Home ਰਾਸ਼ਟਰੀ ਖ਼ਬਰਾਂ ‘ਇਨਸਾਫ਼ ਲਈ ਆਵਾਜ਼ ਚੁੱਕਣ ਵਾਲੇ ਪੁੱਤਰ ਨੂੰ ਗੋਲੀ ਮਾਰ ਦਿੱਤੀ’: ਜਾਨਲੇਵਾ ਪ੍ਰਦਰਸ਼ਨਾਂ...

‘ਇਨਸਾਫ਼ ਲਈ ਆਵਾਜ਼ ਚੁੱਕਣ ਵਾਲੇ ਪੁੱਤਰ ਨੂੰ ਗੋਲੀ ਮਾਰ ਦਿੱਤੀ’: ਜਾਨਲੇਵਾ ਪ੍ਰਦਰਸ਼ਨਾਂ ਦੀ ਲਪੇਟ ਵਿੱਚ ਆਏ ਰਾਵਲਾਕੋਟ ਦੇ ਅੰਦਰ ਕੀ ਹੋ ਰਿਹਾ ਹੈ?

4
0

Source :- BBC PUNJABI

ਡਾ. ਅਨਵਰ (ਬਦਲਿਆ ਹੋਇਆ ਨਾਂਅ) ਦਾ ਅਸਥਾਈ ਕਲੀਨਿਕ

ਡਾ. ਅਨਵਰ (ਬਦਲਿਆ ਹੋਇਆ ਨਾਂਅ) ਦਾ ਅਸਥਾਈ ਕਲੀਨਿਕ ਪਾਕਿਸਤਾਨ ਪ੍ਰਸ਼ਾਸਿਤ ਕਸ਼ਮੀਰ ਦੇ ਰਾਵਲਾਕੋਟ ਸ਼ਹਿਰ ਵਿੱਚ ਮੁੱਖ ਵਿਰੋਧ ਪ੍ਰਦਰਸ਼ਨ ਸਥਾਨ ਤੋਂ ਕੁਝ ਹੀ ਦੂਰੀ ‘ਤੇ ਸਥਿਤ ਹੈ।

ਇੱਕ ਹੋਰ ਬੈੱਡਰੂਮ ਮੈਡੀਕਲ ਸਮੱਗਰੀ ਰੱਖਣ ਲਈ ਸਟੋਰ ਵਜੋਂ ਇਸਤੇਮਾਲ ਹੁੰਦਾ ਹੈ ਅਤੇ ਬਾਹਰ ਲਾਲ ਤਿਰਪਾਲ ਨਾਲ ਢੱਕਿਆ ਇੱਕ ਬਿਸਤਰ ਹੈ।

ਬਿਸਤਰ ‘ਤੇ ਸ਼ਫ਼ਕਤ ਹੁਸੈਨ ਲੰਮੇ ਪਏ ਹਨ। ਹੁਸੈਨ ਦੀ ਛਾਤੀ ਵਿੱਚ ਗੋਲੀ ਲੱਗੀ ਹੈ। ਜਿਸ ਚਾਦਰ ‘ਤੇ ਉਹ ਲੰਮੇ ਪਏ ਹਨ, ਉਹ ਪਹਿਲਾਂ ਤੋਂ ਹੀ ਜ਼ਖ਼ਮੀ ਹੋਏ ਲੋਕਾਂ ਦੇ ਖ਼ੂਨ ਨਾਲ ਲੱਥਪੱਥ ਹੈ। ਉਹ ਮੌਤ ਨਾਲ ਜੂਝ ਰਹੇ ਹਨ।

ਪਿਛਲੇ ਦੋ ਮਹੀਨਿਆਂ ਦੌਰਾਨ ਸੁਰੱਖਿਆ ਬਲਾਂ ਅਤੇ ਜੁਆਇੰਟ ਅਵਾਮੀ ਐਕਸ਼ਨ ਕਮੇਟੀ (ਜੇਏਏਸੀ) ਵਿਚਾਲੇ ਹੋਈਆਂ ਝੜਪਾਂ ਵਿੱਚ ਪੂਰੇ ਇਲਾਕੇ ਵਿੱਚ ਦਰਜਨਾਂ ਲੋਕ ਮਾਰੇ ਗਏ ਹਨ।

’40 ਸਾਲ ਤੋਂ ਵੱਧ ਉਮਰ ਦੇ ਬਹੁਤ ਘੱਟ ਮਰੀਜ਼ ਦੇਖੇ’

45 ਲੱਖ ਦੀ ਆਬਾਦੀ ਵਾਲੇ ਇਸ ਖੇਤਰ ਵਿੱਚ ਇਸ ਸਮੇਂ ਚੋਣਾਂ ਹੋ ਰਹੀਆਂ ਹਨ। ਬੀਬੀਸੀ ਰਾਵਲਾਕੋਟ ਵਿੱਚ ਐਂਟਰੀ ਹਾਸਲ ਕਰਨ ਵਾਲਾ ਅਤੇ ਵਿਰੋਧ ਪ੍ਰਦਰਸ਼ਨਾਂ ਦੇ ਕੇਂਦਰ ‘ਚ ਮੌਜੂਦ ਲੋਕਾਂ ਨਾਲ ਗੱਲ ਕਰਨ ਵਾਲਾ ਪਹਿਲਾ ਮੀਡੀਆ ਅਦਾਰਾ ਹੈ।

ਡਾ. ਅਨਵਰ ਸਮੇਤ ਜਿਨ੍ਹਾਂ ਲੋਕਾਂ ਨਾਲ ਅਸੀਂ ਇਸ ਰਿਪੋਰਟ ਲਈ ਗੱਲ ਕੀਤੀ, ਉਨ੍ਹਾਂ ਦੀ ਪਛਾਣ ਸੁਰੱਖਿਅਤ ਰੱਖਣ ਲਈ ਉਨ੍ਹਾਂ ਦੇ ਨਾਂ ਬਦਲੇ ਗਏ ਹਨ।

ਡਾ. ਅਨਵਰ ਨੇ ਬੀਬੀਸੀ ਨੂੰ ਦੱਸਿਆ, “ਸਾਡੇ ਕੋਲ ਸਿਰਫ਼ ਮੁੱਢਲਾ ਇਲਾਜ ਕਰਨ ਲਾਇਕ ਸਮਾਨ ਹੈ। ਅਸੀਂ ਖ਼ੂਨ ਵਗਣਾ ਰੋਕ ਸਕਦੇ ਹਾਂ, ਜ਼ਖ਼ਮ ਸਾਫ਼ ਕਰਕੇ ਪੱਟੀ ਕਰ ਸਕਦੇ ਹਾਂ ਅਤੇ ਸਰੀਰ ਵਿੱਚ ਘੱਟ ਗਹਿਰਾਈ ਤੱਕ ਧੱਸੀ ਗੋਲੀ ਕੱਢ ਸਕਦੇ ਹਾਂ। ਪਰ ਜਿਨ੍ਹਾਂ ਲੋਕਾਂ ਦੀ ਛਾਤੀ, ਢਿੱਡ, ਸਿਰ ਜਾਂ ਸਰੀਰ ਦੇ ਹੋਰ ਅਹਿਮ ਅੰਗਾਂ ਵਿੱਚ ਗੰਭੀਰ ਸੱਟ ਲੱਗੀ ਹੈ, ਉਨ੍ਹਾਂ ਨੂੰ ਵੱਡੇ ਹਸਪਤਾਲ ਵਿੱਚ ਇਲਾਜ ਦੀ ਲੋੜ ਹੁੰਦੀ ਹੈ।”

ਡਾ. ਅਨਵਰ ਅੱਗੇ ਕਹਿੰਦੇ ਹਨ, “ਜੇ ਇੱਕੋ ਸਮੇਂ ਇੰਨੇ ਸਾਰੇ ਮਰੀਜ਼ ਆ ਜਾਣ ਤਾਂ ਵੱਡੇ ਤੋਂ ਵੱਡੇ ਹਸਪਤਾਲਾਂ ਨੂੰ ਵੀ ਮੁਸ਼ਕਿਲ ਪੇਸ਼ ਆਵੇਗੀ।”

ਡਾਕਟਰ ਦਾ ਕਹਿਣਾ ਹੈ ਕਿ 27 ਜੁਲਾਈ ਤੋਂ ਕਲੀਨਿਕ ਵਿੱਚ ਲਗਭਗ 50 ਤੋਂ 60 ਗੰਭੀਰ ਰੂਪ ਵਿੱਚ ਜ਼ਖ਼ਮੀ ਮਰੀਜ਼ਾਂ ਦਾ ਇਲਾਜ ਕੀਤਾ ਗਿਆ ਹੈ ਅਤੇ ਉਨ੍ਹਾਂ ਨੇ ਖ਼ੁਦ ਗੋਲੀ ਲੱਗਣ ਨਾਲ ਜ਼ਖ਼ਮੀ ਹੋਏ 15 ਤੋਂ 20 ਲੋਕਾਂ ਦਾ ਇਲਾਜ ਕੀਤਾ ਹੈ।

ਪ੍ਰਦਰਸ਼ਨਕਾਰੀ ਮੁੱਖ ਹਸਪਤਾਲ ਵਿੱਚ ਜਾਣ ਤੋਂ ਡਰ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਖ਼ਦਸ਼ਾ ਹੈ ਕਿ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਜਾਂ ਗੋਲੀ ਮਾਰ ਦਿੱਤੀ ਜਾਵੇਗੀ। ਅਧਿਕਾਰੀਆਂ ਨੇ ਇਨ੍ਹਾਂ ਦਾਅਵਿਆਂ ਨੂੰ ਗਲਤ ਕਰਾਰ ਦਿੱਤਾ ਹੈ।

ਡਾ. ਅਨਵਰ ਕਹਿੰਦੇ ਹਨ, “ਜਿਨ੍ਹਾਂ ਲੋਕਾਂ ਦੀ ਮੌਤ ਹੋਈ ਹੈ ਜਾਂ ਜੋ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਹਨ, ਉਨ੍ਹਾਂ ਵਿੱਚੋਂ ਜ਼ਿਆਦਾਤਰ 15-16 ਸਾਲ ਤੋਂ ਲੈ ਕੇ 32-35 ਸਾਲ ਦੇ ਨੌਜਵਾਨ ਹਨ। ਮੈਂ 40 ਸਾਲ ਤੋਂ ਵੱਧ ਉਮਰ ਦੇ ਬਹੁਤ ਘੱਟ ਮਰੀਜ਼ ਦੇਖੇ ਹਨ।”

‘ਮਾਰਸ਼ਲ ਲਾਅ ਦੌਰਾਨ ਵੀ ਅਜਿਹਾ ਕੁਝ ਨਹੀਂ ਦੇਖਿਆ’

ਸੜਕ ਉੱਤੇ ਡਿੱਗੇ ਦਰੱਖਤ ਦੀ ਤਸਵੀਰ

ਹੁਸੈਨ ਦੇ ਬਿਸਤਰ ਕੋਲ ਉਨ੍ਹਾਂ ਦੇ ਦੋਸਤ ਅਲੀ ਹਨ। ਉਹ ਆਪਣੇ ਸ਼ਾਲ ਨਾਲ ਆਪਣੇ ਹੰਝੂ ਪੂੰਝ ਰਹੇ ਹਨ।

ਅਲੀ ਦੱਸਦੇ ਹਨ, “ਅਸੀਂ ਤਾਂ ਸਿਰਫ਼ ਸਸਤਾ ਆਟਾ, ਬਿਜਲੀ ਅਤੇ ਆਪਣੇ ਬੁਨਿਆਦੀ ਹੱਕ ਮੰਗੇ ਸਨ।”

ਉਹ ਹਉਕੇ ਭਰਦਿਆਂ ਅਤੇ ਆਪਣੇ ਆਪ ਨੂੰ ਸੰਭਾਲਣ ਦੀ ਕੋਸ਼ਿਸ਼ ਕਰਦਿਆਂ ਕਹਿੰਦੇ ਹਨ, “ਇਸ ਦੇ ਬਦਲੇ ਸਾਡੇ ਭਰਾਵਾਂ ਨੂੰ ਮਾਰਿਆ ਜਾ ਰਿਹਾ ਹੈ। ਸਾਡਾ ਕਸੂਰ ਕੀ ਸੀ ? ਸਾਡੇ ‘ਤੇ ਗੋਲੀਆਂ ਕਿਉਂ ਚਲਾਈਆਂ ਜਾ ਰਹੀਆਂ ਹਨ ?”

ਜੁਆਇੰਟ ਅਵਾਮੀ ਐਕਸ਼ਨ ਕਮੇਟੀ (ਜੇਏਏਸੀ) ਦੇ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਇਹ ਪ੍ਰਦਰਸ਼ਨ ਉਨ੍ਹਾਂ ਦੇ ਹੱਕਾਂ ਲਈ ਹਨ, ਜਿਨ੍ਹਾਂ ਵਿੱਚ ਬਿਜਲੀ ਦੀਆਂ ਕੀਮਤਾਂ, ਸਿੱਖਿਆ ਅਤੇ ਸਿਹਤ ਸੇਵਾਵਾਂ ਵਰਗੀਆਂ ਚਿੰਤਾਵਾਂ ਸ਼ਾਮਿਲ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਅਕਤੂਬਰ ਵਿੱਚ ਪਾਕਿਸਤਾਨ ਸਰਕਾਰ ਅਤੇ ਪਾਕਿਸਤਾਨ ਪ੍ਰਸ਼ਾਸਿਤ ਕਸ਼ਮੀਰ ਦੀ ਸਰਕਾਰ ਨਾਲ ਇੱਕ ਸਮਝੌਤਾ ਹੋਇਆ ਸੀ, ਜਿਸ ਦਾ ਮਕਸਦ ਇਨ੍ਹਾਂ ਮੰਗਾਂ ਦਾ ਹੱਲ ਕੱਢਣਾ ਸੀ। ਪਰ ਜੇਏਏਸੀ ਦਾ ਦਾਅਵਾ ਹੈ ਕਿ ਇਸ ਸਮਝੌਤੇ ਨੂੰ ਅਜੇ ਤੱਕ ਲਾਗੂ ਨਹੀਂ ਕੀਤਾ ਗਿਆ।

ਸਥਾਨਕ ਸਰਕਾਰ ਇਸ ਦਾਅਵੇ ਨਾਲ ਸਹਿਮਤ ਨਹੀਂ ਹੈ। ਸਰਕਾਰ ਦਾ ਕਹਿਣਾ ਹੈ ਕਿ ਜੇਏਏਸੀ ਇੱਕ ਹਥਿਆਰਬੰਦ ਸੰਗਠਨ ਹੈ ਅਤੇ ਇਸ ਦਾ ਮਕਸਦ ਚੱਲ ਰਹੀਆਂ ਚੋਣਾਂ ਵਿੱਚ ਰੁਕਾਵਟ ਪੈਦਾ ਕਰਨਾ ਹੈ। ਉਹ ਪ੍ਰਦਰਸ਼ਨਕਾਰੀਆਂ ਨੂੰ ਖੇਤਰੀ ਰਾਜਧਾਨੀ ਮੁਜ਼ੱਫ਼ਰਾਬਾਦ ਤੱਕ ਮਾਰਚ ਕਰਨ ਦੀ ਇਜਾਜ਼ਤ ਦੇਣ ਲਈ ਤਿਆਰ ਨਹੀਂ ਹਨ।

ਜੂਨ ਵਿੱਚ ਜੇਈਈਸੀ ਨੂੰ ਕੀਤਾ ਗਿਆ ਬੈਨ

ਜੂਨ ਵਿੱਚ ਜੇਏਏਸੀ ‘ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਇਸ ਸੰਗਠਨ ਨੂੰ ਵਿਦੇਸ਼ੀ ਫੰਡਿੰਗ ਪ੍ਰਾਪਤ ਅੱਤਵਾਦੀ ਸੰਗਠਨ ਕਰਾਰ ਦਿੱਤਾ ਗਿਆ ਹੈ।

ਜੇਏਏਸੀ ਨੇ ਇਨ੍ਹਾਂ ਇਲਜ਼ਾਮਾਂ ਨੂੰ ਰੱਦ ਕਰਦਿਆਂ ਕਿਹਾ ਹੈ ਕਿ ਉਹ ਇੱਕ ਸ਼ਾਂਤਮਈ ਸੰਗਠਨ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਫੰਡ ਵਿਦੇਸ਼ਾਂ ਵਿੱਚ ਰਹਿੰਦੇ ਪਾਕਿਸਤਾਨੀ ਭਾਈਚਾਰੇ ਤੋਂ ਮਿਲਦਾ ਹੈ, ਭਾਰਤ ਤੋਂ ਨਹੀਂ।

ਸੰਗਠਨ ਦਾ ਕਹਿਣਾ ਹੈ ਕਿ ਹਿੰਸਾ ਦੀ ਸ਼ੁਰੂਆਤ ਕਰਨ ਵਾਲੇ ਉਹ ਨਹੀਂ ਸਗੋਂ ਉਹ ਖੁਦ ਹਿੰਸਾ ਦਾ ਸ਼ਿਕਾਰ ਹਨ ਅਤੇ ਪਾਕਿਸਤਾਨੀ ਸੁਰੱਖਿਆ ਬਲ ਉਨ੍ਹਾਂ ‘ਤੇ ਗੋਲੀਬਾਰੀ ਕਰ ਰਹੇ ਹਨ। ਇੰਟਰਨੈੱਟ ਬੰਦ ਹੋਣ ਅਤੇ ਸੜਕਾਂ ਰੁਕੀਆਂ ਹੋਣ ਕਾਰਨ ਜਾਣਕਾਰੀ ਹਾਸਲ ਕਰਨਾ ਮੁਸ਼ਕਿਲ ਹੋ ਗਿਆ ਹੈ।

ਸ਼ਹਿਰ ਪਹੁੰਚਣ ਤੋਂ ਬਾਅਦ ਬੀਬੀਸੀ ਨੇ ਕਈ ਪਰਿਵਾਰਾਂ ਨਾਲ ਗੱਲਬਾਤ ਕੀਤੀ, ਜਿਨ੍ਹਾਂ ਨੇ ਦੱਸਿਆ ਕਿ ਵਿਰੋਧ ਪ੍ਰਦਰਸ਼ਨਾਂ ਦੌਰਾਨ ਗੋਲੀ ਲੱਗਣ ਕਾਰਨ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਮੌਤ ਹੋ ਗਈ।

ਅਸਮਾ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਇਕਲੌਤੇ ਪੁੱਤਰ ਨੂੰ ਗੋਲੀ ਮਾਰ ਦਿੱਤੀ ਗਈ ਹੈ, ਉਸ ਸਮੇਂ ਉਹ ਖ਼ੁਦ ਵੀ ਵਿਰੋਧ ਪ੍ਰਦਰਸ਼ਨ ਵਿੱਚ ਮੌਜੂਦ ਸਨ।

ਉਨ੍ਹਾਂ ਨੇ ਕਿਹਾ, “ਅਸੀਂ ਤਾਂ ਸਿਰਫ਼ ਆਪਣੇ ਹੱਕਾਂ ਦੀ ਮੰਗ ਕਰ ਰਹੇ ਸੀ। ਅਸੀਂ ਅੱਤਵਾਦੀ ਨਹੀਂ ਹਾਂ। ਕੋਈ ਵੀ ਮਾਂ ਇਸ ਤੋਂ ਚੰਗੇ ਪੁੱਤਰ ਦੀ ਕਾਮਨਾ ਨਹੀਂ ਕਰ ਸਕਦੀ। ਉਹ ਜਾਣਦੇ ਸਨ ਕਿ ਜ਼ੋਖਮ ਹਨ ਪਰ ਉਨ੍ਹਾਂ ਦਾ ਮੰਨਣਾ ਸੀ ਕਿ ਇਨਸਾਫ਼ ਲਈ ਖੜ੍ਹਾ ਹੋਣਾ ਜ਼ਰੂਰੀ ਹੈ। ਉਹ ਅਕਸਰ ਕਹਿੰਦੇ ਸਨ ਕਿ ਇਨਸਾਫ਼ ਲਈ ਮਰਨਾ ਸਨਮਾਨ ਦੀ ਗੱਲ ਹੈ।”

ਅਲੀ (ਬਦਲਿਆ ਹੋਇਆ ਨਾਂਅ) ਦਾ ਬਿਆਨ

ਸਲਮਾਨ ਨੇ ਆਪਣੇ ਭਰਾ ਨੂੰ ਗੁਆ ਦਿੱਤਾ।

ਉਨ੍ਹਾਂ ਨੇ ਕਿਹਾ, “ਉਹ ਸਾਡੇ ਪਰਿਵਾਰ ਵਿੱਚ ਸਭ ਤੋਂ ਛੋਟੇ ਸਨ ਅਤੇ ਹਰ ਕੋਈ ਉਨ੍ਹਾਂ ਨੂੰ ਪਿਆਰ ਕਰਦਾ ਸੀ। ਇਹ ਸਾਡੇ ਲਈ ਬਹੁਤ ਵੱਡਾ ਘਾਟਾ ਹੈ। ਨਾਲ ਹੀ ਮੈਨੂੰ ਇਸ ਗੱਲ ਦਾ ਮਾਣ ਵੀ ਹੈ ਕਿ ਉਨ੍ਹਾਂ ਨੇ ਲੋਕਾਂ ਦੇ ਹੱਕਾਂ ਲਈ ਲੜਦਿਆਂ ਆਪਣੀ ਜਾਨ ਦਿੱਤੀ। ਉਹ ਨਾ ਕਿਸੇ ਨਾਲ ਲੜ ਰਹੇ ਸਨ ਅਤੇ ਨਾ ਹੀ ਕਿਸੇ ‘ਤੇ ਹਮਲਾ ਕਰ ਰਹੇ ਸਨ।”

ਅਯੂਬ, ਜੋ ਪਹਿਲਾਂ ਸੁਰੱਖਿਆ ਬਲਾਂ ਵਿੱਚ ਨੌਕਰੀ ਕਰ ਚੁੱਕੇ ਹਨ, ਨੇ ਵੀ ਆਪਣੇ ਪੁੱਤਰ ਨੂੰ ਗੁਆ ਦਿੱਤਾ।

ਉਨ੍ਹਾਂ ਨੇ ਇਸ ਲਈ ਪਾਕਿਸਤਾਨੀ ਸਰਕਾਰ ਜਾਂ ਫੌਜ ਨੂੰ ਦੋਸ਼ੀ ਨਹੀਂ ਠਹਿਰਾਇਆ, ਸਗੋਂ ਪਾਕਿਸਤਾਨ ਪ੍ਰਸ਼ਾਸਿਤ ਕਸ਼ਮੀਰ ਦੀ ਸਰਕਾਰ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਅਰਧ-ਸੈਨਿਕ ਬਲਾਂ ਨੂੰ ਬੁਲਾਉਣ ਦਾ ਹੁਕਮ ਉਨ੍ਹਾਂ ਨੇ ਹੀ ਦਿੱਤਾ ਸੀ।

ਉਨ੍ਹਾਂ ਨੇ ਕਿਹਾ, “ਮੈਂ ਇੱਕ ਸੇਵਾਮੁਕਤ ਫੌਜੀ ਹਾਂ। ਮੈਂ ਜਨਰਲ ਜ਼ਿਆ-ਉਲ-ਹਕ ਅਤੇ ਜਨਰਲ ਪਰਵੇਜ਼ ਮੁਸ਼ੱਰਫ਼ ਦੇ ਸ਼ਾਸਨ ਕਾਲ ਵਿੱਚ ਮਾਰਸ਼ਲ ਲਾਅ ਦੇਖਿਆ ਹੈ ਪਰ ਮੈਂ ਅਜਿਹਾ ਕੁਝ ਪਹਿਲਾਂ ਕਦੇ ਨਹੀਂ ਦੇਖਿਆ। ਮੇਰੇ ਵਿਚਾਰ ਵਿੱਚ ਇਹ ਘੋਰ ਅਨਿਆਂ ਹੈ। ਮੇਰੇ ਪੁੱਤਰ ਨੇ ਕੋਈ ਗ਼ਲਤ ਕੰਮ ਨਹੀਂ ਕੀਤਾ ਸੀ। ਪ੍ਰਦਰਸ਼ਨਕਾਰੀਆਂ ਵਿੱਚੋਂ ਵੀ ਕਿਸੇ ਨੇ ਕੋਈ ਗ਼ਲਤ ਕੰਮ ਨਹੀਂ ਕੀਤਾ ਸੀ।”

‘ਕਤਲ ਲਈ ਇੱਕ ਕਰੋੜ ਦਾ ਇਨਾਮ ਦੇਣ ਦਾ ਵਾਅਦਾ’

ਪਾਕਿਸਤਾਨ ਸਰਕਾਰ ਨੇ ਕਿਹਾ ਹੈ ਕਿ ਉਹ ਉਨ੍ਹਾਂ ਇਲਜ਼ਾਮਾਂ ਨੂੰ ਖਾਰਜ ਕਰਦੀ ਹੈ ਕਿ ਸੁਰੱਖਿਆ ਬਲਾਂ ਨੇ ਸ਼ਾਂਤਮਈ ਪ੍ਰਦਰਸ਼ਨਕਾਰੀਆਂ ‘ਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ।

ਅਧਿਕਾਰੀਆਂ ਨੇ ਕਿਹਾ ਕਿ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਸਿਰਫ਼ ਉਨ੍ਹਾਂ ਲੋਕਾਂ ਖ਼ਿਲਾਫ਼ ਕਾਰਵਾਈ ਕੀਤੀ, ਜੋ ਸੁਰੱਖਿਆ ਕਰਮਚਾਰੀਆਂ ‘ਤੇ ਹਮਲਿਆਂ ਵਿੱਚ ਸ਼ਾਮਿਲ ਸਨ, ਜਨਤਕ ਸੁਰੱਖਿਆ ਲਈ ਖ਼ਤਰਾ ਬਣ ਰਹੇ ਸਨ ਜਾਂ ਸਰਕਾਰੀ ਡਿਊਟੀ ਵਿੱਚ ਰੁਕਾਵਟ ਪਾ ਰਹੇ ਸਨ।

ਪਾਕਿਸਤਾਨ ਪ੍ਰਸ਼ਾਸਿਤ ਕਸ਼ਮੀਰ ਵਿੱਚ ਇਸ ਸਮੇਂ ਚੋਣਾਂ ਚੱਲ ਰਹੀਆਂ ਹਨ

ਤਸਵੀਰ ਸਰੋਤ, EPA

ਬੀਬੀਸੀ ਨੇ ਇਸ ਖੇਤਰ ਵਿੱਚ ਖਾਦ ਸਮੱਗਰੀ ਦੀ ਘਾਟ ਦੇਖੀ। ਅਸੀਂ ਦੇਖਿਆ ਕਿ ਕਈ ਪ੍ਰਦਰਸ਼ਨਕਾਰੀ ਆਪਸ ਵਿੱਚ ਆਪਣਾ ਭੋਜਨ ਸਾਂਝਾ ਕਰ ਰਹੇ ਸਨ। ਜ਼ਿਆਦਾਤਰ ਦੁਕਾਨਾਂ ਬੰਦ ਸਨ। ਕੁਝ ਲੋਕਾਂ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਮੋਟਰਸਾਈਕਲਾਂ ‘ਤੇ ਚੌਲਾਂ ਦੀਆਂ ਬੋਰੀਆਂ ਲੁਕਾ ਕੇ ਲਿਆਉਣ ਦੀ ਕੋਸ਼ਿਸ਼ ਕਰ ਰਹੇ ਸਨ।

ਸ਼ਹਿਰ ਵਿੱਚ ਦਾਖ਼ਲ ਹੋਣ ਵਾਲੀਆਂ ਕੁਝ ਸੜਕਾਂ ਡਿੱਗੇ ਹੋਏ ਦਰੱਖ਼ਤਾਂ ਨਾਲ ਰੋਕ ਦਿੱਤੀਆਂ ਗਈਆਂ ਹਨ। ਅਧਿਕਾਰੀਆਂ ਦਾ ਦਾਅਵਾ ਹੈ ਕਿ ਇਹ ਕੰਮ ਜੁਆਇੰਟ ਅਵਾਮੀ ਐਕਸ਼ਨ ਕਮੇਟੀ (ਜੇਏਏਸੀ) ਨੇ ਕੀਤਾ ਹੈ।

ਮੁੱਖ ਸੜਕ ‘ਤੇ ਹੁਣ ਸੁਰੱਖਿਆ ਚੌਕੀਆਂ ਸਥਾਪਿਤ ਕੀਤੀਆਂ ਗਈਆਂ ਹਨ। ਪਾਕਿਸਤਾਨੀ ਸਰਕਾਰ ਨੇ ਕਿਹਾ ਕਿ ਇਹ ਕਹਿਣਾ ਗਲਤ ਹੈ ਕਿ ਉਹ ਰਾਵਲਾਕੋਟ ਵਿੱਚ ਖਾਦ ਜਾਂ ਮੈਡੀਕਲ ਸਪਲਾਈ ਨੂੰ ਰੋਕ ਰਹੀ ਹੈ ਬਲਕਿ ਸਪਲਾਈ ਨੂੰ ਸੁਚਾਰੂ ਬਣਾਇਆ ਜਾ ਰਿਹਾ ਹੈ।

ਅਧਿਕਾਰੀਆਂ ਨੇ ਵਾਰ-ਵਾਰ ਕਿਹਾ ਹੈ ਕਿ ਜੇਏਏਸੀ ਇੱਕ ਹਿੰਸਕ ਸੰਗਠਨ ਹੈ। ਉਨ੍ਹਾਂ ਨੇ ਡਰੋਨ ਨਾਲ ਖਿੱਚੀਆਂ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ‘ਚ ਉਨ੍ਹਾਂ ਮੁਤਾਬਕ ਜੇਏਏਸੀ ਦੇ ਮੈਂਬਰ ਛੱਤਾਂ ‘ਤੇ ਬੰਦੂਕਾਂ ਸਣੇ ਦਿਖਾਈ ਦੇ ਰਹੇ ਹਨ।

ਪ੍ਰੈੱਸ ਕਾਨਫ਼ਰੰਸ ਦੌਰਾਨ ਪੁਲਿਸ ਅਧਿਕਾਰੀਆਂ ਨੇ ਉਹ ਹਥਿਆਰ ਵੀ ਦਿਖਾਏ, ਜਿਨ੍ਹਾਂ ਨੂੰ ਉਨ੍ਹਾਂ ਮੁਤਾਬਕ ਸੰਗਠਨ ਤੋਂ ਜ਼ਬਤ ਕੀਤਾ ਗਿਆ ਸੀ।

ਉਨ੍ਹਾਂ ਨੇ ਸਥਾਨਕ ਮੀਡੀਆ ਨੂੰ ਸੁਰੱਖਿਆ ਕਰਮਚਾਰੀਆਂ ਦੇ ਜ਼ਖ਼ਮੀ ਹੋਣ ਅਤੇ ਮਾਰੇ ਜਾਣ ਦੀ ਜਾਣਕਾਰੀ ਵੀ ਦਿੱਤੀ।

ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਪੁੱਛਗਿੱਛ ਦੌਰਾਨ ਇੱਕ ਵਿਅਕਤੀ ਨੇ ਦੱਸਿਆ ਕਿ ਹਰ ਇੱਕ ਅਰਧ-ਸੈਨਿਕ ਬਲ ਦੇ ਜਵਾਨ ਦੀ ਹੱਤਿਆ ਕਰਨ ‘ਤੇ ਇੱਕ ਕਰੋੜ ਰੁਪਏ ਇਨਾਮ ਦੇਣ ਦਾ ਵਾਅਦਾ ਕੀਤਾ ਗਿਆ ਸੀ।

ਜੇਈਈਸੀ ਨੇ ਇਲਜ਼ਾਮ ਨਕਾਰੇ

ਉਮਰ ਨਾਜ਼ਿਰ

ਇਸ ਦਾਅਵੇ ਨੂੰ ਜੇਏਏਸੀ ਦੀ ਕੋਰ ਕਮੇਟੀ ਦੇ ਮੈਂਬਰ ਅਤੇ ਇਸ ਵੇਲੇ ਰਾਵਲਾਕੋਟ ਵਿੱਚ ਮੌਜੂਦ ਉਮਰ ਨਾਜ਼ਿਰ ਨੇ ਰੱਦ ਕਰ ਦਿੱਤਾ।

ਹਾਲਾਂਕਿ ਸੁਰੱਖਿਆ ਕਰਮਚਾਰੀਆਂ ਦੀਆਂ ਵੀ ਜਾਨਾਂ ਗਈਆਂ ਹਨ।

ਉਨ੍ਹਾਂ ਨੇ ਕਿਹਾ, “ਦੇਖੋ, ਅਜਿਹੀਆਂ ਮੌਤਾਂ ਹੋਈਆਂ ਹੋਣਗੀਆਂ। ਮੈਂ ਇਸ ਬਾਰੇ ਕੋਈ ਟਿੱਪਣੀ ਨਹੀਂ ਕਰਾਂਗਾ। ਪਰ ਮੇਰਾ ਮੰਨਣਾ ਹੈ ਕਿ ਉਨ੍ਹਾਂ ਦੇ ਕੁਝ ਲੋਕ ਸਾਡੇ ਸੰਗਠਨ ਵਿੱਚ ਘੁਸਪੈਠ ਕਰ ਚੁੱਕੇ ਹਨ। ਅਜਿਹੇ ਲੋਕ ਯਕੀਨੀ ਤੌਰ ‘ਤੇ ਸਾਡੇ ਵਿਚਕਾਰ ਮੌਜੂਦ ਸਨ।”

ਉਨ੍ਹਾਂ ਨੇ ਅੱਗੇ ਕਿਹਾ, “ਮੇਰਾ ਮੰਨਣਾ ਹੈ ਕਿ ਉਨ੍ਹਾਂ ਨੇ ਆਪਣੇ ਨੈਰੇਟਿਵ ਨੂੰ ਸਹੀ ਸਾਬਤ ਕਰਨ ਲਈ ਖ਼ੁਦ ਹੀ ਅਜਿਹੇ ਕੰਮ ਕੀਤੇ ਹੋਣਗੇ। ਮੈਂ ਕੋਈ ਪੱਕਾ ਦਾਅਵਾ ਨਹੀਂ ਕਰ ਰਿਹਾ, ਪਰ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਅਜਿਹੀ ਕੋਈ ਹਿੰਸਾ ਸਾਡੀ ਵੱਲੋਂ ਹੋਈ ਹੋਵੇ।”

ਹਾਲਾਂਕਿ ਉਮਰ ਨਾਜ਼ਿਰ ਨੇ ਆਪਣੇ ਇਸ ਦਾਅਵੇ ਦੇ ਸਮਰਥਨ ਵਿੱਚ ਕੋਈ ਸਬੂਤ ਪੇਸ਼ ਨਹੀਂ ਕੀਤਾ। ਦੂਜੇ ਪਾਸੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਏਏਸੀ ਉਨ੍ਹਾਂ ਖ਼ਿਲਾਫ਼, ਖ਼ਾਸ ਕਰਕੇ ਸੋਸ਼ਲ ਮੀਡੀਆ ‘ਤੇ ਗਲਤ ਜਾਣਕਾਰੀ ਫੈਲਾਉਣ ਦੀ ਮੁਹਿੰਮ ਚਲਾ ਰਹੀ ਹੈ।

ਜੇਏਏਸੀ ਦੇ ਜਿਨ੍ਹਾਂ ਪ੍ਰਦਰਸ਼ਨਾਂ ਵਿੱਚ ਅਸੀਂ ਸ਼ਾਮਿਲ ਹੋਏ, ਉੱਥੇ ਬੀਬੀਸੀ ਨੇ ਹਥਿਆਰਾਂ ਜਾਂ ਗੋਲੀਬਾਰੀ ਦੇ ਕੋਈ ਸਬੂਤ ਨਹੀਂ ਦੇਖੇ। ਹਾਲਾਂਕਿ ਰਾਤ ਭਰ ਲਗਾਤਾਰ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਰਹੀਆਂ।

ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਗੋਲੀਬਾਰੀ ਕੌਣ ਕਰ ਰਿਹਾ ਸੀ ਅਤੇ ਕਿਸ ‘ਤੇ ਕੀਤੀ ਜਾ ਰਹੀ ਸੀ।

ਪੂਰੇ ਇਲਾਕੇ ਵਿੱਚ ਤਣਾਅ ਅਤੇ ਅਨਿਸ਼ਚਿਤਤਾ ਦਾ ਮਾਹੌਲ ਸੀ ਅਤੇ ਕਿਸੇ ਨੂੰ ਨਹੀਂ ਪਤਾ ਸੀ ਕਿ ਹਾਲਾਤ ਹੋਰ ਕਦੋਂ ਵਿਗੜ ਸਕਦੇ ਹਨ।

ਉਮਰ ਨਾਜ਼ਿਰ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਸੰਗਠਨ ਗੱਲਬਾਤ ਲਈ ਤਿਆਰ ਹੈ। ਪਰ ਇਸ ਦੇ ਨਾਲ ਹੀ ਹੋਰ ਪ੍ਰਦਰਸ਼ਨਾਂ ਦੀ ਵੀ ਯੋਜਨਾ ਬਣਾਈ ਜਾ ਰਹੀ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI