Home rss national punjabi2ਰਾਸ਼ਟਰੀ ਖ਼ਬਰਾਂ ਗੋਲਡੀ ਬਰਾੜ ‘ਤੇ ਐਫਬੀਆਈ ਦਾ ਸ਼ਿਕੰਜਾ ਸਖ਼ਤ, 10 ਸਭ ਤੋਂ ਵੱਧ ਲੋੜੀਂਦੇ...

ਗੋਲਡੀ ਬਰਾੜ ‘ਤੇ ਐਫਬੀਆਈ ਦਾ ਸ਼ਿਕੰਜਾ ਸਖ਼ਤ, 10 ਸਭ ਤੋਂ ਵੱਧ ਲੋੜੀਂਦੇ ਅਪਰਾਧੀਆਂ ਦੀ ਸੂਚੀ ਵਿੱਚ ਸ਼ਾਮਲ

6
0

Source :- BBC PUNJABI

ਗੋਲਡੀ ਬਰਾੜ ਦਾ ਸਕੈਚ

ਪ੍ਰਕਾਸ਼ਿਤ

ਪੜ੍ਹਨ ਦਾ ਸਮਾਂ: 5 ਮਿੰਟ

ਅਮਰੀਕੀ ਜਾਂਚ ਏਜੰਸੀ ਐਫਬੀਆਈ ਨੇ ਗੋਲਡੀ ਬਰਾੜ ਨੂੰ ਦਸ ਸਭ ਤੋਂ ਲੋੜੀਂਦੇ ਭਗੌੜਿਆਂ ਦੀ ਸੂਚੀ ਵਿੱਚ ਸ਼ਾਮਲ ਕਰ ਦਿੱਤਾ ਹੈ ਅਤੇ ਉਸ ‘ਤੇ ਇੱਕ ਮਿਲੀਅਨ ਡਾਲਰ ਦਾ ਇਨਾਮ ਰੱਖਿਆ ਹੈ।

ਐਫਬੀਆਈ ਨੇ ਜਾਣਕਾਰੀ ਦਿੱਤੀ ਕਿ ਕਈ ਤਰ੍ਹਾਂ ਦੇ ਸੰਘੀ ਕਾਨੂੰਨਾਂ ਦੀ ਉਲੰਘਣਾ, ਜਿਸ ਵਿੱਚ ਕਤਲ, ਜਬਰਨ ਉਗਰਾਹੀ ਅਤੇ ਨਸ਼ਾ ਤਸਕਰੀ ਸ਼ਾਮਲ ਹੈ, ਲਈ ਲੋੜੀਂਦੇ ਇੱਕ ਵਿਅਕਤੀ ਨੂੰ ਐਫਬੀਆਈ ਦੀ ‘ਦਸ ਸਭ ਤੋਂ ਲੋੜੀਂਦੇ ਭਗੌੜਿਆਂ’ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ।

ਐਫਬੀਆਈ ਨੇ ਐਕਸ ‘ਤੇ ਲਿਖਿਆ ਕੀ ਸਤਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ ਜਿਸ ਨੂੰ ਹੋਰ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ, ਲਾਰੈਂਸ ਬਿਸ਼ਨੋਈ ਸੰਗਠਿਤ ਅਪਰਾਧ ਗਰੁੱਪ ਵਿੱਚ ਸ਼ਮੂਲੀਅਤ ਲਈ ਲੋੜੀਂਦਾ ਹੈ ਜੋ ਕਥਿਤ ਤੌਰ ‘ਤੇ ਦੱਖਣੀ ਕੈਲੀਫੋਰਨੀਆ ਅਤੇ ਪੂਰੇ ਅਮਰੀਕਾ ਵਿਚ ਕਈ ਹਿੰਸਕ ਗਤੀਵਿਧੀਆਂ ਵਿੱਚ ਸ਼ਾਮਲ ਹੈ।

ਇਨ੍ਹਾਂ ਵਿੱਚ ਟਾਰਗੇਟ ਕਿਲਿੰਗ (ਜਿਸ ਵਿੱਚ ਇੱਕ ਪ੍ਰਮੁਖ ਸਿਆਸੀ ਤੇ ਧਾਰਮਿਕ ਸ਼ਖਸੀਅਤ ਦਾ ਕਤਲ ਸ਼ਾਮਲ ਹੈ), ਗੋਲੀਬਾਰੀ, ਕਤਲ, ਅਗਵਾ, ਫ਼ਿਰੌਤੀ, ਹਮਲੇ ਅਤੇ ਨਸ਼ੀਲੇ ਪਦਾਰਥਾਂ ਤੇ ਹਥਿਆਰਾਂ ਦੀ ਤਸਕਰੀ ਦੇ ਇਲਜ਼ਾਮ ਸ਼ਾਮਲ ਹਨ।

ਐਕਸ ‘ਤੇ ਪੋਸਟ ਸਾਂਝੀ ਕਰਦਿਆਂ ਐਫਬੀਆਈ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਕਿਸੇ ਨੂੰ ਸਤਿੰਦਰਜੀਤ ਸਿੰਘ ਗੋਲਡੀ ਬਰਾੜ ਬਾਰੇ ਕੋਈ ਜਾਣਕਾਰੀ ਮਿਲੇ ਤਾਂ ਟੋਲ਼ ਫ੍ਰੀ ਨੰਬਰ 1-800-255-5324 ‘ਤੇ ਫੋਨ ਕਰਕੇ ਜਾਂ ਨੇੜਲੇ ਐਫਬੀਆਈ ਦਫ਼ਤਰ ਅਤੇ ਜਾਂ ਨੇੜਲੀ ਯੂਐਸ ਅੰਬੈਸੀ ਜਾਂ ਦੂਤਾਵਾਸ ਨੂੰ ਸੂਚਿਤ ਕੀਤਾ ਜਾਵੇ। ਆਲਾਈਨ ਜਾਣਕਾਰੀ ਦੇਣ ਲਈ ਵੀ ਲਿੰਕ ਸਾਂਝਾ ਕੀਤਾ ਗਿਆ ਹੈ।

ਦੱਸ ਦੇਈਏ ਕਿ ਇਸੇ ਸਾਲ ਜੁਲਾਈ ਮਹੀਨੇ ਐਫਬੀਆਈ ਨੇ ਗੋਲਡੀ ਬਰਾੜ ‘ਤੇ 50 ਹਜ਼ਾਰ ਡਾਲਰ ਦਾ ਇਨਾਮ ਰੱਖਿਆ ਸੀ। ਪਰ ਹੁਣ ਗੋਲਡੀ ਨੂੰ ਦਸ ਸਭ ਤੋਂ ਲੋੜੀਂਦੇ ਅਪਰਾਧੀਆਂ ਦਾ ਸੂਚੀ ਵਿੱਚ ਸ਼ਾਮਲ ਕਰਨ ਦੇ ਨਾਲ ਨਾਲ ਇਨਾਮ ਰਾਸ਼ੀ ਵੀ ਇੱਕ ਮਿਲੀਅਨ ਡਾਲਰ ਕਰ ਦਿੱਤੀ ਗਈ ਹੈ।

‘ਉਸ ਨੂੰ ਮੰਨਿਆ ਜਾਂਦਾ ਹੈ ਬਹੁਤ ਜ਼ਿਆਦਾ ਹਿੰਸਕ, ਹਥਿਆਰਬੰਦ ਅਤੇ ਖਤਰਨਾਕ’

ਐਫਬੀਆਈ ਦਾ ਨੋਟਿਸ

ਐਫਬੀਆਈ ਮੁਤਾਬਕ ਉਹ ਅਮਰੀਕਾ ਵਿੱਚ ਰਹਿ ਰਿਹਾ ਹੈ ਅਤੇ ਉਹ ਉੱਤਰੀ ਅਮਰੀਕਾ ਵਿੱਚ ਇਸ ਗੈਂਗ ਦਾ ਕਥਿਤ ਲੀਡਰ ਹੈ।

ਏਜੰਸੀ ਨੇ ਦੱਸਿਆ ਕਿ ਗੋਲਡੀ ਬਰਾੜ ‘ਤੇ ਲਾਸ ਏਂਜਲਸ ਦੀ ਸੰਘੀ ਅਦਾਲਤ ਵਿਚ ਕਈ ਕਾਨੂੰਨੀ ਉਲੰਘਣਾਵਾਂ ਦੇ ਦੋਸ਼ ਲਗਾਏ ਹਨ ਜਿਨ੍ਹਾਂ ਵਿੱਚ ਰੀਕੋ ਕਾਨੂੰਨ ਤਹਿਤ ਫਿਰੌਤੀ ਨਾਲ ਵਪਾਰ ਵਿੱਚ ਦਖਲਅੰਦਾਜ਼ੀ ਦੀ ਸਾਜ਼ਿਸ਼ ਅਤੇ ਕੋਸ਼ਿਸ, ਨਸ਼ੀਲੇ ਪਦਾਰਥਾਂ ਨੂੰ ਵੰਡਣ ਅਤੇ ਵੰਡਣ ਦੇ ਇਰਾਦੇ ਨਾਲ ਆਪਣੇ ਕੋਲ ਰੱਖਣ ਦੀ ਸਾਜਿਸ਼ ਸ਼ਾਮਲ ਹੈ।

ਐਫਬੀਆਈ ਨੇ ਦਸ ਸਭ ਤੋਂ ਲੋੜੀਂਦੇ ਭਗੌੜਿਆਂ ਵਿੱਚ ਸ਼ਾਮਲ ਕਰਦਿਆਂ ਗੋਲਡੀ ਬਰਾੜ ‘ਤੇ ਇੱਕ ਮਿਲੀਅਨ ਡਾਲਰ ਤੱਕ ਦੇ ਇਨਾਮ ਦੀ ਪੋਸ਼ਕਸ਼ ਕੀਤੀ ਹੈ।

ਐਫਬੀਆਈ ਲੈਸ ਏਂਜਲਸ ਦੀ ਐਕਸ ਪੋਸਟ ਮੁਤਾਬਕ ਐਫਬੀਆਈ ਦੇ ਅਸਿਸਟੈਂ ਡਾਇਰੈਕਟਰ ਇਨ ਚਾਰਜ ਪੈਟਰਿਕ ਗਰੈਂਡੀ ਨੇ ਕਿਹਾ, “ਇਸ ਗੱਲ ਨੂੰ ਘਟਾ ਕੇ ਨਹੀਂ ਦੇਖਿਆ ਜਾ ਸਕਦਾ ਕਿ ਇਹ ਸੂਚੀ ਉਸ ਦੇ ਚਿਹਰੇ ਅਤੇ ਹੁਲੀਏ ਵਿੱਚ ਕਿੰਨਾ ਜ਼ਿਆਦਾ ਧਿਆਨ ਖਿੱਚੇਗੀ। ਉਸ ਦੀ ਫੋਟੋ ਐਫਬੀਆਈ ਨਾਲ ਜੁੜੀ ਹਰ ਵੈਬਸਾਈਟ ਅਤੇ ਸੋਸ਼ਲ ਮੀਡੀਆ ਪਲੇਟਫ਼ਾਰਮ ‘ਤੇ ਮਿਲੇਗੀ। ਜਦੋਂ ਤੱਕ ਉਹ ਫੜਿਆ ਨਹੀਂ ਜਾਂਦਾ, ਉਦੋਂ ਤੱਕ ਦੁਨੀਆਂ ਦੇ ਹਰ ਫੋਨ ‘ਤੇ ਉਸ ਦਾ ਪ੍ਰਚਾਰ ਕੀਤਾ ਜਾਵੇਗਾ।”

ਫੈਡਰਲ ਬਿਉਰੋ ਆਫ ਇਨਵੈਸਟੀਗੇਸ਼ਨ ਨੇ ਦੱਸਿਆ ਕਿ ਗੋਲਡੀ ਦਸ ਸਭ ਤੋਂ ਵੱਧ ਲੋੜੀਂਦੇ ਭਗੌੜਿਆਂ ਦੀ ਸੂਚੀ ਵਿੱਚ ਸ਼ਾਮਲ ਹੋਣ ਵਾਲਾ 543ਵਾਂ ਵਿਅਕਤੀ ਹੈ। 1950 ਵਿੱਚ ਇਸ ਸੂਚੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਲਾਸ ਏਂਜਲਸ ਖੇਤਰ ਵਿੱਚ ਅਪਰਾਧ ਕਰਨ ਵਾਲੇ ਜਾਂ ਅਪਰਾਧ ਦੇ ਇਲਜ਼ਾਮਾਂ ਵਾਲੇ 28 ਦੋਸ਼ੀਆਂ ਨੂੰ ਇਸ ਸੂਚੀ ਵਿੱਚ ਸ਼ਾਮਲ ਕੀਤਾ ਜਾ ਚੁੱਕਾ ਹੈ।

ਦੇਸ਼ ਦੇ ਹੋਰ ਹਿੱਸਿਆਂ ਵਿੱਚ ਅਪਰਾਧ ਕਰਨ ਵਾਲੇ 36 ਦੋਸ਼ੀਆਂ ਨੂੰ ਲਾਸ ਏਂਜਲਸ ਵਿਚ ਗ੍ਰਿਫਤਾਰ ਕੀਤਾ ਗਿਆ ਹੈ।

ਐਫਬੀਆਈ ਮੁਤਾਬਕ ਗੋਲਡੀ ਨੂੰ ਬਹੁਤ ਜ਼ਿਆਦਾ ਹਿੰਸਕ, ਹਥਿਆਰਬੰਦ ਅਤੇ ਖਤਰਨਾਕ ਮੰਨਿਆ ਜਾਂਦਾ ਹੈ। ਉਸ ਦੇ ਕੈਲੀਫੋਰਨੀਆ ਅਤੇ ਕੈਨੇਡਾ ਦੇ ਵੱਖ ਵੱਖ ਹਿੱਸਿਆਂ ਵਿੱਚ ਟਿਕਾਣਾ ਹੋਣ ਬਾਰੇ ਜਾਣਕਾਰੀ ਹੈ।

ਕੌਣ ਹੈ ਗੋਲਡੀ ਬਰਾੜ ?

ਸਿੱਧੂ ਮੂਸੇਵਾਲਾ ਦੀਆਂ ਤਸਵੀਰਾਂ ਕੋਲ ਮੋਮਬੱਤੀਆਂ ਅਤੇ ਫੁੱਲ

ਗੋਲਡੀ ਬਰਾੜ ਦਾ ਨਾਮ ਸਿੱਧੂ ਮੂਸੇਵਾਲਾ ਕਤਲ ਅਤੇ ਕੈਨੇਡਾ ਵਿੱਚ ਵਾਪਰੇ ਹਰਦੀਪ ਸਿੰਘ ਨਿੱਜਰ ਕਤਲ ਸਮੇਤ ਕਈ ਮਾਮਲਿਆਂ ਵਿੱਚ ਆਉਂਦਾ ਹੈ।

ਗੋਲਡੀ ਬਰਾੜ ਦਾ ਜਨਮ 11 ਮਾਰਚ, 1994 ਨੂੰ ਮੁਕਤਸਰ ਸਾਹਿਬ ਵਿੱਚ ਹੋਇਆ। ਉਹ ਅੰਗਰੇਜ਼ੀ, ਹਿੰਦੀ ਤੇ ਪੰਜਾਬੀ ਪੜ੍ਹ ਲੈਂਦਾ ਹੈ।

ਪੰਜਾਬ ਪੁਲਿਸ ਦੇ ਰਿਕਾਰਡ ਦੇ ਮੁਤਾਬਕ ਗੋਲਡੀ ਬਰਾੜ 2017 ਵਿੱਚ ਕੈਨੇਡਾ ਚਲਾ ਗਿਆ ਸੀ ਅਤੇ ਉੱਥੇ ਬੈਠ ਕੇ ਹੀ ਉਹ ਆਪਣੇ ਸਾਥੀਆਂ ਦੀ ਮਦਦ ਨਾਲ ਪੰਜਾਬ ਵਿੱਚ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਹੈ।

ਪੰਜਾਬ ਪੁਲਿਸ ਦੇ ਰਿਕਾਰਡ ਦੇ ਮੁਤਾਬਕ ਗੋਲਡੀ ਬਰਾੜ ਪਿਛਲੇ 10-15 ਸਾਲਾ ਤੋਂ ਅਪਰਾਧ ਦੀ ਦੁਨੀਆ ਵਿੱਚ ਸਰਗਰਮ ਹੈ।

ਪੰਜਾਬ ਅਤੇ ਚੰਡੀਗੜ੍ਹ ਪੁਲਿਸ ਦੀਆਂ ਨਜ਼ਰਾਂ ਵਿੱਚ ਗੋਲਡੀ ਖ਼ਾਸ ਤੌਰ ‘ਤੇ ਅਕਤੂਬਰ 2020 ਵਿੱਚ ਆਇਆ।

ਗੋਲਡੀ ਬਰਾੜ ਦੇ ਰਿਸ਼ਤੇਦਾਰ ਵਿਦਿਆਰਥੀ ਸੰਗਠਨ ਸੋਪੂ ਦੇ ਪ੍ਰਧਾਨ ਗੁਰਲਾਲ ਬਰਾੜ ਦਾ ਚੰਡੀਗੜ੍ਹ ਵਿੱਚ ਕਥਿਤ ਤੌਰ ‘ਤੇ ਬੰਬੀਹਾ ਗੈਂਗ ਵੱਲੋਂ ਕਤਲ ਕਰ ਦਿੱਤਾ ਗਿਆ ਸੀ।

ਪੁਲਿਸ ਮੁਤਾਬਕ ਗੁਰਲਾਲ ਬਰਾੜ ਦੇ ਕਤਲ ਮਾਮਲੇ ਵਿੱਚ ਗੋਲਡੀ ਬਰਾੜ ਨੂੰ ਗੁਰਲਾਲ ਸਿੰਘ ਭਲਵਾਨ ਉੱਤੇ ਸ਼ੱਕ ਸੀ।

ਇਲਜ਼ਾਮ ਸਨ ਕਿ ਗੋਲਡੀ ਨੇ ਫ਼ਰੀਦਕੋਟ ਯੂਥ ਕਾਂਗਰਸ ਦੇ ਪ੍ਰਧਾਨ ਗੁਰਲਾਲ ਸਿੰਘ ਭਲਵਾਨ ਨੂੰ ਮਾਰਨ ਲਈ ਲਾਰੈਂਸ ਬਿਸ਼ਨੋਈ ਨਾਲ ਮਿਲ ਕੇ ਸਾਜ਼ਿਸ਼ ਰਚੀ ਅਤੇ 18 ਫਰਵਰੀ, 2021 ਨੂੰ ਗੁਰਲਾਲ ਸਿੰਘ ਭਲਵਾਨ ਨੂੰ ਦੋ ਲੋਕਾਂ ਨੇ ਗੋਲੀਆਂ ਮਾਰ ਕੇ ਦਿਨ ਦਿਹਾੜੇ ਕਤਲ ਕਰ ਦਿੱਤਾ।

ਪੁਲਿਸ ਦਾ ਦਾਅਵਾ ਹੈ ਕਿ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੇ ਆਪਣੇ ਬਿਆਨ ਦੌਰਾਨ ਖ਼ੁਲਾਸਾ ਕੀਤਾ ਕਿ ਗੋਲਡੀ ਇਸ ਕੇਸ ਦਾ ਮਾਸਟਰਮਾਈਂਡ ਹੈ ਜਿਸ ਨੇ ਗੁਰਲਾਲ ਸਿੰਘ ਭਲਵਾਨ ਦੀ ਹੱਤਿਆ ਕਰਨ ਲਈ ਵਾਹਨਾਂ, ਹਥਿਆਰਾਂ, ਸ਼ੂਟਰਾਂ ਅਤੇ ਰਿਹਾਇਸ਼ ਦਾ ਪ੍ਰਬੰਧ ਕੀਤਾ ਸੀ।

ਪੁਲਿਸ ਰਿਕਾਰਡਾਂ ਮੁਤਾਬਕ ਪੰਜਾਬ ਵਿੱਚ ਗੋਲਡੀ ਬਰਾੜ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਸੀ ਜਿਸ ਵਿੱਚ ਉਸਦਾ ਨਾਂ ਆਇਆ।

ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਗੁਰਲਾਲ ਪਹਿਲਵਾਨ ਦੇ ਕਤਲ ਤੋਂ ਬਾਅਦ ਗੋਲਡੀ ਬਰਾੜ ਨੇ ਫ਼ਰੀਦਕੋਟ ਅਤੇ ਮੁਕਤਸਰ ਸਾਹਿਬ ਖੇਤਰਾਂ ਦੇ ਵੱਖ-ਵੱਖ ਵਿਅਕਤੀਆਂ ਨੂੰ ਕਥਿਤ ਤੌਰ ‘ਤੇ ਫਿਰੌਤੀ ਲਈ ਕਾਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ।

ਇਸ ਤੋਂ ਬਾਅਦ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧਿਤ ਗੋਲਡੀ ਬਰਾੜ 29 ਮਈ, 2022 ਨੂੰ ਸਿੱਧੂ ਮੂਸੇਵਾਲ ਦੇ ਕਤਲ ਤੋਂ ਬਾਅਦ ਇੱਕ ਦਮ ਸੁਰਖ਼ੀਆਂ ਵਿੱਚ ਆ ਗਿਆ ਸੀ।

ਗੋਲਡੀ ਬਰਾੜ ਨੇ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਦਾਅਵਾ ਕੀਤਾ ਸੀ ਉਸ ਨੇ ਹੀ ਮੂਸੇਵਾਲਾ ਦਾ ਕਤਲ ਕਰਵਾਇਆ ਹੈ।

ਸਿੱਧੂ ਮੂਸੇਵਾਲ ਦੇ ਕਤਲ ਦੇ ‘ਮੁੱਖ ਸਾਜ਼ਿਸ਼ ਕਰਤਾ’ ਅਤੇ ਪੰਜਾਬ ਪੁਲਿਸ ਨੂੰ ਕਈ ਮਾਮਲਿਆਂ ਵਿੱਚ ਲੋੜੀਂਦੇ ਗੋਲਡੀ ਬਰਾੜ ਨੂੰ 2024 ਵਿੱਚ ਭਾਰਤ ਸਰਕਾਰ ਨੇ ਦਹਿਸ਼ਤਗਰਦ ਐਲਾਨਿਆ ਸੀ।

ਭਾਰਤ ਦੇ ਕੇਂਦਰੀ ਗ੍ਰਹਿ ਮੰਤਰਾਲੇ ਦੇ ਨੋਟੀਫਿਕੇਸ਼ਨ ਮੁਤਾਬਕ ਸਤਵਿੰਦਰ ਸਿੰਘ ਉਰਫ਼ ਸਤਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ ਨੂੰ ਗ਼ੈਰ-ਕਾਨੂੰਨੀ ਗਤੀਵਿਧੀਆਂ ਰੋਕੂ ਐਕਟ ਯਾਨਿ ਯੂਏਪੀਏ ਤਹਿਤ ਦਹਿਸ਼ਤਗਰਦ ਐਲਾਨਿਆ ਗਿਆ ਸੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI