Source :- BBC PUNJABI

ਆਮ ਆਦਮੀ ਪਾਰਟੀ

ਤਸਵੀਰ ਸਰੋਤ, aap punjab

ਸ਼ੁੱਕਰਵਾਰ ਨੂੰ ਆਏ ਪੰਜਾਬ ਦੀਆਂ ਨਗਰ ਨਿਗਮ ਚੋਣਾਂ ਦੇ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ ਨੇ ਜਿੱਤ ਹਾਸਿਲ ਕੀਤੀ ਹੈ।

ਹਾਲਾਕਿ, ਕਾਂਗਰਸ ਪਾਰਟੀ ਵੀ ਕਈ ਸ਼ਹਿਰਾਂ ਦੀਆਂ ਨਗਰ ਕੌਸਲਾਂ ‘ਤੇ ਬਹੁਮਤ ਹਾਸਿਲ ਕਰਨ ਵਿੱਚ ਕਾਮਯਾਬ ਰਹੀ ਹੈ।

ਇਨ੍ਹਾਂ ਚੋਣਾਂ ਵਿੱਚ ਕਾਂਗਰਸ ਦੂਜੇ ਨੰਬਰ ਅਤੇ ਸ਼੍ਰੋਮਣੀ ਅਕਾਲੀ ਦਲ ਤੀਜੇ ਸਥਾਨ ‘ਤੇ ਰਹੀਆਂ ਹਨ।

ਹਰਪਾਲ ਚੀਮਾ

ਤਸਵੀਰ ਸਰੋਤ, Harpal Cheema/FB

ਸੂਬੇ ਵਿੱਚ 2027 ਵਿੱਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੋਈਆਂ ਇਨ੍ਹਾਂ ਚੋਣਾਂ ਨੂੰ ਕਾਫ਼ੀ ਮਹੱਤਵਪੂਰਨ ਮੰਨਿਆ ਜਾ ਰਿਹਾ ਸੀ।

ਪਰ ਕੀ ਇਨ੍ਹਾਂ ਚੋਣਾਂ ਦਾ ਅਸਰ ਵਿਧਾਨ ਸਭਾ ਚੋਣਾਂ ‘ਤੇ ਵੀ ਦੇਖਣ ਨੂੰ ਮਿਲੇਗਾ? ਇਹ ਸਥਾਨਕ ਚੋਣਾਂ ਆਮ ਆਦਮੀ ਪਾਰਟੀ, ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਬੀਜੇਪੀ, ਬੀਐੱਸਪੀ ਅਤੇ ਇਸ ਦੇ ਆਗੂਆਂ ਦੇ ਭਵਿੱਖ ਬਾਰੇ ਕੀ ਸੰਕੇਤ ਦਿੰਦੀਆਂ ਹਨ?

ਇਸ ਦੇ ਨਾਲ ਹੀ ਦੱਸਾਂਗੇ ਕਿ ਸਾਲ 2021 ਅਤੇ 2015 ਵਿੱਚ ਹੋਈਆਂ ਅਜਿਹੀਆਂ ਚੋਣਾਂ ਦੇ ਕੀ ਨਤੀਜੇ ਸਨ ਅਤੇ ਉਸ ਤੋਂ ਬਾਅਦ ਹੋਈਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਕੀ ਨਤੀਜੇ ਆਏ ਸਨ।

ਨਗਰ ਨਿਗਮ ਚੋਣਾਂ ‘ਚ ‘ਆਪ’ ਨੂੰ ਸਫ਼ਲਤਾ

ਆਪ ਸਮਰਥਕ

8 ਨਗਰ ਨਿਗਮਾਂ, 75 ਨਗਰ ਕੌਂਸਲਾਂ ਤੇ 20 ਨਗਰ ਪੰਚਾਇਤਾਂ ਨੇ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ ਅੱਗੇ ਰਹੀ ਹੈ।

ਆਮ ਆਦਮੀ ਪਾਰਟੀ ਨੇ ਬਰਨਾਲਾ, ਮੋਗਾ ਅਤੇ ਬਠਿੰਡਾ ਨਗਰ ਨਿਗਮ ਵਿੱਚ ਜਿੱਤ ਹਾਸਿਲ ਕੀਤੀ ਹੈ। ਮੁਹਾਲੀ ਅਤੇ ਬਟਾਲਾ ਵਿੱਚ ‘ਆਪ’ ਅੱਗੇ ਹੈ। ਇਸ ਦੇ ਨਾਲ ਹੀ ਕਪੂਰਥਲਾ ਨਗਰ ਨਿਗਮ ਵਿੱਚ ਕਾਂਗਰਸ ਨੇ ਜਿੱਤ ਹਾਸਿਲ ਕੀਤੀ ਹੈ। ਪਠਾਨਕੋਟ ਦੀਆਂ 50 ਵਿੱਚੋਂ ਬੀਜੇਪੀ ਨੇ 22, ਕਾਂਗਰਸ ਨੇ 17, ਅਤੇ ‘ਆਪ’ ਨੇ ਹਾਲੇ ਤੱਕ 7 ਸੀਟਾਂ ਹਾਸਿਲ ਕੀਤੀਆਂ ਹਨ। ਅਬੋਹਰ ਵਿੱਚ ਬੀਜੇਪੀ ਨੂੰ ਜਿੱਤ ਮਿਲੀ ਹੈ।

ਦੇਰ ਸ਼ਾਮ ਤੱਕ ਆਏ 1935 ਵਾਰਡਾਂ ਦੇ ਨਤੀਜਿਆਂ ਮੁਤਾਬਕ ਆਮ ਆਦਮੀ ਪਾਰਟੀ 941 ਸੀਟਾਂ, ਕਾਂਗਰਸ ਨੂੰ 379 ਸੀਟਾਂ, ਅਜ਼ਾਦ ਉਮੀਦਵਾਰਾਂ ਨੇ 249 ਸੀਟਾਂ, ਸ਼੍ਰੋਮਣੀ ਅਕਾਲੀ ਦਲ ਨੇ 190 ਸੀਟਾਂ, ਬੀਜੇਪੀ ਨੇ 169 ਅਤੇ ਬਸਪਾ ਨੇ 7 ਸੀਟਾਂ ਉੱਤੇ ਜਿੱਤ ਹਾਸਿਲ ਕੀਤੀ ਹੈ।

ਇਸ ਦੇ ਨਾਲ ਹੀ ਕਾਂਗਰਸ ਫਤਿਹਗੜ੍ਹ ਚੂੜੀਆਂ ਅਤੇ ਚਮਕੌਰ ਸਾਹਿਬ ਨਗਰ ਕੌਂਸਲ ਨੂੰ ਜਿੱਤਣ ਵਿੱਚ ਸਫ਼ਲ ਰਹੀ ਪਰ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਇਲਾਕਾ ਗਿੱਦੜਬਾਹਾ ਵਿੱਚ ‘ਆਪ’ ਜੇਤੂ ਰਹੀ।

ਜਤਿੰਦਰ ਸਿੰਘ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਨਫਰਤ ਦੀ ਸਿਆਸਤ ਨੂੰ ਨਕਾਰਿਆ ਅਤੇ ਆਮ ਆਦਮੀ ਪਾਰਟੀ ਦੀ ਵਿਕਾਸ ਦੀ ਰਾਜਨੀਤੀ ਨੂੰ ਹਾਂ ਪੱਖੀ ਹੁੰਗਾਰਾ ਦਿੱਤਾ।

ਉਨ੍ਹਾਂ ਆਖਿਆ, “ਜੇ ਸਾਢੇ ਚਾਰ ਸਾਲ ਬਾਅਦ ਅਜਿਹੀ ਮੋਹਰ ਲੱਗਦੀ ਹੈ ਤਾਂ 2027 ਦਾ ਮਾਹੌਲ ਇਸ ਤੋਂ ਵਧੀਆਂ ਨਹੀਂ ਹੋ ਸਕਦਾ ਹੁਣ ਤਾਂ ਸੱਚ ਸਾਹਮਣੇ ਆ ਗਿਆ।”

”ਹਰ ਕਿਸਮ ਦੀ ਲੇਅਰ ‘ਚੋਂ ‘ਆਪ’ ਜਿੱਤ ਚੁੱਕੀ ਹੈ , ਹੁਣ ਆਖਰੀ ਲੇਅਰ 2027 ਦੀ ਰਹਿ ਗਈ ਉਸ ਵਿੱਚੋਂ ਵੀ ਜਿੱਤ ਕੇ ਦਿਖਾਵਾਂਗੇ।

”ਕਾਂਗਰਸ, ਅਕਾਲੀ ਦਲ ਅਤੇ ਬੀਜੇਪੀ ਦੀਆਂ ਸੀਟਾਂ ਇਕੱਠੀਆਂ ਵੀ ਕਰ ਲਈਏ ਤਾਂ ਵੀ ‘ਆਪ’ ਦਾ ਮੁਕਾਬਲਾ ਨਹੀਂ ਸਕਣਗੇ।”

‘ਆਪ’ ਦੀ ਜਿੱਤ ਦਾ ਵਿਧਾਨ ਸਭਾ ਚੋਣਾਂ ‘ਤੇ ਕੀ ਅਸਰ ਪਵੇਗਾ?

ਚੋਣ ਨਤੀਜੇ

ਤਸਵੀਰ ਸਰੋਤ, Gurpreet Chawla/BBC

ਪਿਛਲੇ ਸਾਲਾਂ ਦੇ ਚੋਣ ਨਤੀਜਿਆਂ ਤੋਂ ਪਤਾ ਲੱਗਦਾ ਹੈ ਕਿ ਇਨ੍ਹਾਂ ਚੋਣਾਂ ਵਿੱਚ ਅਕਸਰ ਸੱਤਾਧਾਰੀ ਪਾਰਟੀ ਆਪਣੀ ਜਿੱਤ ਦਰਜ ਕਰਨ ਵਿੱਚ ਕਾਮਯਾਬ ਰਹਿੰਦੀ ਹੈ।

ਇਸ ਤੋਂ ਪਹਿਲਾਂ ਸਾਲ 2021 ਵਿੱਚ ਹੋਈਆਂ ਨਗਰ ਨਿਗਮ ਚੋਣਾਂ ਵਿੱਚ ਕਾਂਗਰਸ ਨੇ 2,165 ਨਗਰ ਨਿਗਮ ਵਾਰਡਾਂ ਵਿੱਚੋਂ 1,399 ਅਤੇ ਅੱਠ ਨਗਰ ਨਿਗਮਾਂ ਵਿੱਚੋਂ 6 ਜਿੱਤੀਆਂ ਸਨ।

ਸਾਲ 2015 ਵਿੱਚ ਹੋਈਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨੇ ਪੰਜਾਬ ਵਿੱਚ ਛੇ ਨਗਰ ਨਿਗਮ ਚੋਣਾਂ ਵਿੱਚੋਂ ਪੰਜ ਜਿੱਤੀਆਂ। ਗਠਜੋੜ ਨੂੰ ਬਠਿੰਡਾ, ਮੋਗਾ, ਪਠਾਨਕੋਟ ਅਤੇ ਹੁਸ਼ਿਆਰਪੁਰ ਵਿੱਚ ਬਹੁਮਤ ਮਿਲਿਆ ਸੀ।

ਸਮਾਜ ਸ਼ਾਸਤਰੀ ਅਤੇ ਸਿਆਸੀ ਕਾਰਕੁਨ ਪ੍ਰੋਫੈਸਰ ਮਨਜੀਤ ਸਿੰਘ ਕਹਿੰਦੇ ਹਨ ਕਿ ਇਨ੍ਹਾਂ ਚੋਣਾਂ ਦਾ ਵਿਧਾਨ ਸਭਾ ਚੋਣਾਂ ਨਾਲ ਕੋਈ ਸਿੱਧਾ ਸਬੰਧ ਨਹੀਂ ਹੈ ਕਿਉਂਕਿ ਉਸ ਸਮੇਂ ਕੋਡ ਹੋਰ ਹੋਵੇਗਾ।

ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਰਾਜਨੀਤੀ ਵਿਭਾਗ ਦੇ ਸਾਬਕਾ ਸਹਾਇਕ ਪ੍ਰੋਫੈਸਰ ਜਤਿੰਦਰ ਸਿੰਘ ਕਹਿੰਦੇ ਹਨ, “ਇਹ ਨਤੀਜੇ ਕੁਝ ਇਸ ਤਰ੍ਹਾਂ ਹਨ ਜਿਵੇਂ ਪੰਜਾਬ ਵਿੱਚ ਸਿਆਸੀ ਪਾਰਟੀਆਂ ਦਾ ਕੋਈ ਸਿੱਧਾ-ਸਿੱਧਾ ਅਧਾਰ ਪਤਾ ਨਹੀਂ ਲੱਗ ਰਿਹਾ, ਉਸੇ ਤਰ੍ਹਾਂ ਦੇ ਇਹ ਨਤੀਜੇ ਆਏ ਹਨ।”

”ਹਾਲਾਂਕਿ ਇਹ ਵੀ ਜ਼ਰੂਰੀ ਨਹੀਂ ਕਿ ਇਹੋ ਜਿਹੇ ਹੀ ਨਤੀਜੇ ਵਿਧਾਨ ਸਭਾ ਵਿੱਚ ਆਉਣ। ਪਰ ਆਮ ਆਦਮੀ ਪਾਰਟੀ ਨੂੰ ਇਸ ਜਿੱਤ ਨਾਲ ਕੁਝ ਹੁਲਾਰਾ ਤਾਂ ਮਿਲੇਗਾ। ਹੁਣ ਜਦੋਂ ਕੁਝ ਹੀ ਮਹੀਨਿਆਂ ਵਿੱਚ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ ਤਾਂ ਪਾਰਟੀ ਨੂੰ ਕੁਝ ਫਾਇਦਾ ਤਾਂ ਹੋ ਸਕਦਾ ਹੈ। ਪਰ ਦੇਖਣਾ ਹੋਵੇਗਾ ਕਿ ਇਹੋ ਹੁਲਾਰਾ ਵਿਧਾਨ ਸਭਾ ਵਿੱਚ ਵੀ ਮਿਲ ਪਾਵੇਗਾ।”

ਸੀਨੀਅਰ ਪੱਤਰਕਾਰ ਹਮੀਰ ਸਿੰਘ ਕਹਿੰਦੇ ਹਨ ਕਿ ਸੱਤਾਧਾਰੀ ਹੋਣ ਦੇ ਬਾਵਜੂਦ ਵੀ ਆਮ ਆਦਮੀ ਪਾਰਟੀ ਨੂੰ ਕੋਈ ਜ਼ਿਆਦਾ ਸਫ਼ਲਤਾ ਨਹੀਂ ਮਿਲੀ।

ਉਹ ਕਹਿੰਦੇ ਹਨ, “ਇੰਨਾ ਕੁ ਤਾਂ ਸੱਤਾਧਾਰੀ ਪਾਰਟੀ ਭਾਰੂ ਰਹਿੰਦੀ ਹੀ ਹੈ ਪਰ ਦੂਜੇ ਨੰਬਰ ‘ਤੇ ਕਾਂਗਰਸ ਆ ਰਹੀ ਹੈ। ਇੱਕ ਪੱਖ ਇਹ ਵੀ ਹੈ ਕਿ ਸਥਾਨਕ ਚੋਣਾਂ ਹੋਰ ਮੁੱਦਿਆਂ ਉੱਪਰ ਪੈਂਦੀਆਂ ਹਨ ਅਤੇ ਵਿਧਾਨ ਸਭਾ ਚੋਣਾਂ ਦੇ ਮੁੱਦੇ ਹੋਰ ਹੁੰਦੇ ਹਨ। ਇਨ੍ਹਾਂ ਦਾ ਆਪਸ ਵਿੱਚ ਕੋਈ ਤਾਲਮੇਲ ਨਹੀਂ ਹੁੰਦਾ। ਇਹ ਉਸੇ ਤਰ੍ਹਾਂ ਹੁੰਦਾ ਹੈ ਜਿਵੇਂ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਅਲੱਗ-ਅਲੱਗ ਮੁੱਦਿਆਂ ਅਤੇ ਸ਼ਖਸੀਅਤਾਂ ‘ਤੇ ਲੜੀਆਂ ਜਾਂਦੀਆਂ ਹਨ।”

‘ਆਪ’, ਕਾਂਗਰਸ, ਅਕਾਲੀ ਦਲ ਤੇ ਬੀਜੇਪੀ ਲਈ ਕੀ ਚਿੰਤਾ?

ਚੋਣ ਨਤੀਜੇ

ਸਿਆਸੀ ਮਾਹਰਾਂ ਦਾ ਇਹੋ ਮੰਨਣਾ ਹੈ ਕਿ ਆਮ ਆਦਮੀ ਪਾਰਟੀ ਸੱਤਾਧਾਰੀ ਹੋਣ ਦੇ ਬਾਵਜੂਦ ਵੀ ਕੋਈ ਜ਼ਿਆਦਾ ਵਾਰਡਾਂ ‘ਤੇ ਜਿੱਤ ਹਾਸਿਲ ਨਹੀਂ ਕਰ ਸਕੀ ਕਿਉਂਕਿ ਇਸ ਤੋਂ ਪਹਿਲੀਆਂ ਸਰਕਾਰਾਂ ਨੇ ਸਾਲ 2021 ਅਤੇ ਸਾਲ 2015 ਵਿੱਚ ਵੱਡੀਆਂ ਜਿੱਤਾਂ ਹਾਸਿਲ ਕੀਤੀਆਂ ਸਨ ਪਰ ਉਹ ਵਿਧਾਨ ਸਭਾ ਚੋਣਾਂ ਵਿੱਚ ਹਾਰ ਗਈਆਂ ਸਨ।

ਪ੍ਰੋਫੈਸਰ ਮਨਜੀਤ ਸਿੰਘ ਕਹਿੰਦੇ ਹਨ, “ਸੱਤਧਾਰੀ ਆਮ ਆਦਮੀ ਪਾਰਟੀ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਦੇਖਦਿਆਂ ਆਪਣੀ ਪੂਰੀ ਤਾਕਤ ਲਗਾਈ ਹੈ। ਹਾਲਾਂਕਿ ਮੈਨੂੰ ਲੱਗਦਾ ਹੈ ਕਿ ਸੱਤਾ ਵਿੱਚ ਹੋਣ ਦੇ ਬਾਵਜੂਦ ਵੀ ‘ਆਪ’ ਨੂੰ ਕੋਈ ਜ਼ਿਆਦਾ ਵਾਰਡਾਂ ਵਿੱਚ ਜਿੱਤ ਨਹੀਂ ਮਿਲੀ। ਦੂਜੇ ਪਾਸੇ ਵਿਰੋਧੀਆਂ ਨੂੰ ਵੀ ਕਾਫ਼ੀ ਥਾਵਾਂ ‘ਤੇ ਸਫ਼ਲਤਾ ਮਿਲੀ ਹੈ। ਮੇਰਾ ਕਹਿਣ ਦਾ ਅਰਥ ਹੈ ਕਿ ਇਹ ਜੋ ਸਾਰੀਆਂ ਥਾਵਾਂ ‘ਤੇ ਜਿੱਤ ਹਾਸਿਲ ਕਰਨ ਦੀ ਗੱਲ ਕਰਦੇ ਸਨ, ਉਹ ਨਹੀਂ ਹੋਇਆ।”

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਗਿੱਦੜਬਾਹਾ ਇਲਾਕੇ ਵਿੱਚੋਂ ਆਮ ਆਦਮੀ ਪਾਰਟੀ ਨੂੰ ਸਫਲਤਾ ਮਿਲੀ ਹੈ, ਹਾਲਾਂਕਿ ਸਾਬਕਾ ਮੁੱਖ ਮੰਤਰੀ ਅਤੇ ਲੋਕ ਸਭਾ ਮੈਂਬਰ ਚਰਨਜੀਤ ਸਿੰਘ ਚੰਨੀ ਦੇ ਇਲਾਕੇ ਚਮਕੌਰ ਸਾਹਿਬ ਅਤੇ ਰਾਣਾ ਗੁਰਜੀਤ ਸਿੰਘ ਦੇ ਖੇਤਰ ਕਪੂਰਥਲਾ ਵਿੱਚ ਕਾਂਗਰਸ ਨੂੰ ਸਫ਼ਲਤਾ ਮਿਲੀ ਹੈ।

ਸੁਖਬੀਰ ਸਿੰਘ ਬਾਦਲ

ਤਸਵੀਰ ਸਰੋਤ, sukhbir singh badal/fb

ਸਾਬਕਾ ਸਹਾਇਕ ਪ੍ਰੋਫੈਸਰ ਜਤਿੰਦਰ ਸਿੰਘ ਕਹਿੰਦੇ ਹਨ, ” ਮੈਨੂੰ ਲੱਗਦਾ ਹੈ ਕਿ ਕਾਂਗਰਸ ਨੂੰ ਆਪਣੀ ਲੀਡਰਸ਼ਿਪ ‘ਤੇ ਵਿਚਾਰ ਕਰਨਾ ਚਾਹੀਦਾ ਹੈ। ਜਿੰਨੀ ਜਲਦੀ ਇਹ ਕਰ ਲੈਣ, ਉਨਾ ਹੀ ਫਾਇਦਾ ਹੋਵੇਗਾ।”

ਪ੍ਰੋਫੈਸਰ ਮਨਜੀਤ ਸਿੰਘ ਕਹਿੰਦੇ ਹਨ, “ਕਪੂਰਥਲਾ ਤਾਂ ਰਾਣਾ ਗੁਰਜੀਤ ਸਿੰਘ ਜਿੱਤਿਆ ਹੈ, ਉਹ ਕਾਂਗਰਸ ਪਾਰਟੀ ਨਹੀਂ ਜਿੱਤੀ। ਉੱਥੇ ਗੁਰਜੀਤ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਦਾ ਨਿੱਜੀ ਪ੍ਰਭਾਵ ਹੈ। ਦੂਜਾ ਗਿੱਦੜਬਾਹਾ ਵਿੱਚ ਹਰਦੀਪ ਸਿੰਘ ਡਿੰਪੀ ਢਿੱਲੋਂ ਜੜ੍ਹਾਂ ਨਾਲ ਜੁੜਿਆ ਆਗੂ ਹੈ। ਉਸ ਕਰਕੇ ਇਸ ਨਤੀਜੇ ਨਾਲ ਰਾਜਾ ਵੜਿੰਗ ਨੂੰ ਸਿਆਸੀ ਧੱਕਾ ਤਾਂ ਲੱਗੇਗਾ। ਜੇਕਰ ਕਾਂਗਰਸ ਚਰਨਜੀਤ ਚੰਨੀ ਨੂੰ ਅੱਗੇ ਲਿਆਂਦੀ ਹੈ ਤਾਂ ਪਾਰਟੀ ਨੂੰ ਕੁਝ ਹੁਲਾਰਾ ਮਿਲ ਸਕਦਾ ਹੈ।”

ਸੀਨੀਅਰ ਪੱਤਰਕਾਰ ਹਮੀਰ ਸਿੰਘ ਕਹਿੰਦੇ ਹਨ, “ਸ਼੍ਰੋਮਣੀ ਅਕਾਲੀ ਦਲ ਤਾਂ ਪੇਂਡੂ ਪਾਰਟੀ ਹੈ ਪਰ ਬੀਜੇਪੀ ਨੂੰ ਸ਼ਹਿਰੀ ਇਲਾਕਿਆਂ ਵਿੱਚ ਘੱਟੋ-ਘੱਟ ਦੂਜੇ ਨੰਬਰ ‘ਤੇ ਆਉਣਾ ਚਾਹੀਦਾ ਸੀ ਕਿਉਂਕਿ ਇਨ੍ਹਾਂ ਦਾ ਪਿੰਡਾਂ ਵਿੱਚ ਜ਼ਿਆਦਾ ਅਧਾਰ ਨਹੀਂ ਹੈ। ਬੀਜੇਪੀ ਨੂੰ ਕੋਈ ਜ਼ਿਆਦਾ ਸਫ਼ਲਤਾ ਨਹੀਂ ਮਿਲੀ ਕਿਉਂਕਿ ਇਸ ਤੋਂ ਪਹਿਲਾਂ ਬੀਜੇਪੀ ਅੰਮ੍ਰਿਤਸਰ ਅਤੇ ਜਲੰਧਰ ਵਿੱਚ ਆਪਣਾ ਮੇਅਰ ਬਣਾਉਂਦੀ ਰਹੀ ਹੈ ਅਤੇ ਹੋਰ ਵੀ ਥਾਵਾਂ ‘ਤੇ ਜਿੱਤਾਂ ਹਾਸਿਲ ਕਰਦੀ ਰਹੀ ਹੈ। ਮੈਨੂੰ ਨਹੀਂ ਲੱਗਦਾ ਕਿ ਜਿੰਨਾ ਬੀਜੇਪੀ ਨੇ ਜ਼ੋਰ ਲਗਾਇਆ ਹੈ, ਓਨੀ ਸਫ਼ਲਤਾ ਮਿਲੀ ਹੈ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI