Home ਰਾਸ਼ਟਰੀ ਖ਼ਬਰਾਂ ‘ਇਹ ਕੁੱਤੇ ਦੀਆਂ ਨਹੀਂ ਇਨਸਾਨਾਂ ਦੀਆਂ ਹੱਡੀਆਂ’, ਜਦੋਂ ਘਰ ਦੇ ਥੱਲੇ ਲਗਭਗ...

‘ਇਹ ਕੁੱਤੇ ਦੀਆਂ ਨਹੀਂ ਇਨਸਾਨਾਂ ਦੀਆਂ ਹੱਡੀਆਂ’, ਜਦੋਂ ਘਰ ਦੇ ਥੱਲੇ ਲਗਭਗ 40,000 ਦੇਹਾਂ ਦੀਆਂ ਹੱਡੀਆਂ ਹੋਣ ਬਾਰੇ ਪਤਾ ਲੱਗਿਆ

5
0

Source :- BBC PUNJABI

  ਮੇਰਸੇਦ ਨੇ ਅਵਸ਼ੇਸ਼ਾਂ ਨੂੰ ਡੱਬਿਆਂ ਵਿੱਚ ਰੱਖਿਆ

ਤਸਵੀਰ ਸਰੋਤ, IPN

8 ਜਨਵਰੀ 1996 ਨੂੰ ਤਿੰਨ ਬੱਚਿਆਂ ਦੀ ਮਾਂ ਮੇਰਸੇਦ ਗੁਇਮਾਰਾਇਸ ਡੋਸ ਆਂਜੋਸ ਆਪਣੇ 1866 ਵਿੱਚ ਬਣੇ ਘਰ ਵਿੱਚ ਵਾਧੂ ਹਿੱਸਾ ਬਣਾਉਣ ਦੇ ਕੰਮ ਨੂੰ ਉਤਸ਼ਾਹ ਨਾਲ ਦੇਖ ਰਹੀ ਸੀ।

ਇਹ ਉਨ੍ਹਾਂ ਦਾ ਪਹਿਲਾ ਆਪਣਾ ਘਰ ਸੀ, ਜਿਸ ਨੂੰ ਖਰੀਦਣ ਲਈ ਉਨ੍ਹਾਂ ਨੇ 6 ਸਾਲਾਂ ਤੱਕ ਪੈਸੇ ਜੋੜੇ ਸਨ। ਇਹ ਘਰ ਬ੍ਰਾਜ਼ੀਲ ਦੇ ਸ਼ਹਿਰ ਰੀਓ ਡੇ ਜਨੇਰੀਓ ਦੇ ਇੱਕ ਬੰਦਰਗਾਹ ਇਲਾਕੇ ਵਿੱਚ ਸਥਿਤ ਹੈ।

ਪਰ ਕੁਝ ਹੀ ਘੰਟਿਆਂ ਵਿੱਚ ਮੁਰੰਮਤ ਦੌਰਾਨ ਇੱਕ ਅਜਿਹੀ ਚੀਜ਼ ਸਾਹਮਣੇ ਆ ਗਈ ਜਿਸ ਦੀ ਕਿਸੇ ਨੂੰ ਉਮੀਦ ਨਹੀਂ ਸੀ – ਇਹ ਸੀ ਹੱਡੀਆਂ।

ਮਜ਼ਦੂਰਾਂ ਨੇ ਪਹਿਲਾਂ ਸੋਚਿਆ ਕਿ ਇਹ ਕਿਸੇ ਜਾਨਵਰ ਦੀਆਂ ਹੱਡੀਆਂ ਹੋ ਸਕਦੀਆਂ ਹਨ ਪਰ ਮੇਰਸੇਦ ਨੂੰ ਇਸ ‘ਤੇ ਸ਼ੱਕ ਸੀ। ਮਲਬੇ ਨੂੰ ਫਰੋਲਦਿਆਂ ਉਨ੍ਹਾਂ ਨੂੰ ਇੱਕ ਬਾਲਗ ਦੇ ਪੂਰੇ ਦੰਦ ਮਿਲੇ।

ਮੇਰਸੇਦ ਨੇ ਬੀਬੀਸੀ ਨਿਊਜ਼ ਬ੍ਰਾਜ਼ੀਲ ਨੂੰ ਦੱਸਿਆ, “ਮੈਂ ਬਿਲਡਰ ਨੂੰ ਕਿਹਾ, ‘ਇਹ ਕਿਸੇ ਕੁੱਤੇ ਦੇ ਨਹੀਂ ਹਨ, ਇਹ ਮਨੁੱਖ ਦੇ ਹਨ, ਇਹ ਸੁਣਦੇ ਹੀ ਉਸ ਨੇ ਸਲੀਬ ਦਾ ਨਿਸ਼ਾਨ ਬਣਾਇਆ।'”

ਕੁਝ ਪਲਾਂ ਬਾਅਦ ਮੇਰਸੇਦ ਨੂੰ ਇੱਕ ਹੋਰ ਛੋਟੇ ਦੰਦਾਂ ਦਾ ਸੈੱਟ ਮਿਲਿਆ।

ਉਨ੍ਹਾਂ ਨੇ ਅੱਗੇ ਦੱਸਿਆ, “ਮੈਂ ਉਸ ਨੂੰ ਕਿਹਾ, ‘ਇਹ ਕਿਸੇ ਬੱਚੇ ਦੇ ਹਨ’ ਇਹ ਸੁਣ ਕੇ ਉਹ ਰੋਣ ਲੱਗ ਪਿਆ, ਉੱਥੇ ਮੌਜੂਦ ਹਰ ਕੋਈ ਸੁੰਨ ਰਹਿ ਗਿਆ।”

ਮੇਰਸੇਦ ਇੱਕ ਕੱਪੜੇ ਉੱਤੇ ਬਣੇ ਨਕਸ਼ੇ ਦੇ ਸਾਹਮਣੇ ਖੜ੍ਹੇ ਹਨ

ਤਸਵੀਰ ਸਰੋਤ, Júlia Dias Carneiro

ਮੇਰਸੇਦ ਅੱਜ ਵੀ ਉਸੇ ਘਰ ਵਿੱਚ ਰਹਿੰਦੇ ਹਨ ਅਤੇ ਉੱਥੇ ਹੀ ਕੰਮ ਕਰਦੇ ਹਨ।

ਜਿਵੇਂ-ਜਿਵੇਂ ਹੋਰ ਹੱਡੀਆਂ ਮਿਲਦੀਆਂ ਗਈਆਂ ਜਿਨ੍ਹਾਂ ਵਿੱਚੋਂ ਕਈ ਟੁੱਟੀਆਂ ਹੋਈਆਂ ਸਨ, ਮੇਰਸੇਦ ਨੇ ਉਨ੍ਹਾਂ ਨੂੰ ਇਕੱਠਾ ਕਰਕੇ ਵੱਖ-ਵੱਖ ਡੱਬਿਆਂ ਵਿੱਚ ਰੱਖਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਕਈ ਤਰ੍ਹਾਂ ਦੀਆਂ ਅਟਕਲਾਂ ਵੀ ਲੱਗਣ ਲੱਗੀਆਂ।

ਉਹ ਕਹਿੰਦੇ ਹਨ, “ਸਾਡੇ ਮਨ ਵਿੱਚ ਹਜ਼ਾਰਾਂ ਗੱਲਾਂ ਆਈਆਂ। ਲੱਗਿਆ ਕਿ ਸ਼ਾਇਦ ਪਹਿਲਾਂ ਵਾਲੇ ਘਰ ਮਾਲਕਾਂ ਨੇ ਲੋਕਾਂ ਦਾ ਕਤਲ ਕਰਕੇ ਉਨ੍ਹਾਂ ਨੂੰ ਇੱਥੇ ਦੱਬ ਦਿੱਤਾ ਹੋਵੇ ਜਾਂ ਇਹ ਕਿਸੇ ਸੀਰੀਅਲ ਕਿਲਰ ਦਾ ਕੰਮ ਹੋ ਸਕਦਾ ਹੈ।”

ਪਰ ਜਵਾਬ ਛੇਤੀ ਮਿਲ ਗਿਆ। ਇਲਾਕੇ ਦੇ ਇਤਿਹਾਸ ਦਾ ਜਾਣਕਾਰ ਇੱਕ ਗੁਆਂਢੀ ਪੁਰਾਣਾ ਨਕਸ਼ਾ ਲੈ ਕੇ ਆਇਆ।

ਮੇਰਸੇਦ ਦੱਸਦੇ ਹਨ, “ਉਸ ਨੇ ਮੇਰੇ ਵੱਲ ਦੇਖ ਕੇ ਕਿਹਾ, ‘ਤੂੰ ਇੱਕ ਕਬਰਿਸਤਾਨ ਦੇ ਉੱਪਰ ਰਹਿ ਰਹੀ ਹੈਂ। ਇੱਥੇ ਗ਼ੁਲਾਮ ਬਣਾਏ ਗਏ ਲੋਕਾਂ ਨੂੰ ਦਫ਼ਨਾਇਆ ਜਾਂਦਾ ਸੀ।'”

ਮੇਰਸੇਦ ਨੂੰ ਪਤਾ ਲੱਗਿਆ ਕਿ ਉਨ੍ਹਾ ਨੇ ਅਣਜਾਣੇ ਵਿੱਚ ਚਿਰਾਂ ਤੋਂ ਗਵਾਚੇ ‘ਨਿਊ ਬਲੈਕਸ’ ਦੇ ਕਬਰਸਤਾਨ ਨੂੰ ਲੱਭ ਲਿਆ ਹੈ। ਇਸ ਦੀ ਵਰਤੋਂ ਲਗਭਗ 1770 ਤੋਂ 1830 ਤੱਕ ਕੀਤੀ ਗਈ ਸੀ।

ਉਨ੍ਹਾਂ ਦੇ ਅੰਦਾਜ਼ੇ ਮੁਤਾਬਕ ਇੱਥੇ ਕਰੀਬ 40,000 ਲੋਕਾਂ ਨੂੰ ਦਫ਼ਨਾਇਆ ਗਿਆ ਸੀ।

ਇਤਿਹਾਸਕਾਰਾਂ ਨੂੰ ਚਰਚ ਦੇ ਰਿਕਾਰਡਾਂ ਤੋਂ ਇਸ ਕਬਰਸਤਾਨ ਦੀ ਮੌਜੂਦਗੀ ਦਾ ਪਤਾ ਤਾਂ ਸੀ, ਪਰ ਸ਼ਹਿਰ ਦੇ ਫੈਲਾਅ ਨਾਲ ਇਸ ਦੀ ਸਹੀ ਥਾਂ ਗੁੰਮ ਹੋ ਗਿਆ ਸੀ।

‘ਨਿਊ ਬਲੈਕਸ’ ਸ਼ਬਦ ਉਨ੍ਹਾਂ ਅਫ਼ਰੀਕੀ ਲੋਕਾਂ ਲਈ ਵਰਤਿਆ ਜਾਂਦਾ ਸੀ ਜਿਨ੍ਹਾਂ ਨੂੰ ਗ਼ੁਲਾਮ ਬਣਾ ਕੇ ਨਵੇਂ-ਨਵੇਂ ਬ੍ਰਾਜ਼ੀਲ ਲਿਆਂਦਾ ਗਿਆ ਸੀ ਅਤੇ ਜਿਨ੍ਹਾਂ ਨੂੰ ਅਜੇ ਪੁਰਤਗਾਲੀ ਭਾਸ਼ਾ ਨਹੀਂ ਆਉਂਦੀ ਸੀ।

ਘਰ ਨੂੰ ਗੈਲਰੀ ਵਿੱਚ ਤਬਦੀਲ ਕੀਤਾ ਗਿਆ

ਤਸਵੀਰ ਸਰੋਤ, IPN

ਮੇਰਸੇਦ ਕਹਿੰਦੇ ਹਨ “ਮੈਨੂੰ ਇੱਥੇ ਇੱਕ ਹੋਲੋਕਾਸਟ ਮਿਲਿਆ। ਸਿਆਹਫਾਮ ਲੋਕਾਂ ਦਾ ਹੋਲੋਕਾਸਟ।”

ਉਹ ਬਹੁਤ ਹੈਰਾਨ ਹੋਏ ਜਦੋਂ ਉਨ੍ਹਾਂ ਨੂੰ ਆਪਣੇ ਘਰ ਦੇ ਫਰਸ਼ ਹੇਠਾਂ ਹੱਡੀਆਂ ਮਿਲੀਆਂ, ਜਿਨ੍ਹਾਂ ਵਿੱਚ ਅਜਿਹੇ ਬੱਚਿਆਂ ਦੇ ਅਵਸ਼ੇਸ਼ ਵੀ ਸਨ ਜਿਨ੍ਹਾਂ ਦੇ ਦੰਦ ਵੀ ਪੂਰੀ ਤਰ੍ਹਾਂ ਨਹੀਂ ਬਣੇ ਸਨ।

ਉਹ ਦੱਸਦੇ, “ਸਾਨੂੰ ਕੁਝ ਵੀ ਪਤਾ ਨਹੀਂ ਸੀ। ਕਿਸੇ ਨੇ ਕਦੇ ਨਹੀਂ ਦੱਸਿਆ ਕਿ ਇਹ ਉਹ ਥਾਂ ਹੈ ਜਿੱਥੇ ਲੋਕਾਂ ਨੂੰ ਵੇਚਿਆ ਜਾਂਦਾ ਸੀ ਅਤੇ ਦਫ਼ਨਾਇਆ ਜਾਂਦਾ ਸੀ। ਇਸ ਇਤਿਹਾਸ ਨੂੰ ਲੁਕਾ ਕੇ ਰੱਖਿਆ ਗਿਆ ਸੀ।”

ਇਸ ਦੇ ਨੇੜੇ ਹੀ ਵਾਲੋਂਗੋ ਘਾਟ ਸੀ, ਜਿੱਥੇ ਗ਼ੁਲਾਮ ਬਣਾਏ ਗਏ ਲੋਕਾਂ ਨੂੰ ਲੈ ਕੇ ਆਉਣ ਵਾਲੇ ਜਹਾਜ਼ ਲੱਗਦੇ ਸਨ। ਸੰਯੁਕਤ ਰਾਸ਼ਟਰ ਦੀ ਸੰਸਥਾ ਯੂਨੇਸਕੋ ਮੁਤਾਬਕ, 18ਵੀਂ ਸਦੀ ਦੇ ਅਖੀਰ ਤੋਂ ਲੈ ਕੇ 1831 ਵਿੱਚ ਇਸ ਦੇ ਬੰਦ ਹੋਣ ਤੱਕ ਲਗਭਗ 9 ਲੱਖ ਅਫ਼ਰੀਕੀ ਲੋਕਾਂ ਦੀ ਇਸ ਥਾਂ ਰਾਹੀਂ ਤਸਕਰੀ ਕੀਤੀ ਗਈ।

ਮੇਰਸੇਦ ਗੁਇਮਾਇਰਸ ਡੋਸ ਆਂਜੋਸ

ਰੀਓ ਡੇ ਜੇਨੇਰੀਓ ਵਿੱਚ ਬ੍ਰਾਜ਼ੀਲ ਦੇ ਕਿਸੇ ਵੀ ਹੋਰ ਸ਼ਹਿਰ ਨਾਲੋਂ ਵੱਧ ਗਿਣਤੀ ਵਿੱਚ ਅਫ਼ਰੀਕੀ ਲੋਕਾਂ ਨੂੰ ਗ਼ੁਲਾਮ ਬਣਾ ਕੇ ਲਿਆਂਦਾ ਗਿਆ। ਅਮਰੀਕਾ ਦੀ ਹਾਰਵਰਡ ਯੂਨੀਵਰਸਿਟੀ ਦੇ ਟ੍ਰਾਂਸ-ਐਟਲਾਂਟਿਕ ਸਲੇਵ ਟਰੇਡ ਡੇਟਾਬੇਸ ਦੇ ਮੁਤਾਬਕ, ਤਿੰਨ ਸਦੀਆਂ ਤੋਂ ਵੱਧ ਸਮੇਂ ਦੌਰਾਨ ਲਗਭਗ 48 ਲੱਖ ਅਫ਼ਰੀਕੀ ਲੋਕਾਂ ਨੂੰ ਜ਼ਬਰਦਸਤੀ ਬ੍ਰਾਜ਼ੀਲ ਲਿਆਂਦਾ ਗਿਆ, ਜੋ ਅਮਰੀਕੀ ਮਹਾਂਦੀਪ ਦੇ ਕਿਸੇ ਵੀ ਹੋਰ ਦੇਸ਼ ਨਾਲੋਂ ਵੱਧ ਸੀ।

ਅਮਰੀਕਾ ਦੀ ਐਮੋਰੀ ਯੂਨੀਵਰਸਿਟੀ ਦੀ ਰਿਚਰਚ ਮੁਤਾਬਕ, ਲਗਭਗ ਤਿੰਨ ਲੱਖ ਲੋਕਾਂ ਦੀ ਤਾਂ ਕੰਢੇ ‘ਤੇ ਪਹੁੰਚਣ ਤੋਂ ਪਹਿਲਾਂ ਹੀ ਮੌਤ ਹੋ ਗਈ ਸੀ।

ਹੋਰ ਕਈ ਲੋਕ ਬਿਮਾਰੀਆਂ ਜਾਂ ਥਕਾਵਟ ਕਾਰਨ ਬੰਦਰਗਾਹ ‘ਤੇ ਪਹੁੰਚਣ ਤੋਂ ਬਾਅਦ ਉਨ੍ਹਾਂ ਗੋਦਾਮਾਂ ਵਿੱਚ ਮਰ ਗਏ, ਜਿੱਥੇ ਉਨ੍ਹਾਂ ਨੂੰ ਰੱਖਿਆ ਅਤੇ ਵੇਚਿਆ ਜਾਂਦਾ ਸੀ। ਜਿਹੜੇ ਲੋਕ ਨਹੀਂ ਬਚੇ, ਉਨ੍ਹਾਂ ਵਿੱਚੋਂ ਕਈਆਂ ਨੂੰ ਉਸੇ ਕਬਰਸਤਾਨ ਵਿੱਚ ਦਫ਼ਨਾਇਆ ਗਿਆ, ਜੋ ਅੱਜ ਮੇਰਸੇਦ ਦੇ ਘਰ ਹੇਠਾਂ ਮੌਜੂਦ ਹੈ।

‘ਇੱਕ ਇਤਿਹਾਸਕ ਵਿਰਾਸਤ’

ਬ੍ਰਾਜ਼ੀਲ ਪੱਛਮੀ ਦੁਨੀਆਂ ਦਾ ਆਖ਼ਰੀ ਦੇਸ਼ ਸੀ ਜਿਸ ਨੇ 1888 ਵਿੱਚ ਗ਼ੁਲਾਮੀ ਖ਼ਤਮ ਕੀਤੀ।

ਇਸ ਦੇ ਬਾਵਜੂਦ, ਕਈ ਦਹਾਕਿਆਂ ਤੱਕ ਇਸ ਇਲਾਕੇ ਦੇ ਇਸ ਦਰਦਨਾਕ ਇਤਿਹਾਸ ਬਾਰੇ ਖੁੱਲ੍ਹ ਕੇ ਗੱਲ ਨਹੀਂ ਕੀਤੀ ਗਈ। ਜਦੋਂ 1990 ਦੇ ਦਹਾਕੇ ਵਿੱਚ ਮੇਰਸੇਦ ਨੂੰ ਇਹ ਖੋਜ ਮਿਲੀ, ਉਸ ਵੇਲੇ ਅਕਾਦਮਿਕ ਜਗਤ ਤੋਂ ਬਾਹਰ ਬਹੁਤ ਘੱਟ ਲੋਕਾਂ ਨੂੰ ਇਸ ਇਤਿਹਾਸ ਬਾਰੇ ਜਾਣਕਾਰੀ ਸੀ।

ਇਹ ਸਥਿਤੀ 2011 ਵਿੱਚ ਬਦਲਣੀ ਸ਼ੁਰੂ ਹੋਈ, ਜਦੋਂ ਓਲੰਪਿਕ ਖੇਡਾਂ ਤੋਂ ਪਹਿਲਾਂ ਵਿਕਾਸ ਕਾਰਜਾਂ ਦੌਰਾਨ ਵਾਲੋਂਗੋ ਘਾਟ ਮੁੜ ਸਾਹਮਣੇ ਆਇਆ। ਬਾਅਦ ਵਿੱਚ ਇਸ ਨੂੰ ਯੂਨੇਸਕੋ ਦੀ ਵਿਸ਼ਵ ਵਿਰਾਸਤ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਅਤੇ ਇਸ ਖੇਤਰ ਦੇ ਇਤਿਹਾਸ ਵੱਲ ਦੁਨੀਆਂ ਦਾ ਧਿਆਨ ਗਿਆ।

ਮੇਰਸੇਦ ਨੂੰ ਪਤਾ ਸੀ ਕਿ ਉਸ ਦੇ ਘਰ ਵਿੱਚ “ਇੱਕ ਇਤਿਹਾਸਕ ਧਰੋਹਰ” ਹੈ, ਪਰ ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਇਸ ਦਾ ਕੀ ਕੀਤਾ ਜਾਵੇ।

ਸ਼ੁਰੂ ਵਿੱਚ ਉਹ ਸਿਰਫ਼ ਕੁਝ ਖ਼ਾਸ ਦਿਨਾਂ, ਜਿਵੇਂ ‘ਬਲੈਕ ਕਾਨਸ਼ਿਅਸਨੈੱਸ ਡੇਅ’ ਅਤੇ ‘ਅਬੋਲਿਸ਼ਨ ਡੇਅ’ ਮੌਕੇ ਹੀ ਲੋਕਾਂ ਲਈ ਆਪਣਾ ਘਰ ਖੋਲ੍ਹਦੇ ਸਨ।

ਉਹ ਦੱਸਦੇ ਹਨ, “ਇਹ ਬਹੁਤ ਔਖਾ ਸੀ। ਆਖ਼ਿਰ ਕੌਣ ਕਬਰਸਤਾਨ ਦੇਖਣ ਆਉਣਾ ਚਾਹੇਗਾ?”

ਪਰ ਹੌਲੀ-ਹੌਲੀ ਲੋਕਾਂ ਦੀ ਦਿਲਚਸਪੀ ਵਧੀ ਅਤੇ ਸਮਾਜਿਕ ਕਾਰਕੁਨਾਂ ਨੇ ਇਸ ਥਾਂ ਨੂੰ ਸੰਭਾਲ ਕੇ ਰੱਖਣ ਲਈ ਉਸ ਨੂੰ ਹੌਂਸਲਾ ਦਿੱਤਾ।

ਇਸ ਕੇਂਦਰ ਵਿੱਚ ਕਲਾ ਪ੍ਰਦਰਸ਼ਨੀਆਂ ਜਿਹੇ ਪ੍ਰੋਗਰਾਮ ਹੋਣਗੇ

ਤਸਵੀਰ ਸਰੋਤ, IPN

ਸਾਲ 2005 ਵਿੱਚ ਮੇਰਸੇਦ ਅਤੇ ਉਸ ਦੇ ਸਾਥੀਆਂ ਨੇ ਇੰਸਟੀਚਿਊਟ ਫਾਰ ਰਿਸਰਚ ਐਂਡ ਮੈਮੋਰੀ ਆਫ਼ ਪ੍ਰੇਟੋਸ ਨੋਵੋਸ (IPN) ਦੀ ਸਥਾਪਨਾ ਕੀਤੀ।

ਸਮੇਂ ਦੇ ਨਾਲ ਇਹ ਥਾਂ ਵਿਕਸਤ ਹੁੰਦੀ ਗਈ। ਗੈਰਾਜ ਨੂੰ ਯਾਦਗਾਰ ਵਿੱਚ ਬਦਲ ਦਿੱਤਾ ਗਿਆ, ਜਿੱਥੇ ਸਥਾਈ ਪ੍ਰਦਰਸ਼ਨੀ ਲਗਾਈ ਗਈ।

ਪਿਛਲੇ ਹਿੱਸੇ ਵਿੱਚ ਜਿੱਥੇ ਸਵਿਮਿੰਗ ਪੂਲ ਬਣਾਉਣ ਦੀ ਯੋਜਨਾ ਸੀ ਉੱਥੇ ਹੁਣ ਇੱਕ ਕੈਫੇ, ਛੋਟੀ ਦੁਕਾਨ ਅਤੇ ਅਟਲਾਂਟਿਕ ਸਲੇਵ ਟਰੇਡ ਅਤੇ ਅਫ਼ਰੀਕੀ ਮੂਲ ਦੇ ਲੋਕਾਂ ਦੇ ਇਤਿਹਾਸ ਨਾਲ ਸੰਬੰਧਿਤ ਵਿਸ਼ੇਸ਼ ਲਾਇਬ੍ਰੇਰੀ ਹੈ।

ਫਰਸ਼ ਵਿੱਚ ਲੱਗੇ ਕੱਚ ਦੇ ਪੈਨਲ ਰਾਹੀਂ ਲੋਕ ਹੇਠਾਂ ਪੁਰਾਤੱਤਵ ਅਵਸ਼ੇਸ਼ ਦੇਖ ਸਕਦੇ ਹਨ। ਲਾਲੀ ਮਾਰਦੀ ਮਿੱਟੀ ਵਿੱਚ ਬੇਸ਼ੁਮਾਰ ਹੱਡੀਆਂ ਦੇ ਟੁਕੜੇ ਦਿਖਦੇ ਹਨ।

ਮੇਰਸੇਦ ਕਹਿੰਦੇ ਹਨ ਕਿ ਇਸ ਨੂੰ ਕਬਰਸਤਾਨ ਕਹਿਣਾ ਸਹੀ ਨਹੀਂ ਹੈ।

ਉਹ ਕਹਿੰਦੇ ਹੈ, “ਇਹ ਉਹ ਟੋਏ ਸਨ ਜਿੱਥੇ ਲਾਸ਼ਾਂ ਸੁੱਟੀਆਂ ਜਾਂਦੀਆਂ ਸਨ। ਬਦਬੂ ਕਾਰਨ ਕੁਝ ਲਾਸ਼ਾਂ ਨੂੰ ਸਾੜ ਵੀ ਦਿੱਤਾ ਜਾਂਦਾ ਸੀ। ਟੋਏ ਇੰਨੇ ਭਰ ਜਾਂਦੇ ਸਨ ਕਿ ਉੱਪਰ ਸੁੱਟੀਆਂ ਗਈਆਂ ਲਾਸ਼ਾਂ ਹੇਠਾਂ ਵਾਲੀਆਂ ਨੂੰ ਦੱਬ ਦਿੰਦੀਆਂ ਸਨ।”

ਚਰਚ ਦੇ ਰਿਕਾਰਡ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਇਹ ਕੋਈ ਗੁਪਤ ਥਾਂ ਨਹੀਂ ਸੀ। ਮੌਤਾਂ ਦਾ ਸਰਕਾਰੀ ਰਿਕਾਰਡ ਰੱਖਿਆ ਜਾਂਦਾ ਸੀ, ਪਰ ਜ਼ਿਆਦਾਤਰ ਮ੍ਰਿਤਕਾਂ ਦੇ ਨਾਮ ਦਰਜ ਨਹੀਂ ਸਨ। ਉਨ੍ਹਾਂ ਦੀ ਪਛਾਣ ਸਿਰਫ਼ ਤਰੀਕ, ਜਹਾਜ਼ ਜਾਂ ਉਨ੍ਹਾਂ ਦੇ ਮੂਲ ਸਥਾਨ ਦੇ ਆਧਾਰ ‘ਤੇ ਕੀਤੀ ਜਾਂਦੀ ਸੀ। ਜਿੱਥੇ ਨਾਮ ਦਰਜ ਹਨ, ਉੱਥੇ ਵੀ ਅਕਸਰ ਗ਼ੁਲਾਮ ਬਣਾਉਣ ਵਾਲਿਆਂ ਦੇ ਨਾਮ ਹਨ।

ਮੇਰਸੇਦ ਕਹਿੰਦੇ ਹਨ, “ਇਹ ਕਬਰਸਤਾਨ ਚਾਰ ਘਰਾਂ ਦੇ ਹੇਠਾਂ ਫੈਲਿਆ ਹੋਇਆ ਹੈ। ਇੱਥੇ ਨਵਜੰਮੇ ਬੱਚੇ, ਛੋਟੇ ਬੱਚੇ, ਨੌਜਵਾਨ, ਗਰਭਵਤੀ ਔਰਤਾਂ ਅਤੇ ਅੰਗੋਲਾ, ਕਾਂਗੋ ਅਤੇ ਮੋਜ਼ਾਮਬੀਕ ਤੋਂ ਲਿਆਂਦੇ ਗਏ ਲੋਕ ਦਫ਼ਨ ਹਨ।”

ਇਸ ਕੇਂਦਰ ਵਿੱਚ ਕਲਾ ਪ੍ਰਦਰਸ਼ਨੀਆਂ ਜਿਹੇ ਪ੍ਰੋਗਰਾਮ ਹੋਣਗੇ

ਤਸਵੀਰ ਸਰੋਤ, Divulgação

ਹੁਣ 69 ਸਾਲ ਦੀ ਹੋ ਚੁੱਕੇ ਮੇਰਸੇਦ ਅਜੇ ਵੀ ਉਸੇ ਘਰ ਵਿੱਚ ਰਹਿੰਦੇ ਹਨ। ਉਹ ਯਾਦਗਾਰ ਦੇ ਨਾਲ ਲੱਗਦੇ ਘਰ ਵਿੱਚ ਰਹਿ ਕੇ ਹਰ ਰੋਜ਼ ਉੱਥੇ ਕੰਮ ਕਰਦੇ ਹਨ।

ਉਹ ਕਹਿੰਦੇ ਹਨ, “ਜਿਵੇਂ ਹੀ ਤੁਸੀਂ ਫਰਸ਼ ਤੋੜਦੇ ਹੋ, ਥੋੜ੍ਹੀ ਹੀ ਗਹਿਰਾਈ ‘ਤੇ ਹੱਡੀਆਂ ਮਿਲ ਜਾਂਦੀਆਂ ਹਨ।”

ਹੁਣ ਤੱਕ ਲਗਭਗ ਤਿੰਨ ਲੱਖ ਲੋਕ ਇਸ ਸੰਸਥਾ ਦਾ ਦੌਰਾ ਕਰ ਚੁੱਕੇ ਹਨ। ਇਸ ਤੋਂ ਇਲਾਵਾ ਬਹੁਤ ਸਾਰੇ ਲੋਕ ਆਲੇ-ਦੁਆਲੇ ਦੇ ਉਸ ਇਲਾਕੇ ਦੀਆਂ ਗਾਈਡਿਡ ਯਾਤਰਾਵਾਂ ਵੀ ਕਰਦੇ ਹਨ, ਜਿਸ ਨੂੰ ਹੁਣ ‘ਅਫ਼ਰੀਕਨ ਹੈਰੀਟੇਜ ਸਰਕਿਟ’ ਕਿਹਾ ਜਾਂਦਾ ਹੈ।

ਸੰਸਥਾ ਦੀ 21ਵੀਂ ਵਰ੍ਹੇਗੰਢ ਮੌਕੇ ਨੇੜੇ ਹੀ ਇੱਕ ਨਵੇਂ ਸੱਭਿਆਚਾਰਕ ਕੇਂਦਰ ਦਾ ਉਦਘਾਟਨ ਕੀਤਾ ਗਿਆ।

ਮੇਰਸੇਦ ਦੱਸਦੇ ਹਨ ਕਿ ਇੱਥੇ ਕਵਿਤਾ ਸਮਾਗਮ, ਸਾਂਬਾ ਪ੍ਰੋਗਰਾਮ, ਕਲਾ ਪ੍ਰਦਰਸ਼ਨੀਆਂ, ਵਰਕਸ਼ਾਪਾਂ, ਕਿਤਾਬਾਂ ਦੇ ਲੋਕ ਅਰਪਣ ਸਮਾਗਮ ਅਤੇ ਖ਼ਾਸ ਕਰਕੇ ਸਕੂਲੀ ਬੱਚਿਆਂ ਲਈ ਰੀਡਿੰਗ ਕਲੱਬ ਕਰਵਾਏ ਜਾਣਗੇ। ਇਹ ਸਾਰੀਆਂ ਗਤੀਵਿਧੀਆਂ ਆਈਪੀਐੱਨ ਪਹਿਲਾਂ ਵੀ ਕਰਦਾ ਸੀ, ਪਰ ਥਾਂ ਦੀ ਕਮੀ ਸੀ।

ਹੁਣ ਉਹ ਇਮਾਰਤ ਦੀ ਦੂਜੀ ਮੰਜ਼ਿਲ ਦੀ ਮੁਰੰਮਤ ਲਈ ਫੰਡ ਇਕੱਠੇ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਉਹ ਕਹਿੰਦੇ ਹੈ, “ਅਸੀਂ ਹਰ ਕਿਸੇ ਕੋਲ ਮਦਦ ਦੀ ਅਪੀਲ ਕਰ ਰਹੇ ਹਾਂ।”

ਪਰ ਉਨ੍ਹਾਂ ਦਾ ਕੰਮ ਅਜੇ ਮੁੱਕਿਆ ਨਹੀਂ।

ਮੇਰਸੇਦ ਕਹਿੰਦੇ ਹੈ, “ਇਹ ਬਹੁਤ ਨਾਜ਼ੁਕ ਵਿਰਾਸਤ ਹੈ। ਜੇ ਅਸੀਂ ਇੱਕ ਵੀ ਦਿਨ ਇਸ ਬਾਰੇ ਗੱਲ ਨਾ ਕਰੀਏ ਤਾਂ ਇਸ ਦੀ ਯਾਦ ਧੁੰਦਲੀ ਹੋ ਜਾਵੇਗੀ।ਇਹ ਕੋਈ ਆਮ ਥਾਂ ਨਹੀਂ ਹੈ। ਇਹ ਇੱਕ ਵਿਲੱਖਣ ਥਾਂ ਹੈ।ਕਿਸੇ ਨਾ ਕਿਸੇ ਤਰੀਕੇ ਨਾਲ ਉਨ੍ਹਾਂ ਨੇ, ਜੋ ਅਫ਼ਰੀਕਾ ਤੋਂ ਲਿਆਂਦੇ ਗਏ ਸਨ, ਮੈਨੂੰ ਕਿਹਾ ਹੈ ਕਿ ਮੈਂ ਉਨ੍ਹਾਂ ਨੂੰ ਭੁੱਲਣ ਨਾ ਦਿਆਂ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI