Home rss national punjabi2ਰਾਸ਼ਟਰੀ ਖ਼ਬਰਾਂ ਏਸ਼ੀਆ ਵਿੱਚ ਭਾਰਤੀ ਹਾਕੀ ਟੀਮਾਂ ਦੀ ਸਰਦਾਰੀ, ਪਰ ਵਿਸ਼ਵ ਪੱਧਰ ‘ਤੇ ਹੋਰ...

ਏਸ਼ੀਆ ਵਿੱਚ ਭਾਰਤੀ ਹਾਕੀ ਟੀਮਾਂ ਦੀ ਸਰਦਾਰੀ, ਪਰ ਵਿਸ਼ਵ ਪੱਧਰ ‘ਤੇ ਹੋਰ ਕੀ ਕਰਨ ਦੀ ਲੋੜ?

5
0

Source :- BBC PUNJABI

ਭਾਰਤੀ ਮਹਿਲਾ ਹਾਕੀ ਟੀਮ

ਏਸ਼ੀਅਨ ਖੇਡਾਂ ਵਿੱਚ ਭਾਰਤ ਦੀਆਂ ਦੋਵੇਂ ਟੀਮਾਂ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ।

ਮੁੰਡਿਆਂ ਅਤੇ ਕੁੜੀਆਂ ਦੀਆਂ ਟੀਮਾਂ ਨੇ ਗੋਲਡ ਮੈਡਲ ਜਿੱਤੇ। ਭਾਰਤੀ ਪੁਰਸ਼ ਹਾਕੀ ਟੀਮ ਨੇ ਤਾਂ ਲਗਾਤਾਰ ਦੂਜੀ ਵਾਰ ਸੋਨੇ ਦਾ ਤਗਮਾ ਆਪਣੇ ਨਾਮ ਕੀਤਾ।

ਇਸ ਦੇ ਨਾਲ ਹੀ ਉਨ੍ਹਾਂ ਨੇ ਪਹਿਲੀ ਵਾਰ ਆਪਣੇ ਗੋਲਡ ਮੈਡਲ ਨੂੰ ਡਿਫੈਂਡ ਕਰਨ ਦਾ ਰਿਕਾਰਡ ਵੀ ਬਣਾਇਆ। ਹਰਮਨਪ੍ਰੀਤ ਦੀ ਅਗਵਾਈ ਵਾਲੀ ਭਾਰਤੀ ਟੀਮ ਦਾ ਏਸ਼ੀਅਨ ਖੇਡਾਂ ਵਿੱਚ ਇਹ ਪੰਜਵਾਂ ਗੋਲਡ ਮੈਡਲ ਹੈ।

ਦੂਜੇ ਪਾਸੇ, ਕੁੜੀਆਂ ਦੀ ਟੀਮ ਨੇ 44 ਸਾਲਾਂ ਦਾ ਸੋਕਾ ਖ਼ਤਮ ਕਰਕੇ ਸੋਨੇ ਦਾ ਤਗਮਾ ਜਿੱਤਿਆ।

ਇਸ ਤੋਂ ਪਹਿਲਾਂ 1982 ਵਿੱਚ ਭਾਰਤੀ ਮਹਿਲਾ ਹਾਕੀ ਟੀਮ ਨੇ ਗੋਲਡ ਮੈਡਲ ਜਿੱਤਿਆ ਸੀ। ਇਨ੍ਹਾਂ ਦੋਵੇਂ ਟੀਮਾਂ ਨੇ ਗੋਲਡ ਮੈਡਲ ਜਿੱਤਣ ਦੇ ਨਾਲ 2028 ਲਾਸ ਏਂਜਲਸ ਓਲੰਪਿਕ ਲਈ ਕੁਆਲੀਫਾਈ ਵੀ ਕਰ ਲਿਆ ਹੈ।

ਜੇਕਰ ਦੋਵੇਂ ਟੀਮਾਂ ਦੀ ਰੈਂਕਿੰਗ ਦੀ ਗੱਲ ਕਰੀਏ ਤਾਂ ਭਾਰਤੀ ਪੁਰਸ਼ ਹਾਕੀ ਟੀਮ 8ਵੇਂ ਨੰਬਰ ‘ਤੇ ਹੈ, ਜਦਕਿ ਕੁੜੀਆਂ ਦੀ ਟੀਮ 7ਵੇਂ ਨੰਬਰ ‘ਤੇ ਹੈ।

ਹੁਣ ਇੱਥੇ ਸਵਾਲ ਹੈ ਕਿ ਦੋਵੇਂ ਟੀਮਾਂ ਏਸ਼ੀਆ ਦੀਆਂ ਤਾਂ ਸਰਦਾਰ ਹਨ, ਪਰ ਵਿਸ਼ਵ ਪੱਧਰ ‘ਤੇ ਪਿੱਛੇ ਕਿਉਂ ਰਹਿ ਜਾਂਦੀਆਂ ਹਨ।

ਜੇਕਰ ਹਾਲ ਹੀ ਵਿੱਚ ਨੀਦਰਲੈਂਡ ਅਤੇ ਬੈਲਜੀਅਮ ਦੀ ਧਰਤੀ ‘ਤੇ ਹੋਏ ਵਿਸ਼ਵ ਕੱਪ ਦੀ ਗੱਲ ਕਰੀਏ ਤਾਂ ਦੋਵੇਂ ਭਾਰਤੀ ਟੀਮਾਂ ਇਸ ਵਿੱਚ ਤਗਮੇ ਨਹੀਂ ਜਿੱਤ ਸਕੀਆਂ ਸਨ।

ਭਾਰਤੀ ਮਹਿਲਾ ਟੀਮ ਨੇ, ਹਾਲਾਂਕਿ, ਪੁਰਸ਼ਾਂ ਦੇ ਮੁਕਾਬਲੇ ਚੰਗਾ ਪ੍ਰਦਰਸ਼ਨ ਕਰਦਿਆਂ ਪੰਜਵਾਂ ਸਥਾਨ ਹਾਸਲ ਕੀਤਾ, ਜਦਕਿ ਪੁਰਸ਼ ਟੀਮ 8ਵੇਂ ਨੰਬਰ ‘ਤੇ ਰਹੀ ਸੀ।

ਓਲੰਪਿਕ ਵਿੱਚ ਭਾਰਤੀ ਹਾਕੀ ਟੀਮ ਦੇ ਰਿਕਾਰਡ ਮੈਡਲ

ਇੱਥੇ ਸਵਾਲ ਇਸ ਲਈ ਵੀ ਹੈ ਕਿ ਭਾਰਤੀ ਹਾਕੀ ਦੀ ਕਿਸੇ ਸਮੇਂ ਚੜ੍ਹਤ ਹੁੰਦੀ ਸੀ। ਭਾਰਤੀ ਪੁਰਸ਼ ਹਾਕੀ ਟੀਮ ਨੇ ਸਭ ਤੋਂ ਵੱਧ 8 ਗੋਲਡ ਮੈਡਲ ਜਿੱਤੇ ਹੋਏ ਹਨ।

ਪਿਛਲੀਆਂ ਓਲੰਪਿਕ ਖੇਡਾਂ ਵਿੱਚ ਭਾਰਤ ਨੇ ਲਗਾਤਾਰ ਦੋ ਕਾਂਸੇ ਦੇ ਤਗਮੇ ਵੀ ਜਿੱਤੇ ਹਨ। 2020 ਦੀਆਂ ਟੋਕੀਓ ਓਲੰਪਿਕ ਵਿੱਚ ਤਾਂ ਭਾਰਤ ਨੇ 41 ਸਾਲ ਦਾ ਸੋਕਾ ਖ਼ਤਮ ਕਰਕੇ ਮੈਡਲ ਜਿੱਤਿਆ ਸੀ।

ਹਾਲਾਂਕਿ, ਦੂਜੇ ਪਾਸੇ ਭਾਰਤੀ ਕੁੜੀਆਂ ਦੀ ਟੀਮ ਦਾ ਓਲੰਪਿਕ ਵਿੱਚ ਮੈਡਲਾਂ ਦੇ ਪੱਖੋਂ ਖਾਤਾ ਨਹੀਂ ਖੁੱਲ੍ਹ ਸਕਿਆ ਹੈ।

ਉਹ ਅਜੇ ਮੈਡਲ ਦਾ ਇੰਤਜ਼ਾਰ ਕਰ ਰਹੀ ਹੈ। ਹਾਲਾਂਕਿ, ਟੋਕੀਓ ਓਲੰਪਿਕ ਵਿੱਚ ਕਪਤਾਨ ਰਾਣੀ ਰਾਮਪਾਲ ਦੀ ਅਗਵਾਈ ਵਿੱਚ ਭਾਰਤੀ ਟੀਮ ਨੇ ਆਪਣਾ ਦੂਜਾ ਸਭ ਤੋਂ ਬਿਹਤਰ ਪ੍ਰਦਰਸ਼ਨ ਕੀਤਾ ਸੀ। ਉਸ ਸਮੇਂ ਟੀਮ ਚੌਥੇ ਸਥਾਨ ‘ਤੇ ਰਹੀ ਸੀ। ਪਰ ਪੈਰਿਸ ਓਲੰਪਿਕ ਲਈ ਕੁੜੀਆਂ ਦੀ ਟੀਮ ਕੁਆਲੀਫਾਈ ਵੀ ਨਹੀਂ ਕਰ ਸਕੀ ਸੀ।

ਭਾਰਤੀ ਪੁਰਸ਼ ਹਾਕੀ ਟੀਮ

ਪਿਛਲੇ ਪੰਜ ਵਿਸ਼ਵ ਕੱਪਾਂ ਵਿੱਚ ਪ੍ਰਦਰਸ਼ਨ

ਪਹਿਲਾਂ ਭਾਰਤੀ ਪੁਰਸ਼ ਹਾਕੀ ਟੀਮ ਦੀ ਗੱਲ ਕਰੀਏ ਤਾਂ ਇਸ ਸਾਲ ਭਾਰਤੀ ਟੀਮ ਦਾ 8ਵਾਂ ਸਥਾਨ ਰਿਹਾ। 2023 ਵਿੱਚ 9ਵਾਂ, 2018 ਵਿੱਚ 6ਵਾਂ, 2014 ਵਿੱਚ 9ਵਾਂ ਅਤੇ 2010 ਵਿੱਚ 8ਵਾਂ ਸਥਾਨ ਰਿਹਾ ਸੀ।

ਉੱਥੇ ਹੀ ਭਾਰਤੀ ਮਹਿਲਾ ਹਾਕੀ ਟੀਮ ਦੀ ਗੱਲ ਕਰੀਏ ਤਾਂ ਇਸ ਸਾਲ ਟੀਮ ਨੇ 5ਵਾਂ ਸਥਾਨ ਹਾਸਲ ਕੀਤਾ। ਇਸ ਤੋਂ ਪਹਿਲਾਂ 2022 ਵਿੱਚ 9ਵਾਂ, 2018 ਵਿੱਚ 8ਵਾਂ, 2014 ਵਿੱਚ ਟੀਮ ਕੁਆਲੀਫਾਈ ਨਹੀਂ ਕਰ ਸਕੀ ਅਤੇ 2010 ਵਿੱਚ 9ਵਾਂ ਸਥਾਨ ਹਾਸਲ ਕੀਤਾ ਸੀ।

ਭਾਰਤੀ ਪੁਰਸ਼ ਹਾਕੀ ਟੀਮ ਨੇ ਇਕਲੌਤਾ ਗੋਲਡ ਮੈਡਲ 1975 ਵਿੱਚ ਜਿੱਤਿਆ ਸੀ। ਉਸ ਤੋਂ ਪਹਿਲਾਂ 1973 ਵਿੱਚ ਸਿਲਵਰ ਅਤੇ 1971 ਵਿੱਚ ਕਾਂਸੇ ਦਾ ਤਗਮਾ ਹਾਸਲ ਕੀਤਾ ਸੀ। ਕੁੜੀਆਂ ਦੀ ਟੀਮ ਦਾ ਅਜੇ ਤੱਕ ਵਿਸ਼ਵ ਕੱਪ ਵਿੱਚ ਮੈਡਲਾਂ ਦਾ ਖਾਤਾ ਨਹੀਂ ਖੁੱਲ੍ਹ ਸਕਿਆ ਹੈ।

ਐੱਫਆਈਐੱਚ ਪ੍ਰੋ ਹਾਕੀ ਲੀਗ ਵਿੱਚ ਪ੍ਰਦਰਸ਼ਨ

ਭਾਰਤੀ ਪੁਰਸ਼ ਹਾਕੀ ਟੀਮ ਦੀ ਗੱਲ ਕਰੀਏ ਤਾਂ ਟੀਮ ਨੇ 8ਵੇਂ ਸਥਾਨ ‘ਤੇ ਰਹਿ ਕੇ ਇਸ ਲੀਗ ਵਿੱਚ ਆਪਣਾ ਸਫ਼ਰ ਸਮਾਪਤ ਕੀਤਾ।

ਉੱਥੇ ਹੀ ਕੁੜੀਆਂ ਦੀ ਟੀਮ 2024-25 ਸੀਜ਼ਨ ਵਿੱਚ 9ਵੇਂ ਸਥਾਨ ‘ਤੇ ਰਹੀ ਸੀ।

‘ਗਰਾਸ ਰੂਟ ਤੋਂ ਸੁਧਾਰ ਕਰਨ ਦੀ ਲੋੜ’

ਪ੍ਰੀਤਮ ਸਿਵਾਚ

ਭਾਰਤ ਦੀਆਂ ਦੋਵੇਂ ਟੀਮਾਂ ਵਿੱਚ ਕੀ ਸੁਧਾਰ ਹੋ ਸਕਦੇ ਹਨ, ਇਸ ਬਾਰੇ ਬੀਬੀਸੀ ਨੇ ਸੋਨੀਪਤ ਵਿੱਚ ਅਕੈਡਮੀ ਚਲਾ ਰਹੇ ਅਤੇ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਪ੍ਰੀਤਮ ਸਿਵਾਚ ਨਾਲ ਗੱਲ ਕੀਤੀ।

ਪ੍ਰੀਤਮ ਸਿਵਾਚ ਨੇ ਕਿਹਾ ਕਿ ਦੋਵੇਂ ਟੀਮਾਂ ਚੰਗਾ ਪ੍ਰਦਰਸ਼ਨ ਕਰ ਰਹੀਆਂ ਹਨ, ਇਸ ਵਿੱਚ ਕੋਈ ਦੋ ਰਾਏ ਨਹੀਂ ਹਨ। ਉਨ੍ਹਾਂ ਕਿਹਾ ਕਿ ਵਿਸ਼ਵ ਪੱਧਰ ‘ਤੇ ਮੁਕਾਬਲਾ ਏਸ਼ੀਅਨ ਖੇਡਾਂ ਦੇ ਮੁਕਾਬਲੇ ਬਹੁਤ ਸਖ਼ਤ ਹੈ।

ਸਿਵਾਚ ਦਾ ਕਹਿਣਾ, “ਵਿਸ਼ਵ ਪੱਧਰ ‘ਤੇ ਸਖ਼ਤ ਮੁਕਾਬਲਿਆਂ ਨੂੰ ਦੇਖਦੇ ਹੋਏ ਗਰਾਸ ਰੂਟ ‘ਤੇ ਕੰਮ ਕਰਨ ਦੀ ਲੋੜ ਹੈ, ਜੋ ਕਿ ਭਾਰਤ ਵਿੱਚ ਨਹੀਂ ਹੋ ਰਿਹਾ। ਜੇਕਰ ਹੇਠਲੇ ਪੱਧਰ ਤੋਂ ਖਿਡਾਰੀ ਪੈਦਾ ਕਰਕੇ ਨਹੀਂ ਭੇਜੇ ਜਾਣਗੇ ਤਾਂ ਵਿਸ਼ਵ ਪੱਧਰ ‘ਤੇ ਕਾਮਯਾਬੀ ਮਿਲਣੀ ਮੁਸ਼ਕਲ ਹੈ।”

ਉਨ੍ਹਾਂ ਉਦਾਹਰਣ ਦਿੰਦਿਆਂ ਕਿਹਾ, “ਭਾਰਤ ਵਿੱਚ ਬਹੁਤ ਸਾਰੀਆਂ ਅਜਿਹੀਆਂ ਅਕੈਡਮੀਆਂ ਹਨ, ਜਿਨ੍ਹਾਂ ਕੋਲ ਐਸਟਰੋਟਰਫ ਨਹੀਂ ਹਨ। ਜੇਕਰ ਅਸੀਂ ਵਿਸ਼ਵ ਪੱਧਰ ‘ਤੇ ਸਖ਼ਤ ਮੁਕਾਬਲਿਆਂ ਵਿੱਚ ਹਿੱਸਾ ਲੈਣਾ ਹੈ ਤਾਂ ਖਿਡਾਰੀਆਂ ਨੂੰ ਬਚਪਨ ਤੋਂ ਹੀ ਐਸਟਰੋਟਰਫ ‘ਤੇ ਖਿਡਾਉਣਾ ਪਵੇਗਾ।”

ਉਨ੍ਹਾਂ ਕਿਹਾ ਕਿ ਜੇਕਰ ਘਾਹ ‘ਤੇ ਅਭਿਆਸ ਕਰਕੇ ਚੰਗੇ ਖਿਡਾਰੀ ਪੈਦਾ ਹੋ ਰਹੇ ਹਨ ਤਾਂ ਐਸਟਰੋਟਰਫ, ਚੰਗੇ ਜਿੰਮ ਅਤੇ ਸਪੋਰਟਸ ਸਾਇੰਸ ਦੀਆਂ ਸੁਵਿਧਾਵਾਂ ਮਿਲਣ ਨਾਲ ਪ੍ਰਦਰਸ਼ਨ ਵਿੱਚ ਹੋਰ ਵੀ ਸੁਧਾਰ ਹੋਵੇਗਾ।

ਪ੍ਰੀਤਮ ਸਿਵਾਚ ਕਹਿੰਦੇ ਹਨ ਕਿ ਦੂਜੇ ਦੇਸ਼ਾਂ ਦੇ ਖਿਡਾਰੀਆਂ ਨੂੰ ਇਹ ਸਹੂਲਤਾਂ ਸ਼ੁਰੂਆਤ ਵਿੱਚ ਹੀ ਮਿਲ ਰਹੀਆਂ ਹਨ।

‘ਵਿਸ਼ਵ ਕੱਪ ਵਿੱਚ ਫਾਰਮੈੱਟ ਬਣਿਆ ਚੁਣੌਤੀ’

ਰਾਜਪਾਲ ਸਿੰਘ

ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਰਾਜਪਾਲ ਸਿੰਘ ਕਹਿੰਦੇ ਹਨ ਕਿ ਜਿਸ ਫਾਰਮੈੱਟ ਵਿੱਚ ਇਸ ਸਾਲ ਵਿਸ਼ਵ ਕੱਪ ਖੇਡਿਆ ਗਿਆ, ਉਸ ਨੂੰ ਭਾਰਤੀ ਟੀਮ ਕ੍ਰੈਕ ਨਹੀਂ ਕਰ ਸਕੀ।

ਉਹ ਕਹਿੰਦੇ ਹਨ ਕਿ ਇਹ ਬੈਚ ਇਸ ਨਵੇਂ ਫਾਰਮੈਟ ਵਿੱਚ ਪਹਿਲੀ ਵਾਰ ਖੇਡਿਆ ਸੀ। ਟੌਪ ਛੇ ਟੀਮਾਂ ਵਿੱਚੋਂ ਟੌਪ 2 ਵਿੱਚ ਆਉਣਾ ਭਾਰਤ ਲਈ ਪਹਿਲਾਂ ਵੀ ਚੁਣੌਤੀ ਰਿਹਾ ਹੈ ਅਤੇ ਇਸ ਵਾਰ ਵੀ ਰਿਹਾ।

ਰਾਜਪਾਲ ਸਿੰਘ ਕਹਿੰਦੇ ਹਨ ਕਿ ਭਾਰਤ ਇਸ ਨਵੇਂ ਫਾਰਮੈਟ ਲਈ ਤਿਆਰ ਨਹੀਂ ਸੀ।

ਉਹ ਕਹਿੰਦੇ ਹਨ, “ਭਾਰਤੀ ਪੁਰਸ਼ ਟੀਮ ਦੇ ਡੀਪ ਡਿਫੈਂਸ ਵਿੱਚ ਕਾਫ਼ੀ ਕਮੀਆਂ ਹਨ। ਜਦੋਂ ਅਸੀਂ ਕਿਸੇ ਚੰਗੀ ਟੀਮ ਦੇ ਖ਼ਿਲਾਫ਼ ਖੇਡਦੇ ਹਾਂ ਤਾਂ ਡਿਫੈਂਸ ਐਕਸਪੋਜ਼ ਹੋ ਜਾਂਦਾ ਹੈ।”

ਰਾਜਪਾਲ ਸਿੰਘ ਏਸ਼ੀਅਨ ਖੇਡਾਂ ਵਿੱਚ ਪਾਕਿਸਤਾਨ ਨਾਲ ਹੋਏ ਸੈਮੀਫਾਈਨਲ ਮੁਕਾਬਲੇ ਦੀ ਉਦਾਹਰਨ ਦਿੰਦਿਆਂ ਕਹਿੰਦੇ ਹਨ, “3 ਗੋਲਾਂ ਤੋਂ ਅੱਗੇ ਹੋਣ ਦੇ ਬਾਵਜੂਦ ਇੱਕ ਵਾਰ ਬਰਾਬਰੀ ‘ਤੇ ਮੈਚ ਆ ਗਿਆ ਸੀ, ਕਿਉਂਕਿ ਅਸੀਂ ਡਿਫੈਂਸ ਸਹੀ ਨਹੀਂ ਕਰ ਸਕੇ ਸੀ। ਭਾਰਤ ਨੂੰ ਇਸ ਵੱਲ ਬਹੁਤ ਧਿਆਨ ਦੇਣ ਦੀ ਲੋੜ ਹੈ।”

ਕੁੜੀਆਂ ਦੀ ਟੀਮ ਬਾਰੇ ਰਾਜਪਾਲ ਸਿੰਘ ਕਹਿੰਦੇ ਹਨ ਕਿ ਵਿਸ਼ਵ ਕੱਪ ਅਤੇ ਏਸ਼ੀਅਨ ਖੇਡਾਂ ਵਿੱਚ ਡਿਫੈਂਸ ਬਹੁਤ ਸ਼ਾਨਦਾਰ ਕੀਤਾ। ਟੀਮ ਨੂੰ ਸਕੋਰਿੰਗ ਵੱਲ ਧਿਆਨ ਦੇਣ ਦੀ ਲੋੜ ਹੈ।

ਰਾਜਪਾਲ ਸਿੰਘ ਅੱਗੇ ਕਹਿੰਦੇ ਹਨ, “ਭਾਰਤੀ ਪੁਰਸ਼ ਹਾਕੀ ਟੀਮ ਨੂੰ ਲਗਾਤਾਰ ਚੰਗਾ ਪ੍ਰਦਰਸ਼ਨ ਕਰਨਾ ਪਵੇਗਾ। ਇੱਕ-ਅੱਧੇ ਟੂਰਨਾਮੈਂਟ ਵਿੱਚ ਚੰਗਾ ਪ੍ਰਦਰਸ਼ਨ ਕਰਨ ਨਾਲ ਕੁਝ ਨਹੀਂ ਹੋਣਾ। ਲਗਾਤਾਰ ਚੰਗੀ ਖੇਡ ਦਿਖਾਉਣੀ ਪਵੇਗੀ।”

ਰਾਜਪਾਲ ਸਿੰਘ ਕਹਿੰਦੇ ਹਨ ਕਿ ਜਿਵੇਂ ਜਰਮਨੀ, ਹਾਲੈਂਡ, ਅਰਜਨਟੀਨਾ ਅਤੇ ਸਪੇਨ ਦੀਆਂ ਹਾਕੀ ਟੀਮਾਂ ਆਪਣੀ ਵਿਰੋਧੀ ਟੀਮ ਨੂੰ ਬਹੁਤ ਜਲਦੀ ਸਮਝ ਲੈਂਦੀਆਂ ਹਨ ਕਿ ਕਿਹੜੀ ਵਿਰੋਧੀ ਟੀਮ ਵਿੱਚ ਕੀ ਕਮੀ ਹੈ ਅਤੇ ਕੀ ਖ਼ਾਸੀਅਤ ਹੈ। ਫਿਰ ਉਹ ਉਸੇ ਅਨੁਸਾਰ ਖੇਡਦੀਆਂ ਹਨ।

‘ਨਿਰੰਤਰਤਾ ਹੋਣੀ ਬਹੁਤ ਜ਼ਰੂਰੀ ਹੈ’

ਰਾਜਵੰਤ ਸਿੰਘ ਮਾਨ

ਬਠਿੰਡਾ ਵਿੱਚ ਪੰਜਾਬ ਸਰਕਾਰ ਦੇ ਸੈਂਟਰ ਵਿੱਚ ਕੋਚਿੰਗ ਦੇਣ ਵਾਲੇ ਕੋਚ ਰਾਜਵੰਤ ਸਿੰਘ ਮਾਨ ਕਹਿੰਦੇ ਹਨ ਕਿ ਟੀਮ ਚਾਹੇ ਕੋਈ ਵੀ ਹੋਵੇ, ਚੰਗਾ ਪ੍ਰਦਰਸ਼ਨ ਤਾਂ ਹੀ ਹੋ ਸਕੇਗਾ, ਜੇਕਰ ਟੀਮ ਵਿੱਚ ਨਿਰੰਤਰਤਾ ਹੋਵੇਗੀ।

ਉਹ ਕਹਿੰਦੇ ਹਨ, “ਜਿਹੜੀਆਂ ਟੌਪ ਦੀਆਂ ਟੀਮਾਂ ਹਾਕੀ ਖੇਡ ਰਹੀਆਂ ਹਨ, ਉਨ੍ਹਾਂ ਵਿੱਚ ਨਿਰੰਤਰਤਾ ਬਹੁਤ ਦੇਖਣ ਨੂੰ ਮਿਲਦੀ ਹੈ।”

“ਜਿਵੇਂ ਮਹਿਲਾ ਹਾਕੀ ਟੀਮ ਦੇ ਕੋਚ ਸਜੋਰਡ ਮਾਰੀਜਨੇ ਹਨ। ਜਦੋਂ ਟੋਕੀਓ ਓਲੰਪਿਕ ਵਿੱਚ ਟੀਮ ਚੌਥੇ ਨੰਬਰ ‘ਤੇ ਰਹੀ ਸੀ, ਉਦੋਂ ਉਹ ਟੀਮ ਦੇ ਕੋਚ ਸਨ, ਪਰ ਬਾਅਦ ਵਿੱਚ ਉਨ੍ਹਾਂ ਨੂੰ ਹਟਾ ਦਿੱਤਾ ਗਿਆ ਸੀ। ਫਿਰ ਦੁਬਾਰਾ ਉਨ੍ਹਾਂ ਨੂੰ ਕੋਚ ਚੁਣਿਆ ਗਿਆ।”

ਰਾਜਵੰਤ ਕਹਿੰਦੇ ਹਨ ਕਿ ਅਜਿਹਾ ਟੀਮ ਨਾਲ ਨਹੀਂ ਹੋਣਾ ਚਾਹੀਦਾ। ਭਾਰਤੀ ਹਾਕੀ ਫੈਡਰੇਸ਼ਨ ਨੂੰ ਕੋਚ ਦਾ ਚੰਗਾ ਫਾਇਦਾ ਲੈਣਾ ਚਾਹੀਦਾ ਹੈ। ਕਈ ਹੋਰ ਕੁੜੀਆਂ ਨੂੰ ਵੀ ਨਾਲ-ਨਾਲ ਮੌਕੇ ਦੇਣੇ ਚਾਹੀਦੇ ਹਨ, ਤਾਂ ਜੋ ਆਉਣ ਵਾਲੇ ਸਮੇਂ ਵਿੱਚ ਉਹ ਵੀ ਵੱਡੇ ਟੂਰਨਾਮੈਂਟਾਂ ਲਈ ਤਿਆਰ ਰਹਿਣ।

ਰਾਜਵੰਤ ਕਹਿੰਦੇ ਹਨ, “15-20 ਕੁੜੀਆਂ ‘ਤੇ ਭਾਰਤ ਨੂੰ ਡਿਪੈਂਡ ਨਹੀਂ ਰਹਿਣਾ ਚਾਹੀਦਾ। ਮੁੰਡਿਆਂ ਦੀ ਟੀਮ ਬਾਰੇ ਵੀ ਰਾਜਵੰਤ ਕਹਿੰਦੇ ਹਨ ਕਿ ਆਉਣ ਵਾਲੇ ਸਮੇਂ ਵਿੱਚ ਪੁਰਸ਼ਾਂ ਦੀ ਟੀਮ ਲਈ ਵੀ ਜ਼ਿਆਦਾ ਚੰਗੇ ਖਿਡਾਰੀ ਹੋਣੇ ਚਾਹੀਦੇ ਹਨ, ਜੋ ਲੰਬਾ ਸਮਾਂ ਖੇਡਣ।”

ਰਾਜਵੰਤ ਸਿੰਘ ਕਹਿੰਦੇ ਹਨ ਕਿ ਜਿਹੜੇ ਰੈਂਕਿੰਗ ਵਿੱਚ ਚੰਗੇ ਦੇਸ਼ ਹਨ, ਉਨ੍ਹਾਂ ਦੀ ਖ਼ਾਸੀਅਤ ਇਹ ਹੈ ਕਿ ਉਹ 60 ਤੋਂ 70 ਖਿਡਾਰੀਆਂ ਨੂੰ ਨਾਲ ਹੀ ਤਿਆਰੀ ਕਰਵਾਉਂਦੇ ਹਨ।

ਉਨ੍ਹਾਂ ਮੁਤਾਬਕ, ਕਈ ਟੂਰਨਾਮੈਂਟਾਂ ਵਿੱਚ ਖੇਡਣ ਦਾ ਮੌਕਾ ਵੀ ਮਿਲਦਾ ਹੈ। ਜਦੋਂ ਓਲੰਪਿਕ ਜਾਂ ਵਿਸ਼ਵ ਕੱਪ ਲਈ ਟੀਮ ਚੁਣੀ ਜਾਂਦੀ ਹੈ ਤਾਂ ਉਸ ਵਿੱਚ ਟੌਪ ਦੇ ਉਹ ਖਿਡਾਰੀ ਚੁਣੇ ਜਾਂਦੇ ਹਨ, ਜੋ ਇੱਕ ਤਾਂ ਬਿਲਕੁਲ ਫਿੱਟ ਹੋਣ ਅਤੇ ਚੰਗਾ ਪ੍ਰਦਰਸ਼ਨ ਕਰਨ ਦੇ ਕਾਬਲ ਹੋਣ।

ਰਾਜਵੰਤ ਕਹਿੰਦੇ ਹਨ ਕਿ ਕ੍ਰਿਕਟ ਤੋਂ ਸਿੱਖਣਾ ਚਾਹੀਦਾ ਹੈ, ਜਿਵੇਂ ਉਸ ਵਿੱਚ ਦੋ-ਦੋ ਟੀਮਾਂ ਅਲੱਗ-ਅਲੱਗ ਖੇਡਦੀਆਂ ਹਨ। ਇਸੇ ਤਰ੍ਹਾਂ ਹਾਕੀ ਵਿੱਚ ਵੀ ਹੋਣਾ ਚਾਹੀਦਾ ਹੈ। ਦੋਵੇਂ ਟੀਮਾਂ ਅਜਿਹੀਆਂ ਹੋਣ ਕਿ ਜਦੋਂ ਵੱਡੇ ਟੂਰਨਾਮੈਂਟ ਹੋਣ ਤਾਂ ਉਨ੍ਹਾਂ ਵਿੱਚ ਚੰਗਾ ਪ੍ਰਦਰਸ਼ਨ ਕਰ ਸਕਣ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI