Source :- BBC PUNJABI

ਕਸ਼ ਪਟੇਲ ਅਤੇ ਹੈਪੀ  ਪਾਸੀਆ

ਤਸਵੀਰ ਸਰੋਤ, X/@FBISacramento and Getty

18 ਅਪ੍ਰੈਲ 2025

ਅਪਡੇਟ ਇੱਕ ਘੰਟਾ ਪਹਿਲਾਂ

ਅਮਰੀਕੀ ਖੁਫ਼ੀਆ ਏਜੰਸੀ ਐੱਫ਼ਬੀਆਈ ਦੇ ਡਾਇਰੈਕਟਰ ਕਸ਼ ਪਟੇਲ ਨੇ ਖਾਲਿਸਤਾਨ ਸਮਰਥਕ ਹਰਪ੍ਰੀਤ ਸਿੰਘ ਦੀ ਗ੍ਰਿਫ਼ਤਾਰੀ ‘ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

ਉਨ੍ਹਾਂ ਨੇ ਆਪਣੇ ਐਕਸ ਅਕਾਊਂਟ ‘ਤੇ ਲਿਖਿਆ, “ਹਰਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜੋ ਕਿ ਇੱਕ ਕਥਿਤ ਵਿਦੇਸ਼ੀ ਅੱਤਵਾਦੀ ਗਿਰੋਹ ਦਾ ਹਿੱਸਾ ਹੈ ਅਤੇ ਅਮਰੀਕਾ ਵਿੱਚ ਗ਼ੈਰ-ਕਾਨੂੰਨੀ ਤੌਰ ‘ਤੇ ਰਹਿ ਰਿਹਾ ਸੀ।”

“ਸਾਡਾ ਮੰਨਣਾ ਹੈ ਕਿ ਉਹ ਭਾਰਤ ਅਤੇ ਅਮਰੀਕਾ ਦੋਵਾਂ ਦੇ ਕਈ ਪੁਲਿਸ ਥਾਣਿਆਂ ‘ਤੇ ਹਮਲਾ ਕਰਨ ਦੀ ਸਾਜ਼ਿਸ਼ ਵਿੱਚ ਸ਼ਾਮਲ ਸੀ।”

“ਐੱਫ਼ਬੀਆਈ ਸੈਕਰਾਮੈਂਟੋ ਨੇ ਇਸ ਮਾਮਲੇ ਦੀ ਜਾਂਚ ਕੀਤੀ ਅਤੇ ਭਾਰਤ ਸਣੇ ਸਾਡੇ ਸਥਾਨਕ ਭਾਈਵਾਲਾਂ ਨਾਲ ਮਿਲ ਕੇ ਕੰਮ ਕੀਤਾ। ਸਾਰਿਆਂ ਦੀ ਸਖ਼ਤ ਮਿਹਨਤ ਸਦਕਾ, ਹੁਣ ਇਨਸਾਫ਼ ਹੋਵੇਗਾ।”

ਉਨ੍ਹਾਂ ਇਹ ਵੀ ਲਿਖਿਆ ਕਿ ਐੱਫ਼ਬੀਆਈ ਉਨ੍ਹਾਂ ਸਾਰਿਆਂ ਦੀ ਭਾਲ ਜਾਰੀ ਰੱਖੇਗੀ ਜੋ ਕਿਤੇ ਵੀ ਹਿੰਸਾ ਫ਼ੈਲਾਉਣ ਦੀ ਕੋਸ਼ਿਸ਼ ਕਰਦੇ ਹਨ।

ਹਰਪ੍ਰੀਤ ਸਿੰਘ ਨੂੰ 18 ਅਪ੍ਰੈਲ ਨੂੰ ਅਮਰੀਕਾ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ।

ਉਨ੍ਹਾਂ ਦੀ ਗ੍ਰਿਫ਼ਤਾਰੀ ਦੀ ਜਾਣਕਾਰੀ ਐੱਫ਼ਬੀਆਈ ਸੈਕਰਾਮੈਂਟੋ ਨੇ ਆਪਣੇ ਐਕਸ ਅਕਾਊਂਟ ‘ਤੇ ਦਿੱਤੀ ਸੀ।

ਐੱਫਬੀਆਈ ਨੇ ਜਾਣਕਾਰੀ ਦਿੱਤੀ ਸੀ ਕਿ ਹਰਪ੍ਰੀਤ ਸਿੰਘ ਦੋ ਕੌਮਾਂਤਰੀ ਦਹਿਸ਼ਤਗਰਦੀ ਸਮੂਹਾਂ ਨਾਲ ਜੁੜਿਆ ਹੋਇਆ ਹੈ ਅਤੇ ਉਹ ਗੈਰਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਦਾਖਲ ਹੋਇਆ ਸੀ।

ਜਾਣਕਾਰੀ ਮੁਤਾਬਕ, ਗ੍ਰਿਫ਼ਤਾਰੀ ਤੋਂ ਬਚਣ ਲਈ ਹਰਪ੍ਰੀਤ ਸਿੰਘ ਬਰਨਰ ਫੋਨਾਂ ਦੀ ਵਰਤੋਂ ਕਰ ਰਿਹਾ ਸੀ।

ਐੱਨਆਈਏ ਨੇ ਰੱਖਿਆ ਹੈ ਲੱਖਾਂ ਦਾ ਇਨਾਮ

ਗੈਂਗਸਟਰ ਹਰਪ੍ਰੀਤ ਸਿੰਘ

ਤਸਵੀਰ ਸਰੋਤ, X/@FBISacramento

ਕੌਮੀ ਜਾਂਚ ਏਜੰਸੀ (ਐੱਨਆਈਏ) ਨੂੰ ਹਰਪ੍ਰੀਤ ਸਿੰਘ ਚੰਡੀਗੜ੍ਹ ਗ੍ਰਨੇਡ ਹਮਲੇ ਦੇ ਮਾਮਲੇ ਵਿੱਚ ਲੋੜੀਂਦਾ ਹੈ। ਇਸ ਮਾਮਲੇ ਵਿੱਚ ਏਜੰਸੀ ਨੇ ਹਰਪ੍ਰੀਤ ਸਿੰਘ ਉਰਫ਼ ਹੈਪੀ ਪਾਸੀਆ ਉੱਤੇ 5 ਲੱਖ ਰੁਪਏ ਦਾ ਨਕਦ ਇਨਾਮ ਐਲਾਨਿਆ ਹੋਇਆ ਹੈ।

ਇਸੇ ਸਾਲ ਜਨਵਰੀ ਮਹੀਨੇ ‘ਚ ਐੱਨਆਈਏ ਵੱਲੋਂ ਜਾਰੀ ਇੱਕ ਪ੍ਰੈੱਸ ਰਿਲੀਜ਼ ‘ਚ ਕਿਹਾ ਗਿਆ ਹੈ ਕਿ ਜੋ ਕੋਈ ਵੀ ਹੈਪੀ ਪਾਸੀਆ ਦੀ ਜਾਣਕਾਰੀ ਦੇਵੇਗਾ, ਉਸ ਨੂੰ 5 ਲੱਖ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ ਅਤੇ ਅਜਿਹੇ ਵਿਅਕਤੀ ਦੀ ਪਛਾਣ ਵੀ ਗੁਪਤ ਰੱਖੀ ਜਾਵੇਗੀ।

ਪ੍ਰੈੱਸ ਰਿਲੀਜ਼ ਮੁਤਾਬਕ, ਮਾਮਲਾ ਚੰਡੀਗੜ੍ਹ ਦੇ ਸੈਕਟਰ 10/ਡੀ ਵਿਖੇ ਇੱਕ ਕੋਠੀ ਬਾਹਰ ਹੈਂਡ ਗ੍ਰਨੇਡ ਨਾਲ ਕੀਤੇ ਹਮਲੇ ਦਾ ਹੈ, ਜਿਸ ਬਾਬਤ 1 ਅਕਤੂਬਰ 2024 ਨੂੰ ਐੱਨਆਈਏ ਕੋਲ ਕੇਸ ਦਰਜ ਹੋਇਆ ਸੀ।

ਐਨਆਈਏ ਵੱਲੋਂ ਜਾਰੀ ਇੱਕ ਪ੍ਰੈਸ ਰੀਲੀਜ਼

ਤਸਵੀਰ ਸਰੋਤ, NIA

ਕੌਣ ਹੈ ਹਰਪ੍ਰੀਤ ਸਿੰਘ

ਬੀਬੀਸੀ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਵੱਲੋਂ ਦਿਤੀ ਜਾਣਕਾਰੀ ਮੁਤਾਬਕ, ਹਰਪ੍ਰੀਤ ਸਿੰਘ ਨੂੰ ਹੈਪੀ ਪਾਸੀਆ ਵਜੋਂ ਜਾਣਿਆ ਜਾਂਦਾ ਹੈ ਅਤੇ ਉਸ ਨੂੰ ਐੱਫਬੀਆਈ ਅਤੇ ਆਈਸੀਈ ਦੇ ਇਨਫੋਰਸਮੈਂਟ ਐਂਡ ਰਿਮੂਵਲ ਆਪ੍ਰੇਸ਼ਨ (ਈਆਰਓ) ਦੇ ਸਾਂਝੇ ਆਪ੍ਰੇਸ਼ਨ ਵਿੱਚ ਸੰਯੁਕਤ ਰਾਜ ਅਮਰੀਕਾ ਵਿੱਚ ਫੜ੍ਹਿਆ ਗਿਆ ਹੈ।

ਹਰਪ੍ਰੀਤ ਸਿੰਘ ਉਰਫ਼ ਹੈਪੀ ਪਾਸੀਆ, ਪੰਜਾਬ ਦੇ ਅਜਨਾਲਾ ਦੇ ਇੱਕ ਪਿੰਡ ਜੱਟਾਂ-ਪਾਸੀਆ ਦਾ ਰਹਿਣ ਵਾਲਾ ਹੈ।

ਜਾਣਕਾਰੀ ਮੁਤਾਬਕ, ਉਹ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਚਲਾ ਗਿਆ ਸੀ ਅਤੇ ਸਾਲਾਂ ਤੱਕ ਉੱਥੇ ਲੁਕਿਆ ਰਿਹਾ।

ਇਸ ਦੌਰਾਨ ਉਸ ਨੇ ਬਰਨਰ ਫੋਨਾਂ ਦਾ ਇਸਤੇਮਾਲ ਕੀਤਾ ਅਤੇ ਆਪਣੇ ਮਦਦਗਾਰਾਂ ਦੇ ਇੱਕ ਗੁਪਤ ਨੈੱਟਵਰਕ ਦੀ ਵਰਤੋਂ ਕੀਤੀ ਤਾਂ ਜੋ ਉਸ ਫੜ੍ਹਿਆ ਨਾ ਜਾਵੇ।

ਐਫਬੀਆਈ ਦੀ ਪੋਸਟ

ਤਸਵੀਰ ਸਰੋਤ, X/@FBISacramento

ਬੀਬੀਸੀ ਸਹਿਯੋਗੀ ਗੁਰਪ੍ਰੀਤ ਚਾਵਲਾ ਮੁਤਾਬਕ, ਪਿੰਡ ਦੇ ਇੱਕ ਵਸਨੀਕ ਨੇ ਆਪਣੀ ਪਛਾਣ ਨਾ ਦੱਸਣ ਦੀ ਸ਼ਰਤ ਉੱਤੇ ਦੱਸਿਆ ਕਿ ਹਰਪ੍ਰੀਤ ਸਿੰਘ ਦੇ ਪਰਿਵਾਰ ‘ਚ ਉਸਦੇ ਮਾਤਾ ਅਤੇ ਇਕ ਭੈਣ ਹਨ।

ਜਾਣਕਾਰੀ ਮੁਤਾਬਕ, ਹੈਪੀ ਨੇ ਨੇੜਲੇ ਪਿੰਡਾਂ ਦੇ ਸਕੂਲਾਂ ਤੋ ਹੀ ਪੜ੍ਹਾਈ ਕੀਤੀ ਹੈ ਅਤੇ ਉਹ 12 ਤੱਕ ਪੜ੍ਹਿਆ ਹੈ। ਬਾਅਦ ਵਿੱਚ ਉਹ ਰੁਜ਼ਗਾਰ ਦੀ ਭਾਲ਼ ‘ਚ ਦੁਬਈ ਵੀ ਗਿਆ ਸੀ ਜਦਕਿ ਉਸ ਤੋਂ ਬਾਅਦ ਉਹ ਵਾਪਸ ਵੀ ਆ ਗਿਆ ਸੀ।

ਪਿੰਡ ਵਾਲਿਆਂ ਮੁਤਾਬਕ, ਹੈਪੀ ਗੁਰਦੁਆਰਾ ਸਾਹਿਬ ਵਿੱਚ ਸੇਵਾ ਕਰਦਾ ਸੀ।

ਮੰਨਿਆ ਜਾਂਦਾ ਹੈ ਕਿ ਹੈਪੀ ਪਾਸੀਆ ਨੇ ਪੰਜਾਬ ਵਿੱਚ 16 ਗ੍ਰਨੇਡ ਹਮਲਿਆਂ ਦੀ ਯੋਜਨਾ ਬਣਾਈ ਸੀ, ਜਿਸ ਨਾਲ ਵਿਆਪਕ ਡਰ ਪੈਦਾ ਹੋਇਆ।

ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਉਸਦੀ ਕਥਿਤ ਭੂਮਿਕਾ ਲਈ ਵੀ ਉਹ ਪੁਲਿਸ ਨੂੰ ਲੋੜੀਂਦਾ ਹੈ।

ਫਿਲਹਾਲ ਉਹ ਅਮਰੀਕਾ ਦੀ ਹਿਰਾਸਤ ਵਿੱਚ ਹੈ ਅਤੇ ਭਾਰਤ ਵਿੱਚ ਉਸ ਦੀਆਂ ਗਤੀਵਿਧੀਆਂ ਅਤੇ ਅਮਰੀਕਾ ‘ਚ ਗੈਰ-ਕਾਨੂੰਨੀ ਪ੍ਰਵੇਸ਼, ਦੋਵਾਂ ਲਈ ਇਲਜ਼ਾਮਾਂ ਦਾ ਸਾਹਮਣਾ ਕਰ ਰਿਹਾ ਹੈ।

ਇਹ ਵੀ ਪੜ੍ਹੋ-

ਚੰਡੀਗੜ੍ਹ ਵਿੱਚ ਹੋਏ ਗ੍ਰਨੇਡ ਹਮਲੇ ਵਿੱਚ ਸ਼ਮੂਲੀਅਤ

ਚੰਡੀਗੜ੍ਹ ਦੇ ਸੈਕਟਰ 10 ਵਿੱਚ ਇੱਕ ਘਰ ਵਿੱਚ 11 ਸਤੰਬਰ 2024 ਨੂੰ ਇੱਕ ਧਮਾਕਾ ਹੋਇਆ ਸੀ। ਪੁਲਿਸ ਨੇ ਇਸ ਨੂੰ ਗ੍ਰਨੇਡ ਹਮਲਾ ਦੱਸਿਆ ਸੀ। ਪੁਲਿਸ ਨੇ ਇਸ ਮਾਮਲੇ ਵਿੱਚ ਗ੍ਰਨੇਡ ਸੁੱਟਣ ਵਾਲੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਜਿਸਦਾ ਨਾਮ ਰੋਹਨ ਮਸੀਹ ਦੱਸਿਆ ਗਿਆ ਸੀ।

ਡੀਜੀਪੀ ਗੌਰਵ ਯਾਦਵ ਨੇ ਉਸ ਵੇਲੇ ਹਮਲੇ ਦੀ ਜਾਣਕਾਰੀ ਦਿੰਦਿਆਂ ਕਿਹਾ ਸੀ ਕਿ ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਿਆ ਹੈ ਕਿ ਪਾਕਿਸਤਾਨ ਦੀ ਆਈਐੱਸਆਈ ਦੇ ਇਸ਼ਾਰੇ ਉੱਤੇ ਪਾਕਿਸਤਾਨ ਅਧਾਰਤ ਹਰਵਿੰਦਰ ਰਿੰਦਾ ਇਸ ਗ੍ਰਨੇਡ ਹਮਲੇ ਦਾ ਮਾਸਟਰਮਾਈਂਡ ਸੀ ਜਿਸ ਨੇ ਅਮਰੀਕਾ ਅਧਾਰਤ ਹੈਪੀ ਪਾਸੀਆ ਦੀ ਮਦਦ ਨਾਲ ਇਸ ਨੂੰ ਅੰਜਾਮ ਦਿੱਤਾ ਹੈ।

ਇਹ ਧਮਾਕਾ 11 ਸਤੰਬਰ ਦੀ ਸ਼ਾਮ 6 ਵਜੇ ਦੇ ਕਰੀਬ ਹੋਇਆ ਸੀ। ਪਰਿਵਾਰ ਦੀ ਸ਼ਿਕਾਇਤ ਮਗਰੋਂ ਚੰਡੀਗੜ੍ਹ ਦੇ ਸੈਕਟਰ-3 ਦੇ ਥਾਣੇ ਵਿੱਚ ਇਸ ਸਬੰਧੀ ਐੱਫਆਈਆਰ ਦਰਜ ਕੀਤੀ ਗਈ ਸੀ।

ਡੀਜੀਪੀ ਗੌਰਵ ਯਾਦਵ

ਤਸਵੀਰ ਸਰੋਤ, DGP Punjab police/x

ਐੱਨਆਈਏ ਦੀ ਚਾਰਜਸ਼ੀਟ ਵਿੱਚ ਕੀ ਦਰਜ

ਐੱਨਆਈਏ ਨੇ 2024 ‘ਚ ਚੰਡੀਗੜ੍ਹ ਵਿੱਚ ਹੋਏ ਗ੍ਰਨੇਡ ਹਮਲੇ ਦੇ ਮਾਮਲੇ ਵਿੱਚ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਅੱਤਵਾਦੀ ਸੰਗਠਨ ਦੇ ਚਾਰ ਅੱਤਵਾਦੀ ਕਾਰਕੁਨਾਂ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੀ ਹੈ।

ਚਾਰਜਸ਼ੀਟ ਮੁਤਾਬਕ, ਇਨ੍ਹਾਂ ਮੁਲਜ਼ਮਾਂ ਵਿੱਚ ਪਾਕਿਸਤਾਨ-ਅਧਾਰਤ ਮਨੋਨੀਤ ਵਿਅਕਤੀਗਤ ਅੱਤਵਾਦੀ ਹਰਵਿੰਦਰ ਸਿੰਘ ਸੰਧੂ ਉਰਫ਼ ਰਿੰਦਾ ਅਤੇ ਅਮਰੀਕਾ-ਅਧਾਰਤ ਹਰਪ੍ਰੀਤ ਸਿੰਘ ਉਰਫ਼ ਹੈਪੀ ਪਾਸੀਆ ਸ਼ਾਮਲ ਹਨ। ਇਹ ਦੋਵੇਂ ਅੱਤਵਾਦੀ ਹਮਲੇ ਦੇ ਪਿੱਛੇ ਮੁੱਖ ਹੈਂਡਲਰ ਅਤੇ ਸਾਜ਼ਿਸ਼ਕਰਤਾ ਸਨ।

23 ਮਾਰਚ 2025 ਨੂੰ ਚਾਰਜਸ਼ੀਟ ਸਬੰਧੀ ਜਾਰੀ ਇੱਕ ਪ੍ਰੈਸ ਰਿਲੀਜ਼ ਵਿੱਚ ਏਜੰਸੀ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਉਨ੍ਹਾਂ ਦੋਵਾਂ ਨੇ ਗ੍ਰਨੇਡ ਹਮਲੇ ਨੂੰ ਅੰਜਾਮ ਦੇਣ ਲਈ ਚੰਡੀਗੜ੍ਹ ਵਿੱਚ ਭਾਰਤ ਵਿਚਲੇ ਕਾਰਕੁਨਾਂ ਨੂੰ ਲੌਜਿਸਟਿਕਲ ਸਹਾਇਤਾ, ਅੱਤਵਾਦੀ ਫੰਡ, ਹਥਿਆਰ ਅਤੇ ਗੋਲਾ ਬਾਰੂਦ ਪ੍ਰਦਾਨ ਕੀਤਾ ਸੀ।

ਸਤੰਬਰ 2024 ਵਿੱਚ ਹੋਇਆ ਇਹ ਹਮਲਾ ਪੰਜਾਬ ਪੁਲਿਸ ਦੇ ਇੱਕ ਸੇਵਾਮੁਕਤ ਅਧਿਕਾਰੀ ਨੂੰ ਨਿਸ਼ਾਨਾ ਬਣਾਉਣ ਲਈ ਕੀਤਾ ਗਿਆ ਸੀ।

ਜਾਂਚ ਤੋਂ ਪਤਾ ਲੱਗਿਆ ਹੈ ਕਿ ਰਿੰਦਾ ਨੇ ਹੈਪੀ ਪਾਸੀਆ ਨਾਲ ਮਿਲ ਕੇ ਗ੍ਰਨੇਡ ਹਮਲੇ ਰਾਹੀਂ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਅਤੇ ਆਮ ਲੋਕਾਂ ਵਿੱਚ ਦਹਿਸ਼ਤ ਫੈਲਾਉਣ ਦੀ ਸਾਜ਼ਿਸ਼ ਰਚੀ ਸੀ, ਜੋ ਕਿ ਬੀਕੇਆਈ ਦੇ ਅੱਤਵਾਦੀ ਏਜੰਡੇ ਨੂੰ ਉਤਸ਼ਾਹਿਤ ਕਰਨ ਦੇ ਵਿਆਪਕ ਉਦੇਸ਼ ਤਹਿਤ ਕੀਤਾ ਗਿਆ ਸੀ।

ਹਰਵਿੰਦਰ ਰਿੰਦਾ

ਜਾਣਕਾਰੀ ਮੁਤਾਬਕ, ਉਨ੍ਹਾਂ ਨੇ ਸਥਾਨਕ ਕਾਰਕੁਨਾਂ, ਰੋਹਨ ਮਸੀਹ ਅਤੇ ਵਿਸ਼ਾਲ ਮਸੀਹ ਨੂੰ ਭਰਤੀ ਕੀਤਾ ਸੀ, ਜਿਨ੍ਹਾਂ ਨੂੰ ਰਿੰਦਾ ਅਤੇ ਹੈਪੀ ਦੇ ਸਿੱਧੇ ਨਿਰਦੇਸ਼ਾਂ ਹੇਠ ਹਮਲਾ ਕਰਨ ਦਾ ਕੰਮ ਸੌਂਪਿਆ ਗਿਆ ਸੀ।

ਰਿੰਦਾ ਅਤੇ ਹੈਪੀ ਨੇ ਦੂਜੇ ਮੁਲਜ਼ਮਾਂ, ਰੋਹਨ ਮਸੀਹ ਅਤੇ ਵਿਸ਼ਾਲ ਮਸੀਹ ਨੂੰ ਗ੍ਰਨੇਡ ਸੁੱਟਣ ਤੋਂ ਪਹਿਲਾਂ ਦੋ ਵਾਰ ਹਮਲੇ ਵਾਲੀ ਥਾਂ ਦੀ ਜਾਸੂਸੀ ਕਰਨ ਲਈ ਵੀ ਨਿਰਦੇਸ਼ ਦਿੱਤੇ ਸਨ।

ਚੰਡੀਗੜ੍ਹ ਦੀ ਵਿਸ਼ੇਸ਼ ਐੱਨਆਈਏ ਅਦਾਲਤ ਵਿੱਚ ਦਾਇਰ ਚਾਰਜਸ਼ੀਟ ਵਿੱਚ, ਚਾਰੇ ਮੁਲਜ਼ਮਾਂ ‘ਤੇ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ (ਯੂਏਪੀਏ), ਵਿਸਫੋਟਕ ਪਦਾਰਥ ਐਕਟ, ਅਤੇ ਹੋਰ ਸਬੰਧਤ ਧਾਰਾਵਾਂ ਤਹਿਤ ਹਮਲੇ ਦੀ ਯੋਜਨਾ ਬਣਾਉਣ ਅਤੇ ਸਹਿਯੋਗ ਕਰਨ ਵਿੱਚ ਉਨ੍ਹਾਂ ਦੀਆਂ ਭੂਮਿਕਾਵਾਂ ਲਈ ਇਲਜ਼ਾਮ ਲਗਾਏ ਗਏ ਹਨ।

ਮਾਮਲੇ ਦੀ ਜਾਂਚ ਜਾਰੀ ਹੈ ਅਤੇ ਐੱਨਆਈਏ, ਬੱਬਰ ਖਾਲਸਾ ਇੰਟਰਨੈਸ਼ਨਲ ਅੱਤਵਾਦੀ ਸਮੂਹ ਦੇ ਹੋਰ ਮੈਂਬਰਾਂ ਦਾ ਪਤਾ ਲਗਾਉਣ ਅਤੇ ਭਾਰਤ ਵਿੱਚ ਇਸਦੇ ਨੈੱਟਵਰਕ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

‘ਭਾਰਤੀ ਅਤੇ ਅਮਰੀਕੀ ਸੁਰੱਖਿਆ ਏਜੰਸੀਆਂ ਦੀ ਵੱਡੀ ਪ੍ਰਾਪਤੀ’ – ਬਿਕਰਮ ਸਿੰਘ ਮਜੀਠੀਆ

ਬਿਕਰਮ ਸਿੰਘ ਮਜੀਠੀਆ

ਤਸਵੀਰ ਸਰੋਤ, X/@bsmajithia

ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਹਰਪ੍ਰੀਤ ਸਿੰਘ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਭਾਰਤੀ ਅਤੇ ਅਮਰੀਕੀ ਸੁਰੱਖਿਆ ਏਜੰਸੀਆਂ ਦੀ ਪ੍ਰਸ਼ੰਸਾ ਕੀਤੀ ਹੈ।

ਉਨ੍ਹਾਂ ਆਪਣੇ ਐਕਸ ਅਕਾਊਂਟ ‘ਤੇ ਲਿਖਿਆ, ”ਭਾਰਤੀ ਅਤੇ ਅਮਰੀਕੀ ਸੁਰੱਖਿਆ ਏਜੰਸੀਆਂ ਦੀ ਵੱਡੀ ਪ੍ਰਾਪਤੀ, ਜਿਨ੍ਹਾਂ ਨੇ ਖ਼ਤਰਨਾਕ ਆਈਐੱਸਆਈ ਸਮਰਥਿਤ ਗੈਂਗਸਟਰ ਹਰਪ੍ਰੀਤ ਸਿੰਘ ਉਰਫ਼ ਹੈਪੀ ਪਾਸੀਆ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।”

”ਇਹ ਗੈਂਗਸਟਰ ਪੰਜਾਬ ਦੇ ਸਰਹੱਦੀ ਇਲਾਕਿਆਂ ਵਿੱਚ ਕਈ ਗ੍ਰਨੇਡ ਹਮਲਿਆਂ ਲਈ ਜ਼ਿੰਮੇਵਾਰ ਹੈ। ਉਸਦੀ ਗ੍ਰਿਫ਼ਤਾਰੀ ਨਾਲ ਸਰਹੱਦੀ ਜ਼ਿਲ੍ਹਿਆਂ ਅਤੇ ਪੰਜਾਬ ਵਿੱਚ ਦੇਸ਼ ਵਿਰੋਧੀ ਗਤੀਵਿਧੀਆਂ ਨੂੰ ਖਤਮ ਕਰਨ ਵਿੱਚ ਮਦਦ ਮਿਲੇਗੀ।”

”ਵਿਦੇਸ਼ਾਂ ਵਿੱਚ ਬੈਠੇ ਅਜਿਹੇ ਦੇਸ਼ ਵਿਰੋਧੀ ਤੱਤ ਪੰਜਾਬ ਵਿੱਚ ਹਿੰਸਾ ਫੈਲਾ ਰਹੇ ਹਨ ਅਤੇ ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਉਨ੍ਹਾਂ ਦੀਆਂ ਕੋਸ਼ਿਸ਼ਾਂ ਪੁੱਠੀਆਂ ਪੈਣਗੀਆਂ ਕਿਉਂਕਿ ਪੰਜਾਬੀ ਅਜਿਹੀਆਂ ਸਾਜ਼ਿਸ਼ਾਂ ਨੂੰ ਸਮਝਦੇ ਹਨ ਅਤੇ ਉਨ੍ਹਾਂ ਨੂੰ ਆਪਣੇ ਨਾਪਾਕ ਯਤਨਾਂ ਵਿੱਚ ਸਫਲ ਨਹੀਂ ਹੋਣ ਦੇਣਗੇ।”

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI