Source :- BBC PUNJABI
ਤਸਵੀਰ ਸਰੋਤ, Getty Images
ਭਿਨ-ਭਿਨਾਉਂਦੇ ਮੱਛਰਾਂ ਦੀ ਆਵਾਜ਼ ਤੋਂ ਕੋਈ ਵੀ ਅਣਜਾਣ ਨਹੀਂ ਹੈ। ਹੁੰਮਸ ਵਾਲੇ ਮੌਸਮ ਵਿੱਚ ਇਹ ਮੱਛਰ ਕੰਨਾਂ ਦੇ ਨੇੜੇ ਜਾ ਕੇ ਭਿਨ-ਭਿਨਾਉਂਦੇ ਅਤੇ ਆਪਣੀ ਮੌਜੂਦਗੀ ਦਾ ਅਹਿਸਾਸ ਕਰਵਾਉਂਦੇ ਹਨ।
ਜ਼ਿਆਦਾਤਰ ਲੋਕ ਮੱਛਰਾਂ ਤੋਂ ਬਚਣ ਲਈ ਵੱਖ-ਵੱਖ ਤਰ੍ਹਾਂ ਦੇ ਹੱਲ ਲੱਭਦੇ ਹਨ। ਖ਼ਾਸ ਤੌਰ ‘ਤੇ ਅਜਿਹੇ ਸਮੇਂ ਵਿੱਚ ਜਦੋਂ ਡੇਂਗੂ ਤੇ ਮਲੇਰੀਆ ਵਰਗੀਆਂ ਮੱਛਰਾਂ ਤੋਂ ਫੈਲਣ ਵਾਲੀਆਂ ਬਿਮਾਰੀਆਂ ਦੇ ਮਾਮਲੇ ਵੱਧ ਰਹੇ ਹੋਣ।
ਕੋਈ ਸਪ੍ਰੇਅ ਦੀ ਵਰਤੋਂ ਕਰਦਾ ਹੈ ਤੇ ਕੋਈ ਮੱਛਰ ਭਜਾਉਣ ਵਾਲੀ ਕੋਇਲ ਨੂੰ ਬਾਲਦਾ ਹੈ। ਲੋਕ ਖ਼ੁਦ ਨੂੰ ਤੇ ਪਰਿਵਾਰ ਨੂੰ ਮੱਛਰਾਂ ਤੋਂ ਬਚਾਉਣ ਲਈ ਵੱਖ-ਵੱਖ ਤਰੀਕੇ ਅਪਣਾਉਂਦੇ ਹਨ।
ਕਈ ਲੋਕ ਸੌਣ ਤੋਂ ਪਹਿਲਾਂ ਕੋਇਲ ਨੂੰ ਬਾਲਦੇ ਹਨ ਤੇ ਸੋਚਦੇ ਹਨ ਕਿ ਧੂੰਏਂ ਨਾਲ ਨਾ ਸਿਰਫ਼ ਮੱਛਰ ਦੂਰ ਹੋਣਗੇ, ਸਗੋਂ ਬਿਮਾਰੀਆਂ ਤੋਂ ਵੀ ਬਚਾਅ ਹੋਵੇਗਾ।
ਪਰ ਮਾਹਰ ਇਸ ਦੇ ਖ਼ਤਰਨਾਕ ਅਸਰ ਨੂੰ ਲੈ ਕੇ ਚਿਤਾਵਨੀ ਦਿੰਦੇ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਇੱਕ ਮੱਛਰ ਭਜਾਉਣ ਵਾਲੀ ਕੋਇਲ ਦਾ ਧੂੰਆਂ ਦਰਜਨਾਂ ਸਿਗਰਟਾਂ ਦੇ ਧੂੰਏਂ ਦੇ ਬਰਾਬਰ ਹੋ ਸਕਦਾ ਹੈ। ਇਸ ਨਾਲ ਸਾਹ ਤੇ ਗਲੇ ਦੀ ਸਮੱਸਿਆ ਪੈਦਾ ਹੋ ਸਕਦੀ ਹੈ ਤੇ ਦਮੇ ਦਾ ਦੌਰਾ ਵੀ ਪੈ ਸਕਦਾ ਹੈ।
ਪਰ ਕੀ ਇਹ ਧੂੰਆਂ ਸਿਰਫ਼ ਮੱਛਰਾਂ ਲਈ ਹੀ ਨੁਕਸਾਨਦਾਇਕ ਹੁੰਦਾ ਹੈ? ਜਾਂ ਫਿਰ ਇਸ ਦਾ ਅਸਰ ਇਨਸਾਨਾਂ, ਖ਼ਾਸ ਕਰਕੇ ਬੱਚਿਆਂ, ਬਜ਼ੁਰਗਾਂ ਅਤੇ ਸਾਹ ਦੀ ਬਿਮਾਰੀ ਨਾਲ ਜੂਝ ਰਹੇ ਲੋਕਾਂ ਦੀ ਸਿਹਤ ‘ਤੇ ਵੀ ਪੈ ਸਕਦਾ ਹੈ? ਕਾਰਬਨ ਮੋਨੋਆਕਸਾਈਡ ਸਮੇਤ ਕਈ ਰਸਾਇਣਾਂ ਨਾਲ ਭਰੀ ਇਸ ਕੋਇਲ ਨੂੰ ਵਰਤਣ ਦਾ ਸਹੀ ਤਰੀਕਾ ਕੀ ਹੈ?
ਇਨ੍ਹਾਂ ਹੀ ਸਵਾਲਾਂ ਦੇ ਜਵਾਬ ਜਾਣਨ ਲਈ ਅਸੀਂ ਵੱਖ-ਵੱਖ ਮਾਹਰਾਂ ਨਾਲ ਗੱਲ ਕੀਤੀ ਅਤੇ ਉਨ੍ਹਾਂ ਦੀ ਰਾਏ ਇਕੱਠੀ ਕੀਤੀ ਹੈ।
‘ਬੰਦ ਕਮਰੇ ਵਿੱਚ ਕੋਇਲ ਦਾ ਬਲਣਾ ਕਿਸੇ ਜ਼ਹਿਰ ਤੋਂ ਘੱਟ ਨਹੀਂ’
ਤਸਵੀਰ ਸਰੋਤ, Getty Images
ਡਾ. ਸ਼ਾਜ਼ਲੀ ਮਨਜ਼ੂਰ ਫੇਫੜਿਆਂ, ਸਾਹ ਨਾਲ ਸਬੰਧਤ ਬਿਮਾਰੀਆਂ ਅਤੇ ਐਲਰਜੀ ਦੇ ਮਾਹਰ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਮੱਛਰ ਭਜਾਉਣ ਵਾਲੀ ਕੋਇਲ ਨੂੰ ਕਿਸੇ ਬੰਦ ਥਾਂ ਵਿੱਚ ਬਾਲਿਆ ਜਾਵੇ ਤਾਂ ਇਸ ਨਾਲ ਗੰਭੀਰ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ।
ਉਨ੍ਹਾਂ ਮੁਤਾਬਕ ਕੋਇਲ ਦੀ ਵਰਤੋਂ ਸਿਰਫ਼ ਖੁੱਲ੍ਹੀ ਅਤੇ ਹਵਾਦਾਰ ਥਾਂ ‘ਤੇ ਕਰਨੀ ਚਾਹੀਦੀ ਹੈ। ਨਾਲ ਹੀ ਇਸ ਨੂੰ ਆਪਣੇ ਤੋਂ ਘੱਟੋ-ਘੱਟ 2 ਤੋਂ 4 ਮੀਟਰ ਦੂਰ ਰੱਖਣਾ ਚਾਹੀਦਾ ਹੈ।
ਬੀਬੀਸੀ ਉਰਦੂ ਨਾਲ ਗੱਲਬਾਤ ਵਿੱਚ ਡਾ. ਸ਼ਾਜ਼ਲੀ ਨੇ ਕਿਹਾ, “ਬੰਦ ਕਮਰੇ ਵਿੱਚ ਕੋਇਲ ਬਾਲਣਾ ਕਿਸੇ ਜ਼ਹਿਰ ਤੋਂ ਘੱਟ ਨਹੀਂ ਹੈ। ਕੋਇਲ ਵਿੱਚ ਮੌਜੂਦ ਕੈਮੀਕਲਾਂ ਕਾਰਨ ਇਸ ਦੇ ਬਲਣ ‘ਤੇ ਕਈ ਤਰ੍ਹਾਂ ਦੇ ਜ਼ਹਿਰੀਲੇ ਪਦਾਰਥ ਨਿਕਲਦੇ ਹਨ, ਜੋ ਬੰਦ ਕਮਰੇ ਵਿੱਚ ਇਕੱਠੇ ਹੋ ਕੇ ਇਨਸਾਨਾਂ ਦੀ ਸਿਹਤ ਲਈ ਖ਼ਤਰਨਾਕ ਸਾਬਤ ਹੋ ਸਕਦੇ ਹਨ।”
ਡਾ. ਸ਼ਾਜ਼ਲੀ ਨੇ ਦੱਸਿਆ, “ਕਈ ਲੋਕ ਖੁੱਲ੍ਹੇ ਵਿੱਚ ਖਾਣਾ ਖਾਂਦੇ ਸਮੇਂ ਜਾਂ ਕਿਸੇ ਬਾਹਰੀ ਪ੍ਰੋਗਰਾਮ ਦੌਰਾਨ ਆਪਣੇ ਕੋਲ ਹੀ ਕੋਇਲ ਬਾਲ ਲੈਂਦੇ ਹਨ। ਇਸ ਨਾਲ ਵੀ ਸਰੀਰ ਨੁਕਸਾਨਦਾਇਕ ਕੈਮੀਕਲਾਂ ਦੇ ਸੰਪਰਕ ਵਿੱਚ ਆ ਸਕਦਾ ਹੈ।”
“ਇਸ ਲਈ ਕੋਇਲ ਨੂੰ ਮੇਜ਼ ਜਾਂ ਕੁਰਸੀ ਦੇ ਬਿਲਕੁਲ ਹੇਠਾਂ ਰੱਖ ਕੇ ਬਾਲਣਾ ਬਿਹਤਰ ਹੁੰਦਾ ਹੈ, ਤਾਂ ਜੋ ਧੂੰਆਂ ਸਿੱਧਾ ਸਾਹ ਦੇ ਨਾਲ ਸਰੀਰ ਵਿੱਚ ਨਾ ਜਾਵੇ।”
‘ਕੋਇਲ ਬਾਲਣ ਨਾਲ ਕੈਮੀਕਲ ਵੀ ਧੂੰਏਂ ਦੇ ਨਾਲ ਸਰੀਰ ਵਿੱਚ ਚਲੇ ਜਾਂਦੇ ਹਨ’
ਤਸਵੀਰ ਸਰੋਤ, Getty Images
ਮੱਛਰਾਂ ਤੋਂ ਬਚਣ ਲਈ ਸਭ ਤੋਂ ਆਮ ਅਤੇ ਸਸਤਾ ਤਰੀਕਾ ਮੱਛਰ ਭਜਾਉਣ ਵਾਲੀ ਕੋਇਲ ਦੀ ਵਰਤੋਂ ਹੈ। ਪਰ ਮਾਹਿਰ ਇਸ ਦੇ ਧੂੰਏਂ ਨੂੰ ਦਰਜਨਾਂ ਸਿਗਰਟਾਂ ਦੇ ਧੂੰਏਂ ਜਿੰਨਾ ਖ਼ਤਰਨਾਕ ਮੰਨਦੇ ਹਨ।
ਪਾਕਿਸਤਾਨ ਵਿੱਚ ਆਗਾ ਖ਼ਾਨ ਯੂਨੀਵਰਸਿਟੀ ਹਸਪਤਾਲ ਦੇ ਫੇਫੜਿਆਂ ਦੇ ਰੋਗਾਂ ਦੇ ਮਾਹਰ ਡਾ. ਜਾਵੇਦ ਖ਼ਾਨ ਨੇ ਬੀਬੀਸੀ ਉਰਦੂ ਨਾਲ ਗੱਲਬਾਤ ਵਿੱਚ ਕਿਹਾ ਕਿ ਮੱਛਰਾਂ ਨੂੰ ਮਾਰਨ ਲਈ ਕੋਇਲ ਦੀ ਵਰਤੋਂ ਕਾਫ਼ੀ ਕੀਤੀ ਜਾਂਦੀ ਹੈ, ਜਦਕਿ ਇਹ ਸਿਹਤ ਲਈ ਨੁਕਸਾਨਦਾਇਕ ਹੋ ਸਕਦੀ ਹੈ।
ਉਨ੍ਹਾਂ ਦੇ ਅਨੁਸਾਰ, “ਜੇਕਰ ਤੁਸੀਂ ਇੱਕ ਰਾਤ ਲਈ ਬੰਦ ਕਮਰੇ ਜਾਂ ਬੰਦ ਥਾਂ ਵਿੱਚ ਮੱਛਰ ਮਾਰਨ ਵਾਲੀ ਕੋਇਲ ਬਾਲਦੇ ਹੋ, ਤਾਂ ਇਸ ਦਾ ਮਤਲਬ ਹੈ ਕਿ ਤੁਸੀਂ 60 ਤੋਂ 100 ਸਿਗਰਟਾਂ ਦੇ ਬਰਾਬਰ ਧੂੰਆਂ ਆਪਣੇ ਫੇਫੜਿਆਂ ਵਿੱਚ ਲੈ ਰਹੇ ਹੋ।”
ਉਨ੍ਹਾਂ ਨੇ ਦੱਸਿਆ ਕਿ ਵੱਖ-ਵੱਖ ਕੰਪਨੀਆਂ ਦੀ ਕੋਇਲ ਵਿੱਚ ਵੱਖ-ਵੱਖ ਰਸਾਇਣ ਹੋ ਸਕਦੇ ਹਨ, ਪਰ ਆਮ ਤੌਰ ‘ਤੇ ਇਨ੍ਹਾਂ ਵਿੱਚ ਪਾਇਰੇਥ੍ਰਿਨ, ਐਲੇਥ੍ਰਿਨ, ਕਾਰਬਨ ਮੋਨੋਆਕਸਾਈਡ ਅਤੇ ਬੈਂਜ਼ੀਨ ਵਰਗੇ ਰਸਾਇਣ ਪਾਏ ਜਾਂਦੇ ਹਨ। ਇਸ ਤੋਂ ਇਲਾਵਾ ਕੋਇਲ ਬਣਾਉਣ ਵਿੱਚ ਕਈ ਤਰ੍ਹਾਂ ਦੇ ਰੰਗ ਅਤੇ ਖੁਸ਼ਬੂ ਵਾਲੇ ਰਸਾਇਣਾਂ ਦੀ ਵੀ ਵਰਤੋਂ ਕੀਤੀ ਜਾਂਦੀ ਹੈ।
ਅਮਰੀਕਾ ਦੀ ਨੈਸ਼ਨਲ ਲਾਇਬ੍ਰੇਰੀ ਆਫ਼ ਮੈਡੀਸਨ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਮੁਤਾਬਕ, ਇੱਕ ਮੱਛਰ ਭਜਾਉਣ ਵਾਲੀ ਕੋਇਲ ਤੋਂ ਨਿਕਲਣ ਵਾਲੇ ਪੀਐੱਮ 2.5 ਕਣਾਂ ਦੀ ਮਾਤਰਾ 75 ਤੋਂ 137 ਸਿਗਰਟਾਂ ਬਾਲਣ ਦੇ ਬਰਾਬਰ ਹੋ ਸਕਦੀ ਹੈ।
ਉੱਥੇ ਹੀ, ਇੱਕ ਕੋਇਲ ਬਾਲਣ ਨਾਲ ਨਿਕਲਣ ਵਾਲੀ ਫਾਰਮਲਡਿਹਾਈਡ ਦੀ ਮਾਤਰਾ 51 ਸਿਗਰਟਾਂ ਨਾਲ ਪੈਦਾ ਹੋਣ ਵਾਲੀ ਮਾਤਰਾ ਦੇ ਬਰਾਬਰ ਜਾਂ ਉਸ ਤੋਂ ਵੀ ਜ਼ਿਆਦਾ ਹੋ ਸਕਦੀ ਹੈ।
ਪਰ ਸਵਾਲ ਇਹ ਹੈ ਕਿ ਕੋਇਲ ਦੀ ਵਰਤੋਂ ਤੋਂ ਬਾਅਦ ਕਮਰੇ ਦੀ ਹਵਾ ਵਿੱਚ ਫੈਲਣ ਵਾਲੇ ਇਹ ਰਸਾਇਣ ਸਰੀਰ ‘ਤੇ ਕੀ ਅਸਰ ਪਾਉਂਦੇ ਹਨ?
ਬੀਬੀਸੀ ਦੀ 2025 ਵਿੱਚ ਪ੍ਰਕਾਸ਼ਿਤ ਇੱਕ ਰਿਪੋਰਟ ਮੁਤਾਬਕ, ਕਾਰਬਨ ਮੋਨੋਆਕਸਾਈਡ (ਸੀਓ) ਗੈਸ ਉਦੋਂ ਬਣਦੀ ਹੈ ਜਦੋਂ ਕੋਈ ਜੈਵਿਕ ਪਦਾਰਥ ਪੂਰੀ ਤਰ੍ਹਾਂ ਨਹੀਂ ਬਲਦਾ।
ਤਸਵੀਰ ਸਰੋਤ, Tomohiro Ohsumi/Getty Images
ਇਹ ਗੈਸ ਖ਼ੂਨ ਵਿੱਚ ਮੌਜੂਦ ਹੀਮੋਗਲੋਬਿਨ ਨਾਲ ਮਿਲ ਕੇ ਸਰੀਰ ਤੱਕ ਆਕਸੀਜਨ ਪਹੁੰਚਾਉਣ ਦੀ ਸਮਰੱਥਾ ਨੂੰ ਘਟਾ ਦਿੰਦੀ ਹੈ। ਸਰੀਰ ਵਿੱਚ ਇਸ ਦੀ ਥੋੜ੍ਹੀ ਮਾਤਰਾ ਵੀ ਸਿਰਦਰਦ, ਥਕਾਵਟ ਅਤੇ ਮਤਲੀ ਵਰਗੀਆਂ ਸਮੱਸਿਆਵਾਂ ਪੈਦਾ ਕਰ ਸਕਦੀ ਹੈ, ਜਦਕਿ ਜ਼ਿਆਦਾ ਮਾਤਰਾ ਵਿੱਚ ਇਹ ਜਾਨਲੇਵਾ ਸਾਬਤ ਹੋ ਸਕਦੀ ਹੈ।
ਇਸ ਤੋਂ ਇਲਾਵਾ, ਸਲਫ਼ਰ ਡਾਈਆਕਸਾਈਡ ਅਤੇ ਨਾਈਟ੍ਰੋਜਨ ਡਾਈਆਕਸਾਈਡ ਵਰਗੀਆਂ ਗੈਸਾਂ ਦਿਲ, ਫੇਫੜਿਆਂ ਅਤੇ ਸਾਹ ਦੀਆਂ ਪਹਿਲਾਂ ਤੋਂ ਮੌਜੂਦ ਬਿਮਾਰੀਆਂ ਨੂੰ ਵਧਾ ਸਕਦੀਆਂ ਹਨ। ਇਹ ਫੇਫੜਿਆਂ ਦੀ ਕੁਦਰਤੀ ਸੁਰੱਖਿਆ ਪ੍ਰਣਾਲੀ ਨੂੰ ਵੀ ਕਮਜ਼ੋਰ ਕਰ ਸਕਦੀਆਂ ਹਨ।
ਉੱਥੇ ਹੀ, ਪੀਐੱਮ 2.5 ਅਤੇ ਪੀਐੱਮ 10 ਵਰਗੇ ਸੂਖ਼ਮ ਕਣ, ਵਾਸ਼ਪਸ਼ੀਲ ਜੈਵਿਕ ਯੌਗਿਕ (ਵੀਓਸੀ) ਅਤੇ ਹੋਰ ਪ੍ਰਦੂਸ਼ਕ ਨੱਕ, ਗਲੇ ਅਤੇ ਸਾਹ ਪ੍ਰਣਾਲੀ ਦੀਆਂ ਪਰਤਾਂ ਵਿੱਚ ਜਲਣ ਪੈਦਾ ਕਰ ਸਕਦੇ ਹਨ।
ਇਸ ਕਾਰਨ ਖੰਘ, ਸਾਹ ਲੈਣ ਵਿੱਚ ਪਰੇਸ਼ਾਨੀ ਅਤੇ ਹੋਰ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ।
ਡਾ. ਜਾਵੇਦ ਖ਼ਾਨ ਮੁਤਾਬਕ, ਵੱਖ-ਵੱਖ ਲੋਕਾਂ ਨੂੰ ਵੱਖ-ਵੱਖ ਚੀਜ਼ਾਂ ਤੋਂ ਐਲਰਜੀ ਹੋ ਸਕਦੀ ਹੈ। ਕੁਝ ਲੋਕਾਂ ਨੂੰ ਸਿਰਫ਼ ਧੂੰਏਂ ਤੋਂ ਪਰੇਸ਼ਾਨੀ ਹੁੰਦੀ ਹੈ, ਜਦਕਿ ਕੁਝ ਲੋਕਾਂ ਨੂੰ ਪਾਇਰੇਥ੍ਰਿਨ ਵਰਗੇ ਰਸਾਇਣਾਂ ਤੋਂ ਐਲਰਜੀ ਹੋ ਸਕਦੀ ਹੈ। ਪਰ ਧੂੰਆਂ ਕਿਸੇ ਵੀ ਤਰ੍ਹਾਂ ਦਾ ਹੋਵੇ, ਉਹ ਫੇਫੜਿਆਂ ਦੀ ਸਿਹਤ ਲਈ ਨੁਕਸਾਨਦਾਇਕ ਹੁੰਦਾ ਹੈ।
ਉਹ ਕਹਿੰਦੇ ਹਨ, “ਬੰਦ ਕਮਰੇ ਵਿੱਚ ਕੋਇਲ ਦਾ ਧੂੰਆਂ ਸਾਹ ਦੀਆਂ ਨਾਲੀਆਂ ਦੇ ਅੰਦਰ ਮੌਜੂਦ ਸਰੀਰ ਦੀ ਸੁਰੱਖਿਆ ਪ੍ਰਣਾਲੀ ਨੂੰ ਪ੍ਰਭਾਵਿਤ ਕਰਦਾ ਹੈ। ਇਸ ਨਾਲ ਸਰੀਰ ਦਾ ਇਮਿਊਨ ਸਿਸਟਮ ਵੀ ਕਮਜ਼ੋਰ ਪੈ ਸਕਦਾ ਹੈ।”
ਇਸ ਨੂੰ ਸਮਝਾਉਂਦੇ ਹੋਏ ਉਨ੍ਹਾਂ ਨੇ ਕਿਹਾ, “ਲੋਕ ਸਿਗਰਟ ਨਿਕੋਟੀਨ ਕਾਰਨ ਪੀਂਦੇ ਹਨ, ਪਰ ਸਿਗਰਟ ਦਾ ਅਸਲ ਨੁਕਸਾਨ ਉਨ੍ਹਾਂ ਹਜ਼ਾਰਾਂ ਰਸਾਇਣਾਂ ਤੋਂ ਹੁੰਦਾ ਹੈ ਜੋ ਧੂੰਏਂ ਦੇ ਨਾਲ ਸਾਡੇ ਸਰੀਰ ਦੇ ਅੰਦਰ ਜਾਂਦੇ ਹਨ। ਮੱਛਰ ਭਜਾਉਣ ਵਾਲੀ ਕੋਇਲ ਨਾਲ ਵੀ ਕੁਝ ਅਜਿਹਾ ਹੀ ਹੁੰਦਾ ਹੈ।”
ਉਨ੍ਹਾਂ ਦੇ ਅਨੁਸਾਰ, “ਕੋਇਲ ਦੇ ਧੂੰਏਂ ਨਾਲ ਦਮੇ ਦੀ ਸਮੱਸਿਆ ਵਧ ਸਕਦੀ ਹੈ ਅਤੇ ਸਾਹ ਦੀਆਂ ਨਾਲੀਆਂ ਨਾਲ ਜੁੜੀਆਂ ਬਿਮਾਰੀਆਂ ਦਾ ਖ਼ਤਰਾ ਵੀ ਵਧ ਜਾਂਦਾ ਹੈ। ਜਿਨ੍ਹਾਂ ਬੱਚਿਆਂ ਨੂੰ ਐਲਰਜੀ ਦੀ ਪਰੇਸ਼ਾਨੀ ਹੁੰਦੀ ਹੈ, ਉਨ੍ਹਾਂ ਨੂੰ ਰਾਤ ਵਿੱਚ ਖੰਘ ਆ ਸਕਦੀ ਹੈ ਅਤੇ ਦਮੇ ਦਾ ਦੌਰਾ ਵੀ ਪੈ ਸਕਦਾ ਹੈ।”
ਕੋਇਲ ਦੇ ਧੂੰਏਂ ਵਿੱਚ ਕਾਰਬਨ ਮੋਨੋਆਕਸਾਈਡ ਸਮੇਤ ਕਈ ਹਾਨੀਕਾਰਕ ਕੈਮੀਕਲ
ਤਸਵੀਰ ਸਰੋਤ, Getty Images
ਮਾਹਰਾਂ ਦੇ ਅਨੁਸਾਰ ਮੱਛਰ ਮਾਰਨ ਵਾਲੀ ਕੋਇਲ ਬਲਣ ਦੌਰਾਨ ਕਈ ਤਰ੍ਹਾਂ ਦੇ ਰਸਾਇਣਕ ਪਦਾਰਥ ਅਤੇ ਬੇਹੱਦ ਛੋਟੇ ਪ੍ਰਦੂਸ਼ਕ ਕਣ ਹਵਾ ਵਿੱਚ ਫੈਲਦੇ ਹਨ।
ਹਾਲਾਂਕਿ ਇਨ੍ਹਾਂ ਦਾ ਮਕਸਦ ਮੱਛਰਾਂ ਨੂੰ ਭਜਾਉਣਾ ਜਾਂ ਮਾਰਨਾ ਹੁੰਦਾ ਹੈ, ਪਰ ਕਈ ਵਿਗਿਆਨਕ ਅਧਿਐਨਾਂ ਨੇ ਇਹ ਸਵਾਲ ਉਠਾਇਆ ਹੈ ਕਿ ਬੰਦ ਜਾਂ ਘੱਟ ਹਵਾਦਾਰ ਕਮਰਿਆਂ ਵਿੱਚ ਲੰਬੇ ਸਮੇਂ ਤੱਕ ਇਸ ਧੂੰਏਂ ਦੇ ਸੰਪਰਕ ਵਿੱਚ ਰਹਿਣਾ ਇਨਸਾਨਾਂ ਦੀ ਸਿਹਤ ਲਈ ਕਿੰਨਾ ਸੁਰੱਖਿਅਤ ਹੈ।
ਐੱਨਆਈਐੱਚ ਵਿੱਚ ਪ੍ਰਕਾਸ਼ਿਤ ਜਾਣਕਾਰੀ ਮੁਤਾਬਕ, ਮੱਛਰ ਮਾਰਨ ਵਾਲੀ ਕੋਇਲ ਦੀ ਵਰਤੋਂ ਤੋਂ ਬਾਅਦ ਘਰ ਦੇ ਅੰਦਰ ਦੀ ਹਵਾ ਵਿੱਚ ਕਈ ਪ੍ਰਦੂਸ਼ਕ ਪਾਏ ਗਏ। ਇਨ੍ਹਾਂ ਵਿੱਚ ਕਾਰਬਨ ਮੋਨੋਆਕਸਾਈਡ, ਟੀਵੀਓਸੀ (ਟੋਟਲ ਵੋਲੇਟਾਈਲ ਆਰਗੈਨਿਕ ਕੰਪਾਊਂਡ), ਸਲਫ਼ਰ ਡਾਈਆਕਸਾਈਡ, ਨਾਈਟ੍ਰੋਜਨ ਡਾਈਆਕਸਾਈਡ ਅਤੇ ਸੂਖਮ ਕਣ ਪ੍ਰਦੂਸ਼ਣ ਸ਼ਾਮਲ ਸਨ।
ਖੋਜਕਾਰਾਂ ਨੇ ਇਹ ਵੀ ਪਾਇਆ ਕਿ ਵੱਡੇ ਕਮਰਿਆਂ ਵਿੱਚ ਕੋਇਲ ਦੀ ਮੱਛਰਾਂ ਨੂੰ ਮਾਰਨ ਦੀ ਸਮਰੱਥਾ ਥੋੜ੍ਹੀ ਘੱਟ ਹੋ ਜਾਂਦੀ ਹੈ। ਉੱਥੇ ਹੀ ਘੱਟ ਹਵਾਦਾਰ ਕਮਰਿਆਂ ਵਿੱਚ ਇਸ ਦਾ ਅਸਰ ਤੁਲਨਾਤਮਕ ਤੌਰ ‘ਤੇ ਜ਼ਿਆਦਾ ਦੇਖਿਆ ਗਿਆ।
ਖੋਜ ਵਿੱਚ ਪਾਇਆ ਗਿਆ ਕਿ ਮੱਛਰ ਭਜਾਉਣ ਵਾਲੀ ਕੋਇਲ ਬਲਣ ‘ਤੇ ਨਿਕਲਣ ਵਾਲੇ ਸਾਰੇ ਕਣ ਬੇਹੱਦ ਸੂਖ਼ਮ ਆਕਾਰ ਦੇ ਸਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਕਣਾਂ ਦਾ ਆਕਾਰ 0.01 ਤੋਂ 0.1 ਮਾਈਕ੍ਰੋਮੀਟਰ ਅਤੇ 0.2 ਤੋਂ 0.3 ਮਾਈਕ੍ਰੋਮੀਟਰ ਦੇ ਵਿਚਕਾਰ ਸੀ।
ਤਸਵੀਰ ਸਰੋਤ, Mamunur Rashid/NurPhoto via Getty Images
ਅਧਿਐਨ ਵਿੱਚ ਇਹ ਵੀ ਸਾਹਮਣੇ ਆਇਆ ਕਿ ਕੋਇਲ ਤੋਂ ਹੋਣ ਵਾਲੇ ਪ੍ਰਦੂਸ਼ਣ ਕਾਰਨ ਬਿਮਾਰੀਆਂ ਦਾ ਖ਼ਤਰਾ ਮੌਜੂਦ ਹੈ, ਪਰ ਇਹ ਮੱਛਰਾਂ ਦੇ ਕੱਟਣ ਤੋਂ ਸਿਰਫ਼ ਸੀਮਤ ਸੁਰੱਖਿਆ ਹੀ ਦਿੰਦੀ ਹੈ। ਇਸ ਲਈ ਮਲੇਰੀਆ ਦੀ ਰੋਕਥਾਮ ਅਤੇ ਨਿਯੰਤਰਣ ਲਈ ਇਸ ਨੂੰ ਬਹੁਤ ਪ੍ਰਭਾਵਸ਼ਾਲੀ ਤਰੀਕਾ ਨਹੀਂ ਮੰਨਿਆ ਜਾ ਸਕਦਾ।
ਖੋਜਕਾਰ ਨੇ ਸਿਹਤ ਸਬੰਧੀ ਮਾਪਦੰਡਾਂ ਅਤੇ ਦਿਸ਼ਾ-ਨਿਰਦੇਸ਼ਾਂ ਨਾਲ ਤੁਲਨਾ ਕਰਨ ਤੋਂ ਬਾਅਦ ਸਿੱਟਾ ਕੱਢਿਆ ਕਿ ਮੱਛਰ ਭਜਾਉਣ ਵਾਲੀ ਕੋਇਲ ਦੇ ਧੂੰਏਂ ਦੇ ਸੰਪਰਕ ਵਿੱਚ ਆਉਣ ਨਾਲ ਥੋੜ੍ਹੇ ਸਮੇਂ ਅਤੇ ਲੰਬੇ ਸਮੇਂ, ਦੋਵਾਂ ਤਰ੍ਹਾਂ ਦੇ ਸਿਹਤ ਖ਼ਤਰੇ ਹੋ ਸਕਦੇ ਹਨ।
ਖੋਜਕਾਰ ਨੇ ਇਹ ਵੀ ਸੁਝਾਅ ਦਿੱਤਾ ਕਿ ਮਲੇਰੀਆ ਪ੍ਰਭਾਵਿਤ ਖੇਤਰਾਂ ਵਿੱਚ ਮੱਛਰ ਮਾਰਨ ਵਾਲੀ ਕੋਇਲ ਦੀ ਵਰਤੋਂ ਦਾ ਮੁੜ ਮੁਲਾਂਕਣ ਕੀਤਾ ਜਾਣਾ ਚਾਹੀਦਾ ਹੈ।
ਡਾ. ਸ਼ਾਜ਼ਲੀ ਦੇ ਅਨੁਸਾਰ, ਕੋਇਲ ਬਲਣ ‘ਤੇ ਸਿਗਰਟ ਦੀ ਤਰ੍ਹਾਂ ਕਈ ਖ਼ਤਰਨਾਕ ਕੈਮੀਕਲ ਨਿਕਲਦੇ ਹਨ, ਜੋ ਫੇਫੜਿਆਂ ਅਤੇ ਸਾਹ ਪ੍ਰਣਾਲੀ ਨੂੰ ਪ੍ਰਭਾਵਿਤ ਕਰ ਸਕਦੇ ਹਨ। ਇੱਥੋਂ ਤੱਕ ਕਿ ਦਮੇ (ਅਸਥਮਾ) ਦਾ ਗੰਭੀਰ ਦੌਰਾ ਵੀ ਪੈ ਸਕਦਾ ਹੈ।
ਉਨ੍ਹਾਂ ਮੁਤਾਬਕ, “ਜਿੱਥੇ ਹਵਾ ਦਾ ਕਾਫ਼ੀ ਆਉਣਾ-ਜਾਣਾ ਨਹੀਂ ਹੁੰਦਾ, ਉੱਥੇ ਕੋਇਲ ਬਾਲਣ ਨਾਲ ਦਮਾ, ਖੰਘ, ਗਲੇ ਵਿੱਚ ਸੋਜ ਅਤੇ ਕਈ ਦੂਜੀਆਂ ਬਿਮਾਰੀਆਂ ਹੋ ਸਕਦੀਆਂ ਹਨ। ਇਸ ਨਾਲ ਫੇਫੜੇ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਸਕਦੇ ਹਨ ਅਤੇ ਦਮੇ ਦੇ ਮਰੀਜ਼ ਨੂੰ ਐਮਰਜੈਂਸੀ ਇਲਾਜ ਤੱਕ ਦੀ ਲੋੜ ਪੈ ਸਕਦੀ ਹੈ।”
ਡਾ. ਸ਼ਾਜ਼ਲੀ ਨੇ ਦੱਸਿਆ, “ਕੋਇਲ ਦਾ ਧੂੰਆਂ ਸਿਰਫ਼ ਐਲਰਜੀ ਦੇ ਮਰੀਜ਼ਾਂ ਨੂੰ ਹੀ ਪ੍ਰਭਾਵਿਤ ਨਹੀਂ ਕਰਦਾ, ਸਗੋਂ ਕਿਸੇ ਵੀ ਵਿਅਕਤੀ ਵਿੱਚ ਨੱਕ, ਗਲੇ ਅਤੇ ਸਾਹ ਦੀ ਨਾਲੀ ਨਾਲ ਜੁੜੀਆਂ ਸਮੱਸਿਆਵਾਂ ਪੈਦਾ ਕਰ ਸਕਦਾ ਹੈ। ਇਸ ਤੋਂ ਇਲਾਵਾ ਅੱਖਾਂ ਵਿੱਚ ਜਲਣ, ਅੱਖਾਂ ਵਿੱਚੋਂ ਪਾਣੀ ਆਉਣਾ, ਨੱਕ ਵਗਣਾ ਅਤੇ ਗਲੇ ਵਿੱਚ ਕਫ਼ ਉਤਰਨ ਵਰਗੀਆਂ ਪਰੇਸ਼ਾਨੀਆਂ ਵੀ ਹੋ ਸਕਦੀਆਂ ਹਨ।”
ਮੱਛਰਦਾਨੀ ਦੀ ਵਰਤੋਂ
ਤਸਵੀਰ ਸਰੋਤ, gettyimages
ਡਾ. ਸ਼ਾਜ਼ਲੀ ਦੇ ਅਨੁਸਾਰ ਮੱਛਰਾਂ ਤੋਂ ਬਚਣ ਲਈ ਕਮਰਿਆਂ ਵਿੱਚ ਇਲੈਕਟ੍ਰਿਕ ਮੱਛਰ ਭਜਾਉਣ ਵਾਲੇ ਉਪਕਰਨ (ਮੌਸਕਿਟੋ ਰਿਪੈਲੈਂਟ) ਦੀ ਵਰਤੋਂ ਕਰਨਾ ਬਿਹਤਰ ਹੈ।
ਇਸ ਤੋਂ ਇਲਾਵਾ ਖਿੜਕੀਆਂ ਅਤੇ ਦਰਵਾਜ਼ਿਆਂ ‘ਤੇ ਜਾਲੀ ਲਗਵਾਓ, ਮੱਛਰਦਾਨੀ ਲਗਾ ਕੇ ਸੌਣ ਅਤੇ ਖ਼ਾਸ ਕਰਕੇ ਬੱਚਿਆਂ ਨੂੰ ਖੁੱਲ੍ਹੇ ਵਿੱਚ ਨਾ ਸਵਾਓ।
ਉਨ੍ਹਾਂ ਨੇ ਸਲਾਹ ਦਿੱਤੀ ਕਿ ਬੰਦ ਕਮਰੇ ਵਿੱਚ ਕਿਸੇ ਵੀ ਤਰ੍ਹਾਂ ਦਾ ਮੱਛਰ ਮਾਰਨ ਵਾਲਾ ਸਪਰੇਅ ਜਾਂ ਕੋਇਲ ਵਰਤਣੀ ਨਹੀਂ ਚਾਹੀਦੀ।
ਡਾ. ਸ਼ਾਜ਼ਲੀ ਨੇ ਕਿਹਾ, “ਪ੍ਰਦੂਸ਼ਣ ਕਿਸੇ ਵੀ ਕਿਸਮ ਦਾ ਹੋਵੇ, ਜੇਕਰ ਕਿਸੇ ਵਿਅਕਤੀ ਦੇ ਫੇਫੜੇ ਕਮਜ਼ੋਰ ਹਨ ਜਾਂ ਕੋਈ ਔਰਤ ਗਰਭਵਤੀ ਹੈ, ਤਾਂ ਧੂੰਆਂ ਅਤੇ ਹਵਾ ਪ੍ਰਦੂਸ਼ਣ ਉਨ੍ਹਾਂ ਦੀ ਸਿਹਤ ‘ਤੇ ਬੁਰਾ ਅਸਰ ਪਾ ਸਕਦੇ ਹਨ।”
ਇਸ ਤੋਂ ਇਲਾਵਾ ਮੱਛਰ ਭਜਾਉਣ ਵਾਲੀ ਕੋਇਲ ਦੀ ਬਜਾਏ ਇਲੈਕਟ੍ਰਿਕ ਰਿਪੈਲੈਂਟ ਜਾਂ ਮੱਛਰ ਭਜਾਉਣ ਵਾਲਾ ਲੋਸ਼ਨ ਵਰਤਣਾ ਜ਼ਿਆਦਾ ਸੁਰੱਖਿਅਤ ਅਤੇ ਬਿਹਤਰ ਬਦਲ ਹੋ ਸਕਦਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI



