Source :- BBC PUNJABI

ਚੇਤਾਵਨੀ: ਇਸ ਖ਼ਬਰ ਦੇ ਕੁਝ ਵੇਰਵੇ ਤੁਹਾਨੂੰ ਪਰੇਸ਼ਾਨ ਕਰ ਸਕਦੇ ਹਨ।
ਮੁਹਾਲੀ ਦੀ ਇੱਕ ਨਿੱਜੀ ਕੰਪਨੀ ਦੇ ਦਫ਼ਤਰ ਵਿੱਚ ਇੱਕ ਲੜਕੀ ਦਾ ਕੰਮ ਕਰਨ ਵੇਲੇ ਕਤਲ ਕਰ ਦਿੱਤਾ ਗਿਆ। ਪੁਲਿਸ ਮੁਤਾਬਕ ਸੀਸੀਟੀਵੀ ਫੁਟੇਜ ਵਿੱਚ ਇਸ ਵਾਰਦਾਤ ਨੂੰ ਅੰਜਾਮ ਉਸ ਕੁੜੀ ਦੇ ਸਹਿਕਰਮੀ ਨੇ ਹੀ ਦਿੱਤਾ ਹੈ।
ਪੁਲਿਸ ਨੇ ਦੱਸਿਆ ਕਿ ਲੜਕੀ ‘ਤੇ ਵਾਰ ਕਰਨ ਤੋਂ ਬਾਅਦ ਹਮਲਾਵਰ ਨੇ ਖ਼ੁਦ ਵੀ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਦੌਰਾਨ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਅਤੇ ਮੁਹਾਲੀ ਦੇ ਨਿੱਜੀ ਹਸਪਤਾਲ ਵਿੱਚ ਇਲਾਜ ਅਧੀਨ ਹੈ।
ਪੂਰੀ ਘਟਨਾ ਵੀਰਵਾਰ ਸ਼ਾਮ ਦੀ ਹੈ ਅਤੇ ਇਸ ਸਬੰਧ ਵਿੱਚ ਮੁਹਾਲੀ ਪੁਲਿਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਕੁੜੀ ਦਾ ਨਾਂ ਡਿੰਪਲ ਹੈ ਤੇ ਜਿਸ ਵਿਅਕਤੀ ਉੱਤੇ ਹਮਲਾ ਕਰਨ ਦਾ ਇਲਜ਼ਾਮ ਹੈ ਉਸ ਦਾ ਨਾਮ ਹਰਜਿੰਦਰ ਸਿੰਘ ਉਰਫ ਹੈਰੀ ਮਾਨ ਹੈ।
ਪੂਰੀ ਘਟਨਾ ਕੈਮਰੇ ਵਿੱਚ ਕੈਦ ਹੋਈ

ਵਾਰਦਾਤ ਦੀ ਪੂਰੀ ਘਟਨਾ ਦਫ਼ਤਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋਈ ਹੈ, ਜਿਸ ਮੁਤਾਬਕ ਹਰਜਿੰਦਰ ਸਿੰਘ ਉਰਫ਼ ਹੈਰੀ ਮਾਨ ਚਾਕੂ ਨਾਲ ਲੈਸ ਹੋ ਕੇ ਦਫ਼ਤਰ ਵਿੱਚ ਆਉਂਦਾ ਹੈ ਅਤੇ ਸਿੱਧਾ ਡਿੰਪਲ ਦੀ ਸੀਟ ਉੱਤੇ ਜਾਂਦਾ ਹੈ ਅਤੇ ਉਸ ਉੱਤੇ ਹਮਲਾ ਕਰ ਦਿੰਦਾ ਹੈ।
ਇਸ ਦੌਰਾਨ ਡਿੰਪਲ ਜਾਨ ਬਚਾਉਣ ਲਈ ਭੱਜਣ ਦੀ ਕੋਸ਼ਿਸ਼ ਵੀ ਕਰਦੀ ਹੈ ਪਰ ਹਰਜਿੰਦਰ ਉਸ ਦਾ ਪਿੱਛਾ ਕਰਦਾ ਹੈ ਅਤੇ ਉਸ ਉੱਤੇ ਫਿਰ ਹਮਲਾ ਕਰਦਾ ਹੈ।
ਮੁਹਾਲੀ ਪੁਲਿਸ ਮੁਤਾਬਕ ਹਰਜਿੰਦਰ ਸਿੰਘ ਨੇ ਡਿੰਪਲ ਉੱਤੇ ਕਈ ਵਾਰ ਕੀਤੇ। ਇਸ ਦੌਰਾਨ ਦਫ਼ਤਰ ਵਿੱਚ ਮੌਜੂਦਾ ਲੋਕਾਂ ਨੇ ਹਰਜਿੰਦਰ ਨੂੰ ਕਾਬੂ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਉਹ ਕਾਬੂ ਵਿੱਚ ਨਹੀਂ ਆਇਆ।
ਇਸ ਤੋਂ ਬਾਅਦ ਹਰਜਿੰਦਰ ਸਿੰਘ ਨੇ ਆਪਣੇ ਉੱਤੇ ਵੀ ਉਸੇ ਚਾਕੂ ਨਾਲ ਵਾਰ ਕੀਤਾ ਜਿਸ ਰਾਹੀਂ ਉਸ ਨੇ ਡਿੰਪਲ ਉੱਤੇ ਹਮਲਾ ਕੀਤਾ ਸੀ।
ਗੰਭੀਰ ਜ਼ਖਮੀ ਡਿੰਪਲ ਅਤੇ ਹਰਜਿੰਦਰ ਸਿੰਘ ਨੂੰ ਮੁਹਾਲੀ ਦੇ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਡਾਕਟਰ ਨੇ ਡਿੰਪਲ ਨੂੰ ਮ੍ਰਿਤਕ ਐਲਾਨ ਦਿੱਤਾ ਅਤੇ ਹਰਜਿੰਦਰ ਸਿੰਘ ਇਸ ਵਕਤ ਇਲਾਜ ਅਧੀਨ ਹੈ।
ਪੁਲਿਸ ਨੇ ਪੋਸਟਮਾਰਟਮ ਕਰ ਮ੍ਰਿਤਕਾ ਦੀ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਸੀ ਤੇ ਪਟਿਆਲਾ ਵਿੱਚ ਡਿੰਪਲ ਦੇ ਪਰਿਵਾਰ ਨੇ ਉਸ ਦਾ ਸਸਕਾਰ ਕਰ ਦਿੱਤਾ।
ਮਹੱਤਵਪੂਰਨ ਸੂਚਨਾ
ਖੁਦਕੁਸ਼ੀ ਇੱਕ ਗੰਭੀਰ ਮਨੋਵਿਗਿਆਨਕ ਅਤੇ ਸਮਾਜਿਕ ਸਮੱਸਿਆ ਹੈ। ਜੇਕਰ ਤੁਸੀਂ ਵੀ ਤਣਾਅ ਵਿੱਚੋਂ ਗੁਜ਼ਰ ਰਹੇ ਹੋ, ਤਾਂ ਤੁਸੀਂ ਭਾਰਤ ਸਰਕਾਰ ਦੀ ਜੀਵਨਸਾਥੀ ਹੈਲਪਲਾਈਨ 18002333330 ਤੋਂ ਮਦਦ ਲੈ ਸਕਦੇ ਹੋ। ਤੁਹਾਨੂੰ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਵੀ ਗੱਲ ਕਰਨੀ ਚਾਹੀਦੀ ਹੈ।
ਪਟਿਆਲਾ ‘ਚ ਰਿਹਾਇਸ਼, ਮੁਹਾਲੀ ਨੌਕਰੀ ਕਰਦੇ ਸੀ

ਮੁਹਾਲੀ ਦੇ ਡੀਐਸਪੀ ਹਰਸਿਮਰਨ ਸਿੰਘ ਬੱਲ ਮੁਤਾਬਕ ਮ੍ਰਿਤਕ ਲੜਕੀ ਡਿੰਪਲ ਅਤੇ ਮੁਲਜ਼ਮ ਹਰਜਿੰਦਰ ਸਿੰਘ ਉਰਫ਼ ਹੈਰੀ ਮਾਨ, ਦੋਵੇਂ ਪਟਿਆਲਾ ਸ਼ਹਿਰ ਦੇ ਰਹਿਣ ਵਾਲੇ ਸਨ।
ਡੀਐਸਪੀ ਹਰਸਿਮਰਨ ਸਿੰਘ ਬੱਲ ਮੁਤਾਬਕ ਮੁਹਾਲੀ ਦੇ ਫ਼ੇਜ਼-11 ਵਿਚ ਸਥਿਤ ਨਿੱਜੀ ਕੰਪਨੀ ਦੇ ਦਫ਼ਤਰ ਵਿੱਚ ਵੀਰਵਾਰ ਸ਼ਾਮ ਕਰੀਬ 7:30 ਵਜੇ ਇਹ ਘਟਨਾ ਵਾਪਰੀ। ਪੁਲਿਸ ਮੁਤਾਬਕ ਮ੍ਰਿਤਕਾ ਇਸ ਕੰਪਨੀ ਵਿੱਚ ਡਿਸਪੈਚ ਟੀਮ ਵਿੱਚ ਕੰਮ ਕਰਦੀ ਸੀ ਅਤੇ ਹਰਜਿੰਦਰ ਸਿੰਘ ਵੀ ਇਸੇ ਕੰਪਨੀ ਵਿੱਚ ਕੰਮ ਕਰਦਾ ਸੀ।
ਉਨ੍ਹਾਂ ਦੱਸਿਆ, “ਪੁਲਿਸ ਦੀ ਸ਼ੁਰੂਆਤੀ ਜਾਂਚ ਮੁਤਾਬਕ, ਮੁਲਜ਼ਮ ਸ਼ਾਮ ਦੇ ਸਮੇਂ ਡਿੰਪਲ ਦੀ ਸੀਟ ‘ਤੇ ਪਹੁੰਚਿਆ ਜੋ ਉਸ ਵੇਲੇ ਆਪਣੇ ਕੰਪਿਊਟਰ ‘ਤੇ ਕੰਮ ਕਰ ਰਹੀ ਸੀ ਅਤੇ ਪਿੱਛੋਂ ਆ ਕੇ ਉਸ ਨੇ ਡਿੰਪਲ ਉੱਤੇ ਹਮਲਾ ਕਰ ਦਿੱਤਾ। ਆਸ-ਪਾਸ ਮੌਜੂਦ ਕਰਮਚਾਰੀ ਕੁਝ ਸਮਝ ਪਾਉਂਦੇ, ਇਸ ਤੋਂ ਪਹਿਲਾਂ ਹੀ ਡਿੰਪਲ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ ਸੀ।”
ਘਟਨਾ ਤੋਂ ਬਾਅਦ ਦਫ਼ਤਰ ਵਿੱਚ ਹਫੜਾ-ਦਫੜੀ ਮੱਚ ਗਈ ਅਤੇ ਉੱਥੇ ਮੌਜੂਦ ਕਰਮਚਾਰੀਆਂ ਨੇ ਤੁਰੰਤ ਪੁਲਿਸ ਅਤੇ ਐਂਬੂਲੈਂਸ ਨੂੰ ਸੂਚਿਤ ਕੀਤਾ।
ਬੀਬੀਸੀ ਪੰਜਾਬੀ ਦੀ ਟੀਮ ਨੇ ਦੇਖਿਆ ਕਿ ਕੰਪਨੀ ਦਾ ਦਫਤਰ ਬੰਦ ਸੀ ਅਤੇ ਉਥੇ ਨਿੱਜੀ ਸੁਰੱਖਿਆ ਗਾਰਡ ਮੌਜੂਦ ਸੀ। ਪੁਲਿਸ ਨੇ ਕੰਪਨੀ ਦੇ ਦਫ਼ਤਰ ਦੇ ਜਿਸ ਇਲਾਕੇ ਵਿੱਚ ਇਹ ਘਟਨਾ ਵਾਪਰੀ, ਉਸ ਇਲਾਕੇ ਨੂੰ ਸੀਲ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪਰਿਵਾਰ ਨੇ ਮੁਲਜ਼ਮ ਨਾਲ ਡਿੰਪਲ ਦੇ ਸਬੰਧ ਨਕਾਰੇ

ਪਟਿਆਲਾ ਤੋਂ ਬੀਬੀਸੀ ਪੰਜਾਬੀ ਦੇ ਸਹਿਯੋਗੀ ਗੁਰਮਿੰਦਰ ਸਿੰਘ ਗਰੇਵਾਲ ਮੁਤਾਬਕ ਮ੍ਰਿਤਕਾ ਡਿੰਪਲ ਦੇ ਪਿਤਾ ਰਾਜਕੁਮਾਰ ਵੱਲੋਂ ਹਮਲਾ ਕਰਨ ਵਾਲੇ ਸ਼ਖਸ ਨਾਲ ਉਨ੍ਹਾਂ ਦੀ ਧੀ ਦੇ ਕਿਸੇ ਵੀ ਤਰ੍ਹਾਂ ਦੇ ਸਬੰਧ ਨੂੰ ਨਕਾਰਿਆ ਗਿਆ ਹੈ। ਪਿਤਾ ਮੁਤਾਬਕ ਕੰਪਨੀ ਵੱਲੋਂ ਆਪਣੀ ਨਕਾਮੀ ਛੁਪਾਉਣ ਲਈ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ,”ਡਿੰਪਲ ਵੱਲੋਂ ਸਾਡੇ ਨਾਲ ਕਦੇ ਇਸ ਬਾਰੇ ਜ਼ਿਕਰ ਨਹੀਂ ਕੀਤਾ ਗਿਆ ਸੀ। ਜੇਕਰ ਅਜਿਹਾ ਕੋਈ ਝਗੜਾ ਹੁੰਦਾ ਜਾਂ ਉਸਨੂੰ ਹਮਲੇ ਦਾ ਡਰ ਹੁੰਦਾ ਤਾਂ ਉਹ ਦੂਜੇ ਸ਼ਹਿਰ ਨੌਕਰੀ ਕਰਨ ਕਿਉਂ ਜਾਂਦੀ।”
ਮ੍ਰਿਤਕਾ ਦੇ ਰਿਸ਼ਤੇਦਾਰ ਬਲਵੰਤ ਰਾਏ ਮੁਤਾਬਕ ਡਿੰਪਲ ਦੋ ਵੱਡੇ ਭਰਾਵਾਂ ਦੀ ਇੱਕ ਇਕਲੌਤੀ ਭੈਣ ਸੀ ਅਤੇ ਉਸ ਨੇ ਪਟਿਆਲਾ ਸਥਿਤ ਲਾਅ ਯੂਨੀਵਰਸਿਟੀ ਤੋਂ ਐਲ ਐਲ ਬੀ ਦੀ ਪੜ੍ਹਾਈ ਕੀਤੀ ਸੀ ਅਤੇ ਪਿਛਲੇ ਕਰੀਬ ਤਿੰਨ ਸਾਲ ਤੋਂ ਉਹ ਮੁਹਾਲੀ ਸਥਿਤ ਨਿੱਜੀ ਕੰਪਨੀ ਵਿੱਚ ਨੌਕਰੀ ਕਰਦੀ ਸੀ।
ਬਲਵੰਤ ਰਾਏ ਮੁਤਾਬਕ ਹਰ ਸ਼ੁੱਕਰਵਾਰ ਡਿੰਪਲ ਪਟਿਆਲਾ ਪਰਿਵਾਰ ਕੋਲ ਆਉਂਦੀ ਸੀ ਅਤੇ ਸੋਮਵਾਰ ਸਵੇਰੇ ਮੁਹਾਲੀ ਕੰਮ ਉੱਤੇ ਚਲੀ ਜਾਂਦੀ ਸੀ। ਉਨ੍ਹਾਂ ਲੜਕੇ ਨਾਲ ਕਿਸੇ ਵੀ ਤਰ੍ਹਾਂ ਦੇ ਸਬੰਧ ਹੋਣ ਦੀਆਂ ਗੱਲਾਂ ਨੂੰ ਸਿਰੇ ਤੋਂ ਖ਼ਾਰਜ ਕੀਤਾ ਹੈ।
ਜਿਸ ਲੜਕੇ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਉਹ ਵੀ ਪਟਿਆਲਾ ਦਾ ਰਹਿਣ ਵਾਲਾ ਹੈ। ਹਰਜਿੰਦਰ ਸਿੰਘ ਦੇ ਗੁਆਂਢ ਵਿਚ ਰਹਿੰਦੇ ਸਾਬਕਾ ਪੁਲਿਸ ਮੁਲਾਜ਼ਮ ਕਰਮਜੀਤ ਸਿੰਘ ਬਾਜਵਾ ਦਾ ਕਹਿਣਾ ਹੈ ਕਿ ਇਹ ਕੋਠੀ ਅਕਸਰ ਬੰਦ ਰਹਿੰਦੀ ਹੈ। ਮਹੀਨੇ ਵਿਚ ਇੱਕ ਅੱਧੀ ਵਾਰ ਇੱਕ ਮਾਤਾ ਸਫ਼ਾਈ ਕਰਵਾਉਣ ਆਉਂਦੀ ਹੈ ਤੇ ਇਸ ਤੋਂ ਇਲਾਵਾ ਕਦੇ ਕੋਈ ਇਸ ਕੋਠੀ ਵਿਚ ਆਉਂਦਾ ਜਾਂ ਰਹਿੰਦਾ ਨਹੀਂ ਦੇਖਿਆ ਹੈ।
ਕੰਪਨੀ ਦੀ ਸੁਰੱਖਿਆ ਵਿਵਸਥਾ ‘ਤੇ ਉੱਠੇ ਸਵਾਲ

ਮ੍ਰਿਤਕਾ ਡਿੰਪਲ ਦੀ ਮਾਂ ਨੇ ਇਨਸਾਫ਼ ਦੀ ਗੁਹਾਰ ਲਾਉਂਦਿਆਂ ਕੰਪਨੀ ਦੀ ਸੁਰੱਖਿਆ ਵਿਵਸਥਾ ‘ਤੇ ਸਵਾਲ ਚੁੱਕੇ ਹਨ। ਮਾਂ ਨੇ ਕਿਹਾ, “ਡਿੰਪਲ ਨੇ ਖੁਦ ਨੂੰ ਬਚਾਉਣ ਲਈ ਭੱਜਣ ਦੀ ਕੋਸ਼ਿਸ਼ ਕੀਤੀ। ਉੱਥੇ ਮੌਜੂਦ ਸਟਾਫ ਵੱਲੋਂ ਕਿਸੇ ਨੇ ਵੀ ਮਦਦ ਨਹੀਂ ਕੀਤੀ।”
ਬੀਜੇਪੀ ਆਗੂ ਜੈਇੰਦਰ ਕੌਰ ਡਿੰਪਲ ਦੇ ਅੰਤਿਮ ਸਸਕਾਰ ਵਿੱਚ ਸ਼ਾਮਿਲ ਹੋਣ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਮੀਡੀਆ ਨੂੰ ਸੰਬੋਧਨ ਕਰਦਿਆਂ ਇਸ ਘਟਨਾ ਨੂੰ ਬੇਹੱਦ ਮੰਦਭਾਗਾ ਕਰਾਰ ਦਿੱਤਾ ਅਤੇ ਕਾਨੂੰਨ ਵਿਵਸਥਾ ਨੂੰ ਲੈਕੇ ਸਵਾਲ ਉਠਾਏ। ਉਨ੍ਹਾਂ ਕੰਪਨੀ ਵੱਲੋਂ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਨਾ ਹੋਣ ਨੂੰ ਲੈਕੇ ਸਵਾਲ ਚੁੱਕੇ ਅਤੇ ਮੁਲਜ਼ਮ ਖਿਲਾਫ ਸਖਤ ਤੋਂ ਸਖਤ ਸਜ਼ਾ ਦੀ ਮੰਗ ਕੀਤੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI







