Source :- BBC PUNJABI
ਤਸਵੀਰ ਸਰੋਤ, AFP via Getty Images
ਆਸਟ੍ਰੇਲੀਆ ਦੇ ਇੱਕ ਨਹੀਂ ਦੋ ਨਹੀਂ ਸੱਤ ਕ੍ਰਿਕਟ ਕਪਤਾਨਾਂ ਨੇ ਅਪੀਲ ਕੀਤੀ ਹੈ ਕਿ ਇਮਰਾਨ ਖਾਨ ਦੇ ਨਾਲ ਇਨਸਾਫ ਕਰੋ। ਜੇ ਇਸ ਨੂੰ ਜੇਲ੍ਹ ਵਿੱਚ ਹੀ ਰੱਖਣਾ ਹੈ ਤਾਂ ਇਸਦੇ ਨਾਲ ਬੰਦੇ ਦੇ ਪੁੱਤਰਾਂ ਦੀ ਤਰ੍ਹਾਂ ਸਲੂਕ ਕਰੋ। ਇਸਦਾ ਇਲਾਜ ਕਰਾਓ, ਇਸਦੇ ਪਰਿਵਾਰ ਨੂੰ ਇਸ ਨਾਲ ਮਿਲਣ ਦਿਓ।
ਇਸ ਤੋਂ ਪਹਿਲਾਂ ਦੁਨੀਆਂ ਦੇ ਕੋਈ ਇੱਕੀ ਕ੍ਰਿਕਟ ਕਪਤਾਨ ਇਸ ਤਰ੍ਹਾਂ ਦੀ ਫਰਿਆਦ ਕਰ ਚੁੱਕੇ ਸਨ। ਇਮਰਾਨ ਖਾਨ ਦੇ ਆਪਣੇ ਪੁੱਤਰ ਵੀ ਦੁਹਾਈ ਦਿੰਦੇ ਫਿਰਦੇ ਹਨ ਕਿ ਸਾਡੇ ਪਿਓ ਨੂੰ ਇਨ੍ਹਾਂ ਨੇ ਜੇਲ੍ਹ ‘ਚ ਹੀ ਮਾਰ ਦੇਣਾ।
ਰੱਬ ਇਮਰਾਨ ਖਾਨ ਨੂੰ ਹਿਆਤੀ ਦੇਵੇ, ਪਰ ਉਨ੍ਹਾਂ ਨੂੰ ਜੇਲ੍ਹ ‘ਚ ਪਾਉਣ ਵਾਲੇ ਵੀ ਕਾਫੀ ਡਾਢੇ ਨੇ। ਤਿੰਨ ਸਾਲ ਤੋਂ ਉਨ੍ਹਾਂ ਦੀ ਜੇਲ੍ਹ ਵਿੱਚੋਂ ਫੋਟੋ ਵੀ ਬਾਹਰ ਨਹੀਂ ਆਉਣ ਦਿੱਤੀ।
ਜਦੋਂ ਵੱਡੀ ਅਦਾਲਤ ਨੇ ਹੁਕਮ ਦਿੱਤਾ ਵੀ ਇਹ ਕੈਦੀ ਬਿਮਾਰ ਹੈ, ਇਹਨੂੰ ਫਲਾਣੇ ਪ੍ਰਾਈਵੇਟ ਹਸਪਤਾਲ ‘ਚ ਲੈ ਜਾਓ ਤਾਂ ਸਰਕਾਰ ਅੱਧੀ ਰਾਤੀਂ ਉਨ੍ਹਾਂ ਨੂੰ ਹਨ੍ਹੇਰੇ ਵਿੱਚ ਸਰਕਾਰੀ ਹਸਪਤਾਲ ਦਾ ਫੇਰਾ ਲਿਵਾ ਕੇ ਵਾਪਸ ਆ ਗਈ ਤੇ ਕਿਹਾ ਕਿ ਇਹ ਕੈਦੀ ਬਿਲਕੁਲ ਠੀਕ ਹੈ।
‘ਇਮਰਾਨ ਖਾਨ ਦੇ ਕਾਰਕੁੰਨ ਘੱਟ ਤੇ ਆਸ਼ਿਕ ਜ਼ਿਆਦਾ ਨੇ’
ਜਦੋਂ ਇਮਰਾਨ ਖਾਨ ਜੇਲ੍ਹ ਗਏ ਸਨ ਤਾਂ ਉਨ੍ਹਾਂ ਨੂੰ ਆਪਣੇ ਕਾਰਕੁੰਨਾਂ ‘ਤੇ ਬੜਾ ਮਾਣ ਸੀ। ਉਨ੍ਹਾਂ ਦਾ ਖਿਆਲ ਸੀ ਕਿ ਲੱਖਾਂ ਲੋਕ ਨਿਕਲਣਗੇ ਤੇ ਅਡਿਆਲਾ ਜੇਲ੍ਹ ਦਾ ਗੇਟ ਤੋੜ ਕੇ ਉਨ੍ਹਾਂ ਨੂੰ ਕੱਢ ਲੈਣਗੇ।
ਇਮਰਾਨ ਖਾਨ ਦੇ ਕਾਰਕੁੰਨ ਘੱਟ ਤੇ ਆਸ਼ਿਕ ਜ਼ਿਆਦਾ ਨੇ, ਆਪਣੇ ਆਪ ਨੂੰ ਜਨੂੰਨੀ ਵੀ ਕਹਿੰਦੇ ਨੇ, ਆਪਣੇ ਲੀਡਰ ਦੇ ਇਸ਼ਕ ਵਿੱਚ ਮਜਨੂੰ ਵੀ ਬਣੇ ਫਿਰਦੇ ਨੇ।
ਜਦੋਂ ਇਮਰਾਨ ਖਾਨ ਜੇਲ੍ਹ ਗਏ ਸਨ ਤੇ ਉਨ੍ਹਾਂ ਦੇ ਕੁਝ ਸਭ ਤੋਂ ਵੱਡੇ ਮਜ਼ੀਰ, ਮਸ਼ੀਰ ਤੇ ਪਹਿਲਾਂ ਹੀ ਮਾਫ਼ੀ ਮੰਗ ਕੇ ਘਰ ਬਹਿ ਗਏ ਸਨ ਤੇ ਪਤਾ ਲੱਗ ਗਿਆ ਸੀ ਵੀ ਇਹ ਪੱਥਰ ਖਾਣ ਵਾਲੇ, ਸਜ਼ਾਵਾਂ ਕੱਟਣ ਵਾਲੇ ਮਜਨੂੰ ਨਹੀਂ, ਇਹ ਸਿਰਫ਼ ਦੁੱਧ ਪੀਣ ਵਾਲੇ ਮਜਨੂੰ ਸਨ।
ਜਿਹੜੇ ਵਿਚਾਰੇ ਸੱਚੇ ਆਸ਼ਿਕ ਸਨ, ਉਹ ਸੜਕਾਂ ‘ਤੇ ਆਏ, ਡੰਡੇ ਖਾਧੇ। ਹੁਣ ਕਦੀ ਬਦ-ਦੁਆਵਾਂ ਦਿੰਦੇ ਨੇ, ਕਦੀ ਇੱਕ-ਦੂਸਰੇ ਦੇ ਹੀ ਗਲ਼ ਪੈ ਜਾਂਦੇ ਨੇ।
‘ਪਾਕਿਸਤਾਨ ਤੋਂ ਆਪਣੇ ਦੋ ਮਸਲੇ ਹੱਲ ਨਹੀਂ ਹੋਏ’
ਤਸਵੀਰ ਸਰੋਤ, AFP via Getty Images
ਹੁਣ ਇੱਕ ਵਾਰੀ ਫਿਰ ਲਾਂਗ ਮਾਰਚ (ਇੱਕ ਪ੍ਰਕਾਰ ਦਾ ਲੰਮਾ ਜਲੂਸ) ਦਾ ਐਲਾਨ ਹੋਇਆ ਹੈ। ਸਰਕਾਰ ਨੇ ਪਹਿਲਾਂ ਹੀ ਡੰਡਾ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ ਤੇ ਹੁਕਮ ਦਿੱਤਾ ਹੈ ਵੀ ਕੋਈ ਇਸਲਾਮਾਬਾਦ ਵਿੱਚ ਆਉਣ ਦੀ ਜੁਰੱਤ ਵੀ ਨਾ ਕਰੇ।
ਖਾਨ ਦੀ ਪਾਰਟੀ ਦੇ ਲੀਡਰ ਜਿੱਥੇ ਵੀ ਲਾਂਗ ਮਾਰਚ ਦੀ ਤਿਆਰੀ ਲਈ ਪਹੁੰਚਦੇ ਨੇ, ਪੁਲਿਸਾਂ ਉੱਥੇ ਪਹਿਲਾਂ ਹੀ ਅੱਪੜੀਆਂ ਹੁੰਦੀਆਂ ਨੇ। ਇੱਕ ਲੀਡਰ ਨੇ ਪੁਲਿਸ ਨੂੰ ਧਮਕੀ ਵੀ ਦਿੱਤੀ ਹੈ ਕਿ ਇਹ ਆਵਾਮ ਗੁੱਸੇ ਵਿੱਚ ਆ ਕੇ ਤੁਹਾਨੂੰ ਸਾਰਿਆਂ ਨੂੰ ਖਾ ਜਾਵੇਗੀ।
ਸੱਚੀ ਗੱਲ ਇਹ ਹੈ ਵੀ ਪਾਕਿਸਤਾਨ ਦੀ ਸਰਕਾਰ ਦੁਨੀਆਂ ਦੇ ਵੱਡੇ ਮਸਲੇ ਹੱਲ ਕਰਾਉਣ ‘ਤੇ ਤਾਂ ਲੱਗੀ ਹੋਈ ਹੈ ਲੇਕਿਨ ਉਨ੍ਹਾਂ ਕੋਲੋਂ ਆਪਣੇ ਘਰ ਦੇ ਦੋ ਵੱਡੇ ਮਸਲੇ ਹੱਲ ਨਹੀਂ ਹੋਏ, ਇੱਕ ਮਹਿੰਗਾਈ ਤੇ ਦੂਸਰਾ ਇਮਰਾਨ ਖਾਨ। ਇੱਕ ਰੋਟੀ ਦਾ ਮਸਲਾ ਹੈ ਤੇ ਦੂਸਰਾ ਲੋਕਾਂ ਦੇ ਇਮਰਾਨ ਖਾਨ ਦੇ ਨਾਲ ਪਿਆਰ ਦਾ ਮਸਲਾ।
ਤਸਵੀਰ ਸਰੋਤ, Mohammad Hanif
ਅੰਗਰੇਜ਼ੀ ਵਿੱਚ ਹੰਗਰ (hunger) ਤੇ ਐਂਗਰ (anger) ਨੂੰ ਮਿਲਾ ਕੇ ਇੱਕ ਨਵਾਂ ਲਫ਼ਜ਼ ਲੋਕਾਂ ਨੇ ਬਣਾਇਆ ਹੈ, ਜਿਹਨੂੰ ਹੈਂਗਰੀ (hangry) ਕਹਿੰਦੇ ਹਨ।
ਬਈ ਭੁੱਖੇ ਬੰਦੇ ਦਾ ਗੁੱਸਾ। ਤੁਸੀਂ ਵੇਖਿਆ ਹੋਣਾ ਹੈ ਵੀ ਦੁੱਧ ਪੀਣ ਵਾਲਾ ਬੱਚਾ, ਛੋਟਾ ਜਿਹਾ ਬੱਚਾ ਭੁੱਖਾ ਵੀ ਹੋਵੇ ਤਾਂ ਪੂਰੇ ਮਹੱਲੇ ਨੂੰ ਉਸਦੇ ਰੋਣ ਦੀ ਆਵਾਜ਼ ਆ ਜਾਂਦੀ ਹੈ।
ਇੱਥੇ ਵੀ ਲੋਕਾਂ ਦਾ ਇਹੀ ਖਿਆਲ ਹੈ ਕਿ ਪਹਿਲੇ ਸਰਕਾਰ ਨੇ ਉਨ੍ਹਾਂ ਦਾ ਸੱਚਾ ਪਿਆਰ ਇਮਰਾਨ ਖਾਨ ਖੋਹਿਆ, ਹੁਣ ਸਰਕਾਰ ਉਨ੍ਹਾਂ ਦੀ ਰੋਟੀ ਵੀ ਖੋਹ ਰਹੀ ਹੈ।
ਹਕੂਮਤ ਇਨ੍ਹਾਂ ਭੁੱਖੇ-ਭਾਣੇ ਆਸ਼ਿਕਾਂ ਦੇ ਲੀਡਰ ਨੂੰ ਤਾਂ ਛੱਡਣ ਲਈ ਅਜੇ ਤਿਆਰ ਨਹੀਂ। ਸਰਕਾਰ ਇਨ੍ਹਾਂ ਦੇ ਪਿਆਰ ਦਾ ਤੇ ਕੁਝ ਨਹੀਂ ਕਰ ਸਕਦੀ ਪਰ ਇਨ੍ਹਾਂ ਦੀ ਭੁੱਖ ਦਾ ਤਾਂ ਕੁਝ ਨਾ ਕੁਝ ਕਰਨਾ ਪਏਗਾ।
ਰੱਬ ਰਾਖਾ!
(ਨੋਟ – ਇਹ ਲੇਖਕ ਦੇ ਨਿੱਜੀ ਵਿਚਾਰ ਹਨ)
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI




