Source :- BBC PUNJABI

ਫਸਲ ਬਰਬਾਦ ਕਰਦਾ ਚੂਹਾ

ਤਸਵੀਰ ਸਰੋਤ, Getty Images

ਆਸਟ੍ਰੇਲੀਆ ਦੇ ਵੱਡੇ ਹਿੱਸਿਆਂ ਵਿੱਚ ਕਿਸਾਨਾਂ ਨੂੰ ਚੂਹਿਆਂ ਦਾ ਆਤਂਕ ਡਰਾ ਰਿਹਾ ਹੈ, ਇਹ ਬੇਹਿਸਾਬ ਚੂਹੇ ਘਰਾਂ ਦੇ ਆਲੇ-ਦੁਆਲੇ ਘੁੰਮ ਰਹੇ ਹਨ ਅਤੇ ਅਨਾਜ ਤੇ ਖੇਤਾਂ ਨੂੰ ਬਰਬਾਦ ਕਰ ਰਹੇ ਹਨ।

ਇਹ ਸਭ ਅਜਿਹੇ ਸਮੇਂ ਵਿੱਚ ਹੋ ਰਿਹਾ ਹੈ ਜਦੋਂ ਕਿਸਾਨ ਪਹਿਲਾਂ ਹੀ ਈਰਾਨ ਨਾਲ ਚੱਲ ਰਹੀ ਅਮਰੀਕਾ-ਇਜ਼ਰਾਈਲ ਜੰਗ ਕਾਰਨ ਈਂਧਨ ਅਤੇ ਖਾਦ ਦੀ ਅਨਿਸ਼ਚਿਤ ਸਪਲਾਈ ਕਾਰਨ ਦਬਾਅ ਹੇਠ ਹਨ।

ਹੁਣ ਚੂਹਿਆਂ ਨਾਲ ਇਸ ਨਵੀਂ ਲੜਾਈ ਵਿੱਚ ਕਿਸਾਨਾਂ ਨੂੰ ਲੱਖਾਂ ਡਾਲਰ ਖਰਚਣੇ ਪੈ ਰਹੇ ਹਨ। ਉਨ੍ਹਾਂ ਨੂੰ ਜਾਂ ਤਾਂ ਉਹ ਫਸਲਾਂ ਦੁਬਾਰਾ ਬੀਜਣੀਆਂ ਪੈ ਰਹੀਆਂ ਹਨ ਜਿਨ੍ਹਾਂ ਨੂੰ ਚੂਹਿਆਂ ਨੇ ਚੱਟ ਕਰ ਦਿੱਤਾ ਹੈ, ਜਾਂ ਫਿਰ ਖੇਤਾਂ ਵਿੱਚ ਅਜਿਹੇ ਬੀਜ ਪਾਉਣ ‘ਚ ਸਮਾਂ ਬਰਬਾਦ ਕਰਨਾ ਪੈ ਰਿਹਾ ਹੈ, ਜਿਨ੍ਹਾਂ ਵਿੱਚ ਜ਼ਹਿਰ ਲੱਗਿਆ ਹੁੰਦਾ ਹੈ। ਇਹ ਬੀਜ ਚੂਹਿਆਂ ਲਈ ਚਾਰੇ ਦਾ ਕੰਮ ਕਰਦੇ ਹਨ ਅਤੇ ਉਨ੍ਹਾਂ ਨੂੰ ਮਾਰ ਦਿੰਦੇ ਹਨ।

43 ਸਾਲਾ ਜੈਫ਼ ਕੋਸਗਰੋਵ ਕੋਲ ਪੱਛਮੀ ਆਸਟ੍ਰੇਲੀਆ ਦੇ ਮਿੰਗੇਨਿਊ ਵਿੱਚ 14,000 ਹੈਕਟੇਅਰ ਦੀ ਖੇਤੀ ਦੀ ਜ਼ਮੀਨ ਹੈ, ਜਿੱਥੇ ਉਹ ਕਣਕ, ਕੈਨੋਲਾ, ਲਿਊਪਿਨ ਅਤੇ ਜੌਂਅ ਉਗਾਉਂਦੇ ਹਨ।

ਉਹ ਕਹਿੰਦੇ ਹਨ, “ਇਹ ਬਹੁਤ ਵੱਡਾ ਖਰਚਾ ਹੈ ਅਤੇ ਇਸ ਵਿੱਚ ਸਿਰਫ਼ ਚਾਰੇ ਦੀ ਕੀਮਤ ਹੀ ਸ਼ਾਮਲ ਨਹੀਂ ਹੈ।”

“ਉਹ ਸੱਚਮੁੱਚ ਤੁਹਾਡੇ ਦਿਮਾਗ ਨਾਲ ਖੇਡਦੇ ਹਨ – ਰਾਤ ਨੂੰ ਇੱਧਰ-ਉੱਧਰ ਦੌੜਦੇ ਰਹਿੰਦੇ ਹਨ, ਛੱਤ ਉੱਤੇ, ਏਅਰ ਕੰਡੀਸ਼ਨਿੰਗ ਯੂਨਿਟਾਂ ਵਿੱਚ। ਤੁਸੀਂ ਉਨ੍ਹਾਂ ਨੂੰ ਸੁਣ ਸਕਦੇ ਹੋ ਅਤੇ ਉਨ੍ਹਾਂ ਦੀ ਗੰਧ ਵੀ ਮਹਿਸੂਸ ਕਰ ਸਕਦੇ ਹੋ – ਇਹ ਕਿਸੇ ਸੜਦੀ ਹੋਈ ਲਾਸ਼ ਵਰਗੀ ਹੁੰਦੀ ਹੈ।”

ਪੱਛਮੀ ਆਸਟ੍ਰੇਲੀਆ ਦੇ ਕਿਸਾਨ ਜਿਓਫ ਕੋਸਗਰੋਵ

ਤਸਵੀਰ ਸਰੋਤ, Geoff Cosgrove

ਕੋਸਗਰੋਵ 25 ਸਾਲਾਂ ਤੋਂ ਖੇਤੀ ਕਰ ਰਹੇ ਹਨ ਅਤੇ ਇਸ ਦੌਰਾਨ ਉਨ੍ਹਾਂ ਨੂੰ ਸਿਰਫ਼ ਦੋ ਵਾਰ ਹੀ ਅਜਿਹੇ ਚਾਰੇ ਦੀ ਵਰਤੋਂ ਕਰਨੀ ਪਈ ਹੈ। ਉਹ ਕਹਿੰਦੇ ਹਨ ਕਿ ਇਸ ਸਾਲ ਚੂਹਿਆਂ ਦਾ ਜੋ ਪ੍ਰਕੋਪ ਹੈ, ਉਹ “2021 ਦੇ ਪ੍ਰਕੋਪ ਨਾਲੋਂ ਕਈ ਗੁਣਾ ਵੱਧ ਭਿਆਨਕ ਹੈ।”

ਉਸ ਸਾਲ ਚੂਹਿਆਂ ਦਾ ਪ੍ਰਕੋਪ ਆਸਟ੍ਰੇਲੀਆ ਦੇ ਕਈ ਹਿੱਸਿਆਂ ਵਿੱਚ ਫੈਲ ਗਿਆ ਸੀ। ਉਸ ਵੇਲ ਨਿਊ ਸਾਊਥ ਵੇਲਜ਼ ਦੇ ਵੱਡੇ ਇਲਾਕਿਆਂ ਅਤੇ ਕੁਈਨਜ਼ਲੈਂਡ ਦੇ ਕੁਝ ਹਿੱਸਿਆਂ ਵਿੱਚ ਚੂਹਿਆਂ ਦਾ ਹੁਣ ਤੱਕ ਦਾ ਸਭ ਤੋਂ ਭਿਆਨਕ ਪ੍ਰਕੋਪ ਵੇਖਣ ਨੂੰ ਮਿਲਿਆ ਸੀ।

ਨਿਊ ਸਾਊਥ ਵੇਲਜ਼ ਵਿੱਚ ਤਾਂ ਹਾਲਾਤ ਇੰਨੇ ਮਾੜੇ ਹੋ ਗਏ ਸਨ ਕਿ ਸੈਂਕੜੇ ਕੈਦੀਆਂ ਨੂੰ ਆਪਣੀ ਥਾਂ ਬਦਲਣੀ ਪਈ ਸੀ, ਕਿਉਂਕਿ ਚੂਹਿਆਂ ਨੇ ਉਨ੍ਹਾਂ ਦੀ ਜੇਲ੍ਹ ਵਿੱਚ ਭਾਰੀ ਨੁਕਸਾਨ ਪਹੁੰਚਾਇਆ ਸੀ।

ਇਸ ਵਾਰ, ਪੱਛਮੀ ਆਸਟ੍ਰੇਲੀਆ ਦੇ ਕਿਸਾਨਾਂ ਨੇ ਸਭ ਤੋਂ ਪਹਿਲਾਂ ਮਾਰਚ ਵਿੱਚ ਚੂਹਿਆਂ ਦੀ ਵੱਡੀ ਗਿਣਤੀ (ਜੋ ਕਿਸੇ ਪ੍ਰਕੋਪ ਵਰਗੀ ਸੀ) ਦੀ ਸ਼ਿਕਾਇਤ ਕਰਨੀ ਸ਼ੁਰੂ ਕੀਤੀ ਸੀ। ਇਸ ਤੋਂ ਕੁਝ ਹੀ ਸਮੇਂ ਬਾਅਦ, ਉਨ੍ਹਾਂ ਦੇ ਗੁਆਂਢੀ ਸੂਬੇ ਦੱਖਣੀ ਆਸਟ੍ਰੇਲੀਆ ਦੇ ਕਿਸਾਨਾਂ ਨੇ ਵੀ ਅਜਿਹੀਆਂ ਹੀ ਸ਼ਿਕਾਇਤਾਂ ਕੀਤੀਆਂ।

ਫਸਲਾਂ ਦੇ ਚੰਗੇ ਝਾੜ ਕਾਰਨ ਚੂਹਿਆਂ ਦੀ ਗਿਣਤੀ ਵਿੱਚ ਵਾਧਾ

ਚੂਹੇ

ਤਸਵੀਰ ਸਰੋਤ, Getty Images

ਕੋਸਗਰੋਵ ਦੇ ਖੇਤ ਤੋਂ ਲਗਭਗ ਦੋ ਘੰਟੇ ਦੀ ਦੂਰੀ ‘ਤੇ ਉੱਤਰ ਵੱਲ, 59 ਸਾਲਾ ਖੇਤੀਬਾੜੀ ਮਾਹਿਰ ਅਤੇ ਕਿਸਾਨ ਬੇਲਿੰਦਾ ਈਸਟਫ਼ ਚੂਹਿਆਂ ਦੇ ਉਸ ਪ੍ਰਕੋਪ ਨੂੰ ਯਾਦ ਕਰਦੇ ਹਨ, ਜੋ ਲਗਭਗ ਪੰਜ ਸਾਲ ਪਹਿਲਾਂ ਪੱਛਮੀ ਆਸਟ੍ਰੇਲੀਆ ਵਿੱਚ ਆਇਆ ਸੀ।

ਉਹ ਆਪਣੇ 5,500 ਹੈਕਟੇਅਰ ਦੇ ਖੇਤ ਤੋਂ ਗੱਲ ਕਰਦਿਆਂ ਦੱਸਦੇ ਹਨ ਕਿ “ਪਿਛਲੀ ਵਾਰ [2021 ਵਿੱਚ] ਉਹ ਮੇਰੇ ਹੈਂਡਬੈਗ ਵਿੱਚ ਵੜ ਗਏ ਸਨ।”

ਉਨ੍ਹਾਂ ਦਾ ਇਹ ਖੇਤ ਨੋਲਬਾ ਵਿੱਚ ਸਥਿਤ ਹੈ, ਜੋ ਜੈਰਾਲਡਟਨ ਤੋਂ 80 ਕਿਲੋਮੀਟਰ (50 ਮੀਲ) ਉੱਤਰ-ਪੂਰਬ ਵੱਲ ਹੈ। ਜੈਰਾਲਡਟਨ ਉਨ੍ਹਾਂ ਇਲਾਕਿਆਂ ਵਿੱਚੋਂ ਇੱਕ ਸੀ, ਜਿੱਥੇ ਚੂਹਿਆਂ ਦਾ ਸਭ ਤੋਂ ਵੱਧ ਪ੍ਰਕੋਪ ਫੈਲਿਆ ਸੀ।

ਉਹ ਕਹਿੰਦੇ ਹਨ, “ਉਹ ਹਰ ਥਾਂ ਸਨ – ਫਰਸ਼ ਉੱਤੇ, ਕੰਧਾਂ ਵਿੱਚ, ਪੈਂਟਰੀ ਵਿੱਚ। ਪਰ ਇਸ ਸਾਲ ਉਹ ਮੇਰੀ ਪੈਂਟਰੀ ਵਿੱਚ ਨਹੀਂ ਵੜੇ ਹਨ।”

ਉਹ ਦੱਸਦੇ ਹਨ ਕਿ ਇਸ ਦਾ ਕਾਰਨ ਇਹ ਹੈ ਕਿ “ਉਹ ਉੱਥੇ ਹੀ ਰਹਿ ਰਹੇ ਹਨ ਜਿੱਥੇ ਉਨ੍ਹਾਂ ਨੂੰ ਖਾਣਾ ਮਿਲ ਰਿਹਾ ਹੈ” – ਮਤਲਬ ਖੇਤਾਂ ਵਿੱਚ।

“ਪਿਛਲੇ ਸਾਲ ਸਾਡੀ ਫ਼ਸਲ ਰਿਕਾਰਡ ਤੋੜ ਸੀ, ਜਿਸ ਕਾਰਨ ਚੂਹਿਆਂ ਨੂੰ ਖਾਣ ਲਈ ਬਹੁਤ ਕੁਝ ਮਿਲ ਗਿਆ।”

ਭਰਪੂਰ ਫ਼ਸਲ ਦਾ ਮਤਲਬ ਹੈ ਕਿ ਫ਼ਸਲ ਦੀ ਕਟਾਈ ਅਤੇ ਪ੍ਰੋਸੈਸਿੰਗ ਦੌਰਾਨ ਖੇਤਾਂ ਵਿੱਚ ਵੱਡੀ ਮਾਤਰਾ ਵਿੱਚ ਅਨਾਜ ਖਿੱਲਰ ਜਾਂਦਾ ਹੈ। ਇਹ ਅਨਾਜ ਚੂਹਿਆਂ ਲਈ ਖਾਣ ਦਾ ਅਜਿਹਾ ਸਰੋਤ ਬਣ ਜਾਂਦਾ ਹੈ, ਜੋ ਉਨ੍ਹਾਂ ਨੂੰ ਆਸਾਨੀ ਨਾਲ ਮਿਲ ਜਾਂਦਾ ਹੈ ਅਤੇ ਉਨ੍ਹਾਂ ਨੂੰ ਬਹੁਤ ਪਸੰਦ ਵੀ ਹੁੰਦਾ ਹੈ।

ਈਸਟਫ਼ ਕਹਿੰਦੇ ਹਨ, “ਫਿਰ ਸਾਡੇ ਇੱਥੇ ਗਰਮੀਆਂ ਵਿੱਚ ਥੋੜ੍ਹੀ ਬਾਰਿਸ਼ ਹੋਈ,” ਜਿਸ ਨਾਲ ਨਵੀਆਂ ਹਰੀਆਂ ਕੋਪਲਾਂ ਤੇਜ਼ੀ ਨਾਲ ਵਧੀਆਂ।

“ਇਸ ਲਈ ਸਿਰਫ਼ ਕਬਾਬ ਦੀ ਬਜਾਏ, ਉਨ੍ਹਾਂ ਨੂੰ ਕਬਾਬ ਅਤੇ ਸਲਾਦ ਦੋਵੇਂ ਮਿਲ ਗਏ। ਅਸਲ ਵਿੱਚ, ਚੂਹੇ ਤਾਂ ਜਿਵੇਂ ਜੰਨਤ ਵਿੱਚ ਪਹੁੰਚ ਗਏ ਸਨ।”

59 ਸਾਲਾ ਖੇਤੀਬਾੜੀ ਮਾਹਿਰ ਅਤੇ ਕਿਸਾਨ ਬੇਲਿੰਦਾ ਈਸਟਫ਼

ਤਸਵੀਰ ਸਰੋਤ, Amy Schultz

ਈਸਟਫ਼ ਲਗਭਗ 40 ਸਾਲਾਂ ਤੋਂ ਖੇਤੀ ਕਰ ਰਹੇ ਹਨ ਅਤੇ ਕਣਕ, ਕੈਨੋਲਾ ਅਤੇ ਲਿਊਪਿਨ ਉਗਾਉਂਦੇ ਹਨ। ਕਣਕ ਨੂੰ ਜਾਂ ਤਾਂ ਦੱਖਣ-ਪੂਰਬੀ ਏਸ਼ੀਆ ਵਿੱਚ ਉਡੋਂ ਨੂਡਲਜ਼ ਲਈ ਬਰਾਮਦ ਕੀਤਾ ਜਾਂਦਾ ਹੈ ਜਾਂ ਫਿਰ ਦੇਸ਼ ਵਿੱਚ ਹੀ ਬਿਸਕੁੱਟ, ਬ੍ਰੈੱਡ ਅਤੇ ਪਾਸਤਾ ਬਣਾਉਣ ਲਈ ਵਰਤਿਆ ਜਾਂਦਾ ਹੈ।

ਉਨ੍ਹਾਂ ਦਾ ਅੰਦਾਜ਼ਾ ਹੈ ਕਿ ਉਨ੍ਹਾਂ ਦੇ ਕੈਨੋਲਾ ਦੇ ਖੇਤਾਂ ਵਿੱਚ ਹਰ ਹੈਕਟੇਅਰ ਵਿੱਚ ਲਗਭਗ 8,000 ਤੋਂ 10,000 ਚੂਹੇ ਹਨ – ਇਹ ਜਗ੍ਹਾ ਲਗਭਗ ਇੱਕ ਰਗਬੀ ਮੈਦਾਨ ਜਿੰਨੀ ਵੱਡੀ ਹੁੰਦੀ ਹੈ।

“ਕਈ ਵਾਰ ਸਾਡੇ ਇੱਥੇ ਚੂਹਿਆਂ ਦਾ ਭਾਰੀ ਪ੍ਰਕੋਪ ਹੋ ਜਾਂਦਾ ਹੈ, ਅਤੇ ਜਦੋਂ ਉਨ੍ਹਾਂ ਦਾ ਖਾਣਾ ਖਤਮ ਹੋ ਜਾਂਦਾ ਹੈ ਤਾਂ ਉਨ੍ਹਾਂ ਦੀ ਗਿਣਤੀ ਅਚਾਨਕ ਘੱਟ ਹੋ ਜਾਂਦੀ ਹੈ, ਪਰ ਇਸ ਸਾਲ ਅਜਿਹਾ ਨਹੀਂ ਹੋਇਆ।”

“ਮੈਂ ਤਾਂ ਇੱਕ ਅਜਿਹੀ ਜ਼ਿੰਦਗੀ ਜੀਅ ਰਹੀ ਹਾਂ ਜਿਵੇਂ ਕੋਈ ਡਰਾਉਣਾ ਸੁਪਨਾ ਹੋਵੇ।”

‘ਇੱਕ ਹੋਰ ਸਿਰਦਰਦ’

ਚੂਹੇ

ਤਸਵੀਰ ਸਰੋਤ, Australian Broadcasting Corporation/Chris Lewis

ਪਤਝੜ ਦੇ ਮਹੀਨੇ ਅਨਾਜ ਉਗਾਉਣ ਵਾਲੇ ਕਿਸਾਨਾਂ ਲਈ ਸਭ ਤੋਂ ਮਹੱਤਵਪੂਰਨ ਹੁੰਦੇ ਹਨ, ਕਿਉਂਕਿ ਇਸੇ ਮੌਸਮ ਵਿੱਚ ਉਹ ਆਪਣੀਆਂ ਫ਼ਸਲਾਂ ਬੀਜਦੇ ਹਨ।

ਇੱਕ ਖੇਤੀਬਾੜੀ ਮਾਹਿਰ ਵਜੋਂ, ਈਸਟਫ਼ ਕਿਸਾਨਾਂ ਨੂੰ ਉਨ੍ਹਾਂ ਦੀਆਂ ਫ਼ਸਲਾਂ ਬਾਰੇ ਸਲਾਹ ਦਿੰਦੇ ਹਨ ਅਤੇ ਇਸ ਸਾਲ ਉਹ ਕਿਸਾਨਾਂ ਨੂੰ ਕਹਿ ਰਹੇ ਹਨ ਕਿ ਬੀਜ ਬੀਜਣ ਤੋਂ ਤੁਰੰਤ ਬਾਅਦ ਹੀ ਚੂਹਿਆਂ ਨੂੰ ਮਾਰਨ ਵਾਲਾ ਚਾਰਾ (ਬੇਟ) ਪਾ ਦਿੱਤਾ ਜਾਵੇ।

ਉਹ ਕਹਿੰਦੇ ਹਨ, “ਜੇ ਚਾਰਾ ਪਾਉਣ ਵਾਲੀ ਮਸ਼ੀਨ ਚਲਾਉਣ ਵਾਲਾ ਵਿਅਕਤੀ ਬੀਜ ਬੀਜਣ ਵਾਲੀ ਮਸ਼ੀਨ ਦੇ ਬਿਲਕੁਲ ਪਿੱਛੇ-ਪਿੱਛੇ ਤੇਜ਼ੀ ਨਾਲ ਨਾ ਚੱਲੇ, ਤਾਂ ਰਾਤ ਨੂੰ ਚੂਹੇ ਆ ਕੇ ਕਿਆਰੀਆਂ ਵਿੱਚੋਂ ਬੀਜ ਖਾ ਜਾਣਗੇ।”

“ਜੇ ਤੁਸੀਂ ਰਾਤ 8 ਵਜੇ ਬੀਜ ਬੀਜਣ ਦਾ ਕੰਮ ਖਤਮ ਕਰਦੇ ਹੋ ਅਤੇ ਅਗਲੇ ਦਿਨ ਵਾਪਸ ਆਉਂਦੇ ਹੋ, ਤਾਂ ਤੁਹਾਨੂੰ ਬੀਜਾਂ ਦੀਆਂ ਕਈ ਕਤਾਰਾਂ ਗਾਇਬ ਮਿਲਣਗੀਆਂ।”

ਈਸਟਫ਼ ਕਹਿੰਦੇ ਹਨ ਕਿ ਕਿਸਾਨ ਬਹੁਤ ਹਿੰਮਤੀ ਹੁੰਦੇ ਹਨ, ਪਰ ਫ਼ਰਵਰੀ ਵਿੱਚ ਈਰਾਨ ਦੀ ਜੰਗ ਸ਼ੁਰੂ ਹੋਣ ਤੋਂ ਬਾਅਦ ਡੀਜ਼ਲ ਅਤੇ ਖਾਦ ਦੀਆਂ ਵਧਦੀਆਂ ਕੀਮਤਾਂ ਨੇ ਉਨ੍ਹਾਂ ਦਾ ਲੱਕ ਤੋੜ ਦਿੱਤਾ ਹੈ।

ਉਹ ਕਹਿੰਦੇ ਹਨ, “ਦੋ-ਤਿੰਨ ਮਹੀਨੇ ਪਹਿਲਾਂ ਅਸੀਂ ਇੰਧਨ ਲਈ ਜਿੰਨਾ ਪੈਸਾ ਦੇ ਰਹੇ ਸੀ, ਹੁਣ ਉਸ ਨਾਲੋਂ ਦੁੱਗਣਾ ਪੈਸਾ ਦੇ ਰਹੇ ਹਾਂ।”

“ਅਤੇ ਹੁਣ ਇਹ ਚੂਹਿਆਂ ਵਾਲੀ ਮੁਸੀਬਤ ਵੀ ਉੱਪਰੋਂ ਆ ਗਈ ਹੈ – ਇਹ ਇੱਕ ਹੋਰ ਸਿਰਦਰਦ ਹੈ।”

‘ਇੱਕ ਬਹੁਤ ਵੱਡੀ ਸਮੱਸਿਆ’

2021 'ਚ ਚੂਹਿਆਂ ਦੇ ਪ੍ਰਕੋਪ ਦੌਰਾਨ, ਕਿਸਾਨਾਂ ਨੇ ਪਾਣੀ ਦੇ ਟੱਬਾਂ ਦੀ ਮਦਦ ਨਾਲ ਚੂਹਿਆਂ ਨਾਲ ਨਜਿੱਠਣ ਦੇ ਤਰੀਕੇ ਆਪਣੇ ਸਨ

ਤਸਵੀਰ ਸਰੋਤ, Getty Images

ਸਟੀਵ ਹੈਨਰੀ, ਜੋ ਆਸਟ੍ਰੇਲੀਆ ਦੀ ਰਾਸ਼ਟਰੀ ਵਿਗਿਆਨ ਸੰਸਥਾ ਸੀਐਸਆਈਆਰਓ (CSIRO) ਵਿੱਚ ਇੱਕ ਖੋਜ ਅਧਿਕਾਰੀ ਹਨ, ਚੂਹਿਆਂ ਅਤੇ ਉਨ੍ਹਾਂ ਨੂੰ ਖਤਮ ਕਰਨ ਦੇ ਤਰੀਕਿਆਂ ਦੇ ਮਾਹਿਰ ਹਨ।

ਉਹ ਦੱਸਦੇ ਹਨ ਕਿ ਆਮ ਤੌਰ ਉੱਤੇ, ਚੂਹਿਆਂ ਦੇ ਪ੍ਰਕੋਪ (plague) ਦੀ ਪਰਿਭਾਸ਼ਾ ਹੈ – ਹਰ ਹੈਕਟੇਅਰ ਵਿੱਚ 800 ਚੂਹੇ।

“ਪਰ ਪੱਛਮੀ ਆਸਟ੍ਰੇਲੀਆ ਵਿੱਚ ਲੋਕ ਹਰ ਹੈਕਟੇਅਰ ਵਿੱਚ ਹਜ਼ਾਰਾਂ-ਹਜ਼ਾਰਾਂ ਚੂਹਿਆਂ ਦੀ ਗੱਲ ਕਰ ਰਹੇ ਹਨ।”

ਹੈਨਰੀ ਕਹਿੰਦੇ ਹਨ, ਇਹ ਸਮੱਸਿਆ ਮੁੱਖ ਤੌਰ ਉੱਤੇ ਉੱਤਰੀ ਅਤੇ ਦੱਖਣੀ ਫ਼ਸਲੀ ਇਲਾਕਿਆਂ ਵਿੱਚ ਵੱਧ ਹੈ। ਪੱਛਮੀ ਆਸਟ੍ਰੇਲੀਆ ਦੀ ਹਾਲੀਆ ਯਾਤਰਾ ਦੌਰਾਨ, ਜਦੋਂ ਉਹ ਇੱਕ ਮੀਟਰ ਚੌੜੀ ਪੱਟੀ ਉੱਤੇ 100 ਮੀਟਰ ਦੀ ਦੂਰੀ ਤੱਕ ਚਲੇ, ਤਾਂ ਉਨ੍ਹਾਂ ਨੇ 30 ਤੋਂ 40 ਚੂਹਿਆਂ ਦੀਆਂ ਖੁੱਡਾਂ ਗਿਣੀਆਂ, ਜਿਨ੍ਹਾਂ ਵਿੱਚ ਚੂਹੇ ਮੌਜੂਦ ਸਨ।

ਇਸ ਗਿਣਤੀ ਨੂੰ 100 ਨਾਲ ਗੁਣਾ ਕਰਕੇ ਕਿਸਾਨ ਚੂਹਿਆਂ ਦੀ ਆਬਾਦੀ ਦਾ ਅੰਦਾਜ਼ਾ ਲਗਾਉਂਦੇ ਹਨ। ਇਸ ਦਾ ਮਤਲਬ ਹੈ ਕਿ ਪ੍ਰਤੀ ਹੈਕਟੇਅਰ ਵਿੱਚ ਘੱਟੋ-ਘੱਟ 3,000 ਤੋਂ 4,000 ਖੁੱਡਾਂ ਸਨ। ਦੱਖਣੀ ਆਸਟ੍ਰੇਲੀਆ ਵਿੱਚ ਵੀ ਹਾਲਾਤ ਕੁਝ ਅਜਿਹੇ ਹੀ ਸਨ।

ਉਹ ਕਹਿੰਦੇ ਹਨ, “ਇਹ ਇੱਕ ਬਹੁਤ ਵੱਡੀ ਸਮੱਸਿਆ ਹੈ, ਕਿਉਂਕਿ ਕਿਸਾਨਾਂ ਲਈ ਇਹ ਸਮਾਂ ਬਹੁਤ ਹੀ ਮਹੱਤਵਪੂਰਨ ਹੈ।”

ਡੇਮੀਅਨ ਰਾਇਨ - 67 ਸਾਲਾ ਸੇਵਾਮੁਕਤ ਕਿਸਾਨ

ਉਹ ਦੱਸਦੇ ਹਨ ਕਿ ਚੂਹੇ ਸਿਰਫ਼ ਛੇ ਹਫ਼ਤਿਆਂ ਦੀ ਉਮਰ ਵਿੱਚ ਹੀ ਪ੍ਰਜਨਨ ਸ਼ੁਰੂ ਕਰ ਸਕਦੇ ਹਨ ਅਤੇ ਉਹ ਹਰ 19 ਤੋਂ 21 ਦਿਨਾਂ ਵਿੱਚ ਛੇ ਤੋਂ 10 ਬੱਚੇ ਪੈਦਾ ਕਰ ਸਕਦੇ ਹਨ।

ਹੈਨਰੀ ਕਹਿੰਦੇ ਹਨ, “ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਬੱਚੇ ਪੈਦਾ ਕਰਨ ਦੇ ਦੋ ਜਾਂ ਤਿੰਨ ਦਿਨਾਂ ਦੇ ਅੰਦਰ ਹੀ ਉਹ ਫਿਰ ਤੋਂ ਗਰਭਵਤੀ ਹੋ ਜਾਂਦੀਆਂ ਹਨ, ਇਸ ਲਈ ਜਦੋਂ ਉਹ ਪਹਿਲੇ ਬੱਚਿਆਂ ਦੀ ਪਰਵਰਿਸ਼ ਕਰ ਰਹੀਆਂ ਹੁੰਦੀਆਂ ਹਨ, ਤਾਂ ਨਾਲ ਹੀ ਦੂਜੇ ਬੱਚਿਆਂ ਨੂੰ ਵੀ ਗਰਭ ਵਿੱਚ ਪਾਲ ਰਹੀਆਂ ਹੁੰਦੀਆਂ ਹਨ।”

ਉਹ ਇਸ ਸੰਕਟ ਦੇ ਆਰਥਿਕ ਨੁਕਸਾਨ ਦੇ ਨਾਲ-ਨਾਲ ਇਸ ਦੇ ਮਨੋਵਿਗਿਆਨਕ ਪ੍ਰਭਾਵ ਵੱਲ ਵੀ ਇਸ਼ਾਰਾ ਕਰਦੇ ਹਨ, ਕਿਉਂਕਿ ਕਿਸਾਨ ਦਿਨ ਭਰ ਦਾ ਕੰਮ ਖਤਮ ਕਰਨ ਤੋਂ ਬਾਅਦ ਵੀ ਪੂਰੀ ਤਰ੍ਹਾਂ ਨਿਸ਼ਚਿੰਤ ਹੋ ਕੇ ਆਰਾਮ ਨਹੀਂ ਕਰ ਸਕਦੇ।

ਉਹ ਕਹਿੰਦੇ ਹਨ, “ਜੇ ਤੁਸੀਂ ਸੋਕੇ ਵਰਗੀ ਸਮੱਸਿਆ ਦਾ ਸਾਹਮਣਾ ਕਰ ਰਹੇ ਹੋ, ਤਾਂ ਤੁਸੀਂ ਘਰ ਦੇ ਅੰਦਰ ਜਾ ਕੇ ਦਰਵਾਜ਼ਾ ਬੰਦ ਕਰਕੇ, ਏਅਰ ਕੰਡੀਸ਼ਨਰ ਚਲਾ ਸਕਦੇ ਹੋ ਅਤੇ ਕੁਝ ਸਮੇਂ ਤੱਕ ਰਾਹਤ ਪਾ ਸਕਦੇ ਹੋ।”

“ਪਰ ਜੇ ਤੁਸੀਂ ਚੂਹਿਆਂ ਦੀ ਸਮੱਸਿਆ ਨਾਲ ਜੂਝ ਰਹੇ ਹੋ, ਤਾਂ ਤੁਸੀਂ ਘਰ ਦੇ ਅੰਦਰ ਜਾਂਦੇ ਹੋ, ਦਰਵਾਜ਼ਾ ਬੰਦ ਕਰਦੇ ਹੋ, ਆਪਣੀ ਅਲਮਾਰੀ ਕੋਲ ਜਾਂਦੇ ਹੋ, ਅਤੇ ਵੇਖਦੇ ਹੋ ਕਿ ਅਲਮਾਰੀ ਦੇ ਅੰਦਰ ਵੀ ਚੂਹੇ ਮੌਜੂਦ ਹਨ…”

“ਤੁਸੀਂ ਰਾਤ ਨੂੰ ਸੌਣ ਲਈ ਜਾਂਦੇ ਹੋ ਅਤੇ ਚੂਹੇ ਤੁਹਾਡੇ ਬਿਸਤਰੇ ਉੱਤੇ ਦੌੜ ਰਹੇ ਹੁੰਦੇ ਹਨ।”

ਸਰਦੀ, ਮੀਂਹ ਅਤੇ ਵੱਧ ਅਸਰਦਾਰ ਚਾਰਾ ਚੂਹਿਆਂ ਦੇ ਕਹਿਰ ਨੂੰ ਰੋਕ ਸਕਦੇ ਹਨ

ਦਸਤਾਨੇ ਪਹਿਨ ਕੇ ਮਰੇ ਹੋਏ ਕਈ ਚੂਹਿਆਂ ਨੂੰ ਇੱਕ ਬਾਲਟੀ 'ਚ ਸੁੱਟਦਾ ਹੋਇਆ ਇੱਕ ਵਿਅਕਤੀ

ਤਸਵੀਰ ਸਰੋਤ, Australian Broadcasting Corporation/Chris Lewis

ਕਈ ਮਹੀਨਿਆਂ ਤੋਂ ਕਿਸਾਨ ਇੱਕ ਵਧੇਰੇ ਅਸਰਦਾਰ ਚਾਰਾ (ਚੂਹਿਆਂ ਨੂੰ ਮਾਰਨ ਵਾਲੇ ਜ਼ਹਿਰ ਲੱਗੇ ਬੀਜ) ਹਾਸਲ ਕਰਨ ਲਈ ਬੇਤਾਬ ਸਨ, ਪਰ ਉਨ੍ਹਾਂ ਨੂੰ ਰਾਸ਼ਟਰੀ ਰੈਗੂਲੇਟਰ ਤੋਂ ਮਨਜ਼ੂਰੀ ਮਿਲਣ ਦੀ ਉਡੀਕ ਕਰਨੀ ਪਈ।

ਹਾਲ ਹੀ ਵਿੱਚ, ਉਹ ਮਨਜ਼ੂਰੀ ਮਿਲ ਗਈ ਅਤੇ ਹੁਣ ਕਿਸਾਨਾਂ ਲਈ ਵੱਧ ਅਸਰਦਾਰ ਚਾਰਾ ਉਪਲੱਬਧ ਹੈ।

67 ਸਾਲਾ ਸੇਵਾਮੁਕਤ ਕਿਸਾਨ ਡੇਮੀਅਨ ਰਾਇਨ ਨੇ ਇਸ ਕਦਮ ਦਾ ਸਵਾਗਤ ਕੀਤਾ ਹੈ। ਉਨ੍ਹਾਂ ਨੇ ਪਰਥ ਤੋਂ ਲਗਭਗ 370 ਕਿਲੋਮੀਟਰ ਉੱਤਰ ਵੱਲ ਮੋਰਾਵਾ ਵਿੱਚ ਆਪਣੇ ਖੇਤ ‘ਚ ਬਣੇ ਆਪਣੇ ਘਰ ਅਤੇ ਸ਼ੈੱਡ ਵਿੱਚ ਹਫ਼ਤਿਆਂ ਤੱਕ ਚੂਹੇ ਫੜਨ ਵਿੱਚ ਸਮਾਂ ਬਿਤਾਇਆ ਸੀ।

ਉਨ੍ਹਾਂ ਦਾ ਕਹਿਣਾ ਹੈ ਕਿ ਉਹ ਹਰ ਰੋਜ਼ ਆਪਣੇ ਘਰ ਵਿੱਚ 20 ਤੋਂ 30 ਅਤੇ ਆਪਣੇ ਸ਼ੈੱਡ ਵਿੱਚ ਲਗਭਗ 150 ਚੂਹੇ ਫੜ ਰਹੇ ਸਨ।

ਜ਼ਮੀਨ ਉੱਤੇ 50 ਸਾਲਾਂ ਦੀ ਸਖ਼ਤ ਮਿਹਨਤ ਦੌਰਾਨ, ਕਦੇ-ਕਦਾਈਂ ਕਿਸੇ ਚੂਹੇ ਨਾਲ ਨਜਿੱਠਣਾ ਤਾਂ ਆਮ ਗੱਲ ਹੈ, ਪਰ “ਮੈਂ ਇਸ ਨੂੰ ਇੰਨਾ ਭਿਆਨਕ ਪਹਿਲਾਂ ਕਦੇ ਨਹੀਂ ਵੇਖਿਆ, ਕਦੇ ਵੀ ਨਹੀਂ।”

“ਇਹ ਤਾਂ ਕਿਸੇ ਮਹਾਮਾਰੀ ਵਾਂਗ ਫੈਲ ਗਏ ਸਨ। ਤੁਸੀਂ ਰਾਤ ਨੂੰ ਗੱਡੀ ਚਲਾ ਕੇ ਕਿਤੇ ਵੀ ਨਿਕਲੋ, ਤੁਹਾਨੂੰ ਹਰ ਪਾਸੇ ਸਿਰਫ਼ ਚੂਹੇ ਹੀ ਦੌੜਦੇ ਹੋਏ ਦਿਖਾਈ ਦੇਣਗੇ।”

ਠੰਢੇ ਤਾਪਮਾਨ, ਮੀਂਹ ਦੇ ਅਨੁਮਾਨ ਅਤੇ ਵੱਧ ਅਸਰਦਾਰ ਚਾਰੇ ਨਾਲ ਕਿਸਾਨਾਂ ਨੇ ਹਾਲ ਦੇ ਦਿਨਾਂ ਵਿੱਚ ਚੂਹਿਆਂ ਦੀ ਗਿਣਤੀ ਵਿੱਚ ਕਮੀ ਆਉਣ ਦੀ ਗੱਲ ਕਹੀ ਹੈ।

ਕੋਸਗਰੋਵ ਨੂੰ ਉਮੀਦ ਹੈ ਕਿ ਜਿਵੇਂ-ਜਿਵੇਂ ਸਰਦੀਆਂ ਨੇੜੇ ਆ ਰਹੀਆਂ ਹਨ, ਰਾਹਤ ਵੀ ਮਿਲਣ ਵਾਲੀ ਹੈ।

ਉਨ੍ਹਾਂ ਕਿਹਾ, “ਆਖ਼ਰਕਾਰ ਉਹ ਰੁਕ ਹੀ ਜਾਂਦੇ ਹਨ, ਕਿਉਂਕਿ ਮੌਸਮ ਬਹੁਤ ਜ਼ਿਆਦਾ ਠੰਢਾ ਅਤੇ ਨਮੀ ਵਾਲਾ ਹੋ ਜਾਂਦਾ ਹੈ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI