Source :- BBC PUNJABI
ਤਸਵੀਰ ਸਰੋਤ, Getty Images
ਜੈਲਿੰਗ ਵਿੱਚ ਮੌਜੂਦ ਪ੍ਰਾਚੀਨ ਰੂਨਿਕ ਪੱਥਰਾਂ ਦੀ ਇੱਕ ਜੋੜੀ ਉਸ ਵਾਈਕਿੰਗ ਰਾਜੇ ਦੀ ਕਹਾਣੀ ਦੱਸਦੀ ਹੈ, ਜਿਸ ਨੇ ਡੈਨਮਾਰਕ ਨੂੰ ਆਕਾਰ ਦਿੱਤਾ ਅਤੇ ਬਲੂਟੁੱਥ ਨਾਮ ਲਈ ਪ੍ਰੇਰਣਾ ਦਿੱਤੀ।
ਜੇ ਤੁਸੀਂ ਕਦੇ ਆਪਣੇ ਫੋਨ ਨੂੰ ਹੈੱਡਫੋਨ ਜਾਂ ਲੈਪਟਾਪ ਨਾਲ ਵਾਇਰਲੈੱਸ ਤਰੀਕੇ ਨਾਲ ਕਨੈਕਟ ਕੀਤਾ ਹੈ, ਤਾਂ ਸੰਭਵ ਹੈ ਕਿ ਤੁਸੀਂ ਬਲੂਟੁੱਥ ਨਾਮ ਤੋਂ ਪਹਿਲਾਂ ਹੀ ਜਾਣੂ ਹੋਵੋਗੇ।
ਪਰ ਭਾਵੇਂ ਇਹ ਤਕਨਾਲੋਜੀ ਆਧੁਨਿਕ ਹੈ, ਇਸ ਨਾਮ ਦੇ ਪਿੱਛੇ ਦੀ ਕਹਾਣੀ 1,000 ਸਾਲ ਤੋਂ ਵੀ ਵੱਧ ਪੁਰਾਣੀ ਹੈ। ਇਹ ਕਹਾਣੀ ਇੱਕ ਵਾਈਕਿੰਗ ਰਾਜੇ ਨਾਲ ਜੁੜੀ ਹੈ, ਜਿਸ ਦੀ ਵਿਰਾਸਤ ਅੱਜ ਵੀ ਜੈਲਿੰਗ ਵਿੱਚ ਵੇਖੀ ਜਾ ਸਕਦੀ ਹੈ।
ਇਹ ਕੋਪਨਹੇਗਨ ਤੋਂ ਲਗਭਗ 250 ਕਿਲੋਮੀਟਰ (155 ਮੀਲ) ਪੱਛਮ ਵੱਲ ਸਥਿਤ ਡੈਨਮਾਰਕ ਦਾ ਇੱਕ ਛੋਟਾ ਜਿਹਾ ਕਸਬਾ ਹੈ।
ਇੱਥੇ ਮੌਜੂਦ ਦੋ ਪ੍ਰਾਚੀਨ ਰੂਨਿਕ ਪੱਥਰ ਉਸ ਦੇ ਰਾਜ ਦੀ ਕਹਾਣੀ ਦੱਸਦੇ ਹਨ ਅਤੇ ਇਹ ਪਹਿਲਾ ਸੰਕੇਤ ਦਿੰਦੇ ਹਨ ਕਿ ਉਸ ਦਾ ਅਜੀਬ ਉਪਨਾਮ ਦੁਨੀਆ ਵਿੱਚ ਸਭ ਤੋਂ ਵੱਧ ਵਰਤੀਆਂ ਜਾਣ ਵਾਲੀਆਂ ਤਕਨਾਲੋਜੀਆਂ ਵਿੱਚੋਂ ਇੱਕ ਨਾਲ ਕਿਵੇਂ ਜੁੜ ਗਿਆ।
ਬਲੂਟੁੱਥ ਕਹੇ ਜਾਣ ਵਾਲਾ ਵਾਈਕਿੰਗ ਰਾਜਾ
ਇਹ ਰਾਜਾ ਹੈਰਾਲਡ ਗੋਰਮਸਨ ਸੀ, ਜਿਸ ਨੇ 10ਵੀਂ ਸਦੀ ਵਿੱਚ ਡੈਨਮਾਰਕ ‘ਤੇ ਰਾਜ ਕੀਤਾ। ਉਸ ਦਾ ਉਪਨਾਮ ਬਲੂਟੁੱਥ ਸੀ, ਪੁਰਾਣੀ ਨੋਰਸ ਭਾਸ਼ਾ ਵਿੱਚ ਬਲਾਟੌਨ– ਜੋ ਉਸ ਦੀ ਮੌਤ ਤੋਂ 150 ਸਾਲ ਬਾਅਦ ਪਹਿਲੀ ਵਾਰ ਦਰਜ ਕੀਤਾ ਗਿਆ ਅਤੇ ਮੰਨਿਆ ਜਾਂਦਾ ਹੈ ਕਿ ਇਹ ਕਿਸੇ “ਨੀਲੇ” ਜਾਂ ਸੜੇ ਹੋਏ ਦੰਦ ਵੱਲ ਇਸ਼ਾਰਾ ਸੀ।
ਹੈਰਾਲਡ ਦੀਆਂ ਸਭ ਤੋਂ ਮਹੱਤਵਪੂਰਨ ਪ੍ਰਾਪਤੀਆਂ ਵਿੱਚੋਂ ਇੱਕ ਡੈਨਮਾਰਕ ਦਾ ਇਸਾਈ ਧਰਮ ਵਿੱਚ ਪਰਿਵਰਤਨ ਸੀ, ਜੋ ਲਗਭਗ 965 ਦੇ ਆਸ-ਪਾਸ ਹੋਇਆ ਮੰਨਿਆ ਜਾਂਦਾ ਹੈ।
ਜੈਲਿੰਗ ਦੇ ਦੋ ਰੂਨਿਕ ਪੱਥਰਾਂ ਵਿੱਚੋਂ ਵੱਡੇ ਪੱਥਰ ‘ਤੇ, ਜਿਸ ਨੂੰ ਹੈਰਾਲਡ ਨੇ ਬਣਵਾਇਆ ਸੀ, ਲਿਖਿਆ ਹੈ ਕਿ ਉਸ ਨੇ “ਸਾਰਾ ਡੈਨਮਾਰਕ ਅਤੇ ਨਾਰਵੇ ਆਪਣੇ ਅਧੀਨ ਕਰ ਲਿਆ ਅਤੇ ਲੋਕਾਂ ਨੂੰ ਇਸਾਈ ਬਣਾਇਆ”।
ਇਸ ਪੱਥਰ ‘ਤੇ ਸਕੈਂਡੇਨੇਵੀਆ ਵਿੱਚ ਮਸੀਹ ਦੀਆਂ ਸਭ ਤੋਂ ਪੁਰਾਣੀਆਂ ਤਸਵੀਰਾਂ ਵਿੱਚੋਂ ਇੱਕ ਵੀ ਉੱਕਰੀ ਹੋਈ ਹੈ।
ਉਸ ਸਮੇਂ ਤੱਕ ਉੱਤਰੀ ਯੂਰਪ ਦਾ ਵੱਡਾ ਹਿੱਸਾ ਛੋਟੇ-ਛੋਟੇ ਖੇਤਰਾਂ ਵਿੱਚ ਵੰਡਿਆ ਹੋਇਆ ਸੀ, ਜਿਨ੍ਹਾਂ ‘ਤੇ ਕਬੀਲੇ ਦੇ ਸਰਦਾਰਾਂ ਦਾ ਰਾਜ ਸੀ। ਇਸਾਈ ਧਰਮ ਨੇ ਹੈਰਾਲਡ ਨੂੰ ਸੱਤਾ ਨੂੰ ਇਕਜੁੱਟ ਕਰਨ, ਇਸਾਈ ਯੂਰਪ ਨਾਲ ਡੈਨਮਾਰਕ ਦੇ ਸਬੰਧ ਮਜ਼ਬੂਤ ਕਰਨ ਅਤੇ ਉੱਭਰ ਰਹੇ ਰਾਜ ਨੂੰ ਇਕਜੁੱਟ ਕਰਨ ਦਾ ਇੱਕ ਤਰੀਕਾ ਦਿੱਤਾ।
“ਉਹ ਯੂਰਪ ਵਿੱਚ ਰਾਜਨੀਤੀ ਦੇ ਵੱਖ-ਵੱਖ ਰੂਪਾਂ ਬਾਰੇ ਚੰਗੀ ਤਰ੍ਹਾਂ ਜਾਣੂ ਹੁੰਦੇ ਹਨ, ਇਹ ਸਮਝਦੇ ਹਨ ਕਿ ਇਸਾਈ ਧਰਮ ਉਨ੍ਹਾਂ ਲਈ ਕੀ ਕਰ ਸਕਦਾ ਹੈ ਅਤੇ ਕਿਸੇ ਰਾਜ ਵਿੱਚ ਸੱਤਾ ਦੇ ਕੇਂਦਰੀਕਰਨ ਦਾ ਕੀ ਮਤਲਬ ਹੈ।”
ਜੈਲਿੰਗ ਕਿਉਂ ਮਹੱਤਵਪੂਰਨ ਹੈ
ਤਸਵੀਰ ਸਰੋਤ, Alamy
ਹੈਰਾਲਡ ਦੀ ਕਹਾਣੀ ਜੈਲਿੰਗ ਦੇ ਭੂ-ਦ੍ਰਿਸ਼ ਵਿੱਚ ਦਰਜ ਹੈ। ਉਸ ਦੇ ਪਿਤਾ ਗੋਰਮ ਨੇ ਆਪਣੀ ਪਤਨੀ ਥਾਇਰਾ ਦੀ ਯਾਦ ਵਿੱਚ ਕਸਬੇ ਦੇ ਦੋ ਰੂਨਿਕ ਪੱਥਰਾਂ ਵਿੱਚੋਂ ਛੋਟੇ ਅਤੇ ਪੁਰਾਣੇ ਪੱਥਰ ਨੂੰ ਬਣਵਾਇਆ ਸੀ।
ਮੰਨਿਆ ਜਾਂਦਾ ਹੈ ਕਿ ਇਸ ਵਿੱਚ ਦੇਸ਼ ਦੇ ਅੰਦਰ “ਡੈਨਮਾਰਕ” ਨਾਮ ਦੀ ਪਹਿਲੀ ਲਿਖਤੀ ਵਰਤੋਂ ਦਰਜ ਹੈ।
ਨੇੜਲੇ ਸ਼ਹਿਰ ਵਾਇਲੇ ਦੀ ਵਸਨੀਕ ਐਨ ਹੈਵਗਾਰਡ ਮਿਕੇਲਸਨ ਨੇ ਕਿਹਾ, “ਅਸੀਂ ਇਸ ਨੂੰ ਡੈਨਮਾਰਕ ਦਾ ਜਨਮ ਸਰਟੀਫਿਕੇਟ ਕਹਿੰਦੇ ਹਾਂ।” ਇਸ ਲਈ ਜੈਲਿੰਗ ਇਸ ਦਾ ਜਨਮ ਸਥਾਨ ਹੈ।
ਭਾਵੇਂ ਅੱਜ ਇੱਥੇ ਸਿਰਫ਼ 4,000 ਵਸਨੀਕ ਹਨ, ਪਰ ਹੈਰਾਲਡ ਬਲੂਟੁੱਥ ਦੇ ਸਮੇਂ ਇਹ ਸੱਤਾ ਦਾ ਕੇਂਦਰ ਸੀ। ਮੂਲ ਰੂਪ ਵਿੱਚ ਇਹ ਇੱਕ ਗ਼ੈਰ-ਇਸਾਈ ਦਫ਼ਨਾਉਣ ਵਾਲੀ ਥਾਂ ਸੀ, ਪਰ ਹੈਰਾਲਡ ਦੇ ਰਾਜ ਦੌਰਾਨ ਜੈਲਿੰਗ ਅਜਿਹੀ ਥਾਂ ਬਣ ਗਿਆ ਜਿੱਥੇ ਗ਼ੈਰ-ਇਸਾਈ ਅਤੇ ਇਸਾਈ ਪਰੰਪਰਾਵਾਂ ਇੱਕ-ਦੂਜੇ ਨਾਲ ਮਿਲਦੀਆਂ ਸਨ।
ਅੱਜ ਚਿੱਟੇ ਖੰਭੇ ਉਸ ਲੱਕੜੀ ਦੀ ਵਾੜ ਦੀ ਨਿਸ਼ਾਨਦੇਹੀ ਕਰਦੇ ਹਨ, ਜਿਸ ਨੇ ਕਦੇ ਜੈਲਿੰਗ ਦੇ ਸਮਾਰਕਾਂ ਨੂੰ ਘੇਰਿਆ ਹੋਇਆ ਸੀ, ਜਦਕਿ ਸੈਂਕੜੇ ਨਿਸ਼ਾਨ ਇੱਕ ਵਿਸ਼ਾਲ ਜਹਾਜ਼-ਆਕਾਰ ਦੇ ਢਾਂਚੇ ਦੀ ਰੂਪਰੇਖਾ ਦਰਸਾਉਂਦੇ ਹਨ, ਜੋ ਸੰਭਵ ਤੌਰ ‘ਤੇ ਥਾਇਰਾ ਨੂੰ ਸਮਰਪਿਤ ਸੀ।
ਦੋ ਕਬਰਾਂ ਦੇ ਟਿੱਬੇ ਅਤੇ ਇੱਕ ਇਸਾਈ ਚਰਚ ਮਿਲ ਕੇ ਅਜਿਹਾ ਦ੍ਰਿਸ਼ ਬਣਾਉਂਦੇ ਹਨ, ਜਿਸ ਬਾਰੇ ਬਾਕ ਕਹਿੰਦੇ ਹਨ ਕਿ ਇਹ “ਬਹਾਦਰ ਵਾਈਕਿੰਗ ਯੋਧਿਆਂ ਅਤੇ ਥੋਰ ਤੇ ਓਡਿਨ” ਨਾਲੋਂ ਵੱਧ “ਸਿਆਸਤ ਅਤੇ ਬਦਲਾਅ, ਕਿਸੇ ਪੁਰਾਣੀ ਚੀਜ਼ ਤੋਂ ਨਵੀਂ ਚੀਜ਼ ਵੱਲ ਤਬਦੀਲੀ” ਬਾਰੇ ਹੈ।
ਨੇੜਲੇ ਕਾਂਗੇਰਨੇਸ ਜੈਲਿੰਗ ਵਿਜ਼ਟਰ ਸੈਂਟਰ ਵਿੱਚ ਇੰਟਰਐਕਟਿਵ ਪ੍ਰਦਰਸ਼ਨੀਆਂ ਵਾਈਕਿੰਗ ਵਿਸ਼ਵਾਸਾਂ ਅਤੇ ਇਸਾਈ ਧਰਮ ਵਿਚਾਲੇ ਹੋਈ ਤਬਦੀਲੀ ਨੂੰ ਦਰਸਾਉਂਦੀਆਂ ਹਨ, ਜਦਕਿ ਦੋਵੇਂ ਰੂਨਿਕ ਪੱਥਰ, ਡੈਨਮਾਰਕ ਦਾ ਬਪਤਿਸਮਾ ਪੱਥਰ ਅਤੇ ਜਨਮ ਸਰਟੀਫਿਕੇਟ, ਸ਼ੀਸ਼ੇ ਦੇ ਪਿੱਛੇ ਸੁਰੱਖਿਅਤ ਰੱਖੇ ਗਏ ਹਨ।
ਵਾਈਕਿੰਗ ਰਾਜੇ ਤੋਂ ਬਲੂਟੁੱਥ ਤੱਕ
ਤਸਵੀਰ ਸਰੋਤ, Lindsey Galloway
1,000 ਸਾਲ ਤੋਂ ਵੀ ਵੱਧ ਸਮੇਂ ਬਾਅਦ, ਇੱਕਜੁੱਟ ਕਰਨ ਵਾਲੇ ਵਜੋਂ ਹੈਰਾਲਡ ਦੀ ਪਛਾਣ ਉਸ ਦੇ ਨਾਮ ਨੂੰ ਇੱਕ ਅਣਕਿਆਸੀ ਦੂਜੀ ਜ਼ਿੰਦਗੀ ਦੇਵੇਗੀ।
1990 ਦੇ ਦਹਾਕੇ ਦੇ ਅਖੀਰ ਵਿੱਚ, ਤੋਸ਼ਿਬਾ, ਆਈਬੀਐੱਮ, ਨੋਕੀਆ, ਇੰਟੈਲ ਅਤੇ ਐਰਿਕਸਨ ਸਮੇਤ ਕੰਪਨੀਆਂ ਦੇ ਇੰਜੀਨੀਅਰ ਇੱਕ ਅਜਿਹੀ ਨਵੀਂ ਤਕਨਾਲੋਜੀ ਵਿਕਸਿਤ ਕਰ ਰਹੇ ਸਨ, ਜੋ ਵੱਖ-ਵੱਖ ਬ੍ਰਾਂਡਾਂ ਦੇ ਉਪਕਰਨਾਂ ਨੂੰ ਆਪਸ ਵਿੱਚ ਜੋੜ ਸਕੇ। ਉਨ੍ਹਾਂ ਨੂੰ ਇਸ ਲਈ ਇੱਕ ਕੋਡਨਾਮ ਦੀ ਲੋੜ ਸੀ।
ਅਮਰੀਕੀ ਇੰਟੈਲ ਇੰਜੀਨੀਅਰ ਜਿਮ ਕਾਰਡਾਚ ਸਵੀਡਿਸ਼ ਇੰਜੀਨੀਅਰਾਂ ਨਾਲ ਮਿਲ ਕੇ ਕੰਮ ਕਰ ਰਹੇ ਸਨ, ਜਦੋਂ ਗੱਲਬਾਤ ਦਾ ਰੁਖ਼ ਵਾਈਕਿੰਗਾਂ ਵੱਲ ਮੁੜ ਗਿਆ।
ਉਤਸੁਕ ਹੋ ਕੇ, ਉਨ੍ਹਾਂ ਨੇ ਇਸ ਇਤਿਹਾਸ ਬਾਰੇ ਇੱਕ ਕਿਤਾਬ ਪੜ੍ਹਨ ਵਿੱਚ ਖੁਦ ਨੂੰ ਡੁਬੋ ਲਿਆ (ਜੋ ਕਾਂਗੇਰਨੇਸ ਜੈਲਿੰਗ ਵਿੱਚ ਪ੍ਰਦਰਸ਼ਿਤ ਹੈ) ਅਤੇ ਉਸ ਰਾਜੇ ਤੋਂ ਬਹੁਤ ਪ੍ਰਭਾਵਿਤ ਹੋਏ, ਜਿਸ ਨੇ ਡੈਨਮਾਰਕ ਅਤੇ ਨਾਰਵੇ ਨੂੰ ਇਕਜੁੱਟ ਕੀਤਾ ਸੀ। ਠੀਕ ਇਸੇ ਤਰ੍ਹਾਂ ਇਹ ਨਵੀਂ ਤਕਨਾਲੋਜੀ ਵੱਖ-ਵੱਖ ਉਪਕਰਨਾਂ ਨੂੰ ਇਕੱਠਾ ਕਰ ਸਕਦੀ ਸੀ।
ਤਸਵੀਰ ਸਰੋਤ, Lindsey Galloway
ਅਧਿਕਾਰਤ ਪ੍ਰੈੱਸ ਰਿਲੀਜ਼ ਲਿਖੇ ਜਾਣ ਤੋਂ ਪਹਿਲਾਂ ਹੀ ਕੋਡਨਾਮ ਲੀਕ ਹੋ ਗਿਆ ਅਤੇ ਇਸ ਤੋਂ ਬਾਅਦ ਦੀ ਕਹਾਣੀ ਤਕਨਾਲੋਜੀ ਦੇ ਇਤਿਹਾਸ ਦਾ ਹਿੱਸਾ ਬਣ ਗਈ।
ਬਾਕ ਨੇ ਕਿਹਾ, “ਪੀਆਰ ਵਾਲਿਆਂ ਨੂੰ ਇਹ ਨਾਮ ਬਿਲਕੁਲ ਪਸੰਦ ਨਹੀਂ ਸੀ, ਕਿਉਂਕਿ ਉਹ ‘ਬਲੂਟੁੱਥ’ ਨੂੰ ਦੰਦਾਂ ਦੀ ਮਾੜੀ ਸਫ਼ਾਈ ਨਾਲ ਜੋੜਦੇ ਸਨ।”
“ਉਹ ਇਸ ਨੂੰ ਲੈ ਕੇ ਬਹੁਤ ਚਿੰਤਤ ਸਨ ਅਤੇ ਉਨ੍ਹਾਂ ਕੋਲ ਕਈ ਤਰ੍ਹਾਂ ਦੇ ਵੱਖ-ਵੱਖ ਨਾਮ ਸਨ, ਜੋ ਇਹ ਦੱਸਣ ਵਿੱਚ ਬਿਹਤਰ ਸਨ ਕਿ ਉਤਪਾਦ ਕੀ ਹੈ, ਪਰ ਉਹ ਕਿਤੇ ਜ਼ਿਆਦਾ ਬੇਰਸ ਸਨ। ਬਲੂਟੁੱਥ ਇਸ ਲਈ ਤੇਜ਼ੀ ਨਾਲ ਮਸ਼ਹੂਰ ਹੋ ਗਿਆ ਕਿਉਂਕਿ ਇਹ ਨਾਮ ਬਹੁਤ ਵੱਖਰਾ ਸੀ।”
ਇਸ ਦੇ ਰੂਨਾਂ ਤੋਂ ਪ੍ਰੇਰਿਤ ਲੋਗੋ ਨੇ ਵੀ ਇਸ ਨੂੰ ਲੰਬੇ ਸਮੇਂ ਤੱਕ ਕਾਇਮ ਰੱਖਣ ਵਿੱਚ ਮਦਦ ਕੀਤੀ। ਹਰ ਥਾਂ ਨਜ਼ਰ ਆਉਣ ਵਾਲਾ ਇਹ ਚਿੰਨ੍ਹ ਹੈਰਾਲਡ ਬਲੂਟੁੱਥ ਦੇ ਸਨਮਾਨ ਵਿੱਚ “H” ਅਤੇ “B” ਲਈ ਵਰਤੇ ਜਾਂਦੇ ਨੋਰਸ ਰੂਨਾਂ ਨੂੰ ਮਿਲਾ ਕੇ ਬਣਾਇਆ ਗਿਆ ਹੈ।
2023 ਵਿੱਚ ਇਸ ਤਕਨਾਲੋਜੀ ਦੀ 25ਵੀਂ ਵਰ੍ਹੇਗੰਢ ਮੌਕੇ, ਕਾਰਡਾਚ ਅਤੇ ਹੋਰ ਸੰਸਥਾਪਕ ਕਾਂਗੇਰਨੇਸ ਜੈਲਿੰਗ ਪਹੁੰਚੇ ਅਤੇ ਹਾਸੇ-ਮਜ਼ਾਕ ਦੇ ਅੰਦਾਜ਼ ਵਿੱਚ ਹੈਰਾਲਡ ਦਾ ਨਾਮ ਬਿਨਾਂ ਇਜਾਜ਼ਤ ਵਰਤਣ ਲਈ “ਮੁਆਫ਼ੀ” ਮੰਗੀ।
ਇਸ ਦੇ ਜਵਾਬ ਵਿੱਚ ਅਜਾਇਬਘਰ ਨੇ ਉਨ੍ਹਾਂ ਦੀ ਮੁਆਫ਼ੀ ਸਵੀਕਾਰ ਕਰ ਲਈ ਅਤੇ ਉਨ੍ਹਾਂ ਨੂੰ ਅਗਲੇ 1,000 ਸਾਲਾਂ ਤੱਕ ਇਸ ਨਾਮ ਦੀ ਵਰਤੋਂ ਜਾਰੀ ਰੱਖਣ ਦੀ ਇਜਾਜ਼ਤ ਦੇ ਦਿੱਤੀ।
ਬਾਕ ਨੇ ਕਿਹਾ, “ਹੈਰਾਲਡ ਨੂੰ ਆਪਣੀ ਸ਼ਾਨ ਦਿਖਾਉਣਾ ਬਹੁਤ ਪਸੰਦ ਸੀ। ਮੈਨੂੰ ਲੱਗਦਾ ਹੈ ਕਿ ਇਹ ਜਾਣ ਕੇ ਉਹ ਬਹੁਤ ਖੁਸ਼ ਹੁੰਦਾ ਕਿ ਅੱਜ ਅਰਬਾਂ ਲੋਕ ਹਰ ਰੋਜ਼ ਉਸ ਦਾ ਨਾਮ ਲੈਂਦੇ ਹਨ।”
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI



