Home rss national punjabi2ਰਾਸ਼ਟਰੀ ਖ਼ਬਰਾਂ ਪਿਤਾ ਜਿਸ ਨੂੰ ਆਪਣੇ 58 ਬੱਚਿਆਂ ਦੇ ਨਾਮ ਤੱਕ ਯਾਦ ਨਹੀਂ ਰਹਿੰਦੇ,...

ਪਿਤਾ ਜਿਸ ਨੂੰ ਆਪਣੇ 58 ਬੱਚਿਆਂ ਦੇ ਨਾਮ ਤੱਕ ਯਾਦ ਨਹੀਂ ਰਹਿੰਦੇ, ਰੋਜ਼ ਰਾਤ ਨੂੰ ਗਿਣਤੀ ਕਰਨੀ ਪੈਂਦੀ ਹੈ

5
0

Source :- BBC PUNJABI

ਮੁਹੰਮਦ ਸਾਦਿਕ ਆਪਣੇ ਬੱਚਿਆਂ ਵਿਚਕਾਰ

ਅਫ਼ਗਾਨਿਸਤਾਨ ਵਿੱਚ ਵੱਡੇ ਪਰਿਵਾਰ ਅਤੇ ਜ਼ਿਆਦਾ ਬੱਚਿਆਂ ਵਾਲੇ ਜੋੜੇ ਮਿਲਣਾ ਆਮ ਗੱਲ ਮੰਨੀ ਜਾਂਦੀ ਹੈ, ਪਰ ਉਰੂਜ਼ਗਾਨ ਸੂਬੇ ਦੇ ਰਹਿਣ ਵਾਲੇ ਮੁਹੰਮਦ ਸਾਦਿਕ ਦਾ ਪਰਿਵਾਰ ਸ਼ਾਇਦ ਦੇਸ਼ ਦੇ ਸਭ ਤੋਂ ਵੱਡੇ ਪਰਿਵਾਰਾਂ ਵਿੱਚੋਂ ਇੱਕ ਹੈ।

ਮੁਹੰਮਦ ਸਾਦਿਕ ਦੀਆਂ ਚਾਰ ਪਤਨੀਆਂ ਤੋਂ 58 ਬੱਚੇ ਹਨ ਅਤੇ ਉਨ੍ਹਾਂ ਦਾ ਸਭ ਤੋਂ ਛੋਟਾ ਬੱਚਾ ਕੁਝ ਹਫ਼ਤੇ ਪਹਿਲਾਂ ਹੀ ਪੈਦਾ ਹੋਇਆ ਹੈ। ਇੰਨੇ ਵੱਡੇ ਪਰਿਵਾਰ ਦਾ ਪਾਲਣ-ਪੋਸ਼ਣ ਕਰਨਾ ਉਨ੍ਹਾਂ ਲਈ ਇੱਕ ਵੱਡੀ ਚੁਣੌਤੀ ਬਣ ਗਿਆ ਹੈ।

ਉਹ ਕਹਿੰਦੇ ਹਨ ਕਿ ਉਨ੍ਹਾਂ ਦੀਆਂ ਸਾਰੀਆਂ ਕੋਸ਼ਿਸ਼ਾਂ ਇਸ ਗੱਲ ‘ਤੇ ਕੇਂਦਰਿਤ ਰਹਿੰਦੀਆਂ ਹਨ ਕਿ ਬੱਚਿਆਂ ਲਈ ਹਰ ਰੋਜ਼ ਖਾਣ-ਪੀਣ ਦਾ ਪ੍ਰਬੰਧ ਕਰ ਸਕਣ। ਆਰਥਿਕ ਤੰਗੀ ਕਾਰਨ ਪਰਿਵਾਰ ਦੇ ਛੋਟੇ ਬੱਚਿਆਂ ਨੂੰ ਵੀ ਮੁਸ਼ਕਿਲ ਹਾਲਾਤ ਵਿੱਚ ਜ਼ਿੰਦਗੀ ਬਿਤਾਉਣੀ ਪੈ ਰਹੀ ਹੈ।

ਇਸ ਪਰਿਵਾਰ ਦੀਆਂ ਚਾਰੋਂ ਮਹਿਲਾਵਾਂ ਨੇ ਵੀ ਸਾਲਾਂ ਤੱਕ ਲਗਾਤਾਰ ਗਰਭ ਧਾਰਨ ਕਰਨ, ਬੱਚਿਆਂ ਨੂੰ ਜਨਮ ਦੇਣ ਅਤੇ ਉਨ੍ਹਾਂ ਦੇ ਪਾਲਣ-ਪੋਸ਼ਣ ਦੀਆਂ ਜ਼ਿੰਮੇਵਾਰੀਆਂ ਨਿਭਾਈਆਂ ਹਨ। ਮੁਹੰਮਦ ਸਾਦਿਕ ਮੁਤਾਬਕ, ਉਨ੍ਹਾਂ ਦੀਆਂ ਚਾਰੋਂ ਪਤਨੀਆਂ ਦਾ ਵਿਆਹ ਘੱਟ ਉਮਰ ਵਿੱਚ ਹੋਇਆ ਸੀ ਅਤੇ ਨਿਕਾਹ ਵੇਲੇ ਉਨ੍ਹਾਂ ਦੀ ਉਮਰ 13 ਤੋਂ 16 ਸਾਲ ਦੇ ਵਿਚਕਾਰ ਸੀ।

ਮੁਹੰਮਦ ਸਾਦਿਕ ਹੱਸਦੇ ਹੋਏ ਦੱਸਦੇ ਹਨ ਕਿ ਕਈ ਵਾਰ ਉਨ੍ਹਾਂ ਨੂੰ ਆਪਣੇ ਸਾਰੇ ਬੱਚਿਆਂ ਦੇ ਨਾਂ ਵੀ ਯਾਦ ਨਹੀਂ ਰਹਿੰਦੇ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਹਰ ਰਾਤ ਸੌਣ ਤੋਂ ਪਹਿਲਾਂ ਬੱਚਿਆਂ ਦੀ ਗਿਣਤੀ ਜ਼ਰੂਰ ਕਰਦੇ ਹਨ, ਤਾਂ ਜੋ ਇਹ ਯਕੀਨੀ ਬਣਾ ਸਕਣ ਕਿ ਸਾਰੇ ਬੱਚੇ ਘਰ ਵਿੱਚ ਮੌਜੂਦ ਹਨ।

ਘਰ ਵਿੱਚ ਸਮਾਰੋਹ ਵਰਗਾ ਮਾਹੌਲ

ਸਾਦਿਕ ਦਾ ਪਰਿਵਾਰ

ਜਦੋਂ ਛੋਟੇ ਬੱਚੇ ਆਪਣੇ ਪਿਤਾ ਦੇ ਆਲੇ-ਦੁਆਲੇ ਇਕੱਠੇ ਹੁੰਦੇ ਹਨ, ਤਾਂ ਮੁਹੰਮਦ ਸਾਦਿਕ ਮੁਤਾਬਕ, ਉਨ੍ਹਾਂ ਦਾ ਘਰ ਰੌਲੇ-ਰੱਪੇ, ਹਾਸੇ ਅਤੇ ਚਹਿਲ-ਪਹਿਲ ਨਾਲ ਇਸ ਤਰ੍ਹਾਂ ਭਰ ਜਾਂਦਾ ਹੈ, ਜਿਵੇਂ ਉੱਥੇ ਵਿਆਹ ਦਾ ਕੋਈ ਸਮਾਰੋਹ ਚੱਲ ਰਿਹਾ ਹੋਵੇ।

ਹਾਲਾਂਕਿ, ਇਸ ਪਰਿਵਾਰ ਦੀ ਜ਼ਿੰਦਗੀ ਵਿੱਚ ਖ਼ੁਸ਼ੀਆਂ ਦੇ ਨਾਲ-ਨਾਲ ਗੰਭੀਰ ਆਰਥਿਕ ਮੁਸ਼ਕਿਲਾਂ ਵੀ ਹਨ। ਗ਼ਰੀਬੀ ਕਈ ਵਾਰ ਇਸ ਹੱਦ ਤੱਕ ਵਧ ਜਾਂਦੀ ਹੈ ਕਿ ਕੁਝ ਬੱਚਿਆਂ ਨੂੰ ਰਾਤ ਨੂੰ ਭੁੱਖੇ ਸੌਣਾ ਪੈਂਦਾ ਹੈ। ਪਰਿਵਾਰ ਵਿੱਚ ਰੋਜ਼ਾਨਾ ਸਿਰਫ਼ ਦੋ ਵਾਰ, ਸਵੇਰੇ ਅਤੇ ਸ਼ਾਮ ਨੂੰ ਖਾਣਾ ਬਣਾਇਆ ਜਾਂਦਾ ਹੈ। ਘਰ ਦੀਆਂ ਦੋ ਮਹਿਲਾਵਾਂ ਖਾਣਾ ਪਕਾਉਣ ਦੀ ਜ਼ਿੰਮੇਵਾਰੀ ਸੰਭਾਲਦੀਆਂ ਹਨ।

57 ਸਾਲਾ ਮੁਹੰਮਦ ਸਾਦਿਕ ਇੱਕ ਕਾਰ ਸ਼ੋਅਰੂਮ ਵਿੱਚ ਨੌਕਰੀ ਕਰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜ਼ਿਆਦਾ ਬੱਚੇ ਪੈਦਾ ਕਰਨ ਪਿੱਛੇ ਉਨ੍ਹਾਂ ਦਾ ਮਕਸਦ ਸਿਰਫ਼ ‘ਉੱਮਤ-ਏ-ਮੁਹੰਮਦੀ ਵਿੱਚ ਵਾਧਾ ਕਰਨਾ’ ਸੀ।

ਆਪਣੀ ਇੱਕ ਧੀ ਦੇ ਨਿਕਾਹ ਨਾਲ ਜੁੜਿਆ ਇੱਕ ਦਿਲਚਸਪ ਕਿੱਸਾ ਸੁਣਾਉਂਦਿਆਂ ਉਹ ਕਹਿੰਦੇ ਹਨ, “ਜਦੋਂ ਨਿਕਾਹ ਪੜ੍ਹਾਉਣ ਵਾਲੇ ਮੌਲਵੀ ਸਾਬ੍ਹ ਨੇ ਮੈਨੂੰ ਮੇਰੀ ਧੀ ਦਾ ਨਾਂ ਪੁੱਛਿਆ, ਤਾਂ ਮੈਂ ਕੁਝ ਦੇਰ ਤੱਕ ਸੋਚਦਾ ਰਿਹਾ ਅਤੇ ਗ਼ਲਤੀ ਨਾਲ ਦੂਜੀ ਧੀ ਦਾ ਨਾਂ ਦੱਸ ਦਿੱਤਾ। ਇਸ ‘ਤੇ ਮੌਲਵੀ ਸਾਬ੍ਹ ਹੱਸਦਿਆਂ ਬੋਲੇ ਕਿ ਘਰ ਜਾ ਕੇ ਦੁਬਾਰਾ ਪਤਾ ਕਰ ਲਿਓ, ਕਿਤੇ ਤੁਸੀਂ ਗ਼ਲਤ ਨਾਂ ਤਾਂ ਨਹੀਂ ਦੱਸ ਦਿੱਤਾ।”

ਸਾਰੇ ਬੱਚਿਆਂ ਦੇ ਨਾਂ ਤੱਕ ਯਾਦ ਨਹੀਂ

ਘਰ ਦੇ ਕਮਰਿਆਂ ਵਿੱਚ ਨਾ ਤਾਂ ਖਿੜਕੀਆਂ ਹਨ ਅਤੇ ਨਾ ਹੀ ਪੱਕੇ ਦਰਵਾਜ਼ੇ। ਘਰ 'ਚ ਦਾਖਲ ਹੋਣ ਵਾਲੇ ਦਰਵਾਜ਼ਿਆਂ 'ਤੇ ਵੀ ਸਿਰਫ਼ ਪਤਲੇ ਪਰਦੇ ਲਟਕ ਰਹੇ ਹਨ

ਉਹ ਦੱਸਦੇ ਹਨ ਕਿ ਇੰਨੇ ਜ਼ਿਆਦਾ ਬੱਚੇ ਹੋਣ ਕਾਰਨ ਅਕਸਰ ਉਨ੍ਹਾਂ ਨੂੰ ਸਾਰਿਆਂ ਦੇ ਨਾਂ ਯਾਦ ਰੱਖਣ ਵਿੱਚ ਮੁਸ਼ਕਿਲ ਹੁੰਦੀ ਹੈ। ਇਸ ਲਈ ਉਹ ਜ਼ਿਆਦਾਤਰ ਬੱਚਿਆਂ ਨੂੰ ‘ਬੇਟਾ’ ਕਹਿ ਕੇ ਬੁਲਾਉਂਦੇ ਹਨ।

ਮੁਹੰਮਦ ਸਾਦਿਕ ਇੱਕ ਘਟਨਾ ਨੂੰ ਯਾਦ ਕਰਦਿਆਂ ਕਹਿੰਦੇ ਹਨ, “ਇੱਕ ਰਾਤ ਅਸੀਂ ਸਾਰੇ ਦਸਤਾਰਖ਼ਾਨ ਦੇ ਆਲੇ-ਦੁਆਲੇ ਬੈਠੇ ਹੋਏ ਸੀ। ਮੈਂ ਬੱਚਿਆਂ ਦੀ ਗਿਣਤੀ ਸ਼ੁਰੂ ਕੀਤੀ ਤਾਂ ਇੱਕ ਬੱਚਾ ਘੱਟ ਨਿੱਕਲਿਆ। ਮੈਨੂੰ ਇਹ ਵੀ ਪਤਾ ਨਹੀਂ ਸੀ ਕਿ ਜਿਹੜਾ ਬੱਚਾ ਮੌਜੂਦ ਨਹੀਂ ਹੈ, ਉਹ ਮੁੰਡਾ ਹੈ ਜਾਂ ਕੁੜੀ। ਫਿਰ ਮੈਂ ਉਨ੍ਹਾਂ ਦੀਆਂ ਮਾਵਾਂ ਨੂੰ ਪੁੱਛਿਆ ਤਾਂ ਉਨ੍ਹਾਂ ਵਿੱਚੋਂ ਇੱਕ ਨੇ ਦੱਸਿਆ ਕਿ ਉਸਨੇ ਆਪਣੇ ਇੱਕ ਬੱਚੇ ਨੂੰ ਨਾਨਕੇ ਘਰ ਭੇਜ ਦਿੱਤਾ ਹੈ ਅਤੇ ਉਹ ਰਾਤ ਉੱਥੇ ਹੀ ਰਹੇਗਾ।”

ਮੁਹੰਮਦ ਸਾਦਿਕ ਦਾ ਪਹਿਲਾ ਵਿਆਹ ਉਦੋਂ ਹੋਇਆ ਸੀ, ਜਦੋਂ ਉਨ੍ਹਾਂ ਦੀ ਉਮਰ 20 ਸਾਲ ਸੀ। ਬੀਬੀਸੀ ਵੱਲੋਂ ਘੱਟ ਉਮਰ ਦੀਆਂ ਕੁੜੀਆਂ ਨਾਲ ਵਿਆਹ ਕਰਨ ਦਾ ਕਾਰਨ ਪੁੱਛੇ ਜਾਣ ‘ਤੇ ਉਨ੍ਹਾਂ ਕਿਹਾ ਕਿ ਹਰ ਵਿਆਹ ਲਈ ਉਨ੍ਹਾਂ ਨੂੰ ਕਈ ਸਾਲਾਂ ਤੱਕ ‘ਤੁਵਿਆਨਾ’ (ਲਾੜੀ ਦੇ ਪਰਿਵਾਰ ਨੂੰ ਦਿੱਤੀ ਜਾਣ ਵਾਲੀ ਰਕਮ) ਇਕੱਠੀ ਕਰਨੀ ਪੈਂਦੀ ਸੀ।

ਮੁਹੰਮਦ ਸਾਦਿਕ

ਜਦੋਂ ਉਨ੍ਹਾਂ ਨੂੰ ਇੰਨੇ ਵੱਡੇ ਪਰਿਵਾਰ ਅਤੇ ਬੱਚਿਆਂ ਦੇ ਪਾਲਣ-ਪੋਸ਼ਣ ਦੀ ਜ਼ਿੰਮੇਵਾਰੀ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਪਤਨੀਆਂ ਦਾ ਵਿਆਹ ਬਹੁਤ ਘੱਟ ਉਮਰ ਵਿੱਚ ਹੋਇਆ ਸੀ। ਬਚਪਨ ਅਤੇ ਕਿਸ਼ੋਰ ਅਵਸਥਾ ਵਿੱਚ ਹੀ ਉਨ੍ਹਾਂ ਨੇ ਵਿਆਹ, ਗਰਭ ਧਾਰਨ, ਬੱਚਿਆਂ ਨੂੰ ਜਨਮ ਦੇਣ ਅਤੇ ਉਨ੍ਹਾਂ ਦੇ ਪਾਲਣ-ਪੋਸ਼ਣ ਵਰਗੀਆਂ ਭਾਰੀ ਜ਼ਿੰਮੇਵਾਰੀਆਂ ਸੰਭਾਲ ਲਈਆਂ ਸਨ, ਜੋ ਉਨ੍ਹਾਂ ਦੀ ਜ਼ਿੰਦਗੀ ਦਾ ਸਥਾਈ ਹਿੱਸਾ ਬਣ ਗਈਆਂ।

ਮੁਹੰਮਦ ਸਾਦਿਕ ਅਤੇ ਉਨ੍ਹਾਂ ਦੀਆਂ ਪਤਨੀਆਂ ਨੂੰ ਆਪਣੀ ਜ਼ਿੰਦਗੀ ਵਿੱਚ ਇੱਕ ਹੋਰ ਵੱਡੀ ਤ੍ਰਾਸਦੀ ਦਾ ਸਾਹਮਣਾ ਵੀ ਕਰਨਾ ਪਿਆ ਹੈ। ਇਨ੍ਹਾਂ ਸਾਲਾਂ ਦੌਰਾਨ ਉਨ੍ਹਾਂ ਦੇ 14 ਬੱਚਿਆਂ ਦੀ ਮੌਤ ਹੋ ਚੁੱਕੀ ਹੈ, ਜੋ ਕਿਸੇ ਵੀ ਮਾਤਾ-ਪਿਤਾ ਲਈ ਡੂੰਘੇ ਦੁੱਖ ਦਾ ਕਾਰਨ ਹੈ।

ਮਾੜੀ ਮਾਲੀ ਹਾਲਤ

ਮੁਹੰਮਦ ਸਾਦਿਕ ਦੀ ਰਸੋਈ। ਰਸੋਈ ਦੇ ਪਿਛਲੇ ਹਿੱਸੇ ਵਿੱਚ ਨੀਲੇ ਕੱਪੜੇ ਪਹਿਨੇ ਇੱਕ ਮਹਿਲਾ ਬੈਠੀ ਹੈ। ਜ਼ਮੀਨ 'ਤੇ ਇੱਕ ਚਿੱਟੀ ਬੋਰੀ ਦੇ ਨਾਲ ਪੀਲੇ ਰੰਗ ਦੇ ਕਈ ਡਰੰਮ, ਇੱਕ ਵੱਡਾ ਪਤੀਲਾ ਅਤੇ ਚਾਹ ਵਾਲਾ ਭਾਂਡਾ ਰੱਖਿਆ ਹੋਇਆ ਹੈ

ਮਾਹਿਰਾਂ ਮੁਤਾਬਕ, ਘੱਟ ਉਮਰ ਵਿੱਚ ਵਿਆਹ ਅਤੇ ਗਰਭ ਧਾਰਨ ਕਰਨ ਨਾਲ ਮਾਂ ਅਤੇ ਨਵਜੰਮੇ ਬੱਚੇ, ਦੋਵਾਂ ਦੀ ਸਿਹਤ ਲਈ ਖ਼ਤਰਾ ਵਧ ਸਕਦਾ ਹੈ। ਨਾਲ ਹੀ, ਵਾਰ-ਵਾਰ ਗਰਭ ਧਾਰਨ ਕਰਨ ਨਾਲ ਮਹਿਲਾਵਾਂ ਨੂੰ ਸਿਹਤ ਸਬੰਧੀ ਹੋਰ ਵੀ ਕਈ ਪੇਚੀਦਗੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਅਫ਼ਗਾਨਿਸਤਾਨ ਉਨ੍ਹਾਂ ਦੇਸ਼ਾਂ ਵਿੱਚ ਸ਼ਾਮਿਲ ਹੈ, ਜਿੱਥੇ ਗਰਭ ਅਵਸਥਾ ਅਤੇ ਬੱਚੇ ਨੂੰ ਜਨਮ ਦੇਣ ਦੌਰਾਨ ਔਰਤਾਂ ਦੀ ਮੌਤ ਦਰ ਅਜੇ ਵੀ ਮੁਕਾਬਲਤਨ ਜ਼ਿਆਦਾ ਹੈ। ਖ਼ਾਸ ਕਰਕੇ ਪੇਂਡੂ ਅਤੇ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ, ਜਿੱਥੇ ਬਿਹਤਰ ਡਾਕਟਰੀ ਸਹੂਲਤਾਂ ਤੱਕ ਪਹੁੰਚ ਸੀਮਤ ਹੈ।

ਦੂਜੇ ਪਾਸੇ, ਗ਼ਰੀਬੀ ਵੀ ਇਸ ਪਰਿਵਾਰ ਦੀ ਜ਼ਿੰਦਗੀ ਨੂੰ ਡੂੰਘਾਈ ਨਾਲ ਪ੍ਰਭਾਵਿਤ ਕਰ ਰਹੀ ਹੈ। ਸਰਦੀਆਂ ਵਿੱਚ ਪਰਿਵਾਰ ਦੇ ਮੈਂਬਰ ਕਮਰਿਆਂ ਵਿੱਚ ਅਤੇ ਗਰਮੀਆਂ ਵਿੱਚ ਵਿਹੜੇ ਵਿੱਚ ਇਕੱਠੇ ਬੈਠ ਕੇ ਖਾਣਾ ਖਾਂਦੇ ਹਨ, ਪਰ ਉਨ੍ਹਾਂ ਕੋਲ ਬੁਨਿਆਦੀ ਸਹੂਲਤਾਂ ਵੀ ਬਹੁਤ ਘੱਟ ਹਨ।

ਜਿਸ ਥਾਂ ‘ਤੇ ਨਹਾਇਆ ਜਾਂਦਾ ਹੈ, ਉਸੇ ਦੀ ਵਰਤੋਂ ਕੱਪੜੇ ਅਤੇ ਭਾਂਡੇ ਧੋਣ ਲਈ ਵੀ ਕੀਤੀ ਜਾਂਦੀ ਹੈ। ਇਹੀ ਥਾਂ ਪਖਾਨੇ ਵਜੋਂ ਵੀ ਵਰਤੀ ਜਾਂਦੀ ਹੈ।

ਪਰਿਵਾਰ ਦੇ ਵਧਦੇ ਖ਼ਰਚਿਆਂ ਨੂੰ ਪੂਰਾ ਕਰਨ ਲਈ ਸਿਰਫ਼ ਮੁਹੰਮਦ ਸਾਦਿਕ ਹੀ ਨਹੀਂ, ਸਗੋਂ ਉਨ੍ਹਾਂ ਦੇ ਕਈ ਬੱਚੇ ਵੀ ਕੰਮ ਕਰਦੇ ਹਨ। ਕੁਝ ਬੱਚੇ ਕਾਗਜ਼, ਪਲਾਸਟਿਕ ਅਤੇ ਹੋਰ ਵਰਤੋਂ ਵਿੱਚ ਆ ਸਕਣ ਵਾਲੀਆਂ ਚੀਜ਼ਾਂ ਇਕੱਠੀਆਂ ਕਰਦੇ ਹਨ, ਤਾਂ ਜੋ ਉਨ੍ਹਾਂ ਨੂੰ ਬਾਲਣ ਵਜੋਂ ਵਰਤਿਆ ਜਾ ਸਕੇ ਜਾਂ ਵੇਚ ਕੇ ਘਰ ਦੇ ਖ਼ਰਚਿਆਂ ਵਿੱਚ ਯੋਗਦਾਨ ਪਾਇਆ ਜਾ ਸਕੇ।

ਸਾਰੀਆਂ ਮੁਸ਼ਕਿਲਾਂ ਦੇ ਬਾਵਜੂਦ ਇਹ ਪਰਿਵਾਰ ਰੋਜ਼ਾਨਾ ਦੀਆਂ ਲੋੜਾਂ ਪੂਰੀਆਂ ਕਰਨ ਲਈ ਲਗਾਤਾਰ ਸੰਘਰਸ਼ ਕਰ ਰਿਹਾ ਹੈ। ਇੱਥੇ ਹਰ ਰੋਜ਼ ਖਾਣੇ, ਰਹਿਣ ਅਤੇ ਬੱਚਿਆਂ ਦੇ ਪਾਲਣ-ਪੋਸ਼ਣ ਦਾ ਪ੍ਰਬੰਧ ਕਰਨਾ ਇੱਕ ਨਵੀਂ ਚੁਣੌਤੀ ਬਣ ਕੇ ਸਾਹਮਣੇ ਆਉਂਦਾ ਹੈ।

ਮੁਹੰਮਦ ਸਾਦਿਕ ਦੀਆਂ ਇਹ ਖ਼ਾਹਿਸ਼ਾਂ

ਮੁਹੰਮਦ ਸਾਦਿਕ

ਠੰਢੀਆਂ ਰਾਤਾਂ ਵਿੱਚ ਕਈ ਵਾਰ ਛੇ ਜਾਂ ਸੱਤ ਲੋਕ ਇੱਕੋ ਪਤਲਾ ਕੰਬਲ ਲੈ ਕੇ ਸੌਂਦੇ ਹਨ। ਸਾਧਾਰਨ ਗੱਦਿਆਂ ਤੋਂ ਇਲਾਵਾ ਇਸ ਪਰਿਵਾਰ ਕੋਲ ਸੌਣ ਲਈ ਕੋਈ ਖ਼ਾਸ ਸਹੂਲਤ ਨਹੀਂ ਹੈ। ਘਰ ਦੇ ਕਮਰਿਆਂ ਵਿੱਚ ਨਾ ਤਾਂ ਖਿੜਕੀਆਂ ਹਨ ਅਤੇ ਨਾ ਹੀ ਪੱਕੇ ਦਰਵਾਜ਼ੇ। ਘਰ ‘ਚ ਦਾਖਲ ਹੋਣ ਵਾਲੇ ਦਰਵਾਜ਼ਿਆਂ ‘ਤੇ ਵੀ ਸਿਰਫ਼ ਪਤਲੇ ਪਰਦੇ ਲਟਕ ਰਹੇ ਹਨ।

ਬਾਲਣ ਲਈ ਪਰਿਵਾਰ ਜ਼ਿਆਦਾਤਰ ਕਾਗਜ਼ ਅਤੇ ਹੋਰ ਉਪਲੱਬਧ ਚੀਜ਼ਾਂ ਨੂੰ ਸਾੜ ਕੇ ਅੱਗ ਬਾਲਦਾ ਹੈ। ਇਨ੍ਹਾਂ ਮੁਸ਼ਕਿਲਾਂ ਦੇ ਬਾਵਜੂਦ ਮੁਹੰਮਦ ਸਾਦਿਕ, ਜੋ ਖ਼ੁਦ ਪੜ੍ਹਾਈ ਨਹੀਂ ਕਰ ਸਕੇ, ਕਹਿੰਦੇ ਹਨ ਕਿ ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਦੀ ਪੂਰੀ ਕੋਸ਼ਿਸ਼ ਕੀਤੀ ਹੈ। ਹਾਲਾਂਕਿ, ਸੀਮਤ ਆਮਦਨ ਕਾਰਨ ਉਨ੍ਹਾਂ ਲਈ ਬੱਚਿਆਂ ਦੀ ਪੜ੍ਹਾਈ ਦਾ ਖ਼ਰਚਾ ਚੁੱਕਣਾ ਆਸਾਨ ਨਹੀਂ ਹੈ।

ਮੁਹੰਮਦ ਸਾਦਿਕ ਇੱਕ ਕਾਰ ਸ਼ੋਅਰੂਮ ਵਿੱਚ ਕੰਮ ਕਰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇੱਕ ਕਾਰ ਵਿਕਣ ‘ਤੇ ਉਨ੍ਹਾਂ ਨੂੰ ਸਿਰਫ਼ ਇੱਕ ਹਜ਼ਾਰ ਅਫ਼ਗ਼ਾਨੀ ਦਾ ਕਮਿਸ਼ਨ ਮਿਲਦਾ ਹੈ।

ਹਾਲਾਂਕਿ, ਇੰਨੇ ਵੱਡੇ ਪਰਿਵਾਰ ਦੀਆਂ ਲੋੜਾਂ ਉਨ੍ਹਾਂ ਦੀ ਕੁੱਲ ਆਮਦਨ ਤੋਂ ਕਿਤੇ ਵੱਧ ਹਨ। ਇਸ ਲਈ ਮੁਹੰਮਦ ਸਾਦਿਕ ਸਰਕਾਰ, ਸਹਾਇਤਾ ਸੰਗਠਨਾਂ ਅਤੇ ਆਰਥਿਕ ਤੌਰ ‘ਤੇ ਸਮਰੱਥ ਲੋਕਾਂ ਨੂੰ ਮਦਦ ਦੀ ਅਪੀਲ ਕਰਦੇ ਹਨ, ਤਾਂ ਜੋ ਉਹ ਆਪਣੇ ਬੱਚਿਆਂ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਕਰ ਸਕਣ।

ਆਪਣੀਆਂ ਇੱਛਾਵਾਂ ਬਾਰੇ ਗੱਲ ਕਰਦਿਆਂ ਮੁਹੰਮਦ ਸਾਦਿਕ ਕਹਿੰਦੇ ਹਨ ਕਿ ਉਨ੍ਹਾਂ ਦੀ ਜ਼ਿੰਦਗੀ ਦੀਆਂ ਸਿਰਫ਼ ਦੋ ਵੱਡੀਆਂ ਖ਼ਾਹਿਸ਼ਾਂ ਹਨ।

“ਮੇਰੀ ਪਹਿਲੀ ਖ਼ਾਹਿਸ਼ ਹੈ ਕਿ ਮੇਰੇ ਬੱਚੇ ਸਿੱਖਿਆ ਹਾਸਿਲ ਕਰਨ, ਧਰਮ ਅਤੇ ਦੁਨੀਆ ਦਾ ਗਿਆਨ ਸਿੱਖਣ। ਦੂਜੀ ਇਹ ਕਿ ਉਨ੍ਹਾਂ ਨੂੰ ਕਦੇ ਵੀ ਭੁੱਖੇ ਢਿੱਡ ਨਾ ਸੌਣਾ ਪਵੇ ਅਤੇ ਉਨ੍ਹਾਂ ਦਾ ਢਿੱਡ ਭਰਿਆ ਰਹੇ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI