Home rss national punjabi2ਰਾਸ਼ਟਰੀ ਖ਼ਬਰਾਂ ਸਾਊਦੀ ਅਰਬ ਮੌਤ ਦੀ ਸਜ਼ਾ ਗੁਪਤ ਤਰੀਕੇ ਨਾਲ ਦਿੰਦਾ ਹੈ, ਸਜ਼ਾ ਪਾਉਣ...

ਸਾਊਦੀ ਅਰਬ ਮੌਤ ਦੀ ਸਜ਼ਾ ਗੁਪਤ ਤਰੀਕੇ ਨਾਲ ਦਿੰਦਾ ਹੈ, ਸਜ਼ਾ ਪਾਉਣ ਵਾਲੇ ਵਿਦੇਸ਼ੀਆਂ ਦੀਆਂ ਦੇਹਾਂ ਪਰਿਵਾਰਾਂ ਨੂੰ ਨਹੀਂ ਸੌਂਪੀ ਜਾਂਦੀ, ਜਾਣੋ ਕਿਉਂ

2
0

Source :- BBC PUNJABI

ਇੱਕ ਕੰਪੋਜ਼ਿਟ ਤਸਵੀਰ ਵਿਚ ਦੋ ਨੌਜਵਾਨ

ਤਸਵੀਰ ਸਰੋਤ, Handout/BBC

“ਅਸੀਂ ਇਹ ਸਾਰੀਆਂ ਰਸਮਾਂ ਇਸ ਲਈ ਨਿਭਾਈਆਂ ਤਾਂ ਕਿ ਪਰਿਵਾਰ ਨੂੰ ਦਿਲਾਸਾ ਮਿਲੇ ਅਤੇ ਅਸੀਂ ਉਸ ਦੀ ਮੌਤ ਨੂੰ ਸਵੀਕਾਰ ਕਰ ਸਕੀਏ। ਪਰ ਮੈਨੂੰ ਇਸ ਨਾਲ ਸ਼ਾਂਤੀ ਨਹੀਂ ਮਿਲੇਗੀ।”

ਇਹ ਕਹਿਣਾ ਹੈ ਕਿ ਕਿਨਫੇ ਅਰੇਗਾਵੀ ਦਾ ਜੋ ਆਪਣੇ ਬੇਟੇ ਕਿਬ੍ਰੋਮ ਦੀ ਮੌਤ ਤੋਂ ਦੁਖੀ ਹਨ।

ਉਹ ਕਹਿੰਦੇ ਹਨ, “ਇਹ ਪਛਤਾਵਾ ਅਤੇ ਦੁਖ ਉਮਰ ਭਰ ਰਹੇਗਾ।”

ਕਿਬ੍ਰੋਮ ਕਿਨਫੇ ਅਰੇਗਾਵੀ ਉਨ੍ਹਾਂ ਪੰਜ ਇਥਿਓਪਿਯਾਈ ਲੋਕਾਂ ਵਿੱਚੋਂ ਇੱਕ ਸਨ ਜਿਨ੍ਹਾਂ ਨੂੰ ਇਸੇ ਸਾਲ ਜੂਨ ਵਿੱਚ ਸਾਊਦੀ ਅਰਬ ਵਿੱਚ ਗਾਂਜਾ ਤਸਕਰੀ ਦੇ ਇਲਜ਼ਾਮ ਸੱਠ ਮੌਤ ਦੀ ਸਜ਼ਾ ਦਿੱਤੀ ਗਈ ਸੀ।

ਸਾਊਦੀ ਅਰਬ ਦੁਨੀਆਂ ਵਿਚ ਸਭ ਤੋਂ ਜ਼ਿਆਦਾ ਮੌਤ ਦੀ ਸਜ਼ਾ ਦੇਣ ਵਾਲੇ ਦੇਸ਼ਾਂ ਵਿੱਚ ਸ਼ਾਮਲ ਹੈ। ਇਸ ਮਾਮਲੇ ਵਿਚ ਉਹ ਚੀਨ ਅਤੇ ਈਰਾਨ ਤੋਂ ਬਾਅਦ ਤੀਜੇ ਨੰਬਰ ‘ਤੇ ਹੈ।

ਕਈ ਇਥਿਓਪਿਯਾਈ ਆਰਥੋਡੌਕਸ ਇਸਾਈਆਂ ਲਈ ਧਾਰਮਿਕ ਰੀਤੀ ਰਿਵਾਜ਼ਾਂ ਨਾਲ ਅੰਤਿਮ ਸੰਸਕਾਰ ਕਰਨਾ ਆਸਥਾ ਦਾ ਅਹਿਮ ਹਿੱਸਾ ਹੈ। ਇਸ ਵਿੱਚ ਮ੍ਰਿਤਕ ਦੇ ਸਰੀਰ ਨੂੰ ਇੱਕ ਖਾਸ ਕਫ਼ਨ ਵਿੱਚ ਲਪੇਟਿਆ ਜਾਂਦਾ ਹੈ। ਇਸ ਤੋਂ ਬਾਅਦ ਉਸ ਨੂੰ ਲੱਕੜੀ ਦੇ ਤਾਬੂਤ ਵਿੱਚ ਰੱਖਿਆ ਜਾਂਦਾ ਹੈ।

ਪਰ 25 ਸਾਲ ਦੇ ਕਿਬ੍ਰੋਮ ਦੇ ਅੰਤਿਮ ਸੰਸਕਾਰ ਵਿੱਚ ਅਜਿਹਾ ਨਹੀਂ ਹੋ ਸਕਿਆ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਇਥਿਓਪੀਆ ਵਾਪਸ ਨਹੀਂ ਲਿਆਇਆ ਗਿਆ ਸੀ।

ਹਿਉਮਨ ਰਾਈਟਸ ਵਾਚ ਮੁਤਾਬਕ, ਸਾਊਦੀ ਅਰਬ ਇਸ ਸਾਲ 27 ਜੁਲਾਈ ਤੱਕ 116 ਲੋਕਾਂ ਨੂੰ ਮੌਤ ਦੀ ਸਜ਼ਾ ਦੇ ਚੁੱਕਿਆ ਹੈ।

ਯੂਰਪੀ ਸਾਊਦੀ ਮਨੁੱਖੀ ਅਧਿਕਾਰ ਸੰਗਠਨ ਦੀ ਸੀਨੀਅਰ ਖੋਜਕਰਤਾ ਦੁਆ ਧੈਨੀ ਕਹਿੰਦੀ ਹੈ, “ਮ੍ਰਿਤਕ ਦੇਹ ਦੇਣ ਤੋਂ ਇਨਕਾਰ ਕਰਨਾ ਮਹਿਜ਼ ਇੱਕ ਪ੍ਰਸ਼ਾਸਨਿਕ ਮਾਮਲਾ ਨਹੀਂ ਹੈ। ਇਸ ਦਾ ਮਤਲਬ ਇਹ ਹੈ ਕਿ ਸਜ਼ਾ ਤੁਸੀਂ ਉਸ ਸ਼ਖਸ ਨੂੰ ਹੀ ਨਹੀਂ ਬਲਕਿ ਉਸ ਦੇ ਪਰਿਵਾਰ ਨੂੰ ਵੀ ਦੇ ਰਹੇ ਹੋ।”

ਉਨ੍ਹਾਂ ਦਾ ਸੰਗਠਨ ਮਨੁੱਖੀ ਅਧਿਕਾਰਾਂ ਦੇ ਘੋਰ ਉਲੰਘਣ ਦਾ ਸਾਹਮਣਾ ਕਰ ਰਹੇ ਲੋਕਾਂ ਦੀ ਰੱਖਿਆ ਦੀ ਮੁਹਿੰਮ ਨਾਲ ਜੁੜਿਆ ਹੈ।

ਧਰਮ ਅਤੇ ਆਸਥਾ ਦੀ ਅਜ਼ਾਦੀ ‘ਤੇ ਸੰਯੁਕਤ ਰਾਸ਼ਟਰ ਦੀ ਵਿਸ਼ੇਸ਼ ਰੈਪੋਰਟੀਅਰ ਨਾਜ਼ਿਲਾ ਘਨੇਆ ਨੇ ਸਾਊਦੀ ਅਰਬ ਦੀਆਂ ਲਾਸ਼ਾਂ ਨੂੰ ਰੋਕ ਕੇ ਰੱਖਣ ਦੀ ਇਸ ਪ੍ਰਥਾ ਨੂੰ ‘ਯਾਤਨਾ ਅਤੇ ਦੁਰਵਿਹਾਰ’ ਦੱਸਿਆ ਹੈ।

ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ 23 ਜੂਨ ਨੂੰ ਦੱਖਣੀ ਸਾਊਦੀ ਅਰਬ ਦੇ ਅਸਿਰ ਪ੍ਰਾਂਤ ਵਿੱਚ ਸਥਿਤ ਖ਼ਮੀਸ ਮੁਸ਼ੈਤ ਸੁਵਿਧਾ ਕੇਂਦਰ ਵਿੱਚ ਜਿਨ੍ਹਾਂ ਪੰਜ ਇਥਿਓਪਿਯਾਈ ਲੋਕਾਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ, ਉਨ੍ਹਾਂ ਨੂੰ ਇਸ ਬਾਰੇ ਪਹਿਲਾਂ ਕੋਈ ਚੇਤਾਵਨੀ ਨਹੀਂ ਦਿੱਤੀ ਗਈ ਸੀ ਅਤੇ ਨਾ ਹੀ ਉਨ੍ਹਾਂ ਦੇ ਪਰਿਵਾਰਾਂ ਨੂੰ ਉਨ੍ਹਾਂ ਦੀਆਂ ਨਿੱਜੀ ਵਸਤੂਆਂ ਦਿੱਤੀਆਂ ਗਈਆਂ। ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਉਨ੍ਹਾਂ ਲੋਕਾਂ ਦੀ ਮੌਤ ਦਾ ਸਰਟੀਫਿਕੇਟ ਤੱਕ ਨਹੀਂ ਦਿੱਤਾ ਗਿਆ ਸੀ।

ਤਿਆਰੀਆਂ ਸੀ ਵਿਆਹ ਦੀਆਂ ਪਰ ਕਰਨੀਆਂ ਪਈਆਂ ਅੰਤਿਮ ਰਸਮਾਂ

ਇੱਕ ਚਿਤਰਨ ਵਿੱਚ ਲੋਕਾਂ ਦਾ ਸਮੂਹ ਖਾਲੀ ਤਾਬੂਤ ਦੇ ਪਿੱਛੇ ਖੜ੍ਹਾ ਹੈ ਅਤੇ ਕਾਬੂਤ ਦੇ ਸਾਹਮਣੇ ਇੱਕ ਨੌਜਵਾਨ ਦੀ ਤਸਵੀਰ ਹੈ।

ਕਿਬ੍ਰੋਮ ਕਿਨਫੇ ਅਰੇਗਾਵੀ ਪਹਿਲੀ ਵਾਰ 2020 ਵਿੱਚ ਆਪਣੇ ਪਿਤਾ ਦੇ ਨਾਲ ਜਾਇਜ਼ ਵੀਜ਼ੇ ਤੋਂ ਬਿਨ੍ਹਾਂ ਸਾਊਦੀ ਅਰਬ ਗਏ ਸੀ। ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ, 15 ਮਹੀਨੇ ਜੇਲ੍ਹ ਵਿੱਚ ਰੱਖਿਆ ਗਿਆ ਅਤੇ ਫਿਰ ਦੇਸ਼ ਨਿਕਾਲਾ ਦੇ ਦਿੱਤਾ ਗਿਆ।

ਹਾਲਾਂਕਿ ਇਥੋਪੀਆ ਵਿੱਚ ਚੱਲ ਰਹੇ ਗ੍ਰਹਿ ਯੁੱਧ ਕਾਰਨ ਕਿਬ੍ਰੋਮ ਨੇ ਸਾਊਦੀ ਅਰਬ ਪਰਤਣ ਦਾ ਫ਼ੈਸਲਾ ਕੀਤਾ। ਉਹ ਲਾਲ ਸਾਗਰ ਪਾਰ ਕਰਨ ਅਤੇ ਯਮਨ ਵਿੱਚ ਪੈਦਲ ਯਾਤਰਾ ਕਰਨ ਲਈ ਇੱਕ ਖਚਾਖਚ ਭਰੀ ਕਿਸ਼ਤੀ ਵਿਚ ਸਵਾਰ ਹੋਏ।

ਕਿਬ੍ਰੋਮ ਨੂੰ 2023 ਵਿੱਚ ਸਰਹੱਦ ਪਾਰ ਕਰਦਿਆਂ ਸਾਊਦੀ ਅਧਿਕਾਰੀਆਂ ਨੇ ਮੁੜ ਗ੍ਰਿਫ਼ਤਾਰ ਕਰ ਲਿਆ ਅਤੇ ਉਸ ‘ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਇਲਜ਼ਾਮ ਲਗਾਇਆ ਗਿਆ। ਕਿਨਫੇ ਦਾ ਕਹਿਣਾ ਹੈ ਕਿ ਤਿੰਨ ਮਹੀਨੇ ਜੇਲ੍ਹ ਵਿੱਚ ਗੁਜ਼ਾਰਨ ਬਾਅਦ ਉਨ੍ਹਾਂ ਦੇ ਬੇਟੇ ਨੂੰ ਦੋਸ਼ੀ ਠਹਿਰਾਇਆ ਗਿਆ ਅਤੇ ਮੌਤ ਦੀ ਸਜ਼ਾ ਸੁਣਾਈ ਗਈ। ਤਿੰਨ ਸਾਲ ਜੇਲ੍ਹ ਵਿੱਚ ਗੁਜ਼ਾਰਨ ਬਾਅਦ ਜੂਨ ਵਿੱਚ ਅਚਾਨਕ ਉਸ ਨੂੰ ਮੌਤ ਦੀ ਸਜ਼ਾ ਦੇ ਦਿੱਤੀ ਗਈ।

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, “ਉਸ ਨੂੰ ਸਾਡੇ ਨਾਲ ਗੱਲ ਕਰਨ ਦਾ ਮੌਕਾ ਵੀ ਨਹੀਂ ਮਿਲਿਆ। ਮੈਨੂੰ ਉਸ ਦੀ ਮੌਤ ਦੀ ਖ਼ਬਰ ਸੋਸ਼ਲ ਮੀਡੀਆ ਤੋਂ ਮਿਲੀ।”

ਕਿਨਫੇ ਦਾ ਮੰਨਣਾ ਹੈ ਕਿ ਉਨ੍ਹਾਂ ਦਾ ਬੇਟਾ ਨਿਰਦੋਸ਼ ਸੀ ਅਤੇ ਸਾਊਦੀ ਅਰਬ ਵਿੱਚ ਉਸ ਨੂੰ ਗਲਤ ਤਰੀਕੇ ਨਾਲ ਦੋਸ਼ੀ ਠਹਿਰਾਇਆ ਗਿਆ ਸੀ।

ਕਿਨਫੇ ਦਾ ਕਹਿਣਾ ਹੈ, “ਅਜਿਹਾ ਕੋਈ ਸਬੂਤ ਨਹੀਂ ਹੈ ਜਿਸ ਨਾਲ ਇਹ ਸਾਬਿਤ ਹੋ ਸਕੇ ਕੇ ਮੇਰਾ ਬੇਟਾ ਗਾਂਜੇ ਦੀ ਤਸਕਰੀ ਵਿੱਚ ਸ਼ਾਮਿਲ ਰਿਹਾ ਹੋਵੇ।”

ਉਸੇ ਦਿਨ ਅਤੇ ਉਸੇ ਜੇਲ੍ਹ ਵਿੱਚ ਤਿਸਗਾਬੂ ਗੇਬ੍ਰੇਮਾਰਿਯਮ ਨੂੰ ਵੀ ਉਸੇ ਅਪਰਾਧ ਲਈ ਦੋਸ਼ੀ ਠਹਿਰਾਏ ਜਾਣ ਬਾਅਦ ਮੌਤ ਦੀ ਸਜ਼ਾ ਦਿੱਤੀ ਗਈ ਸੀ।

26 ਸਾਲਾ ਗੇਬ੍ਰੇਮਾਰਿਯਮ ਦੇ ਇਥੋਪੀਆ ਦੇ ਮੱਧ ਤਿਗ੍ਰੇ ਖੇਤਰ ਦੇ ਇੱਕ ਪੇਂਡੂ ਇਲਾਕੇ ਦਾ ਰਹਿਣਾ ਵਾਲਾ ਸੀ ਅਤੇ ਅੱਠ ਬੱਚਿਆਂ ਵਿੱਚੋਂ ਸਭ ਤੋਂ ਵੱਡਾ ਸੀ।

ਸਫੇਦ ਕੱਪੜਿਆਂ ਵਿੱਚ ਉਦਾਸ ਖੜ੍ਹੀ ਤਿਸਗਾਬੂ ਦੀ ਮਾਂ

ਤਸਵੀਰ ਸਰੋਤ, MEBRAHTOM

ਉਨ੍ਹਾਂ ਦੇ ਪਿਤਾ ਹਾਗੋਸ ਗੇਬ੍ਰੇਮੇਸਕੇਲ ਮੁਤਾਬਕ, ਗਰੀਬੀ ਅਤੇ ਗ੍ਰਹਿ-ਯੁੱਧ ਤੋਂ ਬਚਣ ਲਈ 18 ਸਾਲ ਦਾ ਹੋਣ ਬਾਅਦ ਉਹ ਘਰ ਛੱਡ ਕੇ ਚਲਾ ਗਿਆ ਸੀ।

ਤਿਸਗਾਬੂ ਨੂੰ ਡਰੱਗਸ ਦੀ ਤਸਕਰੀ ਦੇ ਇਲਜ਼ਾਮ ਵਿੱਚ ਦੋਸ਼ੀ ਠਹਿਰਾਇਆ ਗਿਆ ਅਤੇ ਉਨ੍ਹਾਂ ਨੇ ਸਾਢੇ ਤਿੰਨ ਸਾਲ ਜੇਲ੍ਹ ਵਿੱਚ ਬਿਤਾਏ। ਉਨ੍ਹਾਂ ਨੇ ਆਖ਼ਰੀ ਵਾਰ ਫ਼ਰਵਰੀ ਵਿਚ ਆਪਣੇ ਪਰਿਵਾਰ ਨਾਲ ਗੱਲ ਕੀਤੀ ਸੀ।

ਹਾਗੋਸ ਨੇ ਬੀਬੀਸੀ ਨੂੰ ਦੱਸਿਆ, “ਉਸ ਨੇ ਕਿਹਾ ਸੀ ਕਿ ਉਹ ਜਲਦੀ ਘਰ ਪਰਤੇਗਾ ਅਤੇ ਵਿਆਹ ਕਰੇਗਾ।”

ਉਸ ਦੀ ਮਾਂ ਲੇਟੇਕ੍ਰਿਸਟੋਸ ਗੇਬ੍ਰੇਟਸਾਦਿਕ ਉਸ ਲਈ ਲੜਕੀ ਦੇਖ ਰਹੀ ਸੀ ਪਰ ਅਖੀਰ ਉਨ੍ਹਾਂ ਨੂੰ ਅੰਤਿਮ ਸਸਕਾਰ ਦਾ ਪ੍ਰਬੰਧ ਕਰਨਾ ਪਿਆ।

ਉਹ ਕਹਿੰਦੀ ਹੈ, “ਮੇਰੀਆਂ ਸਾਰੀਆਂ ਬੇਟੀਆਂ ਹਨ, ਉਹ ਇਕਲੌਤਾ ਬੇਟਾ ਸੀ। ਮੇਰੀਆਂ ਬੇਟੀਆਂ ਨੂੰ ਪੂਰੀ ਉਮੀਦ ਸੀ ਕਿ ਉਨ੍ਹਾਂ ਦਾ ਭਰਾ ਜਲਦੀ ਘਰ ਪਰਤੇਗਾ। ਉਹ ਉਸ ਦੇ ਵਿਆਹ ਦੀ ਤਿਆਰੀ ਕਰ ਰਹੀਆਂ ਸੀ। ਉਨ੍ਹਾਂ ਦਾ ਦੁਖ ਮੇਰੇ ਦੁਖ ਤੋਂ ਵੀ ਕਿਤੇ ਜ਼ਿਆਦਾ ਹੈ। “

ਸਾਊਦੀ ਅਰਬ ਵਿੱਚ ਰਹਿਣ ਵਾਲੇ ਰਿਸ਼ਤੇਦਾਰਾਂ ਨੂੰ ਤਿਸਗਾਬੂ ਦੀ ਮੌਤ ਦੀ ਸਜ਼ਾ ਬਾਰੇ ਜਾਣਨ ਤੋਂ ਬਾਅਦ ਉਨ੍ਹਾਂ ਦੇ ਰੂੜੀਵਾਦੀ ਇਸਾਈ ਪਰਿਵਾਰ ਨੇ ਆਪਣੇ ਸਥਾਨਕ ਚਰਚ ਵਿੱਚ ਇੱਕ ਪ੍ਰਤੀਕਾਤਮਕ ਅੰਤਿਮ ਸੰਸਕਾਰ ਅਤੇ ਪ੍ਰਾਰਥਨਾ ਸਭਾ ਦਾ ਪ੍ਰਬੰਧ ਕਰਨ ਦਾ ਫ਼ੈਸਲਾ ਲਿਆ।

ਲੇਟੇਕ੍ਰਿਸਟੋਸ ਕਹਿੰਦੀ ਹੈ, “ਮੈਂ ਜਾਣਨਾ ਚਾਹੁੰਦੀ ਹਾਂ ਕਿ ਉਸ ਦੀ ਦੇਹ ਘਰ ਕਿਉਂ ਨਹੀਂ ਆਈ।”

ਤਿਸਗਾਬੂ ਦੇ ਮਾਤਾ ਪਿਤਾ ਚਾਹੁੰਦੇ ਹਨ ਕਿ ਸਾਊਦੀ ਅਧਿਕਾਰੀ ਉਨ੍ਹਾਂ ਦੇ ਬੇਟੇ ਦੇ ਅਪਰਾਧ ਦੇ ਸਬੂਤ ਉਪਲਬਧ ਕਰਾਉਣ। ਉਨ੍ਹਾਂ ਨੂੰ ਸ਼ੱਕ ਹੈ ਕਿ ਉਨ੍ਹਾਂ ਦੇ ਬੇਟੇ ਨੂੰ ਫਸਾ ਕੇ ਦੂਜੇ ਲੋਕਾਂ ਨੇ ਉਸ ਦਾ ਫ਼ਾਇਦਾ ਚੁੱਕਿਆ।

ਮੌਤ ਦੀ ਸਜ਼ਾ ਪਾਉਣ ਵਾਲੇ ਲੋਕਾਂ ਵਿਚੋਂ 75 ਫ਼ੀਸਦੀ ਵਿਦੇਸ਼ੀ ਨਾਗਰਿਕ ਸੀ- ਐਮਨੇਸਟੀ ਇੰਟਰਨੈਸ਼ਨਲ

ਕਬਰਾਂ ਅਤੇ ਕਰੌਸ ਚਿੰਨ ਵਾਲੇ ਕਬਰਸਤਾਨ ਦਾ ਚਿਤਰਨ

ਮਨੁੱਖੀ ਅਧਿਕਾਰ ਸਮੂਹ ਐਮਨੇਸਟੀ ਇੰਟਰਨੈਸ਼ਲ ਦੀ ਪਿਛਲੇ ਸਾਲ ਜਾਰੀ ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਅਪਰਾਧਾਂ ਲਈ ਮੌਤ ਦੀ ਸਜ਼ਾ ਪਾਉਣ ਵਾਲੇ ਲੋਕਾਂ ਵਿਚੋਂ 75 ਫ਼ੀਸਦੀ ਵਿਦੇਸ਼ੀ ਨਾਗਰਿਕ ਸੀ। ਧੈਨੀ ਦਾ ਕਹਿਣਾ ਹੈ ਕਿ ਅਪਰਾਧਿਕ ਗਿਰੋਹ ਕਮਜ਼ੋਰ ਵਿਅਕਤੀਆਂ ਦਾ ਸੋਸ਼ਣ ਕਰਦੇ ਹਨ।

ਧੈਨੀ ਦੱਸਦੇ ਹਨ, “ਇਥੋਪੀਆ ਦੇ ਕੁਝ ਮਾਮਲਿਆਂ ਵਿਚ ਬੰਦੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਸਰਹੱਦ ਪਾਰ ਕਰਾਉਣ ਵਿਚ ਮਦਦ ਦੇ ਬਦਲੇ ਸਮਾਨ ਲਿਜਾਣ ਲਈ ਰਾਜ਼ੀ ਕੀਤਾ ਗਿਆ ਸੀ। ਉਧਰ ਕੁਝ ਪਾਕਿਸਤਾਨੀ ਨਾਗਰਿਕਾਂ ਨੂੰ ਬੈਨ ਪਦਾਰਥਾਂ ਨੂੰ ਨਿਗਲਣ ਲਈ ਮਜਬੂਰ ਕੀਤਾ ਗਿਆ ਸੀ। ਕਦੇ ਕਦੇ ਦਬਾਅ ਵਿੱਚ ਜਾਂ ਰੋਜ਼ਗਾਰ ਦੇ ਵਾਅਦੇ ਦੇ ਬਦਲੇ।”

ਈਐਸਓਐਚਆਰ ਦੇ ਅਨੁਮਾਨਾਂ ਮੁਤਾਬਕ, ਸਾਊਦੀ ਅਰਬ ਵਿੱਚ 2015 ਵਿੱਚ ਰਾਜਾ ਸਲਮਾਨ ਬਿਨ ਅਬਦੁਲ ਅਜ਼ੀਜ਼ ਅਲ ਸਊਦ ਦੇ ਸਿੰਘਾਸਨ ‘ਤੇ ਬੈਠਣ ਤੋਂ ਬਾਅਦ ਮੌਤ ਦੀ ਸਜ਼ਾ ਪਾਉਣ ਵਾਲਿਆਂ ਦੀ ਕੁੱਲ ਗਿਣਤੀ ਦੋ ਹਜ਼ਾਰ ਤੋਂ ਵੱਧ ਹੋ ਗਈ ਹੈ ਜਿਨ੍ਹਾਂ ਵਿੱਚੋਂ 42 ਫ਼ੀਸਦੀ ਵਿਦੇਸ਼ੀ ਸਨ।

ਸੰਗਠਨ ਦਾ ਅਨੁਮਾਨ ਹੈ ਕਿ ਸਾਊਦੀ ਅਰਬ ਨੇ 2025 ਵਿੱਚ 356 ਲੋਕਾਂ ਨੂੰ ਮੌਤ ਦੀ ਸਜ਼ਾ ਦਿੱਤੀ ਜੋ ਇੱਕ ਸਾਲ ਵਿੱਚ ਦਿੱਤੀ ਮੌਤ ਦੀ ਸਜ਼ਾ ਦਾ ਸਭ ਤੋਂ ਵੱਡਾ ਅੰਕੜਾ ਹੈ।

ਸਾਊਦੀ ਕਾਨੂੰਨ ਤਹਿਤ ਅਧਿਕਾਰੀਆਂ ਨੂੰ ਦੂਤਾਵਾਸ ਦੇ ਖ਼ਰਚੇ ‘ਤੇ ਮ੍ਰਿਤਕ ਦੇਹ ਨੂੰ ਵਾਪਸ ਉਨ੍ਹਾਂ ਦੇ ਦੇਸ਼ ਭੇਜਣ ਦੀ ਇਜਾਜ਼ਤ ਹੈ ਪਰ ਧੈਨੀ ਦਾ ਕਹਿਣਾ ਹੈ ਕਿ ਅਜਿਹਾ ਕਦੇ ਨਹੀਂ ਹੁੰਦਾ।

ਉਹ ਕਹਿੰਦੀ ਹੈ, “ਸਾਨੂੰ ਅਜਿਹੇ ਕਿਸੇ ਮਾਮਲੇ ਦੀ ਜਾਣਕਾਰੀ ਨਹੀਂ ਹੈ ਜਿਸ ਵਿਚ ਮੌਤ ਦੀ ਸਜ਼ਾ ਤੋਂ ਬਾਅਦ ਪ੍ਰਵਾਸੀ ਨਾਗਰਿਕ ਦੀ ਦੇਹ ਪਰਿਵਾਰ ਨੂੰ ਦਿੱਤੀ ਗਈ ਹੋਵੇ। ਸਾਊਦੀ ਨਾਗਰਿਕਾਂ ਨਾਲ ਜੁੜੇ ਜਿਨ੍ਹਾਂ ਮਾਮਲਿਆਂ ਨੂੰ ਅਸੀਂ ਦਰਜ ਕੀਤਾ ਹੈ, ਉਨ੍ਹਾਂ ਵਿਚ ਵੀ ਇਹੀ ਸਥਿਤੀ ਹੈ।”

ਧੈਨੀ ਅੱਗੇ ਕਹਿੰਦੇ ਹਨ ਕਿ ਪਹਿਲਾਂ ਵੀ ਕੁਝ ਪਰਿਵਾਰਾਂ ਨੇ ਕੈਦੀਆਂ ਦੀਆਂ ਦੇਹਾਂ ਨੂੰ ਵਾਪਸ ਲਿਆਉਣ ਦੀ ਮੰਗ ਕਰਦਿਆਂ ਇੱਕ ਅਭਿਆਨ ਚਲਾਇਆ ਸੀ ਜਿਸ ਵਿੱਚ ਤੁਰਕੀ ਅਤੇ ਜਾਰਡਨ ਦੇ ਨਾਗਰਿਕ ਵੀ ਸ਼ਾਮਲ ਸੀ ਪਰ ਉਨ੍ਹਾਂ ਨੂੰ ਸਫਲਤਾ ਨਹੀਂ ਮਿਲੀ।

ਬੀਬੀਸੀ ਨੇ ਗ੍ਰਹਿ ਮੰਤਰਾਲੇ, ਵਿਦੇਸ਼ ਮੰਤਰਾਲੇ ਅਤੇ ਲੰਡਨ ਸਥਿਤ ਦੂਤਾਵਾਸ ਜ਼ਰੀਏ ਸਾਊਦੀ ਸਰਕਾਰ ਤੋਂ ਇਸ ਮਾਮਲੇ ਵਿਚ ਪ੍ਰਤੀਕਿਰਿਆ ਮੰਗੀ ਪਰ ਕੋਈ ਜਵਾਬ ਨਹੀਂ ਮਿਲਿਆ।

‘ਮੌਤ ਦੀ ਸਜ਼ਾ ਦਾ ਇੰਤਜ਼ਾਰ ਕਰ ਰਹੇ ਕੈਦੀਆਂ ਦਾ ਅੰਕੜਾ ਸੈਂਕੜਿਆਂ ਵਿੱਚ ਹੋਣ ਦੀ ਉਮੀਦ’

ਇੱਕ ਤੰਗ ਕੋਠੜੀ ਵਿੱਚ ਬੈਠਾ ਨੌਜਵਾਨ ਸਾਹਮਣੇ ਕੈਮਰੇ ਵੱਲ ਦੇਖ ਰਿਹਾ ਹੈ। ਉਸ ਨੇ ਨੀਲੀ ਟੀ ਸ਼ਰਟ ਪਹਿਨੀ ਹੈ।

ਤਸਵੀਰ ਸਰੋਤ, Family supplied

ਜੂਨ ਵਿਚ ਗਾਂਜੇ ਨਾਲ ਸਬੰਧਤ ਅਪਰਾਧਾਂ ਲਈ ਦੋਸ਼ੀ ਠਹਿਰਾਏ ਗਏ ਇੱਕ ਸਾਊਦੀ ਨਾਗਰਿਕ ਨੂੰ ਸਜ਼ਾ ਏ ਮੌਤ ਦਿੱਤੇ ਜਾਣ ਦਾ ਐਲਾਨ ਕਰਦਿਆਂ ਗ੍ਰਹਿ ਮੰਤਰਾਲੇ ਦੇ ਇੱਕ ਬਿਆਨ ਵਿੱਚ ਕੁਰਾਨ ਦੀਆਂ ਉਨ੍ਹਾਂ ਆਇਤਾਂ ਦਾ ਹਵਾਲਾਂ ਦਿੱਤਾ ਗਿਆ ਹੈ ਜਿਨ੍ਹਾਂ ਵਿੱਚ ‘ਧਰਤੀ ‘ਤੇ ਭ੍ਰਿਸ਼ਟਾਚਾਰ ਫੈਲਾਉਣ ਵਾਲੇ ਲੋਕਾਂ’ ਲਈ ਸਖਤ ਸਜ਼ਾ ਦੀ ਗੱਲ ਕਹੀ ਗਈ ਹੈ।

ਬਿਆਨ ਵਿੱਚ ਕਿਹਾ ਗਿਆ ਹੈ ਕਿ ਸਰਕਾਰ ‘ਨਾਗਰਿਕਾਂ ਅਤੇ ਇੱਥੇ ਰਹਿਣ ਵਾਲੇ ਲੋਕਾਂ ਨੂੰ ਨਸ਼ੀਲੀਆਂ ਦਵਾਈਆਂ ਦੇ ਖਤਰੇ ਤੋਂ ਬਚਾਉਣ ਲਈ ਪ੍ਰਤੀਬੱਧ ਹੈ। ਨਾਲ ਹੀ, ਡਰੱਗਜ਼ ਦੀ ਤਸਕਰੀ ਅਤੇ ਗੈਰ ਕਾਨੂੰਨੀ ਕਾਰੋਬਾਰ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨ ਤਹਿਤ ਸਭ ਤੋਂ ਸਖਤ ਸਜ਼ਾ ਦੇਣ ਲਈ ਵੀ ਸਰਕਾਰ ਵਚਨਬੱਧ ਹੈ। ਨਸ਼ੀਲੀਆਂ ਦਵਾਈਆਂ ਕਾਰਨ ਨਿਰਦੋਸ਼ ਲੋਕਾਂ ਦੀ ਜਾਨ ਜਾਂਦੀ ਹੈ ਅਤੇ ਗੰਭੀਰ ਭ੍ਰਿਸ਼ਟਾਚਾਰ ਫ਼ੈਲਦਾ ਹੈ।’

ਸਾਊਦੀ ਅਰਬ ਵਿੱਚ ਮੌਜੂਦ ਇਥਿਓਪੀਯਾਈ ਦੂਤਾਵਾਸ ਤੋਂ ਵੀ ਇਸ ਮਾਮਲੇ ‘ਤੇ ਟਿੱਪਣੀ ਮੰਗੀ ਗਈ ਹੈ।

ਸਾਊਦੀ ਅਰਬ ਇਹ ਨਹੀਂ ਦੱਸਦਾ ਹੈ ਕਿ ਇਸ ਸਮੇਂ ਕਿੰਨੇ ਕੈਦੀ ਮੌਤ ਦੀ ਸਜ਼ਾ ਦਾ ਇੰਤਜ਼ਾਰ ਕਰ ਰਹੇ ਹਨ। ਪਰ ਮਨੁੱਖੀ ਅਧਿਕਾਰ ਕਾਰਜਕਰਤਾਵਾਂ ਦਾ ਕਹਿਣਾ ਹੈ ਕਿ ਇਹ ਗਿਣਤੀ ਸੈਂਕੜਿਆਂ ਵਿੱਚ ਹੋ ਸਕਦੀ ਹੈ।

ਮਨੁੱਖੀ ਅਧਿਕਾਰ ਸੰਗਠਨ ਹਿਉਮਨ ਰਾਈਟਸ ਵਾਚ ਦੇ ਮੱਧ ਪੂਰਵ ਅਤੇ ਉੱਤਰੀ ਅਫ਼ਰੀਕਾ ਡਿਵੀਜ਼ਨ ਦੀ ਖੋਜਕਰਤਾ ਜੁਆਏ ਸ਼ੀਆ ਕਹਿੰਦੀ ਹੈ, “ਸਾਊਦੀ ਅਰਬ ਵਿੱਚ ਗੁਪਚੁਪ ਤਰੀਕੇ ਨਾਲ ਜਾਂ ਪਹਿਲਾਂ ਕੋਈ ਸੂਚਨਾ ਦਿੱਤੇ ਬਿਨ੍ਹਾਂ ਮੌਤ ਦੀ ਸਜ਼ਾ ਦਿੱਤੀ ਜਾਂਦੀ ਹੈ। ਇਸ ਨਾਲ ਕੈਦੀ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਮੌਤ ਲਈ ਤਿਆਰ ਹੋਣ ਦਾ ਲੋੜੀਂਦਾ ਸਮਾਂ ਨਹੀਂ ਮਿਲਦਾ। ਇਹ ਉਨ੍ਹਾਂ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ।”

“ਚਮਤਕਾਰ ਲਈ ਪ੍ਰਾਰਥਨਾ ਕਰ ਰਿਹਾ ਹਾਂ”

ਕੈਦੀਆਂ ਨਾਲ ਭਰੀ ਕੋਠੜੀ ਦਾ ਚਿਤਰਨ

ਗੋਪਨੀਯਤਾ ਕਾਰਨ ਮੌਤ ਦੀ ਸਜ਼ਾ ਵਾਲੇ ਕੈਦੀਆਂ ਦੀ ਜ਼ਿੰਦਗੀ ਹੋਰ ਵੀ ਮੁਸ਼ਕਿਲ ਹੋ ਜਾਂਦੀ ਹੈ।

ਇੱਕ ਕੈਦੀ ਨੇ ਬੀਬੀਸੀ ਨੂੰ ਜੇਲ੍ਹ ਵਿਚ ਆਪਣੀ ਜ਼ਿੰਦਗੀ ਬਾਰੇ ਦੱਸਿਆ। ਸੁਰੱਖਿਆ ਕਾਰਨਾਂ ਕਰਕੇ ਉਨ੍ਹਾਂ ਦੀ ਪਛਾਣ ਨਹੀਂ ਦੱਸੀ ਜਾ ਸਕਦੀ।

ਉਨ੍ਹਾਂ ਨੂੰ 2023 ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਇਲਜ਼ਾਮ ਸਵੀਕਾਰ ਕੀਤਾ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਦੋਸ਼ੀ ਠਹਿਰਾ ਕੇ ਸਜ਼ਾ ਸੁਣਾਈ ਗਈ।

ਇਸ ਸਾਲ ਉਨ੍ਹਾਂ ਨੇ ਆਪਣੇ ਪੰਦਰਾਂ ਸਾਥੀਆਂ ਨੂੰ ਮੌਤ ਦੀ ਸਜ਼ਾ ਦਿੱਤੇ ਜਾਂਦਿਆਂ ਦੇਖਿਆ ਹੈ। ਹੁਣ ਉਨ੍ਹਾਂ ਨੂੰ ਖੁਦ ਵੀ ਮੌਤ ਦੀ ਸਜ਼ਾ ਦਿੱਤੇ ਜਾਣ ਦਾ ਡਰ ਹੈ।

ਉਹ ਕਹਿੰਦੇ ਹਨ, “ਜਦੋਂ ਵੀ ਗਾਰਡ ਦਰਵਾਜ਼ਾ ਖੋਲ੍ਹਦੇ ਹਨ, ਅਸੀਂ ਸੋਚਦੇ ਹਾਂ ਕਿ ਅਗਲੀ ਵਾਰੀ ਕਿਸਦੀ ਹੋਵੇਗੀ।”

ਉਹ ਕਿਸੇ ਚਮਤਕਾਰ ਦੀ ਉਮੀਦ ਕਰ ਰਹੇ ਹਨ। ਉਹ ਚਾਹੁੰਦੇ ਹਨ ਕਿ ਕਿਸੇ ਤਰ੍ਹਾਂ ਉਨ੍ਹਾਂ ਨੂੰ ਰਾਹਤ ਮਿਲ ਜਾਵੇ। ਪਰ ਜੇ ਸਭ ਤੋਂ ਬੁਰਾ ਹੋਇਆ ਤਾਂ ਉਨ੍ਹਾਂ ਦੀ ਇੱਛਾ ਹੈ ਕਿ ਉਨ੍ਹਾਂ ਦੀ ਦੇਹ ਘਰ ਭੇਜ ਦਿੱਤੀ ਜਾਵੇ।

ਉਨ੍ਹਾਂ ਕਿਹਾ, “ਮੈਨੂੰ ਡਰ ਹੈ ਕਿ ਮੇਰੇ ਮਾਤਾ ਪਿਤਾ ਮੇਰੀ ਮ੍ਰਿਤਕ ਦੇਹ ਵੀ ਨਹੀਂ ਦੇਖ ਸਕਣਗੇ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI