Source :- BBC PUNJABI
ਤਸਵੀਰ ਸਰੋਤ, Ravinder Singh Robin/BBC
ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 6 ਮਿੰਟ
ਪੰਜਾਬ ਦੇ ਅੰਮ੍ਰਿਤਸਰ ਵਿੱਚ ਏਐੱਸਆਈ ਹਰਜੀਤ ਸਿੰਘ ਦਾ ਗੋਲ਼ੀ ਮਾਰ ਕੇ ਕਤਲ ਕਰਨ ਦੇ ਮਾਮਲੇ ਵਿੱਚ ਬੀਤੀ ਰਾਤ ਕਥਿਤ ਪੁਲਿਸ ਮੁਕਾਬਲੇ ਵਿੱਚ ਇੱਕ ਸ਼ੱਕੀ ਮੁਲਜ਼ਮ ਨੂੰ ਗੋਲ਼ੀ ਵੱਜੀ, ਜਿਸ ਤੋਂ ਬਾਅਦ ਉਸਦੀ ਮੌਤ ਹੋ ਗਈ।
ਬੀਬੀਸੀ ਪੱਤਰਕਾਰ ਰਵਿੰਦਰ ਸਿੰਘ ਰੌਬਿਨ ਦੁਆਰਾ ਦਿੱਤੀ ਗਈ ਜਾਣਕਾਰੀ ਮੁਤਾਬਕ, ਪੁਲਿਸ ਦਾ ਕਹਿਣਾ ਹੈ ਕਿ ਇੱਕ ਦੂਜਾ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਿਆ ਅਤੇ ਉਸਦੀ ਭਾਲ਼ ਲਗਾਤਾਰ ਜਾਰੀ ਹੈ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਮਾਮਲੇ ਵਿੱਚ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕੀਤੀ ਗਈ ਅਤੇ ਸ਼ੂਟਰਾਂ ਬਾਰੇ ਜਾਣਕਾਰੀ ਪੁਖਤਾ ਹੋਣ ਤੋਂ ਬਾਅਦ ਸਖਤ ਨਾਕਾਬੰਦੀ ਕਰ ਦਿੱਤੀ ਗਈ ਸੀ।
ਉਨ੍ਹਾਂ ਦੱਸਿਆ ਕਿ ਜਦੋਂ ਇੱਕ ਨਾਕੇ ‘ਤੇ ਸ਼ੱਕੀ ਮੁਲਜ਼ਮਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੇ ਪੁਲਿਸ ਟੀਮ ‘ਤੇ ਗੋਲ਼ੀਆਂ ਚਲਾਈਆਂ। ਜਵਾਬੀ ਕਾਰਵਾਈ ਵਿੱਚ ਇੱਕ ਦੇ ਗੋਲ਼ੀ ਵੱਜੀ, ਜਿਸਨੂੰ ਹਸਪਤਾਲ ਨੇ ਮ੍ਰਿਤਕ ਐਲਾਨ ਦਿੱਤਾ ਹੈ ਅਤੇ ਇੱਕ ਮੌਕੇ ਤੋਂ ਭੱਜ ਗਿਆ, ਜਿਸਦੀ ਭਾਲ਼ ਕੀਤੀ ਜਾ ਰਹੀ ਹੈ।
ਤਸਵੀਰ ਸਰੋਤ, Bhagwant Mann/X
ਅੰਮ੍ਰਿਤਸਰ ਵਿੱਚ ਇੱਕ ਸਹਾਇਕ ਥਾਣੇਦਾਰ (ਏਐੱਸਆਈ) ਹਰਜੀਤ ਸਿੰਘ ਦਾ 17-18 ਸਤੰਬਰ ਦੀ ਦਰਮਿਆਨੀ ਰਾਤ ਕਰੀਬ ਸਾਢੇ ਬਾਰਾਂ ਵਜੇ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਜਿਸ ਵੇਲੇ ਏਐੱਸਆਈ ਹਰਜੀਤ ਸਿੰਘ ਨੂੰ ਗੋਲ਼ੀ ਮਾਰੀ ਗਈ, ਉਹ ਡਿਊਟੀ ਉੱਤੇ ਸਨ। ਏਐੱਸਆਈ ਹਰਜੀਤ ਸਿੰਘ, ਅੰਮ੍ਰਿਤਸਰ ਜ਼ਿਲ੍ਹੇ ਦੇ ਥਾਣਾ ਗੇਟ ਹਕੀਮਾਂ ‘ਚ ਤਾਇਨਾਤ ਸਨ।
ਪੁਲਿਸ ਨੇ ਜਾਂਚ ਅਤੇ ਮੁਕਾਬਲੇ ਬਾਰੇ ਕੀ ਦੱਸਿਆ
ਤਸਵੀਰ ਸਰੋਤ, Ravinder Singh Robin / BBC
ਪੁਲਿਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਵਿੱਚ ਦੋ ਸ਼ੂਟਰ ਕਾਇਨੈਟਿਕ ਸਕੂਟਰ ‘ਤੇ ਆਉਂਦੇ ਦਿਖਾਈ ਦਿੱਤੇ, ਜਿਸ ਮਗਰੋਂ ਅਸੀਂ ਉੱਥੋਂ ਦਾ ਸਾਰਾ ਡੰਪ ਚੁੱਕਿਆ ਅਤੇ ਜਾਂਚ ਕੀਤੀ।
ਉਨ੍ਹਾਂ ਕਿਹਾ ”ਪੁਲਿਸ ਨੂੰ ਖੁਫੀਆ ਅਤੇ ਪੁਖਤਾ ਜਾਣਕਾਰੀ ਮਿਲੀ ਸੀ ਕਿ ਇਸ ਘਟਨਾ ਲਈ ਜ਼ਿੰਮੇਵਾਰ ਸ਼ੂਟਰ ਇਲਾਕੇ ਵਿੱਚ ਸਰਗਰਮ ਸਨ ਅਤੇ ਕਿਸੇ ਹੋਰ ਵਾਰਦਾਤ ਨੂੰ ਅੰਜਾਮ ਦੇ ਸਕਦੇ ਹਨ। ਇਸ ਦੇ ਆਧਾਰ ‘ਤੇ ਪੁਲਿਸ ਵੱਲੋਂ ਭਾਰੀ ਨਾਕਾਬੰਦੀ ਕੀਤੀ ਗਈ ਸੀ।”
”ਇਸ ਦੌਰਾਨ, ਜਦੋਂ ਪੁਲਿਸ ਨੇ ਕਾਇਨੈਟਿਕ ਸਕੂਟਰ ‘ਤੇ ਸਵਾਰ ਸ਼ੱਕੀ ਵਿਅਕਤੀਆਂ ਨੂੰ ਥਾਂਡੇ ਰੋਡ ਨੇੜੇ ਇੱਕ ਨਾਕੇ ‘ਤੇ ਰੁਕਣ ਦਾ ਇਸ਼ਾਰਾ ਕੀਤਾ, ਤਾਂ ਉਨ੍ਹਾਂ ਨੇ ਤੁਰੰਤ ਪੁਲਿਸ ਪਾਰਟੀ ‘ਤੇ ਅੰਨ੍ਹੇਵਾਹ ਗੋਲੀਬਾਰੀ ਸ਼ੁਰੂ ਕਰ ਦਿੱਤੀ।”
”ਇਨ੍ਹਾਂ ਨੇ ਚਾਰ ਫਾਇਰ ਕੀਤੇ, ਇੱਕ ਫ਼ਾਇਰ ਸਾਡੇ ਇੱਕ ਜਵਾਨ ਦੀ ਛਾਤੀ ‘ਤੇ ਲੱਗਾ ਪਰ ਬੁਲੇਟ ਪਰੂਫ ਜੈਕੇਟ ਕਾਰਨ ਉਸਦਾ ਬਚਾਅ ਹੋ ਗਿਆ, ਦੋ ਫਾਇਰ ਸਾਡੀ ਗੱਡੀ ‘ਤੇ ਵੀ ਲੱਗੇ ਅਤੇ ਇੱਕ ਪਾਸੇ ਤੋਂ ਨਿੱਕਲ ਗਿਆ।”
”ਪੁਲਿਸ ਨੇ ਜਵਾਬੀ ਕਾਰਵਾਈ ਵਿੱਚ ਛੇ ਫਾਇਰ ਕੀਤੇ, ਜਿਨ੍ਹਾਂ ਵਿੱਚੋਂ ਇੱਕ ਸ਼ੱਕੀ ਮੁਲਜ਼ਮ ਨੂੰ ਲੱਗਾ। ਅਸੀਂ ਉਸਨੂੰ ਜ਼ਖਮੀ ਹਾਲਤ ‘ਚ ਹਸਪਤਾਲ ਲੈ ਗਏ, ਜਿੱਥੇ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ।”
ਉਨ੍ਹਾਂ ਕਿਹਾ, ”ਇਸ ਦੌਰਾਨ ਉਸਦਾ ਇੱਕ ਸਾਥੀ ਹਨ੍ਹੇਰੇ ਦਾ ਫਾਇਦਾ ਚੁੱਕ ਕੇ ਭੱਜ ਗਿਆ ਅਤੇ ਪੁਲਿਸ ਦੀਆਂ ਖੋਜ ਟੀਮਾਂ ਉਸਦੀ ਭਾਲ਼ ਕਰ ਰਹੀਆਂ ਹਨ।
ਪਾਕਿਸਤਾਨ ਨਾਲ ਕੀ ਸਬੰਧ ਦੱਸ ਰਹੀ ਪੁਲਿਸ
ਤਸਵੀਰ ਸਰੋਤ, Getty Images
ਪੁਲਿਸ ਦਾ ਦਾਅਵਾ ਹੈ ਕਿ ਇਸ ਕਤਲ ਦੀ ਘਟਨਾ ਨੂੰ ਅੰਜਾਮ ਦੇਣ ਪਿੱਛੇ ਪਾਕਿਸਤਾਨ ਦੇ ਬਦਮਾਸ਼ਾਂ ਦਾ ਹੱਥ ਹੈ, ਜਿਨ੍ਹਾਂ ਨੇ ਇਨ੍ਹਾਂ ਦੋ ਜਣਿਆਂ ਨੂੰ ਪੈਸੇ ਦਾ ਲਾਲਚ ਦੇਕੇ ਇਨ੍ਹਾਂ ਤੋਂ ਇਸ ਘਟਨਾ ਨੂੰ ਅੰਜਾਮ ਦਿਵਾਇਆ।
ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ, ਹਰਮਨਬੀਰ ਸਿੰਘ ਗਿੱਲ ਨੇ ਕਿਹਾ, ”ਵਿਦੇਸ਼ ਵਿੱਚ ਬੈਠੇ ਪਾਕਿਸਤਾਨ ਦੇ ਇੱਕ ਬਦਮਾਸ਼ ਨੇ ਇਨ੍ਹਾਂ ਨੂੰ ਇਹੀ ਟਾਰਗੇਟ ਦਿੱਤਾ ਸੀ ਕਿ ਕਿਸੇ ਵੀ ਪੁਲਿਸ ਵਾਲੇ ਦੇ ਗੋਲ਼ੀ ਮਾਰ ਕੇ, ਮੈਨੂੰ 30-40 ਸਕਿੰਟ ਦੀ ਵੀਡੀਓ ਬਣਾ ਕੇ ਭੇਜੋ।”
”ਆਲੇ-ਦੁਆਲੇ ਦੀਆਂ ਦੁਕਾਨਾਂ ‘ਤੇ ਲੱਗੇ ਕੈਮਰਿਆਂ ਦੀ ਸੀਸੀਟੀਵੀ ਫੁਟੇਜ ਵਿੱਚ ਇਹ ਦਿਖਾਈ ਦੇ ਰਿਹਾ ਹੈ ਕਿ ਜਦੋਂ ਹਰਜੀਤ ਸਿੰਘ ਹਮਲੇ ਤੋਂ ਬਾਅਦ ਡਿੱਗੇ ਤਾਂ ਇਨ੍ਹਾਂ ਨੇ ਜਾਕੇ ਕੇ ਉਨ੍ਹਾਂ ਦੀ ਵੀਡੀਓ ਬਣਾਈ।”
”ਪਾਕਿਸਤਾਨ ਦੇ ਬਦਮਾਸ਼ਾਂ ਲਈ ਇਹ ਇੱਕ ਤਰ੍ਹਾਂ ਦਾ ਸਬੂਤ ਹੈ ਕਿ ਇਹ ਬੰਦੇ (ਹਮਲਾਵਰ) ਹੁਣ ਭਰੋਸੇ ‘ਚ ਹਨ ਅਤੇ ਅਸੀਂ ਇਨ੍ਹਾਂ ਨੂੰ ਸਮਾਨ ਭੇਜ ਸਕਦੇ ਹਾਂ ਕਿਉਂਕਿ ਇਨ੍ਹਾਂ ਦੀ ਇੱਕ ਕਮਜ਼ੋਰੀ ਸਾਡੇ ਕੋਲ ਹੈ। ਅਸੀਂ ਇਨ੍ਹਾਂ ਤੋਂ ਕਤਲ ਕਰਵਾ ਦਿੱਤਾ, ਉਹ ਵੀ ਪੁਲਿਸ ਵਾਲੇ ਦਾ।”
ਉਨ੍ਹਾਂ ਕਿਹਾ ਕਿ ਹੈਂਡਲਰ ਇਸ ਤਰ੍ਹਾਂ ਸੋਚਦੇ ਹਨ ਕਿ ”ਹੁਣ ਜੋ ਉਹ ਚਿੱਟਾ ਭੇਜਣਗੇ, ਉਸ ਦੀ ਕਮਾਈ ਵਿੱਚੋਂ ਬਣਦਾ ਹਿੱਸਾ ਰੱਖ ਕੇ ਬਾਕੀ ਸਾਰਾ ਇਹ ਬੰਦੇ ਉਸਨੂੰ ਪਾਕਿਸਤਾਨ ‘ਚ ਇਮਾਨਦਾਰੀ ਨਾਲ ਭੇਜ ਦੇਣਗੇ।”
”ਸਾਡੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਪਕਿਸਤਾਨ ਦੇ ਬਦਮਾਸ਼ਾਂ ਨੇ ਇਨ੍ਹਾਂ ਨੂੰ ਪੈਸੇ ਭੇਜਣੇ ਸੀ, ਫਿਰ ਡਰੋਨ ਰਾਹੀਂ ਚਿੱਟਾ ਭੇਜਣਾ ਸੀ ਤੇ ਇਨ੍ਹਾਂ ਨੇ ਇਹ ਮਾਲ ਅੱਗੇ ਸਪਲਾਈ ਕਰਨਾ ਸੀ।”
ਕੀ ਉਨ੍ਹਾਂ ਕੋਲ ਪੈਸੇ ਭੇਜੇ ਗਏ ਜਾਂ ਨਹੀਂ, ਇਸ ਬਾਰੇ ਅਜੇ ਜਾਂਚ ਕੀਤੀ ਜਾ ਰਹੀ ਹੈ।
ਮੋਟਰਸਾਈਕਲ ‘ਤੇ ਜਾਂਦੇ ਸਮੇਂ ਹੋਇਆ ਸੀ ਹਰਜੀਤ ਸਿੰਘ ‘ਤੇ ਹਮਲਾ
ਤਸਵੀਰ ਸਰੋਤ, @DGPPunjabPolice / X
ਪੰਜਾਬ ਦੇ ਅੰਮ੍ਰਿਤਸਰ ਵਿੱਚ 17-18 ਸਤੰਬਰ ਦੀ ਦਰਮਿਆਨੀ ਰਾਤ, ਜਿਸ ਵੇਲੇ ਏਐੱਸਆਈ ਹਰਜੀਤ ਸਿੰਘ ਨੂੰ ਡਿਊਟੀ ਉੱਤੇ ਸਨ, ਉਸ ਵੇਲੇ ਕਰੀਬ ਸਾਢੇ ਬਾਰਾਂ ਵਜੇ ਉਨ੍ਹਾਂ ਦਾ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਹ ਅੰਮ੍ਰਿਤਸਰ ਜ਼ਿਲ੍ਹੇ ਦੇ ਥਾਣਾ ਗੇਟ ਹਕੀਮਾਂ ‘ਚ ਤਾਇਨਾਤ ਸਨ ਅਤੇ ਘਟਨਾ ਦੇ ਸਮੇਂ ਡਿਊਟੀ ਲਈ ਦਾਣਾ ਮੰਡੀ ਵੱਲ ਜਾ ਰਹੇ ਸਨ।
ਮੌਕੇ ‘ਤੇ ਪਹੁੰਚੇ ਸੂਬੇ ਦੇ ਡੀਜੀਪੀ ਗੌਰਵ ਯਾਦਵ ਨੇ ਮੀਡੀਆ ਨਾਲ ਗੱਲ ਕਰਦਿਆਂ ਦੱਸਿਆ ਸੀ ਕਿ ਘਟਨਾ ਦੀ ਤੇਜ਼ੀ ਨਾਲ ਅਤੇ ਡੂੰਘੀ ਜਾਂਚ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਸੀ, ”ਦੁਪਹੀਆ ਵਾਹਨ ‘ਤੇ ਉਨ੍ਹਾਂ (ਏਐੱਸਆਈ ਹਰਜੀਤ ਸਿੰਘ) ਦਾ ਪਿੱਛਾ ਕੀਤਾ ਗਿਆ ਅਤੇ 30 ਬੋਰ ਦੇ ਪਿਸਟਲ ਨਾਲ ਕਲੋਜ਼ ਰੇਂਜ ‘ਤੇ ਹਮਲਾ ਕੀਤਾ ਗਿਆ। ਇੱਕ ਸਾਨੂੰ 30 ਬੋਰ ਦਾ ਖੋਲ ਮੌਕੇ ‘ਤੇ ਮਿਲਿਆ ਹੈ, ਉਸ ਦੀ ਫੋਰੈਂਸਿਕ ਜਾਂਚ ਕੀਤੀ ਜਾ ਰਹੀ ਹੈ। ਮੌਕੇ ‘ਤੇ ਖੂਨ ਦੇ ਵੀ ਕੁਝ ਨਿਸ਼ਾਨ ਹਨ। ਇੱਕ ਗੋਲ਼ੀ ਉਨ੍ਹਾਂ ਦੇ ਪਿੱਛੇ ਗਰਦਨ ਕੋਲ ਵੱਜੀ ਸੀ।”
ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਘਟਨਾ ‘ਤੇ ਦੁੱਖ ਪ੍ਰਗਟਾਉਂਦਿਆਂ ਉਨ੍ਹਾਂ ਦੇ ਪਰਿਵਾਰ ਨੂੰ ਹਰ ਸੰਭਵ ਮਦਦ ਅਤੇ 1 ਕਰੋੜ ਰੁਪਏ ਦੀ ਐਕਸ-ਗ੍ਰੇਸ਼ੀਆ ਅਤੇ ਐੱਚਡੀਐਫ਼ਸੀ ਬੈਂਕ ਵੱਲੋਂ 1 ਕਰੋੜ ਰੁਪਏ ਦਾ ਵਾਧੂ ਬੀਮਾ ਰਾਸ਼ੀ ਦਿੱਤੇ ਜਾਣ ਦੀ ਗੱਲ ਕਹੀ ਸੀ।
ਵਿਰੋਧੀ ਪਾਰਟੀਆਂ ਨੇ ਚੁੱਕੇ ਸਵਾਲ
ਤਸਵੀਰ ਸਰੋਤ, @officeofssbadal / X
ਇਸ ਘਟਨਾ ਤੋਂ ਬਾਅਦ ਵੱਖ-ਵੱਖ ਸਿਆਸੀ ਪਾਰਟੀਆਂ ਨੇ ਸੂਬੇ ਵਿੱਚ ਆਮ ਲੋਕਾਂ ਦੀ ਸੁਰੱਖਿਆ ਅਤੇ ਕਾਨੂੰਨ ਵਿਵਸਥਾ ‘ਤੇ ਸਵਾਲ ਚੁੱਕੇ ਹਨ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ”ਇਹ ਦੁਖਦਾਈ ਘਟਨਾ ਪੰਜਾਬ ਦੀ ਕਾਨੂੰਨ-ਵਿਵਸਥਾ ‘ਤੇ ਗੰਭੀਰ ਸਵਾਲ ਖੜ੍ਹੇ ਕਰਦੀ ਹੈ। ਜੇ ਸਾਡੇ ਰੱਖਿਅਕ ਹੀ ਸੁਰੱਖਿਅਤ ਨਹੀਂ ਹਨ, ਤਾਂ ਸੂਬੇ ਵਿੱਚ ਆਮ ਵਿਅਕਤੀ ਆਪਣੇ ਆਪ ਨੂੰ ਕਿਵੇਂ ਸੁਰੱਖਿਅਤ ਮਹਿਸੂਸ ਕਰ ਸਕਦਾ ਹੈ?”
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਸਰਕਾਰ ਉੱਤੇ ਸਵਾਲ ਖੜੇ ਕਰਦਿਆਂ ਸਵਾਲ ਕੀਤਾ ਸੀ ਕਿ ‘ਸਰਕਾਰ ਕਿਹੜੀ ਕਾਨੂੰਨ ਵਿਵਸਥਾ ਦੇ ਢੋਲ ਵਜਾਉਂਦੀ ਫਿਰਦੀ ਹੈ?”
ਭਾਜਪਾ ਆਗੂ ਅਤੇ ਰਾਜ ਸਭਾ ਮੈਂਬਰ ਤਰੁਣ ਚੁੱਘ ਨੇ ਸਮਾਚਾਰ ਏਜੰਸੀ ਏਐੱਨਆਈ ਨਾਲ ਗੱਲ ਕਰਦਿਆਂ ਕਿਹਾ, “ਇਹ ਬਹੁਤ ਦੁਖਦਾਈ ਹੈ। ਪਿਛਲੇ ਕੁਝ ਸਾਲਾਂ ਤੋਂ ਪੰਜਾਬ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਦਾ ਮਨੋਬਲ ਤੋੜਨ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ।”
ਹਾਲ ਹੀ ਵਿੱਚ ਅਜਿਹੀਆਂ ਚਾਰ ਘਟਨਾਵਾਂ ਹੋਈਆਂ ਹਨ, ਜਿਨ੍ਹਾਂ ਵਿੱਚ ਵਰਦੀ ਪਹਿਨੇ ਪੁਲਿਸ ਮੁਲਾਜ਼ਮਾਂ ‘ਤੇ ਗੋਲੀਆਂ ਚਲਾਈਆਂ ਜਾ ਰਹੀਆਂ ਹਨ। ਹਮਲਾਵਰ ਗੋਲੀ ਚਲਾਉਂਦੇ ਹਨ, ਵੀਡੀਓ ਰਿਕਾਰਡ ਕਰਦੇ ਹਨ ਅਤੇ ਤਸਵੀਰਾਂ ਪੋਸਟ ਕਰਦੇ ਹਨ, ਜਦਕਿ ਪੰਜਾਬ ਪੁਲਿਸ ਦੇ ਅਧਿਕਾਰੀ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਇਨ੍ਹਾਂ ਹਮਲਿਆਂ ਨੂੰ ਮੰਨਣ ਤੋਂ ਇਨਕਾਰ ਕਰ ਰਹੀ ਹੈ।”
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI




