Home rss national punjabi2ਰਾਸ਼ਟਰੀ ਖ਼ਬਰਾਂ ‘ਬਹੁਤ ਤੰਗੀਆਂ ਕੱਟੀਆਂ,ਹੁਣ ਮੌਜਾਂ ਹਨ’, ਗੁਜਰਾਤ ਦੇ ‘ਮਿੰਨੀ-ਪੰਜਾਬ’ ‘ਚ ਵਸੇ ਪੰਜਾਬੀ ਕਿਸਾਨਾਂ...

‘ਬਹੁਤ ਤੰਗੀਆਂ ਕੱਟੀਆਂ,ਹੁਣ ਮੌਜਾਂ ਹਨ’, ਗੁਜਰਾਤ ਦੇ ‘ਮਿੰਨੀ-ਪੰਜਾਬ’ ‘ਚ ਵਸੇ ਪੰਜਾਬੀ ਕਿਸਾਨਾਂ ਦੀ ਕਹਾਣੀ, ਜਿਨ੍ਹਾਂ ਨੇ ਕੱਛ ਦੇ ਸੁੱਕੇ ਰਣ ਨੂੰ ਕੀਤਾ ਹਰਿਆ-ਭਰਿਆ

2
0

Source :- BBC PUNJABI

ਖਜਾਨ ਸਿੰਘ

“ਆਪਣੀਆਂ ਜੜ੍ਹਾਂ ਛੱਡਣੀਆਂ ਬਹੁਤ ਮੁਸ਼ਕਲ ਹੁੰਦੀਆਂ ਹਨ, ਪਰ ਰੋਜ਼ੀ-ਰੋਟੀ ਲਈ ਅਸੀਂ ਇੱਥੇ ਆ ਗਏ। ਸ਼ੁਰੂ ਵਿੱਚ ਬਹੁਤ ਤੰਗੀਆਂ ਕੱਟੀਆਂ, ਪਰ ਰੱਬ ਦਾ ਸ਼ੁਕਰ ਹੈ, ਹੁਣ ਇੱਥੇ ਮੌਜਾਂ ਹਨ।”

ਇਹ ਸ਼ਬਦ 75 ਸਾਲਾ ਸੀਤਾ ਕੌਰ ਦੇ ਹਨ, ਜੋ ਗੁਜਰਾਤ ਦੇ ਕੱਛ ਜ਼ਿਲ੍ਹੇ ਦੇ ਨਰਾ ਪਿੰਡ ਵਿੱਚ ਆਪਣੇ ਪਰਿਵਾਰ ਨਾਲ ਰਹਿੰਦੇ ਹਨ।

ਸੀਤਾ ਕੌਰ ਕਹਿੰਦੇ ਹਨ ਕਿ ਜੇ ਉਹ ਪੰਜਾਬ ਵਿੱਚ ਰਹਿੰਦੇ ਤਾਂ ਉਨ੍ਹਾਂ ਕੋਲ ਆਪਣੀ ਜ਼ਮੀਨ ਨਹੀਂ ਹੋਣੀ ਸੀ, ਪਰ ਸਰਕਾਰ ਨੇ ਉਨ੍ਹਾਂ ਨੂੰ ਇੱਥੇ ਜ਼ਮੀਨ ਦਿੱਤੀ ਅਤੇ ਆਪਣੀ ਮਿਹਨਤ ਨਾਲ ਉਨ੍ਹਾਂ ਨੇ ਇਸ ਨੂੰ ਵਾਹੀਯੋਗ ਬਣਾ ਲਿਆ।

ਗੁਜਰਾਤ ਦੇ ਕੱਛ ਜ਼ਿਲ੍ਹੇ ਵਿੱਚ ਲਖਪਤ ਤਾਲੁਕਾ ਦਾ ਇੱਕ ਪਿੰਡ ਹੈ ਨਰਾ, ਜਿਸ ਨੂੰ ‘ਪੰਜਾਬੀਆਂ ਦੇ ਪਿੰਡ’ ਵਜੋਂ ਜਾਣਿਆ ਜਾਂਦਾ ਹੈ।

ਇਸ ਦਾ ਕਾਰਨ ਹੈ ਕਿ ਇਸ ਪਿੰਡ ਵਿੱਚ ਵੱਡੀ ਗਿਣਤੀ ਵਿੱਚ ਪੰਜਾਬੀ ਪਰਿਵਾਰ ਵੱਸਦੇ ਹਨ।

ਉੱਤਰੀ ਕੱਛ ਵਿੱਚ ਭਾਰਤ-ਪਾਕਿਸਤਾਨ ਸਰਹੱਦ ਦੇ ਨੇੜੇ ਸਥਿਤ ਇਸ ਪਿੰਡ ਨੂੰ ਕੱਛ ਦਾ “ਮਿੰਨੀ-ਪੰਜਾਬ” ਵੀ ਕਿਹਾ ਜਾਂਦਾ ਹੈ। ਇੱਥੇ 1970 ਦੇ ਦਹਾਕੇ ਵਿੱਚ ਸਭ ਤੋਂ ਪਹਿਲਾਂ ਪੰਜਾਬੀ ਆ ਕੇ ਵਸੇ ਸਨ, ਜਿਨ੍ਹਾਂ ਵਿੱਚ ਸੀਤਾ ਕੌਰ ਦਾ ਪਰਿਵਾਰ ਵੀ ਸ਼ਾਮਲ ਸੀ।

ਅੱਜ ਨਰਾ ਪਿੰਡ ਅਤੇ ਇਸ ਦੇ ਆਲੇ-ਦੁਆਲੇ ਹਰਿਆਲੀ ਨਜ਼ਰ ਆਉਂਦੀ ਹੈ। ਖੇਤਾਂ ਵਿੱਚ ਫ਼ਸਲਾਂ ਲਹਿਰਾਉਂਦੀਆਂ ਹਨ, ਪਰ ਇੱਕ ਸਮਾਂ ਅਜਿਹਾ ਵੀ ਸੀ ਜਦੋਂ ਇਹ ਸਾਰਾ ਇਲਾਕਾ ਬੰਜਰ ਪਿਆ ਸੀ। ਖਾਰੀ ਧਰਤੀ ਅਤੇ ਸੁੱਕੇ ਰਣ ਕਾਰਨ ਇੱਥੇ ਖੇਤੀ ਕਰਨਾ ਬੇਹੱਦ ਮੁਸ਼ਕਲ ਸੀ।

80 ਸਾਲਾ ਖਜਾਨ ਸਿੰਘ 1972 ਵਿੱਚ ਪੰਜਾਬ ਦੇ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਇੱਕ ਪਿੰਡ ਤੋਂ ਇੱਥੇ ਆਏ ਸਨ। ਸਰਕਾਰ ਵੱਲੋਂ ਉਨ੍ਹਾਂ ਨੂੰ ਜੰਗਲਨੁਮਾ ਜ਼ਮੀਨ ਅਲਾਟ ਕੀਤੀ ਗਈ ਸੀ।

ਇਸ ਜ਼ਮੀਨ ਨੂੰ ਵਾਹੀਯੋਗ ਬਣਾਉਣ ਲਈ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਲੰਮਾ ਸਮਾਂ ਮਿਹਨਤ ਕਰਨੀ ਪਈ।

ਖਜਾਨ ਸਿੰਘ ਦੱਸਦੇ ਹਨ ਕਿ ਜਦੋਂ ਉਹ ਨਰਾ ਪਿੰਡ ਆਏ ਤਾਂ ਇੱਥੇ ਕੁਝ ਵੀ ਪੰਜਾਬ ਵਰਗਾ ਨਹੀਂ ਸੀ। ਜ਼ਮੀਨ ਰੇਤਲੀ ਸੀ ਅਤੇ ਹਰ ਪਾਸੇ ਕਿੱਕਰਾਂ ਅਤੇ ਝਾੜੀਆਂ ਉੱਗੀਆਂ ਹੋਈਆਂ ਸਨ।

ਇੱਥੇ ਆ ਕੇ ਉਨ੍ਹਾਂ ਨੇ ਸਭ ਤੋਂ ਪਹਿਲਾਂ ਰਹਿਣ ਲਈ ਇੱਕ ਝੌਂਪੜੀ ਬਣਾਈ ਅਤੇ ਇਸ ਤੋਂ ਬਾਅਦ ਖੇਤੀ ਸ਼ੁਰੂ ਕਰਨ ਲਈ ਸੰਘਰਸ਼ ਦਾ ਦੌਰ ਸ਼ੁਰੂ ਹੋਇਆ।

ਸ਼ੁਰੂ ਵਿੱਚ ਉਨ੍ਹਾਂ ਨੇ ਆਪਣੇ ਹੱਥਾਂ ਨਾਲ ਕਿੱਕਰਾਂ ਪੁੱਟੀਆਂ ਅਤੇ ਬਾਅਦ ਵਿੱਚ ਬਲਦ ਖ਼ਰੀਦ ਕੇ ਉਨ੍ਹਾਂ ਦੀ ਮਦਦ ਨਾਲ ਖੇਤੀ ਸ਼ੁਰੂ ਕੀਤੀ।

ਸੀਤਾ ਕੌਰ

ਅੱਜ ਭਾਵੇਂ ਖਜਾਨ ਸਿੰਘ ਦਾ ਪਰਿਵਾਰ ਖੇਤੀਬਾੜੀ ਲਈ ਟਰੈਕਟਰਾਂ ਦੀ ਵਰਤੋਂ ਕਰਦੇ ਹਨ, ਪਰ ਉਸ ਸਮੇਂ ਵਾਹੀ ਲਈ ਵਰਤੇ ਜਾਂਦੇ ਕੁਝ ਪੁਰਾਣੇ ਸੰਦ ਪਰਿਵਾਰ ਨੇ ਅਜੇ ਵੀ ਸੰਭਾਲ ਕੇ ਰੱਖੇ ਹੋਏ ਹਨ।

ਖਜਾਨ ਸਿੰਘ ਮੁਤਾਬਕ ਸਭ ਤੋਂ ਵੱਡੀ ਸਮੱਸਿਆ ਪਾਣੀ ਦੀ ਸੀ। ਇੱਥੇ ਪਾਣੀ ਦਾ ਕੋਈ ਪ੍ਰਬੰਧ ਨਹੀਂ ਸੀ, ਇਸ ਲਈ ਉਨ੍ਹਾਂ ਨੇ ਖੂਹ ਪੁੱਟਿਆ ਅਤੇ ਪਾਣੀ ਦਾ ਪ੍ਰਬੰਧ ਕੀਤਾ। ਅੱਜ ਇਲਾਕਾ ਭਾਵੇਂ ਹਰਿਆ-ਭਰਿਆ ਹੋ ਗਿਆ ਹੈ, ਪਰ ਇੱਥੋਂ ਦਾ ਪਾਣੀ ਅਜੇ ਵੀ ਖਾਰਾ ਹੈ। ਪੀਣ ਵਾਲਾ ਪਾਣੀ ਲੈਣ ਲਈ ਲੋਕ ਕਈ ਕਿਲੋਮੀਟਰ ਦੂਰੋਂ ਟੈਂਕਰਾਂ ਰਾਹੀਂ ਪਾਣੀ ਲਿਆਉਂਦੇ ਹਨ।

ਖਜਾਨ ਸਿੰਘ ਦੀ ਪਤਨੀ ਸੀਤਾ ਕੌਰ ਦੱਸਦੇ ਹਨ ਕਿ ਉਨ੍ਹਾਂ ਦੀ ਸਾਰੀ ਉਮਰ ਸੰਘਰਸ਼ ਕਰਦਿਆਂ ਲੰਘ ਗਈ। ਜਦੋਂ ਉਹ ਇੱਥੇ ਆਏ ਸਨ ਤਾਂ ਸ਼ੁਰੂ ਵਿੱਚ ਮਨ ਨਹੀਂ ਲੱਗਦਾ ਸੀ, ਪਰ ਹੌਲੀ-ਹੌਲੀ ਕੰਮਕਾਜ ਵਿੱਚ ਦਿਨ ਬੀਤਦੇ ਗਏ ਅਤੇ ਇੱਥੇ ਹੀ ਜੀਵਨ ਬਣਦਾ ਗਿਆ।

ਉਹ ਕਹਿੰਦੇ ਹਨ, “ਹੁਣ ਤਾਂ ਇੱਥੇ ਖ਼ੁਸ਼ਹਾਲੀ ਹੈ, ਪਰ ਸ਼ੁਰੂਆਤੀ ਦਿਨਾਂ ਵਿੱਚ ਪੈਰ-ਪੈਰ ‘ਤੇ ਸੰਘਰਸ਼ ਸੀ। ਜੰਗਲ ਇੰਨਾ ਸੰਘਣਾ ਹੁੰਦਾ ਸੀ ਕਿ ਰਸਤੇ ਵਿੱਚ ਨਿਸ਼ਾਨ ਲਗਾ ਕੇ ਜਾਣਾ ਪੈਂਦਾ ਸੀ। ਨਹੀਂ ਤਾਂ ਵਾਪਸ ਆਉਂਦਿਆਂ ਰਸਤਾ ਭੁੱਲ ਜਾਣ ਦਾ ਡਰ ਰਹਿੰਦਾ ਸੀ।”

ਸੀਤਾ ਕੌਰ ਮੁਤਾਬਕ ਉਨ੍ਹਾਂ ਦਿਨਾਂ ਵਿੱਚ ਗ਼ਰੀਬੀ ਵੀ ਬਹੁਤ ਸੀ। ਜੇਕਰ ਘਰ ਵਿੱਚ ਦੁੱਧ ਖ਼ਤਮ ਹੋ ਜਾਂਦਾ ਤਾਂ ਕਾਲੀ ਚਾਹ ਪੀ ਕੇ ਗੁਜ਼ਾਰਾ ਕਰਨਾ ਪੈਂਦਾ ਸੀ। ਪਹਿਲਾਂ ਘਰ ਦੇ ਕੰਮਕਾਜ ਨਿਬੇੜਨੇ ਅਤੇ ਫਿਰ ਪਤੀ ਨਾਲ ਖੇਤਾਂ ਵਿੱਚ ਹੱਥ ਵਟਾਉਣਾ ਪੈਂਦਾ ਸੀ।

ਪੁਰਾਣੇ ਸਮੇਂ ਨੂੰ ਯਾਦ ਕਰਦਿਆਂ ਸੀਤਾ ਕੌਰ ਆਖਦੇ ਹਨ, “ਪਿੰਡ ਤੋਂ ਸ਼ਹਿਰ ਤੱਕ ਪਹੁੰਚਣ ਲਈ ਕੋਈ ਰਸਤਾ ਨਹੀਂ ਹੁੰਦਾ ਸੀ। ਪਹਿਲਾਂ ਦਸ ਕਿਲੋਮੀਟਰ ਤੁਰ ਕੇ ਇੱਕ ਕਸਬੇ ਵਿੱਚ ਜਾਣਾ ਪੈਂਦਾ ਸੀ ਅਤੇ ਉੱਥੋਂ ਬੱਸ ਮਿਲਦੀ ਸੀ।”

ਕਿਸਾਨ

ਅੱਜ ਉਨ੍ਹਾਂ ਦੇ ਘਰ ਵਿੱਚ ਸੁਖ-ਸਹੂਲਤ ਦੀ ਹਰ ਚੀਜ਼ ਹੈ, ਪਰ ਜਦੋਂ ਉਹ ਇੱਥੇ ਆਏ ਸਨ ਤਾਂ ਉਨ੍ਹਾਂ ਕੋਲ ਕੁਝ ਵੀ ਨਹੀਂ ਸੀ।

ਉਹ ਲਗਭਗ ਖਾਲੀ ਹੱਥ ਇੱਥੇ ਆਏ ਸਨ। ਪੰਜਾਬ ਵਿੱਚ ਰਹਿੰਦੇ ਰਿਸ਼ਤੇਦਾਰਾਂ ਨਾਲ ਸੰਪਰਕ ਕਰਨਾ ਵੀ ਆਸਾਨ ਨਹੀਂ ਸੀ। ਕਈ ਵਾਰ ਸਾਲ ਬਾਅਦ ਕੋਈ ਚਿੱਠੀ ਆਉਂਦੀ ਅਤੇ ਉਦੋਂ ਹੀ ਇੱਕ-ਦੂਜੇ ਦੇ ਦੁੱਖ-ਸੁੱਖ ਦਾ ਪਤਾ ਲੱਗਦਾ ਸੀ।

ਕੁਝ ਮਹੀਨਿਆਂ ਬਾਅਦ ਪਰਿਵਾਰ ਦੇ ਬਾਕੀ ਮੈਂਬਰ ਵੀ ਇੱਥੇ ਆ ਗਏ ਅਤੇ ਫਿਰ ਉਨ੍ਹਾਂ ਦਾ ਮਨ ਇੱਥੇ ਲੱਗ ਗਿਆ। ਮੌਜੂਦਾ ਸਮੇਂ ਵਿੱਚ ਪਿੰਡ ਵਿੱਚ ਦੋ ਗੁਰੂ ਘਰ ਹਨ।

ਕਰੀਬ 2,100 ਦੀ ਆਬਾਦੀ ਵਾਲੇ ਨਰਾ ਪਿੰਡ ਦੇ ਸਰਪੰਚ ਵੀ ਪੰਜਾਬੀ ਜੁਗਰਾਜ ਸਿੰਘ ਰਾਜੂ ਹਨ। ਉਨ੍ਹਾਂ ਦੇ ਬਜ਼ੁਰਗ ਵੀ 1970 ਦੇ ਦਹਾਕੇ ਵਿੱਚ ਫ਼ਿਰੋਜ਼ਪੁਰ ਤੋਂ ਇੱਥੇ ਆ ਕੇ ਵਸੇ ਸਨ।

ਜੁਗਰਾਜ ਸਿੰਘ ਮੁਤਾਬਕ ਪਿੰਡ ਵਿੱਚ ਆਮ ਬੋਲਚਾਲ ਲਈ ਪੰਜਾਬੀ ਅਤੇ ਗੁਜਰਾਤੀ ਦੋਵੇਂ ਭਾਸ਼ਾਵਾਂ ਵਰਤੀਆਂ ਜਾਂਦੀਆਂ ਹਨ।

ਉਨ੍ਹਾਂ ਦੱਸਿਆ ਕਿ ਨਵੀਂ ਪੀੜ੍ਹੀ ਵਿੱਚੋਂ ਜ਼ਿਆਦਾਤਰ ਨੌਜਵਾਨ ਦਸਤਾਰ ਸਜਾਉਂਦੇ ਹਨ ਅਤੇ ਦੀਵਾਲੀ ਅਤੇ ਗੁਰਪੁਰਬ ਮਿਲ ਕੇ ਮਨਾਉਂਦੇ ਹਨ। ਪਿੰਡ ਦੇ ਜ਼ਿਆਦਾਤਰ ਲੋਕ ਖੇਤੀਬਾੜੀ ‘ਤੇ ਨਿਰਭਰ ਹਨ, ਹਾਲਾਂਕਿ ਕੁਝ ਨੌਜਵਾਨ ਟਰਾਂਸਪੋਰਟ ਅਤੇ ਹੋਰ ਕਾਰੋਬਾਰਾਂ ਵੱਲ ਵੀ ਵਧ ਰਹੇ ਹਨ।

ਕਿਵੇਂ ਪੰਜਾਬੀਆਂ ਨੇ ਗੁਜਰਾਤ ਵੱਲ ਰੁਖ਼ ਕੀਤਾ

ਜੁਗਰਾਜ ਸਿੰਘ

ਗੁਜਰਾਤ ਦੇ ਕੱਛ ਜ਼ਿਲ੍ਹੇ ਵਿੱਚ ਪੰਜਾਬੀ ਮੁੱਖ ਤੌਰ ‘ਤੇ ਦੋ ਤਰੀਕਿਆਂ ਨਾਲ ਆ ਕੇ ਵਸੇ। ਇੱਕ ਉਹ ਕਿਸਾਨ ਸਨ, ਜਿਨ੍ਹਾਂ ਨੂੰ ਸਰਕਾਰ ਨੇ ਇੱਕ ਵਿਸ਼ੇਸ਼ ਨੀਤੀ ਤਹਿਤ ਜ਼ਮੀਨਾਂ ਅਲਾਟ ਕਰਕੇ ਇੱਥੇ ਵਸਾਇਆ ਸੀ।

ਅਸਲ ਵਿੱਚ 1965 ਦੀ ਭਾਰਤ-ਪਾਕਿਸਤਾਨ ਜੰਗ ਤੋਂ ਬਾਅਦ ਪੰਜਾਬੀਆਂ ਨੇ ਗੁਜਰਾਤ ਦੇ ਕੱਛ ਇਲਾਕੇ ਵੱਲ ਰੁਖ ਕਰਨਾ ਸ਼ੁਰੂ ਕੀਤਾ।

ਇਸ ਦੇ ਪਿੱਛੇ ਇੱਕ ਕਾਰਨ ਸਰਹੱਦੀ ਇਲਾਕੇ ਦੀ ਸੁਰੱਖਿਆ ਸੀ ਅਤੇ ਦੂਜਾ ਕੱਛ ਦੇ ਇਸ ਹਿੱਸੇ ਨੂੰ ਆਬਾਦ ਕਰਨਾ।

ਇਸ ਮਕਸਦ ਲਈ ਤਤਕਾਲੀ ਪ੍ਰਧਾਨ ਮੰਤਰੀ ਮਰਹੂਮ ਲਾਲ ਬਹਾਦਰ ਸ਼ਾਸਤਰੀ ਨੇ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਕਿਸਾਨਾਂ ਨੂੰ ਇੱਥੇ ਜ਼ਮੀਨਾਂ ਅਲਾਟ ਕੀਤੀਆਂ ਅਤੇ ਹੋਰਨਾਂ ਨੂੰ ਜ਼ਮੀਨ ਖ਼ਰੀਦਣ ਦੀ ਇਜਾਜ਼ਤ ਦਿੱਤੀ।

ਦੂਜੀ ਸ਼੍ਰੇਣੀ ਉਨ੍ਹਾਂ ਕਿਸਾਨਾਂ ਦੀ ਸੀ, ਜਿਨ੍ਹਾਂ ਕੋਲ ਪੰਜਾਬ ਵਿੱਚ ਜ਼ਮੀਨ ਘੱਟ ਸੀ। ਛੋਟੇ ਅਤੇ ਸੀਮਾਂਤ ਕਿਸਾਨਾਂ ਲਈ ਪੰਜਾਬ ਵਿੱਚ ਗੁਜ਼ਾਰਾ ਕਰਨਾ ਔਖਾ ਹੋ ਰਿਹਾ ਸੀ। ਇਸ ਲਈ ਸੰਗਰੂਰ, ਮੋਗਾ, ਲੁਧਿਆਣਾ, ਫ਼ਿਰੋਜ਼ਪੁਰ ਅਤੇ ਮਾਝੇ ਦੇ ਇਲਾਕਿਆਂ ਤੋਂ ਕਿਸਾਨ ਸਸਤੀ ਅਤੇ ਵੱਧ ਜ਼ਮੀਨ ਦੀ ਭਾਲ ਵਿੱਚ ਕੱਛ ਵੱਲ ਆਏ।

ਇਨ੍ਹਾਂ ਕਿਸਾਨਾਂ ਨੇ ਸਸਤੀਆਂ ਜ਼ਮੀਨਾਂ ਖ਼ਰੀਦੀਆਂ ਅਤੇ ਉਨ੍ਹਾਂ ਨੂੰ ਆਪਣੀ ਮਿਹਨਤ ਨਾਲ ਆਬਾਦ ਕੀਤਾ। ਕੱਛ ਵਿੱਚ ਪੰਜਾਬੀ ਕਿਸਾਨਾਂ ਕੋਲ ਔਸਤਨ 25 ਏਕੜ ਤੋਂ ਲੈ ਕੇ 300 ਕਿੱਲਿਆਂ ਤੱਕ ਜ਼ਮੀਨ ਹੋਣ ਦੀ ਗੱਲ ਸਾਹਮਣੇ ਆਉਂਦੀ ਹੈ।

ਕਿਸਾਨਾਂ ਨੇ ਆਪਣੀ ਮਿਹਨਤ ਨਾਲ ਕੱਛ ਦੀ ਰੇਤਲੀ, ਖਾਰੀ ਅਤੇ ਬੰਜਰ ਧਰਤੀ ਨੂੰ ਟਿਊਬਵੈੱਲਾਂ ਤੇ ਬੋਰਵੈੱਲਾਂ ਦੀ ਮਦਦ ਨਾਲ ਅਤੇ ਆਧੁਨਿਕ ਤਕਨੀਕਾਂ ਦੀ ਵਰਤੋਂ ਕਰਦਿਆਂ ਸਾਲਾਂ ਦੀ ਮਿਹਨਤ ਤੋਂ ਬਾਅਦ ਹਰਿਆ-ਭਰਿਆ ਕਰ ਦਿੱਤਾ।

ਅੱਜ ਭੁੱਜ ਦੇ ਆਸ-ਪਾਸ ਦੀ ਪੰਜਾਬੀ ਬੈਲਟ ਵਿੱਚ ਕਪਾਹ, ਅਰੰਡੀ, ਕਣਕ, ਮੂੰਗਫਲੀ, ਸਰ੍ਹੋਂ ਅਤੇ ਖਜੂਰਾਂ ਦੀ ਖੇਤੀ ਹੁੰਦੀ ਹੈ। ਜ਼ਿਆਦਾਤਰ ਕਿਸਾਨ ਖੇਤਾਂ ਦੀ ਸਿੰਚਾਈ ਲਈ ਡ੍ਰਿਪ ਇਰੀਗੇਸ਼ਨ ਦੀ ਵਰਤੋਂ ਕਰਦੇ ਹਨ।

25 ਰੁਪਏ ਦੇ ਹਿਸਾਬ ਨਾਲ ਕਿਸਾਨਾਂ ਨੇ ਖ਼ਰੀਦੀਆਂ ਜ਼ਮੀਨਾਂ

ਰਮਨਦੀਪ ਸਿੰਘ

ਕੱਛ ਜ਼ਿਲ੍ਹੇ ਦਾ ਹੈੱਡਕੁਆਰਟਰ ਭੁੱਜ ਹੈ, ਜੋ ਇੱਕ ਵੱਡਾ ਸ਼ਹਿਰ ਹੈ। ਭੁੱਜ ਤੋਂ ਕਰੀਬ 80 ਕਿਲੋਮੀਟਰ ਦੂਰ ਕੋਥਾਰਾ ਪਿੰਡ ਹੈ। ਇਹ ਗੁਜਰਾਤ ਦਾ ਇੱਕ ਵੱਡਾ ਕਸਬਾਨੁਮਾ ਪਿੰਡ ਹੈ ਅਤੇ ਇਸ ਦੇ ਆਸ-ਪਾਸ ਖੇਤਾਂ ਤੇ ਢਾਣੀਆਂ ਵਿੱਚ ਪੰਜਾਬੀ ਪਰਿਵਾਰ ਰਹਿੰਦੇ ਹਨ। ਕੱਛ ਦੀ ਸਥਾਨਕ ਭਾਸ਼ਾ ਵਿੱਚ ਢਾਣੀ ਨੂੰ ‘ਵਾੜੀ’ ਕਿਹਾ ਜਾਂਦਾ ਹੈ।

ਕੋਥਾਰਾ ਤੋਂ ਥੋੜ੍ਹੀ ਦੂਰੀ ‘ਤੇ ਗੜਵਾੜਾ ਪਿੰਡ ਵਿੱਚ ਰਮਨਦੀਪ ਸਿੰਘ ਦੀ ਢਾਣੀ, ਜਾਂ ਵਾੜੀ, ਹੈ।

ਰਮਨਦੀਪ ਸਿੰਘ ਦਾ ਸਬੰਧ ਪੰਜਾਬ ਨਾਲ ਹੈ। ਉਨ੍ਹਾਂ ਦਾ ਜੱਦੀ ਪਿੰਡ ਤੱਖਰਾਂ ਹੈ ਅਤੇ ਉਨ੍ਹਾਂ ਦੇ ਬਜ਼ੁਰਗਾਂ ਨੇ 1978 ਵਿੱਚ ਗੁਜਰਾਤ ਦੇ ਕੱਛ ਜ਼ਿਲ੍ਹੇ ਵਿੱਚ 25 ਰੁਪਏ ਦੇ ਹਿਸਾਬ ਨਾਲ ਜ਼ਮੀਨ ਖ਼ਰੀਦੀ ਸੀ।

ਤੱਖਰਾਂ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਮਾਛੀਵਾੜਾ ਬਲਾਕ ਦਾ ਪਿੰਡ ਹੈ।

ਰਮਨਦੀਪ ਸਿੰਘ ਦੱਸਦੇ ਹਨ, “ਸਾਡੇ ਬਜ਼ੁਰਗਾਂ ਨੇ 25 ਰੁਪਏ ਕਿੱਲੇ ਦੇ ਹਿਸਾਬ ਨਾਲ ਇੱਥੇ ਜੰਗਲਨੁਮਾ ਜ਼ਮੀਨ ਖ਼ਰੀਦੀ ਸੀ। ਬਾਅਦ ਵਿੱਚ ਇਸ ਨੂੰ ਆਬਾਦ ਕਰਨ ਵਿੱਚ ਸਾਡੇ ਬਜ਼ੁਰਗਾਂ ਦੀ ਇੱਕ ਪੀੜ੍ਹੀ ਖੱਪ ਗਈ। ਫਿਰ ਜਾ ਕੇ ਇਹ ਜ਼ਮੀਨ ਵਾਹੀਯੋਗ ਹੋਈ।”

ਕਰੀਬ 120 ਕਿੱਲਿਆਂ ਵਿੱਚ ਖੇਤੀ ਕਰਨ ਵਾਲੇ ਰਮਨਦੀਪ ਸਿੰਘ ਦੱਸਦੇ ਹਨ ਕਿ ਤੱਖਰਾਂ ਪਿੰਡ ਵਿੱਚ ਜ਼ਮੀਨ ਬਹੁਤ ਘੱਟ ਸੀ। ਇਸੇ ਕਰਕੇ ਉਨ੍ਹਾਂ ਦੇ ਪਿਤਾ ਸਸਤੀ ਜ਼ਮੀਨ ਦੀ ਭਾਲ ਵਿੱਚ ਕੱਛ ਆ ਗਏ ਸਨ। ਪਹਿਲਾਂ 50 ਕਿਲੇ ਜ਼ਮੀਨ ਖ਼ਰੀਦੀ ਗਈ, ਜੋ ਬੰਜਰ ਸੀ ਅਤੇ ਜੰਗਲ ਨਾਲ ਢਕੀ ਹੋਈ ਸੀ।

“ਬਜ਼ੁਰਗਾਂ ਨੇ ਦਰੱਖਤ ਆਪਣੇ ਹੱਥੀਂ ਪੁੱਟੇ ਅਤੇ ਮਿਹਨਤ-ਮਸ਼ੱਕਤ ਕਰਕੇ ਜ਼ਮੀਨ ਨੂੰ ਵਾਹੀਯੋਗ ਬਣਾਇਆ। ਇਲਾਕੇ ਵਿੱਚ ਪਾਣੀ ਦੀ ਵੀ ਕਮੀ ਸੀ, ਜਿਸ ਨੂੰ ਦੂਰ ਕਰਨ ਲਈ ਉਨ੍ਹਾਂ ਨੇ ਆਪਣੇ ਹੱਥੀਂ ਖੁਦਾਈ ਕਰਕੇ ਪਾਣੀ ਦਾ ਪ੍ਰਬੰਧ ਕੀਤਾ।”

ਖੇਤੀਬਾੜੀ ਦੇ ਨਾਲ-ਨਾਲ ਰਮਨਦੀਪ ਸਿੰਘ ਆਪਣੇ ਛੋਟੇ ਭਰਾ ਨਾਲ ਮਿਲ ਕੇ ਡੇਅਰੀ ਦਾ ਕੰਮ ਵੀ ਕਰਦੇ ਹਨ।

ਉਨ੍ਹਾਂ ਕੋਲ ਕਰੀਬ 150 ਪਸ਼ੂ ਹਨ। ਉਹ ਦੱਸਦੇ ਹਨ ਕਿ ਡੇਅਰੀ ਦਾ ਕੰਮ ਖੇਤੀਬਾੜੀ ਦੇ ਨਾਲ ਸਹਾਇਕ ਕਿੱਤੇ ਵਜੋਂ ਕੀਤਾ ਜਾਂਦਾ ਹੈ। ਕੱਛ ਵਿੱਚ ਤਕਰੀਬਨ ਹਰ ਪੰਜਾਬੀ ਕਿਸਾਨ ਖੇਤੀ ਦੇ ਨਾਲ-ਨਾਲ ਪਸ਼ੂ ਪਾਲਣ ਦਾ ਕੰਮ ਵੀ ਕਰਦਾ ਹੈ।

ਪੰਜਾਬੀਆਂ ਦੇ ਘਰ

ਰਮਨਦੀਪ ਸਿੰਘ ਦੇ ਛੋਟੇ ਭਰਾ ਯਾਦਵਿੰਦਰ ਸਿੰਘ ਮੁਤਾਬਕ ਪੰਜਾਬ ਦੇ ਮੁਕਾਬਲੇ ਇੱਥੇ ਖੇਤੀ ਕਰਨਾ ਔਖਾ ਹੈ ਅਤੇ ਇਸ ਦਾ ਮੁੱਖ ਕਾਰਨ ਪਾਣੀ ਦੀ ਘਾਟ ਹੈ। ਇਸੇ ਕਾਰਨ ਇੱਥੇ ਜ਼ਿਆਦਾਤਰ ਕਿਸਾਨ ਡ੍ਰਿਪ ਸਿਸਟਮ ਰਾਹੀਂ ਫ਼ਸਲਾਂ ਦੀ ਸਿੰਚਾਈ ਕਰਦੇ ਹਨ।

ਗੁਜਰਾਤ ਵਿੱਚ ਜਨਮੇ ਯਾਦਵਿੰਦਰ ਸਿੰਘ ਦੱਸਦੇ ਹਨ ਕਿ 120 ਕਿੱਲਿਆਂ ਦੀ ਖੇਤੀ ਲਈ ਉਹ ਤਿੰਨ ਟਰੈਕਟਰਾਂ ਦੀ ਵਰਤੋਂ ਕਰਦੇ ਹਨ, ਜਿਨ੍ਹਾਂ ਵਿੱਚੋਂ ਇੱਕ 4×4 ਟਰੈਕਟਰ ਹੈ।

ਬੀਬੀਸੀ ਪੰਜਾਬੀ ਦੀ ਟੀਮ ਨੇ ਦੇਖਿਆ ਕਿ ਗੁਜਰਾਤ ਵਿੱਚ ਰਹਿਣ ਵਾਲੇ ਬਹੁਤੇ ਪੰਜਾਬੀ ਕਿਸਾਨ ਖੇਤਾਂ ਵਿੱਚ ਹੀ ਬਣੇ ਘਰਾਂ ਵਿੱਚ ਰਹਿੰਦੇ ਹਨ। ਘਰਾਂ ਦੀਆਂ ਛੱਤਾਂ ‘ਤੇ ਲੈਂਟਰ ਦੀ ਥਾਂ ਸੀਮੈਂਟ ਦੀਆਂ ਟੀਨਾਂ ਪਾਈਆਂ ਹੋਈਆਂ ਹਨ ਅਤੇ ਘਰਾਂ ਦੇ ਆਲੇ-ਦੁਆਲੇ ਆਮ ਤੌਰ ‘ਤੇ ਚਾਰਦੀਵਾਰੀ ਨਹੀਂ ਹੁੰਦੀ।

ਸੰਗਰੂਰ ਜ਼ਿਲ੍ਹੇ ਨਾਲ ਸਬੰਧਤ ਪ੍ਰਿਥੀ ਸਿੰਘ ਇੱਥੇ ਕਰੀਬ 100 ਕਿੱਲਿਆਂ ਵਿੱਚ ਖੇਤੀ ਕਰਦੇ ਹਨ।

ਉਨ੍ਹਾਂ ਨੇ ਇਹ ਜ਼ਮੀਨ 1990 ਦੇ ਦਹਾਕੇ ਵਿੱਚ ਖ਼ਰੀਦੀ ਸੀ।

ਪ੍ਰਿਥੀ ਸਿੰਘ ਮੁਤਾਬਕ ਪੰਜਾਬ ਵਿੱਚ ਉਨ੍ਹਾਂ ਕੋਲ ਬਹੁਤ ਘੱਟ ਜ਼ਮੀਨ ਸੀ। ਇੱਥੇ ਆ ਕੇ ਉਨ੍ਹਾਂ ਨੇ ਪਹਿਲਾਂ ਕੁਝ ਕਿਲੇ ਜ਼ਮੀਨ ਖ਼ਰੀਦੀ ਅਤੇ ਹੌਲੀ-ਹੌਲੀ ਇਸ ਨੂੰ ਵਧਾਉਂਦੇ ਹੋਏ ਕਰੀਬ 100 ਕਿੱਲਿਆਂ ਤੱਕ ਪਹੁੰਚਾਇਆ।

ਉਨ੍ਹਾਂ ਮੁਤਾਬਕ ਭਾਵੇਂ ਕੱਛ ਦਾ ਮੌਸਮ ਖ਼ੁਸ਼ਕ ਹੈ, ਪਰ ਪੰਜਾਬ ਦੇ ਮੁਕਾਬਲੇ ਇੱਥੇ ਸ਼ਾਂਤੀ ਹੈ। ਪੰਜਾਬ ਵਾਂਗ ਇੱਥੇ ਆੜ੍ਹਤੀ ਸਿਸਟਮ ਨਹੀਂ ਹੈ ਅਤੇ ਜ਼ਿਆਦਾਤਰ ਲੈਣ-ਦੇਣ ਨਕਦ ਹੁੰਦਾ ਹੈ। ਜੇਕਰ ਕਿਸੇ ਪੰਜਾਬੀ ਕਿਸਾਨ ਨੂੰ ਪੈਸੇ ਦੀ ਲੋੜ ਪੈਂਦੀ ਹੈ ਤਾਂ ਇੱਥੇ ਵੱਸਦੇ ਪੰਜਾਬੀ ਆਪਸ ਵਿੱਚ ਮਿਲ-ਜੁਲ ਕੇ ਉਸ ਦੀ ਮਦਦ ਕਰਦੇ ਹਨ।

ਕਿਵੇਂ ਹੁੰਦੀ ਹੈ ਫ਼ਸਲ ਦੀ ਵਿਕਰੀ

ਯਾਦਵਿੰਦਰ ਸਿੰਘ

ਪੰਜਾਬ ਵਾਂਗ ਗੁਜਰਾਤ ਵਿੱਚ ਫ਼ਸਲ ਵੇਚਣ ਲਈ ਮੰਡੀਆਂ ਦਾ ਉਹੀ ਪ੍ਰਬੰਧ ਨਹੀਂ ਹੈ। ਇੱਥੇ ਵਪਾਰੀ ਖ਼ੁਦ ਕਿਸਾਨ ਦੇ ਘਰ ਆਉਂਦੇ ਹਨ ਅਤੇ ਫ਼ਸਲ ਖ਼ਰੀਦ ਕੇ ਲੈ ਜਾਂਦੇ ਹਨ।

ਕੋਥਾਰਾ ਪਿੰਡ ਦੇ ਸੂਰਤਾ ਸਿੰਘ, ਜੋ ਕਰੀਬ 50 ਕਿੱਲਿਆਂ ਵਿੱਚ ਖੇਤੀ ਕਰਦੇ ਹਨ, ਦੱਸਦੇ ਹਨ ਕਿ ਕਿਸਾਨ ਫ਼ਸਲ ਖੇਤ ਤੋਂ ਘਰ ਲਿਆਉਂਦਾ ਹੈ ਅਤੇ ਵਪਾਰੀ ਫ਼ਸਲ ਦੀ ਗੁਣਵੱਤਾ ਦੇਖ ਕੇ ਉਸ ਦੀ ਕੀਮਤ ਤੈਅ ਕਰਦਾ ਹੈ।

ਕਿਸਾਨਾਂ ਨੂੰ ਫ਼ਸਲ ਦੀ ਅਦਾਇਗੀ ਨਕਦ ਕੀਤੀ ਜਾਂਦੀ ਹੈ। ਖੇਤਾਂ ਵਿੱਚ ਕੰਮ ਕਰਨ ਵਾਲੀ ਲੇਬਰ ਨੂੰ ਮਿਹਨਤਾਨੇ ਵਜੋਂ ਫ਼ਸਲ ਦਾ ਚੌਥਾ ਹਿੱਸਾ ਦਿੱਤਾ ਜਾਂਦਾ ਹੈ।

ਗੁਜਰਾਤੀ ਅਤੇ ਪੰਜਾਬੀ ਭਾਸ਼ਾ ਦਾ ਸੁਮੇਲ

ਗੁਰਦੁਆਰਾ

ਲੰਬੇ ਸਮੇਂ ਤੋਂ ਕੱਛ ਵਿੱਚ ਰਹਿਣ ਕਾਰਨ ਇੱਥੇ ਵੱਸਦੇ ਪੰਜਾਬੀ ਗੁਜਰਾਤੀ ਅਤੇ ਕੱਛੀ, ਕੱਛ ਦੀ ਸਥਾਨਕ ਭਾਸ਼ਾ ਬੋਲ ਅਤੇ ਸਮਝ ਲੈਂਦੇ ਹਨ।

ਆਮ ਤੌਰ ‘ਤੇ ਪੰਜਾਬੀ ਪਰਿਵਾਰਾਂ ਦੇ ਬੱਚੇ ਗੁਜਰਾਤ ਦੇ ਸਥਾਨਕ ਸਕੂਲਾਂ ਵਿੱਚ ਪੜ੍ਹਦੇ ਹਨ। ਇਸ ਕਾਰਨ ਉਨ੍ਹਾਂ ਦੀ ਆਮ ਬੋਲਚਾਲ ਦੀ ਭਾਸ਼ਾ ਗੁਜਰਾਤੀ ਬਣ ਗਈ ਹੈ।

ਕੱਛ ਵਿੱਚ ਰਹਿਣ ਵਾਲੇ ਪੰਜਾਬੀ ਦੱਸਦੇ ਹਨ ਕਿ ਘਰਾਂ ਅਤੇ ਗੁਰੂ ਘਰਾਂ ਵਿੱਚ ਆਮ ਤੌਰ ‘ਤੇ ਪੰਜਾਬੀ ਬੋਲੀ ਜਾਂਦੀ ਹੈ, ਜਦਕਿ ਸਰਕਾਰੀ ਦਫ਼ਤਰਾਂ ਅਤੇ ਖੇਤਾਂ ਵਿੱਚ ਸਥਾਨਕ ਮਜ਼ਦੂਰਾਂ ਨਾਲ ਗੁਜਰਾਤੀ ਵਿੱਚ ਗੱਲਬਾਤ ਕੀਤੀ ਜਾਂਦੀ ਹੈ।

ਯਾਦਵਿੰਦਰ ਸਿੰਘ ਦੱਸਦੇ ਹਨ ਕਿ ਜਦੋਂ ਉਨ੍ਹਾਂ ਦੇ ਬਜ਼ੁਰਗ ਸ਼ੁਰੂ ਵਿੱਚ ਇੱਥੇ ਆਏ ਸਨ ਤਾਂ ਭਾਸ਼ਾ ਨੂੰ ਲੈ ਕੇ ਕਾਫ਼ੀ ਮੁਸ਼ਕਲ ਆਈ, ਪਰ ਸਮੇਂ ਦੇ ਨਾਲ ਇਹ ਦਿੱਕਤ ਦੂਰ ਹੁੰਦੀ ਗਈ।

ਹੁਣ ਸਥਿਤੀ ਇਹ ਹੈ ਕਿ ਨਵੀਂ ਪੀੜ੍ਹੀ ਗੁਜਰਾਤੀ ਸੱਭਿਆਚਾਰ ਅਤੇ ਵਿਰਸੇ ਨੂੰ ਵੀ ਅਪਨਾਉਣ ਲੱਗੀ ਹੈ।

ਭੁੱਜ ਵਿੱਚ ਹਰਜਿੰਦਰ ਸਿੰਘ ਸਿੱਧੂ ਗੁਜਰਾਤੀ ਨੌਜਵਾਨਾਂ ਨੂੰ ਡਾਂਡੀਆ ਸਿਖਾਉਣ ਦਾ ਕੰਮ ਕਰਦੇ ਹਨ। ਹਰਜਿੰਦਰ ਸਿੰਘ ਸਿੱਧੂ ਦਾ ਜਨਮ ਅੰਮ੍ਰਿਤਸਰ ਵਿੱਚ ਹੋਇਆ ਸੀ, ਪਰ ਪਰਿਵਾਰ ਦੇ ਕਾਰੋਬਾਰ ਕਾਰਨ ਉਹ ਛੋਟੀ ਉਮਰ ਵਿੱਚ ਹੀ ਭੁੱਜ ਆ ਗਏ ਸਨ।

ਉਹ ਦੱਸਦੇ ਹਨ ਕਿ ਗੁਜਰਾਤੀ ਲੋਕ ਪੰਜਾਬੀ ਗਾਇਕਾਂ, ਖ਼ਾਸ ਤੌਰ ‘ਤੇ ਸਿੱਧੂ ਮੂਸੇਵਾਲਾ ਅਤੇ ਦਿਲਜੀਤ ਦੋਸਾਂਝ ਦੇ ਗੀਤਾਂ ਦੇ ਸ਼ੌਕੀਨ ਹਨ।

ਪੰਜਾਬੀ ਕਿਸਾਨਾਂ ਦੀਆਂ ਜ਼ਮੀਨਾਂ ਦੀ ਮੌਜੂਦਾ ਸਥਿਤੀ

ਨਰਾ ਪਿੰਡ ਦੇ ਕਿਸਾਨ

ਕਾਫ਼ੀ ਸਮਾਂ ਪਹਿਲਾਂ ਸਥਾਨਕ ਸਰਕਾਰ ਵੱਲੋਂ ਇੱਥੋਂ ਦੇ ਪੰਜਾਬੀ ਕਿਸਾਨਾਂ ਦੇ ਜ਼ਮੀਨੀ ਖਾਤੇ ਸੀਜ਼ (ਫ਼੍ਰੀਜ਼) ਕਰ ਦਿੱਤੇ ਗਏ ਸਨ। ਇਸ ਫ਼ੈਸਲੇ ਖ਼ਿਲਾਫ਼ ਪੰਜਾਬੀ ਕਿਸਾਨਾਂ ਨੇ ਪਹਿਲਾਂ ਹਾਈ ਕੋਰਟ ਅਤੇ ਫਿਰ ਸੁਪਰੀਮ ਕੋਰਟ ਤੱਕ ਲੰਮੀ ਕਾਨੂੰਨੀ ਲੜਾਈ ਲੜੀ।

ਗੁਜਰਾਤ ਦੇ ਇਨ੍ਹਾਂ ਕਿਸਾਨਾਂ ਦੇ ਕੇਸ ਦੀ ਪੈਰਵੀ ਪ੍ਰਿਥੀ ਸਿੰਘ ਨੇ ਕੀਤੀ ਸੀ।

ਉਹ ਦੱਸਦੇ ਹਨ ਕਿ ਫਿਲਹਾਲ ਮਾਮਲਾ ਅਦਾਲਤ ਵਿੱਚ ਹੀ ਲੰਬਿਤ ਹੈ ਅਤੇ ਸੰਕਟ ਟਲਿਆ ਹੋਇਆ ਹੈ। ਹਾਲਾਂਕਿ ਖਾਤੇ ਫ਼੍ਰੀਜ਼ ਹੋਣ ਕਾਰਨ ਕਿਸਾਨਾਂ ਨੂੰ ਨਾ ਤਾਂ ਸਰਕਾਰੀ ਸਬਸਿਡੀ ਮਿਲ ਪਾ ਰਹੀ ਹੈ ਅਤੇ ਨਾ ਹੀ ਉਹ ਆਪਣੀ ਜ਼ਮੀਨ ‘ਤੇ ਕਰਜ਼ਾ ਲੈ ਸਕਦੇ ਹਨ।

ਉਨ੍ਹਾਂ ਇਹ ਵੀ ਦੱਸਿਆ ਕਿ ਮੌਜੂਦਾ ਸਮੇਂ ਵਿੱਚ ਗੁਜਰਾਤ ਵਿੱਚ ਖੇਤੀਬਾੜੀ ਲਈ ਬਾਹਰੀ ਸੂਬਿਆਂ ਦੇ ਵਿਅਕਤੀਆਂ ਵੱਲੋਂ ਜ਼ਮੀਨ ਖ਼ਰੀਦਣ ‘ਤੇ ਰੋਕ ਲੱਗੀ ਹੋਈ ਹੈ।

ਰਾਜਨੀਤਿਕ ਤੌਰ ‘ਤੇ ਅਹਿਮੀਅਤ ਹਾਸ਼ੀਏ ‘ਤੇ

ਗੁਜਰਾਤ ਵਿੱਚ ਮਿੰਨੀ ਪੰਜਾਬ

ਕੱਛ ਜ਼ਿਲ੍ਹੇ ਦੇ ਕੋਥਾਰਾ, ਮਾਂਡਵੀ, ਨਖਤਰਾਣਾ, ਦਿਆਪੁਰ ਅਤੇ ਨਰਾ ਪਿੰਡਾਂ ਵਿੱਚ ਪੰਜਾਬੀ ਕਿਸਾਨ ਰਹਿੰਦੇ ਹਨ। ਕੁਝ ਪੰਜਾਬੀ ਕਾਰੋਬਾਰੀ ਭੁੱਜ ਵਿੱਚ ਵੀ ਰਹਿੰਦੇ ਹਨ, ਪਰ ਪੰਜਾਬੀ ਕਿਸਾਨਾਂ ਦੀ ਵੱਡੀ ਵਸੋਂ ਕੋਥਾਰਾ ਅਤੇ ਇਸ ਦੇ ਆਸ-ਪਾਸ ਦੇ ਪਿੰਡਾਂ ਵਿੱਚ ਹੈ।

2011 ਦੀ ਮਰਦਮਸ਼ੁਮਾਰੀ ਮੁਤਾਬਕ ਕੱਛ ਵਿੱਚ ਪੰਜਾਬੀਆਂ ਦੀ ਕੁੱਲ ਆਬਾਦੀ ਕਰੀਬ 6,000 ਹੈ, ਜੋ ਸਥਾਨਕ ਆਬਾਦੀ ਦਾ ਮਹਿਜ਼ 0.3 ਫ਼ੀਸਦੀ ਹੈ। ਇਸ ਕਰਕੇ ਉਹ ਜ਼ਿਲ੍ਹਾ ਪੱਧਰ ਜਾਂ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਵਿੱਚ ਫ਼ੈਸਲਾਕੁਨ ਭੂਮਿਕਾ ਨਹੀਂ ਨਿਭਾਉਂਦੇ।

ਸਿਰਫ਼ ਜੁਗਰਾਜ ਸਿੰਘ ਉਰਫ਼ ਰਾਜੂ ਭਾਈ ਸਰਪੰਚ ਹੋਣ ਕਾਰਨ ਸਥਾਨਕ ਰਾਜਨੀਤੀ ਵਿੱਚ ਸਰਗਰਮ ਹਨ। ਉਹ ਭਾਜਪਾ ਦੇ ਕੱਛ ਜ਼ੋਨ ਦੇ ਜਨਰਲ ਸਕੱਤਰ ਹਨ ਅਤੇ 2023 ਵਿੱਚ ਲਖਪਤ ਤਾਲੁਕਾ ਪੰਚਾਇਤ ਦੇ ਉਪ-ਪ੍ਰਧਾਨ ਚੁਣੇ ਗਏ ਸਨ।

ਇਹ ਪਹਿਲੀ ਵਾਰ ਸੀ ਕਿ ਗੁਜਰਾਤ ਵਿੱਚ ਕੋਈ ਪੰਜਾਬੀ ਇਸ ਅਹੁਦੇ ‘ਤੇ ਪਹੁੰਚਿਆ ਸੀ।

ਪ੍ਰਿਥੀ ਸਿੰਘ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਹਨ। ਉਹ ਦੱਸਦੇ ਹਨ ਕਿ ਇੱਥੇ ਪੰਜਾਬੀਆਂ ਦਾ ਰਾਜਨੀਤੀ ਵੱਲ ਝੁਕਾਅ ਘੱਟ ਹੈ, ਕਿਉਂਕਿ ਉਹ ਖੇਤੀਬਾੜੀ ਅਤੇ ਆਪਣੇ ਕੰਮਾਂ ਵਿੱਚ ਹੀ ਰੁੱਝੇ ਰਹਿੰਦੇ ਹਨ।

ਇਸ ਤੋਂ ਇਲਾਵਾ ਪੰਜਾਬੀਆਂ ਦੀ ਗਿਣਤੀ ਘੱਟ ਹੋਣ ਅਤੇ ਉਨ੍ਹਾਂ ਦੇ ਵੱਖ-ਵੱਖ ਥਾਵਾਂ ‘ਤੇ ਦੂਰ-ਦੂਰ ਵੱਸੇ ਹੋਣ ਕਾਰਨ ਉਨ੍ਹਾਂ ਦੀਆਂ ਵੋਟਾਂ ਵੀ ਵੰਡੀਆਂ ਹੋਈਆਂ ਹਨ। ਇਸ ਕਰਕੇ ਫਿਲਹਾਲ ਕੱਛ ਦੀ ਸਥਾਨਕ ਰਾਜਨੀਤੀ ਵਿੱਚ ਪੰਜਾਬੀ ਭਾਈਚਾਰੇ ਦੀ ਅਹਿਮੀਅਤ ਸੀਮਤ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI