Home rss national punjabi2ਰਾਸ਼ਟਰੀ ਖ਼ਬਰਾਂ ਪੰਜਾਬ ਵਿੱਚ ਕਾਂਗਰਸ ਨੇ ਪ੍ਰਧਾਨਗੀ ਲਈ ਪਰਗਟ ਸਿੰਘ ਨੂੰ ਕਿਉਂ ਚੁਣਿਆ, ਕੀ...

ਪੰਜਾਬ ਵਿੱਚ ਕਾਂਗਰਸ ਨੇ ਪ੍ਰਧਾਨਗੀ ਲਈ ਪਰਗਟ ਸਿੰਘ ਨੂੰ ਕਿਉਂ ਚੁਣਿਆ, ਕੀ ਚੰਨੀ ਨੂੰ ਇਹ ਫੈਸਲਾ ਰਾਸ ਆਵੇਗਾ, ਨਵੇਂ ਪ੍ਰਧਾਨ ਅੱਗੇ ਕੀ ਹਨ ਚੁਣੌਤੀਆਂ

2
0

Source :- BBC PUNJABI

ਪਰਗਟ ਸਿੰਘ

ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਪਰਗਟ ਸਿੰਘ ਨੂੰ ਜਦੋਂ ਪੁੱਛਿਆ ਗਿਆ ਕਿ, ‘ਕੀ ਤੁਸੀਂ ਪਾਰਟੀ ਦੇ ਮੁੱਖ ਮੰਤਰੀ ਦੇ ਅਹੁਦੇ ਲਈ ਚਿਹਰਾ ਹੋ’ ਤਾਂ ਉਨ੍ਹਾਂ ਦਾ ਜਵਾਬ ਸੀ, “ਮੈਨੂੰ ਪਾਰਟੀ ਨੇ ਪੀਪੀਸੀਸੀ ਦਾ ਪ੍ਰਧਾਨ ਬਣਾਇਆ ਹੈ ਜਿਸ ਦਾ ਕੰਮ ਟੀਮ ਨੂੰ ਨਾਲ ਲੈ ਕੇ ਚੱਲਣ ਦਾ ਹੁੰਦਾ ਹੈ ਅਤੇ ਅਸੀਂ ਸਾਰਿਆਂ ਨੂੰ ਨਾਲ ਲੈ ਕੇ ਤੁਰਾਂਗੇ।”

ਕਦੇ ਹਾਕੀ ਦੇ ਮੈਦਾਨ ਉੱਤੇ ਇੱਕ ਕਪਤਾਨ ਵਜੋਂ ਭਾਰਤੀ ਟੀਮ ਦੀ ਅਗਵਾਈ ਕਰਨ ਵਾਲੇ ਪਰਗਟ ਸਿੰਘ ਨੂੰ ਹੁਣ ਪੰਜਾਬ ਕਾਂਗਰਸ ਦੀ ਕਪਤਾਨੀ ਦਿੱਤੀ ਗਈ ਹੈ।

ਸ਼ੁੱਕਰਵਾਰ ਸ਼ਾਮ ਨੂੰ ਪਰਗਟ ਸਿੰਘ ਨੂੰ ਪਾਰਟੀ ਹਾਈਕਮਾਨ ਵੱਲੋਂ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਉਣ ਦਾ ਐਲਾਨ ਕੀਤਾ ਗਿਆ। ਇਸ ਤੋਂ ਪਹਿਲਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਜੋ ਕਰੀਬ ਸਾਢੇ ਚਾਰ ਸਾਲ ਤੱਕ ਪਾਰਟੀ ਦੇ ਪ੍ਰਧਾਨ ਰਹੇ, ਉਨ੍ਹਾਂ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ।

ਪੰਜਾਬ ਕਾਂਗਰਸ, ਜਿਸ ਦੀ ਧੜੇਬੰਦੀ ਕਈ ਵਾਰ ਸਾਫ਼ ਉਭਰ ਕੇ ਸਾਹਮਣੇ ਆਉਂਦੀ ਹੈ, ਉਸ ਦੇ ਨਵੇਂ ਪ੍ਰਧਾਨ ਪਰਗਟ ਸਿੰਘ ਲਈ ਇਸੇ ਧੜੇਬੰਦੀ ਨੂੰ ਕਾਬੂ ਵਿੱਚ ਰੱਖਣਾ ਇੱਕ ਵੱਡੀ ਚੁਣੌਤੀ ਹੋਵੇਗੀ।

ਪਰਗਟ ਸਿੰਘ

ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਅਹੁਦਾ ਸਾਂਭਣਾ ਵੀ ਇਸ ਚੁਣੌਤੀ ਨੂੰ ਕਈ ਗੁਣਾ ਵਧਾ ਸਕਦਾ ਹੈ ਕਿਉਂਕਿ ਪਰਗਟ ਸਿੰਘ ਕੋਲ ਚੋਣਾਂ ਲਈ ਪਾਰਟੀ ਨੂੰ ਤਿਆਰ ਕਰਨ ਲਈ ਬਹੁਤ ਥੋੜ੍ਹਾ ਸਮਾਂ ਹੈ।

ਪਾਰਟੀ ਦੇ ਇਸ ਫੈਸਲੇ ਮਗਰੋਂ, ਕੀ ਪਾਰਟੀ ਦੀ ਗੁੱਟਬਾਜ਼ੀ ਨੂੰ ਠੱਲ੍ਹ ਪਵੇਗੀ ਅਤੇ ਪਾਰਟੀ ਦੇ ਨਵੇਂ ਪ੍ਰਧਾਨ ਪਰਗਟ ਸਿੰਘ ਨੂੰ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਜਿੱਤ ਦੀ ਟਰਾਫੀ ਦਿਵਾਉਣ ਲਈ ਕਿਹੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਆਓ ਸਮਝਦੇ ਹਾਂ।

ਹਾਕੀ ਖਿਡਾਰੀ ਰਹਿੰਦਿਆਂ ਪਰਗਟ ਸਿੰਘ ਨੇ 300 ਤੋਂ ਵੱਧ ਮੈਚ ਖੇਡੇ, ਜਿਨ੍ਹਾਂ ਵਿੱਚ 160 ਤੋਂ ਵੱਧ ਮੈਚਾਂ ਵਿੱਚ ਭਾਰਤੀ ਟੀਮ ਦੀ ਕਪਤਾਨੀ ਕੀਤੀ। ਇੱਕ ਖਿਡਾਰੀ ਵਜੋਂ ਉਨ੍ਹਾਂ ਦਾ ਇੱਕ ਸ਼ਾਨਦਾਰ ਕਰੀਅਰ ਰਿਹਾ। ਪੰਜਾਬ ਪੁਲਿਸ ਵਿੱਚ ਵੀ ਪਰਗਟ ਸਿੰਘ ਰਹੇ ਅਤੇ ਸਿਆਸੀ ਸਫ਼ਰ ਉਨ੍ਹਾਂ ਨੇ ਅਕਾਲੀ ਦਲ ਤੋਂ ਸ਼ੁਰੂ ਕੀਤਾ। 2012 ਵਿੱਚ ਉਹ ਅਕਾਲੀ ਦਲ ਦੇ ਜਲੰਧਰ ਕੈਂਟ ਸੀਟ ਤੋਂ ਵਿਧਾਇਕ ਬਣੇ।

ਬਾਅਦ ਵਿੱਚ ਉਨ੍ਹਾਂ ਨੇ ਅਕਾਲੀ ਦਲ ਤੋਂ ਦੂਰੀ ਬਣਾਈ ਅਤੇ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਵਿੱਚ ਸ਼ਾਮਿਲ ਹੋ ਗਏ।

ਕਾਂਗਰਸ ਦੀ ਟਿਕਟ ‘ਤੇ ਉਨ੍ਹਾਂ ਨੇ ਜਲੰਧਰ ਕੈਂਟ ਤੋਂ ਮੁੜ ਚੋਣ ਜਿੱਤੀ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਮੰਤਰੀ ਵੀ ਰਹੇ। 2022 ਵਿੱਚ ਵੀ ਉਹ ਆਮ ਆਦਮੀ ਪਾਰਟੀ ਦੀ ਲਹਿਰ ਵੇਲੇ ਆਪਣੀ ਸੀਟ ਜਿੱਤੇ। ਹੁਣ ਪਾਰਟੀ ਵਿੱਚ ਕਈ ਸੀਨੀਅਰ ਆਗੂਆਂ ਦੀ ਮੌਜੂਦਗੀ ਦੇ ਬਾਵਜੂਦ ਕਰੀਬ ਇੱਕ ਦਹਾਕੇ ਪਹਿਲਾਂ ਕਾਂਗਰਸ ਵਿੱਚ ਸ਼ਾਮਿਲ ਹੋਏ ਪਰਗਟ ਸਿੰਘ ਉੱਤੇ ਪਾਰਟੀ ਨੇ ਭਰੋਸਾ ਦਿਖਾਇਆ ਅਤੇ ਹੁਣ ਸੂਬੇ ਦਾ ਪ੍ਰਧਾਨ ਬਣਾਇਆ ਹੈ।

ਪਰਗਟ ਸਿੰਘ ਦੀ ਚੋਣ ਕਿਉਂ ਹੋਈ

ਪਰਗਟ ਸਿੰਘ ਅਤੇ ਸਚਿਨ ਪਾਇਲਟ

ਚੰਡੀਗੜ੍ਹ ਦੇ ਡੀਏਵੀ ਕਾਲਜ ਵਿੱਚ ਰਾਜਨੀਤੀ ਸ਼ਾਸਤਰ ਦੀ ਪ੍ਰੋਫੈਸਰ ਡਾ. ਕੰਵਲਪ੍ਰੀਤ ਕੌਰ ਨੇ ਕਾਂਗਰਸ ਅਤੇ ਅਕਾਲੀ ਦਲ ਵਿੱਚ ਧੜੇਬੰਦੀ ਉੱਤੇ ਰਿਸਰਚ ਕੀਤੀ ਹੋਈ ਹੈ।

ਪਾਰਟੀ ਵੱਲੋਂ ਪਰਗਟ ਸਿੰਘ ਨੂੰ ਪ੍ਰਧਾਨਗੀ ਦੇ ਅਹੁਦੇ ਲਈ ਚੁਣੇ ਜਾਣ ਬਾਰੇ ਡਾ. ਕੰਵਲਪ੍ਰੀਤ ਕੌਰ ਕਹਿੰਦੇ ਹਨ, “ਪਾਰਟੀ ਪਰਗਟ ਸਿੰਘ ਨੂੰ ਲੈ ਕੇ ਆਈ ਹੈ ਜਿਨ੍ਹਾਂ ਦਾ ਅਕਸ ਕਾਫੀ ਸਾਫ਼ ਹੈ। ਉਹ ਇੱਕ ਖਿਡਾਰੀ ਵਜੋਂ ਵੀ ਅਨੁਸ਼ਾਸਨ ਵਿੱਚ ਰਹਿਣ ਵਾਲੇ ਵਿਅਕਤੀ ਹਨ ਅਤੇ ਕਾਂਗਰਸ ਪਾਰਟੀ ਨੂੰ ਇਸ ਵੇਲੇ ਅਨੁਸ਼ਾਸਨ ਦੀ ਕਾਫੀ ਲੋੜ ਹੈ।”

ਸਿਆਸੀ ਮਾਮਲਿਆਂ ਦੇ ਜਾਣਕਾਰ ਡਾ. ਕੰਵਰ ਦੀਪ ਸਿੰਘ ਕਹਿੰਦੇ ਹਨ, “ਪਾਰਟੀ ਹਾਈਕਮਾਨ ਨੇ ਕਈ ਸੀਨੀਅਰ ਲੀਡਰਾਂ ਨੂੰ ਬਾਈਪਾਸ ਕਰਕੇ ਪਰਗਟ ਸਿੰਘ ਨੂੰ ਪ੍ਰਧਾਨ ਬਣਾਇਆ ਹੈ। ਪਰਗਟ ਸਿੰਘ ਨੇ ਤਾਂ 2016 ਵਿੱਚ ਕਾਂਗਰਸ ਜੁਆਇਨ ਕੀਤੀ ਹੈ ਪਰ ਸੁਖਜਿੰਦਰ ਰੰਧਾਵਾ, ਰਾਣਾ ਗੁਰਜੀਤ, ਪ੍ਰਤਾਪ ਬਾਜਵਾ ਅਤੇ ਵਿਜੇ ਇੰਦਰ ਸਿੰਗਲਾ ਵਰਗੇ ਆਗੂਆਂ ਨੇ ਤਾਂ ਲੰਬਾ ਸਮਾਂ ਪਾਰਟੀ ਵਿੱਚ ਲੰਘਾਇਆ ਹੈ। ਅਸਲ ਵਿੱਚ ਪਾਰਟੀ ਦੀ ਕੋਸ਼ਿਸ਼ ਅਜਿਹੇ ਲੀਡਰ ਨੂੰ ਅਹੁਦਾ ਦੇਣ ਦੀ ਨਜ਼ਰ ਆਈ ਹੈ ਜੋ ਉਨ੍ਹਾਂ ਦੀ ਕਮਾਂਡ ਹੇਠ ਰਹੇ ਕਿਉਂਕਿ ਪਰਗਟ ਸਿੰਘ ਅਜਿਹੇ ਲੀਡਰ ਨਹੀਂ ਹਨ ਜਿਨ੍ਹਾਂ ਦਾ ਸੁਖਜਿੰਦਰ ਰੰਧਾਵਾ ਜਾਂ ਚਰਨਜੀਤ ਸਿੰਘ ਚੰਨੀ ਵਰਗਾ ਤਾਕਤਵਰ ਸਪੋਰਟ ਬੇਸ ਹੋਵੇ।”

ਕਾਂਗਰਸ ਨੂੰ ਪ੍ਰਧਾਨ ਕਿਉਂ ਬਦਲਣਾ ਪਿਆ

ਚੰਡੀਗੜ੍ਹ ਡੀਏਵੀ ਕਾਲਜ ਵਿੱਚ ਰਾਜਨੀਤੀ ਸ਼ਾਸਤਰ ਦੇ ਪ੍ਰੋਫੈਸਰ ਡਾ. ਕੰਵਲਪ੍ਰੀਤ ਕੌਰ ਦੀ ਟਿੱਪਣੀ

ਡਾ. ਕੰਵਲਪ੍ਰੀਤ ਕੌਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਹਟਾਏ ਜਾਣ ਪਿੱਛੇ ਪਾਰਟੀ ਦੇ ਅੰਦਰੂਨੀ ਕਲੇਸ਼ ਨੂੰ ਜ਼ਿੰਮੇਵਾਰ ਮੰਨਦੇ ਹਨ।

ਡਾ. ਕੰਵਲਪ੍ਰੀਤ ਕੌਰ ਕਹਿੰਦੇ ਹਨ, “ਰਾਜਾ ਵੜਿੰਗ ਪਾਰਟੀ ਵਿੱਚ ਸਾਰਿਆਂ ਨੂੰ ਇੱਕ ਮੰਚ ਉੱਤੇ ਲਿਆਉਣ ਵਿੱਚ ਕਾਮਯਾਬ ਨਹੀਂ ਰਹੇ ਹਨ। ਸ਼ਾਇਦ ਉਨ੍ਹਾਂ ਦੀ ਉਮਰ ਇੱਕ ਕਾਰਨ ਹੋ ਸਕਦਾ ਹੈ। ਪਾਰਟੀ ਵਿੱਚ ਉਨ੍ਹਾਂ ਤੋਂ ਵੱਡੀ ਉਮਰ ਦੇ ਕਈ ਹੋਰ ਸੀਨੀਅਰ ਆਗੂ ਹਨ ਜਿਨ੍ਹਾਂ ਨੇ ਇਨ੍ਹਾਂ ਨੂੰ ਲੀਡਰ ਨਹੀਂ ਮੰਨਿਆ। ਨਾਲ ਹੀ ਖੁਦ ਉਨ੍ਹਾਂ ਦਾ ਲੋਕ ਸਭਾ ਹਲਕਾ ਵੀ ਬਦਲਿਆ ਹੈ, ਉਹ ਲੁਧਿਆਣਾ ਆਏ ਹਨ ਤੇ ਉਨ੍ਹਾਂ ਨੂੰ ਸਭ ਕੁਝ ਮੁੜ ਸ਼ੁਰੂ ਕਰਨਾ ਪਿਆ। ਉਹ ਲੋਕਾਂ ਨਾਲ ਜੁੜ ਨਹੀਂ ਸਕੇ।”

ਸਿਆਸੀ ਮਾਮਲਿਆਂ ਦੇ ਜਾਣਕਾਰ ਡਾ. ਕੰਵਰ ਦੀਪ ਸਿੰਘ ਮੰਨਦੇ ਹਨ ਕਿ ਚੋਣਾਂ ਤੋਂ ਠੀਕ ਪਹਿਲਾਂ ਪ੍ਰਧਾਨ ਬਦਲ ਕੇ ਪਾਰਟੀ ਦੀ ਲੀਡਰਸ਼ਿਪ ਦੀ ਕਮਜ਼ੋਰੀ ਸਾਹਮਣੇ ਆਈ ਹੈ।

ਡਾ. ਕੰਵਰ ਦੀਪ ਸਿੰਘ ਕਹਿੰਦੇ ਹਨ, “ਰਾਜਾ ਵੜਿੰਗ ਠੀਕ ਕੰਮ ਕਰ ਰਹੇ ਸੀ। ਉਨ੍ਹਾਂ ਦੇ ਵਿੱਚ ਇੱਕ ਲੀਡਰ ਵਜੋਂ ਕਾਫੀ ਸੁਧਾਰ ਆ ਰਿਹਾ ਸੀ। ਵੜਿੰਗ ਨੂੰ ਪ੍ਰਧਾਨ ਦੇ ਅਹੁਦੇ ਤੋਂ ਹਟਾਏ ਜਾਣ ਨਾਲ ਕਾਂਗਰਸ ਹਾਈਕਮਾਨ ਦੀ ਕਮਜ਼ੋਰੀ ਸਾਹਮਣੇ ਆਈ ਹੈ ਕਿ ਉਹ ਆਪਣੇ ਫੈਸਲੇ ਉੱਤੇ ਖੜ੍ਹੇ ਨਹੀਂ ਰਹਿ ਸਕੇ। ਦੋ ਮਹੀਨੇ ਪਹਿਲਾਂ ਹੀ ਪਾਰਟੀ ਹਾਈਕਮਾਨ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਚੋਣਾਂ ਤੱਕ ਅਮਰਿੰਦਰ ਸਿੰਘ ਰਾਜਾ ਵੜਿੰਗ ਹੀ ਪ੍ਰਧਾਨ ਰਹਿਣਗੇ। ਅਸਲ ਵਿੱਚ ਪਾਰਟੀ ਦੀ ਧੜੇਬੰਦੀ ਨੇ ਹਾਈਕਮਾਨ ਉੱਤੇ ਇਹ ਫੈਸਲਾ ਲੈਣ ਲਈ ਦਬਾਅ ਬਣਾਇਆ ਹੈ ਅਤੇ ਜਿਸ ਅੱਗੇ ਉਹ ਝੁਕੇ ਹਨ।”

ਨਵੇਂ ਪ੍ਰਧਾਨ ਅੱਗੇ ਕੀ ਚੁਣੌਤੀਆਂ ਹਨ

ਸਿਆਸੀ ਮਾਮਲਿਆਂ ਦੇ ਜਾਣਕਾਰ ਡਾ. ਕੰਵਰ ਦੀਪ ਸਿੰਘ ਦੀ ਟਿੱਪਣੀ

ਪਰਗਟ ਸਿੰਘ ਦੀ ਸ਼ਖਸੀਅਤ ਦਾ ਇੱਕ ਹੋਰ ਮਹੱਤਵਪੂਰਨ ਪੱਖ ਰਿਹਾ ਹੈ ਕਿ ਉਹ ਆਪਣੀ ਪਾਰਟੀ ਦੀ ਸਰਕਾਰ ਦੇ ਫ਼ੈਸਲਿਆਂ ਬਾਰੇ ਵੀ ਖੁੱਲ੍ਹ ਕੇ ਆਪਣੀ ਰਾਇ ਰੱਖਦੇ ਰਹੇ ਪਰ ਹੁਣ ਹਾਲਾਤ ਵੱਖਰੇ ਹਨ ਅਤੇ ਖੁਦ ਉਹ ਪੰਜਾਬ ਕਾਂਗਰਸ ਦੇ ਪ੍ਰਧਾਨ ਹਨ।

ਮਾਹਿਰ ਮੰਨਦੇ ਹਨ ਕਿ ਪਾਰਟੀ ਦੀ ਧੜੇਬਾਜ਼ੀ ਨੂੰ ਕੰਟਰੋਲ ਕਰਨਾ ਪਰਗਟ ਸਿੰਘ ਦੀ ਸਭ ਤੋਂ ਵੱਡੀ ਚੁਣੌਤੀ ਹੈ।

ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿੱਚ ਰਾਜਨੀਤੀ ਸ਼ਾਸਤਰ ਵਿਭਾਗ ਦੇ ਮੁਖੀ ਡਾ. ਸਤਨਾਮ ਸਿੰਘ ਕਹਿੰਦੇ ਹਨ, “ਪਰਗਟ ਸਿੰਘ ਅੱਗੇ ਸਭ ਤੋਂ ਵੱਡੀ ਚੁਣੌਤੀ ਇਹ ਹੈ ਕਿ ਉਨ੍ਹਾਂ ਨੇ ਕਾਂਗਰਸ ਪਾਰਟੀ ਵਿੱਚ ਧੜੇਬੰਦੀ ਨੂੰ ਖ਼ਤਮ ਕਰਨ ਦੇ ਯਤਨ ਕਰਨੇ ਹਨ। ਕਾਂਗਰਸ ਪਾਰਟੀ ਦੇ ਜੋ ਮੁੱਖ ਧੜੇ ਹਨ ਭਾਵੇਂ ਉਹ ਰਾਜਾ ਵੜਿੰਗ ਦਾ ਧੜਾ ਹੈ ਜਾਂ ਚਰਨਜੀਤ ਸਿੰਘ ਚੰਨੀ ਦਾ ਧੜਾ, ਪਰਗਟ ਸਿੰਘ ਨੂੰ ਉਨ੍ਹਾਂ ਨੂੰ ਵਿਸ਼ਵਾਸ ਦਿਵਾਉਣਾ ਪੈਣਾ ਕਿ ਉਹ ਉਨ੍ਹਾਂ ਦੇ ਪੱਖ ਵਿੱਚ ਹਨ। ਕਾਂਗਰਸ ਦੀ ਜਿਹੜੀ ਅੰਦਰੂਨੀ ਧੜੇਬੰਦੀ ਹੈ ਉਹ ਥੋੜ੍ਹੀ ਦੇਰ ਲਈ ਸ਼ਾਂਤ ਜ਼ਰੂਰ ਹੋ ਗਈ ਹੈ ਪਰ ਇਹ ਪੂਰੇ ਤਰੀਕੇ ਨਾਲ ਖ਼ਤਮ ਹੋ ਗਈ ਹੈ ਇਹ ਕਹਿਣਾ ਜਲਦਬਾਜ਼ੀ ਹੋਵੇਗਾ।”

ਡਾ. ਕੰਵਲਪ੍ਰੀਤ ਕੌਰ ਕਹਿੰਦੇ ਹਨ, “ਚੋਣਾਂ ਕਾਫੀ ਨੇੜੇ ਹਨ। ਪਾਰਟੀ ਨੂੰ ਇਸ ਤਰੀਕੇ ਦਾ ਲੀਡਰ ਚਾਹੀਦਾ ਹੈ ਕਿ ਪਾਰਟੀ ਨੂੰ ਇਕੱਠਾ ਰੱਖ ਸਕੇ। ਪਰਗਟ ਸਿੰਘ ਨੂੰ ਆਪਣੇ ਤਰੀਕੇ ਬਦਲਣੇ ਵੀ ਪੈ ਸਕਦੇ ਹਨ। ਕਦੇ ਕੂਟਨੀਤੀ ਦਾ ਸਹਾਰਾ ਜਾਂ ਕਦੇ ਹਾਈਕਮਾਨ ਦਾ ਡਰ ਦਿਖਾਉਣ ਵਰਗੇ ਤਰੀਕੇ ਵਰਤਣੇ ਪੈਣਗੇ।”

“ਰਾਹੁਲ ਗਾਂਧੀ ਨੂੰ ਪਰਗਟ ਸਿੰਘ ਨੂੰ ਪੂਰੀ ਸਪੋਰਟ ਦੇਣੀ ਚਾਹੀਦੀ ਹੈ ਅਤੇ ਪਾਰਟੀ ਵਿੱਚ ਇਹ ਮੈਸੇਜ ਪਹੁੰਚਣਾ ਚਾਹੀਦਾ ਹੈ ਕਿ ਪਰਗਟ ਸਿੰਘ ਜੋ ਫੈਸਲਾ ਲੈ ਰਹੇ ਹਨ ਉਹ ਸਾਰਿਆਂ ਨੂੰ ਮੰਨਣਾ ਹੋਵੇਗਾ ਅਤੇ ਸਾਡੇ ਕੋਲ ਕੋਈ ਨਹੀਂ ਆਵੇਗਾ।”

ਚਰਨਜੀਤ ਸਿੰਘ ਚੰਨੀ ਲਈ ਪਰਗਟ ਸਿੰਘ ਦੀ ਚੋਣ ਦਾ ਕੀ ਮਤਲਬ

ਚਰਨਜੀਤ ਸਿੰਘ ਚੰਨੀ

ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਵਿਰੋਧ ਚਰਨਜੀਤ ਸਿੰਘ ਚੰਨੀ ਦੇ ਹਮਾਇਤੀਆਂ ਵੱਲੋਂ ਵੱਧ ਚੜ੍ਹ ਕੇ ਕੀਤਾ ਗਿਆ। ਉਸ ਵੇਲੇ ਪਰਗਟ ਸਿੰਘ ਚਰਨਜੀਤ ਚੰਨੀ ਦੇ ਖੇਮੇ ਨਾਲ ਖੜ੍ਹੇ ਨਜ਼ਰ ਆ ਰਹੇ ਸਨ।

ਹੁਣ ਪਰਗਟ ਸਿੰਘ ਪ੍ਰਧਾਨ ਬਣ ਗਏ ਹਨ ਤਾਂ ਹੁਣ ਚੰਨੀ ਦੀ ਰਣਨੀਤੀ ਕੀ ਰਹਿ ਸਕਦੀ ਹੈ, ਇਸ ਬਾਰੇ ਡਾ. ਸਤਨਾਮ ਸਿੰਘ ਕਹਿੰਦੇ ਹਨ, “ਜਦੋਂ ਤੱਕ ਚਰਨਜੀਤ ਸਿੰਘ ਚੰਨੀ ਨੂੰ ਲੱਗੇਗਾ ਕਿ ਪਰਗਟ ਸਿੰਘ ਦੇ ਪ੍ਰਧਾਨ ਬਣਨ ਤੋਂ ਬਾਅਦ ਉਨ੍ਹਾਂ ਦੀ ਮਹੱਤਤਾ ਪਾਰਟੀ ਵਿੱਚ ਓਨੀ ਬਣੀ ਹੋਈ ਹੈ ਜਿੰਨੀ ਉਹ ਚਾਹੁੰਦੇ ਹਨ, ਉਦੋਂ ਤੱਕ ਉਹ ਸਵੀਕਾਰ ਕਰਨਗੇ। ਜੇ ਉਨ੍ਹਾਂ ਨੂੰ ਲੱਗਿਆ ਕਿ ਉਨ੍ਹਾਂ ਦੀ ਪਾਰਟੀ ਵਿੱਚ ਮਹੱਤਤਾ ਘੱਟ ਰਹੀ ਹੈ ਤਾਂ ਉਹ ਪ੍ਰਵਾਨ ਨਹੀਂ ਕਰਨਗੇ।”

ਡਾ. ਕੰਵਲਪ੍ਰੀਤ ਕੌਰ ਕਹਿੰਦੇ ਹਨ, “ਚਰਨਜੀਤ ਸਿੰਘ ਚੰਨੀ ਪਰਗਟ ਸਿੰਘ ਲਈ ਚੁਣੌਤੀ ਤਾਂ ਰਹਿਣਗੇ। ਪਰ ਹੋ ਸਕਦਾ ਹੈ ਕਿ ਪਰਗਟ ਸਿੰਘ ਉਨ੍ਹਾਂ ਨੂੰ ਆਪਣੇ ਨਾਲ ਕੇ ਚੱਲਣ ਵਿੱਚ ਕਾਮਯਾਬ ਹੋ ਜਾਣ। ਚਰਨਜੀਤ ਸਿੰਘ ਚੰਨੀ ਦਲਿਤ ਭਾਈਚਾਰੇ ਤੋਂ ਆਉਂਦੇ ਹਨ ਅਤੇ ਉਨ੍ਹਾਂ ਦੇ ਹਮਾਇਤੀਆਂ ਦਾ ਸਪੋਰਟ ਸਿਸਟਮ ਕਾਫੀ ਮਜ਼ਬੂਤ ਹੈ। ਇਸ ਨੂੰ ਧਿਆਨ ਵਿੱਚ ਰੱਖ ਕੇ ਪਰਗਟ ਸਿੰਘ ਚਰਨਜੀਤ ਸਿੰਘ ਚੰਨੀ ਨਾਲ ਅਹਿਮ ਜ਼ਿੰਮੇਵਾਰੀਆਂ ਸਾਂਝੀਆਂ ਕਰ ਸਕਦੇ ਹਨ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI