Home rss national punjabi2ਰਾਸ਼ਟਰੀ ਖ਼ਬਰਾਂ ਹਿਮਾਲਿਆ ਤੇਜ਼ੀ ਨਾਲ ਪਿਘਲ ਰਿਹਾ ਹੈ ਅਤੇ ਭਾਰਤ ਦੀ ਅਰਥਵਿਵਸਥਾ ‘ਖ਼ਤਰੇ ਵਿੱਚ’...

ਹਿਮਾਲਿਆ ਤੇਜ਼ੀ ਨਾਲ ਪਿਘਲ ਰਿਹਾ ਹੈ ਅਤੇ ਭਾਰਤ ਦੀ ਅਰਥਵਿਵਸਥਾ ‘ਖ਼ਤਰੇ ਵਿੱਚ’ ਹੈ

6
0

Source :- BBC PUNJABI

ਕੁਪੁਪ ਝੀਲ, ਜਿਸ ਨੂੰ ਬਿਤਾਨ ਚੋ ਜਾਂ ਹਾਥੀ ਝੀਲ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਭਾਰਤ ਦੇ ਪੂਰਬੀ ਸਿੱਕਿਮ ਵਿੱਚ ਜੇਲੇਪ ਲਾ ਦੱਰੇ ਦੇ ਨੇੜੇ ਸਥਿਤ ਇੱਕ ਉੱਚਾਈ ਵਾਲੀ ਗਲੇਸ਼ੀਅਲ ਝੀਲ ਹੈ। ਇਹ ਤਸਵੀਰ 17 ਅਪ੍ਰੈਲ 2026 ਦੀ ਹੈ।

ਤਸਵੀਰ ਸਰੋਤ, Nur Photo via Getty Images

ਹਿਮਾਲਿਆ ਇੱਕ ਖ਼ਤਰਨਾਕ ਮੋੜ ‘ਤੇ ਪਹੁੰਚ ਰਿਹਾ ਹੈ ਕਿਉਂਕਿ ਗਲੇਸ਼ੀਅਰ ਤੇਜ਼ੀ ਨਾਲ ਪਿਘਲ ਰਹੇ ਹਨ, ਗਲੇਸ਼ੀਅਰ ਵਾਲੀਆਂ ਝੀਲਾਂ ਜ਼ਿਆਦਾ ਅਸਥਿਰ ਹੋ ਰਹੀਆਂ ਹਨ ਅਤੇ ਪਹਾੜਾਂ ਦੀ ਨਿਗਰਾਨੀ ਵਿੱਚ ਵੱਡੀ ਕਮੀ ਹੈ।

ਇਹ ਗੱਲਾਂ ਇੱਕ ਨਵੇਂ ਅਧਿਐਨ ਵਿੱਚ ਸਾਹਮਣੇ ਆਈਆਂ ਹਨ।

ਇਹ ਨਤੀਜੇ ਨੇਪਾਲ ਅਤੇ ਤਿੱਬਤ ਵਿੱਚ ਆਏ ਭਿਆਨਕ ਹੜ੍ਹਾਂ ਤੋਂ ਬਾਅਦ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ 1,300 ਤੋਂ ਵੱਧ ਲੋਕਾਂ ਦੀ ਮੌਤ ਹੋਈ ਅਤੇ ਵੱਡੇ ਪੱਧਰ ‘ਤੇ ਤਬਾਹੀ ਹੋਈ। ਇਸਦੇ ਨਾਲ ਤੇਜ਼ੀ ਨਾਲ ਬਦਲ ਰਹੇ ਹਿਮਾਲਿਆਈ ਵਾਤਾਵਰਣ ਤੋਂ ਵਧਦੇ ਖ਼ਤਰਿਆਂ ਦਾ ਪਤਾ ਲੱਗਦਾ ਹੈ।

ਗਲੋਬਲ ਕਨਸਲਟੈਂਸੀ ‘ਸਿਸਟੇਮਿਕ’ ਦੀ ਰਿਪੋਰਟ ਮੁਤਾਬਕ, ਹਿਮਾਲਿਆਈ ਗਲੇਸ਼ੀਅਰ ਇੱਕ ਦਹਾਕਾ ਪਹਿਲਾਂ ਦੇ ਮੁਕਾਬਲੇ ਹੁਣ 65% ਤੇਜ਼ੀ ਨਾਲ ਆਪਣਾ ਪੁੰਜ ਗੁਆ ਰਹੇ ਹਨ।

ਇਹ ਰਿਪੋਰਟ ‘ਇੰਟੀਗ੍ਰੇਟਿਡ ਮਾਊਂਟੇਨ ਇਨੀਸ਼ੀਏਟਿਵ’ ਦੇ ਨਾਲ ਮਿਲ ਕੇ ਅਤੇ ‘ਇੰਟਰਨੈਸ਼ਨਲ ਸੈਂਟਰ ਫ਼ਾਰ ਇੰਟੀਗ੍ਰੇਟਿਡ ਮਾਊਂਟੇਨ ਡਿਵੈਲਪਮੈਂਟ’ (ਆਈਸੀਆਈਐਮਓਡੀ) ਅਤੇ ‘ਜੀਬੀ ਪੰਤ ਨੈਸ਼ਨਲ ਇੰਸਟੀਚਿਊਟ ਆਫ਼ ਹਿਮਾਲੀਅਨ ਐਨਵਾਇਰਨਮੈਂਟ’ ਦੇ ਤਕਨੀਕੀ ਸਹਿਯੋਗ ਨਾਲ ਤਿਆਰ ਕੀਤੀ ਗਈ ਹੈ।

ਰਿਪੋਰਟ ਦੇ ਅਨੁਸਾਰ, ਫਿਰ ਵੀ ਹਿਮਾਲਿਆ-ਕਾਰਾਕੋਰਮ ਖੇਤਰ ਵਿੱਚ ਅੰਦਾਜ਼ਨ 40,000 ਗਲੇਸ਼ੀਅਰਾਂ ਵਿੱਚੋਂ ਸਿਰਫ਼ 21 ਦੀ ਹੀ ਵਿਸਥਾਰ ਨਾਲ ਅਤੇ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ।

ਨਿਗਰਾਨੀ ਵਿੱਚ ਇਹ ਕਮੀ ਇਸ ਲਈ ਮਾਅਨੇ ਰੱਖਦੀ ਹੈ ਕਿਉਂਕਿ ਭੂਗੋਲਿਕ ਸਥਿਤੀ ਤੇਜ਼ੀ ਨਾਲ ਬਦਲ ਰਹੀ ਹੈ।

ਭਾਰਤ ਕੋਲ ਇਸ ਖ਼ਤਰੇ ਦੇ ਪੱਧਰ ਦੇ ਸਬੂਤ ਪਹਿਲਾਂ ਹੀ ਮੌਜੂਦ

ਸਿੱਕਿਮ ਸੂਬੇ ਦੇ ਰੰਗਪੋ ਵਿੱਚ ਝੀਲ ਫਟਣ ਤੋਂ ਬਾਅਦ ਆਏ ਅਚਾਨਕ ਹੜ੍ਹ ਕਾਰਨ ਮਲਬੇ ਨਾਲ ਢਕੀ ਹੋਈ ਬੱਸ (8 ਅਕਤੂਬਰ 2023) REUTERS/Francis Mascarenhas

ਤਸਵੀਰ ਸਰੋਤ, Reuters

ਰਿਪੋਰਟ ਮੁਤਾਬਕ, ਜਿਵੇਂ-ਜਿਵੇਂ ਗਲੇਸ਼ੀਅਰ ਪਿੱਛੇ ਹਟਦੇ ਹਨ, ਉਹ ਆਪਣੇ ਪਿੱਛੇ ਪਾਣੀ ਦੀਆਂ ਝੀਲਾਂ ਬਣਾ ਸਕਦੇ ਹਨ, ਜੋ ਵੱਡੀਆਂ ਹੁੰਦੀਆਂ ਜਾਂਦੀਆਂ ਹਨ। ਅਜਿਹੇ ਵਿੱਚ ਉਨ੍ਹਾਂ ਥਾਵਨ ‘ਤੇ ਮੌਜੂਦ ਚੱਟਾਨਾਂ ਅਤੇ ਬਰਫ਼ ਇੱਕ ਪ੍ਰਕਾਰ ਨਾਲ ਕੁਦਰਤੀ ਪਰ ਕਮਜ਼ੋਰ ਬੰਨ੍ਹਾਂ ਦਾ ਕੰਮ ਕਰਦੇ ਹਨ।

ਨਾਲ ਹੀ, ਗਲੋਬਲ ਵਾਰਮਿੰਗ ‘ਪਰਮਾਫ੍ਰੌਸਟ’ (ਹਮੇਸ਼ਾ ਜੰਮੀ ਰਹਿਣ ਵਾਲੀ ਜ਼ਮੀਨ ਜੋ ਤਾਪਮਾਨ ਵਧਣ ‘ਤੇ ਪਿਘਲ ਸਕਦੀ ਹੈ) ਅਤੇ ਉੱਚੇ ਪਹਾੜੀ ਢਲਾਣਾਂ ਨੂੰ ਅਸਥਿਰ ਕਰ ਰਹੀ ਹੈ, ਜਿਸ ਨਾਲ (ਇਹ ਕੁਦਰਤੀ ਬੰਨ੍ਹ ਕਮਜ਼ੋਰ ਹੋ ਸਕਦੇ ਹਨ) ਇੱਕ ਤੋਂ ਬਾਅਦ ਇੱਕ ਕਈ ਖ਼ਤਰੇ ਪੈਦਾ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ।

ਭਾਰਤ ਕੋਲ ਪਹਿਲਾਂ ਹੀ ਇਸ ਖ਼ਤਰੇ ਦੇ ਪੱਧਰ ਦੇ ਸਬੂਤ ਮੌਜੂਦ ਹਨ।

ਰਿਪੋਰਟ ਮੁਤਾਬਕ, ਭਾਰਤ ਦੀ ਲਗਭਗ 18% ਜ਼ਮੀਨ ਹਿਮਾਲਿਆ ਦੇ ਖੇਤਰ ਵਿੱਚ ਹੈ, ਫਿਰ ਵੀ ਦੇਸ਼ ਦੀਆਂ ਕੁੱਲ ਆਫ਼ਤਾਂ ਵਿੱਚ ਇਸ ਖੇਤਰ ਦੀ ਹਿੱਸੇਦਾਰੀ ਲਗਭਗ 35% ਹੈ।

ਸਰਕਾਰ ਨੇ ਜੁਲਾਈ ਮਹੀਨੇ ਵਿੱਚ ਸੰਸਦ ਨੂੰ ਦੱਸਿਆ ਸੀ ਕਿ ਭਾਰਤੀ ਹਿਮਾਲਿਆਈ ਖੇਤਰ ਵਿੱਚ ਜ਼ਿਆਦਾ ਖ਼ਤਰੇ ਵਾਲੀਆਂ 189 ਝੀਲਾਂ ਦੇ ਵਿਗਿਆਨਕ ਮੁਲਾਂਕਣ ਤੋਂ ਬਾਅਦ 56 ਗਲੇਸ਼ੀਅਲ ਝੀਲਾਂ ਨੂੰ “ਬਹੁਤ ਜ਼ਿਆਦਾ ਖ਼ਤਰੇ” ਵਾਲੀ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ।

ਸਰਕਾਰ ਨੇ ਕਿਹਾ ਕਿ ਕੇਂਦਰੀ ਜਲ ਕਮਿਸ਼ਨ ਭਾਰਤ ਦੇ ਹਿਮਾਲਿਆਈ ਦਰਿਆਈ ਬੇਸਿਨਾਂ ਵਿੱਚ 10 ਹੈਕਟੇਅਰ ਤੋਂ ਵੱਡੀਆਂ 2,485 ਗਲੇਸ਼ੀਅਲ ਝੀਲਾਂ ਦੀ ਨਿਗਰਾਨੀ ਕਰ ਰਿਹਾ ਹੈ।

ਹਿਮਾਲਿਆ ਪਹਿਲਾਂ ਹੀ ਅਜਿਹੀਆਂ ਭਿਆਨਕ ਉਦਾਹਰਣਾਂ ਦੇਖ ਚੁੱਕਾ ਹੈ, ਜਦੋਂ ਗਲੇਸ਼ੀਅਲ ਝੀਲਾਂ ਆਪਣੇ ਕੁਦਰਤੀ ਬੰਨ੍ਹਾਂ ਨੂੰ ਤੋੜ ਦਿੰਦੀਆਂ ਹਨ ਤਾਂ ਕੀ ਹੋ ਸਕਦਾ ਹੈ।

2023 ਵਿੱਚ, ਸਿੱਕਿਮ ਵਿੱਚ ਗਲੇਸ਼ੀਅਲ ਝੀਲ ਦੇ ਫਟਣ ਨਾਲ ਆਏ ਹੜ੍ਹ ਵਿੱਚ ਘੱਟੋ-ਘੱਟ 70 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਸੜਕਾਂ, ਪੁਲਾਂ ਅਤੇ ਪਣ-ਬਿਜਲੀ ਪ੍ਰੋਜੈਕਟਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਸੀ।

2021 ਵਿੱਚ, ਉੱਤਰਾਖੰਡ ਵਿੱਚ ਅਜਿਹੀ ਹੀ ਇੱਕ ਆਪਦਾ ਵਿੱਚ 200 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ, ਜਦੋਂ ਰਿਸ਼ੀਗੰਗਾ ਅਤੇ ਧੌਲੀਗੰਗਾ ਘਾਟੀਆਂ ਵਿੱਚ ਜ਼ਬਰਦਸਤ ਹੜ੍ਹ ਆਇਆ ਸੀ।

ਹਿਮਾਲਿਆ ‘ਤੀਜਾ ਧਰੁਵ’ – ਖ਼ਤਰਾ ਸਿਰਫ਼ ਭਿਆਨਕ ਹੜ੍ਹਾਂ ਤੱਕ ਹੀ ਸੀਮਿਤ ਨਹੀਂ

ਪਰ ਖ਼ਤਰਾ ਸਿਰਫ਼ ਭਿਆਨਕ ਹੜ੍ਹਾਂ ਤੱਕ ਹੀ ਸੀਮਿਤ ਨਹੀਂ ਹੈ।

ਹਿਮਾਲਿਆ ਪਾਣੀ ਦਾ ਇੱਕ ਵਿਸ਼ਾਲ ਕੁਦਰਤੀ ਸਰੋਤ ਹੈ, ਜੋ ਉਨ੍ਹਾਂ ਦਰਿਆਵਾਂ ਨੂੰ ਪਾਣੀ ਦਿੰਦਾ ਹੈ ਜਿਨ੍ਹਾਂ ‘ਤੇ ਦੱਖਣੀ ਏਸ਼ੀਆ ਦੇ ਕਰੋੜਾਂ ਲੋਕ ਨਿਰਭਰ ਹਨ।

ਆਈਸੀਆਈਐੱਮਓਡੀ ਦਾ ਕਹਿਣਾ ਹੈ ਕਿ ਸਦੀ ਦੇ ਮੱਧ ਤੱਕ ਜ਼ਿਆਦਾਤਰ ਹਿੰਦੂ-ਕੁਸ਼ ਹਿਮਾਲਿਆਈ ਦਰਿਆਈ ਬੇਸਿਨਾਂ ਵਿੱਚ “ਪੀਕ ਵਾਟਰ” (ਪਾਣੀ ਦੀ ਵੱਧ ਤੋਂ ਵੱਧ ਮਾਤਰਾ) ਦੀ ਸਥਿਤੀ ਬਣਨ ਦੀ ਉਮੀਦ ਹੈ – ਇਹ ਉਹ ਸਮਾਂ ਹੋਵੇਗਾ ਜਦੋਂ ਗਲੇਸ਼ੀਅਰ ਤੋਂ ਪਿਘਲਣ ਵਾਲੇ ਪਾਣੀ ਦੀ ਮਾਤਰਾ ਸਭ ਤੋਂ ਜ਼ਿਆਦਾ ਹੋਵੇਗੀ ਅਤੇ ਫਿਰ ਗਲੇਸ਼ੀਅਰ ਦਾ ਪੁੰਜ ਘਟਣ ਦੇ ਨਾਲ ਇਹ ਮਾਤਰਾ ਘਟਣ ਲੱਗੇਗੀ।

ਐਵੇਂ ਅਧਿਐਨ ਵਿੱਚ ਇਸ ਨਿਰਭਰਤਾ ਦੀ ਆਰਥਿਕ ਕੀਮਤ ਬਹੁਤ ਜ਼ਿਆਦਾ ਅਨੁਮਾਨਿਤ ਗਈ ਹੈ।

ਅਨੁਮਾਨ ਹੈ ਕਿ ਹਿਮਾਲਿਆ ਦਾ ਪਾਣੀ ਭਾਰਤ ਦੀ ਜੀਡੀਪੀ ਦਾ ਲਗਭਗ 20% ਹਿੱਸਾ ਬਣਾਉਂਦਾ ਹੈ ਅਤੇ ਕਣਕ, ਚੌਲ, ਚਾਹ, ਪਣ-ਬਿਜਲੀ ਅਤੇ ਤੀਰਥ ਯਾਤਰਾ ਨਾਲ ਜੁੜੀਆਂ ਅਰਥਵਿਵਸਥਾਵਾਂ ਨੂੰ ਸਹਾਰਾ ਦਿੰਦਾ ਹੈ। ਫਿਰ ਵੀ, ਪਹਾੜੀ ਸੂਬਿਆਂ ਨੂੰ ਇਸ ਮੁੱਲ ਦਾ ਸਿਰਫ਼ 5% ਹੀ ਮਿਲ ਪਾਉਂਦਾ ਹੈ।

ਲੰਦਨ ਸਕੂਲ ਆਫ਼ ਇਕਨਾਮਿਕਸ ਵਿੱਚ ਵਾਤਾਵਰਣ ਤਬਦੀਲੀ ਅਤੇ ਵਾਤਾਵਰਣ ਸਬੰਧੀ ਗ੍ਰਾਂਥਮ ਰਿਸਰਚ ਇੰਸਟੀਚਿਊਟ ਦੇ ਚੇਅਰਮੈਨ ਅਤੇ ਅਰਥਸ਼ਾਸਤਰੀ ਲਾਰਡ ਨਿਕੋਲਸ ਸਟੇ ਰਨ ਨੇ ਕਿਹਾ, “ਹਿਮਾਲਿਆ ‘ਤੀਜਾ ਧਰੁਵ’ (Third Pole) ਹੈ। ਆਰਕਟਿਕ ਜਾਂ ਅੰਟਾਰਕਟਿਕ ਦੇ ਉਲਟ, ਇਸ ਧਰੁਵ ਤੋਂ ਹੇਠਾਂ ਵਾਲੇ ਪਾਸੇ ਕਰੋੜਾਂ ਲੋਕ ਰਹਿੰਦੇ ਹਨ।”

ਉਨ੍ਹਾਂ ਕਿਹਾ, “ਇਹ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਇਨਫ੍ਰਾਸਟ੍ਰਕਚਰ ਹੈ,” ਅਤੇ ਚੇਤਾਵਨੀ ਦਿੱਤੀ ਕਿ ਜਿਸ ਵਾਤਾਵਰਣ ਵਾਲੀ ਪ੍ਰਣਾਲੀ ‘ਤੇ ਇਹ ਟਿਕਿਆ ਹੈ, ਉਹ “ਇੱਕ ਨਿਰਣਾਇਕ ਮੋੜ ਦੇ ਨੇੜੇ ਪਹੁੰਚ ਰਹੀ ਹੈ”।

ਭਾਰਤ ਤੇ ਗੁਆਂਢੀ ਦੇਸ਼ ਸਿੱਧੇ ਤੌਰ ‘ਤੇ ਕੀ ਕਾਰਵਾਈ ਕਰ ਸਕਦੇ ਹਨ

ਨੇਪਾਲ ਅਤੇ ਤਿੱਬਤ ਵਿੱਚ ਆਏ ਭਿਆਨਕ ਹੜ੍ਹਾਂ ਵਿੱਚ 1,300 ਤੋਂ ਵੱਧ ਲੋਕਾਂ ਦੀ ਮੌਤ ਹੋਈ ਅਤੇ ਵੱਡੇ ਪੱਧਰ 'ਤੇ ਤਬਾਹੀ ਹੋਈ

ਤਸਵੀਰ ਸਰੋਤ, AFP via Getty Image

ਗਲੇਸ਼ੀਅਰ ਪਿਘਲਣ ਦੇ ਸਾਰੇ ਕਾਰਨ, ਇਸ ਖੇਤਰ ਦੇ ਕੰਟਰੋਲ ਤੋਂ ਬਾਹਰ ਨਹੀਂ ਹਨ।

ਸਿਸਟੇਮਿਕ ਦੇ ਅਧਿਐਨ ਦਾ ਅੰਦਾਜ਼ਾ ਹੈ ਕਿ ਹਿਮਾਲਿਆਈ ਗਲੇਸ਼ੀਅਰ ਦੇ ਪਿਘਲਣ ਦਾ ਲਗਭਗ ਇੱਕ-ਤਿਹਾਈ ਹਿੱਸਾ ਬਲੈਕ ਕਾਰਬਨ ਕਾਰਨ ਹੁੰਦਾ ਹੈ, ਜਿਸ ਵਿੱਚੋਂ ਜ਼ਿਆਦਾਤਰ ਮੈਦਾਨੀ ਇਲਾਕਿਆਂ ਵਿੱਚ ਇੱਟਾਂ ਦੇ ਭੱਠਿਆਂ ਤੋਂ ਨਿਕਲਦਾ ਹੈ। ਬਰਫ਼ ‘ਤੇ ਜਮਣ ਵਾਲੀ ਕਾਲਖ ਸੂਰਜ ਦੀ ਰੌਸ਼ਨੀ ਜ਼ਿਆਦਾ ਸੋਖਦੀ ਹੈ ਅਤੇ ਬਰਫ਼ ਪਿਘਲਣ ਦੀ ਪ੍ਰਕਿਰਿਆ ਨੂੰ ਤੇਜ਼ ਕਰਦੀ ਹੈ।

ਰਿਪੋਰਟ ਦਾ ਤਰਕ ਹੈ ਕਿ ਗਲੋਬਲ ਗ੍ਰੀਨਹਾਊਸ-ਗੈਸ ਦੇ ਨਿਕਾਸ ਦੇ ਉਲਟ, ਬਲੈਕ-ਕਾਰਬਨ ਪ੍ਰਦੂਸ਼ਣ ਇੱਕ ਅਜਿਹਾ ਕਾਰਕ ਹੈ ਜਿਸ ‘ਤੇ ਭਾਰਤ ਅਤੇ ਉਸ ਦੇ ਗੁਆਂਢੀ ਦੇਸ਼ ਸਿੱਧੇ ਤੌਰ ‘ਤੇ ਕਾਰਵਾਈ ਕਰ ਸਕਦੇ ਹਨ।

ਸਿਸਟੇਮਿਕ ਦੀ ਸੀਨੀਅਰ ਡਾਇਰੈਕਟਰ ਅਤੇ ਮੁੱਖ ਲੇਖਿਕਾ ਆਰੁਸ਼ੀ ਚੋਪੜਾ ਨੇ ਕਿਹਾ, “ਹਿਮਾਲਿਆ ਇੱਕ ਨਿਰਣਾਇਕ ਮੋੜ ਦੇ ਨੇੜੇ ਪਹੁੰਚ ਰਿਹਾ ਹੈ, ਜਿਸ ਨਾਲ ਕਰੋੜਾਂ ਲੋਕਾਂ ਦੀ ਜ਼ਿੰਦਗੀ ਅਤੇ ਰੋਜ਼ੀ-ਰੋਟੀ ਦਾਅ ‘ਤੇ ਲੱਗੀ ਹੈ। ਗਲੇਸ਼ੀਅਰ ਇੱਕ ਦਹਾਕਾ ਪਹਿਲਾਂ ਦੇ ਮੁਕਾਬਲੇ ਤੇਜ਼ੀ ਨਾਲ ਪਿਘਲ ਰਹੇ ਹਨ।”

10 ਜ਼ਰੂਰੀ ਤਬਦੀਲੀਆਂ ਦਾ ਸੁਝਾਅ

ਰਿਪੋਰਟ ਦੇ ਅਨੁਸਾਰ, ਭਾਰਤੀ ਹਿਮਾਲਿਆਈ ਖੇਤਰ ਵਿੱਚ ਹਰ ਸਾਲ ਲਗਭਗ 40 ਕਰੋੜ ਸੈਲਾਨੀ ਆਉਂਦੇ ਹਨ

ਤਸਵੀਰ ਸਰੋਤ, Corbis via Getty Images

ਇਸ ਰਿਪੋਰਟ ਵਿੱਚ 10 ਜ਼ਰੂਰੀ ਤਬਦੀਲੀਆਂ ਦਾ ਸੁਝਾਅ ਦਿੱਤਾ ਗਿਆ ਹੈ। ਇਨ੍ਹਾਂ ਵਿੱਚ ਬਲੈਕ-ਕਾਰਬਨ ਨਿਕਾਸ ਘਟਾਉਣ ਅਤੇ ਗਲੇਸ਼ੀਅਰਾਂ ਦੀ ਨਿਗਰਾਨੀ ਵਧਾਉਣ ਤੋਂ ਲੈਕੇ ਆਫ਼ਤ ਦੀ ਸ਼ੁਰੂਆਤੀ ਚੇਤਾਵਨੀ ਦੇਣ ਵਾਲੇ ਸਿਸਟਮ ਨੂੰ ਬਿਹਤਰ ਬਣਾਉਣ ਅਤੇ ਪਹਾੜਾਂ ‘ਤੇ ਸੈਰ-ਸਪਾਟੇ ਦੇ ਤਰੀਕੇ ਨੂੰ ਬਦਲਣ ਤੱਕ ਦੀਆਂ ਗੱਲਾਂ ਸ਼ਾਮਿਲ ਹਨ।

ਇੱਕ ਜ਼ਰੂਰੀ ਕੰਮ ਹੈ – ਆਫ਼ਤ ਨਾਲ ਨਜਿੱਠਣ ਦੀ ਤਿਆਰੀ ਨੂੰ ਮਜ਼ਬੂਤ ਕਰਨਾ। ਇਸਦੇ ਲਈ ਸਰਕਾਰਾਂ ਨੂੰ ਪਹਿਲਾਂ ਤੋਂ ਹੀ ਇਹ ਤੈਅ ਕਰਨਾ ਪਵੇਗਾ ਕਿ ਖ਼ਤਰਾ ਆਉਣ ‘ਤੇ ਕੀ ਕਦਮ ਚੁੱਕੇ ਜਾਣ – ਜਿਵੇਂ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਉਣਾ ਜਾਂ ਕਮਜ਼ੋਰ ਬੁਨਿਆਦੀ ਢਾਂਚੇ ਦੀ ਸੁਰੱਖਿਆ ਕਰਨਾ।

ਇੱਕ ਹੋਰ ਜ਼ਰੂਰੀ ਕੰਮ ਹੈ – ਸੈਰ-ਸਪਾਟੇ ਬਾਰੇ ਨਵੇਂ ਸਿਰੇ ਤੋਂ ਸੋਚਣਾ ਹੈ। ਰਿਪੋਰਟ ਦੇ ਅਨੁਸਾਰ, ਭਾਰਤੀ ਹਿਮਾਲਿਆਈ ਖੇਤਰ ਵਿੱਚ ਹਰ ਸਾਲ ਲਗਭਗ 40 ਕਰੋੜ ਸੈਲਾਨੀ ਆਉਂਦੇ ਹਨ। ਖੋਜਕਰਤਾਵਾਂ ਦਾ ਕਹਿਣਾ ਹੈ ਕਿ ਮਕਸਦ ਸਿਰਫ਼ ਸੈਲਾਨੀਆਂ ਦੀ ਗਿਣਤੀ ਵਧਾਉਣਾ ਨਹੀਂ ਹੋਣਾ ਚਾਹੀਦਾ। ਸਗੋਂ ਅਜਿਹਾ ਸੈਰ-ਸਪਾਟਾ ਵਿਕਸਿਤ ਕਰਨ ‘ਤੇ ਧਿਆਨ ਦੇਣਾ ਚਾਹੀਦਾ ਹੈ ਜਿਸ ਨਾਲ ਸਥਾਨਕ ਲੋਕਾਂ ਨੂੰ ਲਾਭ ਮਿਲੇ। ਜਿਵੇਂ, ਜੋ ਪੈਸੇ ਸੈਲਾਨੀਆਂ ਰਾਹੀਂ ਉੱਥੇ ਆਵੇ, ਉਹ ਸਥਾਨਕ ਪੱਧਰ ‘ਤੇ ਨਿਵੇਸ਼ ਕੀਤਾ ਜਾਵੇ।

ਆਈਸੀਆਈਐੱਮਓਡੀ ਦੇ ਡਾਇਰੈਕਟਰ ਜਨਰਲ ਪੇਮਾ ਗਿਆਂਤਸ਼ੋ ਨੇ ਕਿਹਾ ਕਿ ਖ਼ਤਰੇ ਤੇਜ਼ੀ ਨਾਲ ਗੁੰਝਲਦਾਰ ਹੁੰਦੇ ਜਾ ਰਹੇ ਹਨ।

ਉਨ੍ਹਾਂ ਨੇ ਕਿਹਾ, “ਗਲੇਸ਼ੀਅਰ ਪਿੱਛੇ ਹਟ ਰਹੇ ਹਨ, ਪਰਮਾਫ੍ਰੌਸਟ (ਹਮੇਸ਼ਾ ਜੰਮੀ ਰਹਿਣ ਵਾਲੀ ਜ਼ਮੀਨ) ਅਤੇ ਉੱਚੇ ਪਹਾੜਾਂ ਦੀਆਂ ਢਲਾਣਾਂ ਤੇਜ਼ੀ ਨਾਲ ਅਸਥਿਰ ਹੋ ਰਹੀਆਂ ਹਨ, ਅਤੇ ਹੇਠਲੇ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਅਤੇ ਬੁਨਿਆਦੀ ਢਾਂਚੇ ਨੂੰ ਗੰਭੀਰ ਅਤੇ ਇੱਕ ਤੋਂ ਬਾਅਦ ਇੱਕ ਆਉਣ ਵਾਲੇ ਖ਼ਤਰਿਆਂ ਦੇ ਵਧਦੇ ਜੋਖ਼ਮ ਦਾ ਸਾਹਮਣਾ ਕਰਨਾ ਪੈ ਰਿਹਾ ਹੈ।”

ਅਤੇ ਇਹ ਖ਼ਤਰੇ ਹਿਮਾਲਿਆ ‘ਤੇ ਖਿੱਚੀਆਂ ਗਈਆਂ ਸਰਹੱਦਾਂ ਤੱਕ ਹੀ ਸੀਮਤ ਨਹੀਂ ਰਹਿੰਦੇ। ਗਿਆਂਤਸ਼ੋ ਨੇ ਕਿਹਾ ਕਿ ਅਜਿਹੇ ਖ਼ਤਰੇ “ਕੌਮੀ ਸਰਹੱਦਾਂ ਦੀ ਪਰਵਾਹ ਨਹੀਂ ਕਰਦੇ, ਅਤੇ ਕੋਈ ਵੀ ਇੱਕ ਦੇਸ਼ ਇਕੱਲਾ ਇਨ੍ਹਾਂ ਨਾਲ ਨਹੀਂ ਨਜਿੱਠ ਸਕਦਾ।”

ਇਸ ਲਈ ਇਹ ਬਹੁਤ ਜ਼ਰੂਰੀ ਹੋ ਗਿਆ ਹੈ ਕਿ ਮਿਲ-ਜੁਲ ਕੇ ਨਿਵੇਸ਼ ਕੀਤਾ ਜਾਵੇ ਤਾਂ ਜੋ ਸਰਹੱਦਾਂ ਤੋਂ ਪਾਰ ਵੀ ਨਿਗਰਾਨੀ ਹੋ ਸਕੇ, ਜੋਖ਼ਮ ਬਾਰੇ ਜਾਣਕਾਰੀ ਸਾਂਝੀ ਕੀਤੀ ਜਾ ਸਕੇ, ਸ਼ੁਰੂਆਤੀ ਚੇਤਾਵਨੀ ਦੇਣ ਵਾਲੇ ਸਿਸਟਮ ਬਣ ਸਕਣ ਅਤੇ ਆਫ਼ਤਾਂ ਨਾਲ ਨਜਿੱਠਣ ਦੀ ਸਮਰੱਥਾ ਵਧੇ। ਇਹ ਨਾ ਸਿਰਫ਼ ਲੋਕਾਂ ਦੀ ਜਾਨ ਬਚਾਉਣ ਲਈ ਜ਼ਰੂਰੀ ਹੈ, ਸਗੋਂ ਉਨ੍ਹਾਂ ਕਰੋੜਾਂ ਲੋਕਾਂ ਦੀ ਰੋਜ਼ੀ-ਰੋਟੀ ਅਤੇ ਅਰਥਵਿਵਸਥਾ ਦੀ ਸੁਰੱਖਿਆ ਲਈ ਵੀ ਜ਼ਰੂਰੀ ਹੈ ਜੋ ਪਹਾੜਾਂ ‘ਤੇ ਨਿਰਭਰ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI