Source :- BBC PUNJABI
ਤਸਵੀਰ ਸਰੋਤ, Mad Sandhu / Insta
ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 3 ਮਿੰਟ
ਸ਼ਨੀਵਾਰ ਨੂੰ ਅੰਮ੍ਰਿਤਸਰ ਵਿੱਚ ਸੋਸ਼ਲ ਮੀਡੀਆ ਇੰਫਲੂਐਂਸਰ ਮੈਡ ਸੰਧੂ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੇ ਜਾ ਰਹੇ ਕੁਝ ਵੀਡੀਓਜ਼ ਵਿੱਚ ਉਨ੍ਹਾਂ ਨੂੰ ਜ਼ਖਮੀ ਹਾਲਤ ਵਿੱਚ ਸੜਕ ‘ਤੇ ਦੇਖੇ ਜਾਣ ਦੇ ਦਾਅਵੇ ਕੀਤੇ ਜਾ ਰਹੇ ਹਨ।
ਪੁਲਿਸ ਨੇ ਦੱਸਿਆ ਕਿ ਹਮਲੇ ਤੋਂ ਬਾਅਦ ਮੈਡ ਸੰਧੂ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸਨ ਅਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਸੀ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ।
ਮੈਡ ਸੰਧੂ ਸੋਸ਼ਲ ਮੀਡੀਆ ਇੰਫਲੂਐਂਸਰ ਹੋਣ ਦੇ ਨਾਲ-ਨਾਲ ਕੁਝ ਫ਼ਿਲਮਾਂ ਵਿੱਚ ਵੀ ਨਜ਼ਰ ਆ ਚੁੱਕੇ ਹਨ।
ਪਿਛਲੇ ਕੁਝ ਸਮੇਂ ਤੋਂ ਪੰਜਾਬ ਵਿੱਚ ਸੋਸ਼ਲ ਮੀਡੀਆ ਇੰਫਲੂਐਂਸਰਾਂ ਨੂੰ ਧਮਕੀਆਂ ਅਤੇ ਉਨ੍ਹਾਂ ‘ਤੇ ਹਮਲਿਆਂ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ।
ਪੁਲਿਸ ਨੇ ਕੀ ਦੱਸਿਆ
ਤਸਵੀਰ ਸਰੋਤ, Commissioner of Police Amritsar/ FB
ਇਸ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਦੇ ਏਡੀਸੀਪੀ ਸਿਟੀ 2 ਨੇ ਦੱਸਿਆ ਕਿ ਹਮਲਾ ਲੁਹਾਰਕਾ ਰੋਡ ਇਲਾਕੇ ਵਿੱਚ ਲਗਭਗ ਸ਼ਾਮ ਨੂੰ 6 ਵਜੇ ਹੋਇਆ ਹੈ।
ਉਨ੍ਹਾਂ ਦੱਸਿਆ, ”ਦੋ ਮੋਟਰਸਾਈਕਲ ਸਵਾਰਾਂ ਨੇ ਮੀਡੀਆ ਇਨਫਲੂਐਂਸਰ ਮੈਡ ਸੰਧੂ ‘ਤੇ ਗੋਲੀਆਂ ਚਲਾਈਆਂ ਅਤੇ ਮੌਕੇ ਤੋਂ ਫਰਾਰ ਹੋ ਗਏ। ਹਮਲੇ ਤੋਂ ਬਾਅਦ ਅਮੀਦ ਸੰਧੂ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ ਹੈ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ”ਸਾਡੀਆਂ ਟੀਮਾਂ ਜਾਂਚ ਵਿੱਚ ਲੱਗੀਆਂ ਹੋਈਆਂ ਹਨ ਅਤੇ ਸਾਨੂੰ ਇਸ ਸਬੰਧ ਵਿੱਚ ਕੁਝ ਲੀਡਜ਼ ਮਿਲੇ ਹਨ, ਜਲਦੀ ਮੁਲਜ਼ਮਾਂ ਨੂੰ ਫੜ੍ਹ ਲਿਆ ਜਾਵੇਗਾ।”
ਸੂਬਾ ਸਰਕਾਰ ‘ਤੇ ਨਿਸ਼ਾਨਾ
ਇਸ ਘਟਨਾ ਤੋਂ ਬਾਅਦ ਵੱਖ-ਵੱਖ ਸਿਆਸੀ ਆਗੂਆਂ ਨੇ ਸੂਬੇ ਵਿੱਚ ਕਾਨੂੰਨ ਵਿਵਸਥਾ ਨੂੰ ਲੈਕੇ ਸਰਕਾਰ ‘ਤੇ ਸਵਾਲ ਚੁੱਕੇ ਹਨ।
ਭਾਜਪਾ ਦੇ ਕੌਮੀ ਬੁਲਾਰੇ ਅਤੇ ਸੁਪਰੀਮ ਕੋਰਟ ਦੇ ਵਕੀਲ ਜੈਵੀਰ ਸ਼ੇਰਗਿੱਲ ਨੇ ਆਪਣੇ ਐਕਸ ਅਕਾਊਂਟ ‘ਤੇ ਲਿਖਿਆ, ”ਪੰਜਾਬ ਵਿੱਚ ਇੱਕ ਹੋਰ ਦਿਨ, ਇੱਕ ਹੋਰ ਕਤਲ!”
”ਅੰਮ੍ਰਿਤਸਰ ਵਿੱਚ ਮੇਕਅੱਪ ਆਰਟਿਸਟ ਦੀ ਗੋਲ਼ੀ ਮਾਰ ਕੇ ਹੱਤਿਆ!! ਸਵਾਲ ਸਿੱਧਾ ਹੈ – ‘ਆਪ’ ਸਰਕਾਰ ਨੂੰ ਜਗਾਉਣ ਲਈ ਹੋਰ ਕਿੰਨੇ ਮਰਨਗੇ?”
ਉਨ੍ਹਾਂ ਲਿਖਿਆ, ”ਪੰਜਾਬ ਵਿੱਚ ਮੌਤ ਦਾ ਨੰਗਾ ਨਾਚ ਜਾਰੀ ਹੈ, ਜਦਕਿ ਕੇਜਰੀਵਾਲ ਅਤੇ ਮਾਨ ਸੱਤਾ ਦੇ ਨਸ਼ੇ ਵਿੱਚ ਡੁੱਬੇ ਹੋਏ ਹਨ।”
ਕੌਣ ਸਨ ਮੈਡ ਸੰਧੂ
ਤਸਵੀਰ ਸਰੋਤ, Mad Sandhu / Insta
ਮੈਡ ਸੰਧੂ ਪੰਜਾਬੀ ਸੋਸ਼ਲ ਮੀਡੀਆ ‘ਤੇ ਇਨਫਲੂਐਂਸਰ ਅਤੇ ਮੇਕਅੱਪ ਆਰਟਿਸਟ ਹਨ।
ਉਨ੍ਹਾਂ ਦੇ ਇੰਸਟਾਗ੍ਰਾਮ ਪ੍ਰੋਫਾਈਲ ‘ਤੇ 2 ਲੱਖ ਤੋਂ ਵੱਧ ਫਾਲੋਅਰਜ਼ ਹਨ। ਪ੍ਰੋਫ਼ਾਈਲ ਮੁਤਾਬਕ ਉਨ੍ਹਾਂ ਨੇ ਖੁਦ ਨੂੰ ਮੇਕਅੱਪ ਆਰਟਿਸਟ, ਐਂਟਰਪ੍ਰੇਨੇਓਰ, ਕਲਾਕਾਰ ਅਤੇ ਇਨਫਲੂਐਂਸਰ ਦੱਸਿਆ ਹੈ।
ਉਹ ਐਲਜੀਬੀਟੀਕਿਯੂ ਭਾਈਚਾਰੇ ਨਾਲ ਸਬੰਧਤ ਸਨ ਅਤੇ ਖੁੱਲ੍ਹ ਕੇ ਇਸ ਬਾਰੇ ਗੱਲ ਕਰਦੇ ਸਨ। ਉਨ੍ਹਾਂ ਨੇ ਕਈ ਇੰਟਰਵਿਊਜ਼ ਵਿੱਚ ਇਸ ਬਾਰੇ ਗੱਲ ਕੀਤੀ ਹੈ ਕਿ ਉਨ੍ਹਾਂ ਨੂੰ ਕੀ-ਕੀ ਮੁਸ਼ਕਿਲਾਂ ਆਈਆਂ ਤੇ ਕਿਵੇਂ ਲੋਕਾਂ ਨੇ ਉਨ੍ਹਾਂ ਨੂੰ ਬਹੁਤ ਪਿਆਰ ਦਿੱਤਾ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI



