Source :- BBC PUNJABI
ਤਸਵੀਰ ਸਰੋਤ, Getty Images
ਚੇਤਾਵਨੀ: ਇਸ ਰਿਪੋਰਟ ਦੇ ਵੇਰਵੇ ਪ੍ਰੇਸ਼ਾਨ ਕਰ ਸਕਦੇ ਹਨ।
ਕੀਨੀਆ ਦੀ ਇਕ ਪ੍ਰਲਯਾ-ਵਾਦੀ ਸੰਪਰਦਾ ਦੇ ਨੇਤਾ ਪੌਲ ਮੈਕੇਨਜ਼ੀ ਨੂੰ 191 ਲੋਕਾਂ ਦੇ ਕਤਲ ਦਾ ਦੋਸ਼ੀ ਪਾਇਆ ਗਿਆ ਹੈ ਉਨ੍ਹਾਂ ਵਿਚੋਂ ਇੱਕ ਨੂੰ ਛੱਡ ਕੇ ਬਾਕੀ ਸਾਰੇ ਬੱਚੇ ਸਨ।
ਮੈਕੇਨਜ਼ੀ ਨੇ ਆਪਣੀ ਸੰਪਰਦਾ ਦੇ ਪੈਰੋਕਾਰਾਂ ਨੂੰ ਆਪਣੇ ਬੱਚਿਆਂ ਨੂੰ ਭੁੱਖੇ ਮਾਰਨ ਦਾ ਹੁਕਮ ਦਿੱਤਾ ਤਾਂ ਜੋ ਉਹ ਈਸਾ ਮਸੀਹ ਨੂੰ ਮਿਲ ਸਕਣ।
ਉਸ ਦੇ ਪ੍ਰਲਯਾ-ਵਾਦੀ ਸਿਧਾਂਤ ਦਾ ਮੰਨਣਾ ਸੀ ਕਿ ਪੜ੍ਹਾਈ ਦੀ ਮਨਾਹੀ ਹੈ ਅਤੇ ਆਧੁਨਿਕ ਦਵਾਈਆਂ ਨੂੰ ਬੁਰਾ ਮੰਨਿਆ ਜਾਂਦਾ ਸੀ।
ਸੰਪਰਦਾ ਦੇ ਹੋਰ 29 ਆਗੂਆਂ ਨੂੰ ਵੀ ਕਤਲ ਦਾ ਦੋਸ਼ੀ ਕਰਾਰ ਦਿੱਤਾ ਗਿਆ ਹੈ। ਉਨ੍ਹਾਂ ਸਾਰਿਆਂ ਨੇ ਆਪਣੇ ਆਪ ਨੂੰ ਬੇਕਸੂਰ ਦੱਸਿਆ ਸੀ ਅਤੇ ਵਾਰ-ਵਾਰ ਇਹ ਦਾਅਵਾ ਕੀਤਾ ਸੀ ਕਿ ਕਿਸੇ ਨੂੰ ਵੀ ਮਰਨ ਲਈ ਮਜਬੂਰ ਨਹੀਂ ਕੀਤਾ ਗਿਆ ਸੀ।
ਮੈਕੇਨਜ਼ੀ ਦੇ ਸਾਬਕਾ ਸੁਰੱਖਿਆ ਮੁਖੀ ਈਨੋਸ ਅਮਾਨਿਆ ਨਗਾਲਾ ‘ਤੇ ਸ਼ੁਰੂ ਵਿੱਚ ਦੋਸ਼ ਲਗਾਏ ਗਏ ਸਨ ਪਰ ਫਿਰ ਉਸ ਨੇ ਸਰਕਾਰੀ ਵਕੀਲ ਦੇ ਦਫ਼ਤਰ ਨਾਲ ਇੱਕ ਸਮਝੌਤਾ ਕਰ ਲਿਆ ਅਤੇ ਉਹ ਇਸ ਮਾਮਲੇ ਦਾ ਗਵਾਹ ਬਣ ਗਿਆ।
ਮੈਕੇਨਜ਼ੀ ਅਤੇ ਸੰਪਰਦਾ ਦੇ ਹੋਰ ਆਗੂਆਂ ਨੂੰ ਕੋਈ ਹੋਰ ਅਦਾਲਤੀ ਮਾਮਲਿਆਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ ਜਿਨ੍ਹਾਂ ਵਿੱਚ ਅੱਤਵਾਦ, ਕੱਟੜਪੰਥ ਅਤੇ ਨਾਬਾਲਗਾਂ ਨੂੰ ਸਿੱਖਿਆਂ ਤੋਂ ਵਾਂਝੇ ਰੱਖਣਾ ਸ਼ਾਮਲ ਹੈ।
ਪਰ ਇਹ ਪਹਿਲੀ ਵਾਰ ਹੈ ਜਦੋਂ ਪਾਦਰੀ ਨੂੰ ਕਤਲ ਦੇ ਸਭ ਤੋਂ ਗੰਭੀਰ ਦੋਸ਼ਾਂ ‘ਤੇ ਅਦਾਲਤੀ ਫ਼ੈਸਲੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਕੀਨੀਆ ਦੇ ਤੱਟ ਨੇੜੇ ਸ਼ਾਕਾਹੋਲਾ ਜੰਗਲ ਵਿੱਚ ਥੋੜ੍ਹੀਆਂ ਡੂੰਘੀਆਂ ਕਬਰਾਂ ਵਿੱਚੋਂ ਚਾਰ ਸੌ ਤੋਂ ਵੱਧ ਲਾਸ਼ਾਂ ਮਿਲਿਆਂ ਸੀ ਜਿੱਥੇ ਮੈਕੇਨਜ਼ੀ ਨੇ ਦੇਸ਼ ਭਰ ਤੋਂ ਆਪਣੇ ਪੈਰੋਕਾਰਾਂ ਨੂੰ ਬੁਲਾਇਆ ਸੀ।
ਲਾਸ਼ਾਂ ਦਫਨਾਉਣ ਲਈ ਨੇੜਲੇ ਕਸਬੇ ਤੋਂ ਸੱਤਰ ਆਦਮੀਆਂ ਨੂੰ ਬੁਲਾਇਆ ਗਿਆ ਸੀ। ਕਈਆਂ ਨੂੰ ਇੱਕ ਦਿਨ ਦੇ 8 ਅਮਰੀਕੀ ਡਾਲਰ ਅਦਾ ਕੀਤੇ ਗਏ।
ਕਬਰਾਂ ਪੁੱਟਣ ਵਾਲਿਆਂ ਵਿੱਚੋਂ ਇੱਕ ਜੇਮਜ਼ ਨੇ ਬੀਬੀਸੀ ਨੂੰ ਦੱਸਿਆ, “ਸਾਨੂੰ ਮਿਲੀ ਹਰ ਕਬਰ ਵਿਚ ਘੱਟੋ ਘੱਟ ਤਿੰਨ ਲਾਸ਼ਾਂ ਸਨ। ਕੁਝ ਅਵਸ਼ੇਸ਼ ਤਾਂ ਸਿਰਫ਼ ਕੁਝ ਹਫਤਿਆਂ ਦੇ ਬੱਚਿਆਂ ਦੇ ਸਨ।”
“ਇੱਕ ਵਾਰ ਸਾਨੂੰ ਇੱਕ ਵੱਡੀ ਕਬਰ ਵਿੱਚ 12 ਬੱਚਿਆਂ ਦੀਆਂ ਲਾਸ਼ਾਂ ਮਿਲਿਆਂ। ਲਾਸ਼ਾਂ ਇੰਝ ਰੱਖੀਆਂ ਗਈਆਂ ਸਨ ਜਿਵੇਂ ਇੱਕ ਦੇ ਉੱਤੇ ਇੱਕ ਕੱਪੜੇ ਰੱਖੇ ਗਏ ਹੋਣ।”
ਕਬਰਾਂ ਪੁੱਟਣ ਵਾਲਿਆਂ ਨੇ ਦੱਸਿਆ ਕਿ ਕੁਝ ਬੱਚਿਆਂ ਦੀਆਂ ਲਾਸ਼ਾਂ ਇਵੇਂ ਸਨ ਜਿਵੇਂ ਉਨ੍ਹਾਂ ਦੇ ਹੱਥ ਅਤੇ ਲੱਤਾਂ ਬੰਨ੍ਹੀਆਂ ਹੋਈਆਂ ਸਨ ਅਤੇ ਉਨ੍ਹਾਂ ਦੇ ਸਰੀਰ ਚਾਦਰਾਂ ਵਿੱਚ ਲਪੇਟੇ ਹੋਏ ਸਨ।
‘ਦੋਹਾਂ ਵਿਚੋਂ ਇੱਕ ਨੂੰ ਮਰਨਾ ਹੋਵੇਗਾ’
ਤਸਵੀਰ ਸਰੋਤ, SALIM KARISA
ਹਾਲਾਂਕਿ ਮੈਕੇਨਜ਼ੀ ਦੇ ਬਹੁਤ ਸਾਰੇ ਪੈਰੋਕਾਰ ਕੀਨੀਆ ਦੇ ਦੋ ਹੋਰ ਹਿੱਸਿਆਂ ਤੋਂ ਆਏ ਸੀ ਪਰ ਕੁਝ ਲਾਸ਼ਾਂ ਉਨ੍ਹਾਂ ਲੋਕਾਂ ਦੀਆਂ ਹਨ ਜੋ ਸਥਾਨਕ ਭਾਈਚਾਰੇ ਵਿੱਚ ਜਾਣੇ ਪਛਾਣੇ ਸਨ ਕਿਉਂਕਿ ਭਾਈਚਾਰੇ ਦੇ ਮੈਂਬਰ ਅਕਸਰ ਸਮਾਨ ਖ਼ਰੀਦਣ ਅਤੇ ਸ਼ਹਿਰ ਵਿੱਚੋਂ ਲੰਘਦੀ ਗਲਾਨਾ ਨਦੀ ਤੋਂ ਪਾਣੀ ਲੈਣ ਲਈ ਨੇੜਲੇ ਸ਼ਾਕਾਹੋਲਾ ਸ਼ਹਿਰ ਜਾਂਦੇ ਰਹਿੰਦੇ ਸਨ।
ਕਬਰਾਂ ਪੁੱਟਣ ਵਾਲੇ ਇੱਕ ਹਰ ਵਿਅਕਤੀ ਸਲੀਮ ਕਰੀਸਾ ਨੇ ਦੱਸਿਆ, “ਕਈ ਵਾਰ ਅਸੀਂ ਲੋਕਾਂ ਨੂੰ ਆਪਣੇ ਮੋਟਰਸਾਈਕਲਾਂ ‘ਤੇ ਜੰਗਲ ਵਿੱਚ ਲੈ ਕੇ ਜਾਂਦੇ ਸੀ। ਪਰ ਸਭ ਕੁਝ ਇੰਨੇ ਯੋਜਨਾਬੱਧ ਤਰੀਕੇ ਨਾਲ ਕੀਤਾ ਜਾਂਦਾ ਸੀ ਅਤੇ ਇੰਨਾ ਗੁਪਤ ਹੁੰਦਾ ਸੀ ਕਿ ਕਿਸੇ ਨੂੰ ਵੀ ਪਤਾ ਨਹੀਂ ਸੀ ਕਿ ਅੰਦਰ ਕੀ ਚੱਲ ਰਿਹਾ ਹੈ।”
48 ਸਾਲਾ ਸਟੀਫਨ ਮਵਿਤੀ ਨੇ ਦੱਸਿਆ ਕਿ ਕਿਵੇਂ ਸੰਪਰਦਾ ਹੱਥੋਂ ਉਸ ਨੇ ਆਪਣੇ ਛੇ ਬੱਚੇ ਗਵਾਏ ਅਤੇ ਕਿਵੇਂ ਜਦੋਂ ਉਸ ਨੇ ਘਰ ਵਿਚ ਮੈਕੇਨਜ਼ੀ ਦਾ ਸਾਹਮਣਾ ਕੀਤਾ ਤਾਂ ਉਸ ਨੇ ‘ਕਈ ਗੰਜੀਆਂ ਔਰਤਾਂ ਅਤੇ ਦਰਜਨਾਂ ਬੱਚੇ ਦੇਖੇ’। ਮੈਕੇਨਜ਼ੀ ਨੇ ਭੜਕੀਲੇ ਮੇਕਅਪ ਅਤੇ ਹੇਅਰ ਸਟਾਈਲ ਦੀ ਮਨਾਹੀ ਕੀਤੀ ਹੋਈ ਸੀ ਇਸ ਲਈ ਉਸ ਨੇ ਮਹਿਲਾਵਾਂ ਨੂੰ ਆਪਣੇ ਸਿਰ ਮੁੰਨਣ ਜਾਂ ਅਣ-ਸੰਵਾਰੇ ਵਾਲ ਰੱਖਣ ਲਈ ਕਿਹਾ ਸੀ।
ਮਵਿਤੀ ਦੀ ਸਾਬਕਾ ਪਤਨੀ ਵੀ ਮੈਕੇਨਜ਼ੀ ਦੇ ਨਾਲ ਮੁਲਜ਼ਮ ਸੀ।
ਉਸ ਨੇ ਬੀਬੀਸੀ ਨੂੰ ਦੱਸਿਆ, ” ਜੇ ਮੈਂ ਅੱਜ ਪਾਸਟਰ ਮੈਕੇਨਜ਼ੀ ਨੂੰ ਮਿਲਦਾ ਤਾਂ ਸਾਡੇ ਦੋਹਾਂ ਵਿਚੋਂ ਇੱਕ ਨੂੰ ਮਰਨਾ ਪੈਣਾ ਸੀ।”
ਮਵਿਤੀ ਨੇ ਆਪਣੇ ਪਰਿਵਾਰ ਦੀ ਤਸਵੀਰ ਹੱਥ ਵਿੱਚ ਫੜੀ ਹੋਈ ਸੀ ਅਤੇ ਕਿਹਾ, “ਮੇਰੇ ਛੇ ਬੱਚੇ ਸ਼ਾਕਾਹੋਲਾ ਦੇ ਜੰਗਲ ਵਿਚ ਮਾਰੇ ਗਏ। ਮੈਨੂੰ ਸਿਰਫ਼ ਮੇਰੇ ਬੇਟੇ ਸੈਮੁਅਲ ਦੀ ਲਾਸ਼ ਹੀ ਮਿਲੀ ਅਤੇ ਮੈਂ ਉਸ ਨੂੰ ਦਫਨਾਇਆ।”
ਸ਼ਾਕਾਹੋਲਾ ਤੋਂ 70 ਕਿੱਲੋਮੀਟਰ ਦੂਰ ਮਾਲਿੰਡੀ ਸ਼ਹਿਰ ਵਿੱਚ ਆਪਣੇ ਘਰ ਵਿੱਚ ਮਿੱਟੀ ਨਾਲ ਭਰੇ ਟੀਵੀ ਅਤੇ ਡੀਕੋਡਰ ਵੱਲ ਇਸ਼ਾਰਾ ਕਰਦਿਆਂ ਮਵਿਤੀ ਨੇ ਕਿਹਾ, ” ਇਹ ਛੋਟੀ ਜਿਹੀ ਚੀਜ਼ ਮੇਰੀ ਬਦਕਿਸਮਤੀ ਦੀ ਸ਼ੁਰੂਆਤ ਸੀ।”
ਇਸੇ ਟੀਵੀ ਜ਼ਰੀਏ ਹੀ ਮੈਕੇਨਜ਼ੀ ਦੀਆਂ ਗੱਲਾਂ ਉਸ ਦੇ ਘਰ ਤੱਕ ਪਹੁੰਚਿਆ ਸੀ।
ਪਾਸਟਰ ਨੇ 2003 ਵਿੱਚ ਗੁੱਡ ਨਿਊਜ਼ ਇੰਟਰਨੈਸ਼ਨਲ ਮਨਿਸਟਰੀਜ਼ ਦੀ ਸਥਾਪਨਾ ਕੀਤੀ ਸੀ। ਅਗਲੇ 16 ਸਾਲਾਂ ਵਿੱਚ ਇਸ ਦੀ ਮਸ਼ਹੂਰੀ ਇੰਨੀ ਵਧ ਗਈ ਕਿ ਇਸ ਦੇ ਹਜ਼ਾਰਾਂ ਸਮਰਥਕ ਬਣ ਗਏ ਅਤੇ ਕੀਨੀਆ ਵਿੱਚ ਵੱਖ ਵੱਖ ਸ਼ਾਖ਼ਾਵਾਂ ਬਣ ਗਈਆਂ।
ਉਸ ਦੀ ਚਰਚ ਟਾਈਮਜ਼ ਟੀਵੀ ਨਾਮੀ ਇੱਕ ਟੀਵੀ ਸਟੇਸ਼ਨ ਵੀ ਚਲਾਉਂਦੀ ਸੀ ਜੋ ਮਾਲਿੰਡੀ ਸਥਿਤ ਉਸ ਦੀ ਚਰਚ ਵਿੱਚ ਦਿੱਤੇ ਪ੍ਰਵਰਚਨਾਂ ਦਾ ਪ੍ਰਸਾਰਣ ਕਰਦਾ ਸੀ।
ਆਖ਼ਰੀ ਸਮੇਂ ਬਾਰੇ ਆਪਣੇ ਪ੍ਰਵਚਨਾਂ ਵਿੱਚ ਉਸ ਨੇ ਅਜਿਹੇ ਮਨਘੜਤ ਸਿਧਾਂਤ ਸ਼ਾਮਲ ਕੀਤੇ ਸਨ ਜੋ ਪੜ੍ਹਾਈ ਨੂੰ ਪਾਪ, ਡਾਕਟਰੀ ਇਲਾਜ ਨੂੰ ਧਾਰਮਿਕ ਸਿਧਾਂਤਾਂ ਦੇ ਉਲਟ ਅਤੇ ਡਿਜੀਟਲ ਪਛਾਣ ਪੱਤਰਾਂ ਨੂੰ ਸ਼ੈਤਾਨ ਦਾ ਨਿਸ਼ਾਨ ਦੱਸਦੇ ਸਨ।
ਭੂਤ ਪ੍ਰੇਤਾਂ ਕੱਢਣਾ
ਤਸਵੀਰ ਸਰੋਤ, MOHAMED MADI / BBC
ਮੈਕੇਨਜ਼ੀ ਦੇ ਬੇਟੇ ਡੈਨ ਪੌਲ ਮੈਕੇਨਜ਼ੀ ਨੇ ਦੱਸਿਆ ਕਿ ਉਹ ਚਰਚ ਵਿੱਚ ਇੱਕ ਕੈਮਰਾਮੈਨ ਵਜੋਂ ਕੰਮ ਕਰਦਾ ਸੀ। ਉਸ ਨੇ ਕਿਹਾ, “ਬੱਚੇ ਪਿੱਛੇ ਬੈਠਦੇ ਸਨ ਅਤੇ ਹਰ ਕੋਈ ਸਵੇਰੇ ਧਾਰਮਿਕ ਭਜਨ ਗਾਉਂਦਾ ਸੀ।”
ਪਾਸਟਰ ਦੁਪਹਿਰ ਨੂੰ ਆਪਣਾ ਜੋਸ਼ੀਲਾ ਉਪਦੇਸ਼ ਸ਼ੁਰੂ ਕਰਦਾ ਸੀ ਜਿੰਨ੍ਹਾਂ ਵਿੱਚ ਭੂਤ ਪ੍ਰੇਤਾਂ ਨੂੰ ਕੱਢਣਾ ਵੀ ਸ਼ਾਮਲ ਹੁੰਦਾ ਸੀ।
ਮੁੱਖ ਚਰਚ ਨੇ 2019 ਵਿੱਚ ਆਪਣੇ ਦਰਵਾਜ਼ੇ ਬੰਦ ਕਰ ਦਿੱਤੇ ਅਤੇ ਪੌਲ ਮੈਕੇਨਜ਼ੀ ਸ਼ਾਕਾਹੋਲਾ ਦੇ ਜੰਗਲਾਂ ਵਿੱਚ ਚਲਾ ਗਿਆ। ਆਪਣੇ ਸ਼ਰਧਾਲੂਆਂ ਨੂੰ ਵੀ ਆਪਣੇ ਪਿੱਛੇ ਆਉਣ ਲਈ ਪ੍ਰੇਰਿਤ ਕੀਤਾ।
23 ਸਾਲਾ ਪੀਟਰ ਸ਼ੁਕਰਾਨੀ ਨੇ ਦੱਸਿਆ ਕਿ ਉਸ ਸਮੇਂ ਉਸ ਦੀ ਮਾਂ ਉਸ ਨੂੰ ਸ਼ਾਕਾਹੋਲਾ ਲੈ ਗਈ ਸੀ। ਉਸ ਨੇ ਅੱਠ ਸਾਲ ਦੀ ਉਮਰ ਵਿੱਚ ਮੈਕੇਨਜ਼ੀ ਦੇ ਚਰਚ ਜਾਣਾ ਸ਼ੁਰੂ ਕੀਤਾ ਸੀ ਅਤੇ ਉਸ ਨੂੰ ਆਪਣੇ ਰੂਹਾਨੀ ਪਿਤਾ ਦੱਸਿਆ ਅਤੇ ਨਾਲ ਹੀ ਇਹ ਵੀ ਕਿਹਾ ਕਿ ‘ਮੈਂ ਉਸ ਖ਼ਿਲਾਫ਼ ਕਦੇ ਬੁਰਾ ਸ਼ਬਦ ਨਹੀਂ ਬੋਲਾਂਗਾ।’
ਜੰਗਲ ਵਿੱਚ ਰਹਿਣ ਦੌਰਾਨ ਸ਼ੁਕਰਾਨੀ ਦੀ ਤਬੀਅਤ ਖ਼ਰਾਬ ਹੋ ਗਈ ਅਤੇ ਇਲਾਜ ਦੀ ਮਨਾਹੀ ਕਾਰਨ ਉਸ ਦੀ ਸਿਹਤ ਹੋਰ ਵਿਗੜ ਗਈ।
ਸ਼ੁਕਰਾਨੀ ਨੇ ਕਿਹਾ, ” ਮੇਰੀ ਮਾਂ ਨੇ ਉਹ ਸਾਰੀਆਂ ਦਵਾਈਆਂ ਸੁੱਟ ਦਿੱਤੀਆਂ ਜੋ ਉਨ੍ਹਾਂ ਨੂੰ ਲੈਣੀਆਂ ਚਾਹੀਦੀਆਂ ਸੀ ਕਿਉਂਕਿ ਉਨ੍ਹਾਂ ਦਾ ਮੰਨਣਾ ਸੀ ਕਿ ਸਿਰਫ਼ ਰੱਬ ਹੀ ਮੈਨੂੰ ਠੀਕ ਕਰ ਸਕਦਾ ਹੈ।”

ਇਸ ਭਾਈਚਾਰੇ ਨੂੰ ਵਿਸ਼ਾਲ ਜੰਗਲ ਵਿੱਚ ਇੱਧਰ ਉਧਰ ਬਣੇ ਮਿੱਟੀ ਦੇ ਘਰਾਂ ਦੇ ਇੱਕ ਸਮੂਹ ਵਜੋਂ ਦੱਸਿਆ ਗਿਆ ਸੀ। ਸ਼ੁਕਰਾਨੀ ਨੇ ਕਿਹਾ, “ਅਸੀਂ ਸ਼ਾਂਤ ਅਤੇ ਆਮ ਜ਼ਿੰਦਗੀ ਜਿਉਂਦੇ ਸੀ। ਅਸੀਂ ਕੁਝ ਦਿਨਾਂ ਲਈ ਵਰਤ ਰੱਖਦੇ ਸੀ ਅਤੇ ਫਿਰ ਥੋੜ੍ਹਾ ਜਿਹਾ ਖਾਣਾ ਬਣਾ ਲੈਂਦੇ ਸੀ।”
ਮਾਰਚ 2023 ਵਿੱਚ ਜਦੋਂ ਸਥਾਨਕ ਚਰਵਾਹਿਆਂ ਨੂੰ ਪਹਿਲੇ ਅਵਸ਼ੇਸ਼ ਮਿਲੇ ਉਦੋਂ ਤੱਕ ਸੈਂਕੜੇ ਲੋਕਾਂ ਦੀ ਮੌਤ ਹੋ ਚੁੱਕੀ ਸੀ। ਕਬਰਾਂ ਪੁੱਟਣ ਵਾਲਿਆਂ ਵਿੱਚੋਂ ਇੱਕ ਸਲੀਮ ਕਰਾਸਾ ਨੇ ਦੱਸਿਆ, “ਅਸੀਂ ਇੱਕ ਵਿਅਕਤੀ ਨੂੰ ਜੰਗਲ ਵਿੱਚੋਂ ਬਾਹਰ ਕੱਢਿਆ ਪਰ ਉਹ ਇੰਨੇ ਕਮਜ਼ੋਰ ਸਨ ਕਿ ਉਨ੍ਹਾਂ ਨੇ ਸਾਡੀਆਂ ਬਾਹਾਂ ਵਿੱਚ ਹੀ ਦਮ ਤੋੜ ਦਿੱਤਾ।”
ਸ਼ੁਕਰਾਨੀ ਉਨ੍ਹਾਂ ਲੋਕਾਂ ਵਿੱਚੋਂ ਸਨ ਜਿਨ੍ਹਾਂ ਨੂੰ ਮਾਰਚ 2023 ਵਿੱਚ ਜੰਗਲ ਵਿੱਚੋਂ ਬਚਾਇਆ ਗਿਆ ਸੀ।
ਉਹ ਕਈ ਹਫਤਿਆਂ ਤੋਂ ਬਿਮਾਰ ਸੀ ਅਤੇ ਬਿਸਤਰ ‘ਤੇ ਸੀ ਪਰ ਉਸ ਦੀ ਹਾਲਤ ਹੋਰ ਵਿਗੜ ਗਈ ਸੀ ਕਿਉਂਕਿ ਉਸ ਦੇ ਠੀਕ ਹੋਣ ਲਈ ਚਾਹੀਦੀਆਂ ਸਾਰੀਆਂ ਦਵਾਈਆਂ ਉਸ ਦੀ ਮਾਂ ਨੇ ਸੁੱਟ ਦਿੱਤੀਆਂ ਸੀ।
ਸ਼ੁਕਰਾਨੀ ਨੇ ਦੱਸਿਆ, “ਮੇਰੀ ਮਾਂ ਪਾਸਟਰ ਮੈਕੇਨਜ਼ੀ ਦੇ ਉਸ ਸਿਧਾਂਤ ਵਿੱਚ ਵਿਸ਼ਵਾਸ ਕਰਦੀ ਸੀ ਕਿ ਦਵਾਈਆਂ ਪਾਪ ਹੁੰਦੀਆਂ ਹਨ।”
ਉਸ ਨੇ ਕਿਹਾ, ” ਜੇ ਮੈਨੂੰ ਸ਼ਾਕਾਹੋਲਾ ਦੇ ਜੰਗਲ ਵਿੱਚੋਂ ਨਾ ਬਚਾਇਆ ਗਿਆ ਹੁੰਦਾ ਤਾਂ ਮੈਂ ਹੁਣ ਤੱਕ ਮਰ ਚੁੱਕਾ ਹੋਣਾ ਸੀ।”
‘ਮੈਂ ਹੁਣ ਵੀ ਉਸ ਨੂੰ ਪਿਆਰ ਕਰਦਾ ਹਾਂ’

ਉਸ ਖ਼ਿਲਾਫ਼ ਦੋਸ਼ਾਂ ਦੇ 298 ਪੰਨਿਆਂ ਦੇ ਵੇਰਵਿਆਂ ਵਿੱਚ ਦੱਸਿਆ ਗਿਆ ਹੈ ਕਿ ਕਤਲ ਕੀਤੇ 191 ਵਿੱਚੋਂ 190 ਬੱਚੇ ਸਨ ਜਿਨ੍ਹਾਂ ਦੇ ਕਤਲ ਦਾ ਇਲਜ਼ਾਮ ਮੈਕੇਨਜ਼ੀ ‘ਤੇ ਲੱਗੇ ਹਨ।
ਬਹੁਤ ਖ਼ਰਾਬ ਹੋ ਜਾਣ ਕਾਰਨ ਕਈ ਲਾਸ਼ਾਂ ਦੀ ਪਛਾਣ ਨਹੀਂ ਹੋ ਸਕੀ ਹੈ।
ਅਦਾਲਤੀ ਦਸਤਾਵੇਜ਼ਾਂ ਵਿੱਚ ਕਈਆਂ ਨੂੰ ‘ਅਣਪਛਾਤੇ ਨਰ ਬੱਚੇ’ ਦੱਸਿਆ ਗਿਆ ਹੈ ਅਤੇ ਉਨ੍ਹਾਂ ਦੀ ਪਛਾਣ ਕਬਰ ਦੀ ਲੋਕੇਸ਼ਨ ਅਤੇ ਉਨ੍ਹਾਂ ਨੂੰ ਮਿਲਣ ਦੀ ਤਾਰੀਖ ਨਾਲ ਕੀਤੀ ਗਈ ਹੈ।
ਮੈਕੇਨਜ਼ੀ ਦੇ ਪੈਰੋਕਾਰਾਂ ਮਰਦਾਂ, ਔਰਤਾਂ ਅਤੇ ਬੱਚਿਆਂ ਵੱਲੋਂ ਝੱਲੇ ਦੁੱਖਾਂ ਜਿਨ੍ਹਾਂ ਦੀ ਮੌਤ ਭੁੱਖ, ਗਲਾ ਘੁਟਣ ਅਤੇ ਕੁੱਟਮਾਰ ਕਾਰਨ ਹੋਈ ਅਤੇ ਖੁਦ ਦੇ ਦੁੱਖਾਂ ਦੇ ਬਾਵਜੂਦ ਸ਼ੁਕਰਾਨੀ ਦਾ ਮੰਨਣਾ ਹੈ ਕਿ ‘ਮੈਕੇਨਜ਼ੀ ਇੱਕ ਚੰਗਾ ਵਿਅਕਤੀ ਸੀ ਜੋ ਮੇਰੀ ਪਰਵਾਹ ਕਰਦਾ ਸੀ’।
ਸ਼ੁਕਰਾਨੀ ਨੇ ਕਿਹਾ, “ਮੈਕੇਨਜ਼ੀ ਕਿਸੇ ਨੂੰ ਵਰਤ ਰੱਖਣ ਲਈ ਮਜਬੂਰ ਨਹੀਂ ਕਰਦਾ ਸੀ। ਕਈ ਲੋਕਾਂ ਨੇ ਆਪਣੇ ਵਿਸ਼ਵਾਸ ਕਾਰਨ ਖੁਦ ਫ਼ੈਸਲੇ ਲਏ।”
“ਮੈਂ ਹਾਲੇ ਵੀ ਉਸ ਨੂੰ ਪਿਆਰ ਕਰਦਾ ਹਾਂ ਅਤੇ ਉਹ ਮੇਰਾ ਮਾਰਗਦਰਸ਼ਕ ਹੈ।”
ਜਦਕਿ ਡੈਨ ਮੈਕੇਨਜ਼ੀ ਮੰਨਦਾ ਹੈ ਕਿ ਉਸ ਦਾ ਪਿਤਾ ਕਤਲ ਦਾ ਦੋਸ਼ੀ ਪਾਇਆ ਗਿਆ ਸੀ।
ਫ਼ੈਸਲੇ ਤੋਂ ਪਹਿਲਾਂ ਉਸ ਨੇ ਕਿਹਾ, “ਉਹ ਆਗੂ ਸੀ, ਉਹ ਅਜਿਹਾ ਵਿਅਕਤੀ ਸੀ ਜਿਸ ਦਾ ਉਹ ਸਤਿਕਾਰ ਕਰਦੇ ਸਨ। ਇਸ ਲਈ ਉਹ ਸਮੂਹਿਕ ਕਾਤਲ ਹੈ।”
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI




