Home rss national punjabi2ਰਾਸ਼ਟਰੀ ਖ਼ਬਰਾਂ ਕੇਕ ਨੂੰ ਫੂਕ ਮਾਰਨਾ, ਆਈਸਕ੍ਰੀਮ ਸਾਂਝੀ ਕਰਨਾ, ਭੋਜਨ ਸਾਂਝਾ ਕਰਨ ਦੀਆਂ...

ਕੇਕ ਨੂੰ ਫੂਕ ਮਾਰਨਾ, ਆਈਸਕ੍ਰੀਮ ਸਾਂਝੀ ਕਰਨਾ, ਭੋਜਨ ਸਾਂਝਾ ਕਰਨ ਦੀਆਂ ਕਿਹੜੀਆਂ ਆਦਤਾਂ ਸਭ ਤੋਂ ਵੱਧ ਕੀਟਾਣੂ ਫੈਲਾਉਂਦੀਆਂ ਹਨ

10
0

Source :- BBC PUNJABI

ਦਾਲ ਚਾਵਲ ਅਤੇ ਨਾਨ

ਚਿਪਸ ਨੂੰ ਡਬਲ ਡਿਪ(ਖਾਧੇ ਹਏ ਚਿਪਸ ਨੂੰ ਦੁਬਾਰਾ ਸਾਂਝੀ ਚਟਨੀ ਵਿੱਚ ਡੁਬੋਣਾ) ਕਰਕੇ ਖਾਣ ਤੋਂ ਲੈ ਕੇ ਫੂਕ ਮਾਰ ਕੇ ਮੋਮਬੱਤੀਆਂ ਬੁਝਾਉਣ ਤੱਕ ਖੋਜਕਰਤਾਵਾਂ ਨੇ ਭੋਜਨ ਸਾਂਝਾ ਕਰਨ ਦੀਆਂ ਕੁਝ ਆਮ ਆਦਤਾਂ ਦੀ ਜਾਂਚ ਕੀਤੀ ਹੈ ਅਤੇ ਦੇਖਿਆ ਹੈ ਕਿ ਉਹ ਕਿੰਨੇ ਕੀਟਾਣੂ ਫੈਲਾਉਂਦੀਆਂ ਹਨ।

ਨਤੀਜੇ ਕਿਸੇ ਨਾਲ ਸਨੈਕਸ ਸਾਂਝੇ ਕਰਨ ਬਾਰੇ ਤੁਹਾਡਾ ਨਜ਼ਰੀਆ ਬਦਲ ਸਕਦੇ ਹਨ।

ਕੀ ਭੋਜਨ ਸਾਂਝਾ ਕਰਨ ਨਾਲ ਤੁਸੀਂ ਬਿਮਾਰ ਹੋ ਸਕਦੇ ਹੋ ?

ਥੋੜ੍ਹੇ ਸ਼ਬਦਾਂ ਵਿੱਚ ਜਵਾਬ ਇਹ ਹੈ ਕਿ ਕਿਸੇ ਨਾਲ ਭੋਜਨ ਸਾਂਝਾ ਕਰਨ ਨਾਲ ਬੈਕਟੀਰੀਆ ਅਤੇ ਵਾਇਰਸ ਫੈਲ ਸਕਦੇ ਹਨ ਪਰ ਜ਼ਿਆਦਾਤਰ ਸਿਹਤਮੰਦ ਲੋਕਾਂ ਲਈ ਕਦੇ ਕਦਾਈਂ ਭੋਜਨ ਸਾਂਝਾ ਕਰਨ ਦਾ ਖਤਰਾ ਘੱਟ ਹੁੰਦਾ ਹੈ।

ਹਾਲਾਂਕਿ, ਉਸ ਸਾਂਝੀ ਚਟਨੀ ਵਿੱਚ ਡਿਪ ਕਰਨ ਤੋਂ ਪਹਿਲਾਂ ਕੁਝ ਚੀਜ਼ਾਂ ਬਾਰੇ ਵਿਚਾਰ ਜ਼ਰੂਰੀ ਹੈ।

ਐਲਰਜੀ: ਕਿਸੇ ਅਜਿਹੇ ਵਿਅਕਤੀ ਨਾਲ ਭੋਜਨ ਸਾਂਝਾ ਕਰਨ ਨਾਲ ਜਿਸ ਨੂੰ ਐਲਰਜੀ ਹੈ, ਖਤਰੇ ਨੂੰ ਵਧਾ ਸਕਦਾ ਹੈ। ਇਸ ਲਈ ਲਾਗ ਦੇ ਖਤਰੇ ਨੂੰ ਸੀਮਤ ਕਰਨ ਲਈ ਭੋਜਨ ਸਾਂਝਾ ਕਰਨ ਤੋਂ ਬਚੋ।

ਬਿਮਾਰੀਆਂ ਅਤੇ ਕਮਜ਼ੋਰ ਬਿਮਾਰੀ ਪ੍ਰਤੀਰੋਧਕ ਪ੍ਰਣਾਲੀ: ਜੇ ਤੁਸੀਂ ਸਿਹਤਮੰਦ ਹੋ ਤਾਂ ਖਾਣਾ ਜਾਂ ਪੀਣ ਵਾਲੇ ਪਦਾਰਥ ਸਾਂਝਾ ਨਾ ਕਰਨਾ ਸਭ ਤੋਂ ਸੁਰੱਖਿਅਤ ਹੈ। ਜਿਨ੍ਹਾਂ ਲੋਕਾਂ ਦੀ ਬਿਮਾਰੀ ਪ੍ਰਤੀਰੋਧਕ ਪ੍ਰਣਾਲੀ ਕਮਜ਼ੋਰ ਹੈ, ਉਹ ਲਾਗ ਪ੍ਰਤੀ ਸੰਵੇਦਨਸ਼ੀਲ ਹੋ ਸਕਦੇ ਹਨ।

ਭੋਜਨ ਸਾਂਝਾ ਕਰਨ ਬਾਰੇ ਹੈਰਾਨੀਜਨਕ ਤੱਥ

  • ਡਬਲ-ਡਿਪਿੰਗ ਇੱਕ ਵਾਰੀ ਵਿਚ ਪੰਜ ਗੁਣਾ ਜ਼ਿਆਦਾ ਬੈਕਟੀਰੀਆ ਛੱਡ ਸਕਦੀ ਹੈ।
  • ਫੂਕ ਨਾਲ ਮੋਮਬੱਤੀਆਂ ਬੁਝਾਉਣ ਵੇਲੇ ਕੇਕ ਦੀ ਆਈਸਿੰਗ ‘ਤੇ ਬੈਕਟੀਰੀਆ 14 ਗੁਣਾ ਵਧ ਸਕਦਾ ਹੈ।
  • ਪੰਜ ਸਕਿੰਟ ਦਾ ਨਿਯਮ ਅਸਲ ਵਿੱਚ ਇੱਕ ਨਿਯਮ ਨਹੀਂ ਹੈ।
  • ਚਿਪਚਿਪੇ ਭੋਜਨ ਸਭ ਤੋਂ ਅਸਾਨੀ ਨਾਲ ਬੈਕਟੀਰੀਆ ਫੜਦੇ ਹਨ।
  • ਕਾਲੀਨ, ਫ਼ਰਸ਼ ਦੇ ਮੁਕਾਬਲੇ ਘੱਟ ਬੈਕਟੀਰੀਆ ਪੈਦਾ ਕਰਦੇ ਹਨ।

ਕੀ ਡਬਲ-ਡਿਪਿੰਗ ਅਸਲ ਵਿੱਚ ਸਿਹਤ ਲਈ ਹਾਨੀਕਾਰਕ ਹੈ ?

ਡਿਪ ਅਤੇ ਚਿਪਸ

90 ਦੇ ਦਹਾਕੇ ਵਿੱਚ ਅਮਰੀਕੀ ਸਿਟਕੌਮ ਸੇਨਫੇਲਡ ਵਿੱਚ ਇੱਕ ਦ੍ਰਿਸ਼ ਚਲਾਇਆ ਗਿਆ ਜੋ ਇਨ੍ਹਾਂ ਮਸ਼ਹੂਰ ਸੀ ਕਿ ਹੁਣ ਤੀਹ ਸਾਲ ਬਾਅਦ ਵੀ ਅਕਸਰ ਟਿਕਟੌਕ ‘ਤੇ ਵਾਇਰਲ ਹੋ ਜਾਂਦਾ ਹੈ।

ਇੱਕ ਕਿਰਦਾਰ ਚੀਖਦਾ ਹੈ, “ਤੁਸੀਂ ਇੱਕ ਬੁਰਕੀ ਲਈ ਅਤੇ ਫਿਰ ਚਟਨੀ ਵਿਚ ਡੁਬੋਇਆ। ਇਹ ਤੁਹਾਡਾ ਸਾਰਾ ਮੂੰਹ ਚਟਨੀ ਵਿੱਚ ਪਾਉਣ ਵਰਗਾ ਹੈ।”

ਕੀ ਇਹ ਡਬਲ-ਡਿਪਿੰਗ ਅਸਲ ਵਿਚ ਬਹੁਤ ਗੰਦਾ ਹੈ ਜਾਂ ਸਿਰਫ਼ ਬੁਰਾ ਸ਼ਿਸ਼ਟਾਚਾਰ ?

ਸਾਊਥ ਕੈਰੋਲੀਨਾ ਦੀ ਕਲੈਮਸਨ ਯੂਨੀਵਰਸਿਟੀ ਦੇ ਭੋਜਨ ਵਿਗਿਆਨੀ ਪ੍ਰੋਫੈਸਰ ਪਾਲ ਡਾਅਸਨ ਨੇ ਇਸੇ ਵਿਚਾਰ ਦੀ ਸਟੀਕ ਜਾਂਚ ਕੀਤੀ ਅਤੇ ਪਾਇਆ ਕਿ ਜਿਨ੍ਹਾਂ ਚਟਨੀਆਂ ਦੇ ਸੈਂਪਲਾਂ ਵਿੱਚ ਡਬਲ-ਡਿਪਿੰਗ ਕੀਤੀ ਗਈ ਸੀ ਉਨ੍ਹਾਂ ਵਿੱਚ ਆਮ ਸੈਂਪਲਾਂ ਦੇ ਮੁਕਾਬਲੇ ਪੰਜ ਗੁਣਾ ਜ਼ਿਆਦਾ ਬੈਕਟੀਰੀਆ ਸਨ।

ਭਾਵੇਂ ਇਹ ਸੁਣਨ ਵਿੱਚ ਵਧੀਆ ਨਹੀਂ ਲਗਦਾ ਪਰ ਉਹ ਬੈਕਟੀਰੀਆ ਸਮੇਂ ਦੇ ਨਾਲ ਘਟ ਜਾਂਦਾ ਹੈ ਅਤੇ ਜ਼ਿਆਦਾਤਰ ਸਿਹਤਮੰਦ ਲੋਕਾਂ ਲਈ ਕੋਈ ਵੱਡਾ ਖਤਰਾ ਪੈਦਾ ਨਹੀਂ ਕਰੇਗਾ।

ਜੇ ਤੁਹਾਨੂੰ ਲਗਦਾ ਹੈ ਕਿ ਤੁਸੀਂ ਡਿਪ ਐਂਡ ਫਲਿਪ ਤਰੀਕੇ ਨਾਲ ਇਸ ਮੁਸ਼ਕਿਲ ਤੋਂ ਬਚ ਸਕਦੇ ਹੋ ਜਿਸ ਵਿਚ ਤੁਸੀਂ ਚਿਪਸ ਦੇ ਉਸ ਹਿੱਸੇ ਨੂੰ ਚਟਨੀ ਵਿੱਚ ਡੁਬੋਂਦੇ ਹੋ ਜਿਸ ਨੂੰ ਤੁਸੀਂ ਨਹੀਂ ਖਾਧਾ ਤਾਂ ਤੁਹਾਨੂੰ ਇੱਕ ਵਾਰ ਫਿਰ ਸੋਚਣ ਦੀ ਲੋੜ ਹੈ।

ਡਾਅਸਨ ਨੇ ਸਾਨੂੰ ਦੱਸਿਆ, ” ਚਿਪਸ ਨੂੰ ਦੁਬਾਰਾ ਚਟਨੀ ਵਿੱਚ ਡੁਬੋਣ ਤੋਂ ਪਹਿਲਾਂ ਆਪਣੇ ਹੱਥਾਂ ਨਾਲ ਛੂਹਣਾ ਵੀ ਸ਼ਾਇਦ ਓਨਾ ਹੀ ਗੰਦਾ ਹੈ।”

“ਇਹ ਭੋਜਨ ਨੂੰ ਛੋਹਣ ਵਾਲੇ ਵਿਅਕਤੀ ਦੀ ਸਾਫ਼ ਸਫਾਈ ‘ਤੇ ਨਿਰਭਰ ਕਰਦਾ ਹੈ ਜੋ ਹਰ ਵਿਅਕਤੀ ਲਈ ਵੱਖ ਹੁੰਦਾ ਹੈ।”

ਡਬਲ ਡਿਪਿੰਗ ਵੀ ਐਲਰਜੀ ਦਾ ਖਤਰਾ ਬਣ ਸਕਦੀ ਹੈ, ਕਿਉਂਕਿ ਹੋ ਸਕਦਾ ਹੈ ਕਿ ਕੋਈ ਵਿਅਕਤੀ ਇੱਕ ਅਜਿਹੀ ਚਟਨੀ ਖਾ ਲਵੇ ਜਿਸ ਵਿੱਚ ਕਿਸੇ ਹੋਰ ਚਟਨੀ ਦੇ ਮਿਲਣ ਨਾਲ ਐਲਰਜੀ ਪੈਦਾ ਕਰਨ ਵਾਲਾ ਤੱਤ ਆ ਗਿਆ ਹੋਵੇ।

ਕੀ ਆਈਸ ਕਰੀਮ ਕੋਨ ਸਾਂਝਾ ਕਰਨਾ ਖਤਰਨਾਕ ਹੈ ?

ਆਈਸ ਕਰੀਮ

19ਵੀਂ ਸਕਦੀ ਵਿਚ ਯੂ.ਕੇ. ਦੇ ਆਈਸ ਕਰੀਮ ਵਿਕਰੇਤਾ ਛੋਟੇ ਛੋਟੇ ਗਲਾਸਾਂ ਵਿੱਚੋਂ ਆਈਸ ਕਰੀਮ ਵੇਚਦੇ ਸਨ ਜਿਨ੍ਹਾਂ ਨੂੰ ਵਾਪਸ ਕਰਨ ਤੋਂ ਪਹਿਲਾਂ ਗਾਹਕ ਚੱਟ ਕੇ ਸਾਫ਼ ਕਰ ਦਿੰਦੇ ਸਨ।

ਇਸ ਨੂੰ ਭਰ ਕੇ ਫਿਰ ਅਗਲੇ ਗਾਹਕ ਨੂੰ ਵੇਚਿਆ ਜਾਂਦਾ ਸੀ ਅਤੇ ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਦਾ ਟੀਬੀ ਅਤੇ ਹੈਜ਼ਾ ਦੇ ਫੈਲਾਅ ਵਿੱਚ ਹਿੱਸਾ ਪਾਇਆ।

ਕੋਈ ਹੈਰਾਨੀ ਦੀ ਗੱਲ ਨਹੀਂ ਸੀ ਕਿ 1898 ਵਿੱਚ ਇਨ੍ਹਾਂ ‘ਪੈਨੀ ਲਿਕਸ’ ਨੂੰ ਗੈਰ ਕਾਨੂੰਨੀ ਐਲਾਨ ਕਰ ਦਿੱਤਾ ਗਿਆ ਸੀ।

ਪਰ ਕੀ ਅੱਜ ਦੇ ਸਮੇਂ ਇੱਕ ਆਈਸਕ੍ਰੀਮ ਕੋਨ ਸਾਂਝੀ ਕਰਨਾ ਉਨ੍ਹਾਂ ਹੀ ਜੋਖਮ ਭਰਿਆ ਹੈ ?

ਭਾਵੇਂ ਦੋ ਚਮਚਿਆਂ ਨਾਲ ਹੀ ਕਿਉਂ ਨਾ ਹੋਵੇ, ਪਰ ਆਈਸਕ੍ਰੀਮ ਦਾ ਇੱਕ ਟੱਬ ਸਾਂਝਾ ਕਰਨਾ ਵੀ ਅਸਲ ਵਿਚ ਡਬਲ-ਡਿਪਿੰਗ ਦਾ ਹੀ ਦੂਜਾ ਰੂਪ ਹੈ ਜਿਵੇਂ ਕਿ ਇੱਕੋ ਕੋਨ ਤੋਂ ਆਈਸਕ੍ਰੀਮ ਖਾਣਾ।

ਇਸ ਲਈ ਜੇ ਤੁਸੀਂ ਦੋ ਡਬਲ-ਡਿਪਡ ਚਿਪਸ ਨੂੰ ਨਾਂਹ ਕਹਿ ਸਕਦੇ ਹੋ ਤਾਂ ਸੰਭਵ ਹੈ ਕਿ ਤੁਸੀਂ ਇਸ ਚੀਜ਼ ਨੂੰ ਵੀ ਨਾਂਹ ਹੀ ਕਹਿਣਾ ਚਾਹੋਗੇ।

ਕੀ ਪੌਪਕੌਰਨ ਸਾਂਝੇ ਕਰਨ ਨਾਲ ਵੀ ਕੀਟਾਣੂ ਮਿਲ ਸਕਦੇ ਹਨ ?

ਪੌਪਕੌਰਨ

ਸਿਨੇਮਾ ਘਰ ਵਿਚ ਪੌਪਕੌਰਨ ਦਾ ਇੱਕ ਡੱਬਾ ਸਾਂਝਾ ਕਰਨਾ ਵੀ ਆਮ ਹੈ ਪਰ ਕੀ ਇਹ ਅਸਲ ਵਿੱਚ ਕੋਈ ਸਮੱਸਿਆ ਹੈ ?

ਕਲੇਮਸਨ ਯੂਨੀਵਰਸਿਟੀ ਦੇ ਇੱਕ ਹੋਰ ਅਧਿਐਨ ਵਿੱਚ ਪਤਾ ਲੱਗਿਆ ਕਿ ਜਦੋਂ ਪੌਪਕੌਰਨ ਨੂੰ ਹੱਥ ਲਾਇਆ ਜਾਂਦਾ ਹੈ ਤਾਂ ਉਸ ਵਿੱਚ ਬੈਕਟੀਰੀਆ ਦੀ ਬਹੁਤ ਘੱਟ ਮਾਤਰਾ ਟਰਾਂਸਫ਼ਰ ਹੁੰਦੀ ਹੈ।

ਪਰ ਇਹ ਇੱਕ ਇਨਸਾਨ ਤੋਂ ਦੂਜੇ ਇਨਸਾਨ ਲਈ ਵੱਖਰਾ ਹੋ ਸਕਦਾ ਹੈ ਅਤੇ ਤੁਹਾਡੇ ਘਰ ਦੇ ਮੁਕਾਬਲੇ ਸਿਨੇਮਾ ਘਰ ਵਿੱਚ ਵੱਧ ਬੈਕਟੀਰੀਆ ਟਰਾਂਸਫ਼ਰ ਹੋ ਸਕਦੇ ਹਨ।

ਜ਼ਿਆਦਾਤਰ ਸਿਹਤਮੰਦ ਬਾਲਗਾਂ ਲਈ ਤੁਹਾਨੂੰ ਫ਼ਿਕਰ ਕਰਨ ਦੀ ਲੋੜ ਨਹੀਂ। ਪਰ ਕਮਜ਼ੋਰ ਰੋਗ ਪ੍ਰਤੀਰੋਧਕ ਪ੍ਰਣਾਲੀ ਵਾਲੇ ਲੋਕ, ਗਰਭਵਤੀ ਮਹਿਲਾਵਾਂ ਜਾਂ ਬਿਮਾਰ ਪੌਪਕੌਰਨ ਸਾਂਝਾ ਕਰਨ ਤੋਂ ਬਚ ਸਕਦੇ ਹਨ।

ਕੀ ਫੂਕ ਮਾਰ ਕੇ ਮੋਮਬੱਤੀਆਂ ਬੁਝਾਉਣ ਨਾਲ ਕੀਟਾਣੂ ਆ ਸਕਦੇ ਹਨ ?

ਕੇਕ ਉੱਤੇ ਲੱਗੀਆਂ ਮੋਮਬੱਤੀਆਂ

ਇੱਕ ਹੋਰ ਟ੍ਰਾਇਲ ਵਿੱਚ ਡਾਅਸਨ ਨੇ ਪਤਾ ਲਗਾਇਆ ਕਿ ਜਦੋ ਕੇਕ ਉੱਤੇ ਰੱਖੀਆਂ ਮੋਮਬੱਤੀਆਂ ਫੂਕ ਮਾਰ ਕੇ ਬੁਝਾਈਆਂ ਜਾਂਦੀਆਂ ਗਈਆਂ ਤਾਂ ਕੇਕ ਦੀ ਆਈਸਿੰਗ ‘ਤੇ ਉਸ ਕੇਕ ਨਾਲੋਂ14 ਗੁਣਾ ਵੱਧ ਬੈਕਟੀਰੀਆ ਸਨ ਜਿਸ ਉੱਤੇ ਮੋਮਬੱਤੀਆਂ ਨਹੀਂ ਬੁਝਾਈਆਂ ਗਈਆਂ।

ਬੈਕਟੀਰੀਆ ਦੀ ਮਾਤਰਾ ਫੂਕ ਮਾਰਨ ਵਾਲੇ ਵਿਅਕਤੀ ਦੇ ਨਾਲ ਨਾਲ ਇਸ ਗੱਲ ‘ਤੇ ਵੀ ਨਿਰਭਰ ਕਰਦੀ ਸੀ ਕਿ ਉਨ੍ਹਾਂ ਨੇ ਕਿੰਨੇ ਜ਼ੋਰ ਨਾਲ ਫੂਕ ਮਾਰੀ।

ਤਾਂ ਕੀ ਇਹ ਮਾਇਨੇ ਰੱਖਦਾ ਹੈ ? ਜੇ ਕੋਈ ਬਿਮਾਰ ਹੈ ਅਤੇ ਮੋਮਬੱਤੀਆਂ ਨੂੰ ਫੂਕ ਮਾਰਦਾ ਹੈ, ਤਾਂ ਤੁਸੀਂ ਕੇਕ ਤੋਂ ਦੂਰ ਰਹਿਣਾ ਚਾਹ ਸਕਦੇ ਹੋ ਨਹੀਂ ਤਾਂ ਤੁਹਾਡੇ ਲਈ ਸਭ ਠੀਕ ਹੈ।

ਕੀ ਪੰਜ ਸਕਿੰਟ ਵਾਲਾ ਨਿਯਮ ਵਾਕਈ ਸਹੀ ਹੈ ?

ਲੱਕੜ ਦੀ ਸਤ੍ਹਾ 'ਤੇ ਡਿੱਗਿਆ ਜੈਮ ਲੱਗਿਆ ਹੋਇਆ ਬਰੈਡ

ਪੰਜ ਸਕਿੰਟ ਦੇ ਨਿਯਮ ਨੂੰ ਕਈਆਂ ਵੱਲੋਂ ਇੱਕ ਪੱਕੇ ਕਾਨੂੰਨ ਵਾਂਗ ਦੇਖਿਆ ਜਾਂਦਾ ਹੈ ਜਿਸ ਦਾ ਮਤਲਬ ਇਹ ਹੈ ਕਿ ਜੇ ਹੇਠਾਂ ਡਿੱਗੇ ਭੋਜਨ ਨੂੰ ਤੁਰੰਤ ਚੱਕ ਲਿਆ ਜਾਵੇ ਤਾਂ ਇਹ ਫ਼ਰਸ਼ ‘ਤੇ ਮੌਜੂਦ ਬੈਕਟੀਰੀਆ ਨਾਲ ਦੂਸ਼ਿਤ ਨਹੀਂ ਹੋਵੇਗਾ।

ਭੋਜਨ ਸੁਰੱਖਿਆ ਮਾਹਿਰ ਪ੍ਰੋਫੈਸਰ ਐਨਥਨੀ ਹਿਲਟਨ ਕਹਿੰਦੇ ਹਨ ਕਿ ਇਹ ਇਸ ‘ਤੇ ਨਿਰਭਰ ਕਰਦਾ ਹੈ ਕਿ ਡਿੱਗਣ ਵਾਲਾ ਭੋਜਨ ਕਿਸ ਤਰ੍ਹਾਂ ਦਾ ਹੈ ਅਤੇ ਇਹ ਕਿਸ ਤਰ੍ਹਾਂ ਦੀ ਸਤ੍ਹਾ ‘ਤੇ ਡਿੱਗਿਆ ਹੈ।

ਉਹ ਕਹਿੰਦੇ ਹਨ ਕਿ ਕੂਲੀ ਸਤ੍ਹਾ ‘ਤੇ ਡਿੱਗਿਆ ਭੋਜਨ ਖਾਣਾ ਖੁਰਦਰੀ ਸਤ੍ਹਾ ‘ਤੇ ਡਿੱਗੇ ਭੋਜਨ ਖਾਣ ਨਾਲੋਂ ਬੁਰਾ ਹੁੰਦਾ ਹੈ।

ਵਿਗਿਆਨੀ ਮੰਨਦੇ ਹਨ ਕਿ ਕੂਲ਼ੀ ਅਤੇ ਸਮਤਲ ਸਤ੍ਹਾ ਭੋਜਨ ਅਤੇ ਦੂਸ਼ਿਤ ਖੇਤਰ ਵਿਚਾਲੇ ਜ਼ਿਆਦਾ ਸਿੱਧਾ ਸੰਪਰਕ ਬਣਾਉਂਦੀਆਂ ਹਨ ਜਿਸ ਨਾਲ ਬੈਕਟੀਰੀਆ ਦਾ ਟਰਾਂਸਫ਼ਰ ਹੋਣਾ ਅਸਾਨ ਹੋ ਜਾਂਦਾ ਹੈ।

ਬਟਰ, ਜੈਮ ਅਤੇ ਆਈਸ ਕਰੀਮ ਜਿਹੇ ਚਿਪਚਿਪੇ ਭੋਜਨ ਬੈਕਟੀਰੀਆ ਪ੍ਰਾਪਤ ਕਰਨ ਪ੍ਰਤੀ ਵਧੇਰੇ ਸੰਵੇਦਨਸ਼ੀਲ ਹੁੰਦੇ ਹਨ।

ਡਾ. ਰੋਨਾਲਡ ਕਟਲਰ ਨੇ ਵੀ ਪੰਜ ਸੈਕੰਡ ਨਿਯਮ ਦਾ ਅਧਿਐਨ ਕੀਤਾ ਹੈ ਅਤੇ ਉਹ ਕਹਿੰਦੇ ਹਨ ਕਿ ਫ਼ਰਸ਼ ‘ਤੇ ਡਿੱਗੇ ਭੋਜਨ ਲਈ ਕੋਈ ਵੀ ਸਮਾਂ ਸੁਰੱਖਿਅਤ ਨਹੀਂ ਹੁੰਦਾ।

ਉਹ ਕਹਿੰਦੇ ਹਨ ਕਿ ਤੁਸੀਂ ਭਾਵੇਂ ਕਿੰਨਾ ਵੀ ਜਲਦੀ ਇਸ ਨੂੰ ਚੁੱਕ ਲਓ, ਬੈਕਟੀਰੀਆ ਟਰਾਂਸਫ਼ਰ ਹੋ ਗਏ ਗੋਣਗੇ, ਇਸ ਵਿੱਚ ਸੰਭਾਵਿਤ ਨੁਕਸਾਨਦੇਹ ਬੈਕਟੀਰੀਆ ਵੀ ਹੋ ਸਕਦੇ ਹਨ।

ਹਾਲਾਂਕਿ ਮਾਹਿਰ ਇਸ ਤੋਂ ਸਹਿਮਤ ਨਹੀਂ ਹਨ ਕਿ ਤੁਹਾਨੂੰ ਪੰਜ ਸੈਕਿੰਡ ਨਿਯਮ ਦਾ ਪਾਲਣ ਕਰਨਾ ਚਾਹੀਦਾ ਹੈ ਜਾਂ ਨਹੀਂ ਪਰ ਬੈਕਟੀਰੀਆ ਤੁਰੰਤ ਟਰਾਂਸਫ਼ਰ ਹੋ ਜਾਂਦਾ ਹੈ। ਇਸ ਲਈ ਕੀ ਤੁਹਾਡੀ ਇਸ ਭੋਜਨ ਲਈ ਇੰਨੀ ਸ਼ਿੱਦਤ ਹੈ ਕਿ ਤੁਸੀਂ ਖਤਰਾ ਲੈਣ ਲਈ ਤਿਆਰ ਹੋ ?

ਕੀ ਅਸੀਂ ਬਹੁਤ ਚਿੰਤਾ ਕਰ ਰਹੇ ਹਾਂ?

ਸਾਰੇ ਬੈਕਟੀਰੀਆ ਨੁਕਸਾਨਦੇਹ ਨਹੀਂ ਹੁੰਦੇ ਅਤੇ ਰੋਜ਼ਾਨਾ ਦੇ ਸੰਪਰਕ ਦੇ ਨਤੀਜੇ ਵਜੋਂ ਬਿਮਾਰੀ ਨਹੀਂ ਫੈਲਾਉਂਦੇ।

ਖਤਰਾ ਇੰਨਾ ਚੀਜ਼ਾਂ ‘ਤੇ ਨਿਰਭਰ ਕਰਦਾ ਹੈ ਕਿ ਕਿਸ ਤਰ੍ਹਾਂ ਦਾ ਕੀਟਾਣੂ ਹੈ, ਕਿੰਨੀ ਮਾਤਰਾ ਮੌਜੂਦ ਹੈ ਅਤੇ ਸੰਪਰਕ ਵਿੱਚ ਆਉਣ ਵਾਲੇ ਵਿਅਕਤੀ ਦੀ ਸਿਹਤ ਕਿਹੋ ਜਿਹੀ ਹੈ।

ਡਾਅਸਨ ਕਹਿੰਦੇ ਹਨ, “ਇਹ ਅਧਿਐਨ ਅਸਲ ਵਿੱਚ ਭੋਜਨ ਦੀ ਸੁਰੱਖਿਆ ਨਾਲ ਜੁੜੇ ਵੱਡੇ ਮੁੱਦੇ ਨਹੀਂ ਹਨ ਪਰ ਇਹ ਦਿਲਚਸਪ ਅਤੇ ਮਜ਼ੇਦਾਰ ਹਨ। ਮੈਂ ਉਮੀਦ ਕਰਦਾ ਹਾਂ ਕਿ ਇਹ ਲੋਕਾਂ ਨੂੰ ਚੰਗੇ ਹਾਈਜੀਨ ਪ੍ਰਤੀ ਜਾਗਰੂਕ ਕਰਨਗੇ ਪਰ ਮੈਂ ਨਹੀਂ ਚਾਹੁੰਦਾ ਕਿ ਕੋਈ ਵੀ ਇਸ ਬਾਰੇ ਬਹੁਤ ਚਿੰਤਤ ਹੋਵੇ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI