Source :- BBC PUNJABI

ਤਸਵੀਰ ਸਰੋਤ, Getty Images
28 ਮਿੰਟ ਪਹਿਲਾਂ
“ਇਹ ਜਾਣਦੇ ਹੋਏ ਕਿ ਪਾਕਿਸਤਾਨੀ ਫੌਜ ਕੋਲ ਕੋਈ ਜਾਇਜ਼ ਨਿਸ਼ਾਨਾ ਨਹੀਂ ਹੈ, ਅਸੀਂ ਅੰਦਾਜ਼ਾ ਲਗਾਇਆ ਸੀ ਕਿ ਉਹ ਧਾਰਮਿਕ ਸਥਾਨਾਂ, ਭਾਰਤ ਦੇ ਫੌਜੀ ਟਿਕਾਣਿਆਂ ਅਤੇ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣਗੇ। ਇਨ੍ਹਾਂ ਵਿੱਚੋਂ, ਦਰਬਾਰ ਸਾਹਿਬ ਸਭ ਤੋਂ ਪ੍ਰਮੁੱਖ ਜਾਪਦਾ ਸੀ।”
“ਸਾਨੂੰ ਵਾਧੂ ਖ਼ਫ਼ੀਆ ਜਾਣਕਾਰੀ ਵੀ ਮਿਲੀ ਕਿ ਉਹ (ਪਾਕਿਸਤਾਨ) ਵੱਡੀ ਗਿਣਤੀ ਵਿੱਚ ਡਰੋਨ ਅਤੇ ਮਿਜ਼ਾਈਲਾਂ ਨਾਲ ਦਰਬਾਰ ਸਾਹਿਬ ‘ਤੇ ਹਮਲਾ ਕਰਨਗੇ, ਇਸ ਲਈ ਅਸੀਂ ਤੁਰੰਤ ਆਧੁਨਿਕ, ਵਾਧੂ ਅਤੇ ਢੁਕਵੀਂ ਹਵਾਈ ਰੱਖਿਆ ਪ੍ਰਦਾਨ ਕੀਤੀ। ਅਸੀਂ ਗੋਲਡਨ ਟੈਂਪਲ ‘ਤੇ ਇੱਕ ਵੀ ਝਰੀਟ ਨਹੀਂ ਪੈਣ ਦਿੱਤੀ।”
ਇਹ ਦਾਅਵਾ ʻਆਪ੍ਰੇਸ਼ਨ ਸਿੰਦੂਰʼ ਦੌਰਾਨ ਪਾਕਿਸਤਾਨ ਵੱਲੋਂ ਕੀਤੇ ਹਮਲਿਆਂ ਨੂੰ ਲੈ ਕੇ ਭਾਰਤੀ ਫੌਜ ਨੇ ਕੀਤਾ ਹੈ।
ਉੱਧਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਕਿਹਾ ਹੈ ਕਿ ਭਾਰਤੀ ਅਤੇ ਪਾਕਿਸਤਾਨ ਫੌਜ ਦਾ ਕੋਈ ਸਿਆਸੀ ਉਦੇਸ਼ ਹੋ ਸਕਦਾ ਹੈ।
ਦਰਅਸਲ, 22 ਅਪ੍ਰੈਲ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਹਮਲੇ ਤੋਂ ਬਾਅਦ ਭਾਰਤ ਵੱਲੋਂ ਚਲਾਏ ਗਏ ʻਆਪ੍ਰੇਸ਼ਨ ਸਿੰਦੂਰʼ ਤਹਿਤ ਪਾਕਿਸਤਾਨ ਵਿੱਚ ਕਈ ਥਾਂਵਾਂ ਉੱਤੇ ਕਾਰਵਾਈ ਕੀਤੀ ਗਈ ਸੀ।
ਇਸ ਦੌਰਾਨ ਭਾਰਤ ਅਤੇ ਪਾਕਿਸਤਾਨ ਦੋਵਾਂ ਵੱਲੋਂ ਜਵਾਬੀ ਕਾਰਵਾਈ ਦੌਰਾਨ ਇੱਕ-ਦੂਜੇ ਹਮਲੇ ਕੀਤੇ ਗਏ ਸਨ ਅਤੇ ਅਖ਼ੀਰ 10 ਮਈ ਨੂੰ ਜੰਗਬੰਦੀ ʼਤੇ ਸਹਿਮਤੀ ਬਣਨ ਤੱਕ ਇਹ ਜਾਰੀ ਰਹੇ ਸਨ।

ਤਸਵੀਰ ਸਰੋਤ, ANI
ਭਾਰਤੀ ਫੌਜ ਨੇ ਕੀ ਦਾਅਵਾ ਕੀਤਾ
ਖ਼ਬਰ ਏਜੰਸੀ ਏਐੱਨਆਈ ਮੁਤਾਬਕ ਪੰਜਾਬ ਦੇ ਅੰਮ੍ਰਿਤਸਰ ਵਿੱਚ ਅੰਤਰਰਾਸ਼ਟਰੀ ਸਰਹੱਦ ‘ਤੇ ਤੈਨਾਤ ਫੌਜੀਆਂ ਨੇ ਆਪ੍ਰੇਸ਼ਨ ਸਿੰਦੂਰ ਬਾਰੇ ਮਹੱਤਵਪੂਰਨ ਅਪਡੇਟਸ ਸਾਂਝੇ ਕੀਤੇ।
ਇਸੇ ਦੌਰਾਨ ਮੇਜਰ ਜਨਰਲ ਕਾਰਤਿਕ ਸੀ ਸਸ਼ਾਦਰੀ, ਜੀਓਸੀ, 15 ਇਨਫੈਂਟਰੀ ਡਿਵੀਜ਼ਨ ਨੇ ਕਿਹਾ, “ਪੂਰੀ ਦੁਨੀਆ ਜਾਣਦੀ ਹੈ ਕਿ ਪਾਕਿਸਤਾਨੀ ਫੌਜ ਨੇ 22 ਅਪ੍ਰੈਲ ਨੂੰ ਪਹਿਲਗਾਮ ਵਿੱਚ ਆਪਣੇ ਦਹਿਸ਼ਤਰਗਦਾਂ ਰਾਹੀਂ ਭਾਰਤ ਅਤੇ ਵਿਦੇਸ਼ਾਂ ਤੋਂ ਆਏ ਨਿਹੱਥੇ ਸੈਲਾਨੀਆਂ ‘ਤੇ ਯੋਜਨਾਬੱਧ ਢੰਗ ਨਾਲ ਹਮਲਾ ਕੀਤਾ ਸੀ।”
“ਇਸ ਤੋਂ ਬਾਅਦ, ਭਾਰਤ ਦੀ ਮਜ਼ਬੂਤ ਅਗਵਾਈ ਹੇਠ ਆਪ੍ਰੇਸ਼ਨ ਸਿੰਦੂਰ ਸ਼ੁਰੂ ਕੀਤਾ ਗਿਆ। ਅਸੀਂ ਸਿਰਫ਼ ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕੀਤਾ ਸੀ ਅਤੇ ਕੋਈ ਹੋਰ ਜਾਨੀ ਨੁਕਸਾਨ ਨਹੀਂ ਹੋਇਆ।”
ਉਨ੍ਹਾਂ ਨੇ ਕਿਹਾ, “ਨੌਂ ਨਿਸ਼ਾਨਿਆਂ ਵਿੱਚੋਂ, ਸੱਤ ਨੂੰ ਭਾਰਤੀ ਫੌਜ ਨੇ ਵਿਸ਼ੇਸ਼ ਤੌਰ ‘ਤੇ ਤਬਾਹ ਕਰ ਦਿੱਤਾ। ਇਨ੍ਹਾਂ ਵਿੱਚ ਲਾਹੌਰ ਨੇੜੇ ਦਾ ਮੁਰੀਦਕੇ ਸ਼ਹਿਰ ਸ਼ਾਮਲ ਸੀ, ਜਿਸ ਵਿੱਚ ਲਸ਼ਕਰ-ਏ-ਤਾਇਬਾ ਹੈੱਡਕੁਆਰਟਰ ਸੀ ਅਤੇ ਬਹਾਵਲਪੁਰ ਸ਼ਾਮਲ ਸੀ, ਜਿੱਥੇ ਜੈਸ਼-ਏ-ਮੁਹੰਮਦ (ਜੇਈਐਮ) ਦਾ ਹੈੱਡਕੁਆਰਟਰ ਹੈ। ਇਨ੍ਹਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਗਿਆ ਸੀ।”
”ਹਮਲੇ ਤੋਂ ਤੁਰੰਤ ਬਾਅਦ, ਅਸੀਂ ਇੱਕ ਬਿਆਨ ਜਾਰੀ ਕਰਕੇ ਸਪੱਸ਼ਟ ਕੀਤਾ ਕਿ ਅਸੀਂ ਜਾਣਬੁਝ ਕੇ ਕਿਸੇ ਵੀ ਪਾਕਿਸਤਾਨੀ ਫੌਜੀ ਜਾਂ ਨਾਗਰਿਕ ਨੂੰ ਨਿਸ਼ਾਨਾ ਨਹੀਂ ਬਣਾਇਆ।”

ਤਸਵੀਰ ਸਰੋਤ, Getty Images
ਮੇਜਰ ਜਨਰਲ ਕਾਰਤਿਕ ਸੀ ਸੇਸ਼ਾਦਰੀ ਨੇ ਅੱਗੇ ਕਿਹਾ, “ਇਹ ਜਾਣਦੇ ਹੋਏ ਕਿ ਪਾਕਿਸਤਾਨੀ ਫੌਜ ਕੋਲ ਕੋਈ ਜਾਇਜ਼ ਨਿਸ਼ਾਨਾ ਨਹੀਂ ਹੈ, ਅਸੀਂ ਅੰਦਾਜ਼ਾ ਲਗਾਇਆ ਸੀ ਕਿ ਉਹ ਧਾਰਮਿਕ ਸਥਾਨਾਂ, ਭਾਰਤ ਦੇ ਫੌਜੀ ਟਿਕਾਣਿਆਂ ਅਤੇ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣਗੇ। ਇਨ੍ਹਾਂ ਵਿੱਚੋਂ, ਦਰਬਾਰ ਸਾਹਿਬ ਸਭ ਤੋਂ ਪ੍ਰਮੁੱਖ ਜਾਪਦਾ ਸੀ।”
“ਸਾਨੂੰ ਵਾਧੂ ਖ਼ਫ਼ੀਆ ਜਾਣਕਾਰੀ ਵੀ ਮਿਲੀ ਕਿ ਉਹ (ਪਾਕਿਸਤਾਨ) ਵੱਡੀ ਗਿਣਤੀ ਵਿੱਚ ਡਰੋਨ ਅਤੇ ਮਿਜ਼ਾਈਲਾਂ ਨਾਲ ਦਰਬਾਰ ਸਾਹਿਬ ‘ਤੇ ਹਮਲਾ ਕਰਨਗੇ, ਇਸ ਲਈ ਅਸੀਂ ਤੁਰੰਤ ਆਧੁਨਿਕ, ਵਾਧੂ ਅਤੇ ਢੁਕਵੀਂ ਹਵਾਈ ਰੱਖਿਆ ਪ੍ਰਦਾਨ ਕੀਤੀ। ਅਸੀਂ ਗੋਲਡਨ ਟੈਂਪਲ ‘ਤੇ ਇੱਕ ਵੀ ਝਰੀਟ ਨਹੀਂ ਪੈਣ ਦਿੱਤੀ।”
“ਪਾਕਿਸਤਾਨ ਨੇ ਮਨੁੱਖ ਰਹਿਤ ਹਵਾਈ ਹਥਿਆਰਾਂ, ਮੁੱਖ ਤੌਰ ‘ਤੇ ਡਰੋਨ ਅਤੇ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਨਾਲ ਇੱਕ ਵਿਸ਼ਾਲ ਹਵਾਈ ਹਮਲਾ ਕੀਤਾ।”
”ਅਸੀਂ ਪੂਰੀ ਤਰ੍ਹਾਂ ਤਿਆਰ ਸੀ ਕਿਉਂਕਿ ਸਾਨੂੰ ਇਸਦਾ ਅੰਦਾਜ਼ਾ ਸੀ ਅਤੇ ਸਾਡੇ ਸੁਚੇਤ ਆਰਮੀ ਏਅਰ ਡਿਫੈਂਸ ਗਨਰਾਂ ਨੇ ਹਰਿਮੰਦਰ ਸਾਹਿਬ ‘ਤੇ ਨਿਸ਼ਾਨਾ ਬਣਾਏ ਗਏ ਸਾਰੇ ਡਰੋਨ ਅਤੇ ਮਿਜ਼ਾਈਲਾਂ ਨੂੰ ਮਾਰ ਸੁੱਟਿਆ। ਇਸ ਤਰ੍ਹਾਂ, ਸਾਡੇ ਪਵਿੱਤਰ ਹਰਿਮੰਦਰ ਸਾਹਿਬ ‘ਤੇ ਇੱਕ ਵੀ ਝਰੀਟ ਨਹੀਂ ਆਉਣ ਦਿੱਤੀ ਗਈ।”

ਤਸਵੀਰ ਸਰੋਤ, ANI
ਸ਼੍ਰੋਮਣੀ ਕਮੇਟੀ ਨੇ ਕੀਤਾ ਇਨਕਾਰ
ਸ਼੍ਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਕੁਲਵੰਤ ਸਿੰਘ ਨੇ ਇਸ ਨੂੰ ਮੰਨਣ ਤੋਂ ਇਨਕਾਰ ਕੀਤਾ ਹੈ।
ਉਨ੍ਹਾਂ ਨੇ ਕਿਹਾ ਹੈ, “ਭਾਵੇਂ ਭਾਰਤੀ ਫੌਜ ਹੋਵੇ ਜਾਂ ਪਾਕਿਸਤਾਨੀ ਫੌਜ ਇਹ ਇਨ੍ਹਾਂ ਦਾ ਕੋਈ ਸਿਆਸੀ ਉਦੇਸ਼ ਹੋ ਸਕਦਾ ਹੈ। ਮੇਰਾ ਮੰਨਣਾ ਹੈ ਕਿ ਕੋਈ ਵੀ ਆਰਮੀ ਦਾ ਕਮਾਂਡਰ ਜਾਂ ਹੋਰ ਅਧਿਕਾਰੀ ਇਹ ਨਹੀਂ ਸੋਚ ਸਕਦਾ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਉੱਤੇ ਹਮਲਾ ਕੀਤਾ ਜਾਵੇ।”
“ਇੱਥੇ ਤਾਂ ਜੀਵਨ ਦਿੱਤਾ ਜਾਂਦਾ ਹੈ, ਗੁਰੂ ਰਾਮਦਾਸ ਜੀ ਤਾਂ ਜੀਵਨ ਦਿੰਦੇ ਹਨ। ਇੱਥੇ ਪਤਾ ਨਹੀਂ ਕਿੰਨੇ ਕੁ ਲੋਕ ਅਰਦਾਸਾਂ, ਬੇਨਤੀਆਂ, ਜੋਧੜੀਆਂ ਕਰਦੇ ਹਨ। ਕਿਸੇ ਨੂੰ ਵੀ ਘਬਰਾਉਣ ਦੀ ਲੋੜ ਨਹੀਂ ਹੈ ਅਤੇ ਨਾ ਹੀ ਇਹ ਚਿੰਤਾ ਕਰਨ ਦਾ ਵਿਸ਼ਾ ਹੈ।”
ਉਨ੍ਹਾਂ ਨੇ ਕਿਹਾ ਹੈ, “ਮੈਂ ਇਨ੍ਹਾਂ ਗੱਲਾਂ ʼਤੇ ਵਿਸ਼ਵਾਸ ਹੀ ਨਹੀਂ ਕਰਦਾ। ਸੰਗਤ ਵਿੱਚ ਇੱਕ ਫੀਸਦ ਵੀ ਤੋਖਲਾ ਨਹੀਂ ਹੈ, ਸੰਗਤ ਰੋਜ਼ਾਨਾ ਦੀ ਤਦਾਦ ਵਿੱਚ ਆ ਰਹੀ ਹੈ। ਅਸੀਂ ਅਜਿਹੀ ਕੋਈ ਵੀ ਗੱਲ ਨਹੀਂ ਸੋਚ ਸਕਦੇ।”

ਤਸਵੀਰ ਸਰੋਤ, Getty Images
ʻਆਪ੍ਰੇਸ਼ਨ ਸਿੰਦੂਰʼ ਅਤੇ ਜੰਗਬੰਦੀ
ਦਰਅਸਲ, ਭਾਰਤ ਨੇ 6 ਅਤੇ 7 ਮਈ ਦੀ ਦਰਮਿਆਨੀ ਰਾਤ ਨੂੰ ‘ਆਪ੍ਰੇਸ਼ਨ ਸਿੰਦੂਰʼ ਤਹਿਤ ਪਾਕਿਸਤਾਨ ਅਤੇ ਪਾਕਿਸਤਾਨ ਸ਼ਾਸਿਤ ਕਸ਼ਮੀਰ ਵਿੱਚ ਹਮਲਾ ਕੀਤਾ ਸੀ।
ਜਿਸ ਤੋਂ ਬਾਅਦ ਦੋਵਾਂ ਮੁਲਕਾਂ ਵੱਲੋਂ ਇੱਕ-ਦੂਜੇ ਖ਼ਿਲਾਫ਼ ਲਗਾਤਾਰ ਜਵਾਬੀ ਕਾਰਵਾਈ ਕੀਤੀ ਗਈ।
ਭਾਰਤ ਵੱਲੋਂ ਇਹ ਕਾਰਵਾਈ 22 ਅਪ੍ਰੈਲ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦੀ ਜਵਾਬੀ ਕਾਰਵਾਈ ਦੱਸੀ ਗਈ। ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ 26 ਸੈਲਾਨੀਆਂ ਦੀ ਮੌਤ ਹੋ ਗਈ ਸੀ।
ਇਸ ਸਭ ਵਿਚਾਲੇ 10 ਮਈ ਨੂੰ ਦੋਵਾਂ ਮੁਲਕਾਂ ਵਿਚਾਲੇ ਜੰਗਬੰਦੀ ʼਤੇ ਸਹਿਮਤੀ ਬਣੀ, ਜਿਸ ਤੋਂ ਬਾਅਦ ਕਾਰਵਾਈਆਂ ਨੂੰ ਠੱਲ੍ਹ ਪਈ।
ਭਾਰਤੀ ਫੌਜ ਨੇ ਦਾਅਵਾ ਕੀਤਾ ਕਿ ਇਸ ਆਪ੍ਰੇਸ਼ਨ ਤਹਿਤ ਉਨ੍ਹਾਂ ਨੇ ਪਾਕਿਸਤਾਨ ਦੇ 9 ਅੱਤਵਾਦੀਆਂ ਟਿਕਾਣਿਆਂ ਨੂੰ ਤਬਾਹ ਕੀਤਾ ਅਤੇ 100 ਤੋਂ ਵੱਧ ਅੱਤਵਾਦੀ ਇਸ ਵਿੱਚ ਮਾਰੇ ਗਏ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI