Source :- BBC PUNJABI

“2022 ਬਰਮਿੰਘਮ ਕਾਮਨਵੈਲਥ ਖੇਡਾਂ ਵਿੱਚ ਜਦੋਂ ਮੈਂ ਕਾਂਸੀ ਦਾ ਤਗਮਾ ਜਿੱਤਿਆ ਸੀ ਤਾਂ ਸਭ ਨੇ ਕਿਹਾ ਸੀ ਕਿ ਮੈਡਲ ਕਿਸਮਤ ਨਾਲ ਮਿਲ ਗਿਆ, ਪਰ ਇਸ ਵਾਰ ਮੈਂ ਸਭ ਨੂੰ ਦੱਸਣਾ ਚਾਹੁੰਦੀ ਹਾਂ ਕਿ ਸਿਲਵਰ ਮੈਡਲ ਮੈਂ ਆਪਣੀ ਮਿਹਨਤ ਨਾਲ ਜਿੱਤਿਆ ਹੈ।”
ਹੌਂਸਲੇ ਨਾਲ ਭਰੇ ਇਹ ਸ਼ਬਦ ਵੇਟਲਿਫਟਰ ਹਰਜਿੰਦਰ ਕੌਰ ਨੇ ਗਲਾਸਗੋ ਕਾਮਨਵੈਲਥ ਖੇਡਾਂ ਵਿੱਚ ਚਾਂਦੀ ਦਾ ਤਗਮਾ ਜਿੱਤ ਕੇ ਆਉਣ ਮਗਰੋਂ ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਕਹੇ।
ਇੰਟਰਵਿਊ ਦੌਰਾਨ ਹਰਜਿੰਦਰ ਨੇ ਆਪਣੇ ਕਾਮਨਵੈਲਥ ਖੇਡਾਂ ਦੇ ਤਜਰਬੇ, ਆਪਣੇ ਪਰਿਵਾਰ ਅਤੇ ਪੰਜਾਬ ਵਿੱਚ ਖੇਡ ਸੱਭਿਆਚਾਰ ਬਾਰੇ ਖੁੱਲ੍ਹ ਕੇ ਗੱਲ ਕੀਤੀ।
ਪਟਿਆਲਾ ਜ਼ਿਲ੍ਹੇ ਦੇ ਨਾਭਾ ਨੇੜਲੇ ਪਿੰਡ ਮੈਹਸ ਦੀ ਰਹਿਣ ਵਾਲੇ ਵੇਟਲਿਫਟਰ ਹਰਜਿੰਦਰ ਕੌਰ ਜਦੋਂ ਗਲਾਸਗੋ ਵਿੱਚ ਹੋਈਆਂ ਕਾਮਨਵੈਲਥ ਖੇਡਾਂ ਵਿੱਚ ਵੇਟਲਿਫਟਿੰਗ ਮੁਕਾਬਲੇ ‘ਚ ਚਾਂਦੀ ਦਾ ਤਗਮਾ ਜਿੱਤ ਕੇ ਆਪਣੇ ਪਿੰਡ ਵਾਪਸ ਪਹੁੰਚੇ, ਤਾਂ ਪਿੰਡ ਉਨ੍ਹਾਂ ਦੇ ਸਵਾਗਤ ਲਈ ਖੜ੍ਹਾ ਸੀ।
ਢੋਲ ਵੱਜ ਰਿਹਾ ਸੀ, ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਕੋਈ ਹਰਜਿੰਦਰ ਦੇ ਗਲ਼ ਵਿੱਚ ਹਾਰ ਪਾ ਕੇ ਉਨ੍ਹਾਂ ਦਾ ਸਵਾਗਤ ਕਰ ਰਿਹਾ ਸੀ।
ਹਰਜਿੰਦਰ ਕਹਿੰਦੇ ਹਨ, “ਮੈਂ ਕਦੇ ਨਹੀਂ ਸੋਚਿਆ ਸੀ ਕਿ ਇੰਨਾ ਮਾਣ ਮੈਨੂੰ ਮਿਲੇਗਾ। ਮੈਂ ਬਹੁਤ ਖੁਸ਼ ਹਾਂ ਕਿ ਮੈਂ ਆਪਣੇ ਮਾਪਿਆਂ ਨੂੰ ਇੰਨਾ ਮਾਣ ਦਿਵਾਉਣ ਦੇ ਕਾਬਲ ਹੋ ਗਈ ਹਾਂ।”
ਹਰਜਿੰਦਰ ਦਾ ਸਵਾਗਤ ਕਰਨ ਵੇਲੇ ਉਨ੍ਹਾਂ ਦੀ ਮਾਤਾ ਦੀਆਂ ਅੱਖਾਂ ਵਿੱਚ ਹੰਝੂ ਸਨ।
ਜਿਸ ਬਾਰੇ ਗੱਲ ਕਰਦਿਆਂ ਹਰਜਿੰਦਰ ਕਹਿੰਦੇ ਹਨ, “ਪਰਿਵਾਰ ਵਿੱਚ ਪਹਿਲਾਂ ਬਹੁਤ ਚੰਗੇ ਹਾਲਾਤ ਨਹੀਂ ਸਨ। ਪਰ ਹੁਣ ਜਦੋਂ ਮੇਰੇ ਮਾਪਿਆਂ ਨੂੰ ਇੰਨਾ ਮਾਣ ਮਿਲ ਰਿਹਾ ਹੈ ਤਾਂ ਉਹ ਭਾਵੁਕ ਹੋ ਜਾਂਦੇ ਹਨ।”
ਤਸਵੀਰ ਸਰੋਤ, Getty Images
ਹਰਜਿੰਦਰ ਕੌਰ ਨੇ ਔਰਤਾਂ ਦੇ 69 ਕਿਲੋਗ੍ਰਾਮ ਭਾਰ ਵਰਗ ਵਿੱਚ ਸਨੈਚ ਵਿੱਚ 101 ਕਿਲੋਗ੍ਰਾਮ ਅਤੇ ਕਲੀਨ ਐਂਡ ਜਰਕ ਵਿੱਚ 126 ਕਿਲੋਗ੍ਰਾਮ ਭਾਰ ਚੁੱਕ ਕੇ ਕੁੱਲ 227 ਕਿਲੋਗ੍ਰਾਮ ਦਾ ਵਿਅਕਤੀਗਤ ਸਰਵੋਤਮ ਪ੍ਰਦਰਸ਼ਨ ਕੀਤਾ। ਇਸ ਨਾਲ ਉਨ੍ਹਾਂ ਨੇ ਸਿਲਵਰ ਮੈਡਲ ਹਾਸਲ ਕੀਤਾ।
ਕੈਨੇਡਾ ਦੀ ਚਾਰਲੋਟ ਸਿਮੋਨੋ ਨੇ 240 ਕਿਲੋਗ੍ਰਾਮ ਨਾਲ ਗੋਲਡ ਮੈਡਲ ਜਿੱਤਿਆ, ਜਦਕਿ ਆਸਟ੍ਰੇਲੀਆ ਦੀ ਨਿਆ ਫੇਬ ਹੇਮਨ ਨੇ ਕਾਂਸੀ ਦਾ ਤਗਮਾ ਹਾਸਲ ਕੀਤਾ।
ਇਹ ਹਰਜਿੰਦਰ ਦਾ ਲਗਾਤਾਰ ਦੂਜਾ ਕਾਮਨਵੈਲਥ ਮੈਡਲ ਹੈ। 2022 ਵਿੱਚ ਬਰਮਿੰਘਮ ਖੇਡਾਂ ਵਿੱਚ ਉਨ੍ਹਾਂ ਨੇ 71 ਕਿਲੋਗ੍ਰਾਮ ਭਾਰ ਵਰਗ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ।
ਪਰਿਵਾਰ ਨੂੰ ਸਮਰਪਿਤ ਜਿੱਤ

29 ਸਾਲਾ ਹਰਜਿੰਦਰ ਕੌਰ ਇੱਕ ਸਾਧਾਰਨ ਕਿਸਾਨ ਪਰਿਵਾਰ ਨਾਲ ਸਬੰਧ ਰੱਖਦੇ ਹਨ। ਉਨ੍ਹਾਂ ਦੇ ਪਿਤਾ ਸਾਹਿਬ ਸਿੰਘ ਅਤੇ ਮਾਤਾ ਕੁਲਦੀਪ ਕੌਰ ਨੇ ਗਰੀਬੀ ਵਿੱਚੋਂ ਉੱਠ ਕੇ ਆਪਣੀ ਧੀ ਨੂੰ ਖੇਡ ਦੀ ਟਰੇਨਿੰਗ ਕਰਵਾਈ।
ਹਰਜਿੰਦਰ ਕਹਿੰਦੇ ਹਨ, “ਇਹ ਜਿੱਤ ਅਤੇ ਮੈਡਲ ਮੇਰੇ ਪਰਿਵਾਰ ਨੂੰ ਸਮਰਪਿਤ ਹੈ। ਮੇਰੇ ਪਿਤਾ ਨੇ ਮੇਰੇ ਲਈ ਬਹੁਤ ਕੁਰਬਾਨੀਆਂ ਕੀਤੀਆਂ ਹਨ। ਇੱਕ ਸਮਾਂ ਅਜਿਹਾ ਆਇਆ ਸੀ ਜਦੋਂ ਮੇਰੇ ਪਿਤਾ ਨੂੰ ਜ਼ਮੀਨ ਵੇਚਣੀ ਪਈ ਅਤੇ ਉਹ ਦੂਜਿਆਂ ਦੇ ਘਰ ਜਾ ਕੇ ਕੰਮ ਕਰਦੇ ਸਨ। ਪਰ ਅਸੀਂ ਮਿਹਨਤ ਕਰਨੀ ਜਾਰੀ ਰੱਖੀ, ਜਿਸ ਦੇ ਸਦਕਾ ਅੱਜ ਮੈਂ ਇਸ ਮੁਕਾਮ ਤੱਕ ਪਹੁੰਚ ਸਕੀ ਹਾਂ।”
ਕਿਸਮਤ ਨਹੀਂ, ਮਿਹਨਤ ਨਾਲ ਤਗਮਾ ਜਿੱਤਿਆ
ਤਸਵੀਰ ਸਰੋਤ, Getty Images
ਹਰਜਿੰਦਰ ਆਪਣਾ 2022 ਦਾ ਤਜਰਬਾ ਸਾਂਝਾ ਕਰਦਿਆਂ ਕਹਿੰਦੇ ਹਨ, “ਜਦੋਂ ਬਰਮਿੰਘਮ 2022 ਵਿੱਚ ਮੇਰਾ ਕਾਂਸੀ ਦਾ ਮੈਡਲ ਆਇਆ ਸੀ ਤਾਂ ਸਭ ਨੇ ਇਹ ਕਿਹਾ ਸੀ ਕਿ ਮੇਰਾ ਮੈਡਲ ਕਿਸਮਤ ਨਾਲ ਆਇਆ। ਇਸ ਵਾਰ ਮੈਂ ਆਪਣੇ ਤਗਮੇ ਦਾ ਰੰਗ ਬਦਲਣਾ ਚਾਹੁੰਦੀ ਸੀ ਤਾਂ ਜੋ ਕੋਈ ਇਹ ਨਾ ਕਹੇ ਕਿ ਕਿਸਮਤ ਨਾਲ ਮੈਡਲ ਆਇਆ। ਮੈਂ ਇਹ ਮੈਡਲ ਆਪਣੀ ਮਿਹਨਤ ਨਾਲ ਜਿੱਤਿਆ ਹੈ।”
“ਪਿਛਲੇ ਇੱਕ ਸਾਲ ਤੋਂ ਮੇਰੀ ਪਿੱਠ ਅਤੇ ਗੁੱਟ ਦੀ ਸੱਟ ਲੱਗੀ ਹੋਈ ਸੀ। ਡਾਕਟਰਾਂ ਨੇ ਵੀ ਆਰਾਮ ਕਰਨ ਦੀ ਸਲਾਹ ਦਿੱਤੀ ਸੀ। ਪਰ ਮੈਂ ਕੋਸ਼ਿਸ਼ ਕਰ ਰਹੀ ਸੀ ਕਿ ਮੈਂ ਟ੍ਰੇਨਿੰਗ ਕਰਨੀ ਹੈ। ਜਦੋਂ ਮੈਂ ਸਟੇਜ ‘ਤੇ ਛੇ ਦੀਆਂ ਛੇ ਲਿਫਟਾਂ ਪੂਰੀਆਂ ਕਰ ਦਿੱਤੀਆਂ ਤਾਂ ਮੈਨੂੰ ਬਹੁਤ ਖੁਸ਼ੀ ਹੋਈ ਕਿ ਮੈਂ ਆਪਣੀ ਮਿਹਨਤ ਨਾਲ ਮੈਡਲ ਹਾਸਲ ਕਰ ਲਿਆ।”
ਕਬੱਡੀ ਛੱਡ ਵੇਟਲਿਫਟਿੰਗ ਕਿਉਂ ਕੀਤੀ ਸ਼ੁਰੂ

ਹਰਜਿੰਦਰ ਪਹਿਲਾਂ ਕਬੱਡੀ ਖੇਡਦੇ ਸਨ, ਪਰ ਬਾਅਦ ਵਿੱਚ ਉਨ੍ਹਾਂ ਨੇ ਵੇਟਲਿਫਟਿੰਗ ਵਿੱਚ ਆਪਣਾ ਕਰੀਅਰ ਬਣਾਉਣ ਦਾ ਫ਼ੈਸਲਾ ਕੀਤਾ।
ਹਰਜਿੰਦਰ ਦੱਸਦੇ ਹਨ, “ਘਰ ਵਿੱਚ ਮੇਰੇ ਡੈਡੀ ਕਬੱਡੀ ਦਾ ਵਰਲਡ ਕੱਪ ਦੇਖਦੇ ਸਨ ਤਾਂ ਮੈਨੂੰ ਵੀ ਕਬੱਡੀ ਖੇਡਣ ਦਾ ਸ਼ੌਕ ਪੈ ਗਿਆ। ਮੈਂ ਸਵੇਰੇ-ਸਵੇਰੇ ਨਾਲ ਦੇ ਪਿੰਡ ਟ੍ਰੇਨਿੰਗ ਲਈ ਜਾਂਦੀ ਸੀ। ਡੈਡੀ ਮੈਨੂੰ ਟ੍ਰੇਨਿੰਗ ‘ਤੇ ਜਾਣ ਲਈ ਸਵੇਰੇ-ਸਵੇਰੇ ਤੋਰ ਦਿੰਦੇ ਸਨ। ਟ੍ਰੇਨਿੰਗ ‘ਤੇ ਜਾਣ ਲਈ ਵੀ ਕਦੇ ਕਿਸੇ ਨਾਲ ਬੈਠ ਕੇ ਜਾਣਾ, ਕਦੇ ਕਿਸੇ ਨਾਲ।”
“ਪਰ ਜਦੋਂ ਮੈਨੂੰ ਇਹ ਸਮਝ ਆਈ ਕਿ ਕਬੱਡੀ ਵਿੱਚ ਭਵਿੱਖ ਨਹੀਂ ਹੈ ਕਿਉਂਕਿ ਇਹ ਓਲੰਪਿਕ ਵਿੱਚ ਨਹੀਂ ਹੈ, ਇਸ ਲਈ ਫਿਰ ਮੈਂ ਵੇਟਲਿਫਟਿੰਗ ਕਰਨੀ ਸ਼ੁਰੂ ਕਰ ਦਿੱਤੀ।”
ਹਰਜਿੰਦਰ ਦੱਸਦੇ ਹਨ ਕਿ ਉਨ੍ਹਾਂ ਨੂੰ ਵੇਟਲਿਫਟਿੰਗ ਕਰਨ ਲਈ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿੱਚ ਕੋਚ ਪਰਮਜੀਤ ਸ਼ਰਮਾ ਨੇ ਪ੍ਰੇਰਿਤ ਕੀਤਾ।
ਉਹ ਕਹਿੰਦੇ ਹਨ ਕਿ ਕੋਚ ਦੇ ਕਹਿਣ ‘ਤੇ ਉਨ੍ਹਾਂ ਨੇ ਵੇਟਲਿਫਟਿੰਗ ਕਰਨੀ ਸ਼ੁਰੂ ਕੀਤੀ ਸੀ।
ਪਰ ਜਦੋਂ ਹੌਲੀ-ਹੌਲੀ ਵੇਟਲਿਫਟਿੰਗ ਵਿੱਚ ਉਨ੍ਹਾਂ ਦੀ ਦਿਲਚਸਪੀ ਵੱਧ ਗਈ ਤਾਂ ਉਨ੍ਹਾਂ ਨੇ ਵੇਟਲਿਫਟਿੰਗ ਨੂੰ ਹੀ ਕਰੀਅਰ ਵਜੋਂ ਚੁਣ ਲਿਆ।
ਭਾਰਤ-ਪਾਕਿਸਤਾਨ ਵੰਡ ਦੀ ਪੀੜ…

ਹਰਜਿੰਦਰ ਕੌਰ ਮੁਤਾਬਕ ਉਨ੍ਹਾਂ ਦਾ ਪਰਿਵਾਰ 1947 ਵਿੱਚ ਭਾਰਤ-ਪਾਕਿਸਤਾਨ ਵੰਡ ਤੋਂ ਬਾਅਦ ਪਾਕਿਸਤਾਨ ਤੋਂ ਭਾਰਤ ਆ ਕੇ ਵੱਸਿਆ ਸੀ।
ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਦਾਦਾ ਪਾਕਿਸਤਾਨ ਦੇ ਸ਼ੇਖੂਪੁਰਾ ਦੇ ਪਿੰਡ ਨੱਤ ਦੇ ਰਹਿਣ ਵਾਲੇ ਸਨ ਅਤੇ ਵੰਡ ਤੋਂ ਬਾਅਦ ਉਹ ਨਾਭਾ ਦੇ ਪਿੰਡ ਮੈਹਸ ਆ ਕੇ ਵਸੇ ਸਨ।
ਹਰਜਿੰਦਰ ਦੱਸਦੇ ਹਨ, “ਮੇਰੇ ਦਾਦਾ ਜੀ ਹੋਰੀਂ ਤਿੰਨ ਭਰਾ ਸਨ ਅਤੇ ਜਦੋਂ ਉਹ ਪਾਕਿਸਤਾਨ ਤੋਂ ਭਾਰਤ ਆਏ ਸਨ ਤਾਂ ਸਰਕਾਰ ਨੇ ਉਨ੍ਹਾਂ ਨੂੰ 8 ਕਿੱਲੇ ਜ਼ਮੀਨ ਦਿੱਤੀ ਸੀ, ਜਿਸ ਨੂੰ ਉਨ੍ਹਾਂ ਨੇ ਮਿਹਨਤ ਨਾਲ ਵਾਹਿਆ। ਇਹ ਅੱਗੇ ਮੇਰੇ ਡੈਡੀ ਹੋਰਾਂ ਵਿੱਚ ਵੰਡੀ ਗਈ। ਮੇਰੇ ਡੈਡੀ ਹੋਰੀਂ ਪੰਜ ਭਰਾ ਸਨ। ਇਸ ਕਰਕੇ ਸਾਡੇ ਹਿੱਸੇ ਬਹੁਤ ਥੋੜ੍ਹੀ ਜ਼ਮੀਨ ਆਈ, ਪਰ ਆਰਥਿਕ ਤੰਗੀਆਂ ਕਾਰਨ ਉਹ ਜ਼ਮੀਨ ਵੀ ਕਿਸੇ ਕਾਰਨ ਵਿਕ ਗਈ।”
ਹਰਜਿੰਦਰ ਕਹਿੰਦੇ ਹਨ, “ਪਰ ਮੇਰੇ ਪਿਤਾ ਨੇ ਹਾਰ ਨਹੀਂ ਮੰਨੀ। ਉਹ ਲਗਾਤਾਰ ਮਿਹਨਤ ਕਰਦੇ ਰਹੇ। ਅਸੀਂ ਉਨ੍ਹਾਂ ਨੂੰ ਦੂਜਿਆਂ ਦੇ ਘਰ ਕੰਮ ਕਰਦੇ ਵੀ ਦੇਖਿਆ ਹੈ। ਉਹ ਪਸ਼ੂ ਪਾਲ ਕੇ ਘਰ ਦਾ ਗੁਜ਼ਾਰਾ ਚਲਾਉਂਦੇ ਸਨ।”
“ਮੈਨੂੰ ਲੱਗਦਾ ਹੈ ਕਿ ਮੇਰੇ ਅੰਦਰ ਮਿਹਨਤ ਅਤੇ ਲਗਨ ਮੇਰੇ ਪੁਰਖਿਆਂ ਤੋਂ ਹੀ ਹੈ, ਜੋ ਮੈਨੂੰ ਹਮੇਸ਼ਾ ਅੱਗੇ ਵਧਣ ਦੀ ਪ੍ਰੇਰਣਾ ਦਿੰਦੀ ਹੈ।”
ਟੋਕੇ ਵਾਲੀ ਮਸ਼ੀਨ ਚਲਾਉਣ ਨਾਲ ਆਈ ਮਜ਼ਬੂਤੀ

ਹਰਜਿੰਦਰ ਮੁਤਾਬਕ ਉਨ੍ਹਾਂ ਦੇ ਪਿਤਾ ਇੱਕ ਛੋਟੇ ਕਿਸਾਨ ਸਨ। ਪਸ਼ੂ ਪਾਲਣ ਹੀ ਉਨ੍ਹਾਂ ਦੀ ਆਮਦਨ ਦਾ ਮੁੱਖ ਸਾਧਨ ਸੀ। ਇਸ ਕਰਕੇ ਘਰ ਦੇ ਜੋ ਵੀ ਕੰਮ ਹੁੰਦੇ, ਉਹ ਸਾਰਾ ਪਰਿਵਾਰ ਮਿਲ ਕੇ ਕਰਦਾ ਸੀ।
ਸਿਲਵਰ ਮੈਡਲ ਜਿੱਤਣ ਮਗਰੋਂ ਵੀ ਹਰਜਿੰਦਰ ਆਪਣੇ ਪਿਤਾ ਨਾਲ ਪਸ਼ੂਆਂ ਵਾਲੇ ਵਾੜੇ ਵਿੱਚ ਜਾ ਕੇ ਮੱਝਾਂ ਨੂੰ ਖ਼ਾਸ ਤੌਰ ‘ਤੇ ਦੇਖ ਕੇ ਆਏ।
ਹਰਜਿੰਦਰ ਕਹਿੰਦੇ ਹਨ, “ਅਸੀਂ ਆਪਣੇ ਪਿਤਾ ਨਾਲ ਟੋਕੇ ਵਾਲੀ ਮਸ਼ੀਨ ਨਾਲ ਮੱਝਾਂ ਦਾ ਚਾਰਾ ਕੁਤਰਦੇ ਸਾਂ। ਪਸ਼ੂਆਂ ਦੀ ਸਾਂਭ-ਸੰਭਾਲ ਦਾ ਸਾਰਾ ਕੰਮ ਵੀ ਅਸੀਂ ਆਪਣੇ ਪਿਤਾ ਨਾਲ ਮਿਲ ਕੇ ਕਰਦੇ ਸਾਂ। ਜਦੋਂ ਮੇਰੇ ਪਿਤਾ ਦੇ ਦੋਸਤ ਆਉਂਦੇ ਤਾਂ ਉਹ ਪੁੱਛਦੇ ਕਿ ਤੁਸੀਂ ਮੁੰਡਿਆਂ ਵਾਲੇ ਕੰਮ ਕੁੜੀਆਂ ਤੋਂ ਕਰਵਾਉਂਦੇ ਹੋ, ਪਰ ਅਸੀਂ ਲੱਗੇ ਰਹਿੰਦੇ ਸਾਂ।”
ਹਰਜਿੰਦਰ ਮੰਨਦੇ ਹਨ ਕਿ ਉਨ੍ਹਾਂ ਦੀ ਸ਼ੁਰੂਆਤੀ ਟ੍ਰੇਨਿੰਗ ਘਰ ਦੇ ਕੰਮਾਂ ਤੋਂ ਹੀ ਮਿਲੀ। ਉਨ੍ਹਾਂ ਦੀ ਸਰੀਰਕ ਮਜ਼ਬੂਤੀ ਦਾ ਰਾਜ਼ ਇਹੀ ਹੈ ਕਿ ਉਹ ਆਪਣੇ ਘਰ ਦੇ ਸਾਰੇ ਕੰਮ ਕਰਦੇ ਸਨ ਅਤੇ ਬਾਅਦ ਵਿੱਚ ਟ੍ਰੇਨਿੰਗ ਨਾਲ ਉਨ੍ਹਾਂ ਦੀ ਖੇਡ ਨਿਖਰਦੀ ਗਈ।
ਚਾਰ ਸਾਲ ਪਹਿਲਾਂ ਵੇਟਲਿਫਟਿੰਗ ਛੱਡਣਾ ਚਾਹੁੰਦੇ ਸਨ ਹਰਜਿੰਦਰ

ਹਰਜਿੰਦਰ ਕਹਿੰਦੇ ਹਨ ਕਿ 2022 ਦੀਆਂ ਕਾਮਨਵੈਲਥ ਖੇਡਾਂ ਵਿੱਚ ਕਾਂਸੀ ਦਾ ਤਗਮਾ ਜਿੱਤਣ ਮਗਰੋਂ ਇੱਕ ਸਮਾਂ ਅਜਿਹਾ ਆਇਆ ਸੀ, ਜਦੋਂ ਉਹ ਵੇਟਲਿਫਟਿੰਗ ਛੱਡਣਾ ਚਾਹੁੰਦੇ ਸਨ।
ਇਸ ਦਾ ਕਾਰਨ ਦੱਸਦੇ ਹੋਏ ਉਹ ਕਹਿੰਦੇ ਹਨ, “ਉਸ ਸਮੇਂ ਮੈਨੂੰ ਇਹ ਲੱਗ ਰਿਹਾ ਸੀ ਕਿ ਨੌਕਰੀ ਪੱਖੋਂ ਮੈਨੂੰ ਕੁਝ ਨਹੀਂ ਮਿਲ ਰਿਹਾ ਸੀ। ਆਰਥਿਕ ਪੱਖੋਂ ਮੈਂ ਕਮਜ਼ੋਰ ਮਹਿਸੂਸ ਕਰ ਰਹੀ ਸੀ। ਜੋ ਸਾਧਨ ਮੈਨੂੰ ਚਾਹੀਦੇ ਸਨ, ਉਹ ਨਹੀਂ ਮਿਲ ਰਹੇ ਸਨ। ਇਸ ਕਰਕੇ ਮੈਂ ਉਦੋਂ ਸੋਚ ਲਿਆ ਸੀ ਕਿ ਮੈਂ ਵੇਟਲਿਫਟਿੰਗ ਕਰਨੀ ਛੱਡ ਦਿਆਂਗੀ।”
ਪਰ ਫਿਰ ਉਹ ਕਹਿੰਦੇ ਹਨ ਕਿ 2025 ਵਿੱਚ ਉਨ੍ਹਾਂ ਨੂੰ ਕੇਂਦਰ ਸਰਕਾਰ ਵੱਲੋਂ ਇਨਕਮ ਟੈਕਸ ਵਿਭਾਗ ਵਿੱਚ ਸਪੋਰਟਸ ਕੋਟੇ ਤਹਿਤ ਨੌਕਰੀ ਮਿਲ ਗਈ, ਜਿਸ ਨਾਲ ਉਨ੍ਹਾਂ ਨੂੰ ਇਹ ਸੰਤੁਸ਼ਟੀ ਮਿਲੀ ਕਿ ਉਨ੍ਹਾਂ ਨੂੰ ਆਰਥਿਕ ਤੌਰ ‘ਤੇ ਕੋਈ ਸਮੱਸਿਆ ਨਹੀਂ ਆਵੇਗੀ। ਜਿਸ ਤੋਂ ਬਾਅਦ ਮੁੜ ਉਨ੍ਹਾਂ ਨੇ ਆਪਣੀ ਖੇਡ ‘ਤੇ ਧਿਆਨ ਦੇਣਾ ਸ਼ੁਰੂ ਕਰ ਦਿੱਤਾ।
ਮਹਿਲਾ ਖਿਡਾਰੀਆਂ ਦੀ ਸਰੀਰਕ ਦਿੱਖ ‘ਤੇ ਹੁੰਦੇ ਸਵਾਲ
ਹਰਜਿੰਦਰ ਕਹਿੰਦੇ ਹਨ ਕਿ ਭਾਰਤ ਵਿੱਚ ਜਦੋਂ ਕੁੜੀਆਂ ਵੇਟਲਿਫਟਿੰਗ ਵਰਗੀ ਖੇਡ ਚੁਣਦੀਆਂ ਹਨ ਤਾਂ ਉਨ੍ਹਾਂ ਦੀ ਸਰੀਰਕ ਦਿੱਖ ਨੂੰ ਲੈ ਕੇ ਲੋਕ ਸਵਾਲ ਚੁੱਕਦੇ ਹਨ।
“ਡਾਈਟ ਅਤੇ ਟ੍ਰੇਨਿੰਗ ਨਾਲ ਸਰੀਰਕ ਦਿੱਖ ‘ਤੇ ਅਸਰ ਪੈਣਾ ਸੁਭਾਵਿਕ ਹੁੰਦਾ ਹੈ, ਪਰ ਲੋਕ ਇਹ ਨਹੀਂ ਸਮਝਦੇ। ਉਹ ਟਿੱਪਣੀਆਂ ਕਰਦੇ ਹਨ, ਜੋ ਨਹੀਂ ਹੋਣਾ ਚਾਹੀਦਾ। ਲੋਕਾਂ ਨੂੰ ਕੁੜੀਆਂ ਦੀ ਸਰੀਰਕ ਦਿੱਖ ਬਾਰੇ ਮਾੜਾ ਬੋਲਣਾ ਬੰਦ ਕਰਨਾ ਚਾਹੀਦਾ ਹੈ।”
ਪੰਜਾਬ ਸਰਕਾਰ ਨੂੰ ਅਪੀਲ
ਤਸਵੀਰ ਸਰੋਤ, Getty Images
ਗਲਾਸਗੋ ਕਾਮਨਵੈਲਥ ਖੇਡਾਂ ਵਿੱਚ ਸਿਲਵਰ ਮੈਡਲ ਜਿੱਤਣ ‘ਤੇ ਹਰਜਿੰਦਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਟਵੀਟ (ਹੁਣ ਐਕਸ) ਜਾਂ ਫ਼ੋਨ ਕਾਲ ਦੀ ਉਡੀਕ ਕਰ ਰਹੇ ਹਨ। ਉਹ ਕਹਿੰਦੇ ਹਨ ਕਿ ਜਦੋਂ ਸੂਬੇ ਦੇ ਮੁੱਖ ਮੰਤਰੀ ਤੁਹਾਡਾ ਹੌਂਸਲਾ ਵਧਾਉਂਦੇ ਹਨ ਤਾਂ ਹੋਰ ਮਿਹਨਤ ਕਰਨ ਦੀ ਹਿੰਮਤ ਮਿਲਦੀ ਹੈ, ਪਰ ਅਜੇ ਤੱਕ ਸੀਐੱਮ ਮਾਨ ਵੱਲੋਂ ਉਨ੍ਹਾਂ ਨਾਲ ਗੱਲ ਨਹੀਂ ਕੀਤੀ ਗਈ।
ਇਸ ਤੋਂ ਇਲਾਵਾ ਉਹ ਪੰਜਾਬ ਵਿੱਚ ਖੇਡਾਂ ਦੇ ਬੁਨਿਆਦੀ ਢਾਂਚੇ ‘ਤੇ ਸਵਾਲ ਖੜ੍ਹੇ ਕਰਦੇ ਹਨ। ਉਹ ਕਹਿੰਦੇ ਹਨ ਕਿ ਜਦੋਂ ਉਹ ਆਪਣੇ ਪਿੰਡ ਆਉਂਦੇ ਹਨ ਤਾਂ ਉਨ੍ਹਾਂ ਨੂੰ ਟ੍ਰੇਨਿੰਗ ਕਰਨ ਲਈ ਪਿੰਡ ਵਿੱਚ ਕੋਈ ਖੇਡ ਦਾ ਮੈਦਾਨ ਨਹੀਂ ਮਿਲਦਾ, ਜਿਸ ਕਾਰਨ ਉਹ ਕਾਫ਼ੀ ਦੁਖੀ ਹੁੰਦੇ ਹਨ।
ਉਹ ਕਹਿੰਦੇ ਹਨ ਕਿ ਜਦੋਂ ਅਸੀਂ ਵਿਦੇਸ਼ਾਂ ਵਿੱਚ ਜਾ ਕੇ ਉੱਥੋਂ ਦੇ ਖਿਡਾਰੀਆਂ ਨੂੰ ਮਿਲਦੇ ਹਾਂ ਤਾਂ ਸਾਨੂੰ ਮਹਿਸੂਸ ਹੁੰਦਾ ਹੈ ਕਿ ਸਾਡੇ ਕੋਲ ਕੀ-ਕੀ ਕਮੀਆਂ ਹਨ।
ਪੰਜਾਬ ਦੇ ਬਹੁਤ ਸਾਰੇ ਪਿੰਡਾਂ ਵਿੱਚ ਹਾਲੇ ਖੇਡ ਦੇ ਮੈਦਾਨ ਹੀ ਨਹੀਂ ਹਨ, ਜਿੱਥੇ ਨੌਜਵਾਨ ਖੇਡ ਸਕਣ। ਇਸ ਲਈ ਸਰਕਾਰ ਨੂੰ ਇਨ੍ਹਾਂ ਕੰਮਾਂ ਵੱਲ ਧਿਆਨ ਦੇਣਾ ਚਾਹੀਦਾ ਹੈ।
ਏਸ਼ਿਆਈ ਖੇਡਾਂ ਅਤੇ ਓਲੰਪਿਕ ਅਗਲਾ ਟੀਚਾ
ਹਰਜਿੰਦਰ ਦੱਸਦੇ ਹਨ ਕਿ ਉਹ ਆਪਣੇ ਇਸ ਵਾਰ ਦੇ ਪ੍ਰਦਰਸ਼ਨ ਤੋਂ ਸੰਤੁਸ਼ਟ ਹਨ। ਪਰ ਉਹ ਇਹ ਵੀ ਜਾਣਦੇ ਹਨ ਕਿ ਭਵਿੱਖ ਵਿੱਚ ਹੋਣ ਵਾਲੀਆਂ ਏਸ਼ਿਆਈ ਖੇਡਾਂ ਲਈ ਉਨ੍ਹਾਂ ਨੂੰ ਹੋਰ ਮਿਹਨਤ ਦੀ ਲੋੜ ਹੈ।
ਉਹ ਕਹਿੰਦੇ ਹਨ, “ਕੁਝ ਕਮੀਆਂ ਮੇਰੇ ਵਿੱਚ ਹਨ, ਜਿਨ੍ਹਾਂ ਉੱਤੇ ਹੁਣ ਮੈਂ ਚੰਗੀ ਤਰ੍ਹਾਂ ਕੰਮ ਕਰਾਂਗੀ ਅਤੇ ਕੋਸ਼ਿਸ਼ ਕਰਾਂਗੀ ਕਿ ਏਸ਼ਿਆਈ ਖੇਡਾਂ ਵਿੱਚ ਵੀ ਮੈਂ ਆਪਣਾ ਸ਼ਾਨਦਾਰ ਪ੍ਰਦਰਸ਼ਨ ਕਰਾਂ।”
ਗਲਾਸਗੋ ਵਿੱਚ ਹੋਈਆਂ ਕਾਮਨਵੈਲਥ ਗੇਮਜ਼ 2026 ਵਿੱਚ ਭਾਰਤ ਨੇ 39 ਤਗਮੇ ਜਿੱਤ ਕੇ ਮੈਡਲ ਟੈਲੀ ਵਿੱਚ ਚੌਥਾ ਸਥਾਨ ਹਾਸਿਲ ਕੀਤਾ ਹੈ।
ਭਾਰਤ ਵੱਲੋਂ ਜਿੱਤੇ ਗਏ 39 ਤਗਮਿਆਂ ਵਿੱਚੋਂ 13 ਸੋਨੇ ਦੇ, 17 ਚਾਂਦੀ ਦੇ ਅਤੇ 9 ਕਾਂਸੀ ਦੇ ਤਗਮੇ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI


