Home rss national punjabi2ਰਾਸ਼ਟਰੀ ਖ਼ਬਰਾਂ ਪਾਕਿਸਤਾਨੀ ਜਹਾਜ਼ ਨਾਲ ਟੱਕਰ ‘ਤੇ ਭਾਰਤ ਨੇ ਜਿਸ ਆਰਟੀਕਲ-10 ਦਾ ਹਵਾਲਾ ਦਿੱਤਾ...

ਪਾਕਿਸਤਾਨੀ ਜਹਾਜ਼ ਨਾਲ ਟੱਕਰ ‘ਤੇ ਭਾਰਤ ਨੇ ਜਿਸ ਆਰਟੀਕਲ-10 ਦਾ ਹਵਾਲਾ ਦਿੱਤਾ ਉਹ ਕੀ ਹੈ?

5
0

Source :- BBC PUNJABI

ਜਹਾਜ਼

ਤਸਵੀਰ ਸਰੋਤ, Getty Images

ਪ੍ਰਕਾਸ਼ਿਤ

ਪੜ੍ਹਨ ਦਾ ਸਮਾਂ: 6 ਮਿੰਟ

ਭਾਰਤ ਅਤੇ ਪਾਕਿਸਤਾਨ ਦੀਆਂ ਜਲ ਸੈਨਾਵਾਂ ਦੇ ਜਹਾਜ਼ਾਂ ਵਿਚਾਲੇ ਸਮੁੰਦਰ ਵਿੱਚ ਟੱਕਰ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਤੋਂ ਬਾਅਦ ਭਾਰਤ ਨੇ ਪਾਕਿਸਤਾਨੀ ਡਿਪਲੋਮੈਟ ਨੂੰ ਤਲਬ ਕੀਤਾ ਹੈ।

ਭਾਰਤੀ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਬਿਆਨ ਵਿੱਚ ਇਹ ਸਪੱਸ਼ਟ ਨਹੀਂ ਹੈ ਕਿ ਇਹ ਘਟਨਾ ਕਿਸ ਥਾਂ ‘ਤੇ ਹੋਈ ਹੈ ਅਤੇ ਕਿਸ ਤਰ੍ਹਾਂ ਦੇ ਜਹਾਜ਼ਾਂ ਵਿਚਾਲੇ ਟੱਕਰ ਹੋਈ ਹੈ।

ਹਾਲਾਂਕਿ ਆਪਣੇ ਬਿਆਨ ਵਿੱਚ ਮੰਤਰਾਲੇ ਨੇ ਇਹ ਸਪੱਸ਼ਟ ਕੀਤਾ ਹੈ ਕਿ ਇਹ ਅੰਤਰਰਾਸ਼ਟਰੀ ਜਲ ਖੇਤਰ ਦੀ ਘਟਨਾ ਹੈ।

ਇਸ ਦੇ ਨਾਲ ਹੀ ਮੰਤਰਾਲੇ ਨੇ ਦੱਸਿਆ ਹੈ ਕਿ ਸਾਲ 1991 ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਏ ਇੱਕ ਅਹਿਮ ਸਮਝੌਤੇ ਦੇ ਆਰਟੀਕਲ 10 ਦੀ ਇਹ ਸਿੱਧੀ ਉਲੰਘਣਾ ਹੈ।

ਵਿਦੇਸ਼ ਮੰਤਰਾਲੇ ਨੇ ਕੀ ਦੱਸਿਆ?

ਭਾਰਤੀ ਵਿਦੇਸ਼ ਮੰਤਰਾਲੇ ਨੇ ਬੁੱਧਵਾਰ ਨੂੰ ਇੱਕ ਬਿਆਨ ਜਾਰੀ ਕਰ ਦੱਸਿਆ ਕਿ ਪਾਕਿਸਤਾਨੀ ਹਾਈ ਕਮਿਸ਼ਨ ਦੇ ਚਾਰਜ ਡੀ’ਅਫੇਅਰਜ਼ ਨੂੰ ਵਿਦੇਸ਼ ਮੰਤਰਾਲੇ ਵਿੱਚ ਤਲਬ ਕੀਤਾ ਗਿਆ ਹੈ।

ਬਿਆਨ ਵਿੱਚ ਲਿਖਿਆ ਹੈ, “ਉਨ੍ਹਾਂ (ਪਾਕਿਸਤਾਨੀ ਡਿਪਲੋਮੈਟ) ਕੋਲ ਸਮੁੰਦਰ ਵਿੱਚ ਪਾਕਿਸਤਾਨੀ ਜਲ ਸੈਨਾ ਦੀਆਂ ਯੂਨਿਟਾਂ ਦੇ ਅਸਵੀਕਾਰਯੋਗ ਅਤੇ ਗ਼ੈਰ-ਪੇਸ਼ੇਵਰ ਵਿਵਹਾਰ ‘ਤੇ ਸਖ਼ਤ ਵਿਰੋਧ ਦਰਜ ਕਰਵਾਇਆ ਗਿਆ, ਜਿਸ ਕਾਰਨ ਭਾਰਤੀ ਜਲ ਸੈਨਾ ਦੀ ਇੱਕ ਯੂਨਿਟ ਨਾਲ ਟੱਕਰ ਹੋਈ।”

“ਹਾਲਾਂਕਿ, ਅੰਤਰਰਾਸ਼ਟਰੀ ਜਲ ਖੇਤਰ ਵਿੱਚ ਹੋਈ ਇਸ ਘਟਨਾ ਨਾਲ ਕੋਈ ਵੱਡਾ ਨੁਕਸਾਨ ਨਹੀਂ ਹੋਇਆ, ਪਰ ਪਾਕਿਸਤਾਨੀ ਜਲ ਸੈਨਾ ਦੇ ਜਹਾਜ਼ ਦਾ ਵਿਵਹਾਰ ਅਪ੍ਰੈਲ 1991 ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਫ਼ੌਜੀ ਅਭਿਆਸ, ਜੰਗੀ ਅਭਿਆਸ ਅਤੇ ਫ਼ੌਜੀਆਂ ਦੀ ਆਵਾਜਾਈ ਬਾਰੇ ਅਗਾਊਂ ਸੂਚਨਾ ਨੂੰ ਲੈ ਕੇ ਹੋਏ ਸਮਝੌਤੇ ਦੇ ਆਰਟੀਕਲ 10 ਦੀ ਸਿੱਧੀ ਉਲੰਘਣਾ ਸੀ।”

ਭਾਰਤੀ ਵਿਦੇਸ਼ ਮੰਤਰਾਲੇ ਦੇ ਬਿਆਨ ਵਿੱਚ ਲਿਖਿਆ ਹੈ, “ਪਾਕਿਸਤਾਨ ਦੇ ਚਾਰਜ ਡੀ’ਅਫੇਅਰਜ਼ ਨੂੰ ਸਲਾਹ ਦਿੱਤੀ ਗਈ ਕਿ ਉਹ ਸਬੰਧਤ ਪਾਕਿਸਤਾਨੀ ਅਧਿਕਾਰੀਆਂ ਤੱਕ ਇਹ ਗੱਲ ਪਹੁੰਚਾਉਣ ਕਿ ਅਜਿਹੀਆਂ ਘਟਨਾਵਾਂ ਨੂੰ ਦੁਬਾਰਾ ਵਾਪਰਨ ਤੋਂ ਰੋਕਣ ਲਈ ਸਾਰੀਆਂ ਫ਼ੌਜੀ ਯੂਨਿਟਾਂ ਨੂੰ ਉਚਿਤ ਸਾਵਧਾਨੀ ਵਰਤਣੀ ਚਾਹੀਦੀ ਹੈ ਅਤੇ ਦੋਵਾਂ ਪੱਖਾਂ ਵਿਚਾਲੇ ਸਬੰਧਤ ਸਮਝੌਤਿਆਂ ਦੇ ਪ੍ਰਬੰਧਾਂ ਦਾ ਸਨਮਾਨ ਕਰਨਾ ਚਾਹੀਦਾ ਹੈ।”

“ਇਸਲਾਮਾਬਾਦ ਵਿੱਚ ਭਾਰਤ ਦੇ ਚਾਰਜ ਡੀ’ਅਫੇਅਰਜ਼ ਨੂੰ ਵੀ ਨਿਰਦੇਸ਼ ਦਿੱਤਾ ਗਿਆ ਹੈ ਕਿ ਉਹ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਸਾਹਮਣੇ ਇਸੇ ਤਰ੍ਹਾਂ ਦਾ ਵਿਰੋਧ ਦਰਜ ਕਰਵਾਉਣ।”

ਪਾਕਿਸਤਾਨ ਨੇ ਕੀ ਪ੍ਰਤੀਕਿਰਿਆ ਦਿੱਤੀ

ਇਸ ਮੁੱਦੇ ‘ਤੇ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਇਸਲਾਮਾਬਾਦ ਵਿੱਚ ਭਾਰਤੀ ਹਾਈ ਕਮਿਸ਼ਨ ਦੇ ਪ੍ਰਭਾਰੀ ਰਾਜਦੂਤ ਨੂੰ ਤਲਬ ਕਰਕੇ ਵਿਰੋਧ ਦਰਜ ਕਰਾਇਆ।

ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਬੁੱਧਵਾਰ ਨੂੰ ਜਾਰੀ ਇੱਕ ਬਿਆਨ ਵਿੱਚ ਕਿਹਾ ਕਿ ਜਦੋਂ ਪਾਕਿਸਤਾਨੀ ਜਲ ਸੈਨਾ ਆਪਣੀ ਦੋ ਸਾਲਾਂ ਬਾਅਦ ਹੋਣ ਵਾਲੀ ਸੀਪਾਰਕ-26 ਜੰਗੀ ਕਵਾਇਦ ਕਰ ਰਹੀ ਸੀ, ਉਸ ਸਮੇਂ ਭਾਰਤੀ ਜਹਾਜ਼ ਪਾਕਿਸਤਾਨੀ ਜਲ ਸੈਨਾ ਦੇ ਜਹਾਜ਼ ਦੇ ਬਹੁਤ ਨੇੜੇ ਆ ਗਿਆ ਅਤੇ ਹਮਲਾਵਰ ਢੰਗ ਨਾਲ ਜੰਗੀ ਅਭਿਆਸ ਕੀਤਾ।

ਪਾਕਿਸਤਾਨ ਨੇ ਇਲਜ਼ਾਮ ਲਾਇਆ ਹੈ ਕਿ ਇਸ ਤੋਂ ਬਾਅਦ ਦੋਵਾਂ ਜਹਾਜ਼ਾਂ ਵਿਚਕਾਰ ਟੱਕਰ ਹੋਈ। ਪਾਕਿਸਤਾਨ ਮੁਤਾਬਕ ਇਹ ਘਟਨਾ ਅੰਤਰਰਾਸ਼ਟਰੀ ਕਾਨੂੰਨ ਅਤੇ ਫੌਜੀ ਅਭਿਆਸ, ਜੰਗੀ ਕਵਾਇਦਾਂ ਅਤੇ ਫੌਜੀ ਆਵਾਜਾਈ ਬਾਰੇ ਪਹਿਲਾਂ ਸੂਚਨਾ ਦੇਣ ਸਬੰਧੀ 1991 ਦੇ ਦੋਵਾਂ ਦੇਸ਼ਾਂ ਵਿਚਕਾਰ ਹੋਏ ਸਮਝੌਤੇ ਦੀ ਗੰਭੀਰ ਉਲੰਘਣਾ ਸੀ। ਪਾਕਿਸਤਾਨ ਨੇ ਕਿਹਾ ਕਿ ਇਸ ਨਾਲ ਖੇਤਰ ਵਿੱਚ ਤਣਾਅ ਵਧਣ ਦਾ ਖ਼ਤਰਾ ਪੈਦਾ ਹੋਇਆ।

ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਆਪਣੇ ਬਿਆਨ ਵਿੱਚ ਕਿਹਾ, “ਪ੍ਰਭਾਰੀ ਰਾਜਦੂਤ ਨੂੰ ਕਿਹਾ ਗਿਆ ਕਿ ਉਹ ਭਾਰਤ ਸਰਕਾਰ ਤੱਕ ਇਹ ਸੰਦੇਸ਼ ਪਹੁੰਚਾਉਣ ਕਿ ਪਾਕਿਸਤਾਨ ਭਾਰਤ ਦੀ ਇਸ ਕਾਰਵਾਈ ਨੂੰ ਸਖ਼ਤ ਸ਼ਬਦਾਂ ਵਿੱਚ ਰੱਦ ਕਰਦਾ ਹੈ।”

“ਭਾਰਤੀ ਪੱਖ ਨੂੰ ਅੰਤਰਰਾਸ਼ਟਰੀ ਕਾਨੂੰਨ ਅਤੇ ਦੋਵਾਂ ਦੇਸ਼ਾਂ ਵਿਚਕਾਰ ਹੋਏ ਸਮਝੌਤਿਆਂ, ਖ਼ਾਸ ਤੌਰ ‘ਤੇ ਸਮੁੰਦਰ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਦੇ ਉਦੇਸ਼ ਨਾਲ ਕੀਤੇ ਗਏ ਸਮਝੌਤਿਆਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਅਪੀਲ ਕੀਤੀ ਗਈ।”

ਬਿਆਨ ਵਿੱਚ ਦੱਸਿਆ ਗਿਆ ਹੈ ਕਿ ਨਵੀਂ ਦਿੱਲੀ ਵਿੱਚ ਪਾਕਿਸਤਾਨੀ ਹਾਈ ਕਮਿਸ਼ਨ ਦੇ ਪ੍ਰਭਾਰੀ ਰਾਜਦੂਤ ਵੀ ਭਾਰਤ ਦੇ ਵਿਦੇਸ਼ ਮੰਤਰਾਲੇ ਕੋਲ ਇਸੇ ਤਰ੍ਹਾਂ ਦਾ ਵਿਰੋਧ ਦਰਜ ਕਰਵਾਉਣਗੇ।

ਕਿੱਥੇ ਅਤੇ ਕਿਵੇਂ ਹੋਈ ਘਟਨਾ?

ਪਾਕਿਸਤਾਨੀ ਜਹਾਜ਼

ਤਸਵੀਰ ਸਰੋਤ, Getty Images

ਸਮਾਚਾਰ ਏਜੰਸੀ ਰਾਇਟਰਜ਼, ਏਐੱਨਆਈ ਅਤੇ ਆਈਏਐੱਨਐੱਸ ਨੇ ਸੂਤਰਾਂ ਦੇ ਹਵਾਲੇ ਨਾਲ ਲਿਖਿਆ ਹੈ ਕਿ ਮੰਗਲਵਾਰ ਸ਼ਾਮ ਨੂੰ ਉੱਤਰੀ ਅਰਬ ਸਾਗਰ ਵਿੱਚ ਪਾਕਿਸਤਾਨੀ ਜਲ ਸੈਨਾ ਦਾ ਇੱਕ ਜਹਾਜ਼ ਰੇਗੂਲਰ ਨਿਗਰਾਨੀ ‘ਤੇ ਮੌਜੂਦ ਭਾਰਤੀ ਜਲ ਸੈਨਾ ਦੇ ਇੱਕ ਜੰਗੀ ਬੇੜੇ ਵੱਲ ਤੇਜ਼ੀ ਨਾਲ ਆਇਆ, ਜਿਸ ਕਾਰਨ ਦੋਵਾਂ ਵਿਚਾਲੇ ਟੱਕਰ ਹੋ ਗਈ।

ਪਹਿਲਗਾਮ ਹਮਲੇ ਤੋਂ ਬਾਅਦ ਬੀਤੇ ਸਾਲ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਏ ਫ਼ੌਜੀ ਸੰਘਰਸ਼ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਇਹ ਪਹਿਲੀ ਤਣਾਅਪੂਰਨ ਘਟਨਾ ਹੈ।

ਭਾਰਤੀ ਵਿਦੇਸ਼ ਮੰਤਰਾਲੇ ਨੇ ਪੁਸ਼ਟੀ ਕੀਤੀ ਹੈ ਕਿ ਇਸ ਘਟਨਾ ਵਿੱਚ ਕੋਈ ਵੱਡਾ ਨੁਕਸਾਨ ਨਹੀਂ ਹੋਇਆ ਹੈ, ਪਰ ਇਹ ਸਿੱਧੇ ਤੌਰ ‘ਤੇ ਦੋਵਾਂ ਦੇਸ਼ਾਂ ਵਿਚਾਲੇ ਹੋਏ 1991 ਦੇ ਸਮਝੌਤੇ ਦੀ ਉਲੰਘਣਾ ਹੈ।

ਭਾਰਤੀ ਜਲ ਸੈਨਾ ਦੇ ਸਾਬਕਾ ਬੁਲਾਰੇ ਕੈਪਟਨ ਡੀਕੇ ਸ਼ਰਮਾ ਨੇ ਸਮਾਚਾਰ ਏਜੰਸੀ ਏਐੱਨਆਈ ਨੂੰ ਕਿਹਾ, “ਭਾਰਤੀ ਜਲ ਸੈਨਾ ਨੇ ਸਮੁੰਦਰ ਵਿੱਚ ਪਾਕਿਸਤਾਨੀ ਜਲ ਸੈਨਾ ਦੇ ਜਹਾਜ਼ਾਂ ਦੀ ਇੱਕ ਅਜਿਹੀ ਘਟਨਾ ਦੀ ਰਿਪੋਰਟ ਦਿੱਤੀ ਹੈ, ਜਿਸ ਵਿੱਚ ਜਹਾਜ਼ਾਂ ਦਾ ਵਿਵਹਾਰ ਅਸਵੀਕਾਰਯੋਗ ਅਤੇ ਗ਼ੈਰ-ਪੇਸ਼ੇਵਰ ਸੀ। ਇਸ ਲਈ ਵਿਦੇਸ਼ ਮੰਤਰਾਲੇ ਨੇ ਨਵੀਂ ਦਿੱਲੀ ਵਿੱਚ ਪਾਕਿਸਤਾਨੀ ਹਾਈ ਕਮਿਸ਼ਨ ਦੇ ਚਾਰਜ ਡੀ’ਅਫੇਅਰਜ਼ ਨੂੰ ਤਲਬ ਕੀਤਾ ਅਤੇ ਵਿਰੋਧ ਦਰਜ ਕਰਵਾਇਆ।”

“ਉਨ੍ਹਾਂ ਦੇ ਕੁਝ ਜਹਾਜ਼ ਆਏ ਅਤੇ ਇੱਕ ਭਾਰਤੀ ਜਲ ਸੈਨਾ ਦੇ ਜਹਾਜ਼ ਦੇ ਆਲੇ-ਦੁਆਲੇ ਬਹੁਤ ਖ਼ਤਰਨਾਕ ਤਰੀਕੇ ਨਾਲ ਹਰਕਤਾਂ ਕੀਤੀਆਂ, ਜੋ ਸਮੁੰਦਰ ਵਿੱਚ ਕੰਮ ਕਰਨ ਵਾਲੇ ਕਿਸੇ ਵੀ ਵਿਅਕਤੀ ਲਈ ਸਵੀਕਾਰਯੋਗ ਨਹੀਂ ਹੈ। ਸਮੁੰਦਰ ਵਿੱਚ ਦੋ ਜਹਾਜ਼ਾਂ ਵਿਚਾਲੇ, ਭਾਵੇਂ ਉਹ ਜੰਗੀ ਬੇੜੇ ਹੋਣ ਜਾਂ ਵਪਾਰਕ ਜਹਾਜ਼, ਦੂਰੀ ਬਣਾਈ ਰੱਖਣ ਦੇ ਨਿਯਮ ਅਤੇ ਕਾਇਦੇ ਹੁੰਦੇ ਹਨ।”

“ਪਰ ਜੇਕਰ ਤੁਸੀਂ ਇਸ ਤਰ੍ਹਾਂ ਨੇੜੇ ਆਉਂਦੇ ਹੋ, ਤਾਂ ਇਹ ਬਿਲਕੁਲ ਵੀ ਸਵੀਕਾਰਯੋਗ ਨਹੀਂ ਹੈ ਅਤੇ ਇਸ ਨਾਲ ਬਹੁਤ ਖ਼ਤਰਨਾਕ ਸਥਿਤੀ ਪੈਦਾ ਹੋ ਸਕਦੀ ਹੈ, ਜੋ ਬਹੁਤ ਘੱਟ ਸਮੇਂ ਵਿੱਚ ਵਿਗੜ ਸਕਦੀ ਹੈ। ਅਤੇ ਇਹ ਗੱਲ ਬਹੁਤ ਸਪੱਸ਼ਟ ਕਰ ਦਿੱਤੀ ਗਈ ਹੈ। ਅਸੀਂ ਸੰਜਮ ਵਰਤ ਰਹੇ ਹਾਂ ਅਤੇ ਸਿਰਫ਼ ਇਸ ਵਾਰ ਉਨ੍ਹਾਂ ਨੂੰ ਤਲਬ ਕੀਤਾ ਗਿਆ ਹੈ, ਵਿਰੋਧ ਦਰਜ ਕਰਵਾਇਆ ਗਿਆ ਹੈ ਅਤੇ ਚੇਤਾਵਨੀ ਦਿੱਤੀ ਗਈ ਹੈ ਕਿ ਭਾਰਤੀ ਜਲ ਸੈਨਾ ਇਸ ਨੂੰ ਕਿਸੇ ਵੀ ਹਾਲ ਵਿੱਚ ਸਵੀਕਾਰ ਨਹੀਂ ਕਰੇਗੀ।”

ਕੀ ਹੈ ਸਮਝੌਤਾ?

ਜਾਹਾਜ਼

ਤਸਵੀਰ ਸਰੋਤ, Getty Images

ਭਾਰਤ ਅਤੇ ਪਾਕਿਸਤਾਨ ਵਿਚਾਲੇ ਫ਼ੌਜੀ ਅਭਿਆਸ, ਜੰਗੀ ਅਭਿਆਸ ਅਤੇ ਫ਼ੌਜੀਆਂ ਦੀ ਆਵਾਜਾਈ ਬਾਰੇ ਅਗਾਊਂ ਸੂਚਨਾ ਨਾਲ ਜੁੜੇ ਨਿਯਮਾਂ ਨੂੰ ਲੈ ਕੇ ਅਪ੍ਰੈਲ 1991 ਵਿੱਚ ਇੱਕ ਸਮਝੌਤਾ ਹੋਇਆ ਸੀ।

ਇਸ ਸਮਝੌਤੇ ਦਾ ਮਕਸਦ ਦੋਵਾਂ ਦੇਸ਼ਾਂ ਵਿਚਾਲੇ ਕਿਸੇ ਵੀ ਫ਼ੌਜੀ ਅਭਿਆਸ, ਜਵਾਨਾਂ ਦੀ ਆਵਾਜਾਈ ਦੌਰਾਨ ਐਮਰਜੈਂਸੀ ਵਾਲੀ ਸਥਿਤੀ ਪੈਦਾ ਹੋਣ ਤੋਂ ਰੋਕਣਾ ਹੈ।

ਇਸੇ ਸਮਝੌਤੇ ਤਹਿਤ ਦੋਵਾਂ ਦੇਸ਼ਾਂ ਦੀਆਂ ਥਲ, ਹਵਾਈ ਅਤੇ ਜਲ ਸੈਨਾਵਾਂ ਇੱਕ-ਦੂਜੇ ਦੇ ਨੇੜੇ ਫ਼ੌਜੀ ਅਭਿਆਸ ਨਹੀਂ ਕਰ ਸਕਦੀਆਂ।

ਭਾਰਤੀ ਵਿਦੇਸ਼ ਮੰਤਰਾਲੇ ਨੇ ਟੱਕਰ ਦੀ ਘਟਨਾ ਨੂੰ ਇਸੇ ਸਮਝੌਤੇ ਦੇ 10ਵੇਂ ਆਰਟੀਕਲ ਦੀ ਉਲੰਘਣਾ ਦੱਸਿਆ ਹੈ। ਇਸ ਸਮਝੌਤੇ ਵਿੱਚ 15 ਵੱਖ-ਵੱਖ ਆਰਟੀਕਲ ਹਨ।

ਆਰਟੀਕਲ 10 ਤਹਿਤ ਇਹ ਜ਼ਰੂਰੀ ਹੈ ਕਿ ਅੰਤਰਰਾਸ਼ਟਰੀ ਜਲ ਖੇਤਰ ਵਿੱਚ ਕਿਸੇ ਵੀ ਹਾਦਸੇ ਤੋਂ ਬਚਣ ਲਈ ਦੋਵਾਂ ਦੇਸ਼ਾਂ ਦੇ ਜਲ ਸੈਨਾ ਦੇ ਜਹਾਜ਼ ਅਤੇ ਪਣਡੁੱਬੀਆਂ ਇੱਕ-ਦੂਜੇ ਤੋਂ ਘੱਟੋ-ਘੱਟ ਤਿੰਨ ਨਾਟੀਕਲ ਮੀਲ ਦੀ ਦੂਰੀ ਬਣਾਈ ਰੱਖਣ।

ਦੋਵਾਂ ਦੇਸ਼ਾਂ ਦੇ ਕੂਟਨੀਤਕ ਸਬੰਧ ਵੀ ਕਾਫ਼ੀ ਹੇਠਲੇ ਪੱਧਰ ‘ਤੇ ਹਨ ਕਿਉਂਕਿ ਦੋਵਾਂ ਦੇਸ਼ਾਂ ਦੇ ਹਾਈ ਕਮਿਸ਼ਨਾਂ ਵਿੱਚ ਇਸ ਵੇਲੇ ਕੋਈ ਹਾਈ ਕਮਿਸ਼ਨਰ ਨਹੀਂ ਹੈ। ਦੋਵਾਂ ਦੇਸ਼ਾਂ ਦੇ ਹਾਈ ਕਮਿਸ਼ਨਾਂ ਵਿੱਚ ਚਾਰਜ ਡੀ’ਅਫੇਅਰਜ਼ ਤੈਨਾਤ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI