Home rss national punjabi2ਰਾਸ਼ਟਰੀ ਖ਼ਬਰਾਂ ਸ਼ੇਖ ਹਸੀਨਾ ਦੀ ਪ੍ਰੈਸ ਕਾਨਫਰੰਸ ਤੋਂ ਬਾਅਦ ਬੰਗਲਾਦੇਸ਼ ‘ਚ ਭਾਰੀ ਗੁੱਸਾ, ਸਾਬਕਾ...

ਸ਼ੇਖ ਹਸੀਨਾ ਦੀ ਪ੍ਰੈਸ ਕਾਨਫਰੰਸ ਤੋਂ ਬਾਅਦ ਬੰਗਲਾਦੇਸ਼ ‘ਚ ਭਾਰੀ ਗੁੱਸਾ, ਸਾਬਕਾ ਕ੍ਰਿਕਟ ਕਪਤਾਨ ਸ਼ਾਕਿਬ ਅਲ ਹਸਨ ਦੇ ਘਰ ‘ਤੇ ਹਮਲਾ

3
0

Source :- BBC PUNJABI

ਬੰਗਲਾਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ

ਤਸਵੀਰ ਸਰੋਤ, INDRANIL MUKHERJEE/AFP via Getty Images

ਪ੍ਰਕਾਸ਼ਿਤ

ਪੜ੍ਹਨ ਦਾ ਸਮਾਂ: 7 ਮਿੰਟ

ਬੰਗਲਾਦੇਸ਼ ਨੇ ਸਾਬਕਾ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਨੂੰ ਭਾਰਤ ਵਿੱਚ ਸਿੱਧੇ ਮੀਡੀਆ ਨਾਲ ਗੱਲਬਾਤ ਕਰਨ ਦੀ ਇਜਾਜ਼ਤ ਦਿੱਤੇ ਜਾਣ ‘ਤੇ ਸਖ਼ਤ ਇਤਰਾਜ਼ ਜਤਾਇਆ ਹੈ।

ਬੰਗਲਾਦੇਸ਼ ਸਰਕਾਰ ਨੇ ਕਿਹਾ, “ਉਸ ਪ੍ਰੋਗਰਾਮ ਰਾਹੀਂ ਸ਼ੇਖ਼ ਹਸੀਨਾ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੇ ਬੰਗਲਾਦੇਸ਼ੀ ਰਾਜ ਅਤੇ ਦੇਸ਼ ਦੇ ਲੋਕਾਂ ਦਾ ਮਜ਼ਾਕ ਉਡਾਇਆ ਹੈ।”

ਇਸ ਵਰਚੁਅਲ ਪ੍ਰੈਸ ਕਾਨਫ਼ਰੰਸ ਵਿੱਚ ਬੰਗਲਾਦੇਸ਼ ਦੇ ਸਾਬਕਾ ਕ੍ਰਿਕਟ ਕਪਤਾਨ ਸ਼ਾਕਿਬ ਅਲ ਹਸਨ ਦੇ ਨਜ਼ਰ ਆਉਣ ਤੋਂ ਬਾਅਦ ਬੁੱਧਵਾਰ ਰਾਤ ਉਨ੍ਹਾਂ ਦੇ ਘਰ ‘ਤੇ ਹਮਲਾ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ।

ਬੰਗਲਾਦੇਸ਼ ਅਵਾਮੀ ਲੀਗ ਨੇ ਐਕਸ ‘ਤੇ ਬਿਆਨ ਜਾਰੀ ਕਰਕੇ ਕਿਹਾ, “ਬੰਗਲਾਦੇਸ਼ ਦੇ ਮਸ਼ਹੂਰ ਕ੍ਰਿਕਟ ਆਈਕਨ ਸ਼ਾਕਿਬ ਅਲ ਹਸਨ ਦੀ ਰਿਹਾਇਸ਼ ‘ਤੇ ਪੈਟਰੋਲ ਬੰਬ ਨਾਲ ਇੱਕ ਭਿਆਨਕ ਹਮਲਾ ਕੀਤਾ ਗਿਆ। ਇਹ ਹਮਲਾ ਉਸ ਪ੍ਰੈਸ ਕਾਨਫ਼ਰੰਸ ਤੋਂ ਕੁਝ ਘੰਟਿਆਂ ਬਾਅਦ ਹੋਇਆ ਜਿਸ ਵਿੱਚ ਵਿਸ਼ਵ ਪ੍ਰਸਿੱਧ ਸਟਾਰ ਕ੍ਰਿਕਟਰ ਨੇ ਸਨਮਾਨਿਤ ਪਾਰਟੀ ਪ੍ਰਧਾਨ ਸ਼ੇਖ਼ ਹਸੀਨਾ ਦੇ ਨਾਲ ਹਿੱਸਾ ਲਿਆ ਸੀ।”

ਅਵਾਮੀ ਲੀਗ ਦੇ ਬਿਆਨ ਵਿੱਚ ਕਿਹਾ ਗਿਆ ਹੈ, “ਪ੍ਰੈਸ ਕਾਨਫ਼ਰੰਸ ਤੋਂ ਪਹਿਲਾਂ ਬੀਐਨਪੀ, ਇਸਲਾਮੀ ਜਮਾਤ ਅਤੇ ਐਨਸੀਪੀ ਨੇ ਜਨਤਕ ਤੌਰ ‘ਤੇ ਕੌਮੀ ਮੀਡੀਆ ਸੰਸਥਾਵਾਂ ਨੂੰ ਚੇਤਾਵਨੀ ਦਿੱਤੀ ਸੀ ਕਿ ਜੇ ਉਨ੍ਹਾਂ ਨੇ ਪ੍ਰੈਸ ਕਾਨਫ਼ਰੰਸ ਨਾਲ ਜੁੜੀਆਂ ਰਿਪੋਰਟਾਂ ਪ੍ਰਕਾਸ਼ਿਤ ਕੀਤੀਆਂ ਤਾਂ ਉਨ੍ਹਾਂ ਖ਼ਿਲਾਫ਼ ਨਿਆਂਪਾਲਿਕਾ ਦੀ ਵਰਤੋਂ ਕਰਕੇ ਮੁਕੱਦਮੇ ਦਰਜ ਕੀਤੇ ਜਾਣਗੇ।”

ਅਵਾਮੀ ਲੀਗ ਨੇ ਇਸ ਹਮਲੇ ਨੂੰ ਕਥਿਤ ਲੋਕਤੰਤਰ ਨਿਰਮਾਣ ਦੇ ਨਾਮ ‘ਤੇ ਪਾਰਟੀ ਵਰਕਰਾਂ ਖ਼ਿਲਾਫ਼ ਚੱਲ ਰਹੀ ਕਥਿਤ ਨਸਲਕੁਸ਼ੀ ਮੁਹਿੰਮ ਦੀ ਇੱਕ ਹੋਰ ਉਦਾਹਰਨ ਦੱਸਿਆ ਹੈ ਅਤੇ ਇਸ ਨੂੰ ਫਾਸੀਵਾਦ ਕਰਾਰ ਦਿੱਤਾ ਹੈ।

ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਨੂੰ ਮਨੁੱਖਤਾ ਵਿਰੁੱਧ ਅਪਰਾਧਾਂ ਦੇ ਮਾਮਲੇ ਵਿੱਚ ਮੌਤ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ। 5 ਅਗਸਤ 2024 ਨੂੰ ਸੱਤਾ ਤੋਂ ਹਟਾਏ ਜਾਣ ਤੋਂ ਬਾਅਦ ਉਹ ਭਾਰਤ ਵਿੱਚ ਹਨ।

ਹਾਲਾਂਕਿ ਪਿਛਲੇ ਦੋ ਸਾਲਾਂ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਉਨ੍ਹਾਂ ਨੇ ਵਰਚੁਅਲ ਮਾਧਿਅਮ ਰਾਹੀਂ ਸਿੱਧੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਹਨ।

ਉਨ੍ਹਾਂ ਨੇ ਅਜਿਹੇ ਸਮੇਂ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ ਜਦੋਂ ਬੰਗਲਾਦੇਸ਼ ਵਿੱਚ 5 ਅਗਸਤ ਨੂੰ ਲੈ ਕੇ ਕਈ ਸਰਕਾਰੀ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ।

ਬੰਗਲਾਦੇਸ਼ ਨੇ ਪ੍ਰਗਟਾਇਆ ਸਖ਼ਤ ਇਤਰਾਜ਼

ਬੰਗਲਾਦੇਸ਼ ਦੇ ਵਿਦੇਸ਼ ਮੰਤਰਾਲੇ ਦੁਆਰਾ ਜਾਰੀ ਬਿਆਨ

ਤਸਵੀਰ ਸਰੋਤ, @BDMOFA / X

ਬੰਗਲਾਦੇਸ਼ ਦੇ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ, “ਸਰਕਾਰ ਪਹਿਲਾਂ ਹੀ ਇਸ ਪ੍ਰੋਗਰਾਮ ਦੇ ਬੰਗਲਾਦੇਸ਼-ਭਾਰਤ ਦੁਵੱਲੇ ਸੰਬੰਧਾਂ ਦੇ ਪੁਨਰ-ਨਿਰਮਾਣ ‘ਤੇ ਪੈਣ ਵਾਲੇ ਪ੍ਰਭਾਵ ਨੂੰ ਲੈ ਕੇ ਚਿੰਤਾ ਜਤਾ ਚੁੱਕੀ ਸੀ। ਇਸ ਦੇ ਬਾਵਜੂਦ ਢਾਕਾ ਅਜਿਹੇ ਜਨਤਕ ਪ੍ਰੋਗਰਾਮ ਦੀ ਇਜਾਜ਼ਤ ਦਿੱਤੇ ਜਾਣ ‘ਤੇ ਅਫ਼ਸੋਸ ਪ੍ਰਗਟ ਕਰਦਾ ਹੈ।”

ਬੁੱਧਵਾਰ ਸ਼ਾਮ ਸ਼ੇਖ਼ ਹਸੀਨਾ ਨੇ ਦਿੱਲੀ ਦੇ ਫ਼ੌਰਨ ਕੌਰਸਪਾਂਡੈਂਟਸ ਕਲੱਬ ਆਫ਼ ਸਾਊਥ ਏਸ਼ੀਆ ਵੱਲੋਂ ਆਯੋਜਿਤ ਪ੍ਰੈਸ ਕਾਨਫ਼ਰੰਸ ਨੂੰ ਵਰਚੁਅਲੀ ਸੰਬੋਧਨ ਕੀਤਾ।

ਉਨ੍ਹਾਂ ਨੇ ਇੱਕ ਵਾਰ ਫਿਰ ਐਲਾਨ ਕੀਤਾ ਕਿ ਉਹ ਬੰਗਲਾਦੇਸ਼ ਵਾਪਸ ਜਾਣਗੇ। ਉਨ੍ਹਾਂ ਕਿਹਾ ਕਿ ਉਹ ਦਸੰਬਰ ਤੱਕ ਵਾਪਸੀ ਕਰਨਗੇ, ਪਰ ਕੋਈ ਤੈਅ ਤਾਰੀਖ਼ ਨਹੀਂ ਦੱਸੀ।

ਇਸ ਤੋਂ ਕੁਝ ਹੀ ਸਮੇਂ ਬਾਅਦ ਰਾਤ ਕਰੀਬ 11 ਵਜੇ ਬੰਗਲਾਦੇਸ਼ ਦੇ ਵਿਦੇਸ਼ ਮੰਤਰਾਲੇ ਦੇ ਫੇਸਬੁੱਕ ਪੇਜ ‘ਤੇ ਇੱਕ ਬਿਆਨ ਜਾਰੀ ਕੀਤਾ ਗਿਆ।

ਬੰਗਲਾਦੇਸ਼ ਦੇ ਵਿਦੇਸ਼ ਮੰਤਰਾਲੇ ਨੇ ਬਿਆਨ ਵਿੱਚ ਕਿਹਾ, “ਭਾਰਤੀ ਧਰਤੀ ‘ਤੇ ਸ਼ੇਖ਼ ਹਸੀਨਾ ਦੀ ਪ੍ਰੈਸ ਕਾਨਫ਼ਰੰਸ ਉਸ ਦਿਨ ਹੋਈ ਜਦੋਂ ਬੰਗਲਾਦੇਸ਼ ਦੀ ਜਨਤਾ ਜੁਲਾਈ ਕ੍ਰਾਂਤੀ ਦੀ ਦੂਜੀ ਵਰ੍ਹੇਗੰਢ ਮਨਾ ਰਹੀ ਸੀ। ਇਹ ਬੰਗਲਾਦੇਸ਼ ਦੀ ਸੰਪ੍ਰਭੂਤਾ ‘ਤੇ ਹਮਲਾ ਹੈ ਅਤੇ ਜੁਲਾਈ ਕ੍ਰਾਂਤੀ ਦੇ ਸ਼ਹੀਦਾਂ ਦਾ ਅਪਮਾਨ ਹੈ।”

ਬਿਆਨ ਵਿੱਚ ਅੱਗੇ ਕਿਹਾ ਗਿਆ, “ਇਸ ਦੇਸ਼ ਦੀ ਜਨਤਾ ਨੇ ਜੁਲਾਈ ਕ੍ਰਾਂਤੀ ਦੀ ਭਾਵਨਾ ਨੂੰ ਅਪਣਾਉਂਦੇ ਹੋਏ ਦ੍ਰਿੜ੍ਹ ਸੰਕਲਪ ਕੀਤਾ ਹੈ ਕਿ ਸਾਡਾ ਰਾਸ਼ਟਰ ਕਦੇ ਵੀ ਫਾਸੀਵਾਦ ਦੇ ਉਨ੍ਹਾਂ ਹਨੇਰੇ ਭਰੇ ਦਿਨਾਂ ਵਿੱਚ ਵਾਪਸ ਨਹੀਂ ਜਾਵੇਗਾ ਅਤੇ ਬੰਗਲਾਦੇਸ਼ ਕਦੇ ਕਿਸੇ ਦਾ ਵਫ਼ਾਦਾਰ ਜਾਂ ਸਰਪ੍ਰਸਤ ਰਾਜ ਨਹੀਂ ਬਣੇਗਾ। ਨਸਲਕੁਸ਼ੀ ਦੀ ਦੋਸ਼ੀ (ਸ਼ੇਖ਼) ਹਸੀਨਾ ਅਤੇ ਉਨ੍ਹਾਂ ਦਾ ਮਾਫੀਆ ਗਿਰੋਹ ਹੁਣ ਕਦੇ ਵੀ ਬੰਗਲਾਦੇਸ਼ ਦੀ ਰਾਜਨੀਤੀ ਵਿੱਚ ਥਾਂ ਨਹੀਂ ਪਾਵੇਗਾ।”

ਬੰਗਲਾਦੇਸ਼ ਦੇ ਵਿਦੇਸ਼ ਮੰਤਰਾਲੇ ਨੇ ਕਿਹਾ, “ਬੰਗਲਾਦੇਸ਼ ਸੰਪ੍ਰਭੂ ਸਮਾਨਤਾ, ਆਪਸੀ ਸਨਮਾਨ, ਇੱਕ-ਦੂਜੇ ਦੇ ਅੰਦਰੂਨੀ ਮਾਮਲਿਆਂ ਵਿੱਚ ਦਖ਼ਲਅੰਦਾਜ਼ੀ ਨਾ ਕਰਨ ਅਤੇ ਰਾਸ਼ਟਰੀ ਮਾਣ-ਸਨਮਾਨ ਦੇ ਆਧਾਰ ‘ਤੇ ਭਾਰਤ ਨਾਲ ਰਚਨਾਤਮਕ, ਆਪਸੀ ਤੌਰ ‘ਤੇ ਲਾਭਦਾਇਕ ਅਤੇ ਭਵਿੱਖ ਵੱਲ ਦੇਖਣ ਵਾਲੇ ਸੰਬੰਧ ਬਣਾਈ ਰੱਖਣਾ ਚਾਹੁੰਦਾ ਹੈ।”

ਬਿਆਨ ਵਿੱਚ ਸ਼ੇਖ਼ ਹਸੀਨਾ ਦੀ ਹਵਾਲਗੀ ਸਬੰਧੀ ਵੀ ਨਿਰਾਸ਼ਾ ਪ੍ਰਗਟ ਕੀਤੀ ਗਈ ਹੈ।

ਇਸ ਵਿੱਚ ਕਿਹਾ ਗਿਆ ਹੈ, “ਅਫ਼ਸੋਸ ਦੀ ਗੱਲ ਹੈ ਕਿ ਬੰਗਲਾਦੇਸ਼ ਅਤੇ ਭਾਰਤ ਦਰਮਿਆਨ 2013 ਵਿੱਚ ਹੋਈ ਹਵਾਲਗੀ ਸੰਧੀ ਤਹਿਤ ਦੋਸ਼ੀ ਅਪਰਾਧੀ (ਸ਼ੇਖ਼) ਹਸੀਨਾ ਨੂੰ ਵਾਪਸ ਭੇਜਣ ਲਈ ਬੰਗਲਾਦੇਸ਼ ਵੱਲੋਂ ਵਾਰ-ਵਾਰ ਕੀਤੀਆਂ ਗਈਆਂ ਬੇਨਤੀਆਂ ‘ਤੇ ਭਾਰਤ ਸਰਕਾਰ ਵੱਲੋਂ ਹੁਣ ਤੱਕ ਕੋਈ ਜਵਾਬ ਨਹੀਂ ਮਿਲਿਆ ਹੈ।”

“ਇਸ ਦੇ ਉਲਟ, ਕਿਸੇ ਵੀ ਬਹਾਨੇ ਨਾਲ ਉਨ੍ਹਾਂ ਨੂੰ ਜਨਤਕ ਤੌਰ ‘ਤੇ ਮੀਡੀਆ ਨਾਲ ਗੱਲਬਾਤ ਕਰਨ ਦਾ ਮੌਕਾ ਦੇਣਾ ਇਸ ਦੇਸ਼ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦਾ ਹੈ ਅਤੇ ਬੰਗਲਾਦੇਸ਼ ਤੇ ਭਾਰਤ ਦਰਮਿਆਨ ਮਜ਼ਬੂਤ ਦੁਵੱਲੇ ਸੰਬੰਧਾਂ ਦੇ ਨਿਰਮਾਣ ਲਈ ਬੇਹੱਦ ਨੁਕਸਾਨਦੇਹ ਹੈ।”

ਭਾਰਤ ਦਾ ਜਵਾਬ

ਇਸ ਤੋਂ ਪਹਿਲਾਂ ਪਿਛਲੇ ਮੰਗਲਵਾਰ ਨੂੰ ਪੱਤਰਕਾਰਾਂ ਨੇ ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਤੋਂ ਇਸ ਪ੍ਰੈਸ ਕਾਨਫ਼ਰੰਸ ਬਾਰੇ ਪ੍ਰਤੀਕਿਰਿਆ ਮੰਗੀ ਸੀ।

ਉਨ੍ਹਾਂ ਤੋਂ ਪੁੱਛਿਆ ਗਿਆ ਸੀ ਕਿ ਬੁੱਧਵਾਰ ਨੂੰ ਹੋਣ ਵਾਲੀ ਸ਼ੇਖ਼ ਹਸੀਨਾ ਦੀ ਪ੍ਰੈਸ ਕਾਨਫ਼ਰੰਸ ਬਾਰੇ ਭਾਰਤ ਦਾ ਕੀ ਰੁਖ਼ ਹੈ, ਜਿਸ ਨੂੰ ਲੈ ਕੇ ਬੰਗਲਾਦੇਸ਼ ਪਹਿਲਾਂ ਹੀ ਚਿੰਤਾ ਜਤਾ ਚੁੱਕਾ ਹੈ।

ਜਵਾਬ ਵਿੱਚ ਬੁਲਾਰੇ ਰਣਧੀਰ ਜਾਇਸਵਾਲ ਨੇ ਕਿਹਾ, “ਉਸ ਪ੍ਰੋਗਰਾਮ ਦਾ ਆਯੋਜਨ ਇੱਕ ਨਿੱਜੀ ਸੰਸਥਾ ਕਰ ਰਹੀ ਹੈ। ਭਾਰਤ ਸਰਕਾਰ ਦਾ ਉਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉੱਥੇ ਪ੍ਰਗਟ ਕੀਤੇ ਗਏ ਕਿਸੇ ਵੀ ਵਿਚਾਰ ਜਾਂ ਬਿਆਨ ਦਾ ਭਾਰਤ ਸਰਕਾਰ ਸਮਰਥਨ ਨਹੀਂ ਕਰਦੀ ਅਤੇ ਸਾਡਾ ਉਨ੍ਹਾਂ ਨਾਲ ਕੋਈ ਸਬੰਧ ਨਹੀਂ ਹੈ।”

ਇਸ ਤੋਂ ਇੱਕ ਦਿਨ ਪਹਿਲਾਂ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਦੇ ਵਿਦੇਸ਼ ਮਾਮਲਿਆਂ ਦੇ ਸਲਾਹਕਾਰ ਹੁਮਾਯੂੰ ਕਬੀਰ ਨੇ ਭਾਰਤ ਦੇ ਨਵੇਂ ਨਿਯੁਕਤ ਹੋਏ ਹਾਈ ਕਮਿਸ਼ਨਰ ਦਿਨੇਸ਼ ਤ੍ਰਿਵੇਦੀ ਨਾਲ ਵੀ ਇਸ ਬਾਰੇ ਗੱਲ ਕੀਤੀ ਸੀ ਅਤੇ ਭਾਰਤ ਤੋਂ ਸਹਿਯੋਗ ਮੰਗਿਆ ਸੀ।

ਉਨ੍ਹਾਂ ਨੇ ਕਿਹਾ ਸੀ, “ਬੰਗਲਾਦੇਸ਼ ਨੂੰ ਉਮੀਦ ਹੈ ਕਿ ਭਾਰਤ ਇਹ ਯਕੀਨੀ ਬਣਾਉਣ ਵਿੱਚ ਸਹਿਯੋਗ ਕਰੇਗਾ ਕਿ ਅਹੁਦੇ ਤੋਂ ਹਟਾਈ ਗਈ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਸਮੇਤ ਪਾਬੰਦੀਸ਼ੁਦਾ ਅਵਾਮੀ ਲੀਗ ਨਾਲ ਜੁੜਿਆ ਕੋਈ ਵੀ ਵਿਅਕਤੀ ਸਿਆਸੀ ਬਿਆਨ ਦੇਣ ਜਾਂ ਬੰਗਲਾਦੇਸ਼ ਦੇ ਅੰਦਰ ਅਸਥਿਰਤਾ ਪੈਦਾ ਕਰਨ ਵਾਲੀ ਕਿਸੇ ਵੀ ਗਤੀਵਿਧੀ ਲਈ ਭਾਰਤ ਦੀ ਧਰਤੀ ਦੀ ਵਰਤੋਂ ਨਹੀਂ ਕਰੇਗਾ।”

ਉਨ੍ਹਾਂ ਦਾ ਕਹਿਣਾ ਸੀ, “ਮਨੁੱਖਤਾ ਵਿਰੁੱਧ ਅਪਰਾਧਾਂ ਦੇ ਮਾਮਲੇ ਵਿੱਚ ਮੌਤ ਦੀ ਸਜ਼ਾ ਪਾਉਣ ਵਾਲੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਦਿੱਲੀ ਤੋਂ ਕੋਈ ਸਿਆਸੀ ਬਿਆਨ ਨਾ ਦੇਣ ਅਤੇ ਨਾ ਹੀ ਕੋਈ ਸਿਆਸੀ ਗਤੀਵਿਧੀ ਚਲਾਉਣ।”

ਬੰਗਲਾਦੇਸ਼ ਵਿੱਚ ਹਸੀਨਾ ਦੀ ਖ਼ਬਰ ‘ਤੇ ਪਾਬੰਦੀ

5 ਅਗਸਤ ਨੂੰ ਦਿੱਲੀ ਵਿੱਚ ਸ਼ੇਖ ਹਸੀਨਾ ਦੀ ਪ੍ਰੈਸ ਕਾਨਫਰੰਸ ਵਿੱਚ ਅਵਾਮੀ ਲੀਗ ਦੇ ਆਗੂਆਂ ਨੇ ਵੀ ਗੱਲ ਰੱਖੀ

ਤਸਵੀਰ ਸਰੋਤ, ANI

ਬੀਬੀਸੀ ਬੰਗਲਾ ਦੀ ਇੱਕ ਰਿਪੋਰਟ ਮੁਤਾਬਕ ਪ੍ਰੈਸ ਕਾਨਫ਼ਰੰਸ ਬਾਰੇ ਅਵਾਮੀ ਲੀਗ ਦੇ ਐਲਾਨ ਤੋਂ ਬਾਅਦ ਬੰਗਲਾਦੇਸ਼ ਸਰਕਾਰ ਨੇ ਅਦਾਲਤੀ ਪਾਬੰਦੀ ਦਾ ਹਵਾਲਾ ਦਿੰਦਿਆਂ ਮੀਡੀਆ ਨੂੰ ਉਨ੍ਹਾਂ ਦੇ ਬਿਆਨਾਂ ਦੀ ਰਿਪੋਰਟਿੰਗ ਨਾ ਕਰਨ ਦੀ ਚੇਤਾਵਨੀ ਦਿੱਤੀ ਸੀ।

ਬੰਗਲਾਦੇਸ਼ ਸਰਕਾਰ ਦੇ ਪ੍ਰਧਾਨ ਮੰਤਰੀ ਦੇ ਸੂਚਨਾ ਅਤੇ ਪ੍ਰਸਾਰਣ ਸਲਾਹਕਾਰ ਡਾ. ਜ਼ਾਹੇਦ ਉਰ ਰਹਮਾਨ ਨੇ ਇਸ ਦੀ ਜਾਣਕਾਰੀ ਦਿੱਤੀ ਸੀ।

ਢਾਕਾ ਵਿੱਚ ਅੰਤਰਰਾਸ਼ਟਰੀ ਅਪਰਾਧ ਨਿਆਂ ਅਧਿਕਰਣ ਦੇ ਮੁੱਖ ਸਰਕਾਰੀ ਵਕੀਲ ਮੁਹੰਮਦ ਅਮੀਨੁਲ ਇਸਲਾਮ ਨੇ ਕਿਹਾ ਸੀ ਕਿ ਅਧਿਕਰਣ ਨੇ ਸ਼ੇਖ਼ ਹਸੀਨਾ ਦੇ “ਨਫ਼ਰਤ ਫੈਲਾਉਣ ਵਾਲੇ” ਬਿਆਨਾਂ ਦੇ ਪ੍ਰਸਾਰਣ ‘ਤੇ ਰੋਕ ਲਗਾ ਦਿੱਤੀ ਹੈ ਅਤੇ ਇਹ ਪਾਬੰਦੀ ਮੀਡੀਆ ਅਤੇ ਸੋਸ਼ਲ ਮੀਡੀਆ ਸਮੇਤ ਸਭ ‘ਤੇ ਲਾਗੂ ਹੋਵੇਗੀ।

ਅੰਤਰਿਮ ਸਰਕਾਰ ਦੇ ਦੌਰਾਨ ਸ਼ੇਖ਼ ਹਸੀਨਾ ਦੀ ਅਵਾਮੀ ਲੀਗ ਪਾਰਟੀ ‘ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਚੋਣ ਕਮਿਸ਼ਨ ਨੇ ਪਾਰਟੀ ਦੀ ਰਜਿਸਟ੍ਰੇਸ਼ਨ ਮੁਅੱਤਲ ਕਰ ਦਿੱਤੀ ਸੀ ਅਤੇ ਇਸ ਸਾਲ ਹੋਈਆਂ ਸੰਸਦੀ ਚੋਣਾਂ ਵਿੱਚ ਪਾਰਟੀ ਹਿੱਸਾ ਨਹੀਂ ਲੈ ਸਕੀ।

5 ਦਸੰਬਰ 2024 ਨੂੰ ਅੰਤਰਰਾਸ਼ਟਰੀ ਅਪਰਾਧ ਨਿਆਂ ਅਧਿਕਰਣ ਨੇ ਮੀਡੀਆ ਅਤੇ ਸੋਸ਼ਲ ਮੀਡੀਆ ‘ਤੇ ਸ਼ੇਖ਼ ਹਸੀਨਾ ਦੇ “ਨਫ਼ਰਤੀ ਭਾਸ਼ਣਾਂ” ਦੇ ਪ੍ਰਸਾਰਣ ‘ਤੇ ਰੋਕ ਲਗਾ ਦਿੱਤੀ ਸੀ।

ਡਾ. ਜ਼ਾਹੇਦ ਉਰ ਰਹਮਾਨ ਨੇ ਮੰਗਲਵਾਰ ਨੂੰ ਸਕੱਤਰੇਤ ਵਿੱਚ ਆਯੋਜਿਤ ਪ੍ਰੈਸ ਕਾਨਫ਼ਰੰਸ ਵਿੱਚ ਕਿਹਾ ਕਿ ਬੰਗਲਾਦੇਸ਼ ਸਰਕਾਰ ਮੀਡੀਆ ਨੂੰ ਸ਼ੇਖ਼ ਹਸੀਨਾ ਦੇ ਬਿਆਨ ਨਾਲ ਸਬੰਧਤ ਖ਼ਬਰਾਂ ਪ੍ਰਸਾਰਿਤ ਨਾ ਕਰਨ ਦੀ ਚੇਤਾਵਨੀ ਦਿੰਦੀ ਹੈ।

ਉਨ੍ਹਾਂ ਕਿਹਾ, “ਉਹ ਫਿਰ ਬੋਲਣਗੇ। ਜੇ ਕਿਸੇ ਨੇ ਇਹ ਖ਼ਬਰ ਦਿੱਤੀ ਹੈ ਕਿ ਉਹ ਕੱਲ੍ਹ ਬੋਲਣਗੇ, ਜੇ ਕੋਈ ਇਸ ਦੀ ਪਹਿਲਾਂ ਹੀ ਘੋਸ਼ਣਾ ਕਰਦਾ ਹੈ ਜਾਂ ਉਸ ਨੂੰ ਪ੍ਰਕਾਸ਼ਿਤ ਕਰਦਾ ਹੈ, ਤਾਂ ਇਹ ਨਿਸ਼ਚਿਤ ਤੌਰ ‘ਤੇ ਅਦਾਲਤ ਦੇ ਹੁਕਮ ਦੀ ਉਲੰਘਣਾ ਹੋਵੇਗੀ। ਇਸ ਸਬੰਧ ਵਿੱਚ ਅਸੀਂ ਕਾਰਵਾਈ ਕਰਾਂਗੇ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI