Source :- BBC PUNJABI
ਤਸਵੀਰ ਸਰੋਤ, Reuters
ਮੰਨਿਆ ਜਾ ਰਿਹਾ ਹੈ ਕਿ ਸਪੇਸਐਕਸ ਰਾਕੇਟ ਦਾ ਇੱਕ ਭਟਕਿਆ ਹੋਇਆ ਹਿੱਸਾ ਚੰਨ ਨਾਲ ਟਕਰਾ ਗਿਆ ਹੈ। ਇਸ ਨੇ ਚੰਨ ਦੀ ਇੱਕ ਮਸ਼ਹੂਰ ਥਾਂ ਦੇ ਨੇੜੇ ਇੱਕ ਖੱਡ (ਕ੍ਰੇਟਰ) ਬਣਾ ਦਿੱਤੀ ਹੈ ਅਤੇ ਵਿਗਿਆਨੀਆਂ ਨੂੰ ਇੱਕ ਵਿਲੱਖਣ ਖੋਜ ਦਾ ਮੌਕਾ ਦਿੱਤਾ ਹੈ, ਜੋ ਭਵਿੱਖ ਦੇ ਮਿਸ਼ਨਾਂ ਲਈ ਮਦਦਗਾਰ ਹੋ ਸਕਦਾ ਹੈ।
ਫਾਲਕਨ 9 ਰਾਕੇਟ ਦਾ ਖਾਲ੍ਹੀ ਉੱਪਰੀ ਹਿੱਸਾ (ਅੱਪਰ ਸਟੇਜ) ਬੁੱਧਵਾਰ ਨੂੰ ਲਗਭਗ 5,400 ਮੀਲ ਪ੍ਰਤੀ ਘੰਟਾ (8,700 ਕਿਲੋਮੀਟਰ ਪ੍ਰਤੀ ਘੰਟਾ) ਦੀ ਰਫ਼ਤਾਰ ਨਾਲ ਚੰਨ ਦੇ ਮਸ਼ਹੂਰ ਆਇੰਸਟਾਈਨ ਕ੍ਰੇਟਰ ਦੇ ਨੇੜੇ ਟਕਰਾਉਣ ਵਾਲਾ ਸੀ।
ਅਮਰੀਕਾ ਵਿੱਚ ਵੱਡੀਆਂ ਨਿਗਰਾਨਾਂ (ਔਬਜ਼ਰਵੇਟਰੀਜ਼) ਜਾਣਕਾਰੀ ਦਾ ਵਿਸ਼ਲੇਸ਼ਣ ਕਰ ਰਹੀਆਂ ਹਨ।
ਇਹ ਜਾਣਨ ਵਿੱਚ ਕਈ ਦਿਨ ਜਾਂ ਇੱਥੋਂ ਤੱਕ ਕਿ ਕਈ ਹਫ਼ਤੇ ਵੀ ਲੱਗ ਸਕਦੇ ਹਨ ਕਿ ਅਸਲ ਵਿੱਚ ਕੀ ਹੋਇਆ ਅਤੇ ਇਸ ਤੋਂ ਅਸੀਂ ਕੀ ਸਿੱਖ ਸਕਦੇ ਹਾਂ ਪਰ ਗ੍ਰਹਿ ਵਿਗਿਆਨੀਆਂ ਲਈ ਇਹ ਅਚਾਨਕ ਹੋਈ ਟੱਕਰ ਇੱਕ ਵਿਗਿਆਨਕ ਤੋਹਫ਼ਾ ਹੈ।
ਸਪੇਸਐਕਸ ਦਾ ਫਾਲਕਨ 9 ਰਾਕੇਟ ਇੱਕ ਮੁੜ ਵਰਤੋਂ ਯੋਗ ਮਾਡਲ ਹੈ ਅਤੇ ਇਸ ਨੂੰ ਕਈ ਮਿਸ਼ਨਾਂ ਲਈ ਪੁਲਾੜ ਵਿੱਚ ਭੇਜਿਆ ਗਿਆ ਹੈ। ਇਸ ਦੇ ਡਿਜ਼ਾਈਨ ਵਿੱਚ ਰਾਕੇਟ ਦੇ ਇੱਕ ਹਿੱਸੇ ਨੂੰ ਧਰਤੀ ਉੱਤੇ ਵਾਪਸ ਲਿਆਉਣ ਦੀ ਸਮਰੱਥਾ ਹੈ, ਪਰ ਹੋਰ ਹਿੱਸੇ ਪੁਲਾੜ ਵਿੱਚ ਹੀ ਛੱਡ ਦਿੱਤੇ ਜਾਂਦੇ ਹਨ।
ਇਸ ਰਾਕੇਟ ਨੇ ਪਿਛਲੇ ਸਾਲ ਜਨਵਰੀ ਵਿੱਚ ਫਲੋਰੀਡਾ ਤੋਂ ਉਡਾਣ ਭਰੀ ਸੀ, ਜਿਸ ਵਿੱਚ ਇਸ ਰਾਕੇਟ ਰਾਹੀਂ ਦੋ ਚੰਨ ਲੈਂਡਰਾਂ ਨੂੰ ਪੁਲਾੜ ਵਿੱਚ ਭੇਜਿਆ ਗਿਆ ਸੀ।
ਇਸ ਦਾ ਕੰਮ ਉੱਪਰੀ ਹਿੱਸੇ ਨੂੰ ਇੰਨੀ ਤਾਕਤ ਨਾਲ ਫਾਇਰ ਕਰਨਾ ਸੀ ਕਿ ਦੋਵੇਂ ਲੈਂਡਰਾਂ ਨੂੰ ਧਰਤੀ ਦੇ ਚੱਕਰ ਤੋਂ ਬਾਹਰ ਕੱਢ ਕੇ ਚੰਨ ਵੱਲ ਜਾਣ ਵਾਲੇ ਰਸਤੇ ਉੱਤੇ ਭੇਜਿਆ ਜਾ ਸਕੇ ਅਤੇ ਇਹ ਮਿਸ਼ਨ ਸਫ਼ਲ ਰਿਹਾ।
ਵਰਤਿਆ ਜਾ ਚੁੱਕਾ ਇਹ ਹਿੱਸਾ, ਜਿਸ ਦਾ ਆਕਾਰ ਲਗਭਗ ਪੰਜ ਮੰਜ਼ਿਲਾ ਇਮਾਰਤ ਜਿੰਨਾ ਹੈ ਅਤੇ ਜਿਸ ਦਾ ਭਾਰ ਘੱਟੋ-ਘੱਟ 4,000 ਕਿਲੋਗ੍ਰਾਮ ਹੈ, ਇੱਕ ਲੰਬੇ, ਘੁੰਮਦੇ ਹੋਏ ਚੱਕਰ ਵਿੱਚ ਭਟਕਦਾ ਰਹਿ ਗਿਆ, ਜੋ ਚੰਨ ਵੱਲ ਤੱਕ ਜਾਂਦਾ ਸੀ ਅਤੇ ਫਿਰ ਮੁੜ ਵਾਪਸ ਆ ਜਾਂਦਾ ਸੀ।
ਅਗਲੇ 18 ਮਹੀਨਿਆਂ ਦੌਰਾਨ, ਧਰਤੀ, ਚੰਨ ਅਤੇ ਸੂਰਜ ਦੀ ਹੌਲੀ ਗੁਰੂਤਵਾਕਰਸ਼ਣ ਖਿੱਚ ਦੇ ਨਾਲ-ਨਾਲ ਸੂਰਜ ਤੋਂ ਆਉਣ ਵਾਲੀ ਰੌਸ਼ਨੀ ਨੇ ਵੀ ਇਸ ਨੂੰ ਬਹੁਤ ਹਲਕਾ ਜਿਹਾ ਧੱਕਾ ਦਿੱਤਾ।
ਰਾਕੇਟ ਦੇ ਇਸ ਹਿੱਸੇ ਨੂੰ ਟਰੈਕ ਕਰ ਰਹੇ ਖਗੋਲ ਵਿਗਿਆਨੀਆਂ ਨੇ ਆਖ਼ਰਕਾਰ ਪਤਾ ਲਗਾ ਲਿਆ ਕਿ ਇਨ੍ਹਾਂ ਛੋਟੇ-ਛੋਟੇ ਧੱਕਿਆਂ ਨੇ ਇਸ ਨੂੰ ਚੰਨ ਵੱਲ ਜਾਣ ਵਾਲੇ ਰਸਤੇ ਉੱਤੇ ਪਾ ਦਿੱਤਾ ਸੀ ਅਤੇ ਇਹ ਹਰ ਦਿਨ ਤੇਜ਼ੀ ਫੜ ਰਿਹਾ ਸੀ।

ਬੁੱਧਵਾਰ ਨੂੰ ਲਗਭਗ 07:35 ਬੀਐੱਸਟੀ (06:35 ਜੀਐੱਮਟੀ) ਵਜੇ ਹੋਈ ਟੱਕਰ ਦੁਨੀਆ ਦੇ ਕਈ ਹਿੱਸਿਆਂ ਵਿੱਚ ਦਿਨ ਦੇ ਉਜਾਲੇ ਵਿੱਚ ਹੋਈ, ਪਰ ਇਸ ਨਾਲ ਪੈਦਾ ਹੋਈ ਬਹੁਤ ਛੋਟੀ ਚਮਕ ਇੰਨੀ ਮੱਧਮ ਹੋਣੀ ਸੀ ਕਿ ਇਸ ਨੂੰ ਟੈਲੀਸਕੋਪ ਰਾਹੀਂ ਵੀ ਦੇਖਣਾ ਬਹੁਤ ਮੁਸ਼ਕਲ ਹੁੰਦਾ।
ਹਨੇਰੇ ਵਿੱਚ ਨਿਰੀਖਣ ਕਰ ਰਹੇ ਆਮ ਖਗੋਲ ਵਿਗਿਆਨੀਆਂ ਲਈ ਵੀ ਇਸ ਚਮਕ ਨੂੰ ਦੇਖਣ ਦੀ ਅਸਲ ਸੰਭਾਵਨਾ ਬਹੁਤ ਘੱਟ ਸੀ, ਕਿਉਂਕਿ ਇਹ ਸਿਰਫ਼ ਇੱਕ ਸਕਿੰਟ ਦੇ ਬਹੁਤ ਛੋਟੇ ਹਿੱਸੇ ਜਿੰਨੀ ਦੇਰ ਲਈ ਹੀ ਰਹਿਣੀ ਸੀ। ਪਰ ਉਹ ਧੂੜ ਦਾ ਇੱਕ ਗੁਬਾਰ ਦੇਖ ਸਕਦੇ ਸਨ, ਜੋ 100 ਕਿਲੋਮੀਟਰ (62 ਮੀਲ) ਤੱਕ ਫੈਲਿਆ ਹੋ ਸਕਦਾ ਸੀ ਅਤੇ ਕਈ ਮਿੰਟਾਂ ਤੱਕ ਰਹਿ ਸਕਦਾ ਸੀ।
ਇੱਥੋਂ ਤੱਕ ਕਿ ਚੰਨ ਦੇ ਚੱਕਰ ਲਗਾ ਰਹੇ ਪੁਲਾੜ ਯਾਨ ਵੀ ਇਸ ਟੱਕਰ ਨੂੰ ਸਿੱਧਾ ਦੇਖਣ ਲਈ ਸਹੀ ਸਮੇਂ ਅਤੇ ਸਹੀ ਥਾਂ ਉੱਤੇ ਨਹੀਂ ਸਨ। ਦੱਖਣੀ ਕੋਰੀਆ ਦੇ ਡਾਨੂਰੀ ਆਰਬਿਟਰ ਕੋਲ ਸਭ ਤੋਂ ਵਧੀਆ ਮੌਕਾ ਸੀ, ਕਿਉਂਕਿ ਇਹ ਟੱਕਰ ਵਾਲੀ ਥਾਂ ਦੇ ਨੇੜੇ ਕੁਝ ਸਮਾਂ ਪਹਿਲਾਂ ਹੀ ਲੰਘਿਆ ਸੀ।
ਇਸ ਦੀ ਟੀਮ ਨੇ ਕੋਰੀਆਈ ਮੀਡੀਆ ਨੂੰ ਦੱਸਿਆ ਹੈ ਕਿ ਕੋਈ ਵੀ ਫੁਟੇਜ ਸਿਰਫ਼ ਉਸ ਸਮੇਂ ਜਾਰੀ ਕੀਤੀ ਜਾਵੇਗੀ ਜਦੋਂ ਖੋਜਕਾਰ ਆਪਣਾ ਵਿਸ਼ਲੇਸ਼ਣ ਪੂਰਾ ਕਰ ਲੈਣਗੇ।
ਅਗਲੇ ਕੁਝ ਦਿਨਾਂ ਦੌਰਾਨ, ਨਾਸਾ ਦਾ ਲੂਨਰ ਰਿਕਨੈਸੈਂਸ ਆਰਬਿਟਰ ਇਸ ਥਾਂ ਦੀਆਂ ਤਸਵੀਰਾਂ ਲੈਣ ਦੀ ਸਥਿਤੀ ਵਿੱਚ ਹੋਵੇਗਾ, ਜਿਸ ਨਾਲ ਟੱਕਰ ਤੋਂ ਪਹਿਲਾਂ ਅਤੇ ਬਾਅਦ ਦੀਆਂ ਤਸਵੀਰਾਂ ਦੀ ਤੁਲਨਾ ਕੀਤੀ ਜਾ ਸਕੇਗੀ।
ਤਸਵੀਰ ਸਰੋਤ, NASA
ਵਿਗਿਆਨਕ ਜਾਣਕਾਰੀ ਅਤੇ ਸੰਭਵ ਤੌਰ ‘ਤੇ ਪਹਿਲੀਆਂ ਤਸਵੀਰਾਂ ਅਮਰੀਕਾ ਮਹਾਂਦੀਪ ਦੀਆਂ ਸ਼ਕਤੀਸ਼ਾਲੀ ਟੈਲੀਸਕੋਪਾਂ ਤੋਂ ਆਉਣਗੀਆਂ, ਜਿੱਥੇ ਅਸਮਾਨ ਅਜੇ ਵੀ ਹਨੇਰਾ ਸੀ। ਇਸ ਦੇ ਬਾਵਜੂਦ, 3,85,000 ਕਿਲੋਮੀਟਰ ਦੂਰ ਚੰਨ ਦੀ ਸਤ੍ਹਾ ਨਾਲ ਟਕਰਾਉਣ ਵਾਲੀ 14 ਮੀਟਰ ਦੀ ਵਸਤੂ ਦਾ ਪਤਾ ਲਗਾਉਣਾ ਸੌਖਾ ਨਹੀਂ ਹੋਵੇਗਾ।
ਤਸਵੀਰ ਨੂੰ ਸਾਫ਼ ਕਰਨ ਲਈ ਉਸ ਦੀ ਪ੍ਰੋਸੈਸਿੰਗ ਵਿੱਚ ਕਈ ਘੰਟੇ, ਦਿਨ ਜਾਂ ਇੱਥੋਂ ਤੱਕ ਕਿ ਹਫ਼ਤੇ ਵੀ ਲੱਗ ਸਕਦੇ ਹਨ, ਕਿਉਂਕਿ ਵਿਗਿਆਨੀ ਡੇਟਾ ਦੀ ਜਾਂਚ ਅਤੇ ਪ੍ਰੋਸੈਸ ਕਰਦੇ ਹਨ।
ਖੋਜਕਾਰ ਨੂੰ ਪਹਿਲਾਂ ਹੀ ਰਾਕੇਟ ਦਾ ਸਹੀ ਆਕਾਰ, ਗਤੀ ਅਤੇ ਟੱਕਰ ਵਾਲੀ ਥਾਂ ਦਾ ਪਤਾ ਹੈ, ਇਸ ਲਈ ਇਹ ਟੱਕਰ ਇੱਕ ਬੇਤਰਤੀਬ ਹਾਦਸੇ ਤੋਂ ਬਦਲ ਕੇ ਇੱਕ ਦੁਰਲੱਭ, ਕੰਟ੍ਰੋਲ ਪ੍ਰਯੋਗ ਬਣ ਜਾਂਦੀ ਹੈ।
ਇਹ ਗ੍ਰਹਿ ਵਿਗਿਆਨੀਆਂ ਲਈ ਇੱਕ ਸੁਪਨੇ ਵਰਗਾ ਮੌਕਾ ਹੈ, ਕਿਉਂਕਿ ਇਸ ਨਾਲ ਉਹ ਆਪਣੇ ਮਾਡਲਾਂ ਦੀ ਜਾਂਚ ਕਰ ਸਕਦੇ ਹਨ ਕਿ ਟੱਕਰਾਂ ਕਿਵੇਂ ਕ੍ਰੇਟਰ (ਖੱਡ) ਪੁੱਟਦੀਆਂ ਹਨ, ਸਤ੍ਹਾ ਉੱਤੇ ਮਲਬਾ ਕਿਵੇਂ ਸੁੱਟਦੀਆਂ ਹਨ ਅਤੇ ਚੰਨ ਦੇ ਅੰਦਰੂਨੀ ਹਿੱਸੇ ਵਿੱਚ ਕੰਪਨ ਕਿਵੇਂ ਪੈਦਾ ਕਰਦੀਆਂ ਹਨ।
ਇਸ ਦੀ ਅਸਲ ਵਿਹਾਰਕ ਮਹੱਤਤਾ ਹੈ।
ਇਹ ਸਮਝਣਾ ਕਿ ਟੱਕਰ ਨਾਲ ਕਿੰਨੀ ਚੱਟਾਨ ਅਤੇ ਧੂੜ ਉੱਪਰ ਉੱਠਦੀ ਹੈ, ਇੰਜੀਨੀਅਰਾਂ ਨੂੰ ਹੋਰ ਸੁਰੱਖਿਅਤ ਲੈਂਡਰ ਅਤੇ ਭਵਿੱਖ ਦੇ ਚੰਨ ਅੱਡੇ ਤਿਆਰ ਕਰਨ ਵਿੱਚ ਮਦਦ ਕਰੇਗਾ। ਇਸ ਨਾਲ ਇਹ ਪਤਾ ਲਗਾਇਆ ਜਾ ਸਕੇਗਾ ਕਿ ਉੱਡਣ ਵਾਲਾ ਮਲਬਾ ਕਿੰਨੀ ਦੂਰ ਤੱਕ ਜਾ ਸਕਦਾ ਹੈ ਅਤੇ ਨੇੜੇ ਦੀ ਜ਼ਮੀਨ ਕਿੰਨੀ ਜ਼ੋਰ ਨਾਲ ਹਿੱਲ ਸਕਦੀ ਹੈ।

ਸਤ੍ਹਾ ਦੇ ਹੇਠਾਂ ਤੋਂ ਉੱਪਰ ਸੁੱਟਿਆ ਗਿਆ ਪਦਾਰਥ ਚੰਨ ਦੀ ਭੂ-ਵਿਗਿਆਨ ਬਾਰੇ ਨਵੇਂ ਸੰਕੇਤ ਦਿੰਦਾ ਹੈ, ਜੋ ਵਿਗਿਆਨੀਆਂ ਨੂੰ ਇਸ ਬਾਰੇ ਪਹਿਲਾਂ ਤੋਂ ਮੌਜੂਦ ਜਾਣਕਾਰੀ ਵਿੱਚ ਵਾਧਾ ਕਰਦਾ ਹੈ ਕਿ ਲਗਭਗ 4.5 ਅਰਬ ਸਾਲ ਪਹਿਲਾਂ ਧਰਤੀ-ਚੰਨ ਪ੍ਰਣਾਲੀ ਕਿਵੇਂ ਬਣੀ ਸੀ।
ਇਹ ਪਹਿਲੀ ਵਾਰ ਨਹੀਂ ਹੈ ਕਿ ਮਨੁੱਖ ਵੱਲੋਂ ਬਣਾਈ ਗਈ ਕੋਈ ਵਸਤੂ ਚੰਨ ਨਾਲ ਟਕਰਾਈ ਹੈ। 1959 ਤੋਂ ਬਾਅਦ, ਦਰਜਨਾਂ ਪੁਲਾੜ ਯਾਨ ਚੰਨ ਨਾਲ ਟਕਰਾ ਚੁੱਕੇ ਹਨ, ਜਿਨ੍ਹਾਂ ਵਿੱਚੋਂ ਕੁਝ ਹਾਦਸੇ ਵਜੋਂ ਅਤੇ ਕਈ ਵਿਗਿਆਨਕ ਖੋਜ ਲਈ ਜਾਣਬੁੱਝ ਕੇ ਟਕਰਾਏ ਗਏ ਸਨ।
ਸੋਵੀਅਤ ਜਾਂਚ ਯਾਨ ਲੂਨਾ 2 ਸਭ ਤੋਂ ਪਹਿਲਾ ਸੀ, ਜਿਸ ਤੋਂ ਬਾਅਦ ਦਹਾਕਿਆਂ ਦੌਰਾਨ 1960 ਦੇ ਦਹਾਕੇ ਵਿੱਚ ਨਾਸਾ ਦੇ ਰੇਂਜਰ ਜਾਂਚ ਯਾਨ, ਕਈ ਅਪੋਲੋ ਯੁੱਗ ਦੇ ਰਾਕੇਟ ਹਿੱਸੇ ਅਤੇ ਹਾਲ ਹੀ ਵਿੱਚ 2009 ਦਾ ਐਲਕ੍ਰਾਸ (ਐੱਲਸੀਓਐੱਸਐੱਸ) ਮਿਸ਼ਨ ਆਇਆ, ਜਿਸ ਨੂੰ ਪਾਣੀ ਦੀ ਬਰਫ਼ ਦੀ ਖੋਜ ਕਰਨ ਲਈ ਜਾਣਬੁੱਝ ਕੇ ਟਕਰਾਇਆ ਗਿਆ ਸੀ।
ਆਖ਼ਰੀ ਪੁਸ਼ਟ ਟੱਕਰ ਸਾਲ 2022 ਵਿੱਚ ਹੋਈ ਸੀ। ਮੰਨਿਆ ਗਿਆ ਸੀ ਕਿ ਇਹ 2014 ਵਿੱਚ ਲਾਂਚ ਕੀਤੇ ਗਏ ਇੱਕ ਚੀਨੀ ਚੰਨ ਮਿਸ਼ਨ ਦਾ ਬਚਿਆ ਹੋਇਆ ਬੂਸਟਰ ਸੀ, ਇਹ ਇਸ ਗੱਲ ਦੀ ਯਾਦ ਦਿਵਾਉਂਦਾ ਹੈ ਕਿ ਇਸ ਤਰ੍ਹਾਂ ਦਾ ਪੁਲਾੜ ਮਲਬਾ ਅੱਧੀ ਸਦੀ ਤੋਂ ਵੀ ਵੱਧ ਸਮੇਂ ਤੋਂ ਸਾਡੇ ਸਿਰਾਂ ਦੇ ਉੱਪਰ ਚੁੱਪਚਾਪ ਇਕੱਠਾ ਹੁੰਦਾ ਆ ਰਿਹਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI

