Home rss national punjabi2ਰਾਸ਼ਟਰੀ ਖ਼ਬਰਾਂ ਜੱਗੀ ਜੌਹਲ ਨੂੰ ਦਿੱਲੀ ਹਾਈ ਕੋਰਟ ਨੇ ਦਿੱਤੀ ਜ਼ਮਾਨਤ, ਜਾਣੋ ਕੀ ਹਨ...

ਜੱਗੀ ਜੌਹਲ ਨੂੰ ਦਿੱਲੀ ਹਾਈ ਕੋਰਟ ਨੇ ਦਿੱਤੀ ਜ਼ਮਾਨਤ, ਜਾਣੋ ਕੀ ਹਨ ਜੌਹਲ ਨਾਲ ਜੁੜੇ ਮਾਮਲੇ ਅਤੇ ਹੁਣ ਤੱਕ ਕੀ-ਕੀ ਹੋਇਆ ਹੈ

5
0

Source :- BBC PUNJABI

ਜੱਗੀ ਜੌਹਲ

ਤਸਵੀਰ ਸਰੋਤ, Gupreet Singh Johal

ਪ੍ਰਕਾਸ਼ਿਤ

ਪੜ੍ਹਨ ਦਾ ਸਮਾਂ: 8 ਮਿੰਟ

ਜਗਤਾਰ ਸਿੰਘ ਜੌਹਲ ਉਰਫ਼ ਜੱਗੀ ਜੌਹਲ ਨੂੰ ਦਿੱਲੀ ਹਾਈ ਕੋਰਟ ਨੇ ਕਤਲ ਅਤੇ ਯੂਏਪੀਏ ਦੇ ਸੱਤ ਮਾਮਲਿਆਂ ਵਿੱਚ ਜ਼ਮਾਨਤ ਦੇ ਦਿੱਤੀ ਹੈ। ਇਨ੍ਹਾਂ ਮਾਮਲਿਆਂ ਦੀ ਜਾਂਚ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨਆਈਏ) ਕਰ ਰਹੀ ਸੀ।

ਬੀਬੀਸੀ ਪੱਤਰਕਾਰ ਵਨੀਤ ਮੁਤਾਬਕ, ਹਾਈ ਕੋਰਟ ਵੱਲੋਂ ਜੱਗੀ ਜੌਹਲ ਨੂੰ ਜ਼ਮਾਨਤ ਦਿੱਤੀ ਗਈ ਹੈ, ਹਾਲਾਂਕਿ ਅਦਾਲਤ ਦਾ ਡੀਟੇਲ ਆਰਡਰ ਫ਼ਿਲਹਾਲ ਜਾਰੀ ਨਹੀਂ ਹੋਇਆ।

ਇਹ ਅਰਜ਼ੀਆਂ ਪੰਜਾਬ ਦੇ ਲੁਧਿਆਣਾ ਅਤੇ ਜਲੰਧਰ ਜ਼ਿਲ੍ਹਿਆਂ ਵਿੱਚ 2016-2017 ਦੌਰਾਨ ਹੋਈਆਂ ਟਾਰਗੇਟਡ ਹੱਤਿਆਵਾਂ ਦੀਆਂ ਘਟਨਾਵਾਂ ਨਾਲ ਜੁੜੇ ਯੂਏਪੀਏ ਮਾਮਲਿਆਂ ਵਿੱਚ ਦਾਇਰ ਕੀਤੀਆਂ ਗਈਆਂ ਸਨ।

ਬੀਬੀਸੀ ਪੱਤਰਕਾਰ ਹਰਮਨਦੀਪ ਸਿੰਘ ਮੁਤਾਬਕ, ਵਕੀਲ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਉਨ੍ਹਾਂ ‘ਤੇ ਕੁੱਲ 11 ਮਾਮਲੇ ਚੱਲ ਰਹੇ ਸਨ। ਇਨ੍ਹਾਂ ਵਿੱਚੋਂ ਤਿੰਨ ਮਾਮਲਿਆਂ ਵਿੱਚ ਉਨ੍ਹਾਂ ਨੂੰ ਪਹਿਲਾਂ ਹੀ ਬਰੀ ਕੀਤਾ ਜਾ ਚੁੱਕਾ ਹੈ। ਬਾਕੀ ਅੱਠ ਮਾਮਲੇ ਐੱਨਆਈਏ ਨਾਲ ਜੁੜੇ ਹੋਏ ਸਨ।

ਵਕੀਲ ਨੇ ਦੱਸਿਆ ਕਿ ਜੌਹਲ ਨੂੰ ਪਹਿਲਾਂ ਹੀ ਇਨ੍ਹਾਂ ਵਿੱਚੋਂ ਇੱਕ ਮਾਮਲੇ ਵਿੱਚ ਜ਼ਮਾਨਤ ਮਿਲ ਚੁੱਕੀ ਸੀ ਅਤੇ ਹੁਣ ਬਾਕੀ ਸੱਤ ਮਾਮਲਿਆਂ ਵਿੱਚ ਵੀ ਜ਼ਮਾਨਤ ਮਿਲ ਗਈ ਹੈ।

ਵਕੀਲ ਜਸਪਾਲ ਸਿੰਘ ਮੰਝਪੁਰ ਦੇ ਮੁਤਾਬਕ, ਉਹ ਅਦਾਲਤ ਵਿੱਚ ਸੁਣਵਾਈ ਦੌਰਾਨ ਜੱਗੀ ਦਾ ਪੱਖ ਰੱਖਦੇ ਹਨ। ਹਾਲਾਂਕਿ, ਹਾਲੀਆ ਮਾਮਲਿਆਂ ਵਿੱਚ ਇੱਕ ਵੱਖਰੀ ਕਾਨੂੰਨੀ ਟੀਮ ਸ਼ਾਮਿਲ ਸੀ।

ਜ਼ਮਾਨਤ ਮਿਲਣ ‘ਤੇ ਜੱਗੀ ਜੌਹਲ ਦੇ ਪਰਿਵਾਰ ਨੇ ਕੀ ਕਿਹਾ ?

ਬੀਬੀਸੀ ਪੱਤਰਕਾਰ ਕੇਟੀ ਹੰਟਰ ਦੀ ਰਿਪੋਰਟ ਮੁਤਾਬਕ ਜੱਗੀ ਜੌਹਲ ਦੇ ਪਰਿਵਾਰ ਨੇ ਕਿਹਾ ਕਿ ਉਹ ਅਜੇ ਵੀ ਜ਼ਮਾਨਤ ਨਾਲ ਜੁੜੇ ਵੇਰਵਿਆਂ ਦੀ ਉਡੀਕ ਕਰ ਰਹੇ ਹਨ ਕਿ ਅੱਗੇ ਕੀ ਹੋਵੇਗਾ ਪਰ ਭਾਰਤੀ ਅਦਾਲਤ ਦੇ ਫ਼ੈਸਲੇ ਨਾਲ ਉਹ “ਰਾਹਤ” ਮਹਿਸੂਸ ਕਰ ਰਹੇ ਹਨ।

ਜੱਗੀ ਜੌਹਲ ਦੇ ਭਰਾ ਗੁਰਪ੍ਰੀਤ ਸਿੰਘ ਜੌਹਲ ਵੱਲੋਂ ਉਨ੍ਹਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਲਗਾਤਾਰ ਸਰਕਾਰਾਂ ਕੋਲ ਆਵਾਜ਼ ਚੁੱਕੀ ਜਾਂਦੀ ਰਹੀ ਹੈ।

ਗੁਰਪ੍ਰੀਤ ਸਿੰਘ ਜੌਹਲ ਨੇ ਬੀਬੀਸੀ ਦੇ ‘ਰੇਡੀਓ ਸਕੌਟਲੈਂਡ ਬ੍ਰੇਕਫਾਸਟ’ ਪ੍ਰੋਗਰਾਮ ਦੌਰਾਨ ਗੱਲਬਾਤ ਕਰਦਿਆਂ ਦੱਸਿਆ, “ਜਗਤਾਰ ਦੀ ਰਿਹਾਈ ਲਈ ਚੱਲ ਰਹੀ ਮੁਹਿੰਮ ਲਈ ਇਹ ਇੱਕ ਬਹੁਤ ਮਹੱਤਵਪੂਰਨ ਪੜਾਅ ਹੈ।”

“ਇਹ ਬਹੁਤ ਲੰਬਾ ਅਤੇ ਮਹਿੰਗਾ ਸਫ਼ਰ ਰਿਹਾ ਹੈ ਪਰ ਭਾਈਚਾਰੇ ਅਤੇ ਲੋਕਾਂ ਨੇ ਮੈਨੂੰ ਜਗਤਾਰ ਨੂੰ ਘਰ ਲਿਆਉਣ ਲਈ ਮੁਹਿੰਮ ਜਾਰੀ ਰੱਖਣ ਦੀ ਹਿੰਮਤ ਦਿੱਤੀ ਹੈ।”

“ਇਹ ਉਸ ਲਈ ਬਹੁਤ ਵੱਡੀ ਰਾਹਤ ਹੋਵੇਗੀ।”

ਗੁਰਪ੍ਰੀਤ ਨੇ ਕਿਹਾ ਕਿ ਉਨ੍ਹਾਂ ਨੂੰ ਜ਼ਮਾਨਤ ਦੀਆਂ ਸਹੀ ਸ਼ਰਤਾਂ ਬਾਰੇ ਪਤਾ ਨਹੀਂ ਹੈ ਪਰ ਉਨ੍ਹਾਂ ਨੂੰ ਉਮੀਦ ਹੈ ਕਿ ਕੁਝ ਰਕਮ ਜਮ੍ਹਾਂ ਕਰਵਾਉਣੀ ਪਵੇਗੀ ਅਤੇ ਜਗਤਾਰ ਨੂੰ ਭਾਰਤ ਵਿੱਚ ਹੀ ਰਹਿਣਾ ਪਵੇਗਾ ਜਾਂ ਦੇਸ਼ ਛੱਡਣ ਲਈ ਇਜਾਜ਼ਤ ਲੈਣੀ ਪਵੇਗੀ।

ਉਨ੍ਹਾਂ ਅੱਗੇ ਕਿਹਾ ਕਿ ਇਹ ਇੱਕ ਵੱਡਾ ਕਦਮ ਹੈ ਅਤੇ ਪਰਿਵਾਰ ਇਸ ਗੱਲ ਤੋਂ ਰਾਹਤ ਮਹਿਸੂਸ ਕਰ ਰਿਹਾ ਹੈ ਕਿ ਜਗਤਾਰ ਹੁਣ ਆਜ਼ਾਦੀ ਨਾਲ ਰਹਿ ਸਕੇਗਾ। ਹਾਲਾਂਕਿ, ਆਪਣੇ ਭਰਾ ਨੂੰ ਡੰਬਰਟਨ ਵਾਪਸ ਲਿਆਉਣ ਲਈ ਅਜੇ ਹੋਰ ਕੰਮ ਕਰਨਾ ਪਵੇਗਾ।

ਗੁਰਪ੍ਰੀਤ ਨੇ ਕਿਹਾ, “ਇਹ ਪਰਿਵਾਰ ਲਈ ਇੱਕ ਬਹੁਤ ਹੀ ਮਹੱਤਵਪੂਰਨ ਪਲ ਹੈ। ਉਸ ਦੀ ਪਤਨੀ ਅੱਜ ਸਵੇਰ ਤੋਂ ਹੀ ਰੋ ਰਹੀ ਹੈ।”

“ਹਰ ਕੋਈ ਖੁਸ਼ ਸੀ। ਮੇਰੇ ਬੱਚੇ ਸਕੂਲ ਜਾਂਦੇ ਹੋਏ ਕਹਿ ਰਹੇ ਸਨ ਕਿ ਉਹ ਆਪਣੇ ਚਾਚੇ ਨੂੰ ਘਰ ਆਉਂਦੇ ਦੇਖਣ ਲਈ ਇੰਤਜ਼ਾਰ ਨਹੀਂ ਕਰ ਸਕਦੇ।”

“ਇਹ ਸਿਰਫ਼ ਪਹਿਲਾ ਕਦਮ ਹੈ, ਪਰ ਇਹ ਸਹੀ ਦਿਸ਼ਾ ਵੱਲ ਇੱਕ ਕਦਮ ਹੈ।”

ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਨੇ ਜੱਗੀ ਜੌਹਲ ਦੇ ਸਹੁਰੇ ਬਲਵਿੰਦਰ ਸਿੰਘ ਨਾਲ ਫੋਨ ਉੱਤੇ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਵੱਲੋਂ ਜੱਗੀ ਜੌਹਲ ਨੂੰ ਜ਼ਮਾਨਤ ਮਿਲਣ ‘ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਬਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਮੌਜੂਦਾ ਸਮੇਂ ਵਿੱਚ ਇੰਗਲੈਂਡ ਵਿੱਚ ਹੀ ਹੈ। ਅਤੇ ਜੌਹਲ ਨੂੰ ਜ਼ਮਾਨਤ ਮਿਲਣ ਨੂੰ ਲੈਕੇ ਪੂਰੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ।

ਜੱਗੀ ਜੌਹਲ ਦਾ ਪੁਰਾਣਾ ਮਾਮਲਾ

ਜੱਗੀ ਜੌਹਲ

ਤਸਵੀਰ ਸਰੋਤ, SHAMMI MEHRA/AFP via Getty Images

ਸਕੌਟਲੈਂਡ ਦੇ ਰਹਿਣ ਵਾਲੇ ਜਗਤਾਰ ਸਿੰਘ ਨੂੰ 2017 ਵਿੱਚ ਭਾਰਤੀ ਅਧਿਕਾਰੀਆਂ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਦੋਂ ਤੋਂ ਲੈ ਕੇ ਉਹ ਹੁਣ ਤੱਕ ਭਾਰਤੀ ਜੇਲ੍ਹ ਵਿੱਚ ਬੰਦ ਹਨ।

ਪਿਛਲੇ ਸਾਲ ਮੋਗਾ ਦੀ ਅਦਾਲਤ ਨੇ ਇੱਕ ਕੇਸ ਵਿੱਚੋਂ ਜੌਹਲ ਨੂੰ ਬਰੀ ਕਰ ਦਿੱਤਾ ਸੀ। ਇਹ ਮਾਮਲਾ ਟਾਰਗੇਟ ਕਿਲਿੰਗ ਨਾਲ ਜੁੜਿਆ ਹੋਇਆ ਸੀ।

ਇਸ ਮੌਕੇ ਦੀ ਪੈਰਵੀ ਕਰ ਰਹੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਸੀ ਕਿ ਜੌਹਲ ਉੱਤੇ ਬਾਕੀ ਜਿਹੜੇ 8 ਕੇਸ ਰਹਿੰਦੇ ਹਨ, ਉਨ੍ਹਾਂ ਵਿੱਚੋਂ ਇੱਕ ਕੇਸ ਵਿੱਚ ਜੌਹਲ ਨੂੰ ਜ਼ਮਾਨਤ ਮਿਲੀ ਹੋਈ ਹੈ।

ਡੰਬਰਟਨ ਵਾਸੀ ਜਗਤਾਰ ਸਿੰਘ ਜੌਹਲ ਨੂੰ ਭਾਰਤ ਦੇ ਅੱਤਵਾਦ ਵਿਰੋਧੀ ਕਾਨੂੰਨਾਂ ਤਹਿਤ ਹਿਰਾਸਤ ਵਿੱਚ ਲਿਆ ਗਿਆ ਸੀ। ਉਨ੍ਹਾਂ ‘ਤੇ ਸੱਜੇਪੱਖੀ ਹਿੰਦੂ ਆਗੂਆਂ ਦੇ ਕਤਲ ਦੀ ਸਾਜਿਸ਼ ਘੜਨ ਦਾ ਇਲਜ਼ਾਮ ਵੀ ਲਗਾਇਆ ਗਿਆ ਸੀ।

ਅਦਾਲਤੀ ਦਸਤਾਵੇਜ਼ ਵਿੱਚ ਇਲਜ਼ਾਮ ਹੈ ਕਿ ਉਨ੍ਹਾਂ ਨੇ ਇਸ ਅਪਰਾਧ ਨੂੰ ਅੰਜਾਮ ਦੇਣ ਲਈ ਪੈਸਿਆਂ ਦੀ ਮਦਦ ਕੀਤੀ ਅਤੇ ਮੰਨਿਆ ਕਿ ਉਹ ‘ਦਹਿਸ਼ਤਗਰਦੀ ਗਿਹੋਰ’ ਦੇ ਮੈਂਬਰ ਸਨ।

ਉਨ੍ਹਾਂ ਦੇ ਕਾਨੂੰਨੀ ਪ੍ਰਤੀਨਿਧੀਆਂ ਦਾ ਇਹ ਵੀ ਕਹਿਣਾ ਹੈ ਕਿ ਉਨ੍ਹਾਂ ਵਿਰੁੱਧ ਮੁਕੱਦਮਾ ਸਿਆਸਤ ਤੋਂ ਪ੍ਰੇਰਿਤ ਹੈ ਕਿਉਂਕਿ 1980 ਦੇ ਦਹਾਕੇ ਵਿੱਚ ਪੰਜਾਬ ਖੇਤਰ ਵਿੱਚ ਸਿੱਖਾਂ ਵਿਰੁੱਧ ਅਪਰਾਧਾਂ ਅਤੇ ਅੱਤਿਆਚਾਰਾਂ ਨੂੰ ਦਸਤਾਵੇਜ਼ੀ ਰੂਪ ਦੇਣ ਵਿੱਚ ਉਨ੍ਹਾਂ ਦੀ ਸਰਗਰਮੀ ਸੀ ਅਤੇ ਉਹ ਇੱਕ ਅਨੁਚਿਤ ਕਾਨੂੰਨੀ ਪ੍ਰਕਿਰਿਆ ਦਾ ਸ਼ਿਕਾਰ ਹੋਏ ਹਨ।

ਹਾਲਾਂਕਿ, ਭਾਰਤ ਸਰਕਾਰ ਇਸ ਗੱਲ ਤੋਂ ਇਨਕਾਰ ਕਰਦੀ ਹੈ ਕਿ ਜੌਹਲ ਨਾਲ ਪੰਜਾਬ ਪੁਲਿਸ ਦੀ ਹਿਰਾਸਤ ਵਿੱਚ ਦੁਰਵਿਵਹਾਰ ਕੀਤਾ ਗਿਆ ਸੀ ਅਤੇ ਕਿਹਾ ਗਿਆ ਕਿ ਉਨ੍ਹਾਂ ਵਿਰੁੱਧ ਕੇਸ ਵਿੱਚ ਢੁਕਵੀਂ ਪ੍ਰਕਿਰਿਆ ਦੀ ਪਾਲਣਾ ਕੀਤੀ ਗਈ ਹੈ।

ਜੌਹਲ ਦੇ ਮਾਮਲਿਆਂ ਦੀ ਸੁਣਵਾਈ ਦਿੱਲੀ ਦੀਆਂ ਅਦਾਲਤਾਂ ਵਿੱਚ ਕੀਤੀ ਗਈ ਅਤੇ ਜਾਂਚ ਭਾਰਤ ਸਰਕਾਰ ਦੀ ਅੱਤਵਾਦ ਵਿਰੋਧੀ ਸ਼ਾਖਾ, ਰਾਸ਼ਟਰੀ ਜਾਂਚ ਏਜੰਸੀ ਵੱਲੋ ਕੀਤੀ ਜਾ ਰਹੀ ਸੀ।

ਜੇਲ੍ਹ ‘ਚ ਤਸ਼ੱਦਦ ਦੇ ਇਲਜ਼ਾਮ

ਜੱਗੀ ਜੌਹਲ

ਸਾਲ 2021 ਵਿੱਚ ਜੇਲ੍ਹ ਤੋਂ ਇੱਕ ਵਰਚੁਅਲ ਮੀਟਿੰਗ ਦੌਰਾਨ ਬੀਬੀਸੀ ਦੁਆਰਾ ਪੁੱਛੇ ਗਏ ਸਵਾਲਾਂ ਦੇ ਜਵਾਬ ਉਨ੍ਹਾਂ ਦੇ ਵਕੀਲ ਰਾਹੀਂ ਹਾਸਿਲ ਕੀਤੇ ਗਏ ਸਨ।

ਇਨ੍ਹਾਂ ਜਵਾਬਾਂ ਵਿੱਚ ਜੌਹਲ ਨੇ ਕਿਹਾ ਸੀ ਕਿ ਉਸ ਨੂੰ ਇੱਕ ਕੋਰੇ ਇਕਰਾਰਨਾਮੇ ‘ਤੇ ਦਸਤਖ਼ਤ ਕਰਨ ਲਈ ਸਰੀਰਕ ਤਸ਼ੱਦਦ ਦਿੱਤੇ ਗਏ ਅਤੇ ਇੱਕ ਵੀਡੀਓ ਰਿਕਾਰਡ ਕਰਨ ਲਈ ਦਬਾਅ ਪਾਇਆ ਗਿਆ, ਜਿਸ ਨੂੰ ਭਾਰਤੀ ਟੈਲੀਵਿਜ਼ਨ ‘ਤੇ ਪ੍ਰਸਾਰਿਤ ਕੀਤਾ ਗਿਆ ਸੀ।

ਉਨ੍ਹਾਂ ਨੇ ਆਪਣੇ ਵਕੀਲ ਰਾਹੀਂ ਕਿਹਾ ਸੀ, “ਉਨ੍ਹਾਂ ਨੇ ਅੰਤਾਂ ਦੇ ਤਸ਼ਦੱਦ ਦੇ ਡਰ ‘ਚ ਮੇਰੇ ਤੋਂ ਕੁਝ ਖ਼ਾਲ੍ਹੀ ਕਾਗਜ਼ਾਂ ‘ਤੇ ਦਸਤਖ਼ਤ ਕਰਵਾਏ ਅਤੇ ਕੈਮਰੇ ਮੂਹਰੇ ਕੁਝ ਲਾਈਨਾਂ ਬੋਲਣ ਲਈ ਕਿਹਾ।”

ਜੌਹਲ ਦੀ ਕਾਨੂੰਨੀ ਟੀਮ ਨੇ ਨਵੰਬਰ 2017 ਵਿੱਚ ਉਨ੍ਹਾਂ ਦੀ ਗ੍ਰਿਫ਼ਤਾਰੀ ਤੋਂ ਥੋੜ੍ਹੀ ਦੇਰ ਬਾਅਦ ਇੱਕ ਹੱਥ ਲਿਖਤ ਪੱਤਰ ਵਿੱਚ ਜੋ ਕਿਹਾ ਸੀ, ਉਸ ਦੀ ਇੱਕ ਕਾਪੀ ਵੀ ਸਾਂਝੀ ਕੀਤੀ ਸੀ। ਇਸ ਪੱਤਰ ਵਿੱਚ ਤਸ਼ੱਦਦ ਕਿਵੇਂ ਵਾਪਰਿਆ ਦੇ ਇਲਜ਼ਾਮਾਂ ਦਾ ਵੇਰਵਾ ਦਿੱਤਾ ਗਿਆ ਸੀ।

ਪੱਤਰ ਮੁਤਾਬਕ, “ਮੇਰੇ ਕੰਨਾਂ ਦੀ ਪੇਪੜੀ, ਨਿੱਪਲਾਂ ਅਤੇ ਅੰਦਰੂਨੀ ਹਿੱਸਿਆਂ ‘ਤੇ ਕਰੋਕੋਡਾਈਲ ਕਲਿੱਪ ਲਗਾ ਕੇ ਬਿਜਲੀ ਦੇ ਝਟਕੇ ਦਿੱਤੇ ਗਏ। ਹਰ ਰੋਜ਼ ਕਈ ਝਟਕੇ ਦਿੱਤੇ ਜਾਂਦੇ ਸਨ।”

“ਦੋ ਲੋਕ ਮੇਰੀਆਂ ਲੱਤਾਂ ਫ਼ੈਲਾਉਂਦੇ ਸਨ, ਦੂਜਾ ਚਪੇੜ ਮਾਰਦਾ ਅਤੇ ਮੈਨੂੰ ਪਿੱਛੋਂ ਮਾਰਦਾ ਤੇ ਬਿਜਲੀ ਦੇ ਝਟਕੇ ਬੈਠੇ ਹੋਏ ਅਧਿਕਾਰੀਆਂ ਦੁਆਰਾ ਦਿੱਤੇ ਜਾਂਦੇ।”

“ਕਈ ਸਥਿਤੀਆਂ ਵਿੱਚ ਮੈਨੂੰ ਤੁਰਨ ਜੋਗਾ ਵੀ ਨਾ ਛੱਡਿਆ ਅਤੇ ਪੁੱਛਗਿੱਛ ਵਾਲੇ ਕਮਰੇ ਵਿੱਚ ਲੈਕੇ ਜਾਣਾ ਪਿਆ।”

ਹਾਲਾਂਕਿ, ਬੀਬੀਸੀ ਤਸ਼ਦੱਦ ਦੇ ਉਨ੍ਹਾਂ ਇਲਜ਼ਾਮਾਂ ਬਾਰੇ ਸੁਤੰਤਰ ਤੌਰ ‘ਤੇ ਤਸਦੀਕ ਕਰਨ ਦੇ ਅਸਮਰੱਥ ਰਿਹਾ ਸੀ।

ਭਾਰਤੀ ਅਧਿਕਾਰੀਆਂ ਨੇ ਇਸ ਤੋਂ ਸਾਫ਼ ਤੌਰ ‘ਤੇ ਇਨਕਾਰ ਕੀਤਾ ਸੀ ਅਤੇ ਕਿਹਾ ਸੀ, “ਜਿਸ ਤਰ੍ਹਾਂ ਦੇ ਦੁਰ-ਵਿਵਹਾਰ ਜਾਂ ਤਸ਼ੱਦਦ ਦੇ ਇਲਜ਼ਾਮ ਲਗਾਏ ਗਏ ਹਨ, ਉਨ੍ਹਾਂ ਦਾ ਕੋਈ ਵੀ ਸਬੂਤ ਨਹੀਂ ਹੈ।”

ਗ੍ਰਿਫਤਾਰੀ ਤੋਂ ਬਾਅਦ ਜੌਹਲ ਦੀ ਰਿਹਾਈ ਲਈ ਇੱਕ ਮੁਹਿੰਮ ਚਲਾਈ ਗਈ ਅਤੇ ਉਨ੍ਹਾਂ ਦਾ ਮਾਮਲਾ ਯੂਕੇ ਅਤੇ ਭਾਰਤੀ ਸਰਕਾਰਾਂ ਵਿਚਕਾਰ ਕੂਟਨੀਤਕ ਵਿਚਾਰ-ਵਟਾਂਦਰੇ ਦਾ ਵਿਸ਼ਾ ਰਿਹਾ ਹੈ।

ਸੰਯੁਕਰ ਰਾਸ਼ਟਰ ਦੇ ਮਾਹਿਰਾਂ ਨੇ ਕੀ ਕਿਹਾ ਸੀ

39 ਸਾਲ ਦੇ ਜੌਹਲ ਨੂੰ ਪਿਛਲੇ ਸਾਲ ਇੱਕ ਮਾਮਲੇ ਵਿੱਚ ਮੋਗਾ ਦੀ ਇੱਕ ਅਦਾਲਤ ਨੇ ਬਰੀ ਕਰ ਦਿੱਤਾ ਸੀ, ਜਿਸ ਵਿੱਚ ਉਨ੍ਹਾਂ ‘ਤੇ ਇੱਕ ਅੱਤਵਾਦੀ ਸਮੂਹ ਨੂੰ ਆਰਥਿਕ ਮਦਦ ਦੇਣ ਦਾ ਇਲਜ਼ਾਮ ਸੀ।

ਇਸੇ ਸਾਲ ਅਪ੍ਰੈਲ ਮਹੀਨੇ ਵਿੱਚ ਸੰਯੁਕਤ ਰਾਸ਼ਟਰ ਦੇ 10 ਮਾਹਿਰਾਂ ਨੇ ਇੱਕ ਬਿਆਨ ਜਾਰੀ ਕਰਕੇ ਭਾਰਤ ਸਰਕਾਰ ਤੋਂ ਅਪੀਲ ਕੀਤੀ ਸੀ ਕਿ ਉਹ ਬਾਕੀ ਬਚੇ ਇਲਜ਼ਾਮਾਂ ਨੂੰ ਵੀ ਹਟਾ ਲਵੇ ਅਤੇ ਜੌਹਲ ਨੂੰ ਬਿਨਾਂ ਕਿਸੇ ਦੇਰੀ ਦੇ ਰਿਹਾਅ ਕਰ ਦੇਵੇ।

ਇਸ ਟੀਮ ਦਾ ਕਹਿਣਾ ਸੀ ਕਿ ਇੱਕ ਸਕੌਟਿਸ਼ ਐਕਟਿਵਿਸਟ, ਜਿਸ ਨੇ ਭਾਰਤ ਵਿੱਚ “ਮਨਮਾਨੀ ਹਿਰਾਸਤ” ਵਿੱਚ ਅੱਠ ਸਾਲ ਬਿਤਾਏ ਹਨ, ਉਹ “ਇੱਕ ਕਿਸਮ ਦਾ ਮਾਨਸਿਕ ਤਸ਼ੱਦਦ” ਝੱਲ ਰਿਹਾ ਹੈ।

ਜੱਗੀ ਜੌਹਲ ਦਾ ਕੀ ਹੈ ਪਿਛੋਕੜ

ਜੱਗੀ ਜੌਹਲ

ਤਸਵੀਰ ਸਰੋਤ, FREE JAGGI CAMPAIGN

ਜਗਤਾਰ ਸਿੰਘ ਜੌਹਲ ਸਿੱਖਾਂ ਦੇ ਮਨੁੱਖੀ ਹੱਕਾਂ ਦੇ ਕਾਰਕੁਨ ਹਨ, ਉਹ ਅਕਤੂਬਰ 2017 ਨੂੰ ਭਾਰਤ ਵਿੱਚ ਵਿਆਹ ਕਰਵਾਉਣ ਲਈ ਆਏ ਸਨ।

ਜਗਤਾਰ ਸਿੰਘ ਉਰਫ਼ ਜੱਗੀ ਜੌਹਲ ਦੀ ਉਮਰ ਹੁਣ ਕਰੀਬ 39 ਸਾਲ ਹੈ।

ਸਾਲ 2022 ਵਿੱਚ ਬੀਬੀਸੀ ਨਾਲ ਗੱਲ ਕਰਦਿਆਂ ਉਨ੍ਹਾਂ ਦੇ ਭਰਾ ਗੁਰਪ੍ਰੀਤ ਸਿੰਘ ਜੌਹਲ ਨੇ ਯਾਦ ਕਰਦਿਆਂ ਦੱਸਿਆ ਸੀ, “ਇਹ ਸਾਡੇ ਲਈ ਖੁਸ਼ੀ ਭਰਿਆ ਦਿਨ ਸੀ, ਇਹ ਬਿਲਕੁਲ ਉਸੇ ਤਰ੍ਹਾਂ ਸੀ, ਜਿਸ ਤਰ੍ਹਾਂ ਯੋਜਨਾ ਬਣਾਈ ਗਈ ਸੀ।”

ਪਰ 15 ਦਿਨਾਂ ਬਾਅਦ, ਜਦੋਂ ਜੌਹਲ ਪੰਜਾਬ ਵਿੱਚ ਆਪਣੀ ਪਤਨੀ ਨਾਲ ਖਰੀਦਦਾਰੀ ਕਰ ਰਹੇ ਸਨ, ਪੁਲਿਸ ਨੇ ਉਨ੍ਹਾਂ ਨੂੰ ਫੜ੍ਹ ਲਿਆ ਅਤੇ ਉਸ ਤੋਂ ਬਾਅਦ ਤੋਂ ਉਹ ਜੇਲ੍ਹ ਵਿਚ ਬੰਦ ਹਨ।

ਸਕੌਟਲੈਂਡ ਵਾਸੀ ਉਨ੍ਹਾਂ ਦੇ ਭਰਾ ਗੁਰਪ੍ਰੀਤ ਨੇ ਦੱਸਿਆ ਸੀ, “ਜੌਹਲ ਇੱਕ ਸ਼ਾਂਤਮਈ ਕਾਰਕੁਨ ਸਨ ਅਤੇ ਮੰਨਦੇ ਹਨ ਕਿ ਉਨ੍ਹਾਂ ਨੂੰ ਭਾਰਤ ਵਿੱਚ ਸਿੱਖਾਂ ਖ਼ਿਲਾਫ਼ ਹੋਈ ਇਤਿਹਾਸਕ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਬਾਰੇ ਲਿਖਣ ਕਾਰਨ ਗ੍ਰਿਫ਼ਤਾਰ ਕੀਤਾ ਗਿਆ ਹੈ।”

“ਮੈਂ ਮੰਨਦਾ ਹਾਂ ਉਸ ਨੂੰ ਨਿਸ਼ਾਨਾ ਬਣਾਇਆ ਗਿਆ ਕਿਉਂਕਿ ਉਹ ਬੜਬੋਲਾ ਸੀ। ਮੈਂ ਮੰਨਦਾ ਹਾਂ ਕਿ ਉਹ ਮਸੂਮ ਹੈ ਅਤੇ ਜਦੋਂ ਇੱਕ ਵਾਰ ਮੁਕੱਦਮੇ ਦੀ ਸੁਣਵਾਈ ਸ਼ੁਰੂ ਹੋਈ ਤਾਂ ਉਹ ਬੇਕਸੂਰ ਸਾਬਿਤ ਹੋ ਜਾਵੇਗਾ।”

ਉਨ੍ਹਾਂ ਨੇ ਕਿਹਾ ਸੀ, “ਪਰਿਵਾਰ ਨੂੰ ਡਰ ਹੈ ਕਿ ਝੂਠੇ ਇਲਜ਼ਾਮ ਝੂਠੇ ਦੋਸ਼ ਬਣ ਗਏ ਹਨ ਅਤੇ ਤੈਅ ਵੀ ਹੋ ਸਕਦੇ ਹਨ, ਜਿਸ ਦੇ ਨਤੀਜੇ ਵਜੋਂ ਮੌਤ ਦੀ ਸਜ਼ਾ ਹੋ ਸਕਦੀ ਹੈ।”

ਉਨ੍ਹਾਂ ਕਿਹਾ ਸੀ ਕਿ ਦੋਵੇਂ ਸਾਬਕਾ ਪ੍ਰਧਾਨ ਮੰਤਰੀਆਂ ਬੋਰਿਸ ਜੌਨਸਨ ਅਤੇ ਥੈਰੇਸਾ ਮੇਅ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਾਲ ਇਸ ਮਾਮਲੇ ‘ਤੇ ਚਰਚਾ ਕੀਤੀ ਸੀ।

ਗੁਰਪ੍ਰੀਤ ਜੌਹਲ ਨੇ ਕਿਹਾ ਸੀ, “ਲਗਭਗ ਛੇ ਸਾਲ ਬੀਤ ਚੁੱਕੇ ਹਨ, ਜਗਤਾਰ ਦੇ ਖ਼ਿਲਾਫ਼ ਕੋਈ ਸਬੂਤ ਪੇਸ਼ ਨਹੀਂ ਕੀਤਾ ਗਿਆ ਹੈ। ਇਹ ਸਿਰਫ ਉਸ ‘ਤੇ ਲਗਾਏ ਗਏ ਇਲਜ਼ਾਮ ਹਨ ਅਤੇ ਜਦੋਂ ਤੱਕ ਉਹ ਦੋਸ਼ੀ ਸਾਬਿਤ ਨਹੀਂ ਹੁੰਦਾ, ਉਸ ਨੂੰ ਬੇਕਸੂਰ ਮੰਨਿਆ ਜਾਵੇ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI