Home rss national punjabi2ਰਾਸ਼ਟਰੀ ਖ਼ਬਰਾਂ ਫਲਾਈਟ 901: ਅਸਮਾਨ ਵਿੱਚ ਫਟੇ ਜਹਾਜ਼ ਦੀ ਅਣਸੁਲਝੀ ਕਹਾਣੀ, ਜਿਸ ਦੇ ਰਾਜ਼...

ਫਲਾਈਟ 901: ਅਸਮਾਨ ਵਿੱਚ ਫਟੇ ਜਹਾਜ਼ ਦੀ ਅਣਸੁਲਝੀ ਕਹਾਣੀ, ਜਿਸ ਦੇ ਰਾਜ਼ ਅੱਜ ਵੀ ਖੁੱਲ੍ਹ ਨਹੀਂ ਸਕੇ

5
0

Source :- BBC PUNJABI

ਅਲਾਸ ਚਿਰਿਕਾਨਾਸ ਦਾ ਯਾਤਰੀ ਜਹਾਜ਼ 901, ਉਡਾਣ ਭਰਨ ਤੋਂ ਕੁਝ ਹੀ ਦੇਰ ਬਾਅਦ ਆਸਮਾਨ ਵਿੱਚ ਧਮਾਕੇ ਨਾਲ ਫਟ ਗਿਆ ਸੀ

ਤਸਵੀਰ ਸਰੋਤ, Cortesía Ministerio Público de Panama

ਹੋਸੇ ਏਂਟੋਨਿਓ ਗੋਂਜ਼ਾਲੇਜ਼ ਨੂੰ ਲੱਗਿਆ ਸੀ ਕਿ 19 ਜੁਲਾਈ 1994 ਦੀ ਸ਼ਾਮ ਫਲਾਈਟ 901 ਤੋਂ ਉਨ੍ਹਾਂ ਦਾ ਹਵਾਈ ਸਫਰ ਸ਼ੁਰੂ ਹੋ ਰਿਹਾ ਹੈ ਅਤੇ ਅੱਗੇ ਉਨ੍ਹਾਂ ਨੇ ਅਜਿਹੀਆਂ ਬਹੁਤ ਸਾਰੀਆਂ ਉਡਾਣਾਂ ਭਰਨੀਆਂ ਹਨ।

ਉਨ੍ਹਾਂ ਦੀ ਮਾਂ ਮਾਰਤਾ ਮਾਰਕੇਜ਼ ਕਹਿੰਦੀ ਹੈ, “ਉਸ ਸਾਲ ਉਹ ਮਈ ਵਿਚ ਹੀ 19 ਸਾਲ ਦਾ ਹੋਇਆ ਸੀ। ਥੋੜ੍ਹੇ ਦਿਨ ਪਹਿਲਾਂ ਹੀ ਉਸ ਨੇ ਅਮਰੀਕਾ ਵਿੱਚ ਆਪਣੀ ਪਾਇਲਟ ਟਰੇਨਿੰਗ ਪੂਰੀ ਕੀਤੀ ਸੀ। ਉਹ ਆਪਣੇ ਪਿਤਾ ਦੀ ਤਰ੍ਹਾਂ ਪਾਇਲਟ ਬਣਨਾ ਚਾਹੁੰਦਾ ਸੀ। ਉਸ ਨੇ ਫਲਾਈਟ ਸੁਪਰਵਾਈਜ਼ਰ ਬਣਨ ਦੀ ਟਰੇਨਿੰਗ ਵੀ ਸ਼ੁਰੂ ਕਰ ਦਿੱਤੀ ਸੀ ਅਤੇ ਇਸ ਨੂੰ ਲੈਕੇ ਬਹੁਤ ਉਤਸ਼ਾਹਿਤ ਸੀ।”

ਉਧਰ 35 ਸਾਲ ਦੇ ਕਾਰੋਬਾਰੀ ਸਾਉਲ ਸ਼ਵਾਰਟਜ਼ ਲਈ ਇਹ ਰੋਜ਼ ਦੀ ਤਰ੍ਹਾਂ ਇੱਕ ਆਮ ਉਡਾਣ ਸੀ। ਉਹ ਪਨਾਮਾ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਕੋਲੋਨ ਦੇ ਫ੍ਰੀ ਜ਼ੋਨ ਵਿੱਚ ਕਾਰੋਬਾਰ ਕਰਦੇ ਸੀ।

ਇਹ ਛੋਟੀ ਉਡਾਣ ਉਨ੍ਹਾਂ ਨੂੰ ਕੋਲੋਨ ਤੋਂ ਪਨਾਮਾ ਸਿਟੀ ਵਿੱਚ ਉਨ੍ਹਾਂ ਦੇ ਘਰ ਲੈ ਜਾਂਦੀ ਸੀ। ਜਹਾਜ਼ ਵਿੱਚ ਸਵਾਰ 18 ਯਾਤਰੀਆਂ ਵਿੱਚੋਂ ਜ਼ਿਆਦਾਤਰ ਲੋਕ ਵੀ ਇਸੇ ਰਸਤਿਓਂ ਆਉਂਦੇ ਜਾਂਦੇ ਸੀ।

ਉਡਾਣ ਭਰਨ ਤੋਂ ਦਸ ਮਿੰਟ ਬਾਅਦ ਹੀ ਫਟਿਆ ਜਹਾਜ਼

19 ਜੁਲਾਈ 1994 ਨੂੰ ਆਸਮਾਨ ਵਿੱਚ ਧਮਾਕੇ ਤੋਂ ਬਾਅਦ ਜਹਾਜ਼ ਦਾ ਮਲਬਾ ਪਨਾਮਾ ਦੀ ਸਾਂਤਾ ਰੀਤਾ ਪਹਾੜੀ ’ਤੇ ਖਿੱਲਰ ਗਿਆ ਸੀ

ਤਸਵੀਰ ਸਰੋਤ, Cortesía Ministerio Público de Panama

ਕੋਲੋਨ ਦੁਨੀਆਂ ਦਾ ਦੂਜਾ ਸਭ ਤੋਂ ਵੱਡਾ ਫ੍ਰੀ ਟਰੇਡ ਜ਼ੋਨ ਹੈ। ਇਹ ਲਾਤੀਨੀ ਅਮਰੀਕਾ ਵਿੱਚ ਸਮਾਨ ਦੀ ਸਪਲਾਈ ਦਾ ਵੀ ਇੱਕ ਵੱਡਾ ਕੇਂਦਰ ਹੈ।

ਪਰ ਫਰਾਂਸ ਫ਼ੀਲਡ ਏਅਰਪੋਰਟ ਤੋਂ ਉਡਾਣ ਭਰਨ ਤੋਂ ਸਿਰਫ਼ ਦਸ ਮਿੰਟ ਬਾਅਦ ਜਹਾਜ਼ ਅਸਮਾਨ ਵਿੱਚ ਫਟ ਗਿਆ। ਉਸ ਦਾ ਮਲਬਾ ਸਾਂਤਾ ਰੀਟਾ ਪਹਾੜ ਦੀਆਂ ਢਲਾਣਾਂ ‘ਤੇ ਖਿੱਲਰ ਗਿਆ, ਕੋਈ ਵੀ ਜਿਉਂਦਾ ਨਹੀਂ ਬਚਿਆ।

ਇਸ ਘਟਨਾ ਨੂੰ ਤਿੰਨ ਦਹਾਕਿਆਂ ਤੋਂ ਜ਼ਿਆਦਾ ਦਾ ਸਮਾਂ ਬੀਤ ਚੁੱਕਿਆ ਹੈ। ਇੰਨੇ ਸਾਲ ਤੱਕ ਇਹ ਮਾਮਲਾ ਰਾਜ਼ ਬਣਿਆ ਰਿਹਾ ਅਤੇ ਕਈ ਸਵਾਲਾਂ ਦੇ ਜਵਾਬ ਨਹੀਂ ਮਿਲੇ। ਪਰ ਹੁਣ ਇਸ ਦੀ ਸੱਚਾਈ ਸਾਹਮਣੇ ਆਉਣ ਦੀ ਉਮੀਦ ਪਹਿਲਾਂ ਤੋਂ ਜ਼ਿਆਦਾ ਦਿਖਾਈ ਦੇ ਰਹੀ ਹੈ।

ਹਾਲ ਹੀ ਵਿੱਚ ਵੈਨੇਜ਼ੁਏਲਾ ਨੇ ਇਸ ਮਾਮਲੇ ਦੇ ਇੱਕ ਮੁਲਜ਼ਮ ਨੂੰ ਪਨਾਮਾ ਦੇ ਹਵਾਲੇ ਕੀਤਾ ਹੈ। ਇਜ਼ਰਾਈਲ ਦਾ ਮੰਨਣਾ ਹੈ ਕਿ ਉਸ ਦਾ ਸਬੰਧ ਹਿਜ਼ਬੁੱਲਾਹ ਤੋਂ ਹੈ।

ਪਨਾਮਾ ਦਾ ਪ੍ਰੋਸੀਕਿਉਸ਼ਨ ਵਿਭਾਗ ਹੁਣ ਇਸ ਖ਼ਦਸ਼ੇ ਦੀ ਜਾਂਚ ਕਰ ਰਿਹਾ ਹੈ ਕਿ ਇਹ ਇੱਕ ਅੱਤਵਾਦੀ ਹਮਲਾ ਹੋ ਸਕਦਾ ਹੈ।

ਜੇ ਇਹ ਗੱਲ ਸਾਬਿਤ ਹੋ ਜਾਂਦੀ ਹੈ, ਤਾਂ ਇਹ ਪਨਾਮਾ ਦੇ ਇਤਿਹਾਸ ਵਿਚ ਇਸ ਤਰ੍ਹਾਂ ਦਾ ਸਭ ਤੋਂ ਜਾਨਲੇਵਾ ਹਮਲਾ ਹੋਵੇਗਾ।

ਇਸ ਮਾਮਲੇ ਦੀ ਪ੍ਰੋਸੀਕਿਊਟਰ ਗੇਓਮਾਰਾ ਗਵੇਰਾ ਨੇ ਬੀਬੀਸੀ ਮੁੰਡੋ ਨੂੰ ਕਿਹਾ, “ਸਾਨੂੰ ਕੁਝ ਨਵੇਂ ਸਬੂਤ ਮਿਲੇ ਹਨ। ਸਾਡਾ ਮੰਨਣਾ ਹੈ ਕਿ ਸੱਚਾਈ ਸਾਹਮਣੇ ਲਿਆਉਣ ਲਈ ਇਹ ਬੇਹਦ ਜ਼ਰੂਰੀ ਹੈ। ਅਸੀਂ ਸਹੀ ਦਿਸ਼ਾ ਵਿੱਚ ਅੱਗੇ ਵਧ ਰਹੇ ਹਾਂ।”

ਸ਼ੁਰੂਆਤੀ ਜਾਂਚ ਵਿਚ ਕੋਈ ਵੱਡੀ ਸਫਲਤਾ ਨਹੀਂ

ਉਸ ਮਨਹੂਸ ਦਿਨ ਆਪਣੇ ਰਿਸ਼ਤੇਦਾਰ ਨੂੰ ਲੱਭਣ ਲਈ ਸਾਂਤਾ ਰੀਤਾ ਦੀਆਂ ਪਹਾੜੀਆਂ ‘ਤੇ ਸਭ ਤੋਂ ਪਹਿਲਾਂ ਪਹੁੰਚਣ ਵਾਲਿਆਂ ਵਿੱਚ ਅਬਨੇਰ ਬੇਨਾਇਮ ਵੀ ਸੀ। ਉਹ ਪਨਾਮਾ ਦੇ ਫ਼ਿਲਮ ਨਿਰਮਾਤਾ ਅਤੇ ਸਾਉਲ ਸ਼ਵਾਰਟਜ ਦੇ ਭਾਣਜੇ ਹਨ।

ਉਨ੍ਹਾਂ ਨੇ ਬੀਬੀਸੀ ਮੁੰਡੋ ਨੂੰ ਦੱਸਿਆ, “ਬਾਰਿਸ਼ ਹੋ ਰਹੀ ਸੀ ਅਤੇ ਹਰ ਪਾਸੇ ਚਿੱਕੜ ਸੀ। ਮੈਂ ਬਹੁਤ ਦੂਰ ਤੱਕ ਪੈਦਲ ਚੱਲਿਆ। ਅੱਜ ਵੀ ਨਹੀਂ ਜਾਣਦਾ ਕਿ ਕਿੰਨਾ ਤੁਰਿਆ ਸੀ। ਕੁਝ ਲੋਕ ਕਹਿੰਦੇ ਹਨ ਕਿ ਅਸੀਂ ਇੱਕ ਨਦੀ ਵੀ ਪਾਰ ਕੀਤੀ ਸੀ। ਆਖਿਰਕਾਰ ਅਸੀਂ ਉਸ ਖੇਤ ਤੱਕ ਪਹੁੰਚੇ, ਜਿੱਥੇ ਜਹਾਜ਼ ਡਿੱਗਿਆ ਸੀ।”

ਪੁਲਿਸ ਪਹਿਲਾਂ ਹੀ ਘਟਨਾ ਵਾਲੀ ਜਗ੍ਹਾ ਪਹੁੰਚ ਚੁੱਕੀ ਸੀ। ਇੱਕ ਪੁਲਿਸ ਅਧਿਕਾਰੀ ਨੇ ਅਬਨੇਰ ਨੂੰ ਅੰਦਰ ਜਾਣ ਤੋਂ ਰੋਕ ਦਿੱਤਾ।

ਅਬਨੇਰ ਯਾਦ ਕਰਦੇ ਹਨ, ” ਮੈਂ ਉਸ ਨੂੰ ਕਿਹਾ ਕਿ ਮੈਂ ਇੱਕ ਯਾਤਰੀ ਦਾ ਰਿਸ਼ਤੇਦਾਰ ਹਾਂ ਅਤੇ ਮਦਦ ਕਰਨਾ ਚਾਹੁੰਦਾ ਹਾਂ। ਉਸ ਨੇ ਕਿਹਾ, ‘ਨਹੀਂ, ਨਹੀਂ..ਸਭ ਦੀ ਮੌਤ ਹੋ ਚੁੱਕੀ ਹੈ’।”

ਇੱਥੋਂ ਹੀ ਅਬਨੇਰ ਦੇ ਮਨ ਵਿਚ ਇੱਕ ਦਸਤਾਵੇਜ਼ੀ ਬਣਾਉਣ ਦਾ ਵਿਚਾਰ ਆਇਆ। ਕਈ ਸਾਲ ਬਾਅਦ ਇਹ ਦਸਤਾਵੇਜ਼ੀ ਬਣ ਕੇ ਤਿਆਰ ਹੋਈ।

ਇਹ ਉਨ੍ਹਾਂ ਲਈ ਬੇਹਦ ਨਿੱਜੀ ਕਹਾਣੀ ਹੈ। ਨਾਲ ਹੀ ਇਹ ਇਸ ਮਾਮਲੇ ਨਾਲ ਜੁੜੇ ਉਨ੍ਹਾਂ ਸਵਾਲਾਂ ਦੇ ਜਵਾਬ ਖੋਜਣ ਦੀ ਕੋਸ਼ਿਸ਼ ਵੀ ਹੈ ਜੋ ਹੁਣ ਤੱਕ ਨਹੀਂ ਮਿਲੇ ਹਨ।

ਇਸੇ ਸਾਲ ਰਿਲੀਜ਼ ਹੋਈ ਆਪਣੀ ਦਸਤਾਵੇਜ਼ੀ ‘ਟ੍ਰਾਪਿਕਲ ਪੈਰਾਡਾਈਜ਼’ ਦੇ ਇੱਕ ਦ੍ਰਿਸ਼ ਵਿੱਚ ਅਬਨੇਰ ਆਪਣੇ ਮਨੋਵਿਗਿਆਨਕ ਨੂੰ ਕਹਿੰਦੇ ਹਨ, “1994 ਵਿੱਚ ਮੇਰੇ ਮਾਮਾ ਨਾਲ ਅਚਾਨਕ ਕੀ ਹੋਇਆ ਸੀ, ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਸਵਾਲ ਬਣ ਗਿਆ। ਅਜਿਹਾ ਲੱਗਿਆ ਜਿਵੇਂ ਜਹਾਜ਼ ਮੇਰੇ ਉੱਤੇ ਹੀ ਫਟਿਆ ਹੋਵੇ।”

ਅਸਲ ਵਿੱਚ ਹੋਇਆ ਕੀ ਸੀ ? ਇਸ ਦੇ ਪਿੱਛੇ ਕੌਣ ਸੀ ? ਇਸ ਵਿੱਚ ਕਿਸ ਨੇ ਮਦਦ ਕੀਤੀ ? ਨਿਸ਼ਾਨਾ ਕੌਣ ਸੀ? ਅਤੇ ਇਹ ਘਟਨਾ ਪਨਾਮਾ ਵਿੱਚ ਹੀ ਕਿਉਂ ਹੋਈ ?

ਅਬਨੇਰ ਬੇਨਾਇਮ
ਡਾਇਰੈਕਟਰ, ਟ੍ਰਾਪਿਕਲ ਪੈਰਾਡਾਈਜ਼ (ਦਸਤਾਵੇਜ਼ੀ ਫ਼ਿਲਮ)

ਸਮਾਂ ਬੀਤਣ ਨਾਲ ਕੁਝ ਸਵਾਲਾਂ ਦੇ ਜਵਾਬ ਮਿਲੇ, ਪਰ ਕਈ ਸਵਾਲ ਅੱਜ ਵੀ ਰਾਜ਼ ਬਣੇ ਹੋਏ ਹਨ। ਇਹ ਰਾਜ਼ ਓਨਾ ਹੀ ਸੰਘਣਾ ਹੈ ਜਿਨ੍ਹਾਂ ਬਾਰਿਸ਼ ਦੇ ਮੌਸਮ ਵਿੱਚ ਕੈਰੇਬੀਆਈ ਤੱਟ ‘ਤੇ ਪਹਾੜੀਆਂ ਨੂੰ ਢਕਣ ਵਾਲਾ ਕੋਹਰਾ।

ਹਾਦਸੇ ਤੋਂ ਕੁਝ ਸਮਾਂ ਬਾਅਦ ਹੀ ਪਤਾ ਲੱਗ ਗਿਆ ਸੀ ਕਿ ਮਾਰੇ ਗਏ 21 ਲੋਕਾਂ ਵਿੱਚੋਂ 12 ਪਨਾਮਾ ਦੇ ਯਹੂਦੀ ਭਾਈਚਾਰੇ ਤੋਂ ਸੀ। ਸਾਉਲ ਸ਼ਵਾਰਟਜ਼ ਵੀ ਉਨ੍ਹਾਂ ਵਿਚ ਸ਼ਾਮਲ ਸੀ।

ਮ੍ਰਿਤਕਾਂ ਵਿੱਚ ਤਿੰਨ ਅਮਰੀਕੀ ਨਾਗਰਿਕ ਵੀ ਸਨ।

ਕੁਝ ਦਿਨਾਂ ਬਾਅਦ ਇੱਕ ਮ੍ਰਿਤਕ ਦੇਹ ਨੂੰ ਛੱਡ ਕੇ ਬਾਕੀ ਸਾਰੀਆਂ ਦੇਹਾਂ ਪਰਿਵਾਰ ਨੂੰ ਸੌਂਪ ਦਿੱਤੀਆਂ ਗਈਆਂ।

ਉਸ ਲਾਸ਼ ‘ਤੇ ਗੰਭੀਰ ਸੱਟਾਂ ਦੇ ਨਿਸ਼ਾਨ ਸਨ। ਦੂਜੇ ਸਬੂਤਾਂ ਨੂੰ ਦੇਖਣ ਬਾਅਦ ਫੋਰੈਂਸਿਕ ਜਾਂਚ ਕਰਨ ਵਾਲਿਆਂ ਨੇ ਮੰਨਿਆ ਕਿ ਇਹ ਲਾਸ਼ ਸ਼ਾਇਦ ਉਸ ਵਿਅਕਤੀ ਦੀ ਸੀ, ਜੋ ਜਹਾਜ਼ ਵਿੱਚ ਵਿਸਫੋਟਿਕ ਲੈ ਕੇ ਆਇਆ ਸੀ।

ਮੰਨਿਆ ਜਾਂਦਾ ਹੈ ਕਿ ਇਸੇ ਵਿਸਫੋਟ ਕਾਰਨ ਜਹਾਜ਼ ਅਸਮਾਨ ਵਿੱਚ ਫਟਿਆ ਸੀ।

ਬਾਅਦ ਵਿੱਚ ਉਸ ਵਿਅਕਤੀ ਦੀ ਪਛਾਣ ‘ਲਿਆ ਜਮਾਲ’ ਜਾਂ ‘ਅਲੀ ਹਵਾ ਜਮਾਲ’ ਦੇ ਰੂਪ ਵਿੱਚ ਦੱਸੀ ਗਈ। ਉਹ ਸੀਟ ਨੰਬਰ ਛੇ ‘ਤੇ ਬੈਠਾ ਸੀ। ਕਿਹਾ ਜਾਂਦਾ ਹੈ ਕਿ ਉਸ ਨੇ ਇੱਕ ਵਾਇਰਲੈੱਸ ਯੰਤਰ ਵਿੱਚ ਲੁਕੇ ਬੰਬ ਨਾਲ ਵਿਸਫੋਟ ਕੀਤਾ ਸੀ।

ਇਹ ਘਟਨਾ ਬਿਇਨਸ ਆਇਰਸ ਵਿੱਚ ਅਰਜਨਟੀਨਾ ਦੇ ਯਹੂਦੀ ਸਹਾਇਤਾ ਕੇਂਦਰ ‘ਆਮਿਯਾ’ ‘ਤੇ ਹੋਏ ਜਾਨਲੇਵਾ ਬੰਬ ਧਮਾਕੇ ਦੇ ਸਿਰਫ਼ 24 ਘੰਟੇ ਬਾਅਦ ਹੋਈ ਸੀ।

ਆਮਿਯਾ ‘ਤੇ ਹੋਏ ਕਾਰ ਬੰਬ ਹਮਲੇ ਵਿੱਚ 85 ਲੋਕ ਮਾਰੇ ਗਏ ਸੀ। ਉਸ ਹਮਲੇ ਦਾ ਮਾਮਲਾ ਵੀ ਹੁਣ ਤੱਕ ਕਿਸੇ ਅੰਤਿਮ ਨਤੀਜੇ ਤੱਕ ਨਹੀਂ ਪਹੁੰਚਿਆ ਹੈ।

ਦੋਹੇਂ ਘਟਨਾਵਾਂ ਇੰਨੇ ਥੋੜ੍ਹੇ ਸਮੇਂ ਦੇ ਫਰਕ ਨਾਲ ਹੋਈਆਂ ਸੀ। ਇਸ ਨਾਲ ਫਲਾਈਟ 901 ਦੀ ਜਾਂਚ ਹੋਰ ਔਖੀ ਹੋ ਗਈ।

ਇਸ ਹਾਦਸੇ ਵਿੱਚ ਜਹਾਜ਼ 'ਚ ਸਵਾਰ ਇੱਕ ਵੀ ਵਿਅਕਤੀ ਜ਼ਿੰਦਾ ਨਹੀਂ ਬਚਿਆ ਸੀ

ਤਸਵੀਰ ਸਰੋਤ, Cortesía Ministerio Público de Panama

ਦੋ ਸੰਭਾਵਨਾਵਾਂ ਸਾਹਮਣੇ ਰੱਖੀਆਂ ਗਈਆਂ

ਪਹਿਲੀ ਸੰਭਾਵਨਾ ਇਹ ਸੀ ਕਿ ਇਹ ਹਮਲਾ ਯਹੂਦੀ ਭਾਈਚਾਰੇ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਸੀ। ਹੋ ਸਕਦਾ ਹੈ ਕਿ ਇਸ ਨੂੰ ਹੂਤੀ ਵਿਦਰੋਹੀਆਂ ਨੇ ਅੰਜਾਮ ਦਿੱਤਾ ਹੋਵੇ। ਹੂਤੀ, ਯਮਨ ਦਾ ਸ਼ੀਆ ਸੰਸਾਰ ਅੱਲਾਹ ਅੰਦੋਲਨ ਹੈ, ਜਿਸ ਦੇ ਹਿਜ਼ਾਬੁੱਲ਼ਾਹ ਨਾਲ ਸਬੰਧ ਦੱਸੇ ਜਾਂਦੇ ਹਨ।

ਦੂਜੀ ਸੰਭਾਵਨਾ ਇਹ ਸੀ ਕਿ ਇਹ ਘਟਨਾ ਕਿਸੇ ਵਿਅਕਤੀ ਨਾਲ ‘ਹਿਸਾਬ ਚੁਕਾਉਣ’ ਲਈ ਹੋਈ ਹੋਵੇ। ਉਸ ਵਿਅਕਤੀ ਦੇ ਸਬੰਧ ਕੋਲੰਬੀਆ ਦੇ ਡਰੱਗ ਕਾਰਟੇਲ ਨਾਲ ਹੋਣ ਦਾ ਖ਼ਦਸ਼ਾ ਸੀ।

ਪਨਾਮਾ ਵਿੱਚ ਜਾਂਚ ਦੀ ਦਿਸ਼ਾ ਕਈ ਵਾਰ ਬਦਲੀ ਗਈ। ਆਖਿਰਕਾਰ ਕੋਈ ਵੱਡੀ ਸਫਲਤਾ ਮਿਲੇ ਬਿਨ੍ਹਾਂ ਮਾਮਲਾ ਬੰਦ ਕਰ ਦਿੱਤਾ ਗਿਆ।

ਬੀਬੀਸੀ ਮੁੰਡੋ ਨੇ ਉਸ ਸਮੇਂ ਇਸ ਮਾਮਲੇ ਦੇ ਪ੍ਰੋਸੀਕਿਉਟਰ ਰਹੇ ਹੁਆਨ ਏਂਟੋਨਿਓ ਤੇਹਾਦਾ ਤੋਂ ਇੰਟਰਵਿਊ ਮੰਗਿਆ। ਪਰ ਉਨ੍ਹਾਂ ਨੇ ਕਿਹਾ ਕਿ ਇਸ ਬਾਰੇ ਮੌਜੂਦਾ ਪ੍ਰੋਸੀਕਿਉਟਰ ਅਧਿਕਾਰੀਆਂ ਨਾਲ ਗੱਲ ਕੀਤੀ ਜਾਵੇ।

ਇਸੇ ਵਿਚਕਾਰ ਅਰਜਨਟੀਨਾ ਦੀ ਨਿਆਂ ਵਿਵਸਥਾ ਨੇ ਵੀ ਵੱਖਰੇ ਤੌਰ ‘ਤੇ ਜਾਂਚ ਕੀਤੀ। ਉਸ ਦੇ ਨਤੀਜੇ ਇੱਕ ਗੁਪਤ ਫ਼ਾਈਲ ਵਿੱਚ ਦਰਜ ਹਨ।

ਕਈ ਸਾਲ ਬਾਅਦ ਇਜ਼ਰਾਈਲ ਦੀਆਂ ਖੁਫੀਆ ਏਜੰਸੀਆਂ ਅਤੇ ਅਮਰੀਕਾ ਦੀ ਜਾਂਚ ਏਜੰਸੀ ਐਫਬੀਆਈ ਨੇ ਇਸ ਮਾਮਲੇ ਵਿਚ ਕੁਝ ਜਾਣਕਾਰੀ ਦਿੱਤੀ।

ਇਸ ਤੋਂ ਬਾਅਦ ਪਨਾਮਾ ਸਰਕਾਰ ਨੇ ਸਾਲ 2018 ਵਿੱਚ ਇਸ ਮਾਮਲੇ ਨੂੰ ਦੁਬਾਰਾ ਖੋਲ੍ਹਣ ਦੀ ਮੰਗ ਕੀਤੀ।

ਮਾਮਲਾ ਦੁਬਾਰਾ ਖੋਲ੍ਹਿਆ ਗਿਆ

ਇਹ ਮਾਮਲਾ ਪਨਾਮਾ ਦੇ ਉਸ ਸਮੇਂ ਦੇ ਰਾਸ਼ਟਰਪਤੀ ਹੁਆਨ ਕਾਲਰੋਸ ਲਈ ਵੀ ਨਿੱਜੀ ਸੀ।

ਉਨ੍ਹਾਂ ਨੇ ਬੀਬੀਸੀ ਮੁੰਡੋ ਨੂੰ ਕਿਹਾ, “ਮੇਰੇ ਕਾਲਜ ਦੇ ਸਹਿਪਾਠੀ ਮਾਉਰਿਸਿਓ ਹਾਰੋਸ਼ ਵੀ ਉਸੇ ਜਹਾਜ਼ ਵਿੱਚ ਸਨ। ਅਸੀਂ ਅਟਲਾਂਟੇ ਦੇ ਜਾਰਜੀਆ ਟੇਕ ਵਿਚ ਚਾਰ ਸਾਲ ਇਕੱਠਿਆਂ ਪੜ੍ਹਾਈ ਕੀਤੀ ਸੀ। ਸਾਡੇ ਕਮਰੇ ਇੱਕ ਦੂਜੇ ਦੇ ਕੋਲ ਸਨ। ਆਖ਼ਰੀ ਸਾਲ ਉਹ ਮੇਰੇ ਨਾਲ ਹੀ ਰਹਿੰਦੇ ਸੀ।”

ਵਾਰੇਲਾ ਦੱਸਦੇ ਹਨ ਕਿ ਦੋਹਾਂ ਪਰਿਵਾਰਾਂ ਦੇ ਪਨਾਮਾ ਪਰਤਣ ਬਾਅਦ ਉਨ੍ਹਾਂ ਦੀ ਦੋਸਤੀ ਹੋਰ ਗਹਿਰੀ ਹੋ ਗਈ ਸੀ।

ਸਾਲ 2009 ਵਿੱਚ ਵਾਰੇਲਾ ਉਪ ਰਾਸ਼ਟਰਪਤੀ ਬਣੇ। ਇਸ ਤੋਂ ਬਾਅਦ ਉਨ੍ਹਾਂ ਨੇ ਇਸ ਮਾਮਲੇ ਬਾਰੇ ਪਤਾ ਲਗਾਉਣਾ ਸ਼ੁਰੂ ਕੀਤਾ। ਉਹ ਬੋਗੋਟਾ ਵਿੱਚ ਇਜ਼ਰਾਈਲ ਦੀ ਖੁਫੀਆ ਏਜੰਸੀ ਮੋਸਾਦ ਦੇ ਏਜੰਟਾਂ ਦੇ ਸੰਪਰਕ ਵਿਚ ਵੀ ਸਨ।

ਬਾਅਦ ਵਿੱਚ ਉਨ੍ਹਾਂ ਨੂੰ ਐਫਬੀਆਈ ਦੇ ਇੱਕ ਏਜੰਟ ਤੋਂ ਵੀ ਜ਼ਿਆਦਾ ਜਾਣਕਾਰੀ ਮਿਲੀ। ਉਸ ਏਜੰਟ ਨੇ ਇਸ ਘਟਨਾ ਦੀ ਜਾਂਚ ਕੀਤੀ ਸੀ। ਵਾਰੇਲਾ ਦੀ ਉਸ ਨਾਲ ਮੁਲਕਾਤ ਰਾਸ਼ਟਰਪਤੀ ਹੁੰਦਿਆਂ ਹੋਈ ਸੀ।

ਇਜ਼ਰਾਈਲ ਦੀ ਸਰਕਾਰੀ ਯਾਤਰਾ ਦੌਰਾਨ ਵਾਰੇਲਾ ਨੂੰ ਬਿਨਯਾਮਿਨ ਨੇਤਾਨਯਾਹੂ ਦਾ ਇੱਕ ਪੱਤਰ ਵੀ ਮਿਲਿਆ। ਇਸ ਪੱਤਰ ਤੋਂ ਬਾਅਦ ਉਨ੍ਹਾਂ ਨੇ ਮਾਮਲਾ ਦੁਬਾਰਾ ਖੋਲ੍ਹਣ ਦੀ ਮੰਗ ਕੀਤੀ।

ਨੇਤਾਨਯਾਹੂ ਨੇ ਪੱਤਰ ਵਿਚ ਲਿਖਿਆ ਸੀ ਕਿ ਇਜ਼ਰਾਈਲ ਦੀ ਖੁਫੀਆ ਏਜੰਸੀ ਕੋਲ ਅਜਿਹੇ ਸਬੂਤ ਹਨ ਜਿਨ੍ਹਾਂ ਤੋਂ ਪਤਾ ਲਗਦਾ ਹੈ ਕਿ ਜਹਾਜ਼ ਵਿਚ ਹੋਇਆ ਧਮਾਕਾ ‘ਸਾਫ਼ ਤੌਰ ‘ਤੇ ਇੱਕ ਅੱਤਵਾਦੀ ਹਮਲਾ’ ਸੀ।

ਇਸ ਤੋਂ ਬਾਅਦ ਮਈ 2018 ਵਿੱਚ ਹੁਆਨ ਕਾਲਰੋਸ ਵਾਰੇਲਾ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ।

ਉਨ੍ਹਾਂ ਨੇ ਕਿਹਾ, “ਅਸੀਂ ਪਨਾਮਾ ਦੇ ਅਧਿਕਾਰੀਆਂ ਅਤੇ ਅੰਤਰ ਰਾਸ਼ਟਰੀ ਸੰਸਥਾਵਾਂ ਨੂੰ ਮਿਲਾਂਗੇ। ਅਸੀਂ ਉਨ੍ਹਾਂ ਨੂੰ ਅਲਾਸ ਚਿਰਿਕਾਨਾਸ ਮਾਮਲੇ ਨੂੰ ਅਧਿਕਾਰਕ ਰੂਪ ਵਿੱਚ ਦੁਬਾਰਾ ਖੋਲ੍ਹਣ ਦੀ ਮੰਗ ਕਰਾਂਗੇ। ਅਸੀਂ ਚਾਹੁੰਦੇ ਹਾਂ ਕਿ ਇਸ ਹਮਲੇ ਦੇ ਜ਼ਿੰਮੇਵਾਰ ਲੋਕਾਂ ਦੀ ਪਚਾਣ ਹੋਵੇ ਅਤੇ ਉਨ੍ਹਾਂ ‘ਤੇ ਮੁਕੱਦਮਾ ਚੱਲੇ।”

ਪਨਾਮਾ ਦੇ ਸਾਬਕਾ ਰਾਸ਼ਟਰਪਤੀ ਨੇ ਬੀਬੀਸੀ ਮੁੰਡੋ ਨੂੰ ਕਿਹਾ, “ਆਪਣੇ ਦੋਸਤ ਨੂੰ ਇਨਸਾਫ ਦਵਾਉਣਾ ਮੇਰਾ ਟੀਚਾ ਬਣ ਗਿਆ ਸੀ।”

ਵਾਰੇਲਾ ਨੂੰ ਖੁਦ ਵੀ ਓਡੇਬ੍ਰੇਕਟ ਮਾਮਲੇ ਵਿਚ ਅਦਾਲਤ ਵਿੱਚ ਬੁਲਾਇਆ ਗਿਆ ਸੀ। ਇਹ ਲਾਤੀਨੀ ਅਮਰੀਕਾ ਦੇ ਸਭ ਤੋਂ ਵੱਡੇ ਅਤੇ ਵਿਵਾਦਤ ਭ੍ਰਿਸ਼ਟਾਚਾਰ ਮਾਮਲਿਆਂ ਵਿੱਚੋਂ ਇੱਕ ਹੈ।

ਪ੍ਰੋਸੀਕਿਉਟਰ ਪੱਖ ਮੁਤਾਬਕ, “ਇਹ ਮਾਮਲੇ ਬ੍ਰਾਜ਼ੀਲ ਦੀ ਇੱਕ ਨਿਰਮਾਣ ਕੰਪਨੀ ਨਾਲ ਜੁੜਿਆ ਸੀ। ਇਸ ਵਿੱਚ ਕਰੀਬ 10 ਦੇਸਾਂ ਦੇ ਕਈ ਨੇਤਾਵਾਂ, ਸਰਕਾਰੀ ਅਧਿਕਾਰੀਆਂ ਅਤੇ ਕਾਰੋਬਾਰੀਆਂ ਦੇ ਨਾਮ ਵੀ ਸਾਹਮਣੇ ਆਏ ਸੀ। ਇਹ ਮਾਮਲਾ ਸਾਲ 2005 ਤੋਂ 2014 ਦੇ ਵਿਚਕਾਰ ਦਾ ਸੀ।”

ਹੁਆਨ ਕਾਲਰੋਸ ਵਾਰੇਲਾ ਨੇ ਉਸ ਸਮੇਂ ਓਡੇਬ੍ਰੇਕਟ ਜਾਂ ਕਿਸੇ ਦੂਜੇ ਸਰਕਾਰੀ ਠੇਕੇਦਾਰ ਤੋਂ ‘ਗਲਤ ਤਰੀਕੇ ਨਾਲ ਭੁਗਤਾਨ’ ਲੈਣ ਤੋਂ ਇਨਕਾਰ ਕੀਤਾ ਸੀ।

ਉਨ੍ਹਾਂ ਨੇ ਕਿਹਾ ਸੀ ਕਿ ਉਹ ਮੁਕੱਦਮੇ ਵਿੱਚ ‘ਨਤੀਜਿਆਂ ਦਾ ਸਾਹਮਣਾ’ ਕਰਨ ਲਈ ਤਿਆਰ ਹਨ।

ਮੱਧ ਅਮਰੀਕੀ ਸੰਸਦ ਦਾ ਮੈਂਬਰ ਹੋਣ ਦੇ ਕਾਰਨ ਉਨ੍ਹਾਂ ਦੇ ਮਾਮਲੇ ਦੀ ਸੁਣਵਾਈ ਸੁਪਰੀਮ ਕੋਰਟ ਵਿੱਚ ਹੋਣੀ ਸੀ।

ਐਫਬੀਆਈ ਅਤੇ ਇਜ਼ਰਾਈਲ ਦੀ ਜਾਂਚ

2018 ਵਿੱਚ ਪਨਾਮਾ ਦੇ ਤਤਕਾਲੀ ਰਾਸ਼ਟਰਪਤੀ ਹੁਆਨ ਕਾਰਲੋਸ ਵਾਰੇਲਾ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬਿਨਯਾਮਿਨ ਨੇਤਾਨਯਾਹੂ ਨੂੰ ਪੱਤਰ ਲਿਖ ਕੇ ਮਾਮਲੇ ਦੀ ਮੁੜ ਜਾਂਚ ਦੀ ਮੰਗ ਕੀਤੀ

ਤਸਵੀਰ ਸਰੋਤ, AFP via Getty Images

ਪਨਾਮਾ ਵਿੱਚ ਜਾਂਚ ਦੇ ਨਾਲ ਨਾਲ ਐਫਬੀਆਈ ਨੇ ਵੀ ਅਲਾਸ ਮਾਮਲੇ ਦੀ ਜਾਂਚ ਜਾਰੀ ਰੱਖੀ।

ਐਫਬੀਆਈ ਨੇ 29 ਮਈ 2024 ਤੋਂ ਆਪਣੀ ਵੈਬਸਾਈਟ ‘ਤੇ ਲੋਕਾਂ ਨੂੰ ਇਸ ਮਾਮਲੇ ਨਾਲ ਜੁੜੀ ਜਾਣਕਾਰੀ ਦੇਣ ਦੀ ਅਪੀਲ ਕਰ ਰੱਖੀ ਹੈ।

ਵੈਬਸਾਈਟ ‘ਤੇ ਸ਼ੱਕੀ ਹਮਲਾਵਰ ਅਲੀ ਹਵਾ ਜਮਾਲ ਦੇ ਚਿਹਰਾ ਦਾ ਇੱਕ ਸਕੈਚ ਜਾਰੀ ਕੀਤਾ ਗਿਆ ਹੈ।

ਇਸ ਦੇ ਨਾਲ ਸੁਰੱਖਿਆ ਕੈਮਰੇ ਤੋਂ ਲਈਆਂ ਗਈਆਂ ਤਿੰਨ ਬਲੈਕ ਐਂਡ ਵਾਈਟ ਤਸਵੀਰਾਂ ਵੀ ਹਨ। ਇਨ੍ਹਾਂ ਵਿੱਚ ਕੁੱਝ ਅਣਜਾਣ ਆਦਮੀ ਦਿਖਾਈ ਦਿੰਦੇ ਹਨ। ਮੰਨਿਆ ਜਾਂਦਾ ਹੈ ਕਿ ਉਨ੍ਹਾਂ ਦਾ ਇਸ ਘਟਨਾ ਨਾਲ ਸਬੰਧ ਹੋ ਸਕਦਾ ਹੈ।

ਜਾਰੀ ਜਾਣਕਾਰੀ ਮੁਤਾਬਕ, 27 ਅਤੇ 28 ਮਈ 1994 ਨੂੰ ਮੱਧ ਪੂਰਬੀ ਮੂਲ ਦੇ ਇੱਕ ਅਗਿਆਤ ਵਿਅਕਤੀ ਨੇ ਇੱਕ ਅਮਰੀਕੀ ਨਾਗਰਿਕ ਦਾ ਚੋਰੀ ਹੋਇਆ ਕ੍ਰੈਡਿਟ ਕਾਰਡ ਇਸਤੇਮਾਲ ਕੀਤਾ ਸੀ।

ਉਸ ਕਾਰਡ ਨਾਲ ਪਨਾਮਾ ਸਿਟੀ ਵਿਚ ਦੋ ਐਸਯੂਵੀ ਗੱਡੀਆਂ ਤੇ ਦੋ ਲਾਈਨਾਂ ਵਾਲਾ ਇੱਕ ਟੈਲੀਫ਼ੋਨ ਸਿਸਟਮ ਕਿਰਾਏ ‘ਤੇ ਲਿਆ ਗਿਆ ਸੀ।

ਦੋਹੇਂ ਗੱਡੀਆਂ ਬਾਅਦ ਵਿੱਚ ਟੋਕੁਮੇਨ ਏਅਰਪੋਰਟ ਦੇ ਕੋਲ ਮਿਲੀਆਂ ਸਨ।

ਰਿਪੋਰਟ ਵਿਚ ਕਿਹਾ ਗਿਆ, ” ਇਹ ਸਾਫ਼ ਨਹੀਂ ਹੈ ਕਿ ਤਸਵੀਰਾਂ ਵਿੱਚ ਦਿਖਾਈ ਦੇ ਰਹੇ ਅਗਿਆਤ ਆਦਮੀ ਅਲੀ ਹਵਾ ਜਮਾਲ ਦੇ ਸਾਥੀ ਸਨ ਜਾਂ ਨਹੀਂ।”

“ਮੰਨਿਆ ਜਾਂਦਾ ਹੈ ਕਿ ਉਨ੍ਹਾਂ ਨੇ ਕੋਲੰਬੀਆ, ਵੈਨੇਜ਼ੁਏਲਾ, ਕੋਸਟਾ ਰਿਕਾ ਅਤੇ ਲੇਬਨਾਨ ਦੀ ਯਾਤਰਾ ਕੀਤੀ ਸੀ। ਇਹ ਵੀ ਕਿਹਾ ਜਾਂਦਾ ਹੈ ਕਿ ਉਹ ਅਜਿਹੇ ਲੋਕਾਂ ਦੇ ਸੰਪਰਕ ਵਿੱਚ ਸਨ ਜਿਨ੍ਹਾਂ ਦਾ ਹਥਿਆਰਾਂ ਦੀ ਤਸਕਰੀ ਨਾਲ ਸਬੰਧ ਸੀ।”

ਐਫਬੀਆਈ ਨੇ ਇਹ ਵੀ ਦੱਸਿਆ ਕਿ ਅਮਰੀਕੀ ਵਿਦੇਸ਼ ਮੰਤਰਾਲੇ ਨੇ ਇਸ ਮਾਮਲੇ ਵਿੱਚ ਪੰਜਾਹ ਲੱਖ ਡਾਲਰ ਤੱਕ ਦਾ ਇਨਾਮ ਰੱਖਿਆ ਹੈ।

ਇਹ ਇਨਾਮ ਅਜਿਹੀ ਜਾਣਕਾਰੀ ਲਈ ਹੈ ਜਿਸ ਨਾਲ ਫਲਾਈਟ 901 ਵਿੱਚ ਹੋਏ ਧਮਾਕੇ ਦੇ ਹਮਲਾਵਰਾਂ, ਇਸ ਦੀ ਯੋਜਨਾ ਬਣਾਉਣ ਵਾਲਿਆਂ ਜਾਂ ਉਨ੍ਹਾਂ ਦੇ ਸਾਥੀਆਂ ਦੀ ਗ੍ਰਿਫਤਾਰੀ ਹੋ ਸਕੇ ਜਾਂ ਉਨ੍ਹਾਂ ਨੂੰ ਦੋਸ਼ੀ ਠਹਿਰਾਇਆ ਜਾ ਸਕੇ।

ਐਫਬੀਆਈ ਨੇ ਪੋਸਟਰ ਜਾਰੀ ਕੀਤਾ

ਐਫਬੀਆਈ ਦੇ ਉਹ ਵੈੱਬ ਪੇਜ ਜਸੀ ’ਤੇ ਇੱਕ ਵਿਅਕਤੀ ਦੀ ਭਾਲ ਲਈ ਉਸ ਦੀਆਂ ਕਈ ਤਸਵੀਰਾਂ ਜਾਰੀ ਕੀਤੀਆਂ ਗਈਆਂ

ਤਸਵੀਰ ਸਰੋਤ, FBI

ਸਾਲ 2020 ਵਿੱਚ ਐਫਬੀਆਈ ਨੇ ਇੱਕ ਹੋਰ ਪੋਸਟਰ ਜਾਰੀ ਕੀਤਾ। ਇਸ ਵਿੱਚ ਜ਼ਕੀ ਜ਼ਲੀਲ ਨਾਮ ਦੇ ਸ਼ਖਸ ਦੇ ਟਿਕਾਣੇ ਬਾਰੇ ਜਾਣਕਾਰੀ ਮੰਗੀ ਗਈ ਸੀ।

ਉਸ ਸਮੇਂ ਉਨ੍ਹਾਂ ਦੀ ਉਮਰ ਤਕਰੀਬਨ 52 ਸਾਲ ਦੱਸੀ ਗਈ ਸੀ। ਉਨ੍ਹਾਂ ਦਾ ਭਾਰ 91 ਕਿੱਲੋ ਅਤੇ ਲੰਬਾਈ 180 ਸੈਂਟੀਮੀਟਰ ਦੱਸੀ ਗਈ।

ਉਨ੍ਹਾਂ ਨੂੰ ਸਕਾਈ ਡਾਈਵਿੰਗ ਵਿੱਚ ਦਿਲਚਸਪੀ ਸੀ। ਉਹ ਬਹੁਤ ਯਾਤਰਾਵਾਂ ਕਰਦੇ ਸੀ ਅਤੇ ਵੈਨੇਜ਼ੁਏਲਾ ਦੇ ਮਾਰਗਰੀਟਾ ਟਾਪੂ ‘ਤੇ ਕਈ ਬਾਰ ਅਤੇ ਰੈਸਟੋਰੈਟਾਂ ਦੇ ਮਾਲਿਕ ਸੀ।

ਐਫਬੀਆਈ ਦਾ ਮੰਨਣਾ ਹੈ ਕਿ ਉਨ੍ਹਾਂ ਕੋਲ ਇਸ ਮਾਮਲੇ ਨਾਲ ਜੁੜੀ ‘ਬਹੁਤ ਮਹੱਤਵਪੂਰਨ ਜਾਣਕਾਰੀ’ ਹੋ ਸਕਦੀ ਹੈ।

ਬੀਬੀਸੀ ਮੁੰਡੋ ਦੇ ਸਵਾਲ ਦੇ ਜਵਾਬ ਵਿੱਚ ਐਫਬੀਆਈ ਦੇ ਪ੍ਰੈਸ ਦਫ਼ਤਰ ਨੇ ਕਿਹਾ ਕਿ ਉਸ ਕੋਲ ਜਨਤਕ ਕਰਨ ਲਈ ਕੋਈ ਹੋਰ ਜਾਣਕਾਰੀ ਨਹੀਂ ਹੈ।

ਹਾਲਾਂਕਿ, ਐਫਬੀਆਈ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਇਨਾਮ ਹੁਣ ਵੀ ਜਾਰੀ ਹੈ।

ਮਿਆਮੀ ਵਿੱਚ ਐਫਬੀਆਈ ਦੀ ਅੱਤਵਾਦ ਨਿਰੋਧੀ ਇਕਾਈ ਦੇ ਮਾਇਕ ਬੇਨਹੈਮ ਨੇ ਦਸਤਾਵੇਜ਼ੀ ਬਣਾਉਣ ਵਾਲੇ ਅਬਨੇਰ ਬੇਨਾਇਮ ਨੂੰ ਕਿਹਾ ਕਿ ਇਹ ਮਾਮਲਾ ਹੁਣ ਵੀ ਖੁੱਲਾ ਹੈ।

ਉਨ੍ਹਾਂ ਨੇ ਦੱਸਿਆ ਕਿ ਵੱਖ ਵੱਖ ਸੰਭਾਵਨਾਵਾਂ ਦੇ ਅਧਾਰ ‘ਤੇ ਜਾਂਚ ਜਾਰੀ ਹੈ। ਅਜਿਹੇ ਤਿੰਨ ਲੋਕਾਂ ਦੀ ਪਛਾਣ ਵੀ ਕੀਤੀ ਗਈ ਹੈ, ਜਿਨ੍ਹਾਂ ਬਾਰੇ ਜਾਂਚ ਏਜੰਸੀਆਂ ਹੋਰ ਜਾਣਕਾਰੀ ਚਾਹੁੰਦੀਆਂ ਹਨ।

ਹਿਜ਼ਾਬੁੱਲਾਹ ‘ਤੇ ਸ਼ੱਕ

ਐਫਬੀਆਈ ਦਾ ਵੈੱਬ ਪੇਜ, ਜਿਸ 'ਤੇ ਚਾਰ ਤਸਵੀਰਾਂ ਅਤੇ ਕੁਝ ਪੈਰਾਗ੍ਰਾਫਾਂ ਵਾਲਾ ਲੇਖ ਹੈ

ਤਸਵੀਰ ਸਰੋਤ, FBI

ਅਬਨੇਰ ਬੇਨਾਇਮ ਇਸ ਮਾਮਲੇ ਨਾਲ ਜੁੜੇ ਹਰ ਸੰਭਵ ਵਿਅਕਤੀ ਨਾਲ ਗੱਲ ਕਰਨਾ ਚਾਹੁੰਦੇ ਸਨ। ਇਸੇ ਕੋਸ਼ਿਸ਼ ਵਿੱਚ ਉਹ ਤੇਲ ਅਵੀਵ ਵੀ ਗਏ।

ਉਨ੍ਹਾਂ ਦੀ ਡੌਕਿਊਮੈਂਟਰੀ ਵਿੱਚ ਸ਼ਬਤਾਈ ਸ਼ਾਵਿਤ ਵੀ ਨਜ਼ਰ ਆਉਂਦੇ ਹਨ। ਉਹ ਸਾਲ 1989 ਤੋਂ 1996 ਤੱਕ ਮੋਸਾਦ ਦੇ ਮੁਖੀ ਰਹੇ ਸਨ।

ਸ਼ਾਵਿਤ ਨੇ ਕੈਮਰੇ ‘ਤੇ ਕਿਹਾ ਕਿ ਉਹ ਇਸ ਵਿਸ਼ੇ ‘ਤੇ ਗੱਲ ਨਹੀਂ ਕਰ ਸਕਦੇ, ਕਿਉਂਕਿ ਇਸ ਮਾਮਲੇ ਨੂੰ “ਵਰਜਿਤ ਵਿਸ਼ਾ” ਮੰਨਿਆ ਜਾਂਦਾ ਹੈ।

ਉਨ੍ਹਾਂ ਨੇ ਇਹ ਵੀ ਕਿਹਾ ਕਿ ਇੰਨੇ ਸਾਲ ਬੀਤ ਜਾਣ ਤੋਂ ਬਾਅਦ ਉਨ੍ਹਾਂ ਨੂੰ ਇਸ ਮਾਮਲੇ ਦੀਆਂ ਬਹੁਤ ਸਾਰੀਆਂ ਗੱਲਾਂ ਯਾਦ ਨਹੀਂ ਹਨ।

ਪਰ ਇਜ਼ਰਾਈਲ ਦੀ ਅੰਦਰੂਨੀ ਸੁਰੱਖਿਆ ਏਜੰਸੀ ਸ਼ਿਨ ਬੇਟ ਦੇ ਸਾਬਕਾ ਮੁਖੀ ਯਾਕੋਵ ਪੇਰੀ ਅਤੇ ਇਜ਼ਰਾਈਲ ਦੇ ਇੰਸਟੀਚਿਊਟ ਫ਼ਾਰ ਨੈਸ਼ਨਲ ਸਕਿਓਰਿਟੀ ਸਟਡੀਜ਼ ਵਿੱਚ ਅੱਤਵਾਦ ਅਧਿਐਨ ਪ੍ਰੋਗਰਾਮ ਦੇ ਡਾਇਰੈਕਟਰ ਯੋਰਾਮ ਸ਼ਵਾਈਟਜ਼ਰ ਦਾ ਮੰਨਣਾ ਸੀ ਕਿ ਇਸ ਕਾਰਵਾਈ ਦੇ ਪਿੱਛੇ ਹਿਜ਼ਬੁੱਲਾਹ ਸੀ।

ਸ਼ਵਾਈਟਜ਼ਰ ਕਹਿੰਦੇ ਹਨ, “ਸ਼ੁਰੂ ਵਿੱਚ ਕਿਸੇ ਨੂੰ ਨਹੀਂ ਪਤਾ ਸੀ ਕਿ ਇਹ ਇੱਕ ਅੱਤਵਾਦੀ ਹਮਲਾ ਹੈ। ਇਸ ਲਈ ਇਸ ਦੀ ਜਾਂਚ ਵੀ ਅੱਤਵਾਦੀ ਹਮਲੇ ਵਾਂਗ ਨਹੀਂ ਕੀਤੀ ਗਈ।”

“ਜਦੋਂ ਸ਼ੱਕੀ ਆਤਮਘਾਤੀ ਹਮਲਾਵਰ ਦੀ ਲਾਸ਼ ਅਤੇ ਹੋਰ ਫੋਰੈਂਸਿਕ ਸਬੂਤਾਂ ਤੋਂ ਸੱਚਾਈ ਦਾ ਪਤਾ ਲੱਗਾ, ਉਦੋਂ ਜਾਂਚ ਸ਼ੁਰੂ ਹੋਈ।”

“ਪਰ ਉਦੋਂ ਤੱਕ ਕਾਫ਼ੀ ਸਮਾਂ ਬੀਤ ਚੁੱਕਾ ਸੀ। ਇਸ ਨਾਲ ਸਬੂਤ ਲੱਭਣ ਵਿੱਚ ਮੁਸ਼ਕਿਲ ਹੋਈ। ਅਜਿਹੇ ਮਾਮਲਿਆਂ ਵਿੱਚ ਸਮਾਂ ਬਹੁਤ ਮਹੱਤਵਪੂਰਨ ਹੁੰਦਾ ਹੈ।”

ਯਾਕੋਵ ਪੇਰੀ ਨੇ ਕਿਹਾ, “ਦੁਨੀਆ ਵਿੱਚ ਕਿਤੇ ਵੀ ਹੋਣ ਵਾਲਾ ਅੱਤਵਾਦੀ ਹਮਲਾ ਇਜ਼ਰਾਈਲ ਦੀਆਂ ਖ਼ੁਫ਼ੀਆ ਏਜੰਸੀਆਂ ਲਈ ਮਹੱਤਵਪੂਰਨ ਹੁੰਦਾ ਹੈ।”

“ਪਰ ਇਸ ਮਾਮਲੇ ਦੀ ਜਾਂਚ ਪਨਾਮਾ ਦੇ ਅਧਿਕਾਰੀਆਂ ਦੇ ਹੱਥ ਵਿੱਚ ਸੀ। ਉਨ੍ਹਾਂ ਨੇ ਅਰਜਨਟੀਨਾ ਦੇ ਅਧਿਕਾਰੀਆਂ ਨਾਲ ਮਿਲ ਕੇ ਠੀਕ ਕੰਮ ਕੀਤਾ ਹੈ।”

ਯੋਰਾਮ ਸ਼ਵਾਈਟਜ਼ਰ
ਡਾਇਰੈਕਟਰ, ਅੱਤਵਾਦ ਅਧਿਐਨ ਪ੍ਰੋਗਰਾਮ
ਇੰਸਟੀਚਿਊਟ ਫ਼ਾਰ ਨੈਸ਼ਨਲ ਸਕਿਓਰਿਟੀ ਸਟਡੀਜ਼, ਇਜ਼ਰਾਈਲ

ਮੁਲਜ਼ਮ ਦੀ ਹਵਾਲਗੀ ਅਤੇ ‘ਗੁੰਝਲਦਾਰ ਮਾਮਲਾ’

ਲੇਬਨਾਨੀ ਮੂਲ ਦੇ ਕੋਲੰਬੀਆਈ-ਵੇਨੇਜ਼ੁਏਲਾਈ ਨਾਗਰਿਕ ਅਲੀ ਹਜ ਜਲੀਲ ਨੂੰ ਨਵੰਬਰ 2025 ਵਿੱਚ ਮਾਰਗਰੀਟਾ ਟਾਪੂ ਤੋਂ ਗ੍ਰਿਫ਼ਤਾਰ ਕੀਤਾ ਗਿਆ।

ਉਨ੍ਹਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਇਸ ਮਾਮਲੇ ਵਿੱਚ ਜਾਂਚ ਦਾ ਇੱਕ ਨਵਾਂ ਦੌਰ ਸ਼ੁਰੂ ਹੋਇਆ।

ਇਸ ਸਾਲ ਅਪ੍ਰੈਲ ਵਿੱਚ ਵੇਨੇਜ਼ੁਏਲਾ ਨੇ ਉਨ੍ਹਾਂ ਨੂੰ ਪਨਾਮਾ ਦੇ ਹਵਾਲੇ ਕਰ ਦਿੱਤਾ।

ਇਸ ਤੋਂ ਬਾਅਦ ਉਨ੍ਹਾਂ ਨੂੰ ਇਸ ਮਾਮਲੇ ਵਿੱਚ ਮੁਲਜ਼ਮ ਬਣਾਇਆ ਗਿਆ। ਮੰਨਿਆ ਜਾਂਦਾ ਹੈ ਕਿ ਉਹ ਇਸ ਘਟਨਾ ਵਿੱਚ ਸ਼ਾਮਿਲ ਹੋ ਸਕਦੇ ਹਨ। ਪਨਾਮਾ ਦਾ ਪ੍ਰੋਸੀਕਿਊਸ਼ਨ ਵਿਭਾਗ ਇਸ ਸ਼ੱਕ ਦੀ ਜਾਂਚ ਕਰ ਰਿਹਾ ਹੈ ਕਿ ਇਹ ਇੱਕ ਅੱਤਵਾਦੀ ਹਮਲਾ ਸੀ।

ਉਸ ਸਮੇਂ ਅਮਰੀਕਾ ਦੇ ਰਾਜਦੂਤ ਕੇਵਿਨ ਮਰੀਨੋ ਕਬਰੇਰਾ ਨੇ ਕਿਹਾ, “ਇਹ ਹਵਾਲਗੀ ਇੱਕ ਸਪਸ਼ਟ ਸੁਨੇਹਾ ਦਿੰਦੀ ਹੈ। ਡੌਨਲਡ ਟਰੰਪ ਪ੍ਰਸ਼ਾਸਨ ਦੀ ਯਾਦਦਾਸ਼ਤ ਲੰਬੀ ਹੈ ਅਤੇ ਉਸ ਦੀ ਕਾਰਵਾਈ ਦੀ ਪਹੁੰਚ ਉਸ ਤੋਂ ਵੀ ਲੰਬੀ ਹੈ।”

ਉਨ੍ਹਾਂ ਕਿਹਾ, “ਸਾਨੂੰ ਉਮੀਦ ਹੈ ਕਿ ਨਿਆਂਇਕ ਪ੍ਰਕਿਰਿਆ ਅਤੇ ਇਸ ਦੇ ਅੰਤਿਮ ਨਤੀਜੇ ਨਾਲ ਉਨ੍ਹਾਂ ਪਰਿਵਾਰਾਂ ਨੂੰ ਸਕੂਨ ਮਿਲੇਗਾ, ਜੋ 30 ਸਾਲ ਤੋਂ ਵੱਧ ਸਮੇਂ ਤੋਂ ਨਿਆਂ ਦੀ ਉਡੀਕ ਕਰ ਰਹੇ ਹਨ।”

ਪ੍ਰੋਸੀਕਿਊਟਰ ਗੇਓਮਾਰਾ ਗਵੇਰਾ ਮੁਤਾਬਕ, ਉਨ੍ਹਾਂ ਦੀ ਟੀਮ ਹੁਣ ਪੁਰਾਣੀ ਜਾਂਚ ਦੀਆਂ ਕਮੀਆਂ ‘ਤੇ ਧਿਆਨ ਦੇ ਰਹੀ ਹੈ ਅਤੇ ਨਵੇਂ ਸਬੂਤ ਇਕੱਠੇ ਕਰ ਰਹੀ ਹੈ।

ਉਨ੍ਹਾਂ ਕਿਹਾ, “ਅਸੀਂ ਕੁਝ ਅਜਿਹੀਆਂ ਥਾਵਾਂ ਦਾ ਪਤਾ ਲਗਾਉਣ ਵਿੱਚ ਸਫਲ ਰਹੇ ਹਾਂ, ਜਿੱਥੇ ਘਟਨਾ ਤੋਂ ਪਹਿਲਾਂ ਉਹ ਵਿਅਕਤੀ ਮੌਜੂਦ ਸੀ, ਜੋ ਸ਼ਾਇਦ ਬੰਬ ਲੈਕੇ ਆਇਆ ਸੀ।”

“ਅਸੀਂ ਦੋ ਹੋਰ ਲੋਕਾਂ ਨੂੰ ਵੀ ਇਸ ਮਾਮਲੇ ਨਾਲ ਜੋੜਿਆ ਹੈ।”

ਹਾਲਾਂਕਿ, ਉਹ ਮੰਨਦੇ ਹਨ ਕਿ ਤਿੰਨ ਦਹਾਕਿਆਂ ਤੋਂ ਵੱਧ ਸਮਾਂ ਬੀਤ ਜਾਣ ਕਾਰਨ ਜਾਂਚ ਮੁਸ਼ਕਿਲ ਹੋ ਗਈ ਹੈ।

ਉਨ੍ਹਾਂ ਕਿਹਾ, “ਅਸੀਂ ਵੱਡੇ ਪੱਧਰ ‘ਤੇ ਜਾਂਚ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਪਰ ਹੁਣ ਕਈ ਸਬੂਤ ਉਪਲੱਬਧ ਨਹੀਂ ਹਨ। ਇਨ੍ਹਾਂ ਵਿੱਚ ਲੋਕਾਂ ਦੇ ਇੱਕ-ਦੂਜੇ ਨਾਲ ਸੰਪਰਕ ਕਰਨ ਦੇ ਤਰੀਕੇ ਅਤੇ ਉਨ੍ਹਾਂ ਦੀ ਗੱਲਬਾਤ ਵੀ ਸ਼ਾਮਿਲ ਹੈ।”

ਕੋਲੰਬੀਆਈ-ਵੈਨੇਜ਼ੁਏਲਾਈ ਨਾਗਰਿਕ ਅਲੀ ਜ਼ਕੀ ਹਜ ਜਲੀਲ ਨੂੰ ਅਪ੍ਰੈਲ ਵਿੱਚ ਵੈਨੇਜ਼ੁਏਲਾ ਦੀ ਸਖ਼ਤ ਸੁਰੱਖਿਆ ਹੇਠ ਪਨਾਮਾ ਦੇ ਹਵਾਲੇ ਕੀਤਾ ਗਿਆ ਸੀ

ਤਸਵੀਰ ਸਰੋਤ, EPA/Shutterstock

ਇਸ ਮਾਮਲੇ ਤੋਂ ਬਾਅਦ ਲਾਤੀਨੀ ਅਮਰੀਕਾ ਦੇ ਦੂਜੇ ਦੇਸ਼ਾਂ ਵਿੱਚ ਫੈਲੇ ਕੱਟੜਪੰਥੀ ਸੰਗਠਨਾਂ ਦੇ ਨੈੱਟਵਰਕ ‘ਤੇ ਵੀ ਮੁੜ ਧਿਆਨ ਗਿਆ ਹੈ।

ਅਮਰੀਕਾ ਅਤੇ ਇਸ ਖੇਤਰ ਦੇ ਅਧਿਕਾਰੀ ਕਈ ਸਾਲਾਂ ਤੋਂ ਚੇਤਾਵਨੀ ਦਿੰਦੇ ਰਹੇ ਹਨ ਕਿ ਹਿਜ਼ਬੁੱਲਾਹ ਵਰਗੇ ਸੰਗਠਨਾਂ ਨੇ ਲਾਤੀਨੀ ਅਮਰੀਕਾ ਦੇ ਕੁਝ ਹਿੱਸਿਆਂ ਵਿੱਚ ਪੈਸੇ ਅਤੇ ਸਾਮਾਨ ਪਹੁੰਚਾਉਣ ਦਾ ਨੈੱਟਵਰਕ ਬਣਾ ਰੱਖਿਆ ਹੈ।

ਇਹ ਸੰਗਠਨ ਅਕਸਰ ਵਪਾਰਕ ਕੰਪਨੀਆਂ ਅਤੇ ਪਰਵਾਸੀ ਭਾਈਚਾਰਿਆਂ ਰਾਹੀਂ ਕੰਮ ਕਰਦੇ ਹਨ।

ਅਪ੍ਰੈਲ ਵਿੱਚ ਹੋਈ ਸੁਣਵਾਈ ਦੌਰਾਨ ਅਲੀ ਹਜ ਜਲੀਲ ਨੇ ਆਪਣੇ ਕਾਨੂੰਨੀ ਅਧਿਕਾਰ ਦੀ ਵਰਤੋਂ ਕੀਤੀ ਅਤੇ ਕਿਸੇ ਵੀ ਸਵਾਲ ਦਾ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ।

ਉਨ੍ਹਾਂ ਦੇ ਵਕੀਲਾਂ ਨੇ ਵੀ ਮਾਮਲਾ ਬੰਦ ਕਰਨ ਦੀ ਮੰਗ ਕੀਤੀ।

ਵਕੀਲਾਂ ਦਾ ਕਹਿਣਾ ਸੀ ਕਿ ਘਟਨਾ ਨੂੰ 20 ਸਾਲ ਤੋਂ ਵੱਧ ਹੋ ਚੁੱਕੇ ਹਨ। ਘਟਨਾ ਦੇ ਸਮੇਂ ਲਾਗੂ ਕਾਨੂੰਨ ਮੁਤਾਬਕ, ਇਸ ਮਾਮਲੇ ਦੀ ਕਾਨੂੰਨੀ ਸਮਾਂ-ਸੀਮਾ 20 ਸਾਲ ਸੀ।

ਜੂਨ ਦੀ ਸ਼ੁਰੂਆਤ ਵਿੱਚ ਪ੍ਰੋਸੀਕਿਊਸ਼ਨ ਪੱਖ ਦੀ ਮੰਗ ‘ਤੇ ਪਨਾਮਾ ਦੀ ਸੁਪਰੀਮ ਕ੍ਰਿਮਿਨਲ ਅਪੀਲ ਕੋਰਟ ਨੇ ਇਸ ਨੂੰ “ਗੁੰਝਲਦਾਰ ਮਾਮਲਾ” ਐਲਾਨ ਦਿੱਤਾ।

ਇਸ ਫ਼ੈਸਲੇ ਤੋਂ ਬਾਅਦ ਪ੍ਰੋਸੀਕਿਊਟਰਾਂ ਨੂੰ ਜਾਂਚ ਅੱਗੇ ਵਧਾਉਣ ਲਈ 12 ਮਹੀਨਿਆਂ ਦਾ ਵਾਧੂ ਸਮਾਂ ਮਿਲ ਗਿਆ ਹੈ। ਇਸ ਤੋਂ ਬਾਅਦ ਉਹ ਦੋਸ਼ ਪੱਤਰ ਦਾਖ਼ਲ ਕਰ ਸਕਣਗੇ।

ਗਵੇਰਾ ਕਹਿੰਦੇ ਹਨ, “ਇਸ ਦਾ ਇਹ ਮਤਲਬ ਨਹੀਂ ਹੈ ਕਿ ਸਾਨੂੰ ਪੂਰਾ ਇੱਕ ਸਾਲ ਲੱਗੇਗਾ ਹੀ। ਅਸੀਂ ਘੱਟ ਤੋਂ ਘੱਟ ਸਮੇਂ ਵਿੱਚ ਨਤੀਜੇ ਤੱਕ ਪਹੁੰਚਣ ਦੀ ਕੋਸ਼ਿਸ਼ ਕਰਾਂਗੇ।”

ਹਿੰਸਾ ਦਾ ਡੂੰਘਾ ਅਸਰ

ਮਾਰਤਾ ਮਾਰਕੇਜ਼
ਫ਼ਲਾਈਟ 901 ਵਿੱਚ ਮਾਰੇ ਗਏ ਨੌਜਵਾਨ ਪਾਇਲਟ ਹੋਸੇ ਐਂਟੋਨਿਓ ਗੋਂਜ਼ਾਲੇਜ਼ ਦੇ ਮਾਂ

ਫ਼ਲਾਈਟ 901 ਵਿੱਚ ਮਾਰੇ ਗਏ ਨੌਜਵਾਨ ਪਾਇਲਟ ਹੋਸੇ ਐਂਟੋਨਿਓ ਗੋਂਜ਼ਾਲੇਜ਼ ਦੇ ਮਾਂ ਮਾਰਤਾ ਮਾਰਕੇਜ਼ ਪੁੱਛਦੇ ਹਨ, “ਪਰ 32 ਸਾਲ ਬਾਅਦ ਅਤੇ ਇੰਨੀ ਜਾਂਚ ਦੇ ਬਾਵਜੂਦ ਕੀ ਹੁਣ ਵੀ ਕੋਈ ਨਵਾਂ ਸਬੂਤ ਮਿਲ ਸਕਦਾ ਹੈ?”

ਉਹ ਕਹਿੰਦੇ ਹਨ, “ਮੈਂ ਕਦੇ ਨਹੀਂ ਸੋਚਿਆ ਸੀ ਕਿ ਕਿਸੇ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ ਜਾਂ ਇਹ ਮਾਮਲਾ ਦੁਬਾਰਾ ਖੁੱਲ੍ਹੇਗਾ।”

“ਮੈਨੂੰ ਲੱਗਦਾ ਸੀ ਕਿ ਸਭ ਕੁਝ ਇਸੇ ਤਰ੍ਹਾਂ ਛੱਡ ਦਿੱਤਾ ਜਾਵੇਗਾ। ਇਸ ਲਈ ਜਦੋਂ ਮੈਂ ਸੁਣਿਆ ਕਿ ਮਾਮਲੇ ਦੀਆਂ ਪੁਰਾਣੀਆਂ ਫ਼ਾਈਲਾਂ ਮੁੜ ਖੋਲ੍ਹੀਆਂ ਗਈਆਂ ਹਨ ਅਤੇ ਸ਼ਾਇਦ ਹੁਣ ਆਖ਼ਿਰਕਾਰ ਨਿਆਂ ਮਿਲੇਗਾ, ਤਾਂ ਮੈਨੂੰ ਬਹੁਤ ਖੁਸ਼ੀ ਹੋਈ।”

“ਇਸ ਨਾਲ ਸਾਨੂੰ ਥੋੜ੍ਹਾ ਸਕੂਨ ਮਿਲ ਸਕਦਾ ਹੈ, ਭਾਵੇਂ ਸਾਡੇ ਆਪਣੇ ਲੋਕ ਵਾਪਸ ਨਹੀਂ ਆ ਸਕਦੇ।”

ਅਬਨੇਰ ਬੇਨਾਇਮ ਕਹਿੰਦੇ ਹਨ ਕਿ ਹੁਣ ਵੀ ਕਈ ਸਵਾਲਾਂ ਦੇ ਜਵਾਬ ਨਹੀਂ ਮਿਲੇ ਹਨ। “ਅਜਿਹਾ ਕਿਉਂ ਕੀਤਾ ਗਿਆ? ਇਸ ਦਾ ਮਕਸਦ ਕੀ ਸੀ? ਪਨਾਮਾ ਨੂੰ ਹੀ ਕਿਉਂ ਚੁਣਿਆ ਗਿਆ?”

ਉਹ ਦੱਸਦੇ ਹਨ ਕਿ ਆਪਣੀ ਡੌਕਿਊਮੈਂਟਰੀ ਲੋਕਾਂ ਨੂੰ ਦਿਖਾਉਣ ਤੋਂ ਬਾਅਦ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਇਸ ਘਟਨਾ ਦੇ ਭਾਵਨਾਤਮਕ ਜ਼ਖ਼ਮ ਅਜੇ ਵੀ ਪੂਰੀ ਤਰ੍ਹਾਂ ਨਹੀਂ ਭਰੇ ਹਨ।

ਇਹ ਗੱਲ ਉਨ੍ਹਾਂ ਲੋਕਾਂ ‘ਤੇ ਵੀ ਲਾਗੂ ਹੁੰਦੀ ਹੈ, ਜਿਨ੍ਹਾਂ ਨੂੰ ਇਹ ਘਟਨਾ ਚੰਗੀ ਤਰ੍ਹਾਂ ਯਾਦ ਹੈ। ਇਸ ਦਾ ਅਸਰ ਉਨ੍ਹਾਂ ਪੀੜ੍ਹੀਆਂ ‘ਤੇ ਵੀ ਪਿਆ ਹੈ, ਜਿਨ੍ਹਾਂ ਨੇ ਇਸ ਬਾਰੇ ਕਦੇ ਨਹੀਂ ਸੁਣਿਆ ਸੀ।

ਅਬਨੇਰ ਕਹਿੰਦੇ ਹਨ, “ਮੇਰਾ ਮਕਸਦ ਇਹੀ ਸੀ। ਮੈਂ ਸਮਝਣਾ ਚਾਹੁੰਦਾ ਸੀ ਕਿ ਅਜਿਹਾ ਕਿਉਂ ਹੋਇਆ।”

“ਇਸਦੇ ਨਾਲ ਮੈਂ ਇਹ ਵੀ ਦਿਖਾਉਣਾ ਚਾਹੁੰਦਾ ਸੀ ਕਿ ਅਜਿਹੀਆਂ ਘਟਨਾਵਾਂ ਕਿੰਨਾ ਡੂੰਘਾ ਅਸਰ ਛੱਡ ਸਕਦੀਆਂ ਹਨ। ਸਮਾਂ ਬੀਤਣ ਦੇ ਨਾਲ ਇਹ ਲੋਕਾਂ ਦੀ ਜ਼ਿੰਦਗੀ ਬਦਲ ਸਕਦੀਆਂ ਹਨ ਅਤੇ ਇਨ੍ਹਾਂ ਦਾ ਅਸਰ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਪਹੁੰਚ ਸਕਦਾ ਹੈ।”

ਉਹ ਕਹਿੰਦੇ ਹਨ, “ਮੈਂ ਵੱਡੀਆਂ-ਵੱਡੀਆਂ ਗੱਲਾਂ ਕਰਨ ਅਤੇ ਆਮ ਨਤੀਜੇ ਕੱਢਣ ਵਾਲਿਆਂ ਵਿੱਚੋਂ ਨਹੀਂ ਹਾਂ।”

“ਪਰ ਇਹ ਗੱਲ ਸੱਚ ਹੈ ਕਿ ਹਿੰਸਾ ਸਾਡੇ ਸਾਰਿਆਂ ‘ਤੇ ਅਸਰ ਪਾਉਂਦੀ ਹੈ, ਭਾਵੇਂ ਇਹ ਸੁਣਨ ਵਿੱਚ ਘਿਸੀ-ਪਿਟੀ ਗੱਲ ਲੱਗੇ।”

“ਜਦੋਂ ਤੱਕ ਤੁਸੀਂ ਖ਼ੁਦ ਇਸ ਨੂੰ ਨਹੀਂ ਝੱਲਦੇ, ਉਦੋਂ ਤੱਕ ਤੁਸੀਂ ਸਹੀ ਮਾਅਨੇ ਵਿੱਚ ਇਹ ਨਹੀਂ ਸਮਝ ਸਕਦੇ ਕਿ ਹਿੰਸਾ ਕਿਸੇ ਸਮਾਜ ਨੂੰ ਕਿੰਨਾ ਡੂੰਘਾ ਨੁਕਸਾਨ ਪਹੁੰਚਾਉਂਦੀ ਹੈ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI