Source :- BBC PUNJABI
ਤਸਵੀਰ ਸਰੋਤ, Getty Images
12 ਦਸੰਬਰ 2025
“ਤੁਸੀਂ ਜਾਣਦੇ ਹੋ ਕਿ ਮੈਂ ਮੁੱਖ ਮੰਤਰੀ ਕਿਵੇਂ ਬਣਿਆ? ਜਿਹੜੀਆਂ ਸਾਲ 2002 ਵਿੱਚ ਚੋਣਾਂ ਅਸੀਂ ਜਿੱਤੇ ਸੀ, ਉਸ ਵਿੱਚ ਮੈਂ ਸੀ। ਸਾਨੂੰ 62 ਸੀਟਾਂ ਮਿਲੀਆਂ ਸਨ।”
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਕੌਰ ਸਿੱਧੂ ਉੱਤੇ ਸਵਾਲ ਖੜੇ ਕੀਤੇ ਹਨ।
ਦਰਅਸਲ ਨਵਜੋਤ ਕੌਰ ਸਿੱਧੂ ਨੇ ਬੀਤੇ ਦਿਨੀਂ ਮੁੱਖ ਮੰਤਰੀ ਦੀ ਕੁਰਸੀ ਲਈ ‘500 ਕਰੋੜ ਰੁਪਏ’ ਵਾਲਾ ਬਿਆਨ ਦਿੱਤਾ ਸੀ। ਜਿਸ ਤੋਂ ਬਾਅਦ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਦੀ ਪਤਨੀ ਅਤੇ ਸਾਬਕਾ ਵਿਧਾਇਕ ਡਾ. ਨਵਜੋਤ ਕੌਰ ਸਿੱਧੂ ਨੂੰ ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਤੋਂ ਮੁਅੱਤਲ ਕਰ ਦਿੱਤਾ ਸੀ।
ਉਨ੍ਹਾਂ ਨੂੰ ਮੁਅੱਤਲ ਕਿਉਂ ਕੀਤਾ ਗਿਆ, ਇਸ ਬਾਰੇ ਕਾਂਗਰਸ ਨੇ ਕੁਝ ਵੀ ਸਪਸ਼ਟ ਨਹੀਂ ਕੀਤਾ ਸੀ। ਪਰ ਹੁਣ ਕੈਪਟਨ ਅਮਰਿੰਦਰ ਸਿੰਘ ਦੇ ਬਿਆਨਾਂ ਨੇ ਸਿਆਸੀ ਤਕਰਾਰ ਨੂੰ ਹੋਰ ਤੇਜ਼ ਕਰ ਦਿੱਤਾ ਹੈ।
ਤਸਵੀਰ ਸਰੋਤ, ANI
ਨਵਜੋਤ ਕੌਰ ਸਿੱਧੂ ਨੇ ਕੀ ਕਿਹਾ ਸੀ
ਸਾਬਕਾ ਵਿਧਾਇਕ ਡਾ. ਨਵਜੋਤ ਕੌਰ ਨੇ ਪਿਛਲੇ ਦਿਨੀਂ ਚੰਡੀਗੜ੍ਹ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਸੀ, “ਪੰਜਾਬ ਵਿੱਚ ਮੁੱਖ ਮੰਤਰੀ ਬਣਨ ਲਈ ‘500 ਕਰੋੜ ਰੁਪਏ ਦਾ ਸੂਟਕੇਸ’ ਚਾਹੀਦਾ ਹੈ।”
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਪਤੀ “ਨਵਜੋਤ ਸਿੰਘ ਸਿੱਧੂ ਕਾਂਗਰਸ ਵਿੱਚ ਵਾਪਸ ਆਉਣਗੇ, ਜੇਕਰ ਪਾਰਟੀ ਉਨ੍ਹਾਂ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨੇ, ਪਰ ਉਨ੍ਹਾਂ ਕੋਲ ਇੰਨੇ ਪੈਸੇ ਨਹੀਂ ਹਨ।”
ਇਸ ਬਿਆਨ ਨੇ ਕਾਂਗਰਸ ਪਾਰਟੀ ਅਤੇ ਪੰਜਾਬ ਦੀ ਸਿਆਸਤ ਗਰਮਾ ਦਿੱਤੀ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਕੀ ਦਿੱਤਾ ਜਵਾਬ
ਕੈਪਟਨ ਅਮਰਿੰਦਰ ਸਿੰਘ ਨੇ ਖ਼ਬਰ ਏਜੰਸੀ ਪੀਟੀਆਈ ਨਾਲ ਗੱਲ ਕਰਦਿਆਂ ਕਿਹਾ, “ਉਹ ਮੇਰਾ ਮੰਤਰੀ ਸੀ। ਮੈਂ ਉਸਨੂੰ ਦੋ ਵਿਭਾਗ ਦਿੱਤੇ ਸਨ ਅਤੇ ਉਹ ਹਰ ਰੋਜ਼ ਬਿਜਲੀ ਦੀ ਸਥਿਤੀ ਬਾਰੇ ਰੌਲਾ ਪਾ ਰਿਹਾ ਸੀ। ਅਤੇ ਮੈਂ ਕਿਹਾ, ਠੀਕ ਹੈ, ਮੇਰੇ ਕੋਲ ਬਿਜਲੀ ਮਹਿਕਮਾ ਹੈ। ਤੁਸੀਂ ਮੇਰਾ ਬਿਜਲੀ ਮਹਿਕਮਾ ਲੈ ਲਓ, ਇਸਨੂੰ ਪ੍ਰਬੰਧਿਤ ਕਰੋ।”
“ਉਨ੍ਹਾਂ ਨੇ ਅਸਤੀਫਾ ਦੇ ਦਿੱਤਾ ਅਤੇ ਚਲੇ ਗਏ। ਉਹ ਜ਼ਿੰਮੇਵਾਰੀ ਨਹੀਂ ਲੈਂਦੇ। ਸੱਤ ਮਹੀਨਿਆਂ ਤੱਕ ਉਨ੍ਹਾਂ ਦੀਆਂ ਫਾਈਲਾਂ ਕਲੀਅਰ ਨਹੀਂ ਹੁੰਦੀਆਂ ਸਨ।”
“ਸ਼੍ਰੀਮਤੀ ਗਾਂਧੀ ਨੇ ਉਨ੍ਹਾਂ ਨੂੰ ਕਾਂਗਰਸ ਪ੍ਰਧਾਨ ਬਣਾਇਆ। ਉਨ੍ਹਾਂ ਨੇ ਕੀ ਕੀਤਾ? ਉਨ੍ਹਾਂ ਨੇ ਕਦੇ ਪੰਜਾਬ ਪਾਰਟੀ ਲਈ ਕੁਝ ਨਹੀਂ ਕੀਤਾ।”
ਤਸਵੀਰ ਸਰੋਤ, Getty Images
ਕੈਪਟਨ ਦੇ ਜਵਾਬ ਵਿੱਚ ਫਿਰ ਬੋਲੇ ਨਵਜੋਤ ਕੌਰ ਸਿੱਧੂ
ਉੱਧਰ ਸ਼ੁੱਕਰਵਾਰ ਸ਼ਾਮ ਨੂੰ ਨਵਜੋਤ ਕੌਰ ਸਿੱਧੂ ਨੇ ਆਪਣੇ ਐਕਸ ਹੈਂਡਲ ਉੱਤੇ ਲਿਖਿਆ, “ਕੈਪਟਨ ਅਮਰਿੰਦਰ ਸਿੰਘ, ਮੈਂ ਬੱਸ ਇਹੀ ਕਹਿਣਾ ਚਾਹੁੰਦੀ ਸੀ ਕਿ ਤੁਸੀਂ ਨਵਜੋਤ ਸਿੱਧੂ ਦੀਆਂ ਫਾਈਲਾਂ ਨੂੰ ਕਿਉਂ ਨਹੀਂ ਕਲੀਅਰ ਕੀਤੀਆਂ ਜੋ ਪੰਜਾਬ ਦੇ ਵਿਕਾਸ ਲਈ ਬਹੁਤ ਮਹੱਤਵਪੂਰਨ ਸਨ?”
“ਮਾਈਨਿੰਗ ਨੀਤੀ, ਸ਼ਰਾਬ ਨੀਤੀ, ਯਾਤਰਾ ਅਤੇ ਮੈਡੀਕਲ ਟੂਰਿਜ਼ਮ, ਅੰਮ੍ਰਿਤਸਰ ਗੰਡੋਲਾ ਪ੍ਰੋਜੈਕਟ, ਕੂੜਾ ਨਿਪਟਾਰਾ ਪ੍ਰੋਜੈਕਟ, ਸਥਾਨਕ ਸੰਸਥਾਵਾਂ ਵਿੱਚ ਟ੍ਰਾਂਸ ਪਾਇਰੇਸੀ, ਰਾਸ਼ਟਰੀ ਥਾਵਾਂ, ਫਿਲਮ ਸਿਟੀ ਪ੍ਰੋਜੈਕਟ, ਜਲ ਖੇਡ ਪ੍ਰੋਜੈਕਟ, ਰਣਜੀਤ ਐਵੇਨਿਊ ਵਿਖੇ ਸਪੋਰਟਸ ਪਾਰਕ, ਪੰਜਾਬ ਲਈ ਕਲਿਨਰੀ ਯੂਨੀਵਰਸਿਟੀਆਂ ਲਈ?”
ਡਾ. ਨਵਜੋਤ ਕੌਰ ਸਿੱਧੂ ਨਾਲ ਜੁੜੇ ਅਤੀਤ ਦੇ ਪੰਜ ਵਿਵਾਦ
ਅਕਾਲੀ ਸਰਕਾਰ ਖ਼ਿਲਾਫ਼ ਮੋਰਚਾ
ਨਵਜੋਤ ਕੌਰ ਸਿੱਧੂ, ਜੋ ਕਿ ਡਾਕਟਰ ਅਤੇ ਸਾਬਕਾ ਵਿਧਾਇਕਾ ਹਨ, ਨੇ 2012 ਵਿੱਚ ਭਾਰਤੀ ਜਨਤਾ ਪਾਰਟੀ (ਬੀਜੇਪੀ) ਦੀ ਟਿਕਟ ਤੋਂ ਅੰਮ੍ਰਿਤਸਰ ਪੂਰਬੀ ਹਲਕੇ ਤੋਂ ਵਿਧਾਨ ਸਭਾ ਦੀ ਚੋਣ ਲੜੀ ਅਤੇ ਜਿੱਤੀ ਸੀ, ਫਿਰ ਅਕਾਲੀ ਦਲ-ਭਾਜਪਾ ਗੱਠਜੋੜ ਦੀ ਸਰਕਾਰ ਵਿੱਚ ਚੀਫ਼ ਪਾਰਲੀਮੈਂਟਰੀ ਸੈਕਟਰੀ (ਸੀਪੀਐੱਸ) ਬਣੇ ਸਨ।
2007 ਤੋਂ 2017 ਤੱਕ ਚੱਲੀ ਇਸ ਸਰਕਾਰ ਵਿੱਚ ਉਨ੍ਹਾਂ ਦੇ ਅਕਾਲੀ ਨੇਤਾਵਾਂ, ਖ਼ਾਸ ਕਰ ਕੇ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਖ਼ਿਲਾਫ਼ ਖੁੱਲ੍ਹ ਕੇ ਕੀਤੇ ਵਿਰੋਧ ਕਾਰਨ ਉਨ੍ਹਾਂ ਨਾਲ ਕਈ ਵਿਵਾਦ ਖੜ੍ਹੇ ਹੋ ਗਏ ਸਨ।
ਸੀਪੀਐੱਸ ਬਣਨ ਤੋਂ ਬਾਅਦ ਡਾ. ਨਵਜੋਤ ਕੌਰ ਨੇ ਤਤਕਾਲੀ ਸਰਕਾਰ ਉੱਤੇ ਆਪਣੇ ਹਲਕੇ ਲਈ ਵਿਕਾਸ ਫ਼ੰਡ ਦੇ ਮਸਲੇ ਉੱਤੇ ਭੇਦਭਾਵ ਵਾਲੀ ਨੀਤੀ ਅਪਣਾਉਣ ਦੇ ਇਲਜ਼ਾਮ ਲਗਾਏ ਸਨ।
ਤਸਵੀਰ ਸਰੋਤ, FB/NavjotSidhu
ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ ਖ਼ਿਲਾਫ਼ ਮੋਰਚਾ
ਅਕਾਲੀ-ਭਾਜਪਾ ਸਰਕਾਰ ਵਿੱਚ ਸੀਪੀਐਸ ਰਹਿੰਦੇ ਹੋਏ ਡਾਕਟਰ ਨਵਜੋਤ ਕੌਰ ਸਿੱਧੂ ਨੇ ਸੂਬੇ ਵਿੱਚ ‘ਮਾਫ਼ੀਆ ਰਾਜ ਦੀ ਸਰਪ੍ਰਸਤੀ’ ਕਰਨ ਦੇ ਇਲਜ਼ਾਮ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਮਜੀਠੀਆ ਉੱਤੇ ਲੱਗਾ ਕੇ ਉਸ ਸਮੇਂ ਰਾਜਨੀਤਿਕ ਤੌਰ ਉੱਤੇ ਤਰਥੱਲੀ ਮਚਾ ਦਿੱਤੀ ਸੀ।
ਸਾਲ 2015 ਅਤੇ 2016 ਤੱਕ ਉਨ੍ਹਾਂ ਨੇ ਕਈ ਜਨਤਕ ਰੈਲੀਆਂ ਵਿੱਚ ਇਸ ਬਿਆਨ ਨੂੰ ਵਾਰ ਵਾਰ ਦੁਹਰਾਇਆ ਸੀ।
ਇਸ ਬਿਆਨ ਨੇ ਉਸ ਸਮੇਂ ਅਕਾਲੀ-ਭਾਜਪਾ ਗੱਠਜੋੜ ਵਿੱਚ ਭੂਚਾਲ ਲਿਆ ਦਿੱਤਾ ਸੀ ਅਤੇ ਬਾਅਦ ਵਿੱਚ ਜਦੋਂ ਉਨ੍ਹਾਂੇਨ ਬੀਜੇਪੀ ਤੋਂ ਅਸਤੀਫ਼ਾ ਦਿੱਤਾ ਤਾਂ ਇਸ ਨੂੰ ਹੀ ਮੁੱਖ ਆਧਾਰ ਬਣਾਇਆ ਸੀ।
ਕਾਂਗਰਸ ਵਿੱਚ ਸ਼ਾਮਲ ਹੋਣਾ ਤੇ ਪਾਰਟੀ ਲੀਡਰਸ਼ਿਪ ਦੀ ਅਲੋਚਨਾ
2017 ਵਿੱਚ ਡਾ. ਨਵਜੋਤ ਕੌਰ ਸਿੱਧੂ ਕਾਂਗਰਸ ਪਾਰਟੀ ਵਿੱਚ ਆਪਣੇ ਪਤੀ ਨਵਜੋਤ ਸਿੰਘ ਸਿੱਧੂ ਨਾਲ ਸ਼ਾਮਲ ਹੋ ਗਏ। ਫਿਰ ਡਾ. ਨਵਜੋਤ ਕੌਰ ਨੇ ਆਪਣੀ ਪੂਰਬੀ ਹਲਕੇ ਦੀ ਸੀਟ ਨਵਜੋਤ ਸਿੰਘ ਸਿੱਧੂ ਲਈ ਛੱਡ ਦਿੱਤੀ।
ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਜਿੱਤ ਕੇ ਨਵਜੋਤ ਸਿੰਘ ਸਿੱਧੂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿੱਚ ਸਥਾਨਕ ਸਰਕਾਰਾਂ ਬਾਰੇ ਵਿਭਾਗ ਦੇ ਮੰਤਰੀ ਬਣ ਗਏ ਸਨ।
ਕਾਂਗਰਸ ਸਰਕਾਰ ਵਿੱਚ ਵੀ ਸਿੱਧੂ ਜੋੜੇ ਨੇ ਖੁੱਲ੍ਹ ਕੇ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ਼ ਬਗ਼ਾਵਤ ਕੀਤੀ ਸੀ।
ਦਰਅਸਲ 2019 ਦੀ ਲੋਕ ਸਭਾ ਚੋਣ ਨਵਜੋਤ ਸਿੰਘ ਸਿੱਧੂ ਆਪਣੀ ਪਤਨੀ ਡਾ. ਨਵਜੋਤ ਕੌਰ ਨੂੰ ਚੰਡੀਗੜ੍ਹ ਤੋਂ ਲੜਾਉਣਾ ਚਾਹੁੰਦੇ ਸਨ ਪਰ ਸਿੱਧੂ ਦੀ ਇਹ ਇੱਛਾ ਪੂਰੀ ਨਹੀਂ ਹੋ ਸਕੀ। ਉਸ ਸਮੇਂ ਟਿਕਟ ਨਾ ਮਿਲਣ ਤੋਂ ਬਾਅਦ ਡਾ. ਨਵਜੋਤ ਕੌਰ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਤੇ ਤਤਕਾਲੀ ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ‘ਤੇ ਇਲਜ਼ਾਮ ਲਗਾਇਆ ਸੀ ਕਿ ਦੋਵਾਂ ਕਰਕੇ ਹੀ ਉਨ੍ਹਾਂ ਨੂੰ ਟਿਕਟ ਨਹੀਂ ਮਿਲ ਸਕੀ।
ਫਿਰ ਡਾ. ਨਵਜੋਤ ਕੌਰ ਅਤੇ ਨਵਜੋਤ ਸਿੰਘ ਸਿੱਧੂ ਨੇ ਹਰੇਕ ਮੰਚ ਤੋਂ ਕੈਪਟਨ ਖਿਲਾਫ਼ ਮੋਰਚਾ ਖੋਲ੍ਹਿਆ। ਸਟੇਜਾਂ ਤੋਂ ਕਥਿਤ 75/25 (ਸਰਕਾਰ/ਵਿਰੋਧੀ ਧਿਰ ਦਾ ਹਿੱਸਾ) ਵਰਗੇ ਬਿਆਨ ਵੀ ਦੇਣੇ ਸ਼ੁਰੂ ਕਰ ਦਿੱਤੇ ਸਨ।
2022 ਦੀਆਂ ਵਿਧਾਨ ਸਭਾ ਚੋਣ ਤੋਂ ਪਹਿਲਾਂ ਪਹਿਲਾਂ ਇਹ ਵਿਵਾਦ ਇਨ੍ਹਾਂ ਵਧ ਗਿਆ ਕਿ 2021 ਵਿੱਚ ਕਾਂਗਰਸ ਹਾਈਕਮਾਨ ਨੇ ਪੰਜਾਬ ਅੰਦਰ ਵੱਡਾ ਫੇਰਬਦਲ ਕੀਤਾ।
ਮੁੱਖ ਮੰਤਰੀ ਦੇ ਅਹੁਦੇ ਤੋਂ ਕੈਪਟਨ ਅਮਰਿੰਦਰ ਸਿੰਘ ਨੂੰ ਅਸਤੀਫ਼ਾ ਦੇਣਾ ਪਿਆ ਅਤੇ ਪੰਜਾਬ ਕਾਂਗਰਸ ਦਾ ਪ੍ਰਧਾਨ ਵੀ ਬਦਲ ਕੇ ਨਵਜੋਤ ਸਿੰਘ ਸਿੱਧੂ ਨੂੰ ਕਮਾਨ ਸੌਂਪ ਦਿੱਤੀ ਗਈ। ਇਸ ਫੇਰਬਦਲ ਨੇ ਪਾਰਟੀ ਵਿੱਚ ਅੰਦਰੂਨੀ ਕਲੇਸ਼ ਨੂੰ ਹੋਰ ਭੜਕਾ ਦਿੱਤਾ।
ਤਸਵੀਰ ਸਰੋਤ, Getty Images
ਪਾਰਟੀ ਆਗੂਆਂ ‘ਤੇ ਟਿਕਟਾਂ ਵੇਚਣ ਦਾ ਇਲਜ਼ਾਮ
ਡਾਕਟਰ ਨਵਜੋਤ ਕੌਰ ਸਿੱਧੂ ਨੇ ਤਰਨਤਾਰਨ ਜ਼ਿਮਨੀ ਚੋਣ ਵਿੱਚ ਕਾਂਗਰਸੀ ਉਮੀਦਵਾਰ ਕੋਲੋਂ ਪਾਰਟੀ ਦੇ ਕੁਝ ਸੀਨੀਅਰ ਆਗੂਆਂ ਉੱਤੇ ਪੈਸੇ ਲੈ ਕੇ ਟਿਕਟ ਦੇਣ ਦਾ ਇਲਜ਼ਾਮ ਲਗਾਇਆ ਸੀ।
ਉਨ੍ਹਾਂ ਦਾਅਵਾ ਕੀਤਾ ਸੀ ਕਿ ਇਸ ਗੱਲ ਦੇ ਉਨ੍ਹਾਂ ਕੋਲ ਸਬੂਤ ਵੀ ਹਨ। ਪਰ ਦੂਜੇ ਪਾਸੇ ਤਰਨਤਾਰਨ ਜ਼ਿਮਨੀ ਚੋਣ ਲੜਨ ਵਾਲੇ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ ਡਾ. ਨਵਜੋਤ ਕੌਰ ਸਿੱਧੂ ਦੇ ਇਲਜ਼ਾਮਾਂ ਨੂੰ ਸਿਰੇ ਤੋਂ ਖ਼ਾਰਜ ਕਰ ਦਿੱਤਾ।
ਤਰਨਤਾਰਨ ਤੋਂ ਚੋਣ ਲੜਨ ਵਾਲੇ ਕਾਂਗਰਸ ਦੇ ਉਮੀਦਵਾਰ ਕਰਨਬੀਰ ਸਿੰਘ ਬੁਰਜ ਨੇ ਸਪਸ਼ਟ ਕੀਤਾ ਕਿ ਉਨ੍ਹਾਂ ਨੇ ਨਾ ਤਾਂ ਪਾਰਟੀ ਦੇ ਕਿਸੇ ਆਗੂ ਅਤੇ ਨਾ ਹੀ ਪਾਰਟੀ ਫ਼ੰਡ ਲਈ ਕੋਈ ਪੈਸਾ ਦਿੱਤਾ ਹੈ।
ਤਸਵੀਰ ਸਰੋਤ, FB/NavjotSidhu
ਕੈਂਸਰ ਇਲਾਜ ਵਾਲੇ ਦਾਅਵੇ ਨਾਲ ਵਿਵਾਦ (ਨਵੰਬਰ 2024)
2022 ਵਿੱਚ ਡਾਕਟਰ ਨਵਜੋਤ ਕੌਰ ਸਿੱਧੂ ਕੈਂਸਰ ਦੀ ਬਿਮਾਰੀ ਨਾਲ ਪੀੜਤ ਹੋ ਗਏ ਅਤੇ ਕਾਫ਼ੀ ਸਮੇਂ ਤੱਕ ਸਮਾਜਿਕ ਅਤੇ ਰਾਜਨੀਤਿਕ ਗਤੀਵਿਧੀਆਂ ਤੋਂ ਦੂਰ ਰਹੇ।
2025 ਵਿੱਚ ਕੈਂਸਰ ਦੀ ਬਿਮਾਰੀ ਤੋਂ ਉੱਭਰਨ ਬਾਅਦ ਉਨ੍ਹਾਂ ਦੇ ਪਤੀ ਨਵਜੋਤ ਸਿੰਘ ਸਿੱਧੂ ਨੇ ਐਲਾਨ ਕੀਤਾ ਕਿ ਡਾਕਟਰ ਨਵਜੋਤ ਕੌਰ ਦਾ ਚੌਥੇ ਸਟੇਜ ਦਾ ਕੈਂਸਰ ਨਿੰਬੂ ਪਾਣੀ, ਹਲਦੀ, ਨਿੰਮ ਪੱਤੇ ਅਤੇ ਆਯੁਰਵੈਦਿਕ ਤਰੀਕਿਆਂ ਨਾਲ ਠੀਕ ਹੋ ਗਿਆ।
ਇਸ ਨੇ ਮੈਡੀਕਲ ਕਮਿਊਨਿਟੀ ਵਿੱਚ ਵਿਵਾਦ ਖੜ੍ਹਾ ਕਰ ਦਿੱਤਾ। ਛੱਤੀਸਗੜ੍ਹ ਦੀ ਇੱਕ ਸਿਵਲ ਸੁਸਾਇਟੀ ਨੇ ਉਨ੍ਹਾਂ ਨੂੰ 850 ਕਰੋੜ ਰੁਪਏ ਦਾ ਨੋਟਿਸ ਜਾਰੀ ਕਰ ਦਿੱਤਾ ਸੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI







