Source :- BBC PUNJABI
ਤਸਵੀਰ ਸਰੋਤ, Mayank Mongia/BBC
ਆਪਣੀ ਸਫਲਤਾ ਦਾ ਸਿਹਰਾ ਆਪਣੇ ਕਿਸਾਨ ਪਿਤਾ ਨੂੰ ਦਿੰਦਿਆਂ 22 ਸਾਲਾ ਮਹਿਕਪ੍ਰੀਤ ਕੌਰ ਭਾਵੁਕ ਹੋ ਗਏ।
ਮਹਿਕਪ੍ਰੀਤ ਕੌਰ ਨੇ ਭਾਰਤੀ ਹਵਾਈ ਫੌਜ ਵੱਲੋਂ ਕਮਿਸ਼ਨਡ ਅਫਸਰ ਬਣਨ ਲਈ ਕਰਵਾਏ ਜਾਂਦੇ ਏਅਰ ਫੋਰਸ ਕਾਮਨ ਐਡਮਿਸ਼ਨ ਟੈਸਟ ਵਿੱਚ ਪੂਰੇ ਦੇਸ਼ ਵਿੱਚੋਂ ਪਹਿਲਾਂ ਰੈਂਕ ਹਾਸਲ ਕੀਤਾ ਹੈ।
ਇਸ ਦੇ ਨਾਲ ਮਹਿਕ ਨੇ ਭਾਰਤੀ ਹਵਾਈ ਫੌਜ ਵਿੱਚ ਫਲਾਇੰਗ ਅਫਸਰ ਵਜੋਂ ਸ਼ਾਮਲ ਹੋਣ ਦੇ ਸੁਪਨੇ ਨੂੰ ਪੂਰਾ ਕਰਨ ਵੱਲ ਵੱਡਾ ਕਦਮ ਪੁੱਟਿਆ ਹੈ।
ਮਹਿਕਪ੍ਰੀਤ ਰੋਪੜ ਜ਼ਿਲ੍ਹੇ ਦੇ ਪਿੰਡ ਪੱਪਰਾਲੀ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਦੇ ਪਿਤਾ ਇੱਕ ਸਾਧਾਰਨ ਕਿਸਾਨ ਹਨ।
ਜਿਸ ਦਿਨ ਮਹਿਕਪ੍ਰੀਤ ਦਾ ਨਤੀਜਾ ਆਇਆ, ਉਸ ਦਿਨ ਉਹ ਆਪਣੇ ਮੁਹਾਲੀ ਸਥਿਤ ਮਾਈ ਭਾਗੋ ਆਰਮਡ ਫੋਰਸਿਜ਼ ਇੰਸਟੀਚਿਊਟ ਵਿੱਚ ਸਨ ਤੇ ਇੱਕ ਦਿਨ ਬਾਅਦ ਜਦੋਂ ਉਹ ਆਪਣੇ ਪਿੰਡ ਪਹੁੰਚੇ ਤਾਂ ਪੂਰਾ ਘਰ ਖੁਸ਼ੀਆਂ ਨਾਲ ਗੂੰਜ ਉੱਠਿਆ।
ਰਿਸ਼ਤੇਦਾਰ ਉਨ੍ਹਾਂ ਦੇ ਮਾਪਿਆਂ ਨੂੰ ਵਧਾਈਆਂ ਦੇ ਰਹੇ ਸਨ ਤੇ ਔਰਤਾਂ ਗਿੱਧਾ ਪਾ ਕੇ ਮਹਿਕ ਦੀ ਸਫਲਤਾ ਦਾ ਜਸ਼ਨ ਮਨਾ ਰਹੀਆਂ ਸਨ।
ਤਸਵੀਰ ਸਰੋਤ, Mayank Mongia/BBC
ਅਜਿਹਾ ਹੀ ਮਾਹੌਲ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਪੈਂਦੇ ਸਰਹੱਦੀ ਪਿੰਡ ਸ਼ਹੂਰਾ ਵਿੱਚ ਕੋਮਲਪ੍ਰੀਤ ਕੌਰ ਦੇ ਘਰ ਬਣਿਆ, ਜਦੋਂ ਪਰਿਵਾਰ ਨੂੰ ਪਤਾ ਲੱਗਿਆ ਕਿ ਉਨ੍ਹਾਂ ਦੀ ਧੀ ਨੇ ਐਨਡੀਏ ਦੀ ਪ੍ਰੀਖਿਆ ਵਿੱਚ ਦੇਸ਼ ਭਰ ਵਿੱਚੋਂ 18ਵਾਂ ਰੈਂਕ ਹਾਸਲ ਕੀਤਾ ਹੈ ਤੇ ਉਹ ਆਉਣ ਵਾਲੇ ਸਾਲਾਂ ਵਿੱਚ ਆਪਣੀ ਟ੍ਰੇਨਿੰਗ ਪੂਰੀ ਕਰਕੇ ਭਾਰਤੀ ਫੌਜ ਵਿੱਚ ਅਫ਼ਸਰ ਨਿਯੁਕਤ ਹੋਣਗੇ।
ਕੋਮਲਪ੍ਰੀਤ ਦੇ ਪਿਤਾ ਭਾਰਤੀ ਫ਼ੌਜ ਵਿੱਚ ਹਵਲਦਾਰ ਹਨ ਅਤੇ ਇਸ ਸਮੇਂ ਲੇਹ ਵਿੱਚ ਡਿਊਟੀ ਤੇ ਤਾਇਨਾਤ ਹਨ।
ਉਨ੍ਹਾਂ ਨੇ ਆਪਣੀ ਧੀ ਨੂੰ ਵੀਡੀਓ ਕਾਲ ‘ਤੇ ਹੀ ਗੱਲ ਕਰਕੇ ਵਧਾਈ ਦਿੱਤੀ। ਫੋਨ ਚੁੱਕਦੇ ਸਾਰ ਹੀ ਹੁਣ ਉਹ ਆਪਣੀ ਧੀ ਨੂੰ “ਜੈ ਹਿੰਦ ਅਫਸਰ ਸਰ ਕਹਿ ਕੇ ਸਲੂਟ ਮਾਰਦੇ ਹਨ”।
ਕਿਸਾਨੀ ਪਿਛੋਕੜ ਮਹਿਕਪ੍ਰੀਤ ਦੀ ਪ੍ਰੇਰਣਾ ਬਣਿਆ
ਤਸਵੀਰ ਸਰੋਤ, Mayank Mongia/BBC
ਮਹਿਕਪ੍ਰੀਤ ਦਾ ਪਿੰਡ ਪੱਪਰਾਲੀ ਚੰਡੀਗੜ੍ਹ ਤੋਂ ਲਗਭਗ 40 ਕਿਲੋਮੀਟਰ ਦੂਰ ਹੈ। ਉਨ੍ਹਾਂ ਦੀ ਪੜ੍ਹਾਈ ਪਿੰਡ ਦੇ ਨਜ਼ਦੀਕੀ ਸ਼ਹਿਰ ਕੁਰਾਲੀ ਦੇ ਇੱਕ ਸਕੂਲ ਵਿੱਚ ਹੋਈ।
ਉਹ ਕਹਿੰਦੇ ਹਨ, “ਮੇਰੇ ਮਨ ਵਿੱਚ ਹਮੇਸ਼ਾ ਸੀ ਕਿ ਸਰਕਾਰੀ ਨੌਕਰੀ ਹੀ ਕਰਾਂਗੀ, ਪਹਿਲਾਂ ਯੂਪੀਐੱਸਸੀ ਕਰਨ ਦਾ ਵਿਚਾਰ ਸੀ। ਇਸ ਲਈ ਮੈਂ ਬਾਰ੍ਹਵੀਂ ਵਿੱਚ ਹੁਮੈਨੀਟੀਜ਼ ਵਿਸ਼ਾ ਲਿਆ। ਪਰ ਬਾਅਦ ਵਿੱਚ ਮੇਰੇ ਇੱਕ ਰਿਸ਼ਤੇਦਾਰ ਤੋਂ ਮਾਈ ਭਾਗੋ ਆਰਮਡ ਫੋਰਸਿਜ਼ ਇੰਸਟੀਟਿਊਟ ਬਾਰੇ ਪਤਾ ਲੱਗਿਆ, ਤੇ ਮੈਂ ਇੱਥੇ ਦਾਖਲਾ ਲੈਣ ਲਈ ਦਾਖਲਾ ਪ੍ਰੀਖਿਆ ਦਿੱਤੀ ਅਤੇ ਤਿੰਨ ਸਾਲ ਇੱਥੇ ਰਹਿ ਕੇ ਟੈਸਟ ਪਾਸ ਕਰਨ ਲਈ ਟ੍ਰੇਨਿੰਗ ਲਈ।”
ਮਹਿਕ ਨੇ ਮਾਈ ਭਾਗੋ ਆਰਮਡ ਫੋਰਸਿਜ਼ ਇੰਸਟੀਚਿਊਟ ਵਿੱਚ ਟਰੇਨਿੰਗ ਦੇ ਨਾਲ ਐੱਮਸੀਐੱਮ ਡੀਏਵੀ ਕਾਲਜ, ਚੰਡੀਗੜ੍ਹ ਤੋਂ ਆਪਣੀ ਬੈਚਲਰ ਦੀ ਡਿਗਰੀ ਵੀ ਮੁਕੰਮਲ ਕਰ ਲਈ ਹੈ।
ਤਸਵੀਰ ਸਰੋਤ, Mayank Mongia/BBC
ਮਹਿਕ ਦੱਸਦੇ ਹਨ ਕਿ ਐੱਫਕੈਟ ਦਾ ਟੈਸਟ ਦੇਣ ਮਗਰੋਂ ਉਹ ਸੋਚ ਰਹੇ ਸਨ ਕਿ ਉਨ੍ਹਾਂ ਦਾ ਨਾਮ ਮੈਰਿਟ ਲਿਸਟ ਵਿੱਚ ਆ ਜਾਵੇ, ਨਤੀਜੇ ਆਉਣ ’ਤੇ ਉਹ ਲਗਾਤਾਰ ਆਪਣਾ ਨਾਮ ਲਿਸਟ ਵਿੱਚ ਲੱਭਦੇ ਵੀ ਰਹੇ ਪਰ ਉਨ੍ਹਾਂ ਨੂੰ ਨਾਮ ਨਹੀਂ ਮਿਲਿਆ।
ਪਰ ਜਦੋਂ ਉਨ੍ਹਾਂ ਨੇ ਬਿਲਕੁਲ ਉੱਪਰ ਪਹਿਲਾ ਨਾਮ ਪੜ੍ਹਿਆ ਤਾਂ ਉਹ ਉਨ੍ਹਾਂ ਦਾ ਨਾਮ ਸੀ, ਇਹ ਦੇਖ ਕੇ ਉਹ ਖੁਸ਼ੀ ‘ਚ ਨੱਚ ਉੱਠੇ। ਅਦਾਰੇ ਵਿੱਚ ਵੀ ਸਭ ਨੇ ਮਹਿਕ ਦੀ ਇਸ ਉਪਲੱਬਧੀ ਨੂੰ ਖੁਸ਼ੀਆਂ ਨਾਲ ਮਨਾਇਆ।
ਮਹਿਕ ਆਪਣਾ ਆਦਰਸ਼ ਆਪਣੇ ਮਾਪਿਆਂ ਨੂੰ ਮੰਨਦੇ ਹਨ। ਉਹ ਕਹਿੰਦੇ ਹਨ, “ਪਾਪਾ ਨੂੰ ਖੇਤਾਂ ਵਿੱਚ ਹਮੇਸ਼ਾਂ ਕੰਮ ਕਰਦੇ ਦੇਖਿਆ, ਉਹ ਕਦੇ ਥੱਕਦੇ ਨਹੀਂ ਸੀ, ਉਹੀ ਮੇਰੀ ਪ੍ਰੇਰਣਾ ਹਨ, ਉਨ੍ਹਾਂ ਨੂੰ ਦੇਖ ਕੇ ਹੀ ਮੈਂ ਹਮੇਸ਼ਾ ਅੱਗੇ ਵਧਦੀ ਹਾਂ।”
“ਪਾਪਾ ਵਾਂਗ ਫੌਜੀ ਬਣਨਾ”
ਤਸਵੀਰ ਸਰੋਤ, Mayank Mongia/BBC
ਅੰਮ੍ਰਿਤਸਰ ਜ਼ਿਲ੍ਹੇ ਦੇ ਸਰਹੱਦੀ ਇਲਾਕੇ ਵਿੱਚ ਪੈਂਦੇ ਪਿੰਡ ਸ਼ਹੂਰਾ ਦੇ ਰਹਿਣ ਵਾਲੇ ਕੋਮਲਪ੍ਰੀਤ ਦੱਸਦੇ ਹਨ ਕਿ ਉਹ ਬਚਪਨ ਤੋਂ ਸਭ ਨੂੰ ਕਹਿੰਦੇ ਸਨ ਕਿ ਮੈਂ ਵੀ ਪਾਪਾ ਵਾਂਗ ਫੌਜੀ ਬਣਨਾ।
ਉਹ ਕਹਿੰਦੇ ਹਨ, “ਸਕੂਲ ਦੇ ਇੱਕ ਅਧਿਆਪਕ ਨੇ ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਬਾਰੇ ਦੱਸਿਆ ਤਾਂ ਮੈਂ ਇੱਥੇ ਦਾਖਲਾ ਲੈ ਲਿਆ। ਮੈਨੂੰ ਅਜੇ ਇੱਥੇ ਟ੍ਰੇਨਿੰਗ ਲੈਂਦੇ ਇੱਕ ਸਾਲ ਹੀ ਹੋਇਆ ਹੈ ਤੇ ਮੇਰਾ ਐਨਡੀਏ ਦਾ ਟੈਸਟ ਪਾਸ ਹੋ ਗਿਆ ਤੇ ਰੈਂਕ ਵੀ 18ਵਾਂ ਆ ਗਿਆ। ਹੁਣ ਮੈਂ ਤਿੰਨ ਸਾਲਾਂ ਬਾਅਦ ਫੌਜ ਦੀ ਅਫਸਰ ਬਣ ਕੇ ਬਾਹਰ ਨਿਕਲਾਂਗੀ।”
ਕੋਮਲ ਆਪਣੀ ਇਸ ਸਫਲਤਾ ਬਾਰੇ ਗੱਲ ਕਰਦੇ ਹੋਏ ਕਹਿੰਦੇ ਹਨ, ”ਜੋ ਜ਼ਿੰਦਗੀ ਜਿਊਣ ਦਾ ਮੈਂ ਸੁਪਨਾ ਦੇਖਿਆ, ਉਹ ਜ਼ਿੰਦਗੀ ਹੁਣ ਮੈਂ ਜਿਊਣ ਜਾ ਰਹੀ ਹਾਂ। ਸਾਧਾਰਨ ਜ਼ਿੰਦਗੀ ਤਾਂ ਸਾਰੇ ਹੀ ਜਿਊਂਦੇ ਹਨ ਪਰ ਮੈਂ ਫੌਜ ਵਿੱਚ ਭਰਤੀ ਹੋ ਕੇ ਜਿਊਣਾ ਚਾਹੁੰਦੀ ਸੀ, ਜੋ ਸੁਪਨਾ ਹੁਣ ਪੂਰਾ ਹੋ ਰਿਹਾ ਹੈ।”
ਕੋਮਲ ਆਪਣੇ ਪੜ੍ਹਾਈ ਦੇ ਤਰੀਕੇ ਬਾਰੇ ਗੱਲ ਕਰਦਿਆਂ ਦੱਸਦੇ ਹਨ, “ਸ਼ੁਰੂ ਤੋਂ ਹੀ ਮੇਰਾ ਗਣਿਤ ਬਹੁਤ ਤੇਜ਼ ਸੀ, ਜੋ ਮੇਰੀ ਤਾਕਤ ਸੀ ਪਰ ਇਤਿਹਾਸ ਜਾਂ ਭੂਗੋਲ ਪੜ੍ਹਨਾ ਮੇਰੇ ਵੱਸ ਦੀ ਗੱਲ ਨਹੀਂ ਸੀ, ਪਰ ਇੱਥੇ ਇੰਸਟੀਚਿਊਟ ਵਿੱਚ ਆ ਕੇ ਮੈਨੂੰ ਇਤਿਹਾਸ, ਭੂਗੋਲ ਚੰਗੀ ਤਰ੍ਹਾਂ ਪੜ੍ਹਨ ਅਤੇ ਸਮਝਣ ਵਿੱਚ ਮਦਦ ਮਿਲੀ। ਸੌਣ ਤੋਂ ਇਲਾਵਾ ਬਾਕੀ ਸਾਰੇ ਘੰਟੇ ਪੜ੍ਹਨ ਜਾਂ ਟ੍ਰੇਨਿੰਗ ਵਿੱਚ ਹੀ ਲੰਘ ਜਾਂਦੇ ਸਨ।”
ਪੰਜਾਬ ਸਰਕਾਰ ਨੇ ਮਹਿਕ ਅਤੇ ਕੋਮਲ ਨੂੰ ਕੀਤਾ ਸਨਮਾਨਿਤ

ਪੰਜਾਬ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸ਼ੁੱਕਰਵਾਰ ਨੂੰ ਵਿਸ਼ੇਸ਼ ਪ੍ਰੋਗਰਾਮ ਵਿੱਚ ਮਹਿਕਪ੍ਰੀਤ ਕੌਰ ਅਤੇ ਕੋਮਲਪ੍ਰੀਤ ਕੌਰ ਨੂੰ ਮਾਈ ਭਾਗੋ ਐਵਾਰਡ ਦੇਕੇ ਸਨਮਾਨਿਤ ਕੀਤਾ।
ਅਮਨ ਅਰੋੜਾ ਨੇ ਕਿਹਾ, “ਪੰਜਾਬ ਲਈ ਇਹ ਮਾਣ ਦਾ ਸਮਾਂ ਹੈ ਕਿ ਇਨ੍ਹਾਂ ਦੋਵਾਂ ਬੱਚੀਆਂ ਨੇ ਆਪਣੀ ਮਿਹਨਤ ਨਾਲ ਇਹ ਮੁਕਾਮ ਹਾਸਿਲ ਕੀਤਾ। ਪੂਰੇ ਮੁਲਕ ਵਿੱਚ ਪੰਜਾਬ ਹੀ ਅਜਿਹਾ ਸੂਬਾ ਹੈ ਜਿੱਥੇ ਸੂਬਾ ਸਰਕਾਰ ਅਜਿਹੇ ਅਦਾਰੇ ਚਲਾ ਰਹੀ ਹੈ, ਜਿੱਥੇ ਕੁੜੀਆਂ ਨੂੰ ਆਰਮਡ ਫੋਰਸਿਜ਼ ਜਾਂ ਹਵਾਈ ਫੌਜ ਵਿੱਚ ਜਾਣ ਲਈ ਤਿਆਰੀ ਕਰਵਾਈ ਜਾਂਦੀ ਹੈ।”
ਮਾਈ ਭਾਗੋ ਆਰਮਡ ਇੰਸਟੀਚਿਊਟ ਫਾਰ ਗਰਲਜ਼ ਦੇ ਨਿਰਦੇਸ਼ਕ ਅਤੇ ਸੇਵਾ ਮੁਕਤ ਮੇਜਰ ਜਨਰਲ ਜਸਬੀਰ ਸਿੰਘ ਸੰਧੂ ਆਪਣੇ ਅਦਾਰੇ ਦੀਆਂ ਵਿਦਿਆਰਥਣਾਂ ਦੇ ਸਫਲ ਹੋਣ ਉੱਤੇ ਮਾਣ ਮਹਿਸੂਸ ਕਰਦੇ ਹਨ।
ਉਹ ਕਹਿੰਦੇ ਹਨ ਕਿ ”ਜਦੋਂ ਤੋਂ ਮਾਈ ਭਾਗੋ ਆਰਮਡ ਇੰਸਟੀਚਿਊਟ ਫਾਰ ਗਰਲਜ਼ ਸ਼ੁਰੂ ਹੋਇਆ ਹੈ, ਇਹ ਪਹਿਲੀ ਵਾਰ ਹੈ ਕਿ ਪੰਜਾਬ ਦੀ ਕਿਸੇ ਕੁੜੀ ਨੇ ਐੱਫਕੈਟ ਵਿੱਚ ਪੂਰੇ ਦੇਸ਼ ਵਿਚੋਂ ਪਹਿਲਾ ਰੈਂਕ ਹਾਸਿਲ ਕੀਤਾ ਹੋਵੇ। ਇਹ ਸਾਡੇ ਸਭ ਲਈ ਬਹੁਤ ਮਾਣ ਵਾਲੀ ਗੱਲ ਹੈ। ਸਾਡਾ ਅਦਾਰਾ ਭਵਿੱਖ ਵਿੱਚ ਵੀ ਪੰਜਾਬ ਦੀਆਂ ਕੁੜੀਆਂ ਨੂੰ ਟ੍ਰੇਨਿੰਗ ਦੇਣ ਲਈ ਵਚਨਬੱਧ ਹੈ।”
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI







