Source :- BBC PUNJABI
ਤਸਵੀਰ ਸਰੋਤ, Charanjeev Kaushal
ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 5 ਮਿੰਟ
ਚੇਤਾਵਨੀ: ਕੁਝ ਵੇਰਵੇ ਪਰੇਸ਼ਾਨ ਕਰ ਸਕਦੇ ਹਨ।
ਸੰਗਰੂਰ ਦੇ ਹਲਕਾ ਦਿੜ੍ਹਬਾ ਵਿੱਚ ਸੂਬੇ ਦੇ ਵਿੱਤ ਮੰਤਰੀ ਹਰਪਾਲ ਚੀਮਾ ਦੇ ਸਮਾਗਮ ਦੌਰਾਨ ਸਵਾਲ ਪੁੱਛਣ ਵਾਲੇ ਮਜ਼ਦੂਰ ਵੱਲੋਂ ਕਥਿਤ ਤੌਰ ਉੱਤੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ ਗਈ ਤੇ ਉਸ ਮਗਰੋਂ ਹਸਪਤਾਲ ਵਿੱਚ ਉਸ ਦੀ ਮੌਤ ਹੋ ਗਈ ਹੈ।
ਬੀਬੀਸੀ ਸਹਿਯੋਗੀ ਚਰਨਜੀਵ ਕੌਸ਼ਲ ਮੁਤਾਬਕ, ਮਾਮਲੇ ਵਿੱਚ ਪੁਲਿਸ ਨੇ ਪਿੰਡ ਦੀ ਮਹਿਲਾ ਸਰਪੰਚ ਦੇ ਪਤੀ ਬਲਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਬਲਜੀਤ ਸਿੰਘ ਸਮੇਤ ਪੰਜ ਮੁਲਜ਼ਮਾਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਬਾਕੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਵੀ ਛੇਤੀ ਹੋ ਜਾਵੇਗੀ।
ਆਮ ਆਦਮੀ ਪਾਰਟੀ ਨੇ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਦੋਸ਼ੀਆਂ ਖਿਲਾਫ਼ ਕਾਨੂੰਨ ਤਹਿਤ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਮਹੱਤਵਪੂਰਨ ਸੂਚਨਾ
(ਖੁਦਕੁਸ਼ੀ ਇੱਕ ਗੰਭੀਰ ਮਨੋਵਿਗਿਆਨਕ ਅਤੇ ਸਮਾਜਿਕ ਸਮੱਸਿਆ ਹੈ।
ਜੇਕਰ ਤੁਸੀਂ ਵੀ ਤਣਾਅ ਵਿੱਚੋਂ ਗੁਜ਼ਰ ਰਹੇ ਹੋ, ਤਾਂ ਤੁਸੀਂ ਭਾਰਤ ਸਰਕਾਰ ਦੀ ਜੀਵਨਸਾਥੀ ਹੈਲਪਲਾਈਨ 1800 233 3330 ਤੋਂ ਮਦਦ ਲੈ ਸਕਦੇ ਹੋ।
ਤੁਹਾਨੂੰ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਵੀ ਗੱਲ ਕਰਨੀ ਚਾਹੀਦੀ ਹੈ।)

ਮਾਮਲਾ ਦਿੜ੍ਹਬਾ ਹਲਕੇ ਵਿੱਚ ਪੈਂਦੇ ਪਿੰਡ ਤੂਰ ਬਣਜਾਰਾ ਦਾ ਹੈ। ਇੱਥੋਂ ਦੇ ਰਹਿਣ ਵਾਲੇ ਦਿਹਾੜੀ ਮਜ਼ਦੂਰ ਗੁਲਜ਼ਾਰ ਸਿੰਘ ਨੇ ਹਰਪਾਲ ਚੀਮਾ ਦੇ ਸਮਾਗਮ ਦੌਰਾਨ ਉਨ੍ਹਾਂ ਦੇ ਪਿੰਡ ਵਿੱਚ ਚਿੱਟੇ ਦੀ ਵਿਕਰੀ ਬਾਰੇ ਸਵਾਲ ਕੀਤੇ। ਚੀਮਾ ਐਤਵਾਰ ਨੂੰ ਉਨ੍ਹਾਂ ਦੇ ਪਿੰਡ ਵਿੱਚ ਕੁਝ ਵਿਕਾਸ ਕਾਰਜਾਂ ਦੇ ਉਦਘਾਟਨ ਲਈ ਪਹੁੰਚੇ ਸਨ।
ਬੀਬੀਸੀ ਸਹਿਯੋਗੀ ਚਰਨਜੀਵ ਕੌਸ਼ਲ ਮੁਤਾਬਕ ਸੋਮਵਾਰ ਨੂੰ ਗੁਲਜ਼ਾਰ ਸਿੰਘ ਵੱਲੋਂ ਕਥਿਤ ਤੌਰ ਉੱਤੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਹਾਲਤ ਵਿਗੜਨ ਬਾਅਦ ਉਸ ਨੂੰ ਪਹਿਲਾਂ ਸਥਾਨਕ ਸਿਵਲ ਹਸਪਤਾਲ ਅਤੇ ਫਿਰ ਪਟਿਆਲਾ ਦੇ ਰਜਿੰਦਰਾ ਹਸਪਤਾਲ ਰੈਫਰ ਕਰ ਦਿੱਤਾ ਗਿਆ। ਉੱਥੇ ਵੈਂਟੀਲੇਟਰ ਨਾ ਹੋਣ ਕਾਰਨ ਉਨ੍ਹਾਂ ਨੂੰ ਸੰਗਰੂਰ ਦੇ ਨਿੱਜੀ ਹਸਪਤਾਲ ਲਿਆਂਦਾ ਗਿਆ। ਪਰ ਹਾਲਤ ਨਾਜ਼ੁਕ ਹੋਣ ਕਰਕੇ ਇੱਥੋਂ ਡੀਐਮਸੀ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਸੀ, ਜਿੱਥੇ ਰਾਤ ਤਕਰੀਬਨ ਸਾਢੇ ਦਸ ਵਜੇ ਉਸ ਦੀ ਮੌਤ ਹੋ ਗਈ।
ਬੀਬੀਸੀ ਸਹਿਯੋਗੀ ਗੁਰਮਿੰਦਰ ਸਿੰਘ ਗਰੇਵਾਲ ਮੁਤਾਬਕ ਗੁਲਜ਼ਾਰ ਸਿੰਘ ਦੇ ਪਰਿਵਾਰ ਮੁਤਾਬਕ ਉਨ੍ਹਾਂ ਦੀ ਮੌਤ ਸੋਮਵਾਰ ਰਾਤ 10.30 ਵਜੇ ਹੋਈ ਹੈ।
ਮੌਤ ਤੋਂ ਪਹਿਲਾਂ ਮੀਡੀਆ ਸਾਹਮਣੇ ਆਪਣੇ ਬਿਆਨ ਵਿੱਚ ਗੁਲਜ਼ਾਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਚੀਮਾ ਨੂੰ ਚਿੱਟੇ ਦੀ ਵਿਕਰੀ ਰੋਕਣ ਬਾਰੇ ਸਵਾਲ ਪੁੱਛਿਆ ਸੀ। ਗੁਲਜ਼ਾਰ ਸਿੰਘ ਨੇ ਕਿਹਾ ਸੀ ਕਿ ਬਾਅਦ ਵਿੱਚ ਪਿੰਡ ਦੇ ਕੁਝ ਲੋਕ ਉਸ ਨੂੰ ਮਾਫ਼ੀ ਮੰਗਣ ਲਈ ਮਜਬੂਰ ਕਰ ਰਹੇ ਸੀ।
ਪੁਲਿਸ ਨੇ ਮ੍ਰਿਤਕ ਗੁਲਜ਼ਾਰ ਸਿੰਘ ਦੇ ਬੇਟੇ ਲਖਵਿੰਦਰ ਸਿੰਘ ਦੇ ਬਿਆਨਾਂ ਦੇ ਅਧਾਰ ‘ਤੇ ਬੀਐਨਐਸ ਦੀ ਧਾਰਾ 108(ਖੁਦਕੁਸ਼ੀ ਲਈ ਉਕਸਾਉਣ) ਅਤੇ ਐਸ.ਸੀ,ਐਸਟੀ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।
ਐਫਆਈਆਰ ਵਿੱਚ ਪਿੰਡ ਦੀ ਸਰਪੰਚ ਬਲਜਿੰਦਰ ਕੌਰ, ਉਸ ਦੇ ਪਤੀ ਬਲਜੀਤ ਸਿੰਘ, ਸੁਖਦੇਵ ਸਿੰਘ, ਵਿੱਕੀ ਸਿੰਘ, ਗੰਨਾ ਸਿੰਘ ਨੂੰ ਨਾਮਜ਼ਦ ਕੀਤਾ ਹੈ।
ਬਿਆਨ ਵਿੱਚ ਲਖਵਿੰਦਰ ਸਿੰਘ ਨੇ ਲਿਖਵਾਇਆ, “ਜਦੋਂ ਗੁਲਜ਼ਾਰ ਸਿੰਘ ਨੇ ਵਿੱਤ ਮੰਤਰੀ ਦੇ ਸਮਾਗਮ ਵਿੱਚ ਨਸ਼ਿਆ ਦਾ ਮਾਮਲਾ ਚੁੱਕਿਆ ਤਾਂ ਬਾਅਦ ਵਿੱਚ ਕੁਝ ਪੁਲਿਸ ਮੁਲਾਜ਼ਮਾਂ ਨੇ ਉਨ੍ਹਾਂ ਦੇ ਘਰ ਆ ਕੇ ਗੁਲਜ਼ਾਰ ਸਿੰਘ ਤੋਂ ਪਿੰਡ ਵਿੱਚ ਨਸ਼ੇ ਦੀ ਵਿਕਰੀ ਬਾਰੇ ਪੁੱਛਗਿੱਛ ਕੀਤੀ। ਇਸ ਨੂੰ ਆਪਣੀ ਹੇਠੀ ਸਮਝਦਿਆਂ ਨਾਮਜ਼ਦ ਮੁਲਜ਼ਮਾਂ ਨੇ ਗੁਲਜ਼ਾਰ ਸਿੰਘ ਨੂੰ ਜਾਤੀਸੂਚਕ ਸ਼ਬਦ ਬੋਲਦਿਆਂ ਜ਼ਲੀਲ ਕੀਤਾ ਅਤੇ ਪੰਚਾਇਤ ਸਾਹਮਣੇ ਮਾਫੀ ਮੰਗਣ ਲਈ ਬੁਲਾਇਆ। ਨਾਮੋਸ਼ੀ ਨਾ ਝੱਲਦਿਆਂ ਗੁਲਜ਼ਾਰ ਸਿੰਘ ਨੇ ਇਹ ਕਦਮ ਚੁੱਕਿਆ।”

ਮ੍ਰਿਤਕ ਗੁਲਜ਼ਾਰ ਸਿੰਘ ਦੇ ਭਰਾ ਬਿੱਕਰ ਸਿੰਘ ਨੇ ਦੱਸਿਆ, “ਗੁਲਜ਼ਾਰ ਸਿੰਘ ਦਾ ਵੱਡਾ ਬੇਟਾ ਨਸ਼ਿਆਂ ਦਾ ਆਦੀ ਸੀ, ਜਿਸ ਕਾਰਨ ਉਨ੍ਹਾਂ ਦੇ ਘਰ ਦੀ ਆਰਥਿਕ ਹਾਲਤ ਹੋਰ ਬਦਤਰ ਹੋ ਗਈ ਸੀ। ਇਸੇ ਤੋਂ ਪਰੇਸ਼ਾਨ ਗੁਲਜ਼ਾਰ ਸਿੰਘ ਨੇ ਸਮਾਗਮ ਦੌਰਾਨ ਸਵਾਲ ਪੁੱਛਿਆ ਸੀ।”
ਬਿੱਕਰ ਸਿੰਘ ਨੇ ਕਿਹਾ ਕਿ ਉਹ ਗੁਲਜ਼ਾਰ ਸਿੰਘ ਦੇ ਮੌਤ ਤੋਂ ਪਹਿਲਾਂ ਦਿੱਤੇ ਬਿਆਨ ਮੁਤਾਬਕ ਕਾਰਵਾਈ ਦੀ ਮੰਗ ਕਰਦੇ ਹਨ ਅਤੇ ਅਪੀਲ ਕਰਦੇ ਹਨ ਕਿ ਪਿੰਡ ਵਿੱਚ ਨਸ਼ੇ ਦੀ ਵਿਕਰੀ ‘ਤੇ ਠੱਲ੍ਹ ਪਾਈ ਜਾਵੇ।
ਮੁਲਜ਼ਮ ਬਲਜੀਤ ਸਿੰਘ ਨੇ ਕੀ ਕਿਹਾ
ਜਦੋਂ ਗੁਲਜ਼ਾਰ ਸਿੰਘ ਇਲਾਜ ਅਧੀਨ ਸਨ ਤਾਂ ਗ੍ਰਿਫਤਾਰੀ ਤੋਂ ਪਹਿਲਾਂ ਮੁਲਜ਼ਮ ਬਲਜੀਤ ਸਿੰਘ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਵੱਲੋਂ ਗੁਲਜ਼ਾਰ ਸਿੰਘ ਨੂੰ ਤੰਗ ਪਰੇਸ਼ਾਨ ਕਰਨ ਜਾਂ ਧਮਕਾਉਣ ਦੇ ਇਲਜ਼ਾਮ ਨਕਾਰੇ ਸਨ।
ਬਲਜੀਤ ਸਿੰਘ ਨੇ ਕਿਹਾ ਸੀ, “ਸਮਾਗਮ ਦੌਰਾਨ ਜਦੋਂ ਗੁਲਜ਼ਾਰ ਸਿੰਘ ਨੇ ਸਵਾਲ ਉਠਾਇਆ ਤਾਂ ਵਿੱਤ ਮੰਤਰੀ ਚੀਮਾ ਨੇ ਗੁਲਜ਼ਾਰ ਸਿੰਘ ਨੂੰ ਕੋਲ ਬੁਲਾ ਕੇ ਨਸ਼ਿਆਂ ਦੀ ਵਿਕਰੀ ਰੋਕਣ ਦੀਆਂ ਕੋਸ਼ਿਸ਼ਾਂ ਬਾਰੇ ਭਰੋਸਾ ਦਿੱਤਾ ਸੀ। ਉਸ ਤੋਂ ਬਾਅਦ ਮੰਤਰੀ ਚਲੇ ਗਏ ਅਤੇ ਅਸੀਂ ਵੀ ਆਪਣੇ ਘਰ ਚਲੇ ਗਏ। ਸਾਨੂੰ ਤਾਂ ਬਾਅਦ ਵਿੱਚ ਪਤਾ ਚੱਲਿਆ ਕਿ ਉਸ ਨੇ ਇਹ ਕਦਮ ਚੁੱਕਿਆ ਹੈ।”
ਆਮ ਆਦਮੀ ਪਾਰਟੀ ਨੇ ਕੀ ਕਿਹਾ
ਆਮ ਆਦਮੀ ਪਾਰਟੀ ਆਗੂ ਅੰਗਦਦੀਪ ਸਿੰਘ ਸੋਹਲ ਨੇ ਬਿਆਨ ਜਾਰੀ ਕਰਕੇ ਕਿਹਾ, “ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਇਸ ਮੁੱਦੇ ਦੇ ਉੱਪਰ ਗੁਲਜ਼ਾਰ ਸਿੰਘ ਅਤੇ ਉਸਦੇ ਪਰਿਵਾਰ ਦੇ ਬਿਆਨਾਂ ਦੇ ਉੱਪਰ ਪੁਲਿਸ ਵੱਲੋਂ ਤੁਰੰਤ ਹੀ ਪਰਚਾ ਦਰਜ ਕਰਕੇ ਜਿਹੜੇ ਲੋੜੀਂਦਾ ਹਨ, ਉਹਨਾਂ ਲਈ ਭਾਲ ਦੇ ਵਿੱਚ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ।”
“ਪੰਜਾਬ ਦੀ ਮਾਨ ਸਰਕਾਰ ਹਮੇਸ਼ਾ ਹੀ ਪੰਜਾਬ ਦੇ ਲੋਕਾਂ ਦੇ ਨਾਲ ਖੜੀ ਹੈ। ਮਾਨ ਸਰਕਾਰ ਜਿੱਥੇ ਯੁੱਧ ਨਸ਼ਿਆਂ ਵਿਰੁੱਧ ਚਲਾ ਕੇ ਨਸ਼ੇ ਵਾਲਿਆਂ ਨੂੰ ਫੜ ਰਹੀ ਹੈ, ਉੱਥੇ ਹਮੇਸ਼ਾ ਕੋਸ਼ਿਸ਼ ਇਹ ਕਰਦੀ ਹੈ ਕਿ ਕੋਈ ਵੀ ਪੰਜਾਬ ਦੇ ਵਾਸੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਦਿੱਕਤ ਪਰੇਸ਼ਾਨੀ ਨਾ ਆਵੇ।”
“ਜਿਹੜੇ ਇਸ ਕੇਸ ਵਿੱਚ ਸ਼ਾਮਿਲ ਹਨ, ਉਹਨਾਂ ਨੂੰ ਜਲਦ ਹੀ ਫੜਿਆ ਜਾਵੇਗਾ ਤੇ ਬਣਦੇ ਕਾਨੂੰਨ ਦੇ ਹਿਸਾਬ ਦੇ ਨਾਲ ਸਜ਼ਾ ਦਿੱਤੀ ਜਾਵੇਗੀ।”
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI


