਹੀ ਪਰ ਮੱਧਮ ਮੰਗ ਤਾਂ ਜਾਰੀ ਰੱਖਣਗੇ।”

ਸੋਨਾ

ਰਸ ਮੋਲਡ ਦਾ ਮੰਨਣਾ ਹੈ ਕਿ ਘੱਟੋ-ਘੱਟ, ਉੱਪਰ ਵੱਲ ਰੁਝਾਨ ਵਿੱਚ ਹਲਕੀ ਢਿੱਲ ਆਵੇਗੀ।

ਉਹ ਕਹਿੰਦੇ ਹਨ, “ਇਹ ਦੇਖਦੇ ਹੋਏ ਕਿ ਇਸਦਾ ਇੰਨਾ ਸ਼ਾਨਦਾਰ ਦੌਰ ਰਿਹਾ ਹੈ, ਇਹ ਉਮੀਦ ਕਰਨਾ ਤਰਕਸੰਗਤ ਹੋਵੇਗਾ ਕਿ ਇਸਨੂੰ ਕਿਸੇ ਪੜਾਅ ‘ਤੇ ਸਾਹ ਲੈਣ ਲਈ ਵਿਰਾਮ ਮਿਲੇਗਾ।”

ਪਰ ਉਨ੍ਹਾਂ ਦਾ ਇਹ ਵੀ ਮੰਨਣਾ ਹੈ ਕਿ ਜੇਕਰ ਇੱਕ ਤੇਜ਼ ਆਰਥਿਕ ਮੰਦੀ ਆਉਂਦੀ ਹੈ ਅਤੇ ਵਿਆਜ ਦਰਾਂ ਵਿੱਚ ਕਟੌਤੀ ਕੀਤੀ ਜਾਂਦੀ ਹੈ, ਤਾਂ ਸੋਨੇ ਦੀ ਕੀਮਤ ਲੰਬੇ ਸਮੇਂ ਲਈ ਵਧ ਸਕਦੀ ਹੈ।

ਨਿਵੇਸ਼ਕ ਇਸ ਗੱਲ ਨੂੰ ਲੈ ਕੇ ਵੀ ਸਮੀਖਿਆ ਕਰ ਰਹੇ ਹਨ ਕਿ ਕੀ ਸੋਨੇ ਦੀ ਹਾਲੀਆ ਰਿਕਾਰਡ ਕੀਮਤ ਇਸਦੇ ਸਿਖਰਲੇ ਪੱਧਰ ਤੋਂ ਪਹਿਲਾਂ ਸਿਰਫ਼ ਇੱਕ ਪੜਾਅਵਾਰ ਵਾਧਾ ਹੈ।

ਪੈਨਮੂਰ ਲਿਬਰਮ ਵਿਖੇ ਸਾਈਮਨ ਫ੍ਰੈਂਚ ਦਾ ਮੰਨਣਾ ਹੈ ਕਿ ਹੋ ਸਕਦਾ ਹੈ ਕਿ ਇਸ ਦੀਆਂ ਕੀਮਤਾਂ ਦਾ ਸਿਖਰ ਹੁਣ ਬਹੁਤ ਨੇੜੇ ਹੋਵੇ ਅਤੇ ਸੰਭਾਵਨਾ ਹੈ ਕਿ ਵੱਡੇ ਪੈਸੇ ਕਮਾਉਣ ਦੀ ਉਮੀਦ ਵਿੱਚ ਜੋ ਲੋਕ ਬਾਜ਼ਾਰ ‘ਚ ਉਤਰੇ ਹੋਏ ਹਨ, ਉਹ ਨਿਰਾਸ਼ ਹੋਣ।

ਹੋਰ ਮਾਹਿਰ ਚੇਤਾਵਨੀ ਦਿੰਦੇ ਹਨ ਕਿ ਹਾਲ ਹੀ ਵਿੱਚ ਸੋਨੇ ਨੂੰ ਲੈ ਕੇ ਹੋ ਰਹੇ ਪ੍ਰਚਾਰ ਅਤੇ ਸੁਰਖੀਆਂ ਨਾਲ ਪ੍ਰਭਾਵਿਤ ਹੋ ਕੇ ਜੋ ਲੋਕ ਸੋਨਾ ਖਰੀਦ ਰਹੇ ਹਨ, ਜੇਕਰ ਬਾਜ਼ਾਰ ਉਲਟ ਗਿਆ ਤਾਂ ਉਨ੍ਹਾਂ ਨੂੰ ਨੁਕਸਾਨ ਹੋ ਸਕਦਾ ਹੈ।

ਹਰਗ੍ਰੀਵਜ਼ ਲੈਂਸਡਾਊਨ ਵਿਖੇ ਪੈਸੇ ਅਤੇ ਬਾਜ਼ਾਰਾਂ ਸਬੰਧੀ ਮੁਖੀ, ਸੁਸਾਨਾਹ ਸਟ੍ਰੀਟਰ ਵੀ ਇਸੇ ਗੱਲ ਨਾਲ ਸਹਿਮਤੀ ਜਤਾਉਂਦੇ ਹੋਏ ਕਹਿੰਦੇ ਹਨ ਕਿ “ਥੋੜ੍ਹੇ ਸਮੇਂ ਦੀਆਂ ਅਟਕਲਾਂ ਉਲਟਾ ਅਸਰ ਪਾ ਸਕਦੀਆਂ ਹਨ।”

ਉਹ ਕਹਿੰਦੇ ਹਨ, “ਸੋਨੇ ਵਿੱਚ ਨਿਵੇਸ਼ ਕਰਨ ਬਾਰੇ ਵਿਚਾਰ ਕਰਨ ਵਾਲੇ ਨਿਵੇਸ਼ਕਾਂ ਨੂੰ ਇੱਕ ਵਿਭਿੰਨ ਪੋਰਟਫੋਲੀਓ ਦੇ ਹਿੱਸੇ ਵਜੋਂ ਅਜਿਹਾ ਕਰਨਾ ਚਾਹੀਦਾ ਹੈ – ਉਨ੍ਹਾਂ ਨੂੰ ਆਪਣਾ ਸਾਰਾ ਨਿਵੇਸ਼ ਸੋਨੇ ਵਿੱਚ ਨਹੀਂ ਕਰਨਾ ਚਾਹੀਦਾ।”

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI