Home rss national punjabi2ਰਾਸ਼ਟਰੀ ਖ਼ਬਰਾਂ ਮਹਿਲਾਵਾਂ ਨੂੰ ਆਪਣੇ ਨਿੱਜੀ ਅੰਗਾਂ ‘ਤੇ ਸ਼ਰਮ ਕਰਨ ਲਈ ਕਿਸ ਨੇ ਮਜਬੂਰ...

ਮਹਿਲਾਵਾਂ ਨੂੰ ਆਪਣੇ ਨਿੱਜੀ ਅੰਗਾਂ ‘ਤੇ ਸ਼ਰਮ ਕਰਨ ਲਈ ਕਿਸ ਨੇ ਮਜਬੂਰ ਕੀਤਾ? ਪ੍ਰਜਣਨ ਸਮਰੱਥਾ ਦੇ ਪ੍ਰਤੀਕ ਇਨ੍ਹਾਂ ਅੰਗਾਂ ਬਾਰੇ ਧਾਰਨਾਵਾਂ ਕਿਵੇਂ ਬਦਲਦੀਆਂ ਰਹੀਆਂ

2
0

Source :- BBC PUNJABI

ਮਹਿਲਾਵਾਂ ਦੇ ਨਿੱਜੀ ਅੰਗਾਂ ਨੂੰ ਪਹਿਲਾਂ ਜਣਨ ਸਮਰੱਥਾ ਦਾ ਪ੍ਰਤੀਕ ਮੰਨਿਆ ਜਾਂਦਾ ਸੀ, ਪਰ ਬਾਅਦ ਵਿੱਚ ਇਸ ਨੂੰ ਸ਼ਰਮਨਾਕ ਸਮਝਿਆ ਜਾਣ ਲੱਗਾ

ਹਜ਼ਾਰਾਂ ਸਾਲਾਂ ਤੋਂ ਇਨਸਾਨ ਮਹਿਲਾਵਾਂ ਦੇ ਬਾਹਰੀ ਜਣਨ ਅੰਗ ਜਾਂ ਵਲਵਾ ਬਾਰੇ ਗੱਲ ਕਰਦੇ ਆਏ ਹਨ।

ਸ਼ੁਰੂਆਤ ਵਿੱਚ, ਸਰੀਰ ਦੇ ਇਸ ਹਿੱਸੇ ਨੂੰ ਪ੍ਰਜਣਨ ਸਮਰੱਥਾ ਦਾ ਪ੍ਰਤੀਕ ਮੰਨਿਆ ਜਾਂਦਾ ਸੀ, ਪਰ ਬਾਅਦ ਵਿੱਚ ਇਸ ਨੂੰ ਸ਼ਰਮਨਾਕ ਸਮਝਿਆ ਜਾਣ ਲੱਗਾ ਅਤੇ ਇਸ ਨੂੰ ਲੁਕਾਉਣ ਦੀ ਲੋੜ ਮਹਿਸੂਸ ਕੀਤੀ ਜਾਣ ਲੱਗੀ।

ਅੱਜ ਵਲਵਾ ਦੇ ਆਲੇ-ਦੁਆਲੇ ਇੱਕ ਪੂਰਾ ਉਦਯੋਗ ਖੜ੍ਹਾ ਹੋ ਗਿਆ ਹੈ, ਜੋ ਇਸ ਨੂੰ ‘ਜਵਾਨ’ ਬਣਾਉਣ ਦੇ ਨਾਲ-ਨਾਲ ਕਈ ਤਰ੍ਹਾਂ ਦੀਆਂ ਕਾਸਮੈਟਿਕ ਅਤੇ ਸਰਜੀਕਲ ਪ੍ਰਕਿਰਿਆਵਾਂ ਦੀ ਪੇਸ਼ਕਸ਼ ਕਰਦਾ ਹੈ।

ਅੱਜ ਕਲਾਕਾਰ ਇਸ ਹਿੱਸੇ ਨੂੰ ਆਪਣੀ ਕਲਾ (ਰਚਨਾ) ਵਿੱਚ ਦਿਖਾਉਂਦੇ ਹਨ, ਕਾਰਕੁਨ ਇਸ ਨੂੰ ਵਿਰੋਧ ਦੇ ਪ੍ਰਤੀਕ ਵਜੋਂ ਵਰਤਦੇ ਹਨ।

ਜਦਕਿ ਡਾਕਟਰ ਇਹ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ ਕਿ ਮਹਿਲਾਵਾਂ ਦੇ ਜਣਨ ਅੰਗਾਂ ਦੀ ਆਮ ਸਰੀਰਕ ਬਣਤਰ ਇੱਕ ਇਨਸਾਨ ਤੋਂ ਦੂਜੇ ਇਨਸਾਨ ਵਿੱਚ ਕਾਫ਼ੀ ਵੱਖਰੀ ਹੋ ਸਕਦੀ ਹੈ।

ਮਨੁੱਖੀ ਸਰੀਰ ਦਾ ਇਹ ਹਿੱਸਾ ਪ੍ਰਜਣਨ ਸਮਰੱਥਾ ਦੇ ਪ੍ਰਤੀਕ ਤੋਂ ਸ਼ਰਮ ਦੀ ਵਸਤੂ ਅਤੇ ਸੁੰਦਰਤਾ ਦੇ ਸੰਕੇਤ ਤੋਂ ਸਿਆਸੀ ਪ੍ਰਤੀਕ ਕਿਵੇਂ ਬਣ ਗਿਆ?

ਫ਼ਰਾਂਸੀਸੀ ਅਖ਼ਬਾਰ ‘ਲੇ ਮੋਂਦ’ ਨੇ ਇਸ ਇਤਿਹਾਸ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ, ਜਦਕਿ ਬ੍ਰਿਟਿਸ਼ ਅਖ਼ਬਾਰ ‘ਦਿ ਗਾਰਡੀਅਨ’ ਨੇ ਪੋਰਨੋਗ੍ਰਾਫ਼ੀ ਅਤੇ ਸੋਸ਼ਲ ਮੀਡੀਆ ਦੇ ਪ੍ਰਭਾਵ ਨਾਲ ਜੁੜੇ ਅੰਕੜੇ ਦਿੱਤੇ ਹਨ।

ਦੋਵੇਂ ਮਿਲ ਕੇ ਦਿਖਾਉਂਦੇ ਹਨ ਕਿ ਮਹਿਲਾਵਾਂ ਦੇ ਜਣਨ ਅੰਗਾਂ ਨੂੰ ਲੈ ਕੇ ਬਹਿਸ ਸਿਰਫ਼ ਸਰੀਰ ਤੱਕ ਸੀਮਿਤ ਨਹੀਂ ਹੈ। ਇਹ ਸੱਤਾ, ਸ਼ਰਮ, ਸੁੰਦਰਤਾ ਅਤੇ ਆਪਣੇ ਸਰੀਰ ਬਾਰੇ ਖ਼ੁਦ ਫ਼ੈਸਲਾ ਲੈਣ ਦੇ ਅਧਿਕਾਰ ਨਾਲ ਵੀ ਜੁੜੀ ਹੈ।

ਪ੍ਰਜਣਨ ਸਮਰੱਥਾ ਦਾ ਪ੍ਰਤੀਕ

ਮਨੁੱਖੀ ਸਰੀਰ ਦੀ ਬਣਤਰ ਨੂੰ ਕਲਾਕਾਰ ਆਪਣੀ ਕਲਾ ਵਿੱਚ ਦਰਸਾਉਂਦੇ ਰਹੇ ਹਨ (ਸੰਕੇਤਕ ਤਸਵੀਰ)

ਅੱਜ ਇਹ ਕਲਪਨਾ ਕਰਨਾ ਮੁਸ਼ਕਿਲ ਹੈ ਕਿ ਯੋਨੀ ਜਾਂ ਵਲਵਾ ਦੇ ਬਾਹਰੀ ਹਿੱਸੇ ਨੂੰ ਬਿਨਾਂ ਸ਼ਰਮ ਜਾਂ ਉਸ ਨੂੰ ਲੁਕਾਉਣ ਦੀ ਕੋਸ਼ਿਸ਼ ਦੇ ਉਲਟ ਖੁੱਲ੍ਹੇ ਤੌਰ ‘ਤੇ ਕਲਾ ਵਿੱਚ ਦਿਖਾਇਆ ਜਾਂਦਾ ਸੀ।

ਹਜ਼ਾਰਾਂ ਸਾਲ ਪਹਿਲਾਂ ਇਨਸਾਨ ਮਹਿਲਾਵਾਂ ਦੇ ਸਰੀਰ ਦੀਆਂ ਤਸਵੀਰਾਂ ਅਤੇ ਮੂਰਤੀਆਂ ਬਣਾਉਂਦੇ ਸਨ, ਜਿਨ੍ਹਾਂ ਵਿੱਚ ਜਣਨ ਅੰਗਾਂ ‘ਤੇ ਖ਼ਾਸ ਜ਼ੋਰ ਦਿੱਤਾ ਜਾਂਦਾ ਸੀ।

ਇਸ ਦੇ ਸਬੂਤ ਫ਼ਰਾਂਸ ਵਿੱਚ ‘ਲਾ ਫੇਰਾਸੀ’ ਦੇ ਪ੍ਰਾਚੀਨ ਸਥਾਨ ਅਤੇ ਸ਼ੋਵੇ ਗੁਫਾ ਵਿੱਚ ਮਿਲੇ ਹਨ, ਜਿੱਥੇ ਦੁਨੀਆ ਦੀਆਂ ਕੁਝ ਸਭ ਤੋਂ ਪੁਰਾਣੀ ਗੁਫਾ ਚਿੱਤਰਕਾਰੀ ਸੁਰੱਖਿਅ ਹੈ।

ਇੱਕ ਹੋਰ ਦਿਲਚਸਪ ਖੋਜ ਵੀ ਹੋਈ ਹੈ। ਉਦਾਹਰਨ ਵਜੋਂ, ਮੋਨਪਾਜੀਅਰ ਦੀ ਛੋਟੀ ਵੀਨਸ ਮੂਰਤੀ ਵਿੱਚ ਇੱਕ ਮਹਿਲਾ ਦੇ ਨਿੱਜੀ ਅੰਗਾਂ ਨੂੰ ਜਾਣਬੁੱਝ ਕੇ ਵੱਡਾ ਦਿਖਾਇਆ ਗਿਆ ਹੈ। ਮੰਨਿਆ ਜਾਂਦਾ ਹੈ ਕਿ ਪ੍ਰਾਚੀਨ ਲੋਕ ਸ਼ਾਇਦ ਮਹਿਲਾ ਦੀ ਬੱਚੇ ਦੀ ਜਨਮ ਦੇਣ ਦੀ ਸਮਰੱਥਾ ‘ਤੇ ਜ਼ੋਰ ਦੇਣਾ ਚਾਹੁੰਦੇ ਸਨ।

ਪ੍ਰਾਚੀਨ ਮੇਸੋਪੋਟਾਮੀਆ ਵਿੱਚ ਵੀ ਮਹਿਲਾ ਦੀ ਕਾਮੁਕਤਾ ਨੂੰ ਸ਼ਰਮ ਦੀ ਗੱਲ ਨਹੀਂ ਮੰਨਿਆ ਜਾਂਦਾ ਸੀ। ਇੱਕ ਪ੍ਰਾਚੀਨ ਗ੍ਰੰਥ ਵਿੱਚ ਦੇਵੀ ਇਸ਼ਤਰ ਆਪਣੇ ਚੁਣੇ ਹੋਏ ਵਿਅਕਤੀ ਨੂੰ ਕਹਿੰਦੀ ਹੈ, “ਮੇਰੇ ਪਿਆਰੇ, ਮੇਰੀ ਯੋਨੀ ਵਿੱਚ ਬੀਜ ਬੀਜੋ।”

ਪਰ ਸਮੇਂ ਦੇ ਨਾਲ ਸਭ ਕੁਝ ਬਦਲ ਗਿਆ।

ਪ੍ਰਾਚੀਨ ਇਤਿਹਾਸਕਾਰ ਕ੍ਰਿਸਚੀਅਨ-ਜੌਰਜ ਸ਼ਵੈਂਟਜ਼ੇਲ ਨੇ ‘ਲੇ ਮੋਂਦ’ ਨੂੰ ਦੱਸਿਆ ਕਿ ਪ੍ਰਾਚੀਨ ਗ੍ਰੀਸ ਅਤੇ ਫਿਰ ਰੋਮ ਵਿੱਚ ਇੱਕ ਵੱਡਾ ਬਦਲਾਅ ਸ਼ੁਰੂ ਹੋਇਆ, ਜਦੋਂ ਮਹਿਲਾ ਦੀ ਕਾਮੁਕਤਾ ਨੂੰ ਖ਼ਤਰਨਾਕ ਚੀਜ਼ ਵਜੋਂ ਦੇਖਿਆ ਜਾਣ ਲੱਗਾ।

ਇਤਿਹਾਸਕਾਰ ਦੱਸਦੇ ਹਨ, “ਗ੍ਰੀਸ ਵਿੱਚ ਅਤੇ ਫਿਰ ਰੋਮ ਵਿੱਚ ਯੋਨੀ ਦੇ ਬਾਹਰੀ ਹਿੱਸੇ ਨੂੰ ਘਿਰਣਾ ਦੀ ਵਸਤੂ ਮੰਨਿਆ ਜਾਣ ਲੱਗਾ।”

ਆਜ਼ਾਦ ਇੱਛਾਵਾਂ ਵਾਲੀ ਮਹਿਲਾ ਹੌਲੀ-ਹੌਲੀ ਅਜਿਹੀ ਸ਼ਖ਼ਸੀਅਤ ਵਜੋਂ ਦੇਖੀ ਜਾਣ ਲੱਗੀ, ਜਿਸ ਨੂੰ ਰੋਕਣ ਅਤੇ ਕਾਬੂ ਕਰਨ ਦੀ ਲੋੜ ਸੀ।

ਅਤੇ ਇਹ ਵਿਚਾਰ ਲੰਮੇ ਸਮੇਂ ਤੱਕ ਬਣਿਆ ਰਿਹਾ।

ਮਨੋਵਿਸ਼ਲੇਸ਼ਕ ਸਾਰਾ ਪਿਆਜ਼ਾ, ਮਹਿਲਾਵਾਂ ਦੇ ‘ਨਿੱਜੀ ਅੰਗਾਂ ਦੇ ਡਰ’ ਦੀ ਗੱਲ ਕਰਦੇ ਹਨ। ਉਨ੍ਹਾਂ ਮੁਤਾਬਕ, ਪ੍ਰਾਚੀਨ ਕਾਲ ਤੋਂ ਲੈ ਕੇ ਅੱਜ ਤੱਕ ਜਿਸ ਤਰ੍ਹਾਂ ਮਹਿਲਾਵਾਂ ਨੂੰ ਪੇਸ਼ ਕੀਤਾ ਗਿਆ ਹੈ, ਉਸ ਪੂਰੇ ਇਤਿਹਾਸ ਵਿੱਚ ਇਹ ਡਰ ਬਣਿਆ ਰਿਹਾ ਹੈ।

ਸੁੰਦਰਤਾ ਦੇ ਪਿੱਛੇ ਲੁਕਿਆ ਨਿਯੰਤਰਣ

ਅੱਜ ਮਹਿਲਾਵਾਂ ਇਹ ਫ਼ੈਸਲਾ ਲੈਣ ਲਈ ਆਜ਼ਾਦ ਹਨ ਕਿ ਉਹ ਆਪਣੇ ਸਰੀਰ ਨਾਲ ਕੀ ਕਰਨਾ ਚਾਹੁੰਦੀਆਂ ਹਨ (ਸੰਕੇਤਕ ਤਸਵੀਰ)

ਮਹਿਲਾਵਾਂ ਦੇ ਜਣਨ ਅੰਗਾਂ ਦੇ ਸਰੂਪ ਨੂੰ ਬਦਲਣ ਦੀ ਇੱਛਾ ਆਧੁਨਿਕ ਦੌਰ ਦੀ ਦੇਣ ਨਹੀਂ ਹੈ।

ਵੱਖ-ਵੱਖ ਸਭਿਆਚਾਰਾਂ ਵਿੱਚ ਅਜਿਹੀਆਂ ਪ੍ਰਥਾਵਾਂ ਰਹੀਆਂ ਹਨ, ਜਿਨ੍ਹਾਂ ਵਿੱਚ ਜਣਨ ਅੰਗਾਂ ਦੇ ਕੁਝ ਹਿੱਸਿਆਂ ਨੂੰ ਹਟਾਇਆ ਜਾਂਦਾ ਸੀ ਜਾਂ ਉਨ੍ਹਾਂ ਦੇ ਸਰੂਪ ਵਿੱਚ ਬਦਲਾਅ ਕੀਤਾ ਜਾਂਦਾ ਸੀ।

ਆਧੁਨਿਕ ਕਾਸਮੈਟਿਕ ਸਰਜਰੀ ਦੇ ਆਉਣ ਤੋਂ ਪਹਿਲਾਂ ਹੀ ਯੂਰਪੀ ਮੈਡੀਕਲ ਇਤਿਹਾਸ ਵਿੱਚ ਛੋਟੀਆਂ ਲੈਬੀਆ ਜਾਂ ਯੋਨੀ ਦੇ ਬਾਹਰੀ ਹਿੱਸੇ ਨੂੰ ਛੋਟਾ ਕਰਨ ਲਈ ਕੀਤੀਆਂ ਜਾਣ ਵਾਲੀਆਂ ਸਰਜੀਕਲ ਪ੍ਰਕਿਰਿਆਵਾਂ ਦਾ ਜ਼ਿਕਰ ਮਿਲਦਾ ਹੈ।

ਅੱਜ ਮਹਿਲਾਵਾਂ ਇਹ ਫ਼ੈਸਲਾ ਲੈਣ ਲਈ ਆਜ਼ਾਦ ਹਨ ਕਿ ਉਹ ਆਪਣੇ ਸਰੀਰ ਨਾਲ ਕੀ ਕਰਨਾ ਚਾਹੁੰਦੀਆਂ ਹਨ।

ਪਰ ਇਸ ਨਾਲ ਇੱਕ ਸਵਾਲ ਉੱਠਦਾ ਹੈ ਕਿ ਜੇ ਸਮਾਜ ਅਜੇ ਵੀ ਮਹਿਲਾਵਾਂ ਨੂੰ ਇਹ ਦੱਸਦਾ ਰਹੇ ਕਿ ‘ਆਦਰਸ਼’ ਮਹਿਲਾ ਦਾ ਸਰੀਰ ਕਿਹੋ ਜਿਹਾ ਦਿਖਣਾ ਚਾਹੀਦਾ ਹੈ, ਤਾਂ ਕੀ ਇਹ ਆਜ਼ਾਦੀ ਅਸਲ ਵਿੱਚ ਪੂਰੀ ਤਰ੍ਹਾਂ ਆਪਣੇ ਆਪ ਵਿੱਚ ਆਜ਼ਾਦ ਹੈ?

ਡਾਕਟਰੀ ਜਵਾਬ ਇਹ ਹੈ ਕਿ ਮਹਿਲਾਵਾਂ ਦੇ ਬਾਹਰੀ ਜਣਨ ਅੰਗਾਂ ਦਾ ਕੋਈ ਇੱਕ ਤੈਅ ਅਤੇ ‘ਸਹੀ’ ਆਕਾਰ ਜਾਂ ਸਰੂਪ ਨਹੀਂ ਹੁੰਦਾ।

ਸੈਕਸੋਲੋਜਿਸਟ ਜੋਏਲ ਮਿਗਨੋ ਇਸ ਗੱਲ ‘ਤੇ ਜ਼ੋਰ ਦਿੰਦੇ ਹਨ ਕਿ ਕੋਈ ਵੀ ਮੈਡੀਕਲ ਮਿਆਰ ਇਹ ਤੈਅ ਨਹੀਂ ਕਰ ਸਕਦਾ ਕਿ ਮਹਿਲਾਵਾਂ ਦੇ ਜਣਨ ਅੰਗਾਂ ਦਾ ਸਰੂਪ ਕਿਹੋ ਜਿਹਾ ਹੋਣਾ ਚਾਹੀਦਾ ਹੈ। ਮਹਿਲਾਵਾਂ ਦੇ ਸਰੀਰਾਂ ਵਿੱਚ ਬਹੁਤ ਫ਼ਰਕ ਹੁੰਦਾ ਹੈ, ਬਿਲਕੁਲ ਉਸੇ ਤਰ੍ਹਾਂ ਜਿਵੇਂ ਮਰਦਾਂ ਦੇ ਸਰੀਰਾਂ ਵਿੱਚ ਹੁੰਦਾ ਹੈ।

ਫਿਰ ਵੀ, ਇੱਕ ਮਹਿਲਾ ਆਪਣੇ ਬਿਲਕੁਲ ਨਾਰਮਲ ਸਰੀਰ ਨੂੰ ਦੇਖ ਕੇ ਸੋਚ ਸਕਦੀ ਹੈ ਕਿ ਉਸ ਵਿੱਚ ਕੁਝ ਗੜਬੜ ਹੈ।

ਸੁੰਦਰਤਾ ਦੀ ਪਰਿਭਾਸ਼ਾ ਕਿਸ ਨੇ ਤੈਅ ਕੀਤੀ?

ਅੱਜਕੱਲ੍ਹ ਯੋਨੀ ਨੂੰ ਆਜ਼ਾਦੀ ਦੇ ਅਧਿਕਾਰ ਲਈ ਆਵਾਜ਼ ਉਠਾਉਣ ਦੇ ਤੌਰ ’ਤੇ ਦਿਖਾਇਆ ਜਾ ਰਿਹਾ ਹੈ (ਸੰਕੇਤਕ ਤਸਵੀਰ)

ਪਿਛਲੇ ਕੁਝ ਦਹਾਕਿਆਂ ਵਿੱਚ ਪੋਰਨੋਗ੍ਰਾਫ਼ੀ ਉਦਯੋਗ, ਸੋਸ਼ਲ ਮੀਡੀਆ, ਕਾਸਮੈਟਿਕ ਪ੍ਰਕਿਰਿਆਵਾਂ ਅਤੇ ਸਰਜਰੀ ਦੇ ਇਸ਼ਤਿਹਾਰਾਂ ਦੇ ਨਾਲ-ਨਾਲ ਪਿਊਬਿਕ ਹੇਅਰ ਸਥਾਈ ਤੌਰ ‘ਤੇ ਹਟਾਉਣ ਦੇ ਰੁਝਾਨ ਨੇ ਇਸ ਦਬਾਅ ਨੂੰ ਹੋਰ ਵਧਾ ਦਿੱਤਾ ਹੈ।

ਹੌਲੀ-ਹੌਲੀ ‘ਆਦਰਸ਼ ਮਹਿਲਾ’ ਦੀ ਇੱਕ ਸੀਮਤ ਤਸਵੀਰ ਬਣਾਈ ਗਈ। ਅਜਿਹੀ ਮਹਿਲਾ, ਜਿਸ ਦੀ ਚਮੜੀ ਮੁਲਾਇਮ ਹੋਵੇ, ਸਰੀਰ ‘ਤੇ ਵਾਲ ਨਾ ਹੋਣ, ਕੋਈ ਦਿਖਾਈ ਦੇਣ ਵਾਲੀਆਂ ਝੁਰੜੀਆਂ ਨਾ ਹੋਣ, ਚਮੜੀ ਲਚਕੀਲੀ ਹੋਵੇ, ਰੰਗ ਗੁਲਾਬੀ ਹੋਵੇ ਅਤੇ ਕੋਈ ਬਦਬੂ ਨਾ ਹੋਵੇ।

ਮਹਿਲਾ ਰੋਗ ਮਾਹਿਰ ਸੋਫ਼ੀ ਬਰਵਿਲ ਇਸ ਨੂੰ ਇੱਕ ਤਰ੍ਹਾਂ ਦੇ ‘ਗੋਲਡ ਸਟੈਂਡਰਡ’ ਵਜੋਂ ਦੱਸਦੇ ਹਨ ਜੋ 2000 ਦੇ ਦਹਾਕੇ ਵਿੱਚ ਸਾਹਮਣੇ ਆਇਆ।

‘ਦਿ ਗਾਰਡੀਅਨ’ ਦਾ ਕਹਿਣਾ ਹੈ ਕਿ ਸਮੱਸਿਆ ਇਹ ਹੈ ਕਿ ਨੌਜਵਾਨਾਂ ਨੂੰ ਇਹ ਆਸਾਨੀ ਨਾਲ ਦੇਖਣ ਨੂੰ ਨਹੀਂ ਮਿਲਦਾ ਕਿ ਮਹਿਲਾਵਾਂ ਦੇ ਨਿੱਜੀ ਅੰਗਾਂ ਦਾ ਆਮ ਸਰੂਪ ਕਿੰਨਾ ਵੱਖ-ਵੱਖ ਹੋ ਸਕਦਾ ਹੈ।

ਸਾਲ 2024 ਵਿੱਚ ਅਖ਼ਬਾਰ ਨੇ ਆਸਟ੍ਰੇਲੀਆ ਵਿੱਚ ਕੀਤੇ ਗਏ ਇੱਕ ਅਧਿਐਨ ਦੇ ਨਤੀਜਿਆਂ ਦਾ ਹਵਾਲਾ ਦਿੱਤਾ।

ਇਸ ਵਿੱਚ ਦੱਸਿਆ ਗਿਆ ਕਿ 18 ਤੋਂ 24 ਸਾਲ ਦੀ ਉਮਰ ਦੀਆਂ 23 ਫ਼ੀਸਦੀ ਮਹਿਲਾਵਾਂ ਆਪਣੇ ਲੈਬੀਆ ਜਾਂ ਯੋਨੀ ਦੇ ਬਾਹਰੀ ਹਿੱਸੇ ਦੇ ਸਰੂਪ ਨੂੰ ਲੈਕੇ ਚਿੰਤਤ ਜਾਂ ਅਸਹਿਜ ਮਹਿਸੂਸ ਕਰਦੀਆਂ ਸਨ ਅਤੇ ਇਨ੍ਹਾਂ ਵਿੱਚੋਂ ਅੱਧੀਆਂ ਮਹਿਲਾਵਾਂ ਸਰਜਰੀ ਕਰਵਾਉਣ ਬਾਰੇ ਸੋਚ ਰਹੀਆਂ ਸਨ।

ਹਾਲਾਂਕਿ, ਆਪਣੇ ਸਰੀਰ ਵਿੱਚ ਬਦਲਾਅ ਚਾਹੁਣ ਵਾਲੀਆਂ ਸਾਰੀਆਂ ਔਰਤਾਂ ਸਿਰਫ਼ ਇਸ਼ਤਿਹਾਰਾਂ, ਸੋਸ਼ਲ ਮੀਡੀਆ ਜਾਂ ਪੋਰਨੋਗ੍ਰਾਫ਼ੀ ਦੀਆਂ ਸ਼ਿਕਾਰ ਨਹੀਂ ਹਨ।

ਮਹਿਲਾ ਰੋਗ ਮਾਹਿਰ ਸੋਫ਼ੀ ਬਰਵਿਲ ਨੇ ‘ਲੇ ਮੋਂਦ’ ਨੂੰ ਦੱਸਿਆ ਕਿ ਉਨ੍ਹਾਂ ਕੋਲ ਇਲਾਜ ਲਈ ਆਉਣ ਵਾਲੀਆਂ ਕੁਝ ਮਹਿਲਾਵਾਂ ਕਈ ਸਾਲਾਂ ਤੋਂ ਆਪਣੇ ਨਿੱਜੀ ਅੰਗਾਂ ਦੇ ਸਰੂਪ ਨੂੰ ਲੈ ਕੇ ਅਸਹਿਜ ਸਨ।

ਉਨ੍ਹਾਂ ਮੁਤਾਬਕ, ਕੁਝ ਔਰਤਾਂ ਨੂੰ ਆਪਣੇ ਸਾਥੀ ਦੇ ਸਾਹਮਣੇ ਕੱਪੜੇ ਉਤਾਰਨ ਵਿੱਚ ਸ਼ਰਮ ਆਉਂਦੀ ਸੀ ਜਾਂ ਉਹ ਜਿਨਸੀ ਸਬੰਧਾਂ ਤੋਂ ਬਚਦੀਆਂ ਸਨ।

ਉਨ੍ਹਾਂ ਨੇ ਦੱਸਿਆ ਕਿ ਪ੍ਰਕਿਰਿਆ ਤੋਂ ਬਾਅਦ ਕੁਝ ਮਹਿਲਾਵਾਂ ਨੇ ਮਾਨਸਿਕ ਤੌਰ ‘ਤੇ ਬਿਹਤਰ ਮਹਿਸੂਸ ਕੀਤਾ ਅਤੇ ਉਨ੍ਹਾਂ ਦੀ ਸੈਕਸ ਲਾਈਫ਼ ਵਿੱਚ ਵੀ ਸੁਧਾਰ ਹੋਇਆ।

ਇਸ ਲਈ ਮਾਮਲਾ ਸਿਰਫ਼ ‘ਸਰਜਰੀ ਕਰਵਾਉਣੀ ਹੈ ਜਾਂ ਨਹੀਂ ਕਰਵਾਉਣੀ’ ਦਾ ਨਹੀਂ ਹੈ। ਮਹੱਤਵਪੂਰਨ ਇਹ ਹੈ ਕਿ ਮਹਿਲਾਵਾਂ ਸੰਭਾਵਿਤ ਖ਼ਤਰਿਆਂ ਅਤੇ ਸਾਈਡ ਇਫ਼ੈਕਟਸ ਨੂੰ ਸਮਝਦੀਆਂ ਹਨ ਜਾਂ ਨਹੀਂ ਅਤੇ ਇਹ ਫ਼ੈਸਲਾ ਅਸਲ ਵਿੱਚ ਉਨ੍ਹਾਂ ਦਾ ਆਪਣਾ ਹੈ ਜਾਂ ਨਹੀਂ।

ਅਮੇਰਿਕਨ ਕਾਲਜ ਆਫ਼ ਔਬਸਟੈਟ੍ਰੀਸ਼ੀਅਨਜ਼ ਐਂਡ ਗਾਇਨੇਕੋਲੋਜਿਸਟਸ (ਏਸੀਓਜੀ) ਇੰਟਰਨੈੱਟ ਅਤੇ ਪੋਰਨੋਗ੍ਰਾਫ਼ੀ ਨੂੰ ਲੈ ਕੇ ਚੇਤਾਵਨੀ ਦਿੰਦਾ ਹੈ। ਇਨ੍ਹਾਂ ਕਾਰਨਾਂ ਕਰਕੇ ਕੋਈ ਵਿਅਕਤੀ ਇਹ ਸੋਚ ਸਕਦਾ ਹੈ ਕਿ ਉਸ ਦੇ ਸਰੀਰ ਦਾ ਕੁਦਰਤੀ ਸਰੂਪ ਸਵੀਕਾਰਯੋਗ ਨਹੀਂ ਹੈ। ਜਾਂ ਸੌਖੇ ਸ਼ਬਦ ਵਿੱਚ – ਪੰਡ ਕਰਨ ਲਾਇਕ ਜਾਂ ਸੋਹਣਾ ਨਹੀਂ ਹੈ।

ਇਸ ਤੋਂ ਇਲਾਵਾ, ਇਸ ਖੇਤਰ ਵਿੱਚ ਕੀਤੀਆਂ ਜਾਣ ਵਾਲੀਆਂ ਕਈ ਕਾਸਮੈਟਿਕ ਪ੍ਰਕਿਰਿਆਵਾਂ ਦੀ ਸੁਰੱਖਿਆ ਅਤੇ ਅਸਰ ਨੂੰ ਲੈ ਕੇ ਉਪਲੱਬਧ ਸਬੂਤ ਅਜੇ ਵੀ ਕਾਫ਼ੀ ਨਹੀਂ ਹਨ।

ਸ਼ਰਮ ਤੋਂ ਵਿਰੋਧ ਅਤੇ ਜਾਣਕਾਰੀ ਤੱਕ

ਫੁੱਲ ਦੀ ਸੰਕੇਤਕ ਤਸਵੀਰ

ਕਹਾਣੀ ਵਿੱਚ ਇੱਕ ਮੋੜ ਆਉਂਦਾ ਹੈ।

ਜਿਸ ਸਰੀਰ ਨੂੰ ਲੰਮੇ ਸਮੇਂ ਤੱਕ ਲੁਕਾਉਣ ਲਈ ਮਜਬੂਰ ਕੀਤਾ ਗਿਆ, ਉਹੀ ਜਨਤਕ ਪ੍ਰਗਟਾਵੇ ਦਾ ਮਾਧਿਅਮ ਬਣ ਗਿਆ।

ਸਾਲ 1969 ਵਿੱਚ ਆਸਟ੍ਰੀਆਈ ਕਲਾਕਾਰ ਵਾਲੀ ਐਕਸਪੋਰਟ ਇੱਕ ਭੜਕਾਊ ਪੋਸ਼ਾਕ ਪਹਿਨ ਕੇ ਮਿਊਨਿਖ ਦੇ ਇੱਕ ਸਿਨੇਮਾ ਵਿੱਚ ਪਹੁੰਚੀ।

ਜਾਣਬੁੱਝ ਕੇ ਚੁੱਕੇ ਗਏ ਇਸ ਕਦਮ ਦਾ ਮਕਸਦ ਬਹਿਸ ਨੂੰ ਜਨਮ ਦੇਣਾ ਅਤੇ ਇਹ ਸਵਾਲ ਉਠਾਉਣਾ ਸੀ ਕਿ ਮਰਦਾਂ ਦੀ ਨਜ਼ਰ ਮਹਿਲਾਵਾਂ ਦੇ ਸਰੀਰ ਨੂੰ ਕਿਸ ਤਰ੍ਹਾਂ ਇੱਕ ਵਸਤੂ ਵਜੋਂ ਪੇਸ਼ ਕਰਦੀ ਹੈ।

ਇਸ ਤਰ੍ਹਾਂ ਐਕਸਪੋਰਟ ਨੇ ਦਰਸ਼ਕਾਂ ਨੂੰ ਟੀਵੀ ‘ਤੇ ਸਿਰਫ਼ ਇੱਕ ਕਾਮੁਕ ਤਸਵੀਰ ਦੇਖਣ ਦੀ ਬਜਾਏ ਆਪਣੇ ਸਾਹਮਣੇ ਇੱਕ ਅਸਲ ਮਹਿਲਾ ਨੂੰ ਦੇਖਣ ਦਾ ਮੌਕਾ ਦਿੱਤਾ, ਜਿਸ ਨਾਲ ਉਹ ਸਿੱਧੀ ਗੱਲਬਾਤ ਕਰ ਸਕਦੇ ਸਨ।

1970 ਦੇ ਦਹਾਕੇ ਵਿੱਚ ਨਾਰੀਵਾਦੀ ਕਲਾਕਾਰਾਂ ਨੇ ਆਪਣੇ ਕੰਮ ਵਿੱਚ ਮਹਿਲਾਵਾਂ ਦੇ ਨਿੱਜੀ ਅੰਗਾਂ ਦੀਆਂ ਤਸਵੀਰਾਂ ਅਤੇ ਉਨ੍ਹਾਂ ਦੇ ਸਰੂਪ ਦਾ ਖੁੱਲ੍ਹ ਕੇ ਇਸਤੇਮਾਲ ਕਰਨਾ ਸ਼ੁਰੂ ਕੀਤਾ।

ਇਸ ਦੇ ਜ਼ਰੀਏ ਮਹਿਲਾ ਹੋਣ, ਮਹਿਲਾ ਦੇ ਸਰੀਰ ਬਾਰੇ ਅਤੇ ਆਪਣੇ ਸਰੀਰ ਬਾਰੇ ਖ਼ੁਦ ਫ਼ੈਸਲਾ ਲੈਣ ਦੇ ਉਨ੍ਹਾਂ ਦੇ ਅਧਿਕਾਰ ਵਰਗੇ ਮੁੱਦੇ ਉਠਾਏ ਗਏ।

ਜੂਡੀ ਸ਼ਿਕਾਗੋ ਇਸ ਅੰਦੋਲਨ ਨਾਲ ਜੁੜੀਆਂ ਪ੍ਰਮੁੱਖ ਕਲਾਕਾਰਾਂ ਵਿੱਚ ਸ਼ਾਮਿਲ ਹਨ।

ਇਤਿਹਾਸਕਾਰ ਅਤੇ ਕਲਾ ਸਮੀਖਿਅਕ ਸਿੰਡੀ ਨੇਮਸਰ ਨੇ ਵੀ ਇਸ ਅੰਦੋਲਨ ਨੂੰ ਅੱਗੇ ਵਧਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਉਨ੍ਹਾਂ ਨੇ ਨਾਰੀਵਾਦੀ ਕਲਾ ਬਾਰੇ ਲਿਖਿਆ ਅਤੇ ਇਸ ਵਿੱਚ ਸ਼ਾਮਿਲ ਮਹਿਲਾ ਕਲਾਕਾਰਾਂ ਦਾ ਸਮਰਥਨ ਕੀਤਾ।

ਸਮੇਂ ਦੇ ਨਾਲ ਇਹ ਮੁੱਦਾ ਕਲਾ ਦੀਆਂ ਹੱਦਾਂ ਤੋਂ ਅੱਗੇ ਨਿੱਕਲ ਗਿਆ।

ਸਾਲ 2019 ਵਿੱਚ ਕਲਾਕਾਰ ਡੇਬੋਰਾ ਡੀ ਰੋਬਰਟਿਸ ਯੂਰਪੀ ਸੰਸਦ ਦੇ ਸਾਹਮਣੇ ਨਗਨ ਹੋ ਕੇ ਦਿਖਾਈ ਦਿੱਤੇ। ਉਨ੍ਹਾਂ ਨੇ ਸੱਤਾ ਦੇ ਅਹੁਦਿਆਂ ‘ਤੇ ਮਹਿਲਾਵਾਂ ਦੀ ਘੱਟ ਮੌਜੂਦਗੀ ਦੇ ਵਿਰੋਧ ਵਿੱਚ ਅਜਿਹਾ ਕੀਤਾ ਸੀ।

ਮਰਦਾਂ ਵਾਂਗ ਹੀ ਵੱਖ-ਵੱਖ ਪੁਰਸ਼ਾਂ ਦੇ ਸਰੀਰ ਅਤੇ ਉਨ੍ਹਾਂ ਦੇ ਅੰਗਾਂ ਦੀ ਬਣਤਰ ਵੀ ਵੱਖ-ਵੱਖ ਹੁੰਦੀ ਹੈ (ਸੰਕੇਤਕ ਤਸਵੀਰ)

ਇਸੇ ਦੌਰਾਨ ਸ਼ਰਮ ਨੂੰ ਜਾਣਕਾਰੀ ਵਿੱਚ ਬਦਲਣ ਦੇ ਮਕਸਦ ਨਾਲ ਕਈ ਪ੍ਰੋਜੈਕਟ ਵੀ ਸ਼ੁਰੂ ਹੋਏ।

ਸਾਲ 2011 ਵਿੱਚ ਕਲਾਕਾਰ ਜੈਮੀ ਮੈਕਕਾਰਟਨੀ ਨੇ ‘ਦਿ ਗ੍ਰੇਟ ਵਾਲ ਆਫ਼ ਵਜਾਈਨਾ’ ਨਾਮ ਦੀ ਕਲਾਕ੍ਰਿਤੀ ਬਣਾਈ। ਇਸ ਵਿੱਚ 400 ਮਹਿਲਾਵਾਂ ਦੇ ਜਣਨ ਅੰਗਾਂ ਨੂੰ ਦਿਖਾਇਆ ਗਿਆ ਸੀ, ਤਾਂ ਜੋ ਮਹਿਲਾਵਾਂ ਦੇ ਸਰੀਰ ਵਿੱਚ ਮੌਜੂਦ ਵਿਭਿੰਨਤਾ ਨੂੰ ਸਾਹਮਣੇ ਲਿਆਂਦਾ ਜਾ ਸਕੇ।

ਸਾਲ 2016 ਵਿੱਚ ‘ਵਲਵਾ ਗੈਲਰੀ’ ਦੀ ਸ਼ੁਰੂਆਤ ਹੋਈ। ਇਹ ਇੱਕ ਆਨਲਾਈਨ ਪ੍ਰੋਜੈਕਟ ਹੈ, ਜਿਸ ਵਿੱਚ ਮਹਿਲਾਵਾਂ ਦੇ ਜਣਨ ਅੰਗਾਂ ਦੇ ਸਰੂਪ ਵਿੱਚ ਮੌਜੂਦ ਵਿਭਿੰਨਤਾ ਨੂੰ ਦਿਖਾਇਆ ਗਿਆ ਹੈ।

ਅਤੇ ਸਾਲ 2019 ਵਿੱਚ ਲੰਦਨ ਵਿੱਚ ਵਜਾਈਨਾ ਮਿਊਜ਼ੀਅਮ ਖੋਲ੍ਹਿਆ ਗਿਆ। ਇਸ ਅਜਾਇਬਘਰ ਦਾ ਮਕਸਦ ਲੋਕਾਂ ਨੂੰ ਮਹਿਲਾ ਦੀ ਸਰੀਰਕ ਬਣਤਰ ਅਤੇ ਸਿਹਤ ਬਾਰੇ ਜਾਣਕਾਰੀ ਦੇਣਾ ਹੈ ਤੇ ਨਾਲ ਹੀ ਇਹ ਸਮਝਾਉਣਾ ਵੀ ਹੈ ਕਿ ਸਮਾਜ ਮਹਿਲਾਵਾਂ ਦੇ ਸਰੀਰ ਨੂੰ ਕਿਸ ਨਜ਼ਰੀਏ ਨਾਲ ਦੇਖਦਾ ਹੈ।

ਅੱਜ ਇੱਕ ਵਾਰ ਯੋਨੀ ਫਿਰ ਜਨਤਕ ਤੌਰ ‘ਤੇ ਦਿਖਾਈ ਜਾ ਰਹੀ ਹੈ, ਪਰ ਇਸ ਵਾਰ ਵਜ੍ਹਾ ਵੱਖਰੀ ਹੈ।

ਇਸ ਨੂੰ ਆਜ਼ਾਦੀ ਦੇ ਅਧਿਕਾਰ ਲਈ ਆਵਾਜ਼ ਉਠਾਉਣ ਦੇ ਤੌਰ ‘ਤੇ ਦਿਖਾਇਆ ਜਾ ਰਿਹਾ ਹੈ।

ਸ਼ਰਮ ਨਾਲ ਲੜਨ ਲਈ ਇਸ ਦਾ ਅਧਿਐਨ ਕੀਤਾ ਜਾ ਰਿਹਾ ਹੈ। ਕਲਾ ਵਿੱਚ ਇਸ ਨੂੰ ਸੱਤਾ ਅਤੇ ਹਰ ਵਿਅਕਤੀ ਦੇ ਆਪਣੇ ਸਰੀਰ ਬਾਰੇ ਖ਼ੁਦ ਫ਼ੈਸਲਾ ਲੈਣ ਦੇ ਅਧਿਕਾਰ ਨੂੰ ਸਾਹਮਣੇ ਰੱਖਣ ਲਈ ਦਿਖਾਇਆ ਜਾ ਰਿਹਾ ਹੈ।

ਹੁਣ ਸਵਾਲ ਇਹ ਨਹੀਂ ਹੈ ਕਿ ‘ਯੋਨੀ ਦਾ ਬਾਹਰੀ ਹਿੱਸਾ ਕਿਹੋ ਜਿਹਾ ਦਿਖਣਾ ਚਾਹੀਦਾ ਹੈ?’

ਇਸ ਦੇ ਵੱਖ-ਵੱਖ ਆਕਾਰ ਅਤੇ ਸਰੂਪ ਹੋ ਸਕਦੇ ਹਨ ਅਤੇ ਇਹ ਬਿਲਕੁਲ ਆਮ ਗੱਲ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI