Source :- BBC PUNJABI

ਕੇਨੇਥ ਲਾਅ

ਤਸਵੀਰ ਸਰੋਤ, PA Media

ਕੁਝ ਵੇਰਵੇ ਪ੍ਰੇਸ਼ਾਨ ਕਰ ਸਕਦੇ ਹਨ।

ਕੈਨੇਡਾ ਵਿੱਚ ਇੱਕ ਵਿਅਕਤੀ ਨੇ ਆਨਲਾਈਨ ਜ਼ਹਿਰੀਲੇ ਰਸਾਇਣ ਵੇਚਣ ਤੋਂ ਬਾਅਦ ਆਤਮਹੱਤਿਆ ਵਿੱਚ ਸਹਾਇਤਾ ਕਰਨ ਦੇ 14 ਮਾਮਲਿਆਂ ਵਿੱਚ ਆਪਣਾ ਗੁਨਾਹ ਕਬੂਲ ਕਰ ਲਿਆ ਹੈ।

60 ਸਾਲਾ ਕੇਨੇਥ ਲਾਅ ਨੇ ਸ਼ੁੱਕਰਵਾਰ ਨੂੰ ਓਨਟਾਰਿਓ ਦੀ ਇੱਕ ਅਦਾਲਤ ਵਿੱਚ ਸਰਕਾਰੀ ਵਕੀਲਾਂ ਨਾਲ ਹੋਏ ਇੱਕ ਸਮਝੌਤੇ ਤਹਿਤ ਆਪਣੇ ‘ਤੇ ਲੱਗੇ ਇਲਜ਼ਾਮਾਂ ਨੂੰ ਕਬੂਲ ਕੀਤਾ। ਇਸ ਸਮਝੌਤੇ ਤਹਿਤ ਸਰਕਾਰੀ ਵਕੀਲਾਂ ਨੇ ਕੇਨੇਥ ‘ਤੇ ਲਗਾਏ ਕਤਲ ਦੇ ਹੋਰ ਗੰਭੀਰ ਇਲਜ਼ਾਮ ਵਾਪਸ ਲੈ ਲਏ।

ਅਧਿਕਾਰੀਆਂ ਨੇ ਦੱਸਿਆ ਕਿ ਇੱਕ ਸਾਬਕਾ ਸ਼ੈਫ਼ ਕੇਨੇਥ ਨੇ 40 ਦੇਸ਼ਾਂ ਵਿੱਚ ਲੋਕਾਂ ਨੂੰ ਜ਼ਹਿਰੀਲੇ ਪਦਾਰਥਾਂ ਦੇ ਲਗਭਗ 1,200 ਪੈਕੇਟ ਵੇਚੇ, ਜਿਨ੍ਹਾਂ ਵਿੱਚੋਂ ਲਗਭਗ ਇੱਕ ਚੌਥਾਈ ਯੂਕੇ ਭੇਜੇ ਗਏ ਸਨ। ਇਹ ਉਹ ਲੋਕ ਸਨ ਜੋ ਕੇਨੇਥ ਨੂੰ ਆਤਮਹੱਤਿਆ ਨਾਲ ਜੁੜੇ ਆਨਲਾਈਨ ਪਲੇਟਫਾਰਮਾਂ ‘ਤੇ ਮਿਲੇ ਸਨ।

ਹਾਲ ਹੀ ਵਿੱਚ ਲੱਗੇ ਇਹ ਸਾਰੇ ਇਲਜ਼ਾਮ ਕੈਨੇਡੀਅਨ ਪੀੜਤਾਂ ਨਾਲ ਸੰਬੰਧਿਤ ਹਨ, ਪਰ ਬ੍ਰਿਟਿਸ਼ ਪੀੜਤਾਂ ਦੇ ਪਰਿਵਾਰਾਂ ਨੇ ਕਿਹਾ ਹੈ ਕਿ ਉਹ ਇਸ ਗੱਲ ਤੋਂ ਨਾਰਾਜ਼ ਹਨ ਕਿ ਬ੍ਰਿਟੇਨ ਦੇ ਸਰਕਾਰੀ ਵਕੀਲ 79 ਬ੍ਰਿਟਿਸ਼ ਨਾਗਰਿਕਾਂ ਦੀ ਮੌਤ ਦੇ ਮਾਮਲੇ ਵਿੱਚ ਕੇਨੇਥ ‘ਤੇ ਇਲਜ਼ਾਮ ਨਹੀਂ ਲਗਾਉਣਗੇ।

ਇਹ ਉਹ ਮੌਤਾਂ ਹਨ, ਜਿਨ੍ਹਾਂ ਬਾਰੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਉਸ ਸਮੱਗਰੀ ਨਾਲ ਜੁੜੀਆਂ ਹਨ, ਜਿਨ੍ਹਾਂ ਦੀ ਉਸ ਨੇ ਸਪਲਾਈ ਕੀਤੀ ਸੀ।

ਵਕੀਲਾਂ ਨੇ ਕੀ ਦੱਸਿਆ

ਕ੍ਰਾਊਨ ਪ੍ਰੋਸੀਕਿਊਸ਼ਨ ਸਰਵਿਸ (ਸੀਪੀਐਸ)

ਤਸਵੀਰ ਸਰੋਤ, Mike Kemp/In Pictures via Getty Images

ਕ੍ਰਾਊਨ ਪ੍ਰੋਸੀਕਿਊਸ਼ਨ ਸਰਵਿਸ (ਸੀਪੀਐਸ) ਨੇ ਕਿਹਾ ਕਿ ਉਸ ਨੇ ਕੈਨੇਡਾ ਨਾਲ ਇਸ ਸ਼ਰਤ ‘ਤੇ ਸਮਝੌਤਾ ਕੀਤਾ ਹੈ ਕਿ ਕੇਨੇਥ ਦੀ ਸਜ਼ਾ ਵਿੱਚ ਬ੍ਰਿਟਿਸ਼ ਨਾਗਰਿਕਾਂ ਦੀ ਮੌਤ ਨੂੰ ਧਿਆਨ ਵਿੱਚ ਰੱਖਿਆ ਜਾਵੇਗਾ।

(ਕ੍ਰਾਊਨ ਪ੍ਰੋਸੀਕਿਊਸ਼ਨ ਸਰਵਿਸ (ਸੀਪੀਐਸ) ਇੱਕ ਸੁਤੰਤਰ ਸੰਸਥਾ ਹੈ, ਜੋ ਇੰਗਲੈਂਡ ਅਤੇ ਵੇਲਜ਼ ਵਿੱਚ ਪੁਲਿਸ ਅਤੇ ਹੋਰ ਜਾਂਚ ਅਧਿਕਾਰੀਆਂ ਦੁਆਰਾ ਜਾਂਚ ਕੀਤੇ ਗਏ ਅਪਰਾਧਿਕ ਮਾਮਲਿਆਂ ਦੀ ਪੈਰਵੀ ਕਰਨ ਲਈ ਜ਼ਿੰਮੇਵਾਰ ਹੈ।)

ਬੀਬੀਸੀ ਵੱਲੋਂ ਦੇਖੇ ਗਏ ਸੀਪੀਐਸ ਦੇ ਇੱਕ ਪੱਤਰ ਵਿੱਚ ਕਿਹਾ ਗਿਆ ਹੈ ਕਿ ਕੇਨੇਥ ਨੂੰ ਬ੍ਰਿਟੇਨ ਵਿੱਚ ਇਲਜ਼ਾਮਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਕਿਉਂਕਿ ਕੈਨੇਡਾ ਵਿੱਚ ਇਸੇ ਤਰ੍ਹਾਂ ਦੇ ਅਪਰਾਧਾਂ ਵਿੱਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਉਹ (ਕੇਨੇਥ) ਹਵਾਲਗੀ ਨੂੰ ਚੁਣੌਤੀ ਦੇ ਸਕਦਾ ਹੈ। ਹਵਾਲਗੀ ਇੱਕ ਕਾਨੂੰਨੀ ਪ੍ਰਕਿਰਿਆ ਹੁੰਦੀ ਹੈ, ਜਿਸ ਦੇ ਤਹਿਤ ਇੱਕ ਦੇਸ਼ ਕਿਸੇ ਦੋਸ਼ੀ ਜਾਂ ਅਪਰਾਧੀ ਨੂੰ ਦੂਜੇ ਦੇਸ਼ ਨੂੰ ਸੌਂਪ ਦਿੰਦਾ ਹੈ।

ਸੀਪੀਐਸ ਦੇ ਵਿਸ਼ੇਸ਼ ਵਕੀਲ ਐਂਡਰਿਊ ਹਡਸਨ ਨੇ ਕਿਹਾ ਕਿ ਕੈਨੇਡਾ ਦੀ ਸਜ਼ਾ ਪ੍ਰਕਿਰਿਆ ਵਿੱਚ ਬ੍ਰਿਟੇਨ ਦੇ ਪੀੜਤਾਂ ਨੂੰ ਸ਼ਾਮਲ ਕਰਨਾ ਇਨਸਾਫ਼ ਹਾਸਲ ਕਰਨ ਦਾ “ਸਭ ਤੋਂ ਤੇਜ਼ ਅਤੇ ਸਭ ਤੋਂ ਪ੍ਰਭਾਵਸ਼ਾਲੀ ਰਸਤਾ” ਹੈ।

ਹਡਸਨ ਨੇ ਕਿਹਾ ਕਿ ਸਫਲ ਹਵਾਲਗੀ ਦੀ “ਕੋਈ ਗਾਰੰਟੀ ਨਹੀਂ ਸੀ ਅਤੇ ਇਸ ਨੂੰ ਪੂਰਾ ਹੋਣ ਵਿੱਚ ਸਾਲ ਲੱਗ ਜਾਂਦੇ ਹਨ।” ਇਸਦੇ ਨਾਲ ਹੀ ਬ੍ਰਿਟੇਨ ਵਿੱਚ ਕੋਈ ਵੀ ਮੁਕੱਦਮਾ “ਦੋਹਰੀ ਸਜ਼ਾ ਦੇ ਸਿਧਾਂਤਾਂ ਦੇ ਤਹਿਤ ਰੋਕਿਆ ਜਾ ਸਕਦਾ ਸੀ”।

ਪੀੜਤਾਂ ਦਾ ਦਰਦ

ਆਪਣੇ ਪੁੱਤਰ ਦੀ ਤਸਵੀਰ ਦੇ ਨਾਲ ਕਿਮ ਪ੍ਰੋਸਰ

ਤਸਵੀਰ ਸਰੋਤ, AFP via Getty Images

ਓਨਟਾਰਿਓ ਦੇ 19 ਸਾਲਾ ਨਿਵਾਸੀ ਐਸ਼ਟਿਨ ਪ੍ਰੋਸਰ-ਬਲੇਕ, ਕੇਨੇਥ ਦੇ ਪੀੜਤਾਂ ਵਿੱਚੋਂ ਇੱਕ ਸਨ, ਜਿਨ੍ਹਾਂ ਨੇ ਮਾਰਚ 2023 ਵਿੱਚ ਆਤਮਹੱਤਿਆ ਕਰ ਲਈ ਸੀ।

ਉਨ੍ਹਾਂ ਦੀ ਮਾਂ ਕਿਮ ਪ੍ਰੋਸਰ ਨੇ ਬੀਬੀਸੀ ਨੂੰ ਦੱਸਿਆ, “ਉਹ ਬਹੁਤ ਖੁਸ਼ਮਿਜ਼ਾਜ਼ ਅਤੇ ਬੇਹੱਦ ਨੇਕ ਦਿਲ ਇਨਸਾਨ ਸੀ, ਜੋ ਹਮੇਸ਼ਾ ਕਮਜ਼ੋਰਾਂ, ਖ਼ਾਸ ਕਰਕੇ ਉਨ੍ਹਾਂ ਬੱਚਿਆਂ ਦੀ ਮਦਦ ਕਰਨ ਲਈ ਤਿਆਰ ਰਹਿੰਦਾ ਸੀ, ਜਿਨ੍ਹਾਂ ਨੂੰ ਤੰਗ ਕੀਤਾ ਜਾਂਦਾ ਸੀ।”

ਉਨ੍ਹਾਂ ਦੱਸਿਆ, ਕੋਵਿਡ ਮਹਾਮਾਰੀ ਤੋਂ ਬਾਅਦ ਪ੍ਰੋਸਰ-ਬਲੇਕ ਦੀ ਮਾਨਸਿਕ ਸਿਹਤ ਵਿਗੜ ਗਈ। ਉਹ ਟੋਰਾਂਟੋ ਵਿੱਚ ਇੱਕ ਸਾਲ ਲਈ ਕਾਲਜ ਗਿਆ, ਫਿਰ ਪੜ੍ਹਾਈ ਛੱਡ ਦਿੱਤੀ ਅਤੇ ਘਰ ਵਾਪਸ ਆ ਗਿਆ, ਜਿੱਥੇ ਉਹ “ਲਗਾਤਾਰ ਸੰਘਰਸ਼ ਕਰਦਾ ਰਿਹਾ” ਤੇ ਫਿਰ ਆਤਮਹੱਤਿਆ ਕਰ ਲਈ।

ਉਨ੍ਹਾਂ ਕਿਹਾ, “ਮੇਰੇ ਪੁੱਤਰ ਐਸ਼ਟਿਨ ਨੂੰ ਗੁਆਉਣ ਦਾ ਦਰਦ ਕਿਸੇ ਦੇ ਜੇਲ੍ਹ ਜਾਣ ਨਾਲ ਘੱਟ ਨਹੀਂ ਹੁੰਦਾ। ਕਿਸੇ ਹੋਰ ਨੂੰ ਦੁੱਖ ਝੱਲਦਾ ਦੇਖ ਕੇ ਮੈਨੂੰ ਆਪਣੇ ਦੁੱਖ ਤੋਂ ਉੱਭਰਨ ਵਿੱਚ ਕੋਈ ਮਦਦ ਨਹੀਂ ਮਿਲਦੀ।”

ਬ੍ਰਿਟੇਨ ਵਿੱਚ, ਡੇਵਿਡ ਪਾਰਫੇਟ ਦੇ 22 ਸਾਲਾ ਪੁੱਤਰ ਥੌਮਸ ਨੇ ਵੀ ਉਸ ਪਦਾਰਥ ਦੀ ਵਰਤੋਂ ਕੀਤੀ, ਜੋ ਕੇਨੇਥ ਨੇ ਉਸ ਨੂੰ ਵੇਚਿਆ ਸੀ।

ਪਾਰਫੇਟ ਨੇ ਕਿਹਾ, “ਟੌਮ ਇੱਕ ਅਜਿਹਾ ਵਿਅਕਤੀ ਸੀ ਜੋ ਵਾਕਈ ਜ਼ਿੰਦਗੀ ਵਿੱਚ ਅਨੰਦ ਦੇਖਦਾ ਸੀ। ਉਹ ਅਜੀਬੋ-ਗਰੀਬ ਮੌਕਿਆਂ ਵਿੱਚ ਵੀ ਹਾਸਾ ਲੱਭ ਲੈਂਦਾ ਸੀ। ਮੈਂ ਅਕਸਰ ਉਸ ਦੇ ਹਾਸੇ ਬਾਰੇ ਸੋਚਦਾ ਹਾਂ।”

ਉਨ੍ਹਾਂ ਅੱਗੇ ਦੱਸਿਆ, “ਟੌਮ ਫੁੱਟਬਾਲ ਦਾ ਬਹੁਤ ਵੱਡਾ ਪ੍ਰਸ਼ੰਸਕ ਸੀ ਅਤੇ ਇੱਕ ਚੰਗਾ ਫੁੱਟਬਾਲਰ ਵੀ ਸੀ। ਮੈਨੂੰ ਦੁੱਖ ਹੈ ਕਿ ਮੈਂ ਉਸ ਨਾਲ 2026 ਵਿਸ਼ਵ ਕੱਪ ਦਾ ਅਨੰਦ ਨਹੀਂ ਮਾਣ ਸਕਦਾ।”

ਟੌਮ ਨੇ ਉਸ ਪਦਾਰਥ ਲਈ 50 ਪਾਊਂਡ (67 ਡਾਲਰ; 92 ਕੈਨੇਡੀਅਨ ਡਾਲਰ) ਦੇ ਬਰਾਬਰ ਭੁਗਤਾਨ ਕੀਤਾ ਸੀ। ਉਸ ਦੀ ਲਾਸ਼ 2021 ਵਿੱਚ ਸਰੀ ਦੇ ਸਨਬਰੀ-ਆਨ-ਥੇਮਜ਼ ਵਿੱਚ ਇੱਕ ਹੋਟਲ ਵਿੱਚ ਮਿਲੀ ਸੀ।

ਪਾਰਫੇਟ ਨੇ ਕਿਹਾ ਕਿ ਭਾਵੇਂ ਇਹ ਚੰਗੀ ਗੱਲ ਹੈ ਕਿ ਕੇਨੇਥ ਨੇ “ਇਲਜ਼ਾਮ ਕਬੂਲ ਕਰ ਲਿਆ”, ਪਰ ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਉਹ ਫਿਰ ਵੀ “ਬੇਹੱਦ ਨਿਰਾਸ਼ਾਜਨਕ ਪਲ” ਸੀ।

ਉਨ੍ਹਾਂ ਨੇ ਸ਼ੁੱਕਰਵਾਰ ਨੂੰ ਬੀਬੀਸੀ ਨਾਲ ਗੱਲਬਾਤ ਵਿੱਚ ਦੱਸਿਆ, “ਮੈਂ ਚਾਹੁੰਦਾ ਸੀ ਕਿ ਕੇਨੇਥ ਲਾਅ ‘ਤੇ ਇੱਥੇ [ਬ੍ਰਿਟੇਨ ਵਿੱਚ] ਮੁਕੱਦਮਾ ਚਲਾਇਆ ਜਾਵੇ। ਮੈਂ ਚਾਹੁੰਦਾ ਸੀ ਕਿ ਉਹ ਅਦਾਲਤ ਵਿੱਚ ਮੇਰੇ ਪੁੱਤਰ ਦੀ ਮੌਤ ਨਾਲ ਸੰਬੰਧਿਤ ਇਲਜ਼ਾਮਾਂ ਦਾ ਜਵਾਬ ਦੇਵੇ।”

ਥੌਮਸ

ਤਸਵੀਰ ਸਰੋਤ, David Parfett

ਪਾਰਫੇਟ ਬ੍ਰਿਟੇਨ ਸਰਕਾਰ ਤੋਂ ਇਨ੍ਹਾਂ ਮੌਤਾਂ ਦੀ ਜਨਤਕ ਜਾਂਚ ਕਰਵਾਉਣ ਦੀ ਮੰਗ ਕਰ ਰਹੇ ਹਨ, ਕਿਉਂਕਿ ਉਹ ਚਾਹੁੰਦੇ ਹਨ ਕਿ ਅਧਿਕਾਰੀ “ਇਸ ਮੁੱਦੇ ਨੂੰ ਸਮਝਣ ਅਤੇ ਲੋਕਾਂ ਨੂੰ ਆਤਮਹੱਤਿਆ ਕਾਰਨ ਆਪਣੇ ਕਿਸੇ ਪਿਆਰੇ ਨੂੰ ਗੁਆਉਣ ਤੋਂ ਬਚਾ ਲੈਣ, ਅਜਿਹੀ ਆਤਮਹੱਤਿਆ ਜਿਸ ਨੂੰ ਆਸਾਨੀ ਨਾਲ ਰੋਕਿਆ ਜਾ ਸਕਦਾ ਸੀ।”

ਉਨ੍ਹਾਂ ਕਿਹਾ, “ਇੱਥੇ ਮਰਨ ਵਾਲਿਆਂ ਦੀ ਗਿਣਤੀ ਹੈਰਾਨ ਕਰਨ ਵਾਲੀ ਹੈ, ਬੱਚਿਆਂ ਸਮੇਤ ਕਈ ਲੋਕਾਂ ਦੀ ਮੌਤ ਹੋਈ ਹੈ ਅਤੇ ਫਿਰ ਵੀ ਸਾਨੂੰ ਅਜਿਹੀ ਕੋਈ ਕੋਸ਼ਿਸ਼ ਨਜ਼ਰ ਨਹੀਂ ਆਉਂਦੀ, ਜਿਸਦੇ ਤਹਿਤ ਇਸ ਨੂੰ ਵਾਕਈ ਕਿਸੇ ਤਾਲਮੇਲ ਰਾਹੀਂ ਸਮਝਣ ਦਾ ਯਤਨ ਕੀਤਾ ਜਾ ਰਿਹਾ ਹੋਵੇ।”

ਇੱਕ ਬਿਆਨ ਵਿੱਚ ਗ੍ਰਹਿ ਮੰਤਰਾਲੇ ਨੇ ਕਿਹਾ ਕਿ “ਇਸ ਮਾਮਲੇ ਵਿੱਚ ਆਪਣੇ ਪਿਆਰਿਆਂ ਨੂੰ ਗੁਆਉਣ ਵਾਲੇ ਪਰਿਵਾਰਾਂ ਅਤੇ ਦੋਸਤਾਂ ਪ੍ਰਤੀ ਸਾਡੀਆਂ ਸੰਵੇਦਨਾਵਾਂ ਹਨ।”

“ਅਸੀਂ ਬ੍ਰਿਟੇਨ ਵਿੱਚ ਦਾਖਲ ਹੋਣ ਵਾਲੇ ਹਾਨੀਕਾਰਕ ਪਦਾਰਥਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਰੋਕਣ ਲਈ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨਾਲ ਮਿਲ ਕੇ ਕੰਮ ਕਰ ਰਹੇ ਹਾਂ।”

ਕਿਮ ਪ੍ਰੋਸਰ
ਪੀੜਤ ਐਸ਼ਟਿਨ ਪ੍ਰੋਸਰ ਦੇ ਮਾਂ

ਕਿਵੇਂ ਕਾਬੂ ਆਇਆ ਸੀ ਕੇਨੇਥ

ਕੇਨੇਥ ਲਾਅ ਨੂੰ ਮਈ 2023 ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।

ਇਹ ਗ੍ਰਿਫ਼ਤਾਰੀ ਘੱਟੋ-ਘੱਟ 11 ਲਾਅ ਇੰਫੋਰਸਮੈਂਟ ਏਜੰਸੀਆਂ ਵੱਲੋਂ ਕੀਤੀ ਗਈ ਇੱਕ ਗੁੰਝਲਦਾਰ ਜਾਂਚ ਤੋਂ ਬਾਅਦ ਹੋਈ ਸੀ, ਜਿਸ ਵਿੱਚ ਬ੍ਰਿਟੇਨ, ਇਟਲੀ ਅਤੇ ਅਮਰੀਕਾ ਸਮੇਤ ਲਗਭਗ ਇੱਕ ਦਰਜਨ ਦੇਸ਼ਾਂ ਦੇ ਜਾਂਚਕਰਤਾ ਸ਼ਾਮਲ ਸਨ।

ਕੇਨੇਥ ਦੀ ਗ੍ਰਿਫ਼ਤਾਰੀ, ਟਾਈਮਜ਼ ਦੀ ਉਸ ਜਾਂਚ ਦੇ ਇੱਕ ਹਫ਼ਤੇ ਬਾਅਦ ਹੋਈ। ਇਸ ਵਿੱਚ ਇੱਕ ਤਰਕਾਰ ਨੇ ਗਾਹਕ ਬਣ ਕੇ ਕੇਨੇਥ ਲਾਅ ਨਾਲ ਸਿੱਧੀ ਗੱਲ ਕੀਤੀ ਸੀ ਅਤੇ ਉਸ ਮਗਰੋਂ ਉਸ ‘ਤੇ ਇਲਜ਼ਾਮ ਲਗਾਇਆ ਗਿਆ ਸੀ ਕਿ ਉਹ ਨੌਜਵਾਨਾਂ ਨੂੰ ਜ਼ਹਿਰ ਵੇਚ ਰਿਹਾ ਸੀ।

ਰਿਪੋਰਟ ਮੁਤਾਬਕ, ਲਾਅ ਨੇ ਪੱਤਰਕਾਰ ਨੂੰ ਇਹ ਸਲਾਹ ਵੀ ਦਿੱਤੀ ਸੀ ਕਿ ਉਸ ਵੱਲੋਂ ਭੇਜੇ ਗਏ ਉਤਪਾਦਾਂ ਦੀ ਵਰਤੋਂ ਕਿਵੇਂ ਕੀਤੀ ਜਾਵੇ ਤਾਂ ਜੋ “ਮੌਤ ਯਕੀਨੀ ਬਣੇ।”

ਕੈਨੇਡੀਅਨ ਜਾਸੂਸਾਂ ਨੇ ਸਾਲ 2023 ਵਿੱਚ ਬੀਬੀਸੀ ਨੂੰ ਦੱਸਿਆ ਸੀ ਕਿ ਕੇਨੇਥ ਕਈ ਅਜਿਹੀਆਂ ਵੈੱਬਸਾਈਟਾਂ ਚਲਾਉਂਦਾ ਸੀ ਜੋ ਲੋਕਾਂ ਨੂੰ ਆਤਮਹੱਤਿਆ ਕਰਨ ਵਿੱਚ ਮਦਦ ਕਰਨ ਲਈ ਸਮਾਨ ਅਤੇ ਹੋਰ ਚੀਜ਼ਾਂ ਉਪਲੱਬਧ ਕਰਵਾਉਂਦੀਆਂ ਸਨ।

ਕੈਨੇਡਾ ਦੀ ਅਪਰਾਧਿਕ ਸੰਹਿਤਾ ਤਹਿਤ ਆਤਮਹੱਤਿਆ ਵਿੱਚ ਸਹਾਇਤਾ ਕਰਨ ਦਾ ਦੋਸ਼ੀ ਪਾਏ ਜਾਣ ਵਾਲੇ ਨੂੰ 14 ਸਾਲ ਤੱਕ ਦੀ ਜੇਲ੍ਹ ਹੋ ਸਕਦੀ ਹੈ।

ਕੇਨੇਥ ਲਾਅ ਦੀ ਸਜ਼ਾ ਸੁਣਾਉਣ ਸਬੰਧੀ ਸੁਣਵਾਈ 23 ਸਤੰਬਰ ਤੋਂ ਸ਼ੁਰੂ ਹੋ ਕੇ ਕਈ ਦਿਨਾਂ ਤੱਕ ਚੱਲੇਗੀ, ਜਿਸ ਦੌਰਾਨ ਅਦਾਲਤ ਵਿੱਚ ਪੀੜਤਾਂ ਦੇ ਬਿਆਨ ਪੜ੍ਹੇ ਜਾਣਗੇ।

ਮਹੱਤਵਪੂਰਨ ਸੂਚਨਾ

ਨੋਟ: ਦਵਾਈ ਅਤੇ ਥੈਰਿਪੀ ਦੇ ਰਾਹੀਂ ਮਾਨਸਿਕ ਬੀਮਾਰੀਆ ਦਾ ਇਲਾਜ ਸੰਭਵ ਹੈ। ਇਸ ਲਈ ਤੁਹਾਨੂੰ ਕਿਸੇ ਮਨੋਚਕਿਤਸਕ ਦੀ ਮਦਦ ਲੈਣੀ ਚਾਹੀਦੀ ਹੈ। ਜੇ ਤੁਹਾਡੇ ਵਿੱਚ ਜਾਂ ਤੁਹਾਡੇ ਕਿਸੇ ਨਜ਼ਦੀਕੀ ਵਿੱਚ ਕਿਸੇ ਤਰ੍ਹਾਂ ਦੀ ਮਾਨਸਿਕ ਤਕਲੀਫ਼ ਦੇ ਲੱਛਣ ਹਨ ਤਾਂ ਇਨ੍ਹਾਂ ਹੈਲਪਲਾਈਨ ਨੰਬਰਾਂ ਉੱਪਰ ਫ਼ੋਨ ਕਰ ਕੇ ਮਦਦ ਹਾਸਲ ਕੀਤੀ ਜਾ ਸਕਦੀ ਹੈ।

ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲਾ-1800-599-0019

ਇੰਸਟੀਚਿਊਟ ਆਫ਼ ਹਿਊਮਨ ਬਿਹੇਰਵੀਅਰ ਐਂਡ ਅਲਾਈਡ ਸਾਇੰਸਿਜ਼-9868396824, 9868396841, 011-22574820

ਨੈਸ਼ਨਲ ਇੰਸਟੀਚਿਊਟ ਆਫ਼ ਮੈਂਟਲ ਹੈਲਥ ਐਂਡ ਨਿਊਰੋ ਸਾਇੰਸਿਜ਼-080 – 26995000

ਵਿਦਿਆਸਾਗਰ ਇੰਸਟੀਚਿਊਟ ਆਫ਼ ਮੈਂਟਲ ਹੈਲਥ ਐਂਡ ਅਲਾਈਡ ਸਾਇੰਸਿਜ਼-011 2980 2980

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI