Source :- BBC PUNJABI

ਕਸਰਤ

ਤਸਵੀਰ ਸਰੋਤ, Getty Images

ਬਹੁਤ ਸਾਰੇ ਲੋਕ ਪੂਰਾ ਹਫ਼ਤਾ ਕਸਰਤ ਕਰਨ ਦੀ ਜੱਦੋ-ਜਹਿਦ ਵਿੱਚ ਰਹਿੰਦੇ ਹਨ ਪਰ ਇੱਕ ਨਵੀਂ ਖੋਜ ਸੁਝਾਅ ਦਿੰਦੀ ਹੈ ਜੇ ਪੂਰਾ ਹਫ਼ਤਾ ਕਸਰਤ ਨਾ ਵੀ ਹੋ ਸਕੇ ਤਾਂ ਥੋੜ੍ਹੀ-ਬਹੁਤ ਕਸਰਤ ਵੀ ਲਾਭਦਾਇਕ ਹੋ ਸਕਦਾ ਹੈ ਅਤੇ ਇਹ ਸਿਹਤ ਲਈ ਪ੍ਰਭਾਵਸ਼ਾਲੀ ਹੁੰਦੀ ਹੈ।

ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਕਸਰਤ ਦਿਲ ਨੂੰ ਸਿਹਤਯਾਬ ਰੱਖਣ ਲਈ ਚੰਗੀ ਹੈ।

ਨਿਯਮਤ ਕਸਰਤ ਬਲੱਡ ਪ੍ਰੈਸ਼ਰ ਅਤੇ ਕੋਲੈਸਟ੍ਰੋਲ ਲੈਵਲ ਨੂੰ ਠੀਕ ਰੱਖਣ ਵਿੱਚ ਵੀ ਮਦਦਗਾਰ ਹੁੰਦੀ ਹੈ। ਇਹ ਦਿਲ ਦੇ ਦੌਰੇ ਜਾਂ ਸਟ੍ਰੋਕ ਹੋਣ ਦੀ ਸੰਭਾਵਨਾ ਨੂੰ ਘਟਾਉਂਦੀ ਹੈ।

ਪਰ ਕਈ ਵਾਰ ਕਸਰਤ ਕਰਨ ਲਈ ਹਰ ਰੋਜ਼ ਸਮਾਂ ਕੱਢਣਾ ਔਖਾ ਹੁੰਦਾ ਹੈ ਅਤੇ ਕਈ ਵਾਰ ਪ੍ਰੇਰਣਾ ਦੀ ਘਾਟ ਵੀ ਰੁਕਾਵਟ ਬਣਦੀ ਹੈ।

ਪਰ ਹਫ਼ਤੇ ਵਿੱਚ ਰੋਜ਼ ਦੀ ਬਜਾਇ ਜੇ ਥੋੜ੍ਹੀ ਕਸਰਤ ਵੀ ਕੀਤੀ ਜਾਂਦੀ ਹੈ ਤਾਂ ਉਸ ਦਾ ਵੀ ਫ਼ਾਇਦਾ ਹੋ ਸਕਦਾ ਹੈ।

ਹਫ਼ਤੇ ਵਿੱਚ ਜੇ ਥੋੜ੍ਹਾ ਸਮਾਂ ਹੀ ਕਸਰਤ ਲਈ ਨਿਕਲ ਸਕੇ ਤਾਂ ਇਸ ਦੇ ਕੀ ਫ਼ਾਇਦੇ ਹੋ ਸਕਦੇ ਹਨ? ਇਸ ਬਾਰੇ ਜਾਣਦੇ ਹਾਂ।

ਬੀਬੀਸੀ ਪੰਜਾਬੀ

ਘੱਟ ਕਸਰਤ ਨਾ ਕਰਨ ਤੋਂ ਬਿਹਤਰ

ਸਵਾਲ ਪੈਦਾ ਹੁੰਦਾ ਹੈ ਕਿ ਕੀ ਘੱਟ ਕਸਰਤ ਕਰਨਾ ਹੀ ਠੀਕ ਹੈ?

ਇਸ ਦਾ ਜਵਾਬ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਤੁਸੀਂ ਸ਼ੁਰੂਆਤ ਕਰਨ ਲਈ ਕਿੰਨੇ ਫਿੱਟ ਹੋ।

ਇਸ ਵਿੱਚ ਇੱਕ ਖ਼ਬਰ ਕੁਝ ਰਾਹਤ ਦੇਣ ਵਾਲੀ ਹੈ। ਉਹ ਇਹ ਕਿ ਤੰਦਰੁਸਤੀ ਦੇ ਮਾਮਲੇ ਵਿੱਚ ਤੁਹਾਡਾ ਸ਼ੁਰੂਆਤੀ ਪੱਧਰ ਜਿੰਨਾ ਹੇਠਾਂ ਹੋਵੇਗਾ, ਤੁਹਾਨੂੰ ਕਸਰਤ ਦਾ ਲਾਭ ਲੈਣ ਲਈ ਸ਼ੁਰੂਆਤ ਵਿੱਚ ਉਨੀਂ ਦੀ ਘੱਟ ਮਿਹਨਤ ਕਰਨ ਦੀ ਲੋੜ ਪਵੇਗੀ।

ਯਾਨੀ ਜੇ ਕੋਈ ਵਿਅਕਤੀ ਸਾਰਾ ਦਿਨ ਬੈਠਾ ਹੀ ਰਹਿੰਦਾ ਹੈ, ਤਾਂ ਉਹ ਥੋੜ੍ਹੀ ਜਿਹੀ ਕਸਰਤ ਨਾਲ ਵੀ ਦਿਲ ਦੇ ਰੋਗਾਂ ਦੇ ਜੋਖ਼ਮ ਨੂੰ ਪਹਿਲਾਂ ਦੇ ਮੁਕਾਬਲੇ ਘਟਾ ਸਕਦਾ ਹੈ।

ਕਸਰਤ

ਤਸਵੀਰ ਸਰੋਤ, Getty Images

ਅਸਲ ਵਿੱਚ ਜੇ ਕਰ ਤੁਸੀਂ ਪਹਿਲਾਂ ਜ਼ੀਰੋ ਕਸਰਤ ਯਾਨੀ ਬਿਲਕੁਲ ਵੀ ਸਰੀਰਕ ਐਕਸਰਸਾਈਜ਼ ਨਹੀਂ ਕਰਦੇ ਸੀ ਪਰ ਹੁਣ ਤੁਸੀਂ ਇੱਕ ਜਾਂ ਦੋ ਘੰਟੇ ਆਰਾਮ ਨਾਲ ਸਾਈਕਲ ਚਲਾਉਣਾ ਜਾਂ ਤੇਜ਼ ਸੈਰ ਕਰਨਾ ਸ਼ੁਰੂ ਕਰ ਦਿੰਦੇ ਹੋ ਤਾਂ ਇਸ ਦਾ ਵੀ ਫ਼ਾਇਦਾ ਹੋਵੇਗਾ।

ਤੁਸੀਂ ਕਾਰਡੀਓਵੈਸਕੁਲਰ ਬਿਮਾਰੀ ਕਾਰਨ ਹੋਣ ਵਾਲੀ ਮੌਤ ਦੇ ਜੋਖਮ ਨੂੰ 20 ਫ਼ੀਸਦੀ ਤੱਕ ਘਟਾਉਣ ਵਿੱਚ ਕਾਮਯਾਬ ਹੋ ਸਕਦੇ ਹੋ।

ਪਰ ਜਿਵੇਂ-ਜਿਵੇਂ ਤੁਸੀਂ ਫਿੱਟ ਹੋ ਜਾਂਦੇ ਹੋ ਅਤੇ ਤੁਹਾਡੀ ਕਸਰਤ ਦਾ ਸਮਾਂ ਅਤੇ ਤੀਬਰਤਾ ਵੀ ਵੱਧ ਜਾਂਦੀ ਹੈ। ਉਸ ਦਾ ਲਾਭ ਤੁਹਾਡੇ ਦਿਲ ਦੀ ਸਿਹਤ ਨੂੰ ਮਿਲਣਾ ਸੁਭਾਵਿਕ ਹੈ। ਕਾਰਡੀਓਵੈਸਕੁਲਰ ਸਿਹਤ ਨੂੰ ਲਾਭ ਮਿਲਦਾ ਹੈ।

ਇਸ ਨੂੰ ਕਈ ਵਾਰ ‘ਜੇ-ਸ਼ੇਪਡ’ ਕਰਵ ਕਿਹਾ ਜਾਂਦਾ ਹੈ।

ਇੱਕ ਅਜਿਹਾ ਵਿਅਕਤੀ ਜੋ ਪਹਿਲਾਂ ਸਾਰਾ ਹਫ਼ਤਾ ਬੈਠ ਰਹਿੰਦਾ ਸੀ ਤੇ ਹੁਣ ਉਸ ਨੇ ਹਫ਼ਤੇ ਵਿੱਚ ਦੋ ਘੰਟੇ ਕਸਰਤ ਕਰਨਾ ਸ਼ੁਰੂ ਕਰ ਦਿੱਤਾ ਹੈ ਬੇਸ਼ੱਕ, ਇਸ ਮਿਆਦ ਦੌਰਾਨ ਉਸ ਦੇ ਕਾਰਡੀਓਵੈਸਕੁਲਰ ਜੋਖਮ ਵਿੱਚ ਸਭ ਤੋਂ ਵੱਡੀ ਕਮੀ ਆਵੇਗੀ।

ਜੇ ਉਹ ਕਸਰਤ ਵਧਾ ਕੇ ਹਫ਼ਤੇ ਵਿੱਚ ਚਾਰ ਘੰਟੇ ਕਸਰਤ ਕਰਨ ਲੱਗੇ ਤਾਂ ਉਸ ਨੂੰ ਇਸ ਦੇ ਹੋਰ ਲਾਭ ਤਾਂ ਮਿਲ਼ਣਗੇ ਹੀ ਦਿਲ ਦੇ ਰੋਗਾਂ ਦੇ ਜੋਖ਼ਮ ਵਿੱਚ ਹੋਰ 10 ਫ਼ੀਸਦੀ ਤੱਕ ਕਮੀ ਆਵੇਗੀ।

ਪਰ ਕਾਰਡੀਓਵੈਸਕੁਲਰ ਸਿਹਤ ਲਈ ਲਾਭ ਹਫ਼ਤੇ ਵਿੱਚ ਚਾਰ ਤੋਂ ਛੇ ਘੰਟਿਆਂ ਬਾਅਦ ਸਭ ਤੋਂ ਵੱਧ ਦਿਖਾਈ ਦਿੰਦੇ ਹਨ। ਇਹ ਵੀ ਜਾਣ ਲਓ ਕਿ ਇਸ ਤੋਂ ਵੱਧ ਕਿਸੇ ਨੂੰ ਵੀ ਨਹੀਂ ਹੁੰਦਾ।

ਸ਼ੁਰੂਆਤ ਦੀ ਲੋੜ

ਕਸਰਤ

ਤਸਵੀਰ ਸਰੋਤ, Getty Images

ਹਾਲਾਂਕਿ, ਇੱਕ ਅਧਿਐਨ ਜਿਸ ਵਿੱਚ ਬੈਠਣ ਵਾਲੇ ਲੋਕਾਂ ਨੂੰ ਇੱਕ ਈਵੈਂਟ ਨੂੰ ਪੂਰਾ ਕਰਨ ਲਈ ਸਿਖਲਾਈ ਦਿੱਤੀ ਗਈ ਸੀ, ਜਿਵੇਂ ਕਿ ਇੱਕ ਮੈਰਾਥਨ ਵਿੱਚ। ਇਸ ਤਜ਼ਰਬੇ ਤੋਂ ਇਹ ਤੱਥ ਸਾਹਮਣੇ ਆਇਆ ਕਿ ਇੱਕ ਵਾਰ ਹਿੱਸਾ ਲੈਣ ਤੋਂ ਬਾਅਦ ਲੋਕਾਂ ਦੀ ਕਸਰਤ ਕਰਨ ਦੀ ਆਦਤ ਸੱਤ ਤੋਂ ਨੌਂ ਘੰਟੇ ਤੱਕ ਪਹੁੰਚ ਗਈ।

ਇਸ ਦੌਰਾਨ ਉਨ੍ਹਾਂ ਨੇ ਆਪਣੀ ਸਿਹਤ ਵਿੱਚ ਖ਼ਾਸ ਬਿਹਤਰੀ ਮਹਿਸੂਸ ਕੀਤੀ।

ਹਫ਼ਤੇ ਵਿੱਚ ਦੋ ਘੰਟੇ ਕੀਤੀ ਗਈ ਕਸਰਤ ਵੀ ਤੁਹਾਨੂੰ ਕਾਰਡੀਓਵੈਸਕੁਲਰ ਤੁੰਦਰੁਸਤੀ ਦੇ ਮਾਮਲੇ ਵਿੱਚ ਉਨ੍ਹਾਂ ਹੀ ਫ਼ਾਇਦਾ ਦੇ ਸਕਦੀ ਹੈ ਜਿੰਨਾ ਹਫ਼ਤੇ ਵਿੱਚ ਚਾਰ ਤੋਂ ਛੇ ਘੰਟੇ ਤੱਕ ਕੀਤੀ ਜਾਣ ਵਾਲੀ ਕਸਰਤ ਦੇ ਸਕਦੀ ਹੈ।

ਅਧਿਐਨ ਵਿੱਚ ਸਾਹਮਣੇ ਆਇਆ ਕਿ ਇਸ ਵਿੱਚ ਹਿੱਸਾ ਲੈਣ ਵਾਲਿਆਂ ਦੀਆਂ ਦਿਲ ਦੀਆਂ ਮਾਸਪੇਸ਼ੀਆਂ ਮਜ਼ਬੂਤ ਹੋਈਆਂ ਸਨ।

ਮਾਹਰ ਕਹਿੰਦੇ ਹਨ ਕਿ ਦਿਲ ਵੀ ਕਿਸੇ ਹੋਰ ਮਾਸਪੇਸ਼ੀ ਦੀ ਤਰ੍ਹਾਂ ਹੈ, ਜੇਕਰ ਸਹੀ ਤਰੀਕੇ ਨਾਲ ਕਸਰਤ ਜ਼ਰੀਏ ਇਸ ਨੂੰ ਸਿਖਲਾਈ ਦਿੱਤੀ ਜਾਵੇ, ਤਾਂ ਇਸ ਦੀ ਸਿਹਤ ਹੋਰ ਬਿਹਤਰ ਹੋ ਜਾਵੇਗੀ।

ਇਹ ਬਦਲਾਅ ਹਫ਼ਤੇ ਵਿੱਚ 2 ਘੰਟੇ ਕਸਰਤ ਕਰਨਾ ਸ਼ੁਰੂ ਕਰਨ ਤੋਂ ਤਿੰਨ ਮਹੀਨਿਆਂ ਬਾਅਦ ਸਾਹਮਣੇ ਆਉਣ ਲੱਗੇ ਸਨ।

ਇਸ ਲਈ, ਕਸਰਤ ਦੇ ਵਾਧੂ ਘੰਟੇ ਕਾਰਡੀਓਵੈਸਕੁਲਰ ਬਿਮਾਰੀ ਦੇ ਜੋਖ਼ਮ ਨੂੰ ਘਟਾਉਣ ਵਿੱਚ ਵਧੇਰੇ ਲਾਭਦਾਇਕ ਸਾਬਤ ਨਹੀਂ ਹੁੰਦੇ।

ਕਸਰਤ

ਤਸਵੀਰ ਸਰੋਤ, Getty Images

ਦਿਲ ਦੀ ਬਣਤਰ ਵਿੱਚ ਥੋੜ੍ਹੀ ਕਸਰਤ ਨਾਲ ਵੀ ਸੁਧਾਰ ਹੋਵੇਗਾ ਅਤੇ ਇਹ ਤੁਹਾਨੂੰ ਤੰਦਰੁਸਤ ਜ਼ਿੰਦਗੀ ਵੱਲ ਲੈ ਜਾਵੇਗਾ। ਇਸੇ ਸ਼ੁਰੂਆਤ ਨਾਲ ਹੀ ਤੁਸੀਂ ਇੱਕ ਤੇਜ਼ ਮੈਰਾਥਨ ਦੌੜਨ ਤੱਕ ਪਹੁੰਚ ਸਕਦੇ ਹੋ।

ਪਹਿਲੇ ਅਧਿਐਨਾਂ ਵਿੱਚ ਮੰਨਿਆਂ ਜਾਂਦਾ ਸੀ ਕਿ ਦਿਲ ਦੀ ਬਿਹਤਰ ਕਾਰਗੁਜ਼ਾਰੀ ਸਿਰਫ਼ ਅਥਲੀਟਾਂ ਲਈ ਹੀ ਸੰਭਵ ਹੈ, ਪਰ ਨਵਾਂ ਅਧਿਐਨ ਇਸ ਗੱਲ ਦਾ ਸਬੂਤ ਹੈ ਕਿ ਜੇਕਰ ਅਸੀਂ ਵਚਨਬੱਧ ਹੋਣ ਲਈ ਤਿਆਰ ਹਾਂ, ਅਸੀਂ ਨਾ ਸਿਰਫ਼ ਕਾਰਡੀਓਵੈਸਕੁਲਰ ਲਾਭ ਪ੍ਰਾਪਤ ਕਰ ਸਕਦੇ ਹਾਂ ਬਲਕਿ ਇੱਕ ਅਥਲੀਟ ਵਰਗੇ ਦਿਲ ਦਾ ਵਿਕਾਸ ਵੀ ਕਰ ਸਕਦੇ ਹਾਂ।

ਜਦੋਂ ਤੁਸੀਂ ਆਪਣੇ ਦਿਲ ਦੀ ਸਿਹਤ ਨੂੰ ਸੁਧਾਰਨ ਲਈ ਹਫ਼ਤੇ ਵਿੱਚ ਇੱਕ ਜਾਂ ਦੋ ਘੰਟੇ ਕਸਰਤ ਕਰਨਾ ਸ਼ੁਰੂ ਕਰੋਗੇ ਤਾਂ ਦੇਖੋਗੇ ਕਿ ਅਚਾਨਕ ਬਹੁਤ ਕੁਝ ਬਿਹਤਰ ਹੋ ਰਿਹਾ ਹੈ।

ਤੁਹਾਨੂੰ ਅਸਲ ਵਿੱਚ ਕਸਰਤ ਦਾ ਆਨੰਦ ਆਉਣ ਲੱਗਦਾ ਹੈ।

ਹਫ਼ਤੇ ਵਿੱਚ ਚਾਰ ਘੰਟੇ ਕਸਰਤ ਬਹੁਤ ਵਧੀਆ ਹੈ ਕਿਉਂਕਿ ਇਹ ਕਾਰਡੀਓਵੈਸਕੁਲਰ ਜੋਖਮ ਵਿੱਚ ਸਭ ਤੋਂ ਵੱਡੀ ਕਮੀ ਕਰ ਸਕਦੀ ਹੈ।

ਪਰ ਜੇਕਰ ਤੁਸੀਂ ਸਿਖਲਾਈ ਦਾ ਆਨੰਦ ਮਾਣਦੇ ਹੋ ਜਾਂ ਤੁਹਾਨੂੰ ਪਸੰਦੀਦਾ ਖੇਡ ਮਿਲ ਜਾਵੇ, ਤਾਂ ਤੁਹਾਨੂੰ ਖ਼ੁਦ ਨੂੰ ਵਰਜਿਸ਼ ਤੋਂ ਰੁਕਣਾ ਨਹੀਂ ਚਾਹੀਦਾ।

ਕਸਰਤ ਦੀ ਤੀਬਰਤਾ ਵਧਾਉਣਾ

ਕਸਰਤ

ਤਸਵੀਰ ਸਰੋਤ, Getty Images

ਕਦੇ ਵੀ ਕਸਰਤ ਨਾ ਕਰਨ ਤੋਂ ਲੈ ਕੇ ਹਫ਼ਤੇ ਵਿੱਚ ਚਾਰ ਘੰਟੇ ਵਰਜਿਸ਼ ਕਰਨ ਦਾ ਖ਼ਿਆਲ ਥੋੜ੍ਹਾ ਔਖਾ ਹੋ ਸਕਦਾ ਹੈ, ਖ਼ਾਸ ਕਰਕੇ ਜੇ ਤੁਹਾਡੇ ਕੋਲ ਬਹੁਤਾ ਸਮਾਂ ਨਾ ਹੋਵੇ ਤਾਂ।

ਇਹ ਅਜਿਹੀ ਸਥਿਤੀ ਹੈ ਜਿੱਥੇ ਤੁਹਾਡੇ ਵਰਕਆਉਟ ਦੀ ਤੀਬਰਤਾ ਅਹਿਮ ਭੂਮਿਕਾ ਅਦਾ ਕਰਦੀ ਹੈ।

ਜੇ ਤੁਸੀਂ ਦਿਲ ਦੇ ਰੋਗਾਂ ਉੱਤੇ ਲੱਗਣ ਵਾਲੇ ਆਪਣੇ ਪੈਸੇ ਬਚਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਪਸੀਨਾ ਵਹਾਉਣਾ ਚਾਹੀਦਾ ਹੈ।

ਹਾਈ-ਇਨਟੈਸਿਟੀ ਇੰਟਰਵਰ ਟਰੇਨਿੰਗ (ਹਿੱਟ) ਉੱਚ-ਤੀਬਰਤਾ ਅੰਤਰਾਲ ਸਿਖਲਾਈ ਤੁਹਾਨੂੰ ਕਸਰਤ ਦਾ ਵੱਧ ਤੋਂ ਵੱਧ ਲਾਭ ਦੇ ਸਕਦੀ ਹੈ।

ਇਹ ਆਮ ਤੌਰ ‘ਤੇ 20-ਮਿੰਟ ਦੀ ਕਸਰਤ ਹੁੰਦੀ ਹੈ ਜਿਸ ਵਿੱਚ 30 ਤੋਂ 60-ਸਕਿੰਟ ਦੀ ਤੀਬਰ ਕਸਰਤ ਹੁੰਦੀ ਹੈ ਅਤੇ ਵਿੱਚ-ਵਿੱਚ ਥੋੜ੍ਹਾ ਆਰਾਮ ਦਾ ਸਮਾਂ ਵੀ ਸ਼ਾਮਲ ਹੁੰਦਾ ਹੈ।

ਇਹ ਕਸਰਤਾਂ ਥੋੜ੍ਹੇ ਸਮੇਂ ਦੀਆਂ ਹੋਣ ਦੇ ਬਾਵਜੂਦ, ਇਨ੍ਹਾਂ ਦੀ ਤੀਬਰਤਾ ਕਾਰਨ ਤੁਹਾਨੂੰ ਬਲੱਡ ਪ੍ਰੈਸ਼ਰ ਅਤੇ ਕੋਲੇਸਟ੍ਰੋਲ ਵਿੱਚ ਕਮੀ ਵਰਗੇ ਲਾਭ ਹੋ ਸਕਦੇ ਹਨ।

ਕਸਰਤ

ਤਸਵੀਰ ਸਰੋਤ, Getty Images

ਹਾਲਾਂਕਿ, ਜ਼ਿਆਦਾਤਰ ਅਧਿਐਨ ਜੋ ਹਿੱਟ ਵਰਜਿਸ਼ ਦੁਆਲੇ ਹੋਏ ਹਨ ਇਹ ਮਾਪਣ ਲਈ ਬਹੁਤ ਛੋਟੇ ਪੱਧਰ ਦੇ ਹਨ ਕਿ ਕੀ ਇਸ ਦਾ ਸਮੁੱਚੇ ਕਾਰਡੀਓਵੈਸਕੁਲਰ ਜੋਖਮ ‘ਤੇ ਕੋਈ ਪ੍ਰਭਾਵ ਹੈ ਜਾਂ ਨਹੀਂ।

ਜੇਕਰ ਤੁਹਾਨੂੰ ਦਿਲ ਦਾ ਕੋਈ ਰੋਗ ਹੈ ਤਾਂ ਸਾਵਧਾਨੀ ਵਰਤਣ ਦੀ ਲੋੜ ਹੈ।

ਕਈ ਸਥਿਤੀਆਂ ਹਨ, ਜਿਵੇਂ ਕਿ ਕਾਰਡੀਓਮਾਇਓਪੈਥੀ (ਜੈਨੇਟਿਕ ਦਿਲ ਦੀਆਂ ਮਾਸਪੇਸ਼ੀਆਂ ਦੀ ਬਿਮਾਰੀ), ਈਸੈਮਿਕ ਦਿਲ ਦੀ ਬਿਮਾਰੀ (ਦਿਲ ਦੀਆਂ ਧਮਨੀਆਂ ਦਾ ਤੰਗ ਹੋਣਾ) ਅਤੇ ਮਾਇਓਕਾਰਡਾਈਟਿਸ (ਦਿਲ ਦੀ ਸੋਜ, ਆਮ ਤੌਰ ‘ਤੇ ਵਾਇਰਲ) ਵਰਗੇ ਹਾਲਾਤ ਵਿੱਚ ਸਖ਼ਤ ਕਸਰਤ ਕਰਨ ਦੀ ਸਲਾਹ ਨਹੀਂ ਦਿੱਤੀ ਜਾਂਦੀ ਹੈ।

ਇਨ੍ਹਾਂ ਸਿਹਤ ਸਥਿਤੀਆਂ ਵਾਲੇ ਲੋਕਾਂ ਨੂੰ ਘੱਟ ਜਾਂ ਮੱਧਮ-ਤੀਬਰਤਾ ਵਾਲੀ ਕਸਰਤ ਕਰਨੀ ਚਾਹੀਦੀ ਹੈ।

ਇਹ ਤੁਹਾਡੇ ਦਿਲ ਲਈ ਫ਼ਿਰ ਵੀ ਫਾਇਦੇਮੰਦ ਰਹੇਗਾ ਅਤੇ ਤੁਹਾਨੂੰ ਕਿਸੇ ਖ਼ਤਰੇ ਵਿੱਚ ਨਹੀਂ ਪਾਉਂਦਾ।

ਕਸਰਤ

ਤਸਵੀਰ ਸਰੋਤ, Getty Images

ਜੇਕਰ ਹਫ਼ਤੇ ਵਿੱਚ ਕਸਰਤ ਕਰਨ ਲਈ ਸਮਾਂ ਕੱਢਣਾ ਇੱਕ ਚੁਣੌਤੀ ਹੈ ਅਤੇ ਤੁਸੀਂ ਸਿਰਫ਼ ਵੀਕਐਂਡ ਵਿੱਚ ਹੀ ਕਸਰਤ ਕਰ ਲੈਣੀ ਚਾਹੀਦੀ ਹੈ ਤੇ ਯਕੀਨ ਰੱਖੋ ਕਿ ਇਸ ਦਾ ਵੀ ਫ਼ਾਇਦਾ ਹੋਵੇਗਾ ਹੀ।

37,000 ਤੋਂ ਵੱਧ ਲੋਕਾਂ ‘ਤੇ ਕੀਤੇ ਗਏ ਅਧਿਐਨ ਵਿੱਚ ਸਾਹਮਣਏ ਆਇਆ ਕਿ ਜਿਨ੍ਹਾਂ ਲੋਕਾਂ ਨੇ ਹਫ਼ਤੇ ਵਿੱਚ ਸਿਰਫ਼ ਇੱਕ ਦਿਨ ਹੀ ਸਰੀਰਕ ਗਤੀਵਿਧੀ ਕੀਤੀ, ਉਨ੍ਹਾਂ ਵਿੱਚ ਵੀ ਕਾਰਡੀਓਵੈਸਕੁਲਰ ਰੋਗ ਦੇ ਜੋਖਮ ਵਿੱਚ ਓਨੀ ਹੀ ਕਮੀ ਆਈ ਹੈ ਜਿੰਨੀ ਉਨ੍ਹਾਂ ਲੋਕਾਂ ਦੇ ਵਿੱਚ ਆਈ ਸੀ ਜੋ ਪੂਰਾ ਹਫ਼ਤਾ ਵਰਜਿਸ਼ ਕਰਦੇ ਰਹੇ ਸਨ।

ਇਸ ਲਈ, ਕਿਸੇ ਆਲਸੀ ਵਿਅਕਤੀ ਲਈ ਜੋ ਆਪਣੇ ਆਪ ਨੂੰ ਦਿਲ ਦੇ ਰੋਗਾਂ ਤੋਂ ਬਚਾਉਣਾ ਅਤੇ ਆਪਣੇ ਦਿਲ ਦੀ ਸਿਹਤ ਵਿੱਚ ਸੁਧਾਰ ਕਰਨਾ ਚਾਹੁੰਦਾ ਹੈ ਲਈ ਇਹ ਸਧਾਰਨ ਸੁਨੇਹਾ ਹੈ: ਥੋੜ੍ਹੀ ਦੇਰ ਲਈ ਕੋਈ ਵੀ ਕਸਰਤ ਕਰੋ ਉਸ ਨਾਲ ਵੀ ਵੱਡਾ ਫ਼ਰਕ ਲਿਆਂਦਾ ਜਾ ਸਕਦਾ ਹੈ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI