Home rss national punjabi2ਰਾਸ਼ਟਰੀ ਖ਼ਬਰਾਂ ਦਿੱਗਜ ਅਦਾਕਾਰ ਨਾਨਾ ਪਾਟੇਕਰ ਦਾ 75 ਸਾਲ ਦੀ ਉਮਰ ਵਿੱਚ ਦੇਹਾਂਤ

ਦਿੱਗਜ ਅਦਾਕਾਰ ਨਾਨਾ ਪਾਟੇਕਰ ਦਾ 75 ਸਾਲ ਦੀ ਉਮਰ ਵਿੱਚ ਦੇਹਾਂਤ

7
0

Source :- BBC PUNJABI

ਨਾਨਾ ਪਾਟੇਕਰ

ਪ੍ਰਕਾਸ਼ਿਤ

ਪੜ੍ਹਨ ਦਾ ਸਮਾਂ: 3 ਮਿੰਟ

ਜਾਣੇ-ਪਛਾਣੇ ਅਦਾਕਾਰ ਨਾਨਾ ਪਾਟੇਕਰ ਦਾ 75 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ, ਉਨ੍ਹਾਂ ਨੇ ਗੋਆ ਵਿੱਚ ਆਖ਼ਰੀ ਸਾਹ ਲਿਆ।

ਬੀਬੀਸੀ ਮਰਾਠੀ ਦੇ ਸਹਿਯੋਗੀ ਪੱਤਰਕਾਰ ਪ੍ਰਾਚੀ ਪ੍ਰਤਿਭਾ ਸ਼ਿਰੀਸ਼ ਨੂੰ ਨਾਨਾ ਪਾਟੇਕਰ ਦੇ ਪੁੱਤਰ ਮਲਹਾਰ ਪਾਟੇਕਰ ਨੇ ਆਪਣੇ ਪਿਤਾ ਦੀ ਦੇਹਾਂਤ ਦੀ ਪੁਸ਼ਟੀ ਕੀਤੀ ਹੈ।

ਨਾਨਾ ਪਾਟੇਕਰ ਆਖ਼ਰੀ ਵਾਰ ਵਿਸ਼ਾਲ ਭਾਰਦਵਾਜ ਦੀ ਰੋਮਾਂਟਿਕ ਐਕਸ਼ਨ ਥ੍ਰਿਲਰ ਫ਼ਿਲਮ ‘ਓ’ਰੋਮਿਓ’ ਵਿੱਚ ਨਜ਼ਰ ਆਏ ਸਨ। ਇਸ ਵਿੱਚ ਸ਼ਾਹਿਦ ਕਪੂਰ ਅਤੇ ਤ੍ਰਿਪਤੀ ਡਿਮਰੀ ਮੁੱਖ ਭੂਮਿਕਾਵਾਂ ਵਿੱਚ ਸਨ।

ਫ਼ਰਵਰੀ 2026 ਵਿੱਚ ਰਿਲੀਜ਼ ਹੋਈ ਇਸ ਫ਼ਿਲਮ ਵਿੱਚ ਪਾਟੇਕਰ ਨੇ ਮੁੰਬਈ ਇੰਟੈਲੀਜੈਂਸ ਬਿਊਰੋ ਦੇ ਮੁਖੀ ਇਸਮਾਈਲ ਖ਼ਾਨ ਦਾ ਕਿਰਦਾਰ ਨਿਭਾਇਆ ਸੀ।

ਉਨ੍ਹਾਂ ਨੇ ਅਨਿਲ ਕਪੂਰ ਦੀ ‘ਸੁਬੇਦਾਰ’ ਵਿੱਚ ਵੀ ਅਦਾਕਾਰੀ ਕੀਤੀ ਸੀ, ਜਿਸ ਦਾ ਪ੍ਰੀਮੀਅਰ ਮਾਰਚ 2026 ਵਿੱਚ ਪ੍ਰਾਈਮ ਵੀਡੀਓ ‘ਤੇ ਹੋਇਆ ਸੀ। ਇਸ ਤੋਂ ਪਹਿਲਾਂ ਉਹ ‘ਹਾਊਸਫੁੱਲ-5’ (2025) ਅਤੇ ‘ਵਨਵਾਸ’ (2024) ਵਿੱਚ ਨਜ਼ਰ ਆਏ ਸਨ।

ਨਾਨਾ ਪਾਟੇਕਰ ਨੇ 2026 ਵਿੱਚ ਪ੍ਰਕਾਸ਼ ਝਾਅ ਦੀ ਸਿਆਸੀ ਡਰਾਮਾ ਸੀਰੀਜ਼ ‘ਸੰਕਲਪ’ ਨਾਲ ਓਟੀਟੀ ‘ਤੇ ਵੀ ਡੈਬਿਊ ਕੀਤਾ ਸੀ, ਜਿਸ ਵਿੱਚ ਉਨ੍ਹਾਂ ਨੇ ਮਾਟ ਸਾਬ੍ਹ/ਕਨ੍ਹਈਆ ਲਾਲ ਦੀ ਕੇਂਦਰੀ ਭੂਮਿਕਾ ਨਿਭਾਈ ਸੀ।

ਨਾਨਾ ਪਾਟੇਕਰ ਦੇ ਦੇਹਾਂਤ ‘ਤੇ ਸੀਨੀਅਰ ਪੱਤਰਕਾਰ ਰਾਜਦੀਪ ਸਰਦੇਸਾਈ ਨੇ ਸ਼ਰਧਾਂਜਲੀ ਦਿੰਦੇ ਹੋਏ ਲਿਖਿਆ, ”ਇੱਕ ਸ਼ਾਨਦਾਰ ਅਦਾਕਾਰ, ਪਰ ਸਭ ਤੋਂ ਵੱਧ ਇੱਕ ਪਿਆਰੇ ਦੋਸਤ, ਨਾਨਾ ਪਾਟੇਕਰ ਹੁਣ ਨਹੀਂ ਰਹੇ। ਕੁਝ ਹੀ ਦੇਰ ਪਹਿਲਾਂ ਗੋਆ ਵਿੱਚ ਉਨ੍ਹਾਂ ਦਾ ਦੇਹਾਂਤ ਹੋ ਗਿਆ। ਕੱਲ੍ਹ ਹੀ ਉਨ੍ਹਾਂ ਨਾਲ ਗੱਲ ਹੋਈ ਸੀ। ਉਨ੍ਹਾਂ ਦੇ ਆਖ਼ਰੀ ਸ਼ਬਦ ਸਨ “ਕਾਲਜੀ ਘੇ ਰਾਜਾ” (ਆਪਣਾ ਖ਼ਿਆਲ ਰੱਖਣਾ, ਰਾਜਾ)।”

”ਮੈਂ ਤੁਹਾਨੂੰ ਪਰਦੇ ‘ਤੇ ਅਤੇ ਪਰਦੇ ਤੋਂ ਬਾਹਰ ਬਹੁਤ ਯਾਦ ਕਰਾਂਗਾ, ਨਾਨਾ ਸਾਬ੍ਹ। ਚੰਗੇ ਅਤੇ ਮਾੜੇ, ਹਰ ਦੌਰ ਵਿੱਚ ਤੁਸੀਂ ਹਮੇਸ਼ਾ ਮੇਰੇ ਨਾਲ ਖੜ੍ਹੇ ਰਹੇ। ਓਮ ਸ਼ਾਂਤੀ।”

ਨਾਨਾ ਪਾਟੇਕਰ

ਨਾਨਾ ਪਾਟੇਕਰ ਦਾ ਫ਼ਿਲਮੀ ਸਫ਼ਰ

ਨਾਨਾ ਪਾਟੇਕਰ ਹਿੰਦੀ ਅਤੇ ਮਰਾਠੀ ਸਿਨੇਮਾ ਦੇ ਸਭ ਤੋਂ ਚਰਚਿਤ ਅਦਾਕਾਰਾਂ ਵਿੱਚੋਂ ਇੱਕ ਸਨ ਅਤੇ ਉਨ੍ਹਾਂ ਦਾ ਕਰੀਅਰ ਕਈ ਦਹਾਕਿਆਂ ਤੱਕ ਫੈਲਿਆ ਹੋਇਆ ਹੈ।

ਉਨ੍ਹਾਂ ਦੀ ਅਦਾਕਾਰੀ ‘ਪਰਿੰਦਾ’, ‘ਪ੍ਰਹਾਰ: ਦਿ ਫ਼ਾਈਨਲ ਅਟੈਕ’, ‘ਕ੍ਰਾਂਤੀਵੀਰ’, ‘ਅਗਨੀ ਸਾਕਸ਼ੀ’, ‘ਖ਼ਾਮੋਸ਼ੀ: ਦ ਮਿਊਜ਼ਿਕਲ’, ‘ਅਬ ਤਕ ਛੱਪਨ’ ਅਤੇ ‘ਵੈਲਕਮ’ ਵਰਗੀਆਂ ਫ਼ਿਲਮਾਂ ਵਿੱਚ ਕਾਫ਼ੀ ਲੋਕਪ੍ਰਿਯ ਰਹੀ।

ਅਦਾਕਾਰੀ ਤੋਂ ਇਲਾਵਾ ਪਾਟੇਕਰ ਨੇ ‘ਪ੍ਰਹਾਰ: ਦਿ ਫ਼ਾਈਨਲ ਅਟੈਕ’ ਦਾ ਨਿਰਦੇਸ਼ਨ ਵੀ ਕੀਤਾ ਸੀ। ਸਿਨੇਮਾ ਅਤੇ ਕਲਾ ਦੇ ਖੇਤਰ ਵਿੱਚ ਉਨ੍ਹਾਂ ਦੇ ਯੋਗਦਾਨ ਲਈ ਉਨ੍ਹਾਂ ਨੂੰ ਸਾਲ 2013 ਵਿੱਚ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ।

ਨਾਨਾ ਪਾਟੇਕਰ ਨੇ 1978 ਵਿੱਚ ਆਈ ਫ਼ਿਲਮ ‘ਗਮਨ’ ਨਾਲ ਬਾਲੀਵੁੱਡ ਵਿੱਚ ਡੈਬਿਊ ਕੀਤਾ ਸੀ। 2000 ਦੇ ਦਹਾਕੇ ਦੀ ਸ਼ੁਰੂਆਤ ਵਿੱਚ ਉਨ੍ਹਾਂ ਦੀ ਅਦਾਕਾਰੀ ਨੂੰ ਵਿਆਪਕ ਸਰਾਹਨਾ ਮਿਲੀ, ਖ਼ਾਸ ਕਰਕੇ ‘ਸ਼ਕਤੀ: ਦਿ ਪਾਵਰ’ (2002), ‘ਅਬ ਤਕ ਛੱਪਨ’ (2004), ‘ਅਪਹਰਣ’ (2005) ਅਤੇ ‘ਟੈਕਸੀ ਨੰਬਰ. 9211’ (2006) ਵਿੱਚ।

2007 ਵਿੱਚ ਆਈ ਕਾਮੇਡੀ ਫ਼ਿਲਮ ‘ਵੈਲਕਮ’ ਵਿੱਚ ਗੈਂਗਸਟਰ ਉਦੈ ਸ਼ੈੱਟੀ ਦੇ ਕਿਰਦਾਰ ਨਾਲ ਉਨ੍ਹਾਂ ਨੇ ਦਰਸ਼ਕਾਂ ਦਾ ਖ਼ੂਬ ਮਨੋਰੰਜਨ ਕੀਤਾ। ਉਨ੍ਹਾਂ ਨੇ ‘ਵੈਲਕਮ ਬੈਕ’ (2015) ਦੇ ਸੀਕਵਲ ਵਿੱਚ ਵੀ ਇਸ ਕਿਰਦਾਰ ਨੂੰ ਦੁਹਰਾਇਆ।

ਨਾਨਾ ਪਾਟੇਕਰ ਨੇ ਕਾਮੇਡੀ ਥ੍ਰਿਲਰ ‘ਹਾਊਸਫੁੱਲ 5’ ਵਿੱਚ ਵੀ ਸਹਾਇਕ ਭੂਮਿਕਾ ਨਿਭਾਈ ਸੀ।

2010 ਵਿੱਚ ਉਹ ਸਿਆਸੀ ਥ੍ਰਿਲਰ ਫ਼ਿਲਮ ‘ਰਾਜਨੀਤੀ’ ਵਿੱਚ ਨਜ਼ਰ ਆਏ, ਜਿਸ ਦੇ ਲਈ ਉਨ੍ਹਾਂ ਨੂੰ ਸਰਵੋਤਮ ਸਹਾਇਕ ਅਦਾਕਾਰ (ਬੈਸਟ ਸਪੋਰਟਿੰਗ ਐਕਟਰ) ਲਈ ਪੰਜਵੀਂ ਵਾਰ ਫ਼ਿਲਮਫੇਅਰ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਸੀ।

ਅਦਾਕਾਰੀ ਤੋਂ ਇਲਾਵਾ ਪਾਟੇਕਰ ਨੇ ਪਲੇਬੈਕ ਸਿੰਗਿੰਗ ਵਿੱਚ ਵੀ ਆਪਣੀ ਆਵਾਜ਼ ਦਿੱਤੀ। ਉਨ੍ਹਾਂ ਨੇ ‘ਯਸ਼ਵੰਤ’ (1997), ‘ਵਜੂਦ’ (1998) ਅਤੇ ‘ਆੰਚ’ (2003) ਵਰਗੀਆਂ ਫ਼ਿਲਮਾਂ ਵਿੱਚ ਗਾਇਕ ਵਜੋਂ ਯੋਗਦਾਨ ਦਿੱਤਾ।

ਨਾਨਾ ਦਾ ਦੇਹਾਂਤ ਚਾਰ ਦਹਾਕਿਆਂ ਤੋਂ ਵੱਧ ਲੰਬੇ ਕਰੀਅਰ ਤੋਂ ਬਾਅਦ ਹੋਇਆ, ਜਿਸ ਦੌਰਾਨ ਉਨ੍ਹਾਂ ਨੇ ਅਦਾਕਾਰੀ, ਨਿਰਦੇਸ਼ਨ ਅਤੇ ਥੀਏਟਰ, ਤਿੰਨਾਂ ਖੇਤਰਾਂ ਵਿੱਚ ਕੰਮ ਕੀਤਾ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI